Mon, 09 September 2024
Your Visitor Number :-   7220122
SuhisaverSuhisaver Suhisaver

ਇੱਕ ਜਮਾਤ ਦਾ ਫ਼ਰਕ -ਤਾਰਿਕ ਗੁੱਜਰ

Posted on:- 17-10-2012

suhisaver

(ਵਸੀਮ ਗਰਦੀਜ਼ੀ ਤੇ ਉਸ ਦੀ ਪੀ ਐੱਚ ਡੀ ਦਾ  ਖ਼ਾਕਾ)    
                  
ਗੁਰਦੁਆਰਾ ਕਰਤਾਰਪੁਰ ਸਾਹਿਬ ਤੋਂ ਸ਼ਕਰਗੜ੍ਹ ਆਉਂਦਿਆਂ ਜਦੋਂ ਵਸੀਮ ਨੇ ਆਪਣੀ ਦਾਦੀ ਦੀ ਉਹ ਗੱਲ ਸੁਣਾਈ, ਜੋ ਉਹ ਮੈਨੂੰ ਦਸ ਸਾਲ ਪਹਿਲੋਂ ਵੀ ਸੁਣਾ ਚੁੱਕਿਆ ਸੀ ਤਾਂ ਮੈਨੂੰ ਲੱਗਿਆ ਕਿ ਜਿਵੇਂ ਉਹ ਦਾਦੀ ਦੀ ਲੱਜ ਪਾਲਣ ਲਈ ਹੀ ਪੜ੍ਹੀ ਜਾ ਰਹੀਆ ਹੋਵੇ। ਮੈਂ ਮੁੜ ਸੋਚਿਆ ਵਸੀਮ ਵਰਗਾ ਸੁਸਤ ਬੰਦਾ ਤੇ ਪੀ ਐੱਚ ਡੀ ,ਪਰ ਉਸ ਦੀ ਦਾਦੀ ਦੇ ਬੋਲ ਫ਼ੇਰ ਅੱਗੇ ਆ ਗਏ:

 ਵਸੀਮ ਪੁੱਤਰ ''ਇਹ ਤੇਰਾ ਤਾਇਆ ਮਰਵੱਤ ਹੁਸੈਨ ਸ਼ਾਹ ਕਿੰਨਾਂ ਕੁ ਪੜ੍ਹਿਆ ਹੋਇਆ ਈ
ਸੋਲਾਂ ਜਮਾਤਾਂ ਬੇ ਜੀ
ਪੁੱਤਰ ਮੇਰੀ ਇੱਕ ਗੱਲ ਮੰਨੇਗਾ
 ਦਸ ਬੇ ਜੀ
 ਪੁੱਤਰ ਤੂੰ ਨਾ ਏਸ ਤੋਂ ਵੱਧ ਪੜ੍ਹਨਾ ਐਂ ਭਾਵੇਂ ਇੱਕ ਜਮਾਤ ਈ ਕਿਉਂ ਨਾ ਹੋਵੇ, ਏਸ ਮਹਿਣਾ  ਦਿੱਤਾ ਏ ਕਿ ਮੇਰੇ ਤੋਂ ਵੱਧ ਟੱਬਰ ’ਚ ਨਾ ਕੋਈ ਪੜ੍ਹਿਆ ਤੇ ਨਾ ਅੱਗੋਂ ਪੜ੍ਹੇਗਾ।
ਤੇ ਫ਼ਿਰ ਵਸੀਮ ਪੜ੍ਹਨ ਲੱਗਾ ਗਿਆ ਤੇ ਅੱਜ ਉਸ ਦਾਦੀ ਦੇ ਕਹੇ ਦੀ ਲੱਜ ਪਾਲ਼ ਲਈ ਏ

ਵਸੀਮ ਗਰਦੀਜ਼ੀ ਨਾਲ਼ ਮੇਰੀ ਪਹਿਲੀ ਮੁਲਾਕਾਤ ਉਦੋਂ ਹੋਈ  ਜਦੋਂ ਮੈਂ ਲੈਕਚਰਾਰ ਸ਼ਿੱਪ ਦੀ  ਇੰਟਰਵਿਊ ਲਈ ਲਾਹੌਰ ਡੇਰੇ ਲਾਏ, ਅਫ਼ਜ਼ਲ ਸਾਹਿਰ ਨਾਲ਼ ਮੇਰਾ ਲਹੂ ਵਰਗਾ ਸਾਕ ਸੀ ।ਵਸੀਮ ਤੇ ਉਹ ਦੋਵੇਂ ਪੰਜਾਬੀ ਦੀ ਮੁਹੱਬਤ  ’ਚ ਨਵੇਂ ਨਵੇਂ'' ਭੁਲੇਖੇ ''ਨਾਲ਼ ਜੁੜੇ ਸਨ। ਇਸ ਭੁਲੇਖਿਆ ਦੇ ਦਫ਼ਤਰ ਮੈਂ ਜਮੀਲ ਅਹਿਮਦ ਪਾਲ਼ ਕੋਲ਼ ਅਪੜਿਆ, ਉਨ੍ਹਾਂ ਮੈਨੂੰ ਇੰਟਰਵਿਊ ’ਚ ਕਾਮਯਾਬੀ ਲਈ ਇਸਮਤ ਅੱਲ੍ਹਾ ਜ਼ਾਹਿਦ ਤੇ ਯੂਨਸ ਅਹਕਰ ਦੇ ਨਾਮ ਤਾਵੀਜ਼ ਦੇਣਾ ਸੀ, ਮਗਰੋਂ ਇਹ ਤਾਵੀਜ਼ ਉਨ੍ਹਾਂ ਨੂੰ ਕਮਿਊਨਿਸਟ ਪਾਰਟੀ ਦੇ ਚੰਦੇ ਦੀ ਰਸੀਦ ਵਾਂਗ ਲੱਗਾ ਤੇ ਉਨ੍ਹਾਂ ਮੈਨੂੰ ਮੱਖਣ ’ਚੋਂ ਵਾਲ਼ ਤਰ੍ਹਾਂ ਕੱਢ ਮਾਰਿਆ।

ਲੈਕਚਰਾਰ ਸ਼ਿੱਪ ਤੇ ਨਾ ਮਿਲੀ ਪਰ ਮੈਨੂੰ ਵਸੀਮ ਗਰਦੀਜ਼ੀ ਮਿਲ ਗਿਆ, ਇਸ ਅਫ਼ਜ਼ਲ ਸਾਹਿਰ ਨਾਲ਼ ਝੋਲੇ ਲਾਲ਼ ਦੀ ਧੂਣੀ ਲਾਈ ਹੋਈ ਸੀ।ਮੈਂ ਇਸ ਵੱਲ ਗ਼ੌਰ ਨਾਲ਼ ਵੇਖਿਆ, ਉਸ ਦੇ ਸੋਹਣੇ ਨੈਣ ਨਕਸ਼ ਤੇ ਪੀਲ਼ਾ ਫਟਕ ਰੰਗ ਵੇਖ ਕੇ ਮੈਨੂੰ ਅਫ਼ਜ਼ਲ ਸਾਹਿਰ ਨਾਲ਼ ਨਫ਼ਰਤ ਜਿਹੀ ਮਹਿਸੂਸ ਹੋਈ ,ਸਾਲ਼ਾ ਆਪ ਤਾਂ ਮਰਦਾ ਏ, ਇਹਨੂੰ ਵੀ ਨਾਲ਼ ਈ ਲੈ ਡੁੱਬੂ, ਪਰ ਵਸੀਮ ਉਸ ਪੀਲੇ ਰੰਗ ਨਾਲ਼ ਵੀ ਫੱਬਦਾ ,ਸਿਗਰੇਟ ਨਾਲ਼ ਉਸ ਨੂੰ ਇਸ਼ਕ ਸੀ, ਮੇਰੀ ਉਸ ਨਾਲ਼ ਸਿਗਰੇਟ ਦੀ ਸਾਂਝ ਤੇ ਨਾ ਬਣੀ ਪਰ ਖ਼ਿਆਲ ਦੀ ਪਹਿਲੀ ਮੁਲਾਕਾਤ ’ਚ ਈ ਬਣ ਗਈ, ਇਸ ਅਡੋਲ ਈ ਮੇਰੇ ਤੋਂ ਪੁੱਛ ਲਿਆ
ਤਾਰਿਕ ਰੱਬ ਬਾਰੇ ਸੁਣਾ
ਤੇ ਮੈਨੂੰ ਚੁੱਪ ਲੱਗ ਗਈ... ਵਸੀਮ ਦਾ ਹੌਸਲਾ ਵੱਧ ਗਿਆ,
ਫ਼ਿਕਰ ਨਾ ਕਰ ,ਮੈਂ ਸੱਯਦ ਆਂ ਪਰ ਹੋਰ ਤਰ੍ਹਾਂ ਦਾ
ਬੁੱਲ੍ਹੇ ਵਰਗਾ ...

ਤੇ ਅਸੀਂ ਦੋਵੇਂ ਗਾਵਣ ਲੱਗ  ਪਏ
ਤੈਨੂੰ ਕਾਫ਼ਰ ਕਾਫ਼ਰ ਆਖਦੇ ਤੂੰ ਆਹੋ ਆਹੋ ਆਖ
ਭੁਲੇਖੇ ’ਚੋਂ ਵਸੀਮ ਨੂੰ ਹੋਰ ਤੇ ਕੁਝ ਨਾ ਲੱਭਾ ਪਰ ਨੂਰੀ ਲੱਭ ਗਈ, ਉਹ ਪੰਜਾਬੀ ਪਿਆਰਿਆਂ ਲਈ ਇੱਕੋ ਵੈਲੀ, ਬਹਿਣ, ਮਾਂ ਤੇ ਮਾਸ਼ੂਕ ਵਾਂਗ ਸੀ।

ਉਹਦੇ ਲੰਬੇ ਸਰਾਪੀ, ਲਹਿਰ ਦੇ ਵਜੂਦ ’ਤੇ ,ਪੀਲੇ ਮੁੱਖ ’ਤੇ ਖੇਡ ਦੀ ਐਨਕ ਨੇ ਵਸੀਮ ਨੂੰ ਪਹਿਲੀ ਤੱਕਣੀ ’ਚ ਈ  ਭੰਬੀਰੀ ਕਰ ਦਿੱਤਾ। ਉਹ ਕਈ ਕਈ ਘੰਟੇ ਇਸ  ਨਾਲ਼ ਪਾਰਕ  ’ਚ ਬੈਠਾ ਰਹਿੰਦਾ, ਮੈਂ ਇੱਕ ਦਿਨ  ਵਸੀਮ ਨੂੰ ਇਕਬਾਲ ਕੇਸਰ ਨਾਲ਼ ਉਹਦੀ ਧਮਾਲ, ਸਾਹਿਰ ਨਾਲ਼ ਉਹਦੇ ਵਿਸਾਲ ਤੇ ਬਾਬੇ ਹੁਸਨ ਮੁਲਕ ਦੇ ਉਹਦੇ ਬਾਰੇ ਖ਼ਿਆਲ ਦੱਸੇ, ਪਰ ਉਹ ਬੈਠਾ ਸਿਗਰੇਟ ਦੇ ਧੂੰਏਂ ਨਾਲ਼ ਉਹਦਾ ਮੁੱਖ ਉਲੀਕਦਾ ਰਿਹਾ।
ਮੈਂ ਉਹਨੀਂ ਦਿਨੀਂ ਪੰਜਾਬ ਯੂਨੀਵਰਸਿਟੀ ’ਚ ਦਾਖ਼ਲਾ ਲੈ ਕੇ ਯੂਨੀਵਰਸਿਟੀ ਦੀ ਪੜ੍ਹਾਈ ਨੂੰ ਕੁਵੇਲੇ ਦੀ ਨਮਾਜ਼ ਵਾਂਗ ਭੁਗਤ ਰਿਹਾ ਸਾਂ ਕਿ ਵਸੀਮ ਹੋਸਟਲ ਆ ਗਿਆ, ਬੈਠੇ ਬੈਠੇ ਬੋਲਿਆ
ਕੱਲ੍ਹ ਯਾਰ ਮੈਂ ਓਹਨੂੰ ਮਿਲਿਆ
ਹੂੰ, ਮੈਂ ਹੁੰਗਾਰਾ ਦਿੱਤਾ
ਬੜੀ ਸੋਹਣੀ ਲੱਗ ਦੀ ਸੀ ਯਾਰ
    ਹੂੰ
ਗਲ੍ਹਾਂ ਸਨ ਜਿਉਂ ਪੱਕੇ ਸੇਵ  
ਅੱਛਾ, ਮੈਂ ਉਹਦੀ ਤਸ਼ਬੀਹ ਤੋਂ ਸਿਰ ਚੁੱਕਿਆ
ਮੇਰਾ ਦਿਲ ਕਰਦਾ ਸੀ ਮੈਂ ਉਹਦੀ ਗੱਲ ਨੂੰ ਉਂਗਲ਼ ਲਾ ਲਵਾਂ
ਫ਼ਿਰ ਲਾਈ
  ਨਹੀਂ ਯਾਰ ਹੌਸਲਾ ਈ ਨਹੀਂ ਪਿਆ

ਮੈਂ ਸੱਯਦ ਦੇ ਸਿਦਕ ਨੂੰ ਦਾਦ ਦਿੱਤੀ ਤੇ ਪਾਸਾ ਮਾਰ ਕੇ ਸੌਂ ਗਿਆ
ਭੁਲੇਖੇ ’ਚੋਂ ਸਭ ਨਿਕਲ਼ ਆਏ ਪਰ ਪਾਲ਼ ਸਾਹਿਬ ਨਾ ਨਿਕਲ ਸਕੀ

ਵਸੀਮ, ਖ਼ਾਲਿਦ ਅਰਮਾਨ ਤੇ ਅਫ਼ਜ਼ਲ ਸਾਹਿਰ ਦਾ ਨਿਕਲਣਾ ਵੀ ਅਜਬ ਸੀ, ਓਹਨਾਂ ਐਡੀਟਰ ਮਦਸਰ ਇਕਬਾਲ ਬੁੱਟ ਦੇ ਖ਼ਿਲਾਫ਼ ਉਹਦੇ ਆਪਣੇ ਈ ਅਖ਼ਬਾਰ ’ਚ ਅਦਾਰਿਆ ਲਿਖ ਕੇ ਛਾਪ ਦਿੱਤਾ ਤੇ ਅਗਲੇ ਦਿਨ ਕਈ ਮਹੀਨਿਆਂ ਤੋਂ ਨਾ ਮਿਲਣ ਵਾਲੀਆਂ ਤਨਖ਼ਾਹਾਂ ਛੱਡ ਕੇ ਆ ਗਈ, ਗੱਲ ਸਿਰਫ਼ ਤਨਖ਼ਾਹਾਂ ਦੀ ਨਹੀਂ ਸੀ,  ਉਨ੍ਹਾਂ ਪੰਜਾਬੀ ਪਿਆਰ ਦੇ ਨਸ਼ੇ  ’ਚ ਜਿਸ ਮਾਰੂਥਲ ’ਚ ਪੈਰ ਧਰੇ ਸਨ, ਓਥੇ ਸੱਸੀ ਸੀ ਨਾ ਪਿੰਲ ਦਾ ਖੁਰਾ, ਸੋ ਇਹ ਮੁਹੱਬਤ ਦੇ ਫ਼ਕੀਰ ਦਾਮਨ ਝਾੜ ਕੇ ਘਰਾਂ ਨੂੰ ਪਰਤ ਪਈ
,
ਵਸੀਮ ਵਜਾਹਤ ਮਸਊਦ ਦੇ ਲੜ ਜਾ ਲੱਗਾ ।

ਇਸ ਬਾਲ ਨਾਥ ਦੇ ਟਿੱਲੇ ਉਹ ਸ਼ਕਰਗੜ੍ਹ ਕਾਲਜ ਦੇ ਜ਼ਮਾਨੇ ਈ ਲੋਹਾ ਚੁੱਕ ਸੀ, ਵਜਾਹਤ ਕਿਸੇ ਹਾਇਰ ਸੈਕੰਡਰੀ ਸਕੂਲ ’ਚ ਅੰਗਰੇਜ਼ੀ ਪੜ੍ਹਾ ਦਿੰਦਾ ਤੇ ਵਸੀਮ ਸ਼ਰੀਕ ਤਾਏ ਮਰਵਤ ਸ਼ਾਹ ਤੋਂ ਇੱਕ ਜਮਾਤ ਆਗੇ ਲੰਘਣ ਲਈ ਜਮਾਤਾਂ ਦਿੰਦਾ, ਪਰ ਵਜਾਹਤ ਨੇ ਉਹਨੂੰ ਕਿਸੇ ਹੋਰ ਈ ਗਿਣਤੀ ’ਚ ਪਾਲਿਆ ਤੇ ਫ਼ਿਰ ਸਾਰੀ ਉਮਰ ਉਹ ਏਸ ਗਿਣਤੀ ’ਚੋਂ ਨਾ ਨਿਕਲ਼ ਸਕਿਆ।  ਓਥੇ ਈ ਵਸੀਮ ਦੇ ਅੰਦਰ ਰੱਬ ਦੀ ਥਾਂ  ਕਿਤੇ ਵਾਰਿਸ ਸ਼ਾਹ  ਵੜ ਕੇ ਬਹਿ ਗਿਆ, ਸ਼ਕਰਗੜ੍ਹ ’ਚ ਰਹਿੰਦਿਆਂ ਈ ਵਸੀਮ ਨੂੰ ਸ਼ਿਵ ਕੁਮਾਰ ਬਟਾਲਵੀ  ਵੀ ਟੱਕਰਿਆ, ਸ਼ਿਵ ਭਾਵੇਂ ਕਦੇ ਦਾ  ਪਿੰਡ  ਬੜਾ ਲੁੱਟੀਆਂ ਛੱਡ ਕੇ ਬਟਾਲੇ ਟੁਰ ਗਿਆ ਹੋਇਆ ਸੀ ਪੁਰਾ ਵਹਦੀ ਪਟਵਾਰੀ ਰੂਹ ਬਾਡਰ ਨੂੰ ਖੇਤ ਦੇ ਬਣੇ ਵਾਂਗ ਈ ਸਮਝਦੀ ਸੀ, ਜਿਨੂੰ ਜਦੋਂ ਦਿਲ ਚਾਹੇ ਟੱਪ ਕੇ ਦੂਜੇ ਪਾਸੇ ਆ ਜਾਈਦਾ ਏ ।
ਲੈਕਚਰਾਰ ਸ਼ਿੱਪ ਦੀਆਂ ਸੀਟਾਂ ਆਈਆਂ ਤੇ ਵਸੀਮ ਕੋਲ਼ ਨਾ ਸੰਦਾਂ ਸਨ ਤੇ  ਨਾ ਉਮੀਦ, ਪਰ ਉਹਦੀ ਖ਼ੁਸ਼ ਕਿਸਮਤੀ ਨਾਲ਼ ਚੌਧਰੀ ਅਨਵਰ ਨੇ ਉਹਦੀਆਂ ਸੰਦਾਂ ਖੱਟੀਆਂ ਕੀਤਾਂ ਤੇ ਸਈਦ ਭੁੱਟਾ ਉਹਦਾ ਹੌਸਲਾ ਬਣਿਆ, ਮੈਂ ਸਵੇਰੇ ਹੋਸਟਲ ’ਚੋਂ  ਉਸਨੂੰ ਵਿਦਿਆ ਕੀਤਾ, ਕੱਪੜੇ ਇਸਤਰੀ ਕੀਤੇ ਤੇ ਚਮਕਾ ਕੇ ਬੋਟ ਪਾਲਿਸ਼ ਕੀਤੀ। ਮਗਰੋਂ ਕਈ ਸਾਲ ਬਾਦ ਜਦੋਂ ਯੂਨੀਵਰਸਿਟੀ  ਆਫ਼ ਗੁਜਰਾਤ ਵਿਚ ਇੰਟਰਵਿਊ ਲਈ ਮੈਂ ਰਾਤ ਉਹਦੇ ਘਰ ਠਹਿਰਿਆ ਤੇ ਸਵੇਰੇ ਉਠਦਿਆਂ, ਜਿਸ  ਮੰਜ਼ਰ ਤੇ ਮੇਰੀ ਭੱਜੀ ਅੱਖ  ਟਿਕੀ ਉਹ ਇਹ ਸੀ ਕਿ ਮੇਰਾ ਯਾਰ ਚੌਕੜੀ ਮਾਰ ਕੇ ਮੇਰੀ ਜੁੱਤੀ ਪਾਲਿਸ਼ ਕਰ ਰਹੀਆ ਸੀ।

ਇੰਟਰਵਿਊ ’ਚ ਵਸੀਮ ਨੂੰ ਵਾਰਿਸ ਸ਼ਾਹ ਮਿਲ ਪਿਆ ਤੇ ਉਹਦੀ ਈਦ ਹੋ ਗਈ, ਤਿੰਨ ਸਾਲ ਪਹਿਲੋਂ ਵਾਰਿਸ ਸ਼ਾਹ ਇੰਜ ਦੇ ਈ ਮੌਕਾ ’ਤੇ ਮੈਨੂੰ ਵੀ ਮਿਲਿਆ ਸੀ, ਪਰ ਉਦੋਂ ਮੇਰੇ ਸਾਹਮਣੇ ਕੈਦੋਆਂ ਦੇ ਮੰਡਲੀ ਬੈਠੀ ਸੀ, ਜਿਹੜੀ ਸ਼ਰ੍ਹਾ ਸ਼ਰੀਅਤ ਨਾਲ਼ ਇਸ਼ਕ ਦੇ ਸੌਦੇ ਕੀਤੀ  ਫਿਰਦੀ ਸੀ । ਵਸੀਮ, ਰਮਜ਼ਾਨ ਸ਼ਾਹਿਦ ਤੇ ਦਿਲਸ਼ਾਦ ਟਿਵਾਣਾ ਸਾਹਮਣੇ ਬੈਠਾ ਸੀ ਤੇ ਵਾਰਿਸ ਸ਼ਾਹ ਉਹਦੇ ਮੂਹਡ਼ੇ ’ਤੇ ਹੱਥ ਰੱਖ ਕੇ ਖੜ੍ਹਾ ਸੀ, ਸੱਯਦ ਜ਼ਾਦੇ ਨੇ ਸਿਰਫ਼ ਇੰਟਰਵਿਊ  ਈ ਪਾਸ ਨਹੀਂ ਕੀਤਾ ਸਗੋਂ ਵਾਰਿਸ ਲਈ ਆਪਣੀ ਮੁਹੱਬਤ ਨੂੰ ਆਪਣੀ ਹਸਤੀ ’ਤੇ ਖਲ੍ਹਾਰ ਲਿਆਇਆ, ਇੰਟਰਵਿਊ ਲੇਣ ਵਾਲੇ ਵੀ ਸ਼ਰ੍ਹਾ  ਦੀ ਥਾਂ ਇਸ਼ਕ ਦੇ ਰਾਹੀਂ ਸੁਣ, ਮਗਰੋਂ ਵਸੀਮ ਦੱਸਿਆ, ਯਾਰ ਜਦੋਂ ਮੈਂ ਵਾਰਿਸ ਸ਼ਾਹ ਬਾਰੇ ਗੱਲ ਕੀਤੀ ਤੇ ਟੋਹਨੀ ਦੀਆਂ ਅੱਖਾਂ ਵਿੱਚ ਮੋਹ ਦੀ ਚਮਕ ਸੀ। ਉਹ ਚਮਕ ਵਸੀਮ ਦੇ ਭੋਲੇ ਮੁੱਖ ਲਈ ਸੀ ਜਾਂ ਵਾਰਿਸ ਦੇ ਇਸ ਹੱਥ ਲਈ, ਜੋ ਓਹਨੇ ਉਹਦੇ  ਮੂਹਡ਼ੇ ਧਰਿਆ  ਹੋਇਆ ਸੀ, ਮੈਂ ਨਹੀਂ ਜਾਣ ਸਕਿਆ, ਰਮਜ਼ਾਨ ਸ਼ਾਹਿਦ ਅੱਗੇ ਈ ਦਿਲ ਵਾਲਾ ਸੀ, ਇਸ ਰਮਜ਼ ਪਛਾਣ ਲਈ ਤੇ ਵਸੀਮ ਲੈਕਚਰਾਰ ਹੋ ਗਿਆ, ਸਿੱਧਾ ਦਾਦੀ ਕੋਲ਼ ਗਿਆ; ਲੈ ਬੇ ਜੀ  !  ਅੱਜ ਮੈਂ ਤਾਏ ਮਰਵਤ ਦੇ ਬਰਾਬਰ ਹੋ ਗਿਆਂ, ਉਹ ਸਕੂਲ ਵਿੱਚ ਏ ਤੇ ਮੈਂ ਕਾਲਜ ਵਿੱਚ ਪ੍ਰੋਫ਼ੈਸਰ ਲੱਗ ਗਿਆਂ, ਦਾਦੀ ਦੇ ਕਾਲਜੇ ਨੂੰ ਜਿਵੇਂ ਠੰਡ ਪਈ ਹੋਣੀ ਏ ਓਹਦਾ ਵਸੀਮ ਨੂੰ ਤੇ ਮੈਨੂੰ ਇਕੋ ਜਹਿਆ ਅੰਦਾਜ਼ਾ ਈ। ਡਜਕੋਟ ’ਚੋਂ ਥਲਾਂ  ਦੇਸ ਨਿਕਾਲੇ ਪਿੱਛੋਂ ਜਦੋਂ ਮੈਂ ਦਸਵੀਂ ਪਾਸ ਕੀਤੀ ਤੇ ਮੇਰੇ ਆਪਣੇ ਸ਼ਰੀਕੇ ਟੱਬਰ ’ਚੋਂ ਸਭ ਤੋਂ ਵੱਧ ਨੰਬਰ ਸਨ, ਮਾਂ ਨੂੰ ਬੜਾ ਚਾਅ ਤੇ ਮਾਣ ਸੀ।ਮਗਰੋਂ ਕਈ ਸਾਲ ਬਾਦ ਸ਼ਰੀਕੇ ਦੀ ਇੱਕ ਕੁੜੀ ਮੈਥੋਂ ਵਾਹਵਾ ਸਾਰੇ ਨੰਬਰ ਵੱਧ ਲੈ ਗਈ।,ਮਾਂ ਨੂੰ ਫ਼ਿਕਰ ਲੱਗ ਗਈ, ਅਸੀਂ ਰਲ਼ ਮਿਲ ਏਸ ਮਸਲੇ ਦਾ  ਇਹ ਹੱਲ ਲੱਭਿਆ ਕਿ ਉਸ ਕੁੜੀ ਨੂੰ ਕਾਰ ’ਚ ਬਹਾ ਕੇ ਆਪਣੇ ਘਰੇ ਆਂਦਾ, ਹੁਣ ਉਹ ਕੁੜੀ ਆਪਣੇ ਸਾਰੇ ਨੰਬਰਾਂ ਸਮੇਤ ਮੇਰੇ ਤਿੰਨ ਬੱਚਿਆਂ ਦੀ ਮਾਂ ਈ।

ਵਸੀਮ ਦੇ ਮਾਪਿਆਂ ਨੇ ਵੀ ਇਸ ਦੇ ਨੰਬਰ ਡਬਲ ਕਰਨ ਦਾ ਚਾਰਾ ਕੱਤਿਆ, ਪਰ ਉਹਨਾਂ ਨੇ ਕਿਤੇ ਹਿਸਾਬ ਕਿਤਾਬ ਵਿੱਚ ਗ਼ਲਤੀ ਲੱਗ ਗਈ ਤੇ ਵਸੀਮ ਦੀ ਸੋਲਾਂ ਜਮਾਤਾਂ ਵਾਲੀ ਪ੍ਰੋਫ਼ੈਸਰ ਈ ਐਟਮੀ ਤਾਬਕਾਰੀ ਦੀ ਨਜ਼ਰ ਹੋ ਗਈ। ਵਸੀਮ ਨੇ ਫ਼ਿਰ ਆਪਣੀ ਜਮਾਤਾਂ ਦੀ ਗਿਣਤੀ ਆਪ ਸਿੱਧੀ ਕੀਤੀ ਤੇ ਪੀ ਐੱਚ ਡੀ ’ਚ ਦਾਖ਼ਲਾ ਲੈਂਦਿਆਂ ਈ, 16+16 ਦਾ ਹਿਸਾਬ ਸਿੱਧਾ ਕਰ ਲਿਆ, ਦਾਖ਼ਲਾ ਲੈ ਕੇ ਉਹ ਫ਼ਿਰ ਦਾਦੀ ਕੋਲ਼ ਅਪੜਿਆ ਤੇ ਆਖਿਆ ,ਬੇ ਜੀ  ਹੁਣ ਮੈਂ ਤਾਏ ਮਰਵਤ ਤੋਂ ਅੱਗੇ ਨਿਕਲ ਚੱਲਿਆਂ, ਜਿੱਥੇ ਮੈਨੂੰ ਦਾਖ਼ਲਾ ਮਿਲਿਆ ਏ ਓਥੇ ਤੱਕ ਉਹ ਨਹੀਂ ਸੀ ਅੱਪੜ ਸਕਿਆ।

ਦਾਦੀ ਦੇ ਕਹੇ ਬੋਲ ਪਾਲੇ ਜਾ ਰਹੇ ਸਨ , ਵਸੀਮ ਨੇ ਬੱਤੀ ਜਮਾਅਤਾਂ ਸੁਣੇ ਗੁਜਰਾਤ ਵਿਚ ਡੇਰਾ ਲਾ ਲਿਆ, ਫ਼ਿਰ ਉਸ ਬੱਤੀ ਜਮਾਤਾਂ ’ਤੇ ਬੱਸ ਨਹੀਂ ਕੀਤੀ ਪਹਿਲੋਂ ਜੱਗ ਜਹਾਨ ਦੀਆਂ ਵਧੀਆ ਕਹਾਣੀਆਂ, ਪੰਜਾਬੀ ਵਿਚ ਤਰਜਮਾਈਆਂ ਤੇ ਮੁੜ ਗੋਡਾ ਲਾਕੇ ਪੀ ਐੱਚ ਡੀ ਨੂੰ ਜੜ ਗਿਆ, ਭਾਬੋ ਵੀ ਨਾਲ਼ ਨਾਲ਼ ਤੁਰੀ ਰਹੀ।

ਮੈਂ ਯੂਨੀਵਰਸਿਟੀ ਆਇਆ ਤਾਂ ਦੇਖਿਆ ਕਿ ਉਹ  ਅਵੇਸਲਾ ਹੋਣ ਪਾਰੋਂ ਦਿਲ ਛੱਡ ਜਾਂਦਾ ਈ, ਕਈ ਕਈ ਹਫ਼ਤੇ ਥੀਸਸ ਨੂੰ ਹੱਥ ਨਹੀਂ ਲਾਂਦਾ, ਮੈਂ ਓਹਨੂੰ ਉਹ ਹੱਲਾ ਸ਼ੇਰੀ ਦੇਣ ਜਾ ਰਿਹਾ  ਜਿਹੜੀ ਕਦੇ ਏਨੇ ਆਪ ਨੂੰ ਨਹੀਂ ਦੇ ਸਕਿਆ ,ਪਰ ਵਸੀਮ ਨੂੰ ਸਭ ਤੋਂ ਵੱਹ ਹੱਲਾ ਸ਼ੇਰੀ ਆਪ ਵਾਰਿਸ ਦਿੰਦਾ ਸੀ, ਵਾਰਿਸ ਉਹਦਾ ਇਸ਼ਕ ਸੀ ਤੇ  ਰਾਂਝਾ ਇਸ ਦਾ ਮਾਸ਼ੂਕ, ਰਾਂਝੇ ਦੇ ਮਾਮਲੇ ’ਚ ਵਸੀਮ ਹੀਰ ਨਾਲ਼ ਸੁੱਕਣ ਵਾਲਾ ਹਸਦ ਰੱਖਦਾ ਈ, ਥੀਸਿਸ ਦੇ ਦੌਰਾਨ ਜਿੱਥੇ ਕਿਤੇ ਕਿਸੇ ਗਾਟੀਡਡ ਨਿੱਕਾ ਦ ਹੀਰ ਨੂੰ ਵਾਰਿਸ ਦੀ ਹੀਰੋ ਆਖ ਦੇਣਾ, ਵਸੀਮ ਤੋਂ ਹਜ਼ਮ ਨਾ ਹੋਣਾ ਤੇ ਉਸ ਉਸਲਵੱਟੇ ਲੈਂਦਿਆਂ ਰਹਿਣਾਂ, ਮੈਂ ਇੰਨਾ ਤਾਂ ਇਸ ਗੱਲ ਕਰਨੀ ,ਯਾਰ ਆ ਵੇਖ ਨਾ ਕੀ ਚੌਲ ਮਾਰੀ  ਓ ਏਸ ਵੱਡੇ ਨਿੱਕਾ ਦਿਨੀਂ।।।ਤੇ ਵਸੀਮ ਰਾਂਝੇ ਦਾ ਕੇਸ ਇੰਜ ਲੜਨਾ ਜਿਉਂ ਐਤਜ਼ਾਜ਼ ਅਹਸਨ ਆਪਣੇ ਚੌਧਰੀ ਦਾਲੜ ਦਾ ਸੀ।

ਥੀਸਸ ਦੇ ਉਨਵਾਨ ਰਾਹੀਂ ਉਸ ਨੂੰ ਅਪਣਾ ਰਾਂਝਾ ਰਾਜ਼ੀ ਕਰਨ ਦਾ ਚੰਗਾ ਮੌਕਾ ਲੱਭਾ, ਪਰ ਇਸ ਉਹੋ ਕੁਝ ਲਿਖਿਆ ਜੋ ਰਾਂਝੇ ਦਾ ਹੱਕ ਸੀ ।ਵਸੀਮ ਨੇ ਹੀਰ ਵਾਰਿਸ ਦੇ ਕਿਰਦਾਰਾਂ ਦਾ ਨਫ਼ਸੀਆਤੀ ਜ਼ਾਇਜ਼ਾ ਲੈਂਦਿਆਂ ਨਾਮੀ ਨਫ਼ਸੀਆਤੀ ਮਾਹਿਰਾਂ ਫ਼੍ਰਾਈਡ, ਯੰਗ ਤੇ ਐਡਲਰ ਨੂੰ ਖੰਗਾਲ ਮਾਰਿਆ। ਨਜਮ ਹੁਸੈਨ ਸੱਯਦ,ਹੁਸੈਨ ਸ਼ਾਹਿਦ ਤੇ ਸ਼ਰੀਫ਼ ਕੁੰਜਾਹੀ  ਦੀ ਸੂਝ ਵੀ ਉਸ ਦੇ ਅੰਗ ਸੰਗ ਸੀ।  ਅਖ਼ੀਰ ਉਹ ਸੁਰਖ਼ਰੂ ਹਵੀਆਤੇ  ਪੀ ਐੱਚ ਡੀ  ਦੀ ਲਕਸ਼ਮੀ ਸੱਯਦ ਦੇ ਘਰ ਲੱਥੀ।ਇਸ ਨੂੰ ਏਸ ਡਿਗਰੀ ਨਾਲ਼ ਨੱਥੀ ਲਕਸ਼ਮੀ ਦਾ ਓਨਾ ਮੋਹ ਨਹੀਂ ਸੀ ਜਿੰਨਾ ਆਪਣੀ ਦਾਦੀ ਦੇ ਏਸ ਬੋਲਦਾ

''ਪੁੱਤਰ,ਇਹ ਤੇਰਾ ਤਾਇਆ ਮਰਵੱਤ ਹੁਸੈਨ ਸ਼ਾਹ ਕਿੰਨਾਂ ਕੁ ਪੜ੍ਹਿਆ ਹੋਇਆ ਈ''
ਸੋਲਾਂ ਜਮਾਤਾਂ ਬੇ ਜੀ

ਤੇ ਤਾਇਆ ਜਿੰਨਾਂ ਵੀ ਪੜ੍ਹਿਆ ਸੀ , ਵਸੀਮ ਇਸ ਤੋਂ ਇੱਕ ਜਮਾਤ ਅੱਗੇ ਨਿਕਲ਼ ਗਿਆ ਸੀ।

Comments

Security Code (required)



Can't read the image? click here to refresh.

Name (required)

Leave a comment... (required)





ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ