Sat, 05 October 2024
Your Visitor Number :-   7229324
SuhisaverSuhisaver Suhisaver

ਡਾ. ਅਮਰਜੀਤ ਟਾਂਡਾ: ਸਰਬੰਗੀ- ਕੀਟ-ਵਿਗਿਆਨੀ, ਸਾਹਿਤਕਾਰ ਤੇ ਕਲਾਕਾਰ - ਉਜਾਗਰ ਸਿੰਘ

Posted on:- 04-08-2014

suhisaver

ਡਾ. ਅਮਰਜੀਤ ਟਾਂਡਾ ਜੀਵ ਜੰਤੂਆਂ,ਕੀਟਾਣੂੰਆਂ ਅਤੇ ਕੀਟਨਾਸ਼ਕਾਂ ਦੇ ਖੋਜੀ ਵਿਗਿਆਨੀ ਵਿੱਚ ਸੁਹਜਾਤਮਕ ਪ੍ਰਵਿਰਤੀ ਹੋਣੀ ਅਤੇ ਸੂਖਮ ਕਲਾਵਾਂ ਦਾ ਸੁਮੇਲ ਹੋਣਾ ਇੱਕ ਵਿਲੱਖਣ ਜਹੀ ਗੱਲ ਲਗਦੀ ਹੈ।ਇਹਨਾਂ ਦੋਹਾਂ ਵਿਧਾਵਾਂ ਦਾ ਆਪਸ ਵਿੱਚ ਕੋਈ ਸੁਮੇਲ ਨਹੀਂ ,ਦੋਵੇਂ ਇੱਕ ਦੂਜੇ ਤੋਂ ਵੱਖਰੇ ਹਨ। ਜੀਵ ਵਿਗਿਆਨ ਜੀਵਾਂ ਬਾਰੇ ਜਾਣਕਾਰੀ ਤੇ ਸਾਹਿਤ ਬਿਲਕੁਲ ਹੀ ਸੁਹਜਾਤਕ ਤੇ ਕੋਮਲ ਵਿਧਾ ਹੈ ਅਤੇ ਪੇਂਟਿੰਗ ਉਸ ਤੋਂ ਵੀ ਸੂਖਮ ਹੁੰਦੀ ਹੈ।

ਜੀਵ ਵਿਗਿਆਨ ਵਿੱਚ ਖੋਜ ਕਰਨ ਤੋਂ ਬਾਅਦ ਪੋਸਟ ਪ੍ਰੈਜੂਏਸ਼ਨ ਕਰਕੇ ਪੀ ਐਚ ਡੀ ਦੀ ਡਿਗਰੀ ਪ੍ਰਾਪਤ ਕਰਨ ਵਾਲੇ ਡਾ ਅਮਰਜੀਤ ਸਿੰਘ ਟਾਂਡਾ ਨੇ ਆਪਣੇ ਕਿੱਤਾਕਾਰੀ ਦੇ ਖੇਤਰ ਦੇ ਨਾਲ ਹੀ ਆਪਣੀ ਕਲਾਤਮਿਕ ਪ੍ਰਤਿਭਾ ਤੇ ਪ੍ਰਵਿਰਤੀ ਨੂੰ ਪ੍ਰਫੁਲਤ ਹੀ ਨਹੀਂ ਕੀਤਾ ਸਗੋਂ ਸਾਹਿਤਕ ਕਲਾਤਮਿਕ ਅਤੇ ਪੇਂਟਿੰਗ ਦੇ ਖੇਤਰ ਵਿੱਚ ਵੀ ਆਪਣੀ ਵੱਖਰੀ ਪਛਾਣ ਬਣਾਕੇ ਨਵਾਂ ਕੀਰਤੀਮਾਨ ਸਥਾਪਤ ਕੀਤਾ ਹੈ। ਵਪਾਰੀ ਵੀ ਉਹ ਉਤਮ ਦਰਜੇ ਦਾ ਹੈ।


ਨਕੋਦਰ ਨੇੜੇ ਢੇਰੀਆਂ ਪਿੰਡ ਵਿੱਚ ਇੱਕ ਆਮ ਸਾਧਾਰਨ ਪੇਂਡੂ ਪਰਿਵਾਰ ਵਿੱਚ ਜਨਮ ਲੈਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਜੀਵ ਵਿਗਿਆਨ ਦੇ ਵਿਸ਼ੇ ਵਿੱਚੋਂ ਐਮ ਐਸ ਸੀ ਦੀ ਡਿਗਰੀ 1976 ਵਿੱਚ ਪਾਸ ਕਰਕੇ ਆਪਣੀ ਵਿਲੱਖਣ ਪ੍ਰਤਿਭਾ ਦਾ ਸਬੂਤ ਦਿੱਤਾ ਸੀ। ਏਥੇ ਹੀ ਬਸ ਨਹੀਂ 1983 ਵਿੱਚ ਜੀਵ ਵਿਗਿਆਨ ਵਿੱਚ ਹੀ ਪੀ ਐਚ ਡੀ ਕਰਕੇ ਆਪਣੇ ਪਿੰਡ ਅਤੇ ਇਲਾਕੇ ਦਾ ਨਾਂ ਰੌਸ਼ਨ ਕੀਤਾ ਹੈ।ਇਸਤੋਂ ਬਾਅਦ ਆਪਜੀ ਨੂੰ ਯੂਨੀਵਰਸਿਟੀ ਵਿੱਚ ਹੀ ਖੋਜ ਅਤੇ ਪੜਾਈ ਕਰਾਉਣ ਦੀ ਜ਼ਿੰਮੇਵਾਰੀ ਦਿੱਤੀ ਗਈ ਤੇ ਆਪ ਏਥੇ ਇਹ ਜ਼ਿੰਮੇਵਾਰੀ 15 ਸਾਲ ਬਾਖ਼ੂਬੀ ਨਾਲ ਨਿਭਾਉਂਦੇ ਰਹੇ ਤੇ ਫਿਰ ਕੁਝ ਸਪਨੇ ਸਿਰਜਕੇ ਆਸਟਰੇਲੀਆ ਪਰਵਾਸ ਕਰ ਗਏ।

ਆਪ ਆਪਣੇ ਸਕੂਲ ਤੋਂ ਲੈਕੇ ਯੂਨੀਵਰਸਿਟੀ ਤੱਕ ਹਰ ਇਮਤਿਹਾਨ ਵਿੱਚ ਫਸਟ ਹੀ ਆਉਂਦੇ ਰਹੇ ਕਿਉਂਕਿ ਆਪ ਵਿਲੱਖਣ ਪ੍ਰਤਿਭਾ ਦੇ ਮਾਲਕ ਸਨ। ਆਪਨੂੰ ਸਕੂਲ ਸਮੇਂ ਵਿੱਚ ਹੀ ਕਵਿਤਾਵਾਂ ਲਿਖਣ ਦਾ ਚਸਕਾ ਲੱਗ ਗਿਆ ਸੀ,ਜਿਸਨੂੰ ਖੇਤੀਬਾੜੀ ਯੂਨੀਵਰਸਿਟੀ ਵਿੱਚ ਪੜਦਿਆਂ ਬੂਰ ਪੈਣਾ ਸ਼ੁਰੂ ਹੋ ਗਿਆ। ਜਿਸਦੇ ਸਿੱਟੇ ਵਜੋਂ ਆਪਨੂੰ ਯੂਨੀਵਰਸਿਟੀ ਵਿੱਚ ਹੀ ਯੰਗ ਰਾਈਟਰਜ ਐਸੋਸੀਏਸ਼ਨ ਦਾ ਸੰਪਾਦਕ ਬਣਾਇਆ ਗਿਆ। ਆਪਦੀਆਂ ਕਵਿਤਾਵਾਂ ਸੁਣਨ ਲਈ ਵਿਦਿਆਰਥੀਆਂ ਦਾ ਜਮਘਟਾ ਆਪਦੇ ਆਲੇ ਦੁਆਲੇ ਹਮੇਸ਼ਾ ਜੁੜਿਆ ਰਹਿੰਦਾ ਸੀ। ਆਸਟਰੇਲੀਆ ਵਿੱਚ ਪਰਵਾਸ ਤੋਂ ਬਾਅਦ ਆਪਨੇ ਉਥੇ ਸਿਡਨੀ ਵਿੱਚ ਟਾਂਡਾ ਪੈਸਟ ਕੰਟਰੋਲ ਨਾਂ ਦੀ ਕੰਪਨੀ ਬਣਾਈ ਅਤੇ ਨਾਲ ਹੀ ਰੀਅਲ ਅਸਟੇਟ ਦਾ ਕਾਰੋਬਾਰ ਸ਼ੁਰੂ ਕਰ ਦਿੱਤਾ। ਇਸ ਦੌਰਾਨ ਉਹਨਾ ਆਪਣੇ ਕਵਿਤਾ ਲਿਖਣ ਦੇ ਸ਼ੌਕ ਨੂੰ ਜਾਰੀ ਰੱਖਿਆ ਅਤੇ ਹੁਣ ਤੱਕ ਆਪਨੇ ਕਵਿਤਾ ਦੀਆਂ ਪੰਜ ਪੁਸਤਕਾਂ ਹਵਾਵਾਂ ਦੇ ਰੁਖ,ਲਿਖਤੁਮ ਨੀਲੀ ਬੰਸਰੀ,ਕੋਰੇ ਕਾਗਜ਼ ਅਤੇ ‘ਦੀਵਾ ਸਫਿ਼ਆਂ ਦਾ’ ਪ੍ਰਕਾਸ਼ਤ ਕਰਵਾਕੇ ਸਿੱਧ ਕਰ ਦਿੱਤਾ ਹੈ ਕਿ ਸੱਚੇ ਸੁਚੇ ਪੰਜਾਬੀ ਦੇ ਮੁਦਈ ਦਾ ਕਿਰਦਾਰ ਵਿਦੇਸ਼ਾਂ ਵਿੱਚ ਬੈਠਕੇ ਵੀ ਨਿਭਾਉਣ ਵਿੱਚ ਸਫਲ ਹੀ ਨਹੀਂ ਹੋਏ ਸਗੋਂ ਪੰਜਾਬ ਦੀ ਮਿੱਟੀ ਦੀ ਖੁਸ਼ਬੋ ਦਾ ਆਨੰਦ ਲੈਣ ਵਿੱਚ ਵੀ ਮੋਹਰੀ ਰਹੇ ਹਨ।ਡਾ ਟਾਂਡਾ ਕਲੀਰੇ ਮੈਗਜੀਨ ਦੇ ਵੀ ਸੰਪਾਦਕ ਰਹੇ ਹਨ।ਆਪ ਹਮੇਸ਼ਾ ਪੰਜਾਬੀਅਤ ਦੀ ਖ਼ੁਸ਼ਬੂ ਫੈਲਾਉਂਦੇ ਦਿਸਦੇ ਰਹਿੰਦੇ ਹਨ।

ਏਥੇ ਹੀ ਬਸ ਨਹੀਂ ੳਸਿ ਨੇ ਆਪਣੇ ਨਿੱਕੇ ਭਰਾ ਬਲਵੀਰ ਟਾਂਡਾ ਜੋ ਇੱਕ ਫਿਲਮ ਨਿਰਮਾਤਾ ਹਨ, ਨਾਲ ਮਿਲ ਕੇ, ਟਾਂਡਾ ਬਰਦਰਜ਼ ਦੇ ਬੈਨਰ ਹੇਠ ਪੰਜਾਬੀ ਫੀਚਰ ਫਿਲਮਾਂ,ਵੈਰੀ,ਧੀ ਜੱਟ ਦੀ ਅਤੇ ਪਹਿਲਾ ਪਹਿਲਾ ਪਿਆਰ, ਦਾ ਲਾਅਨ ਆ ਫ ਪੰਜਾਬ, ਇੱਕ ਹਿੰਦੀ ਫੀਚਰ ਫਿਲਮ ਸਮਗਲਰ ਵੀ ਬਣਾਈਆਂ ਹਨ, ਜੋ ਬੜੀਆਂ ਸਮਾਜਕ ਬੁਰਾਈਆਂ ਤੇ ਝਾਤ ਪਾਉਂਦੀਆਂ ਹਨ ਜਿਸਤੋ ਉਸਦੀ ਪੰਜਾਬੀ ਨੌਜਵਾਨਾ ਦੇ ਭਵਿਖ ਦੀ ਸੰਜੀਦਗੀ ਦਾ ਪਤਾ ਲਗਦਾ ਹੈ। ਆਮ ਤੌਰ ਤੇ ਪਰਵਾਸੀ ਪੰਜਾਬੀ ਵਿਦੇਸ਼ਾਂ ਵਿੱਚ ਜਾ ਕੇ ਆਪਣੇ ਵਿਰਸੇ ਤੋਂ ਅਵੇਸਲੇ ਹੋ ਕੇ ਡਾਲਰ ਕਮਾਉਣ ਦੇ ਚੱਕਰਾਂ ਵਿੱਚ ਹੀ ਉਲਝ ਜਾਂਦੇ ਹਨ।ਡਾ ਅਮਰਜੀਤ ਟਾਂਡਾ ਆਪਣੀ ਇੱਕ ਵੱਖਰੀ ਹੀ ਜ਼ਿੰਮੇਵਾਰੀ ਨਿਭਾਉਣ ਵਿੱਚ ਵੀ ਸਫਲ ਹੋਏ ਹਨ।

ਉਸਨੂੰ ਵਿਦੇਸ਼ਾਂ ਵਿੱਚ ਰਹਿ ਰਹੇ ਪੰਜਾਬੀ ਪਰਿਵਾਰਾਂ ਦੇ ਬੱਚਿਆਂ ਦੇ ਪੰਜਾਬ ਨਾਲ ਜੁੜੇ ਰਹਿਣ ਦੀ ਚਿੰਤਾ ਵੀ ਸਤਾ ਰਹੀ ਹੈ, ਇਸ ਕਰਕੇ ਉਹ ਉਹਨਾਂ ਬੱਚਿਆਂ ਨੂੰ ਆਪਣੇ ਵਿਰਸੇ ਨਾਲ ਜੋੜਕੇ ਰੱਖਣ ਲਈ ਭੰਗੜਾ,ਗਿੱਧਾ,ਪੰਜਾਬੀ ਡਰੈਸ ਦੇ ਮੁਕਾਬਲੇ ਅਤੇ ਸਭਿਆਚਾਰਕ ਤੇ ਧਾਰਮਿਕ ਪ੍ਰੋਗਰਾਮ ਆਸਟਰੇਲੀਆ ਵਿੱਚ ਆਯੋਜਤ ਕਰਾਉਂਦੇ ਰਹਿੰਦੇ ਹਨ।ਪੰਜਾਬੀ ਉਦਮੀ ਹੁੰਦੇ ਹਨ ,ਇਸ ਲਈ ਡਾ ਟਾਂਡਾ ਆਪਣੇ ਉਦਮੀ ਸੁਭਾਅ ਕਰਕੇ ਸਮਾਜ ਦੇ ਹਰ ਖੇਤਰ ਵਿੱਚ ਨਾਮਣਾ ਖੱਟ ਰਹੇ ਹਨ। ਇਹਨਾਂ ਯਤਨਾਂ ਸਦਕੇ ਆਪ ਜੀ ਨੂੰ ਪਰਵਾਸੀ ਪੰਜਾਬੀਆਂ ਦੀ ਵੈਲਫੇਅਰ ਸੋਸਾਇਟੀ ਨੇ ਸਮਾਜ ਪ੍ਰਤੀ ਸੇਵਾਵਾਂ ਮੁੱਖ ਰੱਖਦਿਆਂ 2010 ਵਿੱਚ ਹਿੰਦ ਰਤਨ ਅਵਾਰਡ,ਅਤੇ ਮੈਲਬਾਰਨ ਸਿੱਖ ਸੋਸਾਇਟੀ ਨੇ 2001 ਵਿੱਚ ਅੰਤਰਰਾਸ਼ਟਰੀ ਵਾਲੰਟੀਅਰ ਅਵਾਰਡ ਨਾਲ ਸਨਮਾਨਤ ਕੀਤਾ ਗਿਆ ਹੈ। ਆਪ ਪੰਜਾਬੀ ਸਾਹਿਤ ਅਕਾਡਮੀ ਸਿਡਨੀ ਦੇ ਫਾਊਂਡਰ ਪ੍ਰੈਜੀਡੈਂਟ ਵੀ ਹਨ। ਸਿਆਸਤ ਦੇ ਚਸਕੇ ਕਰਕੇ 2004 ਤੋਂ ਇੰਡੀਅਨ ਓਵਰਸੀਜ਼ ਕਾਂਗਰਸ ਆਸਟਰੇਲੀਆ ਦੇ ਸੰਸਥਾਪਕ ਪ੍ਰਧਾਨ ਵੀ ਹਨ। ਸਮਾਜ ਸੇਵਾ ਦਾ ਬੀੜਾ ਵੀ ਚੁਕਿਆ ਹੋਇਆ ਹੈ।ਕਵਿਤਾ ਲਿਖਣਾ ਅਤੇ ਕਵਿਤਾ ਮੁਕਾਬਲਿਆਂ ਵਿੱਚੋਂ ਹਮੇਸ਼ਾ ਪਹਿਲਾ ਇਨਾਮ ਪ੍ਰਾਪਤ ਕਰਨ ਦਾ ਸੇਹਰਾ ਵੀ ਆਪਨੂੰ ਹੀ ਜਾਂਦਾ ਰਿਹਾ ਹੈ। ਅਸਲ ਵਿੱਚ ਡਾ ਟਾਂਡਾ ਪੰਜਾਬੀ ਭਾਸ਼ਾ ਦੀ ਪ੍ਰਫੁਲਤਾ ਲਈ ਹਮੇਸ਼ਾ ਤੱਤਪਰ ਰਹਿੰਦੇ ਹਨ।ਉਹ ਲਿਖਦੇ ਹਨ, “ਅੱਗ ਜਦੋਂ ਵੀ ਛਾਤੀ ਵਿੱਚ ਬਲਦੀ ਹੈ,ਪਰਬਤ ਵੀ ਉੱਚੇ ਨਹੀਂ ਲਗਦੇ”

ਇਸ ਕਵਿਤਾ ਦੀਆਂ ਪੰਕਤੀਆਂ ਸ਼ਪੱਸ਼ਟ ਤੌਰ ਤੇ ਦਰਸਾਉਂਦੀਆਂ ਹਨ ਕਿ ਨਿਸ਼ਾਨੇ ਤੇ ਪਹੁੰਚਣ ਲਈ ਉਹਨਾਂ ਨੂੰ ਪਹਾੜ ਵੀ ਰੋਕ ਨਹੀਂ ਸਕਦੇ।ਡਾ ਟਾਂਡਾ ਦੀਆਂ ਕਵਿਤਾਵਾਂ ਦੇ ਵਿਸ਼ੇ ਸਮਾਜਕ,ਰੋਮਾਂਟਿਕ,ਸੁਹਜਾਤਮਕ,ਸਮਾਜਕ ਬੁਰਾਈਆਂ,ਦਾਜ,ਗੰਧਲਾ ਸਮਾਜਕ,ਆਰਥਕ ਅਤੇ ਰਾਜਨੀਤਕ ਵਾਤਾਵਰਨ,ਹਵਾ, ਪਾਣੀ,ਮਿਲਾਵਟਖੋਰੀ,ਭਰਿਸ਼ਟਾਚਾਰ ਭਰੂਣ ਹੱਤਿਆ,ਨਸ਼ੇ,ਰਿਸ਼ਤਿਆਂ ਵਿੱਚ ਤਰੇੜਾਂ ਅਤੇ ਗ਼ਰੀਬੀ ਆਦਿ ਹਨ, ਉਹ ਇਹਨਾਂ ਵਿਸ਼ਿਆਂ ਤੇ ਖਰੀਆਂ ਖਰੀਆਂ ਸੁਣਾਕੇ ਚੋਟਾਂ ਲਗਾਉਂਦਾ ਹੈ। ਧਾਰਮਿਕ ਸੰਕੀਰਨਤਾ ਵੀ ਉਸਦਾ ਖਾਸ ਵਿਸ਼ਾ ਹੈ। ਪੰਜਾਬੀਆਂ ਤੇ ਹੋਏ ਨਰਸੰਹਾਰ ਨੇ ਵੀ ਉਸਨੂੰ ਟੁੰਬਿਆ ਹੈ। ਬਲਿਊ ਸਟਾਰ ਅਪ੍ਰੇਸ਼ਨ,1984 ਦਾ ਕਤਲੇਆਮ ਅਤੇ ਪੰਜਾਬ ਵਿੱਚ ਸਰਕਾਰੀ ਤੰਤਰ ਅਤੇ ਕਥਿਤ ਸਮਾਜ ਵਿਰੋਧੀ ਅਨਸਰਾਂ ਵਲੋਂ ਡੋਹਲੇ ਖੂਨ ਨੇ ਵੀ ਉਸਦੇ ਸਾਹਿਤਕ ਦਿਲ ਨੂੰ ਝੰਜੋੜਿਆ ਹੈ ਤੇ ਉਸ ਦੀਆਂ ਕਵਿਤਾਵਾਂ ਇਹਨਾਂ ਘਟਨਾਵਾਂ ਨਾਲ ਲਬਰੇਜ ਹਨ।ਪੰਜਾਬ ਦੇ ਮਾੜੇ ਦਿਨਾਂ ਨੂੰ ਬੜੇ ਹੀ ਸੰਕੇਤਕ ਢੰਗ ਨਾਲ ਲਿਖਦੇ ਉਹ ਕਹਿੰਦੇ ਹਨ

ਰਾਤਾਂ ਲਈ ਜਗਾ ਤੂੰ ਦੀਵੇ ਮੈਂ ਸੁੰਨੇ ਸਜਾਉਨਾਂ ਬਨੇਰੇ
ਸੂਰਜ ਨੂੰ ਸ਼ਹਿਰੀਂ ਪਿੰਡੀਂ ਸੱਦਦਾਂ ਪੂੰਝਣ ਲਈ ਹਨੇਰੇ।


ਏਸੇ ਤਰ੍ਹਾਂ ਲਹੂ ਲੁਹਾਣ ਹੋਏ ਪੰਜਾਬ ਦੇ ਸੰਤਾਪ ਦਾ ਜਿਕਰ ਕਰਦਾ ਉਹ ਲਿਖਦਾ ਹੈ
ਤੂੰ ਗੁਡ ਤਿਆਰ ਕਰ,ਸਿੰਜ ਸਜਾ ਧਰਤ ਮੇਰੇ ਪੰਜਾਬ ਦੀ
ਮੈਂ ਚੁਣਕੇ ਕਿਸਮ ਬਹਾਰ ‘ਚੋਂ ਲਿਔਨਾਂ ਸੋਹਣੇ ਗੁਲਾਬ ਦੀ।
ਮੈਂ ਨਾ ਸਿੱਖ,ਨਾ ਹਿੰਦੂ,ਨਾ ਕੋਈ ਮੁਸਲਮਾਨ ਹਾਂ,
ਪਰ ਮੁੱਦਤਾਂ ਤੋਂ--
ਫਿਰ ਵੀ ਨਾ ਕਰ ਸਕਿਆ,ਡੁਲ੍ਹੇ ਲਹੂ ਦੀ ਪਛਾਣ।
ਮਾਰ ਦਿੱਤੇ ਗਏ ਮੇਰੀ ਰਾਤ ਦੇ ਜੁਗਨੂੰ ਕੱਲ ਕਈ
ਗੁਨਾਹ ਸੀ ਕਿ
ਉਹ ਕੁੱਲੀਆਂ ਰੁਸ਼ਨਾਣ ਕਿਉਂ ਗਏ”


ਡਾ ਟਾਂਡਾ ਦਾ ਸਾਹਿਤਕ ਦਿੱਲ ਸਮਾਜਕ ਬੁਰਾਈਆਂ ਵੇਖ ਕੇ ਵਲੂੰਧਰਿਆ ਜਾਂਦਾ ਹੈ ਤੇ ਉਹ ਕਹਿੰਦਾ ਹੈ ਕਿ-

ਗਰੀਬ ਦੀ ਕੁੱਲੀ ਸਾੜ੍ਹੀ ਹੈ ਹੁਣ ਕੋਈ ਯਾਦਗਾਰ ਤਾਂ ਬਣਾ ਦਿਓ
ਦੋ ਤਿੰਨ ਉਹਦੇ ਸੁਪਨੇ ਲੈ ਕੇ ਉਹਦੀ ਲਾਸ਼ ਹੇਠ ਤਾਂ ਵਿਛਾ ਦਿਓ


ਪੰਜਾਬ ਵਿੱਚ ਅੱਸੀਵਿਆਂ ਵਿੱਚ ਵਿਛੇ ਸੱਥਰਾਂ ਅਤੇ ਮਜਲੂਮਾਂ-ਮਾਸੂਮਾਂ,ਨੌਜਵਾਨਾਂ,ਇਸਤਰੀਆਂ,ਬੱਚਿਆਂ ਦੇ ਹੋਏ ਕਤਲੇਆਮ ਨੇ ਉਸਨੂੰ ਬਹੁਤ ਹੀ ਕੁਰੇਦਿਆ ਹੈ ਤੇ ਉਸਦੀ ਕਲਮ ਵੀ ਲਹੂ ਦੇ ਅੱਥਰੂ ਕੇਰਦੀ ਲਿਖਦੀ ਹੈ-

ਕੀ ਕਰੇ ਕੋਈ ਦਲੀਲਾਂ ਨੂੰ ਤੇ ਬੇਗੁਨਾਹ ਅਪੀਲਾਂ ਨੂੰ
ਕਿਸੇ ਵੀ ਨਾ ਹੱਥ ਫੜਨਾਂ ਸਲੀਬ ਵੱਲ ਲੈ ਜਾਣਗੇ”
ਇੱਕ ਚੰਦ ਤੇ ਮੁੱਠੀ ਭਰ ਸਿਤਾਰੇ ਲਿਆਇਆ ਹਾਂ
ਹਵਾ ਚੋਂ ਖੂਨ ਪੂੰਝੋ ਮੈਂ ਸਜਾਉਣਾ ਹੈ ਇਹਨਾਂ ਨੂੰ
ਓਦਣ ਦੀਆਂ ਮਾਵਾਂ ਨਹੀਂ ਸੁੱਤੀਆਂ
ਜਿਹਨਾਂ ਦੇ ਪੁੱਤ ਘਰੋਂ ਕਾਲਜ ਨੂੰ ਗਏ ਨਾ ਪਰਤੇ
ਕੀ ਦਿਆਂ ਦਿਲਾਸਾ ਉਹਨਾ ਨੂੰ


ਸਮਾਜਿਕ ਰਿਸ਼ਤਿਆਂ ਵਿੱਚ ਆ ਰਹੀ ਗਿਰਾਵਟ ਅਤੇ ਆਧੁਨਿਕਤਾ ਦੇ ਮਾੜੇ ਪ੍ਰਭਾਵਾਂ ਦਾ ਜਿਕਰ ਕਰਦੇ ਉਹ ਲਿਖਦੇ ਹਨ-

ਬੰਦੇ ਘਰਾਂ ਵਿੱਚ ਬੱਚੇ ਮਾਂ ਬਾਪ ਏਨੇ ਨਜ਼ਦੀਕ ਹਨ,
ਚਿਰਾਂ ਬਾਅਦ ਲੱਗਿਆ ਕਰੂ ਪਤਾ ਕਿ ਬਾਪ ਨਹੀਂ ਰਿਹਾ-
ਹੋ ਚੱਲੇ ਹਨ ਘਰੀਂ ਮਾਵਾਂ ਨੂੰ ਵੰਡਣ ਜੋਗੇ ਹੁਣ ਪੁੱਤ
ਬਾਪ ਦੀ ਪੱਗ ਸੰਭਾਲੋ ਮੌਸਮ ‘ਚ ਫਿਰਦੀ ਹੈ ਰੁੱਤ


ਧਰਮ ਦੀ ਆੜ ਵਿੱਚ ਆਪਣੇ ਆਪ ਨੂੰ ਪਵਿੱਤਰ ਤੇ ਧਾਰਮਿਕ ਅਖਵਾਉਣ ਵਾਲਿਆਂ ਦਾ ਪਰਦਾ ਫਾਸ਼ ਆਪਣੀ ਕਵਿਤਾ ਵਿੱਚ ਕਰਦਿਆਂ ਉਹ ਲਿਖਦੇ ਹਨ-

ਸਪੀਕਰਾਂ ਤੇ ਵਾਰ ਵਾਰ ਬੁਲਵਾਉਂਦੇ ਨਾਂ ਨੂੰ ਜੋ
ਉਂਝ ਕਹਿੰਦੇ ਕਿ ਅਸੀਂ ਕੀਤਾ ਗੁਪਤ ਦਾਨ ਏ


ਸਮਾਜਕ ਤਾਣੇ ਬਾਣੇ ਵਿੱਚ ਆਈ ਗਿਰਾਵਟ ਬਾਰੇ ਲਿਖਦੇ ਹਨ-
ਆਪਣੇ ਘਰ ਦੇ ਮਸਲੇ ਨਾ ਸੁਲਝਦੇ
ਪਰ ਗੁਆਂਢੀਆਂ ਲਈ ਹਰ ਕੋਈ ਪ੍ਰੇਸ਼ਾਨ ਹੈ-


ਡਾ ਅਮਰਜੀਤ ਸਿੰਘ ਟਾਂਡਾ ਵਿੱਚ ਇੱਕ ਹੋਰ ਬਹੁਤ ਹੀ ਅੱਛੀ ਖੂਬੀ ਹੈ ਕਿ ਉਹ ਬਹੁਤ ਹੀ ਵਧੀਆ ਪੇਂਟਰ ਕਲਾਕਾਰ ਹਨ। ਉਹਨਾਂ ਬਹੁਤ ਸਾਰੇ ਸਿੱਖ ਗੁਰੂਆਂ, ਮਹਾਤਮਾਵਾਂ,ਧਾਰਮਿਕ ਵਿੱਅਕਤੀਆਂ, ਸਾਹਿਤਕਾਰਾਂ,ਲੇਖਕਾਂ,ਵਿਦਵਾਨਾਂ,ਸਿਆਸਤਦਾਨਾਂ ਆਦਿ ਦੀਆਂ ਪੇਂਟਿੰਗਜ ਬਣਾਈਆਂ ਹਨ। ਪੇਂਟਿੰਗ ਇੱਕ ਬਹੁਤ ਹੀ ਸੂਖਮ ਕਲਾ ਹੈ। ਇਸੇ ਕਰਕੇ ਉਹਨਾਂ ਨੂੰ ਸਰਬੰਗੀ ਕਲਾਕਾਰ ਕਿਹਾ ਜਾ ਸਕਦਾ ਹੈ। ਅਰਥਾਤ ਉਹ ਬਹੁਪੱਖੀ ਪ੍ਰਤਿਭਾ ਦੇ ਮਾਲਕ ਹਨ।ਆਪ ਕਲੀਰੇ ਮੈਗਜੀਨ ਦੇ ਸੰਪਾਦਕ ਵੀ ਰਹੇ ਹਨ।
ਸਾਹਿਤਕ ਸਰਗਰਮੀਆਂ ਤਾਂ ਉਸਦਾ ਸ਼ੌਕ ਹੈ ਪ੍ਰੰਤੂ ਆਪਣੇ ਕਿੱਤੇ ਵਿੱਚ ਵੀ ਉਹਨਾਂ ਚੰਗਾ ਨਾਮਣਾ ਖੱਟਿਆ ਹੈ।ਆਪਨੇ ਆਪਣੇ ਕਿੱਤੇ ਨਾਲ ਸੰਬੰਧਤ ਚਾਰ ਪੁਸਤਕਾਂ ਵੀ ਲਿਖੀਆਂ ਹਨ,ਉਹਨਾਂ ਦੇ ਨਾਂ ਹਨ‘ਕੀਟ-ਵਿਗਿਆਨ, ਚੂਹਿਆਂ ਤੇ ਕਾਬੂ,’ਟਰਮਾਈਟਜ਼ ਦੇ ਪ੍ਰਬੰਧ ਬਾਰੇ ਅਤੇ ਇੰਗਲੈਂਡ ਦੀ ਇਨਸਟੀਚਿਊਟ ਆਫ ਬਾਇਆਲੋਜੀ ਵਲੋਂ ਚਾਰਟਡ ਬਨਸਪਤੀ ਵਿਗਿਆਨਿਕ ਦੀ ਆਨਰੇਰੀ ਡਿਗਰੀ ਦਿੱਤੀ ਗਈ। ਇਸਤੋਂ ਇਲਾਵਾ ਬਾਇਓਗਰਾਫੀਕਲ ਇਨਸਟੀਚਿਊਟ ਆਫ਼ ਰੇਲਿੰਗ ਮਾਣਤਾ ਦੇ ਕੇ ਦੁਨੀਆਂ ਦੇ ਪ੍ਰਸਿੱਧ 5000 ਵਿਗਿਆਨੀਆਂ ਵਿੱਚ ਸ਼ਾਮਲ ਕੀਤਾ ਗਿਆ। ਇਸ ਤੋਂ ਸਪੱਸ਼ਟ ਹੈ ਕਿ ਡਾ ਟਾਂਡਾ ਸਮਾਜ ਅਤੇ ਸਮਾਜਕ ਸਰੋਕਾਰਾਂ ਨਾਲ ਗੜੂੰਦ ਸਰਬੰਗੀ ਸਾਹਿਤਕਾਰ ਹੈ।

Comments

Security Code (required)



Can't read the image? click here to refresh.

Name (required)

Leave a comment... (required)





ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ