Mon, 09 September 2024
Your Visitor Number :-   7220048
SuhisaverSuhisaver Suhisaver

ਸਕੂਨ ਦਾ ਅਹਿਸਾਸ - ਗੁਰਤੇਜ ਸਿੰਘ

Posted on:- 08-04-2016

suhisaver

ਆਪਣੇ ਘਰ ਪਰਿਵਾਰ ਦੀ ਸੁੱਖ ਸ਼ਾਂਤੀ ਲਈ ਮਨੁੱਖ ਬੜੇ ਉਪਰਾਲੇ ਕਰਦਾ ਹੈ। ਦਿਨ ਰਾਤ ਮਿਹਨਤ ਕਰਕੇ ਪਰਿਵਾਰ ਦੇ ਸੁਪਨਿਆਂ ਦੀ ਪੂਰਤੀ ਦੀ ਤਾਂਘ ਆਦਮੀ ਨੂੰ ਚੈਨ ਨਾਲ ਬੈਠਣ ਤੋਂ ਇਨਕਾਰਦੀ ਹੈ।ਦੌਲਤ ਸ਼ੋਹਰਤ ਨਾਲ ਲਬਰੇਜ਼ ਲੋਕਾਂ ਦਾ ਮਾਨਸਿਕ ਸ਼ਾਂਤੀ ਤੋਂ ਸੱਖਣਾ ਮਿਲਣਾ ਇਸ ਗੱਲ ਦਾ ਪੁਖਤਾ ਸਬੂਤ ਹੈ ਕਿ ਆਨੰਦ ਕੋਈ ਪਦਾਰਥਾਂ ਦਾ ਮੁਥਾਜ ਨਹੀਂ ਹੈ ਬਲਕਿ ਇਹ ਤਾਂ ਮਨ ਦੀ ਉਹ ਉੱਚੀ ਅਵਸਥਾ ਹੈ, ਜਿਸ ਦੀ ਪ੍ਰਾਪਤੀ ਹਿਤ ਸਾਧਕ ਸਾਧਨਾਵਾਂ ਕਰਦੇ ਹਨ।ਇਸ ਸੰਸਾਰ ‘ਚ ਪਰੇ ਤੋਂ ਪਰੇ ਲੋਕ ਮਿਲਦੇ ਹਨ ਪਰ ਕਈ ਸੀਮਤ ਸਾਧਨਾਂ ਨਾਲ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਦੇ ਨਾਲ ਆਪਣੀ ਕਮਾਈ ਦਾ ਕੁਝ ਹਿੱਸਾ ਲੋੜਵੰਦਾਂ ਨਾਲ ਸਾਂਝਾ ਕਰਦੇ ਹਨ ਜੋ ਉਨ੍ਹਾਂ ਦੀ ਮਾਨਸਿਕ ਸ਼ਾਂਤੀ ਦਾ ਸਬੱਬ ਹੋ ਨਿੱਬੜਦਾ ਹੈ, ਸਕੂਨ ਦਾ ਅਹਿਸਾਸ ਦਿਵਾਉਂਦਾ ਹੈ।

ਗੱਲ ਚੰਦ ਕੁ ਮਹੀਨੇ ਪੁਰਾਣੀ ਹੈ।ਮੈਂ ਹੋਸਟਲੋਂ ਘਰ ਗਿਆ ਹੋਇਆ ਸੀ।ਸ਼ਾਮ ਦਾ ਵਕਤ ਸੀ ਸਬਜੀ ਕੱਟ ਰਹੀ ਆਪਣੀ ਮਾਂ ਕੋਲ ਬੈਠਾ ਮੈਂ ਚਾਹ ਪੀ ਰਹਾ ਸੀ ਅਤੇ ਮਾਂ ਨੂੰ ਆਪਣੇ ਕਾਲਜ ‘ਚ ਹੋਏ ਸਾਲਾਨਾ ਜਲਸੇ ਬਾਰੇ ਦੱਸ ਰਿਹਾ ਸੀ।ਮੇਰੀ ਕਹਾਣੀ ‘ਚੀਖ’ ‘ਤੇ ਅਧਾਰਿਤ ਖੇਡੇ ਗਏ ਨਾਟਕ ਦੀ ਵੀਡਿਉਗ੍ਰਾਫੀ ਦਿਖਾ ਕੇ ਆਪਣੇ ਦੁਆਰਾ ਨਿਭਾਏ ਪਿਤਾ ਦੇ ਕਿਰਦਾਰ ਬਾਰੇ ਚਰਚਾ ਕਰ ਰਿਹਾ ਸੀ।

ਨਾਟਕ ਦੇਖ ਮਾਂ ਦੀਆਂ ਅੱਖਾਂ ਛਲਕਣ ਲਈ ਉਤਾਵਲੀਆਂ ਸਨ ਤੇ ਮਮਤਾ ਵਾਲਾ ਹੱਥ ਮੇਰੇ ਸਿਰ ‘ਤੇ ਆਪ ਮੁਹਾਰੇ ਫਿਰ ਰਿਹਾ ਸੀ।ਅਸੀਸਾਂ ਦੀ ਝੜੀ ਅਤੇ “ਪੁੱਤ ਸਾਨੂੰ ਮਾਣ ਆ ਤੇਰੇ ‘ਤੇ” ਇਨ੍ਹਾਂ ਅਲਫਾਜ਼ਾਂ ਨੇ ਮੇਰੇ ਅੰਦਰ ਸਕੂਨ ਦਾ ਦਰਿਆ ਵਗਾ ਦਿੱਤਾ ਸੀ ਤੇ ਉਨ੍ਹਾਂ ਮੈਨੂੰ ਕਲਾਵੇ ‘ਚ ਲੈ ਲਿਆ।ਇਸੇ ਦੌਰਾਨ ਮੇਰਾ ਮੋਬਾਇਲ ਫੋਨ ਖੜਕਿਆ ਦੇਖਿਆ ਤਾਂ ਇੱਕ ਪੰਜਾਬੀ ਅਖਬਾਰ ਦੇ ਉਪ ਸੰਪਾਦਕ ਦਾ ਫੋਨ ਸੀ।ਰਾਜੀ ਖੁਸ਼ੀ ਪੁੱਛਣ ਤੋਂ ਬਾਅਦ ਉਨ੍ਹਾਂ ਕਿਹਾ ਤੁਹਾਡਾ ਮਾਣਭੱਤਾ ਤੁਹਾਡੇ ਬੈਂਕ ਖਾਤੇ ‘ਚ ਜਮਾਂ ਕਰਵਾ ਦਿੱਤਾ ਹੈ, ਭਵਿੱਖ ‘ਚ ਸਾਡੇ ਅਖਬਾਰ ਨਾਲ ਜੁੜੇ ਰਹਿਣ ਦੀ ਆਸ ਕਰਦਾ ਹਾਂ।ਇਹ ਆਖ ਉਨ੍ਹਾਂ ਫੋਨ ਕੱਟ ਦਿੱਤਾ।ਦੋ ਦਿਨ ਪਹਿਲਾਂ ਹੀ ਇੱਕ ਹੋਰ ਅਖਬਾਰ ਵਾਲਿਆਂ ਨੇ ਮੇਰਾ ਮਾਣ ਭੱਤਾ ਮੇਰੇ ਬੈਂਕ ਖਾਤੇ ‘ਚ ਜਮਾਂ ਕਰਵਾਇਆ ਸੀ।

ਨਹਾ ਧੋ ਕੇ ਮੈਂ ਮੋਟਰਸਾਈਕਲ ਬਾਹਰ ਕੱਢਿਆ ਤੇ ਨੇੜਲੇ ਪਿੰਡ ਰਹਿੰਦੇ ਆਪਣੇ ਦੋਸਤ ਨੂੰ ਮਿਲਣ ਦੀ ਤਿਆਰੀ ਕੀਤੀ ਤੇ ਮਨ ‘ਚ ਖਿਆਲ ਆਇਆ ਕਿ ਪਹਿਲਾਂ ਉਸਨੂੰ ਫੋਨ ਕਰਕੇ ਪੁੱਛ ਲਵਾਂ ਕਿ ਉਹ ਘਰ ਹੈ ਜਾਂ ਨਹੀਂ।ਫੋਨ ਕੱਢ ਕੇ ਉਸਨੂੰ ਕਾਲ ਕਰਨ ਹੀ ਲੱਗਿਆ ਸੀ ਕਿ ਹੋਰ ਕਾਲ ਆ ਗਈ।ਸਤਿ ਸ਼੍ਰੀ ਅਕਾਲ ਨਾਲ ਮੁਖਾਤਿਬ ਹੁੰਦੇ ਹੋਏ ਉਸਨੇ ਆਪਣਾ ਨਾਂਅ ਦੱਸਿਆ ਤੇ ਕਿਹਾ ਵੀਰ ਜੀ ਸਕੂਲ ‘ਚ ਤੁਹਾਡੇ ਤੋਂ ਮੈਂ ਦੋ ਸਾਲ ਜੂਨੀਅਰ ਸੀ।ਦੋ ਕੁ ਮਹੀਨੇ ਪਹਿਲਾਂ ਮੈਂ ਤੁਹਾਡਾ ਲੇਖ ਪੜਕੇ ਫੋਨ ਵੀ ਕੀਤਾ ਸੀ, ਤੇ ਦੱਸਿਆ ਸੀ ਕਿ ਮੈਂ ਬੀਐੱਡ ਕਰ ਰਿਹਾ ਹਾਂ।ਦਿਮਾਗ ‘ਤੇ ਥੋੜਾ ਜ਼ੋਰ ਪਾਉਣ ‘ਤੇ ਮੈਨੂੰ ਯਾਦ ਆਇਆ ਤਾਂ ਮੈਂ ਕਿਹਾ ਹਾਂ ਹਾਂ ਵੀਰ ਮੈਨੂੰ ਯਾਦ ਹੈ।ਹੋਰ ਦੱਸ ਕਿਵੇਂ ਘਰ ਪਰਿਵਾਰ ਠੀਕ ਹੈ ਤੇ ਪੜ੍ਹਾਈ ਕਿਵੇਂ ਚੱਲ ਰਹੀ ਹੈ।ਉਹ ਮੱਧਮ ਜਿਹੀ ਅਵਾਜ਼ ‘ਚ ਬੋਲਿਆ ਵੀਰ ਜੀ ਬਾਕੀ ਤਾਂ ਸਭ ਕੁਝ ਠੀਕ ਹੈ ਪਰ ਪੜ੍ਹਾਈ ਲਈ ਫੀਸ ਦਾ ਜੁਗਾੜ ਨਹੀਂ ਹੋ ਰਿਹਾ ਕਿਤੋਂ ਜੇ ਤੁਸੀ ਥੋੜੀ ਬਹੁਤ ਮਦਦ ਕਰ ਦਿੰਦੇ..।ਇਹ ਸੁਣਕੇ ਇੱਕ ਵਾਰ ਤਾਂ ਦਿਲ ਕੀਤਾ ਕਿ ਇਸਨੂੰ ਦੱਸ ਦਿਆਂ ਕਿ ਛੋਟੇ ਵੀਰ ਮੈਂ ਵੀ ਆਪਣੀ ਫੀਸ ਦਾ ਜੁਗਾੜ ਲੋਕਾਂ ਅੱਗੇ ਮਿੰਨਤਾਂ ਤਰਲੇ ਕਰਕੇ ਕਰਦਾ ਹਾਂ ਪਿੰਡ ਦੇ ਐੱਨਆਰਆਈ ਭਰਾ ਨਾਲ ਖੜਦੇ ਹਨ, ਫਿਰ ਮੈਂ ਤੇਰੀ ਮਦਦ ਕਿਸ ਤਰਾਂ….।

ਉਸਦੀ ਉਦਾਸੀ ਨੇ ਮੇਰੀ ਜ਼ਮੀਰ ਨੂੰ ਹਲੂਣਿਆ ਤੇ ਮੈਂ ਕਿਹਾ ਛੋਟੇ ਵੀਰ ਜ਼ਿਆਦਾ ਤਾਂ ਨਹੀਂ ਥੋੜੀ ਬਹੁਤ ਮਦਦ ਮੈਂ ਜ਼ਰੂਰ ਕਰ ਸਕਦਾ ਹਾਂ।ਹੁਣ ਕਿੰਨੇ ਪੈਸੇ ਚਾਹੀਦੇ ਹਨ।ਵੀਰ ਜੀ ਪੰਜ ਹਜ਼ਾਰ ਰੁਪਏ ਘਟਦੇ ਹਨ।ਮੈਂ ਉਸਨੂੰ ਕਿਹਾ ਤੂੰ ਫਿਕਰ ਨਾ ਕਰ ਕਰਦਾ ਮੈਂ ਕੋਈ ਹੱਲ।ਇਹ ਆਖ ਮੈਂ ਫੋਨ ਕੱਟ ਦਿੱਤਾ ਤੇ ਦੋਸਤ ਨੂੰ ਫੋਨ ਕਰਕੇ ਪੁੱਛਿਆ ਕਿ ਕਿੱਥੇ ਆ ਉਹ, ਉਸਨੇ ਕਿਹਾ ਘਰ ਹੀ ਹਾਂ।ਉਸਦੇ ਘਰ ਪਹੁੰਚ ਕੇ ਪਹਿਲਾਂ ਉਸ ਮੁੰਡੇ ਬਾਰੇ ਪੁੱਛਿਆ ਤਾਂ ਦੋਸਤ ਨੇ ਕਿਹਾ ਉਹ ਮੁੰਡਾ ਬਹੁਤ ਲਾਇਕ ਹੈ ਤੇ ਪੜ੍ਹਨ ਵਾਲਾ ਹੈ।ਮੈਂ ਕਿਹਾ ਉਸਨੂੰ ਫੀਸ ਲਈ ਪੰਜ ਹਜ਼ਾਰ ਰੁਪਏ ਚਾਹੀਦੇ ਹਨ, ਚਾਰ ਹਜ਼ਾਰ ਮੇਰੇ ਖਾਤੇ ‘ਚ ਹੈ ਜੋ ਅਖਬਾਰ ਵਾਲਿਆਂ ਨੇ ਹੀ ਭੇਜੇ ਹਨ ਤੇ ਇੱਕ ਹਜ਼ਾਰ ਦਾ ਤੂੰ ਹੀਲਾ ਕਰ।ਦੋਸਤ ਨੇ ਕਿਹਾ ਕੋਈ ਨਾ ਮੈ ਇੱਕ ਹਜ਼ਾਰ ਦੇ ਦੇਵਾਗਾਂ।ਉਸੇ ਵੇਲੇ ਇੱਕ ਹਜ਼ਾਰ ਰੁਪਏ ਦੋਸਤ ਨੇ ਆਪਣੀ ਘਰਵਾਲੀ ਤੋਂ ਫੜੇ ਤੇ ਅਸੀ ਦੋਵੇਂ ਏਟੀਐਮ ਗਏ ਤੇ ਚਾਰ ਹਜ਼ਾਰ ਰੁਪਏ ਮੇਰੇ ਖਾਤੇ ‘ਚੋਂ ਕਢਾ ਕੇ ਸਿੱਧਾ ਉਸ ਮੁੰਡੇ ਦੇ ਘਰ ਪੁੱਜੇ।ਸਾਨੂੰ ਦੇਖ ਉਹ ਖਿੜ ਗਿਆ ਸੀ ਤੇ ਅਸੀ ਪੰਜ ਹਜ਼ਾਰ ਰੁਪਏ ਉਸਦੇ ਪਰਿਵਾਰ ਸਾਹਮਣੇ ਉਸਦੀ ਹਥੇਲੀ ‘ਤੇ ਧਰ ਦਿੱਤੇ।ਮੁੰਡੇ ਦੀਆਂ ਅੱਖਾਂ ਭਰ ਆਈਆਂ ਤੇ ਉਸਨੇ ਕਿਹਾ ਵੀਰ ਜੀ ਅਗਰ ਫੀਸ ਦਾ ਹੱਲ ਨਾ ਹੁੰਦਾ ਤਾਂ ਕਾਲਜ ਵਾਲਿਆਂ ਨੇ ਮੈਨੂੰ ਪੇਪਰ ਦੇਣ ਦੀ ਇਜਾਜ਼ਤ ਨਹੀਂ ਦੇਣੀ ਸੀ।ਉਸਦਾ ਸਾਰਾ ਪਰਿਵਾਰ ਸਾਨੂੰ ਅਸੀਸਾਂ ਦੇ ਰਿਹਾ ਸੀ।ਇਹ ਦੇਖ ਸਾਡਾ ਦੋਵਾਂ ਦੋਸਤਾਂ ਦਾ ਆਨੰਦ ਚਰਮ ਸੀਮਾ ‘ਤੇ ਸੀ।ਅਸੀ ਦੋਵੇਂ ਸਕੂਨ ਦਾ ਅਹਿਸਾਸ ਲੈ ਕੇ ਬਾਹਰ ਨਿੱਕਲੇ ਤੇ ਦੋਸਤ ਦੇ ਘਰ ਵੱਲ ਨੂੰ ਹੋ ਤੁਰੇ।

ਸੰਪਰਕ : [email protected]

Comments

Security Code (required)



Can't read the image? click here to refresh.

Name (required)

Leave a comment... (required)





ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ