Mon, 09 September 2024
Your Visitor Number :-   7220039
SuhisaverSuhisaver Suhisaver

ਵਣ ਵਾਲਾ ਘਰ - ਸੁਰਜੀਤ ਸਿੰਘ ਸਿਰੜੀ

Posted on:- 03-06-2016

suhisaver

ਸਾਡਾ ਘਰ ਪੂਰੇ ਪਿੰਡ ਵਿੱਚ ਵਣ ਵਾਲਾ ਘਰ ਕਰਕੇ ਮਸ਼ਹੂਰ ਸੀ। ਕੋਈ ਟਾਂਵਾਂ ਹੀ ਬਾਪੂ ਬੋਹੜ ਸਿੰਘ ਦਾ ਘਰ ਕਹਿ ਕੇ ਬੁਲਾਉਂਦਾ ਸੀ ਉਸ ਘਰ ਨੂੰ। ਇਸ ਦੇ ਉੱਤਰ ਤੇ ਪੱਛਮ ਵੱਲ ਗਲੀਆਂ ਸਨ ,ਚੜ੍ਹਦੇ ਵੱਲ ਬਰਾੜਾਂ ਦੀ ਹਵੇਲੀ,  ਦੱਖਣ ਵੱਲ ਦੀਨਾ ਰਾਮ ਦਾ ਮਕਾਨ।  ਸਾਡਾ ਘਰ ਪੂਰੇ ਡੇਢ ਕਨਾਲ ਚ ਸੀ, ਵੱਡਾ ਬੂਹਾ ਉੱਤਰ ਪੱਛਮ ਚ ਤੇ ਮਕਾਨ ਦੀ ਗੁੱਠ ਵਿੱਚ ਸੀ। ਬੂਹਾ ਵੜਦਿਆਂ ਹੀ ਖੱਬੇ ਹੱਥ ਪੱਛੂਆਂ ਵਾਲਾ ਬਰਾਂਡਾ ਸੀ ,ਤੇ ਉਸ ਦੇ ਖੱਬੇ ਉੱਤਰ ਪੁਰਬ ਵਾਲੇ ਪਾਸੇ ਇਕ ਵੱਡਾ ਤੇ ਕਈ ਦਹਾਕੇ ਪੁਰਾਣਾ ਵਣ ਦਾ ਰੁੱਖ ਸੀ । ਪੱਛਮ ਵਾਲੇ ਪਾਸੇ ਲੰਬੜਾਂ ਵਾਲੀ ਗਲੀ ਸੀ ,ਤੇ ਉਸ ਪਾਸੇ ਇਕ ਪੁਰਾਣਾ ਉੱਚਾ  ਕੱਚਾ ਕੋਠਾ ਸੀ ਜਿਹਦੀ ਛਤ ਲੱਕੜ ਦੀਆਂ ਕੜੀਆਂ ਦੀ ਸੀ ਤੇ ਛਤੀਰ ਕੀ ਸਨ ਰੁੱਖਾਂ  ਦੀਆਂ ਗੈਲੀਆਂ ਹੀ ਜੜ ਦਿਤੀਆਂ ਸਨ  ਤੇ ਅਸੀਂ ਤੂੜੀ ਵਾਲਾ ਕੋਠਾ ਬਣਾ ਰੱਖਿਆ ਸੀ। ਬਰਾੜਾਂ ਵਾਲੇ ਪਾਸੇ ਦੋ ਪੱਕੇ ਕਮਰੇ ਬਣੇ ਸਨ ਤੇ ਓਹਦੇ ਸਾਹਵੇਂ ਲੰਬੜਾਂ ਵਾਲੀ ਗਲੀ ਵੱਲ ਇਕ ਬੈਠਕ ਤੇ ਡਿਓਢੀ ਸੀ ਜੀਹਦੇ ਵਿਚੋਂ ਇਕ ਬੂਹਾ ਲੰਬੜਾਂ ਦੀ ਗਲੀ ਨੂੰ ਵੀ ਖੁਲਦਾ ਸੀ।

ਬਾਪੂ ਬੋਹੜ ਸਿੰਘ ਮੇਰੇ ਦਾਦੇ ਦਾ ਨਾਂ ਸੀ, ਉਹ ਚੰਗੇ ਰਸੂਖ ਵਾਲਾ ਬੰਦਾ ਸੀ,ਆਪਦੇ ਸਮੇ ਚ। ਸਾਢੇ ਛੇ ਫੁੱਟ ਕਦ ਸੀ ਉਸਦਾ, ਕਬੱਡੀ ਦਾ ਮੰਨਿਆ ਹੋਇਆ ਖਿਡਾਰੀ ਸੀ , ਓਹਦੀ ਰੇਡ ਦੀਆਂ ਦੂਰ ਦੂਰ ਤਕ ਧੂੰਮਾਂ ਸਨ।  ਮੇਰੇ ਭਾਪੇ ਦਾ ਕਦ ਵੀ ਆਪਦੇ ਪਿਓ ਤੇ ਹੀ ਗਿਆ ਸੀ , ਸਰੀਰ ਤੇ ਓਨਾ ਨਿੱਗਰ ਨਹੀਂ ਸੀ ਕਿਓਂਕਿ ਬਾਪੂ ਵਾਲੀ ਖੁਰਾਕ ਖਾਨ ਪਾਨ ਤੇ ਪਿਓ ਮੇਰੇ ਨੂੰ ਮਿਲ ਨਹੀਂ ਸੀ ਸਕੀ,ਆਖਰ ਉਹ ਵੀ ਚਾਰ ਭੈਣਾਂ ਤੇ ਦੋ ਭਰਾ ਸਨ।

ਹੁਣ ਜ਼ਮੀਨ ਵੀ ਵੰਡੀ ਗਈ ਸੀ, ਪੰਜ ਪੰਜ ਕਿੱਲੇ ਆਈ ਸੀ ਦੋਹਾਂ  ਭਰਾਵਾਂ ਦੇ ਹਿੱਸਿਆਂ ਚ, ਛੋਟੀ ਉਮਰ ਵਿੱਚ ਹੀ ਵਿਆਹ ਹੋ ਗਿਆ ਸੀ, ਤੇ ਪਰਿਵਾਰ ਦੀ ਜਿੰਮੇਵਾਰੀ ਪੈ ਗਈ ਸੀ , ਕਬੱਡੀ ਦਾ ਤਾ ਮਾਹਰ ਉਹ ਨਾ ਬਣ ਸਕਿਆ ਪਰ ਵੀਣੀ ਫੜਣ ਵਿੱਚ ਉਸਨੂੰ ਪੂਰੀ ਮਹਾਰਤ ਸੀ। ਉਸ ਤੋਂ ਵੀਣੀ ਤਾਂ ਵੱਡੇ ਵੱਡੇ ਪਹਲਵਾਨ ਵੀ ਨਾ ਛੁਡਾ ਸੱਕੇ ਸੀ ਕਦੇ। ਉਸ ਆਖਿਆ ਕਰਨਾ ਕਿੱਕਰ ਸਿੰਘ ਤੋਂ ਵੀਣੀ ਛੁਡਾਉਣ ਆਲਾ ਹਾਲੇ ਜੰਮਿਆ ਨਹੀਂ।  ਆਪਣੀ ਗੱਲ਼ ਦਾ ਉਹ ਪੱਕਾ ਸੀ, ਅਣਖੀ ਸੁਭਾਅ  ਕਨਕਵਣਾ ਰੰਗ ਤੇ ਰੋਹਬਦਾਰ ਚਿਹਰਾ ਸੀ ਉਸਦਾ।ਥੋੜਾ ਜਿਹਾ ਜਟਕਾ ਜਿਹਾ ਸੁਭਾਅ ਸੀ, ਹਰ ਕਿਸੇ ਦੀ ਗੱਲ ਤੇ ਉਸ ਜ਼ਕੀਨ ਕਰ ਲੈਣਾ, ਤੇ ਫੇਰ ਕਦੀ ਕਿਸੇ ਤੋਂ ਧੋਖਾ ਖਾ ਬਹਿਣਾ ਤਾਂ ਮੁੜਕੇ ਕਦੇ  ਉਸ  ਵੱਲ ਤੱਕਣਾ ਵੀ ਨਾ। ਸਾਰੇ ਘਰ ਵਿੱਚ ਓਹਦਾ ਰੋਹਬ ਸੀ, ਸਾਰੇ ਸਣੇ ਬਾਪੂ ਬੇਬੇ ਡਰਦੇ ਸਨ ਓਹਦੇ ਸੁਭਾਅ ਤੋਂ। ਜਦੋਂ ਕਦੀ  ਭਾਪੇ ਨੇ ਕਿਸੇ ਨਾਲ ਉੱਚੀ  ਬੋਲਣਾ ,ਮਾਂ ਸਾਡੀ ਨੇ ਵਹਿਗੁਰੂ ਅੱਗੇ ਅਰਦਾਸਾਂ ਸ਼ੁਰੂ ਕਰ ਦੇਣੀਆਂ ,"ਹੇ ਸੱਚੇ ਪਾਤਸ਼ਾਹ ਸੁਖ ਰੱਖੀਂ ਬਸ।"

ਮਾਂ ਮੇਰੀ ਬਹੁਤੀ ਧਾਰਮਿਕ ਸੀ, ਉਸ ਅੰਮ੍ਰਿਤ ਵੇਲੇ ਉੱਠਣਾ, ਮੈਨੂੰ ਤੇ ਪਤਾ ਹੀ ਨਹੀਂ ਕਿ ਉਹ ਕਿੰਨੀਆਂ ਕੁ ਬਾਣੀਆਂ ਦਾ ਪਾਠ ਕਰਦੀ ਸੀ ਤੇ ਕਿੰਨਾ ਕੁ ਪਾਠ ਓਸਨੂੰ ਕੰਠ ਸੀ ,ਨਾਲ਼ੇ ਹਰ ਵੇਲੇ ਉਸ ਵਾਹਿਗੁਰੂ ਵਾਹਿਗੁਰ ਜਪਦੇ ਰਹਿਣਾ, ਪਿੰਡ ਵਾਲੇ  ਆਖਿਆ ਕਰਦੇ," ਛਿੰਦਰ ਕੌਰ ਤੇ ਕੋਈ ਭਗਤਣੀ ਹੀ ਆ, ਮਜਾਲ ਏ ਕਿਸੇ ਨਾਲ ਕੋਈ ਮਾੜਾ  ਬਚਨ ਕਦੀ ਉਸ ਕੀਤਾ ਹੋਵੇ।" ਭਾਪੇ ਮੇਰੇ ਦਾ ਏਨਾ ਵਿਸ਼ਵਾਸ ਨਹੀਂ ਸੀ ਗੁਰਬਾਣੀ ਤੇ ਨਾ ਹੀ ਉਸ ਨੂੰ ਪਾਠ ਹੀ ਕਰਨਾ ਆਓਂਦਾ ਸੀ ,ਉਹ ਕੋਈ ਚਾਰ ਹੀ ਜਮਾਤਾਂ ਪੜ੍ਹਿਆ ਸੀ ਪਰ ਮਾਂ ਮੇਰੀ ਅੱਠ ਪੜ੍ਹੀ ਸੀ । ਮਾਂ ਨੂੰ ਪਾਠ ਕਰਦਿਆਂ ਵੇਖ ਭਾਪੇ ਨੇ ਆਖ ਦਿੱਤਾ ਕਰਨਾ ," ਐਂਵੇ ਵਖਤਾਂ ਨੂੰ ਪਈ ਰਹਿਣੀ ਏਂ, ਓਹਨੇ ਕਿਹੜਾ ਆ ਕੇ ਆਪਣੇ ਹਲ ਵਾਹ ਜਾਣੇ ਆ । ਉਹ ਤੇ ਮੈਨੂੰ ਹੀ ਵਾਹੁਣੇ ਪੈਣੇ, ਬਾਪੂ ਤੋਂ ਹੁਣ ਕੁਸ਼ ਹੁੰਦਾ ਨਹੀਂ , ਬਥੇਰੀ ਕੌਡੀ ਪਾ ਲਈ ਸੂ।" ਮਾਂ ਮੇਰੀ ਡਰਦੀ ਡਰਦੀ ਏਨਾ ਹੀ ਆਖਦੀ ," ਤੁਸੀਂ ਇੰਝ ਨਾ ਆਖਿਆ ਕਰੋ, ਉਹ ਸਭ ਵੇਹਂਦਾ ਜੇ , ਸਾਰਿਆਂ ਦੀ ਸੁਣਦਾ ਜੇ ,ਅਰਦਾਸ ਕਰਿਆ ਕਰੋ ਆਪਣੀ ਵੀ ਸੁਣੂ।"
              
ਆਲੇ ਦੁਆਲੇ ਦੇ ਬੱਚਿਆਂ ਲਈ ਸਾਡਾ ਵਿਹੜਾ ਖਿੱਚ ਦਾ ਕੇਂਦਰ ਰਹਿੰਦਾ , ਕਾਰਣ ਸੀ ਵਣ ਦਾ ਰੁੱਖ । ਮੈਂ ਤੇ ਮੇਰੇ ਪੰਜੇ ਭੈਣ ਭਰਾਵਾਂ ਨੇ ਵੀ ਬੱਚਿਆਂ ਨਾਲ ਰਲ ਸਾਰਾ ਸਾਰਾ ਦਿਨ ਉਸ ਵਣ ਤੋਂ ਪੀਲਾਂ ਤੋੜਣੀਆਂ ਤੇ ਖਾਈ ਜਾਣੀਆਂ। ਜਦੋਂ ਕਦੇ ਨੀਵੀਆਂ ਟਾਹਣੀਆਂ ਤੋਂ ਪੀਲਾਂ ਮੁਕ ਜਾਣੀਆਂ ਤਾਂ ਅਸੀਂ ਰੂੜੀ ਤੇ ਚੜ ਕੇ ਉੱਛਲ ਉੱਛਲ ਕੇ ਵੀ ਪੀਲਾਂ ਖਾਣੀਆਂ।  ਬਿਜਲੀ ਤੇ ਉਹਨੀਂ ਦਿਨੀਂ ਆਓਂਦੀ ਹੀ ਕਿਹੜੀ ਸੀ, ਅਸੀਂ ਸਾਰੇ ਟੱਬਰ ਸਣੇ ਬਾਪੂ ਬੇਬੇ   ,ਭਾਪੇ  ਬੀਬੀ ਓਸੇ ਵਣ ਦੀ ਛਾਵੇਂ ਜਾ ਬਹਿਣਾ , ਵਣ ਦੀ ਛਾਂ ਬਹੁਤ ਸੰਘਣੀ ਜੁ ਸੀ ।ਘਰ ਵਿੱਚ ਬੜੀ ਤੰਗੀ ਚਲਦੀ ਸੀ, ਫਸਲ ਵਿਆਜ ਚ ਹੀ ਲੰਘ ਜਾਂਦੀ ਸੀ। ਔਖੇ ਵੇਲੇ ਆਖਦੇ  ਆ ਪਈ ਬੰਦਾ ਸਾਰੇ ਹੀ ਤਰਲੇ ਮਾਰਦਾ । ਗੁਆਂਢੀ ਦੀਨੇ ਨਾਲ ਚੰਗੀ ਯਾਰੀ ਸੀ ਮੇਰੇ ਭਾਪੇ ਦੀ , ਇਹ ਓਹਦੇ ਸੁਭਾਅ ਚ ਹੀ ਸੀ ਕਿ ਉਹ ਜੀਹਦੇ ਤੇ ਜ਼ਕੀਨ ਕਰ ਲਵੇ ਫਿਰ ਓਹਦੀ ਹਰ ਗੱਲ ਹੀ ਮੰਨ ਲੈਂਦਾ ਸੀ ,ਬਹੁਤਾ ਤਰਕ ਉਸ ਕਦੇ ਨਹੀਂ ਸੀ ਕੀਤਾ। ਇਕ ਦਿਨ ਗੁਆਂਢੀ ਦੀਨਾ ਇਕ ਬਾਬੇ ਨੂੰ ਲੈ ਆਇਆ, ਜੋ ਕਿ ਸਾਢੇ ਕੁ ਪੰਜ ਫੁੱਟ ਕਦ ਵਾਲਾ  ਇਕ  ਪੰਜਾਹ ਕੁ ਸਾਲ ਦਾ ਬੰਦਾ ਸੀ ਤੇ ਉਸ ਦੇ ਹੱਥ ਵਿੱਚ ਸੋਟੀ ਸੀ, ਗੱਲ ਵਿੱਚ ਮਾਲਾ ਸੀ। ਦੀਨਾ ਆਖਦਾ ਇਸ ਬਾਬੇ ਤੋਂ ਪੁੱਛ ਲਵੋ ਤੰਗੀ ਕੱਟਣ ਦਾ ਉਪਾਅ। ਉਸ ਬਾਬੇ ਆਖਿਆ ਕਿ ਉਸ ਵਣ ਦੇ ਥੱਲੇ ਖਜਾਨਾ ਏ, ਮੋਹਰਾਂ ਦੀ ਕੋਈ ਦੇਗ  ਨੱਪੀ ਹੋਈ ਏ  ਪੁਰਾਣੇ ਸਮਿਆਂ ਦੀ । ਦੀਨਾ ਆਖਦਾ," ਲੈ ਭਾਊ ਹੁਣ ਕਟੀ ਜਾਊ ਆਪਣੀ ਜੂਨ , ਆ ਜਾਣੇ ਆ ਸੋਖੇ ਦਿਨ ।ਇਸ ਬਾਬੇ ਦੀ ਆਖੀ ਮੈਂ ਪੂਰੀ ਹੁੰਦੀ ਹੀ ਵੇਖੀ ਆ ਅਜ ਤੀਕ। ਚਲੋ ਹੁਣ ਕੋਈ ਸੇਵਾ ਕਰੀਏ ਸਾਧ ਦੀ , ਸਾਧਾਂ ਦੀ ਸੇਵਾ ਦਾ ਬੜਾ ਪੁੰਨ ਲੱਗਦੈ।" ਦੀਨੇ ਦੇ ਤੇ ਬੀਬੀ ਦੇ ਬਹੁਤਾ ਕਹਿਣ ਤੇ, ਨਾ ਹੁੰਦਿਆਂ ਚੋਂ ਵੀ ਉਸ ਬਾਬੇ ਨੂੰ ਇਕ ਬੋਰੀ ਕਣਕ ਦੇ ਕੇ ਹੀ ,ਤੋਰਨਾ ਪਿਆ। ਇਹ ਗੱਲ ਸ਼ਾਮਾਂ ਦੀ ਸੀ, ਤੇ ਅਗਲੇ ਦਿਨ  ਤੜਕੇ ਹੀ ਭਾਪਾ ਦੋ ਵਗਾਰੇ ਨਾਲ ਲੈ ਆਇਆ ਸੀ, ਤੇ ਕਹੀਆਂ , ਸੱਬਲਾਂ ਲੈ ਕੇ ਵਣ ਦੇ ਦੁਆਲੇ ਜਾ ਹੋਇਆ ,ਜਿੰਵੇਂ ਅਜ  ਹੀ ਮਾਲਾਮਾਲ ਹੋ ਜਾਣਾ ਹੋਵੇ।  ਜੁਨੂੰਨ ਦਾ ਪੱਕਾ ਸੀ ਉਹ ,ਓਹਨਾ ਦੂਰ ਦੂਰ ਤਕ ਖਿਲਰੀਆਂ ਰੁੱਖ ਦੀਆਂ  ਜੜਾਂ ਦਾ ਜਾਲ਼ ਪੁੱਟ ਸੁਟਿਆ,  ਵਣ ਦੀਆਂ ਜੜਾਂ ਖਿਲਰੀਆਂ ਬਹੁਤ ਹੁੰਦੀਆਂ ਨੇ ,ਇਸੇ ਕਰਕੇ ਸਾਡਾ ਅੱਧਾ ਵਿਹੜਾ ਪੁੱਟਿਆ ਗਿਆ ਸੀ। ਸਾਨੂੰ ਮਿੱਟੀ ਮਿਲ ਗਈ ਸੀ ਖੇਡਣ ਲਈ, ਬੱਚਿਆਂ ਨੂੰ ਖੇਡ ਚਾਹੀਦੀ ਜਾਂ ਖਾਣ ਲਈ ਕੁਛ ਨਾ ਕੁਛ। ਜਿੰਵੇਂ ਜਿੰਵੇਂ ਜੜਾਂ ਕੱਟੀਆਂ ਗਈਆਂ, ਟਹਿਣੀਆਂ ਹੇਠਾਂ ਝੁਕਦੀਆਂ ਗਈਆਂ ਤੇ ਅਸੀਂ ਪੀਲਾਂ ਨੂੰ ਉਡ ਉਡ ਪੈਂਦੇ।

ਰੁੱਖ ਦੇ ਤਣੇ ਚ ਬਣੇ ਘੋਹਰੇ ਚ ਤੋਤੇ ਰਹਿੰਦੇ ਸਨ, ਅੱਜ ਦੇ ਨਹੀਂ ਮੈ ਤਾਂ ਉਦੋਂ ਦੇ ਵੇਖਣ ਲੱਗਾ ਸਾਂ ਜਦੋਂ ਦੀ ਮੈਨੂੰ ਮਾੜੀ ਜਿਹੀ ਸਮਝ ਪਈ ਹੈ। ਰੁੱਖ ਦੇ ਕੱਟੇ ਜਾਣ ਨਾਲ ਓਹਨਾ ਦਾ ਵੀ ਆਲ੍ਹਣਾ ਉੱਜੜ ਰਿਹਾ ਸੀ, ਬੜੇ ਦੁਖੀ ਸਨ ਉਹ, ਕਦੀ ਏਧਰ ਕੁਰਲਾਓੰਦੇ ਫ਼ਿਰਨ ਕਦੀ ਓਧਰ। ਦੁਖ ਸਾਨੂੰ ਵੀ ਸੀ , ਅਸੀਂ ਵੀ ਹੁਣ ਪੀਲਾਂ ਨਹੀਂ ਸੀ ਖਾ ਸਕਣੀਆਂ। ਸ਼ਾਮਾਂ ਤਕ ਕੰਮ ਨੇੜੇ ਲੱਗ ਗਿਆ ,ਤਣੇ ਚ ਇਕ ਵੱਡੀ ਖੁੱਡ ਜਾ ਰਹੀ ਸੀ ।  ਭਾਪੇ ਹੋਰਾਂ ਜਦੋਂ ਉਸ ਹਿਸੇ  ਵਿੱਚ ਟੱਕ ਮਾਰਨੇ ਸ਼ੁਰੂ ਕੀਤੇ ਤਾਂ ਫੁੰਕਾਰੇ ਮਾਰਦਾ ਇਕ ਕੌਡੀਆਂ ਵਾਲਾ ਸੱਪ ਬਾਹਰ ਨਿਕਲਿਆ , ਭਾਪੇ ਦੇ ਨਾਲ ਲਗੇ ਦੋਂਵੇਂ ਬੰਦੇ ਡਰਦੇ ਦੂਰ ਹਟ ਗਏ। ਚੰਗਾ ਤਕੜਾ ਸੱਪ ਸੀ, ਸੱਪ ਭੱਜਦਾ ਹੋਇਆ ਲਾਗੇ ਪਈਆਂ ਗੱਡਾ ਕੁ ਛਿਟੀਆਂ ਚ ਜਾ ਵੜਿਆ ,  ਹੁਣ ਥੋੜਾ ਥੋੜਾ ਹਨੇਰਾ ਜਿਹਾ ਹੋ ਰਿਹਾ ਸੀ, ਦਿਨ ਢਲ ਰਿਹਾ ਸੀ ,ਗੁਰਦੁਆਰੇ ਵਾਲੇ ਭਾਈ ਨੇ ਰਹਿਰਾਸ ਦਾ ਪਾਠ ਸ਼ੁਰੂ ਕਰ ਦਿੱਤਾ ਸੀ। ਸਾਰਿਆਂ ਦੀ ਜੁਬਾਨ ਤੇ ਇਕੋ ਹੀ ਗੱਲ ਸੀ ਕਿ ਸੱਪ ਕੀਹ ਕੋਈ ਬਲਾਂ ਹੀ ਸੀ।

ਇਹ ਸੱਪ ਜ਼ਰੂਰ ਰਾਖੀ ਤੇ ਬੈਠਾ ਹੋਣੈ ਮੋਹਰਾਂ ਵਾਲੇ ਖਜਾਨੇ ਦੀ, ਸਾਰੇ ਆਖ ਰਹੇ ਸਨ , ਹੁਣ ਤੇ ਖਜਾਨਾ ਪੱਕਾ ਨਿਕਲੂ। ਹੋਰ ਸਾਰੇ ਭਾਂਤ ਭਾਂਤ ਦੀਆਂ ਗੱਲਾਂ ਕਰ ਰਹੇ ਸਨ, ਪਰ ਮੇਰਾ ਪਿਓ ਤਾਂ ਸੱਪ ਦੀ ਹੋਣੀ ਬਣਿਆ ਖਲੋਤਾ ਸੀ , ਉਹ ਅੰਦਰੋਂ ਲਾਲਟੈਨ ਤੇ ਚਾਰ ਚੰਗੀਆਂ ਲੰਮੀਆਂ ਡਾਂਗਾਂ ਕੱਢ ਲਿਆਇਆ , ਇਕ ਮਾਚਿਸ ਆਲੀ ਡੱਬੀ ਤੇ ਇਕ ਡੱਬਾ ਭਰਿਆ ਮਿੱਟੀ ਦਾ ਤੇਲ ਵੀ ਲੈ ਆਇਆ ਸੀ ਉਹ। ਉਸ ਨੇ ਸਾਰੇ ਬੱਚਿਆਂ ਤੇ ਘਰ ਦੇ ਜੀਆਂ ਨੂੰ ਦੂਰ ਘੱਲ ਤਾ ਸੀ, ਵੇਖਦਿਆਂ ਵੇਖਦਿਆਂ ਹੀ ਸਾਰਾ ਮਿੱਟੀ ਦਾ ਤੇਲ ਛਿਟੀਆਂ ਤੇ ਛਿੜਕ ਦਿੱਤਾ ਤੇ ਦੋ ਗੁਆਂਢੀਆਂ ਤੇ ਦੋਂਵੇ ਵੰਗਾਰਿਆ ਨੂੰ ਡਾਂਗਾਂ ਫੜਾ ਦਿਤੀਆਂ ,ਆਪ ਉਸ ਨੇ ਕਹੀ ਫੜ ਲਈ। ਪੂਰੀ ਤਿਆਰੀ ਤੋਂ ਮਗਰੋਂ ਉਸ ਛਿਟੀਆਂ ਚ ਬਲਦੀ ਤੀਲੀ ਵਗਾਹ ਮਾਰੀ। ਛਿਟੀਆਂ ਧੂ ਧੂ ਕਰ ਬਲਣ ਲੱਗੀਆਂ, ਸੱਪ ਜਿਓਂ ਜਿਓਂ ਸੇਕ ਨਾਲ ਭੁੜਕੇ , ਛਿਟੀਆਂ ਉਤਾਂਹ ਨੂੰ  ਚੋਂ ਚੋਂ ਪੈਣ, ਅਖੀਰ ਸੇਕ  ਬਹੁਤਾ ਹੋਣ ਤੇ, ਉਸਨੂੰ ਵਾਹੋ ਦਾਈ ਬਾਹਰ ਭੱਜਣਾ ਪਿਆ,ਤੇ ਡਾਂਗਾਂ  ਵਾਲਿਆਂ ਪਹਿਲੋਂ ਭੱਜ ਭੱਜ ਕੇ ਉਸ ਦਾ ਲੱਕ ਭੰਨ ਸੁਟਿਆ, ਤੇ ਫੇਰ ਉਸਦੀ ਸਿਰੀ ਫੇਹ ਘੱਤੀ। ਓਧਰ  ਗੁਰਦੁਆਰੇ ਵਾਲਾ ਬਾਬਾ ਸੋਹਿਲਾ ਸਾਹਬ ਦਾ ਪਾਠ ਕਰ ਰਿਹਾ ਸੀ, ਏਧਰ ਸੱਪ ਦੀ ਜੂਨ ਕੱਟੀ ਜਾ ਰਹੀ ਸੀ , ਪਰ ਉਹ ਪਤਾ ਨਹੀਂ ਕਿਓਂ ਭੱਜ ਭੱਜ ਕੇ ਆਪਣੀ ਜਾਣ ਬਚਾਉਣ ਦੀ ਕੋਸ਼ਿਸ਼ ਕਰਦਾ ਰਿਹਾ ਸੀ। ਸੱਪ ਨੂੰ ਮਾਰ ਕੇ ਮੇਰੇ ਭਾਪੇ ਹੋਰਾਂ ਸੁਖ ਦਾ ਸਾਹ ਲਿਆ ਸੀ । ਉਸ ਦਿਨ ਹਨੇਰਾ ਹੋਣ ਕਰਕੇ , ਖਜਾਨਾ ਵਿਚੇ ਹੀ ਰਹਿ ਗਿਆ ਸੀ। ਅਗਲੇ ਦਿਨ ਦੀਨਾ  ਪੁੱਛਾਂ ਵਾਲੇ ਬਾਬੇ ਨੂੰ ਵੀ ਲੈ ਆਇਆ ਸੀ, ਬਾਬਾ ਆਉਣਾ ਤੇ ਨਹੀਂ ਸੀ ਚਾਹੁੰਦਾ, ਪਰ ਦੀਨੇ ਦੇ ਵਾਰ ਵਾਰ ਇਹ ਕਹਿਣ ਤੇ ਕਿ ਸੱਪ ਦਾ ਨਿਕਲਣਾ ਇਹ ਦਸ ਪਾਉਂਦਾ ਕਿ ਖਜਾਨਾ ਤੇ ਪੱਕੇ ਤੋਰ ਤੇ ਇਥੇ ਹੀ ਹੈ , ਬਾਬੇ ਨੂੰ ਦੀਨੇ ਨਾਲ ਆਉਣਾ ਹੀ ਪਿਆ।

ਉਦੋਂ ਟਰੈਕਟਰ ਤਾਂ ਵਿਰਲੇ ਹੀ ਹੁੰਦੇ ਸਨ, ਨਾਲ ਵਾਲੇ ਪਿੰਡੋ  ਜੈਲਦਾਰਾਂ ਦਾ ਟਰੈਕਟਰ ਲਿਆਂਦਾ ਗਿਆ, ਵਣ ਦੀਆਂ ਸਾਰੀਆਂ ਜੜਾਂ ਵੱਢਣ ਤੋਂ ਬਾਅਦ ਟਰੈਕਟਰ ਨਾਲ ਬੰਨ੍ਹ ਕੇ ਉਸਨੂੰ ਪਾਸੇ ਕੀਤਾ ਗਿਆ। ਸਾਰੇ ਜੁਆਕ ਪੀਲਾਂ ਦੁਆਲੇ ਜਾ ਹੋਏ, ਤੇ ਭਾਪੇ ਹੋਰੀਂ ਉਸ ਟੋਏ ਨੂੰ ਹੋਰ ਡੂੰਘਾ ਕਰਨ ਲਗੇ। ਪੀਲਾਂ ਤੋਂ ਰੱਜ ਅਸੀਂ ਵਣ ਦੀਆਂ ਟਾਹਣੀਆਂ ਤੋਂ ਕਮਾਣਾ ਬਣਾ ਲਈਆਂ ਤੇ ਕਾਨਿਆਂ ਦੇ ਤੀਰ ਬਣਾ ਕੇ ਤੀਰ ਕਮਾਣ ਖੇਡਣ ਲੱਗੇ। ਜਿਓਂ ਜਿਉਂ ਟੋਆ ਡੂੰਘਾ ਹੁੰਦਾ ਗਿਆ , ਸਾਰਿਆਂ ਦੇ ਚੇਹਰੇ ਦਾ ਰੰਗ ਉਡਦਾ ਗਿਆ। ਬਾਬਾ ਤਬੀਅਤ ਨਾ ਠੀਕ ਹੋਣ ਦੇ ਬਹਾਨੇ ਨਿਕਲਣਾ ਚਾਹੁੰਦਾ ਸੀ, ਪਰ ਭਾਪੇ ਆਖਿਆ ਨਹੀਂ ਉਹ ਆਪ ਛੱਡ ਕੇ ਆਊ ਉਸ ਨੂੰ। ਹੁਣ ਜਦੋਂ ਖਜਾਨੇ ਦੀ ਕੋਈ ਆਸ ਨਾ ਬਚੀ ਤਾਂ ਬਾਬਾ ਕਹਿ ਰਿਹਾ ਕਿ ਖਜਾਨਾ ਤਾਂ ਓਥੇ ਹੈਗਾ ਸੀ ਤੇ ਸੱਪ ਓਹਦੀ ਰਾਖੀ ਬੈਠਾ ਸੀ , ਤੁਸੀਂ ਤੇ ਸੱਪ ਨੂੰ ਹੀ ਮਾਰ ਦਿੱਤਾ। ਰਬ ਰੁਸ ਗਿਆ ਤੁਹਾਡੇ ਨਾਲ, ਤੁਸੀਂ ਰਾਖੇ ਨੂੰ ਹੀ ਮਾਰ ਸੁੱਟਿਆ  ਏ, ਰਬ ਨੇ ਜੋ ਤੁਹਾਨੂੰ ਖਜਾਨਾ ਦਿੱਤਾ ਸੀ ਵਾਪਸ ਲੈ ਲਿਆ ਏ। ਭਾਪੇ ਮੇਰੇ ਨੇ ਕਹੀ ਉਲਾਰੀ ਹੀ ਸੀ ਕਿ ਦੀਨੇ ਨੇ ਫੜ ਲਿਆ , ਹੁਣ ਬਾਬੇ ਨੇ ਨੱਸਣਾ ਹੀ ਠੀਕ ਸਮਝਿਆ, ਪਿਓ ਮੇਰੇ ਨੇ ਡਾਂਗ ਚੁੱਕ ਲਈ ਸੀ ਤੇ ਬਾਬੇ ਦੇ ਪਿੱਛੇ ਭੱਜ ਰਿਹਾ ਸੀ। ਓਧਰ ਬੀਬੀ ਮੇਰੀ ਕਹਿ ਰਹੀ ਸੀ,"ਹੇ ਸਚੇ ਪਾਤਸ਼ਾਹ ਸੁਖ ਰੱਖੀਂ ਬਸ। " ਮੈਂ ਸੋਚ ਰਿਹਾ ਸੀ ਨਾ ਵਣ ਰਿਹਾ ਸੀ, ਨਾ ਪੀਲਾਂ , ਨਾ ਬੱਚਿਆਂ ਦੀ ਰੌਣਕ ,ਤੇ ਨਾ ਹੀ ਵਣ ਵਾਲਾ ਘਰ ਤੇ ਬਾਬੇ ਦਾ ਪਤਾ ਨਹੀਂ।

ਈ-ਮੇਲ: [email protected]

Comments

Surjit Sirdi

I want to know how many people have read this one.

Security Code (required)



Can't read the image? click here to refresh.

Name (required)

Leave a comment... (required)





ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ