Wed, 18 September 2024
Your Visitor Number :-   7222568
SuhisaverSuhisaver Suhisaver

ਪਸ਼ੂ ਬਨਾਮ ਮਨੁੱਖ -ਪ੍ਰੋ. ਬਲਦੀਪ

Posted on:- 14-07-2012

suhisaver

ਪੰਜਾਬ ਯੂਨੀਵਰਸਿਟੀ ਦੇ ਬੀ.ਏ. ਦੇ ਕੋਰਸ ਵਿੱਚ ਪ੍ਰਕਿਰਤੀ ਤੇ ਮਨੁੱਖ ਨੂੰ ਸਮਰਪਿਤ ਪ੍ਰਸਿੱਧ ਅਮਰੀਕਨ ਕਵੀ ਵਾਲਟ ਵਿਟਮੈਨ ਦੀ ਕਵਿਤਾ ‘ਪਸ਼ੂ’ ਕਈ ਸਾਲ ਪੜ੍ਹਾਉਣ ਦਾ ਮੌਕਾ ਮਿਲਿਆ। ਪੜ੍ਹਦਿਆਂ-ਪੜ੍ਹਾਉਂਦਿਆਂ ਇਹ ਕਵਿਤਾ ਮਨ ਦੀ ਕਿਸੇ ਨੁੱਕਰ ’ਚ ਅਟਕ ਗਈ। ਸਤਹੀ ਤੌਰ ’ਤੇ ਇਸ ਕਵਿਤਾ ਵਿੱਚ ਵਿਟਮੈਨ ਪਸ਼ੂਆਂ ਦੇ ਸਬਰ-ਸੰਤੋਖ ਤੇ ਸਹਿਣਸ਼ੀਲਤਾ ਦੀ ਉਪਮਾ ਕਰਦਿਆਂ ਉਨ੍ਹਾਂ ਨੂੰ ਸ਼ਰਧਾਂਜਲੀ ਅਰਪਿਤ ਕਰਦਾ ਹੈ ਪਰ ਅਸਲ ਵਿੱਚ ਉਹ ਅਜੋਕੇ ਮਨੁੱਖ ਦੇ ਅਮਾਨਵੀ ਵਿਹਾਰ ਤੇ ਆਚਾਰ ਦਾ ਚਿਤਰਨ ਵੀ ਕਰਦਾ ਹੈ ਜਿਨ੍ਹਾਂ ਸਦਕਾ ਅਜੋਕਾ ਮਨੁੱਖ ਪਸ਼ੂਆਂ ਦੇ ਪੱਧਰ ਤੋਂ ਵੀ ਹੇਠਾਂ ਪਹੁੰਚ ਗਿਆ ਹੈ।

ਪ੍ਰਕਿਰਤੀ ਦਾ ਇਹ ਬੁਲੰਦ ਕਵੀ ਇਸ ਗੱਲ ਉੱਤੇ ਰਸ਼ਕ ਕਰਦਾ ਹੈ ਕਿ ਪਸ਼ੂ ਸ਼ਾਂਤ-ਚਿੱਤ ਤੇ ਸਬਰ-ਸੰਤੋਖ ਵਾਲੇ ਹੁੰਦੇ ਹਨ ਜੋ ਆਪਣੇ ਦੁੱਖਾਂ-ਦਰਦਾਂ ਬਾਰੇ ਮਨੁੱਖ ਵਾਂਗ ਹਾਲ-ਦੁਹਾਈ ਨਹੀਂ ਪਾਉਂਦੇ, ਨਾ ਹੀ ਉਹ ਕਦੇ ਆਪਣੇ ਪਾਪਾਂ ਤੇ ਕੁਕਰਮਾਂ ਉੱਤੇ ਝੂਰਦੇ ਹਨ। ਉਨ੍ਹਾਂ ਵਿੱਚ ਦੁਨੀਆਂ ਭਰ ਦੀ ਦੌਲਤ ਇਕੱਠੀ ਕਰਨ ਦੀ ਕੋਈ ਲਲਕ ਨਹੀਂ ਹੁੰਦੀ। ਇਸ ਦੇ ਉਲਟ, ਮਨੁੱਖ ਨੂੰ ਕੁਦਰਤ ਦੀ ਸਭ ਤੋਂ ਖ਼ੂਬਸੂਰਤ ਤੇ ਨਾਯਾਬ ਕਿਰਤ ਸਮਝਿਆ ਜਾਂਦਾ ਹੈ। ਇਸ ਨੂੰ ਵਿਕਾਸ-ਸਿਧਾਂਤ ਦੀ ਸਭ ਤੋਂ ਵੱਧ ਗੌਰਵਸ਼ੀਲ ਪ੍ਰਾਪਤੀ ਵੀ ਕਿਹਾ ਜਾਂਦਾ ਹੈ। ਸਪਸ਼ਟ ਹੈ ਕਿ ਜੇ ਕੋਈ ਲੱਛਣ ਮਨੁੱਖ ਨੂੰ ਪਸ਼ੂ ਤੋਂ ਵੱਖਰਾ ਕਰਦਾ ਹੈ ਤਾਂ ਉਹ ਹੈ- ਉਸ ਦੀ ਬੁੱਧੀ ਤੇ ਵਿਵੇਕ।  ਸਵਾਲ ਉੱਠਦਾ ਹੈ ਕਿ ਕੀ ਮਨੁੱਖ ਨੇ ਇਸ ਗੁਣ ਦੀ ਹਮੇਸ਼ਾ ਸਦਵਰਤੋਂ ਹੀ ਕੀਤੀ ਹੈ? ਆਦਿ ਕਾਲ ਤੋਂ ਸੱਭਿਅਤਾ ਤਕ ਪਹੁੰਚਦਿਆਂ ਆਪਣੇ ਲੰਮੇ ਸਫ਼ਰ ’ਚ ਮਨੁੱਖ ਨੇ ਆਪਣੀ ਬੁੱਧੀ ਤੇ ਵਿਵੇਕ ਨੂੰ ਵਿਕਾਸ ਦੇ ਨਾਲ ਆਪਣੇ ਵਿਨਾਸ਼ ਲਈ ਵੀ ਵਰਤਿਆ ਹੈ। ਪਸ਼ੂਆਂ ਦੇ ਮੁਕਾਬਲੇ ਮਨੁੱਖ ਆਪਣੇ ਜੀਵਨ ਵਿੱਚ ਅਕਸਰ ਅਸੰਤੁਸ਼ਟ ਤੇ ਬੇਚੈਨ ਰਹਿੰਦਾ ਹੈ। ਕਿਸੇ ਅਣਸੁਖਾਵੀਂ ਘਟਨਾ ਵਾਪਰਨ ਉੱਤੇ ਜਾਂ ਪ੍ਰਸਥਿਤੀਆਂ ਅਨੁਕੂਲ ਨਾ ਹੋਣ ਉੱਤੇ ਮਨੁੱਖ ਸਭ ਤੋਂ ਵੱਧ ਚੀਕਦਾ ਹੈ। ਉਸ ਵਿੱਚ ਦੁੱਖ ਸਹਿਣ ਦੀ ਸਮਰੱਥਾ ਪਸ਼ੂਆਂ ਦੇ ਮੁਕਾਲਬਤਨ ਬਹੁਤ ਘੱਟ ਹੁੰਦੀ ਹੈ। ਦੌਲਤ ਦੇ ਖੁੱਸ ਜਾਣ ’ਤੇ ਉਸ ਦੇ ਮਨ ਦਾ ਚੈਨ ਤੇ ਰਾਤਾਂ ਦੀ ਨੀਂਦ ਉਡ ਜਾਂਦੀ ਹੈ। ਕਿਸੇ ਮੁਸੀਬਤ ਆਉਣ ਉਪਰੰਤ ਸਹਿਜ ਹੋਣ ਵਿੱਚ ਉਹ ਕਈ ਕਈ ਮਹੀਨੇ ਲਗਾ ਦਿੰਦਾ ਹੈ ਜਦਕਿ ਪਸ਼ੂਆਂ ਵਿੱਚ ਅਜਿਹਾ ਵਰਤਾਰਾ ਦੇਖਣ  ਨੂੰ ਨਹੀਂ ਮਿਲਦਾ। ਸ੍ਰਿਸ਼ਟੀ ਦੇ ਸਾਰੇ ਪ੍ਰਾਣੀਆਂ ਵਿੱਚੋਂ ਇਕੱਲਾ ਮਨੁੱਖ ਹੀ ਹੈ ਜੋ ਮਨੁੱਖ ਸਾਹਮਣੇ ਆਪਣੇ ਮੁਫ਼ਾਦ ਲਈ ਗੋਡੇ ਟੇਕਦਾ ਹੈ ਤੇ ਉਸ ਦੀ ਚਾਪਲੂਸੀ ਕਰਦਾ ਹੈ।

ਜੇ ਇਹ ਕਵੀ ਮਨੁੱਖ ਦੀ ਦੁਨੀਆਂ ਤੋਂ ਬੇਜ਼ਾਰ ਹੋ ਕੇ ਪਸ਼ੂਆਂ ਦੀ ਸੰਗਤ ਵੱਲ ਆਕਰਸ਼ਤ ਹੁੰਦਾ ਹੈ ਤਾਂ ਯਕੀਨਨ ਹੀ ਮਨੁੱਖ ਦੇ ਕਿਰਦਾਰ ਨੇ ਉਸ ਦੇ ਮਨ ਨੂੰ ਵੱਡੀ ਠੇਸ ਪਹੁੰਚਾਈ ਹੋਵੇਗੀ। ਇਕੱਲੇ ਵਿਟਮੈਨ ਨੇ ਹੀ ਨਹੀਂ, ਕਈ ਲੇਖਕਾਂ ਤੇ ਕਵੀਆਂ ਨੇ ਵੀ ਮਨੁੱਖ ਦੇ ਅਚਾਰ ਉੱਤੇ ਆਪਣੀ ਨਾਖ਼ੁਸ਼ੀ ਜ਼ਾਹਰ ਕੀਤੀ ਹੈ।

ਅੱਜ ਦਾ ਮਨੁੱਖ ਦੁਨਿਆਵੀ ਪਦਾਰਥਾਂ ਤੇ ਲਾਲਸਾਵਾਂ ਦੇ ਪਿੱਛੇ ਦੌੜਦਾ ਖਪਤਵਾਦ ਦੀ ਦਲਦਲ ਵਿੱਚ ਧਸਦਾ ਜਾ ਰਿਹਾ ਹੈ। ਨੇਕੀ, ਉਦਾਰਤਾ ਤੇ ਸਾਦਗੀ ਦੀ ਥਾਂ ਕਪਟ ਤੇ ਬਦਲਾਖੋਰੀ ਨੇ ਲੈ ਲਈ ਹੈ। ਸੁਹਿਰਦਤਾ ਖੰਭ ਲਾ ਕੇ ਉਡ ਗਈ ਹੈ। ਇਸੇ ਲਈ ਸ਼ਾਇਦ ਦਿਨ ਵੇਲੇ ਲਾਲਟੈਣ ਚੁੱਕੀ ਜਾਂਦੇ ਪ੍ਰਸਿੱਧ ਵਿਦਵਾਨ ਡਾਇਗਨੀਜ ਨੇ ਕਿਹਾ ਸੀ, ‘‘ਮੈਂ ਤਾਂ ਹਾਲੇ ਮਨੁੱਖ ਨੂੰ ਲੱਭ ਰਿਹਾ ਹਾਂ।’’ ਕਾਦਰ ਦੀ ਸਰਵੋਤਮ ਕਿਰਤ ਹੋਣ ਦਾ ਦਾਅਵਾ ਕਰਨ ਵਾਲੇ ਮਨੁੱਖ ਨੂੰ ਪਸ਼ੂਆਂ ਦੀ ਦੁਨੀਆਂ ਤੋਂ ਕੁਝ ਨਾ ਕੁਝ ਤਾਂ ਗ੍ਰਹਿਣ ਕਰ ਲੈਣਾ ਚਾਹੀਦਾ ਹੈ ਤਾਂ ਕਿ ਉਹ ਇਸ ਬ੍ਰਹਿਮੰਡ ਵਿੱਚ ਆਪਣੇ ਆਪ ਨੂੰ ਸ਼੍ਰੇਸਟ ਪ੍ਰਾਣੀ ਹੋਣ ਦੇ ਦਾਅਵੇ ਨੂੰ ਸਹੀ ਸਿੱਧ ਕਰ ਸਕੇ।

ਸੰਪਰਕ: 98159 62853


Comments

dhanwant bath

great.....

Pf HS Dimple

Baldeep Ji, I have already read your article in TRIBUNE today.

Jang Panag

Well said. I agree with you 100%.

ਇਕਬਾਲ

ਕੁਦਰਤ ਦਾ ਰੋਮਾਂਸ ....ਹਾਹਾਹਾਹਾਹਾਹਾਹਾਹਾਹਾਹਾਹਾਹਾ

ਇਕਬਾਲ

ਇਹ ਲਿਖਤ ਹਾਥੀ ਚੂਹੇ ਬਿੱਲੀ ਜਾਂ ਦਰਖਤ ਜਾਂ ਪੱਥਰ ਦੀ ਹੈ ????

ਇਕਬਾਲ

ਚੱਲ ਉਏ ਬੰਦਿਆ ਪਸ਼ੂ ਬਣ ਤੇ ਇਹੋ ਜਿਹੀਆਂ ਲਿਖਤਾਂ ਦੀ ਸਿਫਤ ਕਰ (ਇਹ ਸ਼ਬਦ ਮੈਂ ਆਪਣੇ ਲਈ ਵਰਤ ਰਿਹਾ ਹਾਂ)

Gurdial Dalal

ao banda banan de ik wari fir koshish karia.

Baldev Badesha

A long time ago we met in a train, today met you in your article, i like it and I You too.

Ravinder Singh

ਮਹਾਨ ਕਵੀ ਵਾਲਟ ਵਿਟਮੈਂਨ ਦੇ ਕਾਵਿ ਤਰਕ ਨੂੰ ਸਮਝਣ ਲਈ ਉੱਚੀ ਤੇ ਤੀਖਣ ਬੁੱਧੀ ਦੀ ਲੋੜ ਹੈ , ਮੋਟੀ ਬੁੱਧੀ (ਪਸ਼ੂ ਬੁੱਧੀ ) ਨੂੰ ਮਹਾਨ ਕਵਿਤਾ ਸਮਝ ਨਹੀਂ ਲੱਗ ਸਕਦੀ । ਜਦੋਂ ਕਵੀ ਪਸ਼ੂ ਬਣਨਾ ਲੋਚਦਾ ਹੈ ਕੀ ਉਹ ਸ਼ਾਬਦਿਕ ਅਰਥਾਂ ਵਿਚ ਅਜਿਹਾ ਬਣਨਾ ਚਾਹੁੰਦਾ ਹੈ ਜਾਂ ਇਸ ਪਿਛੇ ਵਡੇਰੇ ਅਰਥ ਹਨ ?? ਪਸ਼ੂਆਂ ਤੇ ਪੰਛੀਆ ਵਿਚ ਵੀ ਮਹਾਨ ਗੁਣ ਹੁੰਦੇ ਹਨ । ਪੱਛਮੀ ਤੇ ਪੂਰਬੀ ਕਾਵਿ ਵਿਚ ਪਸ਼ੂ ਪੰਛੀਆਂ ਮਹਾਨ ਗੁਣਾਂ ਵੱਲ ਸੰਕੇਤ ਕਰਕੇ ਉਹਨਾਂ ਗੁਣਾਂ ਨੂੰ ਧਾਰਨ ਕਰਨ ਦੀ ਪ੍ਰੇਣਨਾ ਕੀਤੀ ਹੈ । ਪਰ ਇਸਦਾ ਮਤਲਬ ਇਹ ਨਹੀਂ ਹੁੰਦਾ ਕਿ ਜਾਨਵਰਾਂ ਨੂੰ ਮਹਾਨ ਤੇ ਇਨਸਾਨਾਂ ਨੂੰ "ਕਮੀਨਾ" ਕਿਹਾ ਗਿਆ ਹੈ । ਜਦੋਂ ਕਾਵਿ 'ਚ ਕੋਈ ਕਵੀ ਪਸ਼ੂ ਜਾਂ ਪੰਛੀ ਹੋਣਾ ਲੋਚਦਾ ਹੈ ਤਾਂ ਉਹ ਅਸਲ ਵਿਚ ਕੁਦਰਤ ਦੇ ਨਜਦੀਕ ਹੋਣਾ ਚਾਹੁੰਦਾ ਹੈ । ਪਿਛਲੇ ਪੰਜ ਸੋ ਸਾਲਾਂ ਵਿਚ ਆਧੁਨਿਕ ਤੇ ਪੂੰਜੀਵਾਦੀ ਪ੍ਰਬੰਧ ਨੇ ਅਜਿਹੀਆਂ ਪ੍ਰਸਥਿਤੀਆਂ ਪੈਦਾ ਕੀਤੀਆ ਹਨ ਕਿ ਮਾਨੁੱਖ ਕੁਦਰਤ ਨਾਲੋ ਪੂਰੀ ਤਰ੍ਹਾਂ ਟੁੱਟ ਚੁੱਕਾ ਹੈ । ਪੂੰਜੀਵਾਦ ਨੇ ਮਾਨੁੱਖ ਨੂੰ ਮਹਿਜ ਉਪਯੋਗੀ ਤੇ ਮਕਾਨਿਕ ਮਸ਼ੀਨ ਵਿਚ ਤਬਦੀਲ ਕਰ ਦਿਤਾ ਹੈ । ਮਨੁੱਖੀ ਹੋਂਦ ਤੇ ਅਜਿਹੇ ਸੰਕਟ ਵਿਚੋਂ ਹੀ ਕੁਦਰਤ ਨੇੜਤਾ ਦੀ ਲੋਚਾ ਉਤਪੰਨ ਹੁੰਦੀ ਹੈ । ਪੂੰਜੀਵਾਦ ਨੇ ਸਿਰਫ ਲੁੱਟ-ਖਸੁੱਟ ਦਾ ਪ੍ਰਬੰਧ ਹੀ ਨਹੀਂ ਸਿਰਜੀਆਂ ਬਲਕਿ ਹੋਰ ਵੀ ਕਈ ਸਮੱਸਿਆ ਪੈਦਾ ਕੀਤੀਆ ਹਨ । ਉਨਵੀ ਸਦੀ ਦਾ ਮਾਰਕਸਵਾਦ ਇਹਨਾਂ ਸਮੱਸਿਆ ਨਾਲ ਨਜਿਠਣ ਲਈ ਉਕਾ ਹੀ ਗੈਰ-ਪ੍ਰਸੰਗਿਕ ਹੋ ਚੁੱਕਾ ਹੈ । ਉਨਵੀਂ ਸਦੀ ਪ੍ਰੋਲੇਤਾਰੀ ਦੀ ਸਮੱਸਿਆ ਤਾਂ ਪੱਛਮ ਵਿਚ ਖਤਮ ਹੋ ਚੁੱਕੀ ਹੈ ਤੇ ਮਾਰਕਸਵਾਦ ਵੀ ਪ੍ਰਸੰਗਤਾ ਗਵਾ ਚੁੱਕਾ ਹੈ । ਸਰਮਾਏਦਾਰੀ ਪ੍ਰਬੰਧ ਦੁਆਰਾ ਪੈਦਾ ਕੀਤੀਆ ਹੋਰਨਾਂ ਸੱਮਸਿਆਂ ਦਾ ਮਾਰਕਸਵਾਦ ਕੋਲ ਕੋਈ ਹੱਲ ਨਹੀਂ ਹੈ ਸਗੋਂ ਇਹਨਾਂ ਸੱਮਸਿਆਂ ਦੇ ਸੰਦਰਭ ਵਿਚ ਮਾਰਕਸਵਾਦ ਆਪ ਇਕ ਸੱਮਸਿਆਂ ਹੈ ।

Gursewak Dhillon adelade sa .v dhilwan. Samrala college malwa

Sir ji it's great bhaut vadia laga read karke artical

Security Code (required)



Can't read the image? click here to refresh.

Name (required)

Leave a comment... (required)





ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ