Tue, 10 September 2024
Your Visitor Number :-   7220297
SuhisaverSuhisaver Suhisaver

ਸ਼ੌਂਕੀ, ਸਕੀਮੀ ਤੇ ਮਜ਼ਾਕੀਆ ਤਾਇਆ ਕੋਰਾ -ਗੁਰਬਾਜ ਸਿੰਘ ਹੁਸਨਰ

Posted on:- 02-06-2020

suhisaver

ਨਾਮ ਕੋਅਰ ਸਿੰਘ,ਘਰਦਿਆਂ ਵੱਲੋਂ ਲਾਡ ਦਾ ਨਾਮ ਕੋਰਾ ! ਸੁਭਾਅ ਦਾ ਵੀ ਕੋਰਾ ! ਜੋ ਗੱਲ ਮੂੰਹ ’ਤੇ ਆਈ ਕਹਿ ਹੀ ਦੇਣੀ ਆ! ਪਿੰਡ ਦੇ ਨੰਬਰਦਾਰ ਓਤਾਰ ਸਿੰਘ ਦਾ ਲੜਕਾ ਸੀ ਉਹ !ਮੇਰੇ ਦਾਦਾ ਜੀ ਨੇ ਆਪਣੀ ਸਾਲੀ ਦਾ ਰਿਸ਼ਤਾ ਕਰਾਇਆ ਸੀ ਉਸ ਨੂੰ !ਚਾਚਾ ਭਤੀਜਾ ਦੋਨੋਂ ਸਾਢੂ ਬਣ ਗਏ ਸਨ! ਬੱਚਿਆਂ ਨਾਲ ਬੱਚਾ , ਸਿਆਣਿਆਂ ਨਾਲ ਸਿਆਣਾ ਸੀ ਉਹ !ਉਸ ਦੀਆਂ ਗੱਲਾਂ ਹੀ ਅਜਿਹੀਆਂ ਸਨ ਕਿ ਹਰ ਕੋਈ ਚਸਕੇ ਨਾਲ ਸੁਨਣੀਆਂ ਚਾਹੁੰਦਾ ਸੀ !ਗੱਲ ਫੁਰਦੀ ਸੀ ਉਸ ਨੂੰ ! ਹਾਜ਼ਰ ਜਵਾਬ ਸੀ ਉਹ !ਉਸ ਦਾ ਇੱਕੋ ਇਕ ਪੁੱਤਰ ਭਰ ਜਵਾਨੀ ਵਿੱਚ ਸ਼ਰਾਬ ਜ਼ਿਆਦਾ ਪੀਣ ਕਾਰਣ ਉਸ ਨੂੰ ਸਦੀਵੀ ਵਿਛੋੜਾ ਦੇ ਗਿਆ ਸੀ !ਚਾਰ ਧੀਆਂ ਅਤੇ ਦੋ ਛੋਟੇ-ਛੋਟੇ ਪੋਤਿਆਂ ਦੀ ਜ਼ੁੰਮੇਵਾਰੀ ਉਸ ਦੇ ਸਿਰ ਤੇ ਆ ਪਈ ਸੀ! ਉਹ ਰੱਬ ਦੀ ਮਾਰ ਤੋਂ ਘਬਰਾਇਆ ਨਹੀਂ ! “ਜੋ ਤੁਧ ਭਾਵੇਂ ਸੋਇ ਭਲੀ ਕਾਰ “ ਕਹਿ ਕੇ ਉਸ ਨੇ ਘਰੇਲੂ ਹਾਲਾਤਾਂ ਦਾ ਸਾਹਮਣਾ ਕੀਤਾ !

ਧੀਆਂ ਉਸ ਨੇ ਵਿਆਹ ਕੇ ਸਹੁਰੇ ਘਰ ਤੋਰ ਦਿੱਤੀਆਂ ! ਉਹਨਾਂ ਦੀ ਹਰ ਖ਼ੁਸ਼ੀ ਗ਼ਮੀ ਅਤੇ  ਤਿੱਥ ਤਿਉਹਾਰ ਤੇ ਦੋਨੋ ਜੀਅ ਹਾਜ਼ਰ ਹੁੰਦੇ ਸਨ ! ਪੋਤੇ ਪਾਲ-ਪੋਸ ਕੇ ਵੱਡੇ ਕੀਤੇ ਅਤੇ ਉਹਨਾਂ ਦੇ ਵਿਆਹ ਕਰ ਦਿੱਤੇ ! ਪੋਤਿਆਂ ਨੇ ਖੇਤੀ ਦਾ ਕੰਮ ਸਬਾਲਿਆ ! ਕਿਉਂਕਿ ਸੱਠ ਕਿੱਲਿਆਂ ਦਾ ਮਾਲਕ ਸੀ ਤਾਇਆ ਕੋਰਾ !ਟਰੈਕਟਰ ਲੈ ਕੇ ਪੋਤੇ ਜਦੋਂ ਖੋਤੋ ਆਉਂਦੇ ਤਾਂ ਘਰ ਦੇ ਮੁੱਖ ਦਰਵਾਜ਼ੇ ਤੇ ਲੱਗੇ ਲੋਹੇ ਦੇ ਗੇਟ ਨੂੰ ਟਰੈਕਟਰ ਤੋਂ ਹੀ ਅਗਲੇ ਟਾਇਰ ਨਾਲ ਖੁਲਵ੍ਹਾਉਂਦੇ !

ਦਰਵਾਜ਼ੇ ਵਿੱਚ ਮੱਜੇ ਤੇ ਬੈਠਾ ਸਮਝਾਉਂਦਾ ਪੁੱਤ ਥੱਲੇ ਉਤਰ ਕੇ ਹੱਥ ਨਾਲ ਗੇਟ ਖੋਲ ਲਿਆ ਕਰੋ! ਜਵਾਨ ਪੋਤੇ ਕਿੱਥੇ ਮੰਨਦੇ !ਉਸ ਦੇ ਦਰਵਾਜ਼ੇ ਦਾ ਇੱਕ ਗੇਟ ਖੁੱਲਾ ਅਤੇ ਇੱਕ ਹਮੇਸ਼ਾ ਬੰਦ ਰਹਿੰਦਾ ਸੀ !ਇੱਕ ਦਿੰਨ ਤਾਏ ਕੋਰੇ ਨੇ ਬੰਦ ਗੇਟ ਨਾਲ ਲ਼ੋਹੇ ਦੀ ਸੱਬਲ਼ ਗੱਡ ਦਿੱਤੀ ਅਤੇ ਦਰਵਾਜ਼ੇ ਵੱਲ ਪਿੱਠ ਕਰਕੇ ਵਿਹੜੇ ਵਿੱਚ ਮੰਜੇ ਤੇ ਬੈਠ ਗਿਆ ! ਰੋਜ਼ ਦੀ ਆਦਤ ਤਰਾਂ ਮੁੰਡੇ ਖੇਤੋ ਆਏ ਟਰੈਕਟਰ ਦੇ ਟਾਇਰ ਨਾਲ ਗੇਟ ਖੋਲਣ  ਦੀ ਕੋਸ਼ਿਸ਼ ਕਰਨ !ਗੇਟ ਨਾਂ ਖੁਲਣ ਤੇ ਥੱਲੇ ਉਤਰ ਕੇ ਦੇਖਿਆ ਕਿ ਬਾਪੂ ਨੇ ਸੱਬਲ਼ ਗੱਡੀ ਹੋਈ ਆ!ਸੱਬਲ ਪੱਟੀ ਅਤੇ ਟਰੈਕਟਰ ਘਰ ਲੈ ਆਏ! ਤਾਇਆ ਕੋਰਾ ਕੁਝ ਨਾਂ ਬੋਲਿਆ!ਅਗਲੇ ਦਿੰਨ ਫਿਰ ਇੱਕ ਗੇਟ ਬੰਦ , ਤਾਇਆ ਵੀ ਵਿਹੜੇ ਵਿੱਚ ਬੈਠਾ! ਮੁੰਡਿਆ ਦੀ ਹਿੰਮਤ ਨਾਂ ਪਈ ਟਰੈਕਟਰ ਤੋਂ ਗੇਟ ਖੁਲ੍ਹਾਉਣ ਦੀ! ਕਿਤੇ ਅੜਕ ਪੈਚਮੀਂ (ਸੱਬਲ਼) ਨਾਂ ਲਾ ਰੱਖੀ ਹੋਵੇ ! ਜਦੋਂ ਥੱਲੇ ਉਤਰ ਕੇ ਦੇਖਿਆ ਸੱਬਲ਼ ਨਹੀਂ ਸੀ! ਤਾਇਆ ਬੋਲਿਆ :- ਪੁੱਤ ਜਦੋਂ ਉਤਰ ਹੀ ਆਏ ਤਾਂ ਗੇਟ ਹੱਥ ਨਾਲ ਖੋਲ ਲਵੋ !ਉਸ ਤੋਂ ਬਾਦ ਕਦੇ ਵੀ ਪੋਤਿਆਂ ਨੇ ਅਜਿਹੀ ਗਲਤੀ ਨਹੀਂ ਸੀ ਕੀਤੀ !

ਤਾਏ ਕੋਰੇ ਨੂੰ ਅਚਾਰ ਪਾਉਣ ਦਾ ਬਹੁਤ ਸ਼ੌਕ ਸੀ ! ਉਹ ਵਧੀਆ ਮਿਰਚ,ਨਿੰਬੂ, ਅੰਬ, ਗਾਜਰ,ਗੋਭੀ,ਸ਼ਲਗਮ,ਡੇਲੇ ਅਤੇ ਕਈ ਮਿਕਸ ਅਚਾਰ ਬਨਾਉਦਾ ਸੀ ! ਉਸ ਦੀ ਬੈਠਕ ਵਿੱਚ ਵੱਡੀ ਅਲਮਾਰੀ ਸੀ ਜੋ ਹਮੇਸ਼ਾ ਚੀਨੀ ਦੇ ਵਤਮਾਨਾਂ ਨਾਲ ਭਰੀ ਰਹਿੰਦੀ ਸੀ!ਅਚਾਰ ਵਾਲੀ ਅਲਮਾਰੀ ਦੇ ਤਾਲੇ ਦੀ ਚਾਬੀ ਹਮੇਸ਼ਾ ਉਸ ਦੇ ਗੀਝੇ ਵਿੱਚ ਰਹਿੰਦੀ ਸੀ !ਉਹ ਸ਼ਹਿਰ ਜਾ ਕੇ ਕਿੱਲੋ-ਕਿੱਲੋ ਦੇ ਡੱਬੇ ਲਿਆ ਕੇ ਰੱਖਦਾ ਅਤੇ ਆਏ ਗਏ ਰਿਸ਼ਤੇਦਾਰਾਂ ਨੂੰ ਅਚਾਰ ਦਾ ਤੋਹਫ਼ਾ ਦੇ ਕੇ ਤੋਰਦਾ ! ਲੋਕ ਉਸ ਦਾ ਅਚਾਰ ਖਾ ਕੇ ਉਂਗਲਾਂ ਚੱਟਦੇ ਰਹਿ ਜਾਂਦੇ ਸਨ !ਉਹ ਮਿਲਣ ਆਏ ਰਿਸ਼ਤੇਦਾਰ ਨੂੰ ਬੜੇ ਚਾਅ ਨਾਲ ਆਪਣਾ ਅਚਾਰ ਬੈਂਕ ਦਿਖਾਉਂਦਾ ਪਰ ਹੱਥ ਨਹੀਂ ਸੀ ਲਾਉਣ ਦਿੰਦਾ ! ਉਸ ਨੇ  ਕੜਛੀਆਂ ਵੀ ਅਲੱਗ-ਅਲੱਗ ਰੱਖੀਆਂ ਹੋਈਆ ਸਨ !ਰਿਸ਼ਤੇਦਾਰ ਪਿੰਡ ਜਾਕੇ ਉਸ ਦੇ ਅਚਾਰ ਦੀਆਂ ਗੱਲਾਂ ਕਰਦੇ ! ਕਈ ਗੁਆਂਢੀਆਂ ਨੂੰ ਸੈਂਪਲ ਚੈੱਕ ਕਰਾਉਂਦੇ! ਉਹ ਹਰ ਹਫ਼ਤੇ ਅਚਾਰ ਦੀ ਸਾਂਭ-ਸੰਭਾਲ ਕਰਦਾ ! ਪਰ ਉਹ ਕਦੇ ਅਚਾਰ ਵੇਚਦਾ ਨਹੀਂ ਸੀ !
       
ਇੱਕ ਵਾਰ ਬੱਸ ਵਿੱਚ ਸਫਰ ਕਰਨ ਦੌਰਾਨ ਇੱਕ ਔਰਤ ਨੇ ਕਿਹਾ ਬਾਬਾ ਥੋੜਾ ਅੱਗੇ ਹੋ ਜਾ ! ਤਾਏ ਨੇ ਉੱਤਰ ਦਿੱਤਾ ਲੈ ਅੰਬੋ ! ਬੱਸ ਪੈ ਗਿਆ ਕਲੇਸ਼ ! ਕਹਿੰਦੀ ਮੈਨੂੰ ਅੰਬੋ ਕਿਵੇਂ ਕਿਹਾ  ? ਤਾਇਆ ਕਹੇ ਮੈਨੂੰ ਬਾਬਾ ਕਿਵੇਂ ਕਿਹਾ ? ਕਹਿੰਦੀ ਬੱਗੀ ਦਾੜੀ ਹੈ ਮੂੰਹ ਤੇ ਬਾਬਾ ਹੀ ਆ ਹੋਰ ਕੀ ਆ ? ਤਾਇਆ ਪੁੱਛਦਾ ਤੇਰੀ ਉਮਰ ਕਿੰਨੀ ਆ ? ਔਰਤ ਕਹਿੰਦੀ ਰੌਲੇ ਵੇਲੇ (1947 ‘ਚ)ਅੱਠ ਸਾਲ ਦੀ ਸੀ ! ਤਾਇਆ ਕਹਿੰਦਾ ਲਾਕੇ ਸਿਰ ਤੇ ਕਲਫ਼ ਮੂੰਹ ਤੇ ਕਰਕੇ ਰੰਗ ਰੋਗ਼ਨ ਗੀਗੀ ਬਣੀ ਫਿਰਦੀ ਆ , ਮੈਂ ਤੈਥੋਂ ਪੰਜ ਸਾਲ ਛੋਟਾ ! ਬੱਸ ਵਿੱਚ ਹਾਸੜ ਪੈ ਗਿਆ !ਇਨੇ ਨੂੰ ਇੱਕ ਸੀਟ ਖਾਲ਼ੀਂ ਹੋ ਗਈ!ਔਰਤ ਕਹਿੰਦੀ ਜਾਹ ਬਹਿ ਜਾ ,ਜਾਕੇ ਪਰਾਂ ! ਤਾਇਆ ਫਿਰ ਨਹੀਂ ਟਲਿਆ ਕਹਿੰਦਾ ਮੈਂ ਤਾਂ ਜਵਾਨ ਹਾਂ ਤੂੰ ਬਜ਼ੁਰਗ ਹੈ ਤੂੰ ਬਹਿ ਜਾ!

             
ਇੱਕ ਵਾਰ ਤਾਏ ਨੇ ਆਪਣੀਆਂ ਕੁੜੀਆਂ ਨੂੰ ਮਿਲਣ ਜਾਣਾ ਸੀ ! ਪੋਤੇ ਨੂੰ ਕਹਿੰਦਾ ਹਰਜਿੰਦਰ ਬੇਟਾ ,ਮੈਂ ਤੇ ਤੇਰੀ ਬੇਬੇ ਨੇ ਤੇਰੀ ਭੂਆ ਹੋਰਾਂ ਨੂੰ ਮਿਲਣ ਜਾਣਾ , ਤੇਰੀ ਕਾਰ ਲੈਕੇ ਜਾਵਾਂਗੇ ! ਕਾਰਾਂ ਦੋਨਾਂ ਪੋਤਿਆਂ ਨੂੰ ਸੌਹਰਿਆਂ ਨੇ ਦਿੱਤੀਆਂ ਸਨ!ਉਹ ਪਤਨੀ ਨਾਲ ਰਾਏ ਮਸ਼ਵਰਾ ਕਰਕੇ ਕਹਿੰਦਾ :- ਬਾਪੂ ਜੀ ਅਸੀਂ ਮੇਰੇ ਸ਼ੌਹਰੇ ਜਾਣਾ, ਭਿੰਦਰ ਨੇ ਸ਼ਹਿਰ ਜਾਣਾ ਦਵਾਈ ਦਵਾਉਣ! ਕਾਰ ਤਾਂ ਕੋਈ ਵਿਹਲੀ ਨਹੀਂ!ਤਾਇਆ ਚੁੱਪ ਕਰ ਗਿਆ, ਉਹ ਸਮਝ ਗਿਆ ਸੀ ਕਿ ਮੁੰਡਿਆਂ ਨੇ ਟਾਲ ਦਿੱਤਾ!

ਪਰ ਤਾਇਆ ਟਲਣ ਵਾਲਾ ਕਿੱਥੇ ਸੀ !ਉਹ ਬੱਸ ਚੜਕੇ ਸ਼ਹਿਰ ਚਲਾ ਗਿਆ ਮਹਿੰਦਰਾ ਦੀ ਏਜੰਸੀ ! ਨਵੀਂ ਡੀ .ਆਈ ਜੀਪ ਲੈ ਕੇ ਘਰ ਆ ਗਿਆ ! ਸੱਠ ਕਿੱਲਿਆਂ ਦਾ ਮਾਲਕ ਸੀ ਉਹ ! ਮੁੰਡੇ ਸਮਝ ਗਏ!ਆਪਸ ਵਿੱਚ ਘੁਸਰ-ਮੁਸਰ ਕਰਨ ਲੱਗੇ ! ਆਖਿਰ ਕਹਿੰਦੇ ਬਾਪੂ ਜੀ ਅਸੀਂ ਵੀ ਤੁਹਾਡੇ ਕਾਰਾਂ ਵੀ ਤੁਹਾਡੀਆਂ ਜਿੱਥੇ ਮਰਜ਼ੀ ਲੈ ਜਾਇਆ ਕਰੋ!ਇਸ ਤਰਾਂ ਜੇ ਘਿਉ ਸਿੱਧੀ ਉਂਗਲ ਨਾਲ ਨਾਂ ਨਿਕਲਦਾ,ਟੇਡੀ ਉਂਗਲ ਨਾਲ ਕੱਢਣਾ ਆਉਂਦਾ ਸੀ ਤਾਏ ਕੋਰੇ ਨੂੰ! ਉਹ ਭਾਵੇਂ ਇਸ ਸੰਸਾਰ ਤੋਂ ਤੁਰ ਗਿਆ ,ਪਰ ਅੱਜ ਵੀ ਲੋਕ ਯਾਦ ਕਰਦੇ ਆ ਤਾਏ ਕੋਰੇ ਨੂੰ !

 ਸਪੰਰਕ : 74948 87787

Comments

Gurbaj singh

ਮੇਰੇ ਆਰਟੀਕਲ ਨੂੰ ਸੂਹੀ ਸਵੇਰ ਵਿੱਚ ਜਗਾਹ ਦੇਣ ਲਈ ਸ਼ੁਕਰੀਆਂ ਜੀ !

Security Code (required)



Can't read the image? click here to refresh.

Name (required)

Leave a comment... (required)





ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ