Thu, 12 September 2024
Your Visitor Number :-   7220787
SuhisaverSuhisaver Suhisaver

ਮੇਰੀ ਪਲੇਠੀ ਪੁਸਤਕ ਕਿਵੇਂ ਛਪੀ? - ਹਰਗੁਣਪ੍ਰੀਤ ਸਿੰਘ

Posted on:- 11-11-13

ਨਰਸਰੀ ਜਮਾਤ ਤੋਂ ਨੌਵੀਂ ਜਮਾਤ ਤੱਕ ਪੜ੍ਹਾਈ ਵਿਚ ਹਮੇਸ਼ਾ ਹੀ ਮੂਹਰਲੀ ਕਤਾਰ ਦੇ ਵਿਦਿਆਰਥੀਆਂ ਵਿਚ ਰਹਿੰਦਿਆਂ ਜਿਉਂ ਹੀ ਮੈਂ ਅਪ੍ਰੈਲ 2003 ਨੂੰ ਦਸਵੀਂ ਜਮਾਤ ਵਿਚ ਕਦਮ ਰੱਖਿਆ ਤਾਂ ਵਾਹਿਗੁਰੂ ਦੇ ਹੁਕਮ ਅਨੁਸਾਰ ਮੇਰੇ ਸਕੂਲ ਵੱਲ ਜਾਂਦੇ ਹੋਏ ਕਦਮ ਆਪਣਾ ਮੂੰਹ ਪੀ. ਜੀ. ਆਈ. ਚੰਡੀਗੜ੍ਹ ਵੱਲ ਮੋੜਨ ਲਈ ਮਜਬੂਰ ਹੋ ਗਏ, ਕਿਉਂਕਿ ਡਾਕਟਰੀ ਜਾਂਚ ਅਨੁਸਾਰ ਮੇਰਾ ਸਰੀਰ ਪੂਰੀ ਤਰ੍ਹਾਂ ਬਲੱਡ ਕੈਂਸਰ ਜੈਸੀ ਭਿਅੰਕਰ ਬਿਮਾਰੀ ਦੀ ਲਪੇਟ ਵਿਚ ਆ ਚੁੱਕਾ ਸੀ।ਕੈਮੋਥਰੈਪੀ ਅਤੇ ਰੇਡੀਓਥਰੈਪੀ ਦੇ ਲਗਭਗ ਸਾਢੇ ਤਿੰਨ ਸਾਲ ਚੱਲੇ ਲੰਬੇ ਇਲਾਜ ਦੌਰਾਨ ਤੇਜ਼ ਦਵਾਈਆਂ ਦੇ ਪ੍ਰਭਾਵ ਕਾਰਨ ਜਿੱਥੇ ਮੇਰਾ ਪੜ੍ਹਾਈ ਦਾ ਇਕ ਸਾਲ ਖਰਾਬ ਹੋ ਗਿਆ ਸੀ ਉਥੇ ਮੈਂ ਬਾਕੀ ਦੇ ਤਿੰਨ ਸਾਲ ਵੀ ਬਾਕਾਇਦਗੀ ਨਾਲ ਸਕੂਲ ਨਹੀਂ ਸੀ ਜਾ ਸਕਿਆ।



ਉਸ ਸਮੇਂ ਦੌਰਾਨ ਮੈਂ ਜਿੱਥੇ ਆਪਣੀ ਘਰੇਲੂ-ਲਾਇਬਰੇਰੀ ਵਿਚੋਂ ਸਭ ਧਰਮਾਂ ਦੇ ਮਹਾਪੁਰਖਾਂ ਦੇ ਜੀਵਨ ਸਬੰਧੀ ਅਨੇਕਾਂ ਪੁਸਤਕਾਂ ਪੜ੍ਹਦਾ ਰਹਿੰਦਾ ਸੀ ਉਥੇ ਟੈਲੀਵੀਜ਼ਨ ਉਤੇ ਵੱਖ-ਵੱਖ ਚੈਨਲਾਂ ਤੋਂ ਧਾਰਮਿਕ, ਸਾਹਿਤਕ ਅਤੇ ਸਮਾਜਿਕ ਸ਼ਖਸੀਅਤਾਂ ਦੇ ਪ੍ਰੇਰਨਾਮਈ ਵਿਚਾਰ ਵੀ ਸੁਣਦਾ ਰਹਿੰਦਾ ਸੀ।ਇਸ ਤੋਂ ਇਲਾਵਾ ਮੇਰੇ ਪਿਤਾ ਸਟੇਟ ਐਵਾਰਡੀ ਅਧਿਆਪਕ ਸ. ਰੂਪਇੰਦਰ ਸਿੰਘ ਵੀ ਮੇਰੀ ਹੌਸਲਾ ਅਫਜ਼ਾਈ ਲਈ ਅਕਸਰ ਅਨੇਕਾਂ ਪ੍ਰੇਰਕ ਰਚਨਾਵਾਂ ਸੁਣਾਉਂਦੇ ਰਹਿੰਦੇ ਸਨ।ਮੇਰੇ ਮਨ ਅੰਦਰ ਇਸ ਤਰ੍ਹਾਂ ਪ੍ਰਵੇਸ਼ ਕੀਤੇ ਗਿਆਨ ਨੇ ਮੈਨੂੰ ਹੌਂਸਲੇ ਦੀਆਂ ਅਜਿਹੀਆਂ ਅਨੂਠੀਆਂ ਬੁਲੰਦੀਆਂ ਉਤੇ ਪਹੁੰਚਾ ਦਿੱਤਾ ਕਿ ਮੈਨੂੰ ਇੰਨੀ ਵੱਡੀ ਬਿਮਾਰੀ ਵੀ ਬੌਣੀ ਪ੍ਰਤੀਤ ਹੋਣ ਲੱਗ ਗਈ ਸੀ।

ਇਕ ਵਾਰ ਮੈਂ ਆਪਣੇ ਪਿਤਾ ਜੀ ਤੋਂ ਪੁੱਛਿਆ, “ਡੈਡੀ! ਜੋ ਗਿਆਨ ਮੈਂ ਇਸ ਬਿਮਾਰੀ ਦੌਰਾਨ ਅਰਜਿਤ ਕਰਕੇ ਆਪਣੇ ਜੀਵਨ ਵਿਚ ਅਥਾਹ ਤਬਦੀਲੀ ਮਹਿਸੂਸ ਕੀਤੀ ਹੈ, ਉਹ ਮੈਂ ਅਖਬਾਰਾਂ ਰਾਹੀਂ ਸਭ ਲੋਕਾਂ ਨਾਲ ਸਾਂਝਾ ਕਰਨਾ ਲੋਚਦਾ ਹਾਂ।ਜੇਕਰ ਮੈਂ ਆਪਣੀ ਮਾਂ-ਬੋਲੀ ਵਿਚ ਆਪਣੇ ਢੰਗ ਨਾਲ ਲਿਖੇ ਪ੍ਰੇਰਕ-ਪ੍ਰਸੰਗ ਭੇਜਾਂ ਤਾਂ ਕੀ ਉਹ ਛਪ ਜਾਣਗੇ?”ਇਹ ਸੁਣਕੇ ਪਿਤਾ ਜੀ ਕਹਿਣ ਲੱਗੇ, “ਹੈਰੀ! ਤੂੰ ਅਜੇ ਛੋਟਾ ਹੈਂ, ਤੇਰੀਆਂ ਲਿਖਤਾਂ ਸ਼ਾਇਦ ਹਲੇ ਨਹੀਂ ਛਪ ਸਕਣਗੀਆਂ।” ਮੈਂ ਕਿਹਾ, “ਮੈਂ ਅਖਬਾਰਾਂ ਦੇ ਸੰਪਾਦਕਾਂ ਨੂੰ ਇਹ ਦੱਸਣਾ ਹੀ ਨਹੀਂ ਕਿ ਮੈਂ ਦਸਵੀਂ ਜਮਾਤ ਦਾ ਵਿਦਿਆਰਥੀ ਹਾਂ।” ਮੇਰੀ ਇਹ ਗੱਲ ਸੁਣਕੇ ਉਹ ਚੁਪਚਾਪ ਬੈਠੇ ਮੁਸਕਰਾਉਂਦੇ ਰਹੇ।ਉਨ੍ਹਾਂ ਦੇ ਹਾਵ-ਭਾਵ ਤੋਂ ਇਹ ਲੱਗਦਾ ਸੀ ਕਿ ਉਹ ਮੇਰੇ ਵਿਚਾਰਾਂ ਨਾਲ ਹਾਲ ਦੀ ਘੜੀ ਸਹਿਮਤ ਨਹੀਂ ਸਨ।

ਮੈਂ ਉਨ੍ਹਾਂ ਨੂੰ ਬਿਨਾਂ ਦੱਸੇ ਹੀ ਸਵਾਮੀ ਵਿਵੇਕਾਨੰਦ ਦੇ ਜੀਵਨ ਨਾਲ ਸਬੰਧਤ ਇਕ ਪ੍ਰੇਰਕ ਪ੍ਰਸੰਗ ਇਕ ਅਖਬਾਰ ਵਿਚ ਪ੍ਰਕਾਸ਼ਿਤ ਹੋਣ ਲਈ ਭੇਜ ਦਿੱਤਾ।ਮੈਂ ਹਰ ਰੋਜ਼ ਹੀ ਉਸ ਅਖਬਾਰ ਵਿਚ ਆਪਣਾ ਲੇਖ ਲੱਭਦਾ ਰਹਿੰਦਾ ਅਤੇ ਇਸ ਤਰ੍ਹਾਂ ਕਰਦੇ-ਕਰਦੇ ਮਹੀਨਾ ਲੰਘ ਗਿਆ ਪਰੰਤੂ ਲੇਖ ਨਾ ਛਪਿਆ।ਹੁਣ ਮੈਂ ਅਖਬਾਰ ਦੇ ਪੰਨਿਆਂ ਉਪਰ ਆਪਣੀ ਰਚਨਾ ਛਪਣ ਦੀ ਉਮੀਦ ਪੂਰੀ ਤਰ੍ਹਾਂ ਨਾਲ ਤਿਆਗ ਚੁੱਕਾ ਸੀ ਪਰੰਤੂ 21 ਫਰਵਰੀ 2004 ਨੂੰ ਜਦੋਂ ਅਚਾਨਕ ਹੀ ਮੇਰੀ ਨਜ਼ਰ ਅਖਬਾਰ ਵਿਚ ਮੇਰੀ ਪ੍ਰਕਾਸ਼ਿਤ ਰਚਨਾ ਉਤੇ ਪਈ ਤਾਂ ਮੇਰੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ।ਮੇਰੇ ਮੂੰਹੋਂ ਪੂਰੇ ਜੋਸ਼ ਅਤੇ ਜ਼ੋਰ ਨਾਲ ਇਹ ਸ਼ਬਦ ਆਪ ਮੁਹਾਰੇ ਹੀ ਨਿਕਲ ਗਏ, “ਡੈਡੀ ਆ ਗਿਆ! ਡੈਡੀ ਆ ਗਿਆ!” ਪਿਤਾ ਜੀ ਇਕਦਮ ਬੈਠਕ ਵਿਚੋਂ ਬਾਹਰ ਭੱਜੇ ਆਏ ਅਤੇ ਬੋਲੇ, “ਕਿੱਥੇ ਐ, ਕਿੱਥੇ ਐ?” ਉਹ ਸਮਝੇ ਕਿ ਸ਼ਾਇਦ ਘਰ ਦਾ ਦਰਵਾਜ਼ਾ ਖੁੱਲ੍ਹਾ ਰਹਿ ਜਾਣ ਕਾਰਨ ਕੋਈ ਕੁੱਤਾ-ਬਿੱਲਾ ਜਾਂ ਹੋਰ ਕੋਈ ਡੰਗਰ-ਪਸ਼ੂ ਅੰਦਰ ਘੁਸ ਆਇਆ ਹੈ।ਅਸਲੀਅਤ ਪਤਾ ਲੱਗਣ ਉਤੇ ਉਹ ਬਹੁਤ ਖੁਸ਼ ਹੋਏ ਅਤੇ ਇਕਦਮ ਪੰਜਾਹ ਰੁਪਏ ਦਾ ਕੜਕਦਾ-ਕੜਕਦਾ ਨੋਟ ਇਨਾਮ ਵਜੋਂ ਦਿੱਤਾ ਤੇ ਵਾਅਦਾ ਕੀਤਾ ਕਿ ਜਦੋਂ-ਜਦੋਂ ਵੀ ਮੇਰੀ ਕੋਈ ਰਚਨਾ ਕਿਸੇ ਅਖਬਾਰ ਵਿਚ ਛਪੇਗੀ, ਹਰ ਰਚਨਾ ਦੇ ਪੰਜਾਹ ਰੁਪਏ ਦਿੱਤੇ ਜਾਣਗੇ।

ਹੌਲੀ-ਹੌਲੀ ਅਖਬਾਰਾਂ ਵਿਚ ਮੇਰੀਆਂ ਛਪੀਆਂ ਕਹਾਣੀਆਂ ਪੜ੍ਹਕੇ ਦੂਰ-ਦੁਰਾਡਿਓਂ ਹਰ ਵਰਗ ਦੇ ਪਾਠਕਾਂ ਦੀਆਂ ਪ੍ਰਸ਼ੰਸਾ ਭਰਪੂਰ ਚਿੱਠੀਆਂ ਆਉਣੀਆਂ ਸ਼ੁਰੂ ਹੋ ਗਈਆਂ।ਬੜਾ ਸੁਆਦ ਆਉਂਦਾ ਸੀ ਜਦੋਂ ਵੱਡੀਆਂ ਉਮਰਾਂ ਵਾਲੇ ਚੰਗੀਆਂ ਪਦਵੀਆਂ ਉਤੇ ਸੁਸ਼ੋਭਿਤ ਵਿਅਕਤੀ ਵੀ ਅਣਜਾਣਪੁਣੇ ਵਿਚ ਮੈਨੂੰ ਸਤਿਕਾਰ ਸਹਿਤ ਸ੍ਰੀ ਮਾਨ ਜੀ, ਸਰਦਾਰ ਜੀ, ਵੀਰ ਜੀ ਜਾਂ ਸਰ ਜੀ ਆਦਿ ਸ਼ਬਦਾਂ ਨਾਲ ਸੰਬੋਧਨ ਕਰਦੇ ਸਨ।ਮੈਨੂੰ ਇਹ ਜਾਣ ਕੇ ਬੜੀ ਖੁਸ਼ੀ ਹੁੰਦੀ ਸੀ ਕਿ ਕੁਝ ਸਕੂਲਾਂ ਵਿਚ ਮੇਰੇ ਲੇਖ ਸਵੇਰ-ਸਭਾ ਵਿਚ ਪੜ੍ਹਕੇ ਸੁਣਾਏ ਜਾਂਦੇ ਹਨ।ਜਿਸ ਦਿਨ ਵੀ ਮੇਰੀ ਕੋਈ ਰਚਨਾ ਅਖਬਾਰ ਵਿਚ ਛਪਦੀ ਸੀ ਤਾਂ ਤੁਰੰਤ ਹੀ ਮੇਰੇ ਦਾਦੀ ਜੀ ਸ੍ਰੀਮਤੀ ਗੁਰਦਿਆਲ ਕੌਰ ਅਤੇ ਨਾਨੀ ਜੀ ਸਵਰਗਵਾਸੀ ਸ੍ਰੀਮਤੀ ਹਰਦੇਵ ਕੌਰ ਤੋਂ ਇਲਾਵਾ ਕਈ ਹੋਰ ਰਿਸ਼ਤੇਦਾਰਾਂ, ਸ਼ੁੱਭਚਿੰਤਕਾਂ ਅਤੇ ਪਾਠਕਾਂ ਦੇ ਫੋਨ ਖੜਕਣੇ ਸ਼ੁਰੂ ਹੋ ਜਾਂਦੇ ਸਨ।ਇਸ ਤੋਂ ਇਲਾਵਾ ਮੇਰੇ ਮਾਤਾ ਜੀ ਸ੍ਰੀਮਤੀ ਰਾਜਿੰਦਰ ਕੌਰ ਮੇਰੇ ਲਈ ਅਕਸਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਭਾਈ ਕਾਨ੍ਹ ਸਿੰਘ ਨਾਭਾ ਲਾਇਬਰੇਰੀ ਤੋਂ ਪੜ੍ਹਨ ਲਈ ਵੱਖ-ਵੱਖ ਮਹਾਪੁਰਖਾਂ ਦੇ ਜੀਵਨ ਸਬੰਧੀ ਕਿਤਾਬਾਂ ਲਿਆਉਂਦੇ ਰਹਿੰਦੇ ਸਨ ਜਿਨ੍ਹਾਂ ਨੇ ਮੇਰੀ ਲਿਖਣ ਪ੍ਰਤਿਭਾ ਅਤੇ ਗਿਆਨ ਨੂੰ ਵਧਾਉਣ ਦੇ ਨਾਲ-ਨਾਲ ਮੇਰੀ ਮਾਨਸਿਕ ਅਤੇ ਆਤਮਿਕ ਉੱਨਤੀ ਵਿਚ ਅਹਿਮ ਯੋਗਦਾਨ ਪਾਇਆ।

ਗਿਆਰ੍ਹਵੀਂ ਜਮਾਤ ਵਿਚ ਸਾਡੇ ਪੰਜਾਬੀ ਸਾਹਿਤ ਦੇ ਅਧਿਆਪਕ ਸ. ਦਰਸ਼ਨ ਸਿੰਘ ਜੀ ਤਾਂ ਕਈ ਵਾਰੀ ਪੰਜਾਬੀ ਦੇ ਪੀਰੀਅਡ ਵਿਚ ਹੀ ਮੇਰੀਆਂ ਲਿਖਤਾਂ ਮੇਰੇ ਮੂੰਹੋਂ ਸੁਣਕੇ ਸ਼ਾਬਾਸ਼ ਦਿੰਦਿਆਂ ਕਿਹਾ ਕਰਦੇ ਸਨ, “ਹਰਗੁਣਪ੍ਰੀਤ ਸਿੰਘ! ਆਉਣ ਵਾਲੇ ਸਮੇਂ ਵਿਚ ਤੇਰੇ ਲਿਖੇ ਲੇਖ ਸੁਨਹਿਰੀ ਅੱਖਰਾਂ ਵਿਚ ਲਿਖੇ ਜਾਣਗੇ।” ਮੇਰੇ ਦਾਦਾ ਸਵਰਗਵਾਸੀ ਗਿਆਨੀ ਭਵਖੰਡਨ ਸਿੰਘ ਜੀ ਦੇ ਅੰਤਰਰਾਸ਼ਟਰੀ ਪ੍ਰਸਿੱਧੀ ਵਾਲੇ ਸ਼ਿਸ਼ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਯੁਵਕ ਭਲਾਈ ਵਿਭਾਗ ਦੇ ਡਾਇਰੈਕਟਰ ਪ੍ਰੋ. (ਡਾ.) ਸਤੀਸ਼ ਕੁਮਾਰ ਵਰਮਾ ਨੂੰ ਇਕ ਵਾਰੀ ਜਦੋਂ ਮੈਂ ਪੰਜਾਬੀ ਯੁਨੀਵਰਸਿਟੀ ਵਿਖੇ ਮਿਲਿਆ ਤਾਂ ਉਨ੍ਹਾਂ ਮੇਰੀਆਂ ਰਚਨਾਵਾਂ ਦੇ ਸੰਗ੍ਰਹਿ ਵਾਲੀ ਅੇਲਬਮ ਵੇਖ ਕੇ ਮੇਰੀ ਸੁਚੱਜਤਾ ਸਹਿਤ ਰਚਨਾਵਾਂ ਸਾਂਭਣ ਦੇ ਢੰਗ ਦੀ ਤਾਰੀਫ ਕੀਤੀ ਅਤੇ ਨਾਲ ਹੀ ਇਨ੍ਹਾਂ ਰਚਨਾਵਾਂ ਨੂੰ ਪੁਸਤਕ ਦੇ ਰੂਪ ਵਿਚ ਸਾਂਭਣ ਦੀ ਪ੍ਰੇਰਨਾ ਵੀ ਦਿੱਤੀ।ਅਜਿਹੀ ਹੀ ਪ੍ਰੇਰਨਾ ਮੈਨੂੰ ਪ੍ਰਸਿੱਧ ਪੱਤਰਕਾਰ ਸ. ਸ਼ੰਗਾਰਾ ਸਿੰਘ ਭੁੱਲਰ, ਸਾਹਿਤ ਅਕਾਦਮੀ ਐਵਾਰਡ ਜੇਤੂ ਡਾ. ਦਰਸ਼ਨ ਸਿੰਘ ਆਸ਼ਟ, ਸੁਪ੍ਰਸਿੱਧ ਲੇਖਿਕਾ ਅਤੇ ਬੱਚਿਆਂ ਦੇ ਮਾਹਿਰ ਡਾਕਟਰ ਹਰਸ਼ਿੰਦਰ ਕੌਰ ਅਤੇ ਉਨ੍ਹਾਂ ਦੇ ਪਿਤਾ ਸਾਹਿਤ ਸ਼੍ਰੋਮਣੀ ਪ੍ਰੋ. ਪ੍ਰੀਤਮ ਸਿੰਘ ਜੀ ਤੋਂ ਵੀ ਮਿਲੀ।

ਇਸੇ ਪ੍ਰੇਰਨਾ ਸਦਕਾ ਮੈਂ ਲਗਾਤਾਰ ਅਖਬਾਰਾਂ ਵਿਚ ਲਿਖਦਾ ਰਿਹਾ ਅਤੇ ਦੇਖਦੇ ਹੀ ਦੇਖਦੇ ਤਿੰਨ-ਚਾਰ ਸਾਲ ਵਿਚ ਹੀ ਮੇਰੀਆਂ ਦੋ ਸੌ ਤੋਂ ਵੱਧ ਰਚਨਾਵਾਂ ਵੱਖ-ਵੱਖ ਉੱਚ ਕੋਟੀ ਦੇ ਅਖਬਾਰਾਂ ਦਾ ਸ਼ਿੰਗਾਰ ਬਣ ਗਈਆਂ।ਬਾਅਦ ਵਿਚ ਇਨ੍ਹਾਂ ਰਚਨਾਵਾਂ ਵਿਚੋਂ ਹੀ 108 ਪ੍ਰੇਰਕ-ਪ੍ਰਸੰਗਾਂ ਨੂੰ ‘ਮੁਸੀਬਤਾਂ ਤੋਂ ਨਾ ਘਬਰਾਓ’ ਨਾਂ ਦੀ ਪੁਸਤਕ ਦੇ ਰੂਪ ਵਿਚ 11 ਫਰਵਰੀ 2008 ਨੂੰ ਪ੍ਰਕਾਸ਼ਿਤ ਕੀਤਾ ਗਿਆ।ਆਪਣੀ ਇਸ ਪਲੇਠੀ ਪੁਸਤਕ ਨੂੰ ਮੈਂ ਪਿਛਲੇ ਪੰਜ ਸਾਲਾਂ ਦੌਰਾਨ ਵੱਖ-ਵੱਖ ਉੱਚ ਕੋਟੀ ਦੇ ਸਾਹਿਤਕਾਰਾਂ, ਪੱਤਰਕਾਰਾਂ, ਪ੍ਰੋਫੈਸਰਾਂ, ਅਫਸਰਾਂ, ਡਾਕਟਰਾਂ, ਧਾਰਮਿਕ ਅਤੇ ਰਾਜਨੀਤਕ ਆਗੂਆਂ ਤੋਂ ਇਲਾਵਾ ਕਈ ਕੈਂਸਰ ਦੇ ਮਰੀਜ਼ਾਂ ਅਤੇ ਆਪਣੇ ਖਾਸ ਦੋਸਤਾਂ ਨੂੰ ਭੇਂਟ ਕਰ ਚੁੱਕਿਆ ਹਾਂ ਜਿਨ੍ਹਾਂ ਨੇ ਇਸ ਪੁਸਤਕ ਨੂੰ ਬਹੁਤ ਸਰਾਹਿਆ ਅਤੇ ਮੈਨੂੰ ਹਮੇਸ਼ਾਂ ਲਿਖਦੇ ਰਹਿਣ ਲਈ ਆਸ਼ੀਰਵਾਦ ਵੀ ਦਿੱਤਾ।

ਸੰਪਰਕ: 9463619353.

Comments

Security Code (required)



Can't read the image? click here to refresh.

Name (required)

Leave a comment... (required)





ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ