Mon, 14 October 2024
Your Visitor Number :-   7232425
SuhisaverSuhisaver Suhisaver

ਜ਼ਫ਼ਰ ਦਾ ਵਿਵੇਕ -ਮਿੰਟੂ ਬਰਾੜ

Posted on:- 14-07-2015

suhisaver

ਉਸ ਰਾਤ ਨੀਂਦ ਅੱਖਾਂ ਤਾਂ ਕੀ, ਸਰੀਰ ਦੇ ਕਿਸੇ ਵੀ ਹਿੱਸੇ 'ਚ ਨਹੀਂ ਰੜਕ ਰਹੀ ਸੀ। ਵਜ੍ਹਾ ਜਾਣਦਾ ਸੀ, ਪਰ ਅਣਜਾਣ ਬਣਨ ਦੀ ਕੋਸ਼ਿਸ਼ 'ਚ ਸਾਂ। ਹਾਲਾਂਕਿ ਆਪਣਾ ਨਿੱਤਨੇਮ, ਸੌਣ ਤੋਂ ਪਹਿਲਾਂ ਕਿਸੇ ਕਿਤਾਬ ਦੇ ਪੱਚੀ ਵਰਕਿਆਂ ਦਾ ਪਾਠ ਕਰ ਚੁੱਕਿਆ ਸੀ। ਨੀਂਦ ਨਾ ਲੱਭਦੀ ਦੇਖ ਫੇਰ ਸਰਹਾਣੇ ਲਗੀ ਬੱਤੀ ਜੱਗਾ ਕੇ ਰੈਕ ਤੇ ਪਈਆਂ ਅਣਗਿਣਤ ਕਿਤਾਬਾਂ ਤੇ ਸਰਸਰੀ ਜਿਹੀ ਨਿਗ੍ਹਾ ਮਾਰੀ ਕਿ ਇਸ ਹਾਲਾਤ 'ਚ ਕੋਣ ਹੋ ਸਕਦਾ ਜੋ ਧਰਵਾਸੇ ਦੇ ਨਾਲ-ਨਾਲ ਭਾਣਾ ਮੰਨਣ ਦਾ ਮੂਲ ਸਮਝਾ ਸਕੇ। ਪਰਮਿੰਦਰ ਸੋਢੀ 'ਰੱਬ ਦੇ ਡਾਕੀਏ' ਦੇ ਰੂਪ 'ਚ ਆਵਾਜ਼ਾਂ ਮਾਰਦਾ ਦਿਸਿਆ। ਚੇਤ ਮਨ ਪੜ੍ਹ ਰਿਹਾ ਸੀ ਤੇ ਅਚੇਤ ਕਦੇ ਲੁਧਿਆਣੇ ਉਸ ਘਰ ਦੀ ਦਹਲੀਜ ਤੇ ਜਾ ਪਹੁੰਚਦਾ ਜਿੱਥੇ ਇਕ ਮਾਂ ਪਾਣੀ ਵਾਰਨ ਦੇ ਮੁਕਾਮ ਦੇ ਬਿਲਕੁਲ ਬਰੂੰਹਾਂ ਤੇ ਖੜ੍ਹੀ ਹੈ ਤੇ ਕਦੇ ਪ੍ਰਦੇਸ ਦੇ ਇਕ ਹਸਪਤਾਲ ਦੇ ਉਸ ਬੈੱਡ 'ਤੇ ਜਾ ਕੇ ਸਰਹਾਣੇ ਖੜ ਜਾਂਦਾ ਜਿੱਥੇ ਇਕ ਪੰਛੀ ਉਡਾਰੀ ਮਾਰਨ ਲਈ ਕਾਹਲਾ ਪਰ 'ਆਧੁਨਿਕਤਾ ਦੇ ਰੱਬ' ਪਾਈਪਾਂ ਤੇ ਤਾਰਾਂ ਦੇ ਜਾਲ ਪਾ ਕੇ ਉਸ ਨੂੰ ਰਿਸ਼ਤਿਆਂ 'ਚ ਬੰਨ੍ਹੀ ਰੱਖਣ ਦੀ ਵਾਹ ਲਾ ਰਹੇ ਹਨ।

ਕੁੱਝ ਅਚਵੀ ਜਿਹੀ ਤੋਂ ਬਾਅਦ ਦੱਬੇ ਪੈਰੀਂ ਠੰਢ ਨਾਲ ਠੁਰ ਰਹੀ ਰਾਤ 'ਚ ਘਰ ਦੇ ਪਿਛਵਾੜੇ ਚਲਾ ਜਾਂਦਾ ਹਾਂ। ਹਾਲੇ ਦੋ ਚਾਰ ਖੁੱਲ੍ਹੇ ਸਾਹ ਲੈਂਦਾ ਹਾਂ ਕਿ ਨਿਗਾਹ ਕੁੱਝ ਚਿਰ ਪਹਿਲਾਂ ਲਾਏ ਅੰਬ ਦੇ ਬੂਟੇ ਤੇ ਚਲੀ ਜਾਂਦੀ ਹੈ। ਜਿਸ ਦੀ ਕੱਲ੍ਹ ਦਿਨੇ ਇਕ ਕਰੂੰਬਲ ਫੁੱਟਦੀ ਦੇਖ ਮਨ ਬਾਗੋ-ਬਾਗ਼ ਹੋਇਆ ਸੀ। ਪਰ ਇਹ ਕੀ! ਅੱਜ ਦੀ ਇਸ ਰਾਤ ਦੇ ਪਾਲੇ ਦੀ ਮਾਰ ਹੇਠ ਆ ਕੇ ਆਪਾ ਗੁਆ ਚੁੱਕਿਆ ਸੀ। ਦੇਖਣਾ ਮੁਸ਼ਕਿਲ ਸੀ। ਜਿਸ ਗੱਲ ਨੂੰ ਭੁਲਾਉਣ ਮਾਰਾ ਬਾਹਰ ਆਇਆ ਸਾਂ ਫੇਰ ਉਹੀ ਤਾਰ ਹਿੱਲ ਗਈ ਤੇ ਝਰਨਾਹਟ ਸਿਰ ਤੋਂ ਲੈ ਕੇ ਪੈਰਾਂ ਤੱਕ ਕੰਬਣੀ ਛੇੜ ਗਈ।

ਅੰਦਰ ਆ ਕੇ ਫੇਰ ਮਨ ਨੇ ਕਿਹਾ ਕਿ ਡੋਲ ਰਹੇ ਚਿੱਤ ਨੂੰ ਸ਼ਬਦਾਂ ਦਾ ਸਹਾਰਾ ਹੀ ਕਾਰਗਰ ਹੋ ਸਕਦਾ। ਸੋ ਫੇਰ ਹੱਥ ਰੈਕ ਵੱਲ ਵਧੇ ਨਿਗਾਹ ਕੋਈ ਖ਼ਾਸ ਕਿਤਾਬ ਲੱਭ ਰਹੀ ਸੀ। ਕਾਰਨ ਸ਼ਾਇਦ ਫੇਰ ਉਹੀ! ਉਸ ਖ਼ਾਸ ਕਿਤਾਬ ਦੇ ਰਚੇਤਾ ਨੂੰ ਪੜ੍ਹ ਕੇ ਸਮਝਣਾ ਚਾਹੁੰਦਾ ਸੀ ਕਿ ਕਿਵੇਂ ਐਨੀ ਸਹਿਜਤਾ ਆ ਗਈ ਇਸ ਇਨਸਾਨ 'ਚ! ਅੰਦਰ ਏਨੀ ਕਾਹਲ ਕਿ ਕਦੋਂ ਫੇਰ ਪੜ੍ਹਾ ਕਿ 'ਬਾਬੇ ਨਾਨਕ ਦੇ ਅਸੀਂ ਕੀ ਲਗਦੇ।' ਪਰ ਕਿਤਾਬ ਨਹੀਂ ਮਿਲੀ। ਨਿਗਾਹ 'ਅਸਲੀ ਇਨਸਾਨ ਦੀ ਕਹਾਣੀ' ਕਿਤਾਬ ਤੇ ਅਟਕ ਗਈ। ਸੋਚ ਕਹੇ ਠੀਕ ਤਾਂ ਹੈ ਇਹੋ ਜਿਹਾ ਧਰਵਾਸਾ ਤਾਂ ਕੋਈ 'ਅਸਲੀ ਇਨਸਾਨ' ਹੀ ਰੱਖ ਸਕਦਾ ਹੈ।

ਆਪਣੇ ਆਪ 'ਚ ਸਹਿਜਤਾ ਲਿਆਉਣ ਦੀ ਕੋਸ਼ਿਸ਼ 'ਚ ਤਰਲੋਮੱਛੀ ਸਾਂ, ਪਰ ਨਾਕਾਮਯਾਬ। ਮੇਰੀ ਇਸ ਹਿਲਜੁਲ ਨੇ ਕੋਲ ਪਈ ਸ਼ਰੀਕ-ਏ-ਹਿਯਾਤ ਨੂੰ ਵੀ ਜਗਾ ਦਿਤਾ।

''ਕੀ ਗੱਲ ਨੀਂਦ ਨਹੀਂ ਆ ਰਹੀ?'' ਉਹ ਕਹਿੰਦੀ
''ਬੱਸ ਉਂਜ ਹੀ'' ਮੈਂ ਗੱਲ ਟਾਲਣ ਦੀ ਕੋਸ਼ਿਸ਼ ਕੀਤੀ
ਮੈਨੂੰ ਪਤਾ, ਤੁਹਾਨੂੰ ਤਾਂ ਕੀ ਆਉਣੀ ਹੈ, ਮੈਨੂੰ ਵੀ ਨਹੀਂ ਆ ਰਹੀ
''ਕਿਉਂ'' ਮੈਂ ਪੁੱਛਿਆ?

''ਤੁਸੀਂ ਤਾਂ ਉਸ ਪਰਵਾਰ ਨੂੰ ਤਿੰਨ ਵਾਰ ਮਿਲੇ ਹੋ, ਮੈਂ ਤਾਂ ਭਾਵੇਂ ਕਦੇ ਮਿਲੀ ਵੀ ਨਹੀਂ ਪਰ ਫੇਰ ਵੀ ਜਦੋਂ ਦਾ ਸੁਣਿਆ ਬਹੁਤ ਅਚਵੀ ਆ, ਬੱਸ ਉਂਜ ਹੀ ਮੂੰਹ ਢਕੀ ਪਈ ਸੀ।''

''ਰਾਤ ਦੇ ਦੋ ਵੱਜ ਗਏ! ਚਲੋ ਸੌਣ ਦੀ ਕੋਸ਼ਿਸ਼ ਕਰੀਏ, ਕੱਲ੍ਹ ਅਨਮੋਲ ਦੀ ਜੌਬ ਲਈ ਇੰਟਰਵਿਊ ਵੀ ਹੈ'' ਮੈਂ ਕਿਹਾ।

ਅਨਮੋਲ ਦਾ ਨਾਮ ਜ਼ਿਹਨ 'ਚ ਆਉਂਦਿਆਂ ਫੇਰ ਸੂਈ ਉੱਥੇ ਅਟਕ ਗਈ। ਵਿਵੇਕ ਵੀ ਅਨਮੋਲ ਦਾ ਹਾਣੀ ਸੀ! ਉਸ ਦੇ ਮਾਂ ਬਾਪ ਨੂੰ ਵੀ ਚਾਅ ਹੋਣਾ ਉਸ ਦੀ ਜੌਬ ਦੀ ਪਹਿਲੀ ਇੰਟਰਵਿਊ ਦਾ! ਦਿਲ ਏਨਾ ਕੁ ਤੇਜ ਧੜਕ ਰਿਹਾ ਸੀ ਕਿ ਬੈੱਡ ਉੱਤੇ ਪੈ ਨਹੀਂ ਸੀ ਹੋ ਰਿਹਾ। ਮੈਂ ਘਰ ਵਾਲੀ ਨੂੰ ਕਿਹਾ ਚੁੱਪ ਕਰ ਕੇ ਸੌਣ ਦੀ ਕੋਸ਼ਿਸ਼ ਕਰਦੇ ਹਾਂ।
''ਨਹੀਂ ਇੰਜ ਨੀਂਦ ਨਹੀਂ ਆਉਣੀ'' ਉਹ ਕਹਿੰਦੀ
''ਫੇਰ''

''ਇਕ ਬਾਰ ਜੋ ਮਨ 'ਚ ਹੈ ਉਹ ਬਾਹਰ ਕੱਢ ਦਿਓ, ਮਤਲਬ ਗੱਲਾਂ ਕਰੋ। ਚਲੋ! ਤੁਸੀਂ ਮੈਨੂੰ ਹੁਣ ਤੱਕ ਦੀ ਜ਼ਫ਼ਰ ਪਰਵਾਰ ਨਾਲ ਆਪਣੀ ਸਾਂਝ ਦੀ ਗੱਲ ਸੁਣਾਓ।''

''ਮੇਰੀ ਸਾਂਝ! ਉਂਜ ਤਾਂ ਇਹ ਕਾਫ਼ੀ ਪੁਰਾਣੀ ਹੈ, ਇਕ ਪਾਠਕ ਤੇ ਲਿਖਾਰੀ ਵਾਲੀ। ਪਰ ਦੋ ਕੁ ਸਾਲ ਪਹਿਲਾਂ ਉਨ੍ਹਾਂ ਨੇ ਮੈਨੂੰ 'ਬਾਈ ਜੀ' ਕਹਿਣ ਦਾ ਹੱਕ ਦੇ ਦਿਤਾ ਸੀ।''

''ਉਹ ਕਿਵੇਂ'' ਘਰਵਾਲੀ ਨੇ ਹੁੰਗਾਰਾ ਭਰਦੇ ਕਿਹਾ।
'''ਕੈਂਗਰੂਨਾਮਾ' ਕਿਤਾਬ ਛਪਵਾਉਣ ਤੋਂ ਪਹਿਲਾਂ ਉਨ੍ਹਾਂ ਨੂੰ ਭੇਜ ਕੇ ਬੇਨਤੀ ਕੀਤੀ ਸੀ ਕਿ ਜੇ ਕਿਤਾਬ ਪੜ੍ਹ ਕੇ ਉਸ ਬਾਰੇ ਆਪਣੇ ਵਿਚਾਰ ਦਸ ਦਿਓ ਤਾਂ ਖ਼ੁਸ਼ੀ ਹੋਵੇਗੀ।''

''ਇਸ ਸਾਰੇ ਦਾ ਜ਼ਿਕਰ ਤਾਂ ਮੈਂ ਪੜ੍ਹ ਚੁੱਕੀ ਆ ਤੁਹਾਡੇ ਇਕ ਲੇਖ 'ਚ।'' ਘਰਵਾਲੀ ਕੁੱਝ ਹੋਰ ਨਿੱਜੀ ਗੱਲਾਂ ਸੁਣਨਾ ਚਾਹੁੰਦੀ ਸੀ।
''ਤੁਸੀ ਘਰ ਵੀ ਗਏ ਸੀ ਉਨ੍ਹਾਂ ਦੇ, ਉਹ ਦੱਸੋ, ਕੀ ਤੁਸੀਂ ਵਿਵੇਕ ਨੂੰ ਮਿਲੇ ਸੀ ਉਦੋਂ''
''ਨਾ, ਮੈਂ ਤਾਂ ਵਿਵੇਕ ਨੂੰ ਪਹਿਲੀ ਵਾਰ ਉਸ ਦੀ ਹਸਪਤਾਲ ਵਾਲੀ ਫ਼ੋਟੋ 'ਤੇ ਦੇਖਿਆ।''

''ਪਹਿਲੀ ਵਾਰ ੨੦੧੪ ਜਨਵਰੀ ਦੀ ਗੱਲ ਹੈ। ਮੈਂ ਤੇ ਸ਼ਿਵਦੀਪ ਜ਼ਫ਼ਰ ਸਾਹਿਬ ਨੂੰ ਮਿਲਣ ਉਨ੍ਹਾਂ ਦੇ ਘਰ ਗਏ। ਇੰਜ ਲੱਗੇ ਜਿਵੇਂ ਚਿਰਾਂ ਤੋਂ ਜਾਣਦੇ ਹੋਈਏ। ਭਾਵੇਂ ਅਸੀਂ ਤਾਂ ਚਿਰਾਂ ਤੋਂ ਜ਼ਫ਼ਰ ਸਾਹਿਬ ਦੇ ਪ੍ਰਸੰਸਕ ਸਾਂ ਤੇ ਉਨ੍ਹਾਂ ਦੀ ਹਰ ਗਤੀਵਿਧੀ ਤੇ ਨਿਗਾਹ ਰੱਖਦੇ ਸੀ। ਪਰ ਉਨ੍ਹਾਂ ਨੂੰ ਮਿਲ ਕੇ ਇੰਜ ਨਹੀਂ ਲੱਗਿਆ ਕਿ ਉਹ ਸਾਨੂੰ ਨਹੀਂ ਜਾਣਦੇ। ਪਰ ਉਸ ਪਹਿਲੀ ਮੁਲਾਕਾਤ ਬਾਰੇ ਜਦੋਂ ਵੀ ਮੈਂ ਸੋਚਦਾ ਤਾਂ ਮੈਨੂੰ ਆਪਣੇ ਆਪ ਤੋਂ ਸ਼ਰਮ ਜਿਹੀ ਆਉਂਦੀ ਹੈ ਕਿ ਮੈਂ ਉੱਥੇ ਇਕ ਸਰੋਤਾ ਬਣ ਕੇ ਨਾ ਬਹਿ ਸਕਿਆ, ਉਲਟਾ ਬੋਲਦਾ ਹੀ ਰਿਹਾ ਬੋਲਦਾ ਹੀ ਰਿਹਾ। ਪਰ ਜ਼ਫ਼ਰ ਸਾਹਿਬ ਨੇ ਇਹ ਕਹਿ ਕੇ ਮੇਰੀ ਇਸ ਗੁਸਤਾਖ਼ੀ ਨੂੰ ਪਿਆਰ ਬਖ਼ਸ਼ਿਆ ਕਿ ਯਾਰ ਅੱਜ ਬਹੁਤ ਸਾਰੀਆਂ ਨਵੀਆਂ ਗੱਲਾਂ ਦਾ ਪਤਾ ਲੱਗਿਆ। ਬਾਦ 'ਚ ਮੈਨੂੰ ਮਹਿਸੂਸ ਹੋਇਆ ਕਿ ਕਿੰਨਾ ਵਧੀਆ ਤਰੀਕਾ ਸੀ ਉਨ੍ਹਾਂ ਦਾ ਮੇਰੇ ਵਰਗੇ ਨੂੰ ਹਲਾਸ਼ੇਰੀ ਅਤੇ ਸਹੀ ਮੋੜ ਦੇਣ ਦਾ।''

''ਇਸ ਸਾਲ ਵੀ ਗਏ ਸੀ ਤੁਸੀਂ ਹਨਾਂ?'' ਘਰਵਾਲੀ ਉਤਸੁਕਤਾ ਨਾਲ ਸੁਣ ਰਹੀ ਸੀ।
 ਤੇ ਮੈਂ ਵੀ ਕੁੱਝ-ਕੁੱਝ ਸਹਿਜ ਮਹਿਸੂਸ ਕਰ ਰਿਹਾ ਸੀ।
''ਇਕ ਮਿੰਟ! ਪਹਿਲਾਂ ਪਿਛਲੀ ਗੱਲ ਤਾਂ ਪੂਰੀ ਹੋ ਜਾਣ ਦੇ'' ਮੈਂ ਕਿਹਾ
ਉਹ ਜੀ, ਮੈਂ ਤਾਂ ਥੋੜਾ ਜਿਹਾ ਨੇੜੇ ਤੋਂ ਮੁੜਨ ਨੂੰ ਕਿਹਾ ਸੀ, ਨਹੀਂ ਤਾਂ ਮੈਨੂੰ ਪਤਾ ਤੁਸੀਂ ਢਾਈ ਘੰਟਿਆਂ ਦੀ ਫ਼ਿਲਮ ਸੁਣਾਉਣ ਤੇ ਵੀ ਚਾਰ ਘੰਟੇ ਲਾ ਦਿੰਦੇ ਹੋ।
ਮੈਨੂੰ ਅੱਜ ਘਰਵਾਲੀ ਦੀ ਇਹ ਨੋਕ-ਝੋਕ ਨਹੀਂ ਰੜਕੀ ਸੀ, ਜੋ ਅਕਸਰ ਰੜਕ ਜਾਂਦੀ ਸੀ।
''ਤੂੰ ਇਹ ਨਹੀਂ ਪੁੱਛਿਆ ਕਿ ਮੈਨੂੰ ਭਰਾ ਦਾ ਹੱਕ ਜ਼ਫ਼ਰ ਸਾਹਿਬ ਨੇ ਕਿਵੇਂ ਦੇ ਦਿੱਤਾ?''
''ਚਲੋ! ਹੁਣ ਪੁੱਛ ਲਿਆ, ਦੱਸੋ ਜੀ?''

''ਮੈਂ ਜਦੋਂ ਵੀ ਕੋਈ ਚਿੱਠੀ ਪੱਤਰ ਜ਼ਫ਼ਰ ਸਾਹਿਬ ਨਾਲ ਕਰਦਾ ਤਾਂ ਮੈਨੂੰ ਸਰ-ਸਰ ਲਿਖਦਿਆਂ ਬੇਗਾਨਗੀ ਜਿਹੀ ਦੀ ਬੂਅ ਆਉਂਦੀ। ਸੋ ਇਕ ਦਿਨ ਮੈਂ ਉਨ੍ਹਾਂ ਨੂੰ ਈਮੇਲ ਕੀਤੀ ਕਿ ਸਰ ਜੇ ਤੁਹਾਨੂੰ ਇਤਰਾਜ਼ ਨਾ ਹੋਵੇ ਤਾਂ ਮੈਂ ਤੁਹਾਨੂੰ ਬਾਈ ਜੀ ਕਹਿ ਦਿਆ ਕਰਾ? ਉਨ੍ਹਾਂ ਖ਼ੁਸ਼ੀ ਖ਼ੁਸ਼ੀ ਮੈਨੂੰ ਇਹ ਇਜਾਜ਼ਤ ਦੇ ਦਿੱਤੀ।''

''ਬੱਸ ਫੇਰ ਕੀ ਸੀ ਉਹ ਕਿਤਾਬ ਰਿਲੀਜ਼ ਤੇ ਆਏ ਤੇ ਉਸ ਸਮਾਰੋਹ 'ਚ......
''ਹਾਂ-ਹਾਂ ਮੈਂ ਉੱਥੇ ਹੀ ਸੀ, ਭਾਵੇ ਜ਼ਿਆਦਾ ਇਕੱਠ ਹੋਣ ਕਾਰਨ ਮਿਲ ਨਹੀਂ ਸੀ ਹੋਇਆ। ਪਰ ਇਕ ਗੱਲ ਕਹਾਂ! ਉਸ ਦਿਨ ਸਭ ਤੋਂ ਛੋਟੀ ਤਕਰੀਰ ਜ਼ਫ਼ਰ ਸਾਹਿਬ ਨੇ ਦਿੱਤੀ ਸੀ ਤੇ ਸਭ ਤੋਂ ਵਧੀਆ ਵੀ ਉਨ੍ਹਾਂ ਦੀ ਤਕਰੀਰ'' ਸੀ ਘਰਵਾਲੀ ਨੇ ਮੈਨੂੰ ਵਿਚੋਂ ਟੋਕ ਕੇ ਕਿਹਾ।

''ਹਾਂ ਇਹੀ ਫੀਡ ਬੈਕ ਆਈ ਸੀ ਉਸ ਸਮਾਗਮ ਦੀ, ਵੀ ਜ਼ਫ਼ਰ ਸਾਹਿਬ ਕਮਾਲ ਦਾ ਬੋਲੇ ਉਸ ਦਿਨ।''

''ਐਤਕੀਂ ਪਤਾ ਤੁਹਾਨੂੰ ਮੈਂ ਤੇ ਸ਼ਿਵਦੀਪ ਜਦੋਂ ਪੰਜਾਬ ਟੂਰ ਤੇ ਸੀ ਤਾਂ ਜਲੰਧਰ ਤੋਂ ਅਗਲਾ ਪੜਾਓ ਲੁਧਿਆਣਾ ਹੀ ਸੀ। ਸੋ ਜ਼ਫ਼ਰ ਸਾਹਿਬ ਨੂੰ ਰਿੰਗ ਕੀਤੀ। ਉਹ ਪਟਿਆਲੇ ਤੋਂ ਆ ਰਹੇ ਸਨ। ਕਹਿੰਦੇ ਬੱਸ ਸਿੱਧੇ ਘਰ ਆ ਜੋ ਮੈਂ ਵੀ ਪਹੁੰਚਦਾ। ਅਸੀਂ ਰਾਹ ਭੁੱਲ ਗਏ ਪਿਛਲੇ ਸਾਲ ਵੀ ਮੈਡਮ ਜਗਦੀਸ਼ ਕੌਰ ਦੇ ਲੱਖ ਰਾਹ ਦੱਸਣ ਦੇ ਬਾਵਜੂਦ ਸਾਨੂੰ ਅਖੀਰ  'ਹਰਲੀਨ ਸੋਨਾ' ਉਨ੍ਹਾਂ ਦੇ ਘਰ ਛੱਡ ਕੇ ਆਏ ਸਨ। ਇਸ ਬਾਰ 'ਗੁਰੀ ਲੁਧਿਆਨਵੀ' ਨੂੰ ਬੇਨਤੀ ਕੀਤੀ, ਉਹ ਆਪਣਾ ਮੋਟਰ ਸਾਈਕਲ ਰਾਹ 'ਚ ਖੜ੍ਹਾ ਕੇ ਸਾਡੇ ਨਾਲ ਤੁਰ ਪਿਆ। ਪਰ ਫੇਰ ਵੀ ਅਸੀਂ ਰਾਹ ਭੁੱਲ ਗਏ ਤੇ ਰਵੀ ਦੀਪ ਨੂੰ ਫ਼ੋਨ ਕੀਤਾ। ਉਹ ਕਹਿੰਦਾ ਮੇਰੇ ਘਰ ਆਜੋ ਅੱਗੇ ਮੈਂ ਲੈ ਚੱਲਾਂਗਾ। ਰਾਹ 'ਚ ਜਾਂਦੇ ਰਵੀ ਤੇ ਗੁਰੀ ਕਹਿੰਦੇ ਕਿ ਅਸੀਂ ਇਕ ਵੀ ਵੇਲਾ ਹੱਥੋਂ ਨਹੀਂ ਜਾਣ ਦਿੰਦੇ ਜ਼ਫ਼ਰ ਸਾਹਿਬ ਕੋਲ ਜਾਣ ਦਾ, ਭਾਵੇਂ ਉਹ ਹਰ ਰੋਜ ਆਵੇ। ਦਰਵਾਜੇ ਤੇ ਖੜ੍ਹੇ ਸਨ ਜ਼ਫ਼ਰ ਸਾਹਿਬ, ਅਸੀਂ ਦੇਰੀ ਲਈ ਮਾਫ਼ੀ ਮੰਗੀ ਤੇ ਜਦੋਂ ਮੈਂ ਕਿਹਾ ਕਿ ਤੁਸੀਂ ਏਨੀ ਠੰਢ 'ਚ ਬਾਹਰ ਖੜ੍ਹੇ ਕਿਉਂ ਉਡੀਕ ਰਹੇ ਸੀ?''

ਕਹਿੰਦੇ! ''ਯਾਰ ਜਦੋਂ ਮੇਜ਼ਬਾਨ ਦਰਵਾਜੇ 'ਤੇ ਖੜਾ ਉਡੀਕ ਰਿਹਾ ਹੋਵੇ ਤਾਂ ਮਹਿਮਾਨ ਨੂੰ ਵੀ ਆਉਣ ਦਾ ਸੁਆਦ ਆ ਜਾਂਦਾ ਤੇ ਮੇਜ਼ਬਾਨੀ ਦੀ ਅਸਲੀ ਖ਼ੁਸ਼ੀ ਵੀ ਇਸੇ 'ਚੋਂ ਮਿਲਦੀ ਹੈ।''

ਉਨ੍ਹਾਂ ਦੀ ਪਹਿਲੀ ਗੱਲ ਹੀ ਸਾਨੂੰ ਫੇਰ ਲਾਜਵਾਬ ਕਰ ਗਈ ਸੀ। ਪਿਛਲੇ ਸਾਲ ਵਾਂਗ ਫੇਰ ਮੈਡਮ ਬਲਵੀਰ ਕੌਰ ਪੰਧੇਰ(ਜ਼ਫ਼ਰ) ਸਾਡੀ ਸੇਵਾ 'ਚ ਜੁੱਟ ਗਏ। ਚਾਹ-ਪਾਣੀ ਤੋਂ ਬਾਅਦ ਕਹਿੰਦੇ ਹੁਣ ਰੋਟੀ ਖਾ ਕੇ ਹੀ ਜਾਣਾ।

ਅਸੀਂ ਬਹੁਤ ਕਿਹਾ ਕਿ ਨਹੀਂ ਅਸੀਂ ਤਾਂ ਤੁਹਾਡਾ ਮਗ਼ਜ਼ ਖਾਣਾ, ਉਹ ਖਾ ਰਹੇ ਹਾਂ। ਪਰ ਫੇਰ ਇਕ ਸ਼ਰਤ 'ਤੇ ਅਸੀਂ ਰੋਟੀ ਖਾਣੀ ਮੰਨੀ ਕਿ ਬਣਾਉਣਾ ਕੁੱਝ ਨਹੀਂ ਜੋ ਫ੍ਰਿਜ਼ 'ਚ ਪਿਆ ਬੱਸ ਉਹੀ ਗਰਮ ਕਰ ਲਓ। ਉਹ ਤਾਂ ਹੋਰ ਵੀ ਗੱਲ ਬਣ ਗਈ ਕਿਉਂਕਿ ਫ੍ਰਿਜ਼ 'ਚ ਸਰ੍ਹੋਂ ਦਾ ਸਾਗ ਤੜਕਾ ਲਾ ਕੇ ਰੱਖ ਛੱਡਿਆ ਸੀ। ਮੈਡਮ ਕਹਿੰਦੇ ਜੇ ਥੋੜ੍ਹਾ ਜਿਹਾ ਸਬਰ ਰੱਖੋ ਤਾਂ ਫੇਰ ਮੈਂ ਮੱਕੀ ਦੀਆਂ ਰੋਟੀਆਂ ਲਾਹ ਦਿੰਦੀ ਹਾਂ ਕਿਉਂਕਿ ਇਹਨਾਂ ਤੇ ਥੋੜ੍ਹਾ ਟਾਈਮ ਲੱਗੂ। ਅਸੀਂ ਨਾਲ ਮਦਦ ਕਰਨ ਦੀ ਪੇਸ਼ਕਸ਼ ਵੀ ਕੀਤੀ ਉਹ ਕਹਿੰਦੇ ਤੁਸੀ ਜ਼ਫ਼ਰ ਸਾਹਿਬ ਨਾਲ ਗੱਲਾਂ ਮਾਰੋ ਬੱਸ।

ਫੇਰ ਕੀ ਮੈਡਮ ਤਾਜ਼ੀਆਂ-ਤਾਜ਼ੀਆਂ ਮੱਕੀ ਦੀਆਂ ਰੋਟੀਆਂ ਲਾਹੀ ਜਾਣ ਤੇ ਜ਼ਫ਼ਰ ਸਾਹਿਬ ਲਿਆ-ਲਿਆ ਕੇ ਸਾਨੂੰ ਧਰੀ ਜਾਣ। ਇਕ ਪਾਸਿਉਂ ਤਾਂ ਬਹੁਤ ਸ਼ਰਮ ਆਵੇ ਕਿ ਦੋ ਉੱਚ ਅਹੁਦਿਆਂ ਤੇ ਲੱਗੇ ਅਫ਼ਸਰ ਉੱਤੋਂ ਕਲਾ ਦੀਆਂ ਮੂਰਤਾਂ, ਤੇ ਅਸੀਂ ਬੇਸ਼ਰਮਾਂ ਵਾਂਗ ਬੈਠੇ ਖਾ ਰਹੇ ਸੀ! ਪਰ ਮੱਕੀ ਦੀਆਂ ਰੋਟੀਆਂ ਤੇ ਸਰ੍ਹੋਂ ਦੇ ਸਾਗ ਨੇ ਸਾਡੀ ਜ਼ਮੀਰ ਮਧੋਲ਼ ਕੇ ਰੱਖ ਦਿੱਤੀ ਸੀ।

''ਤੈਨੂੰ ਪਤਾ ਮੈਂ ਤੈਨੂੰ ਇਹ ਗੱਲ ਕਿਉਂ ਸੁਣਾਈ ਹੈ?'' ਮੈਂ ਘਰ ਵਾਲੀ ਨੂੰ ਹੁੰਗਾਰਾ ਭਰਨ ਦੀ ਥਾਂ ਦਿਤੀ।
''ਕਿਉਂ?''

''ਕਿਉਂਕਿ ਤੁਸੀਂ ਅਕਸਰ ਕਹਿ ਦਿੰਦੇ ਹੋ ਕਿ ਲੇਖਕਾਂ ਦੀ ਕਹਿਣੀ ਅਤੇ ਕਰਨੀ 'ਚ ਬਹੁਤ ਫ਼ਰਕ ਹੁੰਦਾ। ਦੂਜੇ ਨੂੰ ਮੱਤਾਂ ਦੇਣੀਆਂ ਸੌਖੀਆਂ ਹੁੰਦੀਆਂ, ਜਦੋਂ ਆਪਣਾ ਵੇਲਾ ਆਉਂਦਾ ਉਦੋਂ ਪਤਾ ਲਗਦਾ। ਪਰ ਹੁਣ ਤੁਸੀਂ ਆਪ ਦੇਖ ਲਵੋ, ਇਕ ਉੱਚ ਅਧਿਕਾਰੀ, ਲਿਖਾਰੀ, ਚਿੱਤਰਕਾਰ ਅਤੇ ਹੋਰ ਪਤਾ ਨਹੀਂ ਕੀ ਕੁੱਝ ਆਪਣੇ ਅੰਦਰ ਸਮੋਈ ਬੈਠੇ 'ਜ਼ਫ਼ਰ ਪਰਵਾਰ' ਦੀ 'ਹਲੀਮੀਅਤ'।''

ਗੱਲਾਂ ਕਰਦੇ-ਕਰਦੇ ਪਤਾ ਹੀ ਨਹੀਂ ਚਲਿਆ ਕਿ ਕਦੋਂ ਅਲਾਰਮ ਬੋਲ ਪਿਆ। ਗੱਲਾਂ ਨੇ ਏਨਾ ਕੁ ਹੌਲਾ ਕਰ ਦਿੱਤਾ ਸੀ ਕਿ ਰਾਤ ਭਰ ਨਾ ਸੌਣ ਬਾਰੇ ਚਿੱਤ ਚੇਤਾ ਵੀ ਨਹੀਂ ਸੀ। ਫੇਰ ਇਕ ਬਾਰ ਬਾਪ ਵੱਲੋਂ ਪੁੱਤਰ ਦੀ ਮੌਤ ਦਾ ਲਿਖਿਆ ਸੁਨੇਹਾ ਪੜ੍ਹਿਆ। ਪਰ ਇਸ ਬਾਰ ਪੜ੍ਹਨ ਦਾ ਨਜ਼ਰੀਆ ਕੁੱਝ ਬਦਲਿਆ ਹੋਇਆ ਸੀ।

ਮਨ 'ਚ ਇਕੋ ਸੋਚ ਆ ਰਹੀ ਸੀ ਕਿ ''ਜੋ ਬੰਦੇ ਕਹਿਣੀ ਤੇ ਕਰਨੀ ਦੇ ਇਕ ਹੁੰਦੇ ਹਨ ਉਹ ਵਕਤ ਦੀ ਹਰ ਥਪੇੜ ਝੱਲ ਕੇ ਵੀ ਆਪਣੇ ਸਿਦਕ ਤੋਂ ਨਹੀਂ ਡੋਲਦੇ। ਜ਼ਫ਼ਰ ਸਾਹਿਬ ਨੇ ਕਵਿਤਾਵਾਂ ਸਿਰਫ਼ ਲਿਖੀਆਂ ਨਹੀਂ ਜੀਵਿਆਂ। ਸੋਨਾ ਤਾਂ ਸੋਨਾ ਹੀ ਰਹਿੰਦਾ ਭਾਵੇਂ ਕਿਸੇ ਭੱਠੀ ਚਾੜ੍ਹ ਦਿਓ।''

ਅਸੀਂ ਰੋਜ਼ਮੱਰਾ ਵਾਂਗ ਉੱਠੇ, ਨਿੱਤਨੇਮ ਨਿਭਾਇਆ ਤੇ ਫ਼ੈਸਲਾ ਕੀਤਾ ਕਿ ਅੱਜ ਅਰਦਾਸ ਵਿਵੇਕ ਲਈ ਤੇ ਉਸ ਦੇ ਪਰਵਾਰ ਲਈ ਹੋਵੇਗੀ। ਪਰ ਫੇਰ ਵੀ ਅਰਦਾਸ 'ਚ ਸਾਡੇ ਲੱਖ ਕੋਸ਼ਿਸ਼ ਕਰਨ ਤੇ ਸਾਥੋਂ ਭਾਣਾ ਮੰਨਣ ਦੀ ਗੱਲ ਨਹੀਂ ਕਹਿ ਹੋਈ। ਫੇਰ ਉਹੀ ਗਿਲੇ ਸ਼ਿਕਵੇ ਕਰ ਲਏ ਕਿ 'ਹੇ ਵਾਹਿਗੁਰੂ' ਜੇ ਤੂੰ ਕੋਈ ਸੋਨਾ ਪੈਦਾ ਹੀ ਕੀਤਾ ਸੀ ਤੇ ਤੈਨੂੰ ਚੰਗੀ ਤਰ੍ਹਾਂ ਪਤਾ ਕਿ ਸੋਨਾ ਤਾਂ ਸੋਨਾ ਰਹੁ, ਫੇਰ ਉਸ ਨੂੰ ਬਾਰ-ਬਾਰ ਭੱਠੀ ਚਾੜ੍ਹਨ ਦੀ ਕੀ ਲੋੜ ਸੀ।

ਸ਼ਾਇਦ ਮੇਰੇ ਜਿਹੇ ਕਹਿਣੀ ਤੇ ਕਰਨੀ 'ਚ ਫ਼ਰਕ ਰੱਖਣ ਵਾਲੀਆਂ ਲਈ ਸੁਨੇਹਾ ਦਿੱਤਾ ਹੋਵੇ ਅਕਾਲ ਪੁਰਖ ਨੇ। ਪਰ ਮੇਰਾ ਕਲਯੁਗੀ ਜੀਅ ਦਾ ਤਾਂ ਇਹੀ ਗਿਲਾ ਰਹੁ ਕਿ ਸੁਨੇਹਾ ਦੇਣ ਲਈ ਤੇ ਸੋਨਾ ਪਰਖਣ ਲਈ ਐਡਾ ਇਮਤਿਹਾਨ ਕਿਉ!!!

ਅੰਤ 'ਚ ਕਹਿਣੀ ਕਰਨੀ ਅਤੇ ਆਪਨੇ ਸਿਰਨਾਵੇਂ ਦੀ ਪਰੋੜ੍ਹਤਾ ਕਰਦਾ ਜ਼ਫ਼ਰ ਸਾਹਿਬ ਵੱਲੋਂ ਆਪਣੇ ਇਕਲੌਤੇ ਪੁੱਤਰ ਵਿਵੇਕ ਦੀ ਮੌਤ ਤੇ ਲਿਖਿਆ ਸੁਨੇਹਾ ਜੋ ਸੱਚਮੁੱਚ 'ਜ਼ਫ਼ਰ ਦਾ ਵਿਵੇਕ' ਹੋ ਨਿਬੜਿਆ, ਆਪ ਜੀ ਲਈ;

Vivek Has Gone Nowhere
ਚਲਾ ਨਹੀਂ ਗਿਆ ਵਿਵੇਕ; ਜਸਵੰਤ ਸਿੰਘ ਜ਼ਫ਼ਰ

ਸਾਡਾ ਪੁੱਤਰ ਅਤੇ ਮਿੱਤਰ ਵਿਵੇਕ ਸਿੰਘ ਪੰਧੇਰ ਪਿਛਲੇ ਦਿਨੀਂ ਗੰਭੀਰ ਰੂਪ ਵਿਚ ਬਿਮਾਰ ਹੋ ਗਿਆ। ਮੈਂ, ਪਤਨੀ ਬਲਬੀਰ ਕੌਰ, ਭੈਣ ਜਸਵਿੰਦਰ ਅਤੇ ਬੇਟੀ ਕਿਰਤ ਪੰਧੇਰ ਦਿਲੀ ਤੋਂ ੩.੭.੧੫ ਦੀ ਸਵੇਰ ਵੈਨਕੂਵਰ ਲਈ ਚੱਲ ਪਏ। ਵੈਨਕੂਵਰ ਦੀ ੩.੭.੧੫ ਸ਼ਾਮ ਨੂੰ (ਹੁਣ ਤੋਂ ੧੨ ਘੰਟੇ ਪਹਿਲਾਂ) ਪਹੁੰਚਣ ਤੇ ਵਿਵੇਕ ਦੀ ਸਿਹਤ ਵੀ ਸੁਧਾਰ ਹੋਣ ਦਾ ਪਤਾ ਲੱਗਾ। ਮਾਤਾ-ਪਿਤਾ ਜੀ, ਭਰਾ, ਚਾਚੇ, ਚਾਚੀਆਂ, ਕਜਨਜ਼, ਬਹੁਤ ਸਾਰੇ ਭਤੀਜੇ ਭਤੀਜੀਆਂ ਕੁੱਝ ਦੋਸਤ ਪਰਿਵਾਰ ਚਾਈਂ ਚਾਈਂ ਮਿਲੇ। ਸਵੇਰੇ ਡਾ. ਨੇ ਉਨ੍ਹਾਂ ਨੂੰ ਸੁਧਾਰ ਬਾਰੇ ਦੱਸਿਆ ਸੀ। ਸ਼ਾਮ ਨੂੰ ਸਾਡੇ ਪਹੁੰਚਣ ਤੇ ਪਹਿਲਾਂ ਉਨ੍ਹਾਂ ਦੁਬਾਰਾ ਪੁੱਛਿਆ ਤਾਂ ਆਈ ਸੀ ਯੂ ਦੇ ਮੁਖੀ ਡਾ. ਮਾਈਪਿੰਦਰ ਸਿੰਘ ਸੇਖੋਂ (ਕੈਨੇਡਾ ਦੇ ਜੰਮਪਲ) ਨੇ ਉਨ੍ਹਾਂ ਨੂੰ ਕਿਹਾ ਕਿ ਤੁਸੀਂ ਸਾਰੇ ਹਸਪਤਾਲ ਹੀ ਆ ਜਾਣਾ ਮੈਂ ਵਾਰ-ਵਾਰ ਨਾਲੋਂ ਪੇਰੈਂਟਸ ਸਮੇਤ ਸਾਰਿਆਂ ਨੂੰ ਇਕੋ ਵਾਰੀ ਵਿਸਥਾਰ ਨਾਲ ਦੱਸ ਦਿਆਂਗਾ। ਹਸਪਤਾਲ ਪਹੁੰਚ ਕੇ ਵਿਵੇਕ ਨੂੰ ਦੇਖਿਆ, ਛੂਹਿਆ, ਬੁਲਾਇਆ। ਸਾਹ, ਨਬਜ਼ ਠੀਕ, ਪਿੰਡਾ ਕੋਸਾ, ਪਰ ਬੇਹੋਸ਼। ਇਕ ਕਮਰੇ ਵਿਚ ਸਾਨੂੰ ਬਿਠਾਇਆ ਗਿਆ। ਡਾ. ਸੇਖੋਂ ਨੇ ਉਸ ਦੇ ਦਿਮਾਗ਼ ਦੀ ਸੋਜ਼ਸ਼ ਘਟਣ ਵਧਣ ਬਾਰੇ ਵਿਸਥਾਰ ਨਾਲ ਦੱਸਿਆ। ਉਸ ਦੱਸਿਆ ਕਿ ਜਦੋਂ ਸੋਜ਼ਸ਼ ਦਿਮਾਗ਼ ਦੇ ਉੱਪਰਲੇ ਹਿੱਸੇ ਤੋਂ ਹੇਠਲੇ ਭਾਗ ਤੇ ਜ਼ਿਆਦਾ ਆ ਜਾਵੇ ਤਾਂ ਇਹ ਡੈਡ ਹੋ ਜਾਂਦਾ ਹੈ, ਜਾਨੀ ਬੰਦਾ ਡੈਡ ਹੋ ਜਾਂਦਾ ਹੈ। ਵਿਵੇਕ ਨਾਲ ਸਾਡੇ ਪਹੁੰਚਣ ਤੋਂ ਕੁੱਝ ਸਮਾਂ ਪਹਿਲਾਂ ਇਹ ਹੋ ਚੁੱਕਾ ਸੀ। ਸਭ ਨੇ ਇਸ ਨੂੰ ਬੜੇ ਧੀਰਜ ਨਾਲ ਸੁਣਿਆਂ ਅਤੇ ਪ੍ਰਵਾਨ ਕੀਤਾ। ਡਾ. ਦਾ ਏਨੇ ਸੋਹਣੇ ਤਰੀਕੇ ਨਾਲ ਦੱਸਣ ਲਈ ਧੰਨਵਾਦ ਕੀਤਾ। ਏਨੀ ਸ਼ਿੱਦਤ ਨਾਲ ਉਸ ਨੂੰ ਬਚਾਉਣ ਲਈ ਕੀਤੇ ਸਿਰਤੋੜ ਯਤਨਾਂ ਲਈ ਵੀ ਧੰਨਵਾਦ ਕੀਤਾ। ਸਭ ਨੇ ਵਿਵੇਕ ਦੇ ਗੁਣਾ ਦੀ ਚਰਚਾ ਕੀਤੀ। ਸਭ ਨੇ ਇਹ ਫ਼ੈਸਲਾ ਕੀਤਾ ਕਿ ਰੋਣ ਜਾਂ ਵਿਰਲਾਪ ਦੀ ਜਗ੍ਹਾ ਉਸ ਦੇ ਚੰਗੇ ਗੁਣਾਂ, ਉੱਦਮਾਂ, ਕੰਮਾਂ ਦੀ ਚਰਚਾ ਕਰਾਂਗੇ। ਉਸ ਦੀਆਂ ਵਧੀਆ ਗੱਲਾਂ ਕਰਕੇ ਉਸ ਨੂੰ ਯਾਦ ਕਰਦੇ ਰਹਾਂਗੇ ਕਿ ਉਹ ਆਪਣੇ ਮਾਂ ਪਿਉ ਤੱਕ ਲਈ ਵੱਡੇ ਅਤੇ ਵਧੀਆ ਕੰਮ ਕਰਨ ਲਈ ਹਮੇਸ਼ਾ ਪ੍ਰੇਰਨਾ ਸਰੋਤ ਬਣਿਆਂ ਰਹਿੰਦਾ ਸੀ। ਲਿਆਕਤ, ਨਿਮਰਤਾ, ਦਲੇਰੀ, ਉਦਮ, maturity, authenticity, Hard work, ਆਗਿਆਕਾਰਤਾ, ਸੂਝ ਬੂਝ ਯਾਨੀ ਕਿਸੇ ਪੱਖੋਂ ਕੋਈ ਕਮੀ ਨਹੀਂ ਸੀ ਉਸ ਵਿਚ। ਏਨਾ ਕਮਾਲ ਦਾ ਤੋਹਫ਼ਾ ਦੇਣ ਲਈ ਪ੍ਰਮਾਤਮਾ/ਕੁਦਰਤ ਦਾ ਧੰਨਵਾਦ ਕੀਤਾ ਗਿਆ। ਆਪਣੀ ੨ ਮਹੀਨੇ ਘੱਟ ੨੩ ਸਾਲ ਦੀ ਉਮਰ ਦੌਰਾਨ ਉਸ ਨੇ ਜਿੰਨੀ ਖ਼ੁਸ਼ੀ ਅਤੇ ਤਾਜ਼ਗੀ ਆਪਣੇ ਨਾਲ ਸਬੰਧਿਤ ਸਾਰੇ ਲੋਕਾਂ ਨੂੰ ਦਿੱਤੀ ਉਸ ਤੇ ਬੇਹੱਦ ਸੰਤੁਸ਼ਟੀ ਪ੍ਰਗਟ ਕੀਤੀ ਗਈ। ਸਾਨੂੰ ਉਸ ਦੀ ਹਰ ਗੱਲੋਂ ਬੇਫ਼ਿਕਰੀ ਰਹੀ। ਉਸ ਵੱਲੋਂ ਕੀਤੇ ਕਈ ਕੰਮਾਂ ਦਾ ਉਸ ਦੇ ਦੋਸਤਾਂ ਤੋਂ ਪਤਾ ਲੱਗਣਾ ਤਾਂ ਅਸੀਂ ਕਹਿਣਾ ਇਹ ਕਰਨ ਤੋਂ ਪਹਿਲਾਂ ਤੂੰ ਸਾਨੂੰ ਤੇ ਦੱਸਿਆ-ਪੁੱਛਿਆ ਨਹੀਂ। ਉਸ ਕਹਿਣਾ, ''ਮੈਨੂੰ ਪਤਾ ਹੈ ਕਿ ਜਿਹੜਾ ਕੰਮ ਤੁਹਾਨੂੰ ਖ਼ੁਸ਼ੀ ਦੇਵੇਗਾ ਉਸ ਨੂੰ ਕਰਨ ਲਈ ਤੁਹਾਡੀ ਆਗਿਆ ਲੈਣ ਦੀ ਲੋੜ ਨਹੀਂ।'' ਡਾ. ਸੇਖੋਂ ਨੇ ਦੱਸਿਆ ਕਿ ਵਿਵੇਕ ਇਸੇ ਹਸਪਤਾਲ ਵਿਚ ਪਿਛਲੇ ਸਾਲ ਆਪਣੇ ਸਰੀਰ ਦੇ ਵਰਤੋਂ ਯੋਗ ਸਾਰੇ ਅੰਗ ਦਾਨ ਕਰ ਗਿਆ ਸੀ। ਸਾਨੂੰ ਨਹੀਂ ਸੀ ਪਤਾ। ਸੁਣ ਕੇ ਸਭ ਦਾ ਮਨ ਗਦ-ਗਦ ਹੋ ਗਿਆ। ਸਭ ਨੇ ਤਾੜੀਆਂ ਵਜਾ ਕੇ ਉਸ ਦੀ ਪ੍ਰਸੰਸਾ ਕੀਤੀ। ਡਾ. ਸੇਖੋਂ ਨੇ ਉਸ ਵੱਲੋਂ ਇਸ ਸਬੰਧੀ ਹੱਥੀਂ ਭਰਿਆ ਅਤੇ ਦਸਤਖ਼ਤ ਕੀਤਾ ਫਾਰਮ ਦਿਖਾਇਆ। ਅੱਗੇ ਜਦ ਕਿਸੇ ਨੇ ਕਹਿਣਾ ਕਿ ਤੁਹਾਡੇ ਬੇਟੇ ਦੀ ਫਲਾਣੀ ਗੱਲ ਬੜੀ ਵਧੀਆ ਹੈ ਤਾਂ ਅਸੀਂ ਕਹਿਣਾ ਉਹ ਬੇਟਾ ਨਹੀਂ ਹੁਣ ਤੇ ਸਾਡਾ ਪਿਓ ਹੈ। ਪਰ ਅੱਜ ਉਸ ਦੇ ਮਾਂ ਪਿਓ ਹੋਣ ਤੇ ਬਹੁਤ ਮਾਣ ਹੋਇਆ। ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਰਾਤ ਦੇ ੧੦.੩੦ ਵੱਜ ਗਏ।

ਅਸੀਂ ਡਾ. ਸੇਖੋਂ ਤੋਂ ਪੁਛਿਆ ਕਿ ਕਦੋਂ ਤੱਕ ਦਾਨ ਕੀਤੇ ਸਾਰੇ ਅੰਗਾਂ ਨੂੰ ਪ੍ਰਾਪਤ ਕਰਨ ਦੀ ਕਾਰਵਾਈ ਕਰ ਲਵੋਗੇ। ਉਸ ਦੱਸਿਆ ਕਿ ਉਹ ਹੋਰ ਵਿਭਾਗ ਹੈ, ਉਸ ਨਾਲ ਸਬੰਧਿਤ ਡਾ. ਕੱਲ੍ਹ ਦਿਨੇ ਮਿਲਣਗੇ ਪਹਿਲਾਂ ਕੁੱਝ ਲਿਖਤੀ ਕਾਰਵਾਈ ਹੋਏਗੀ। ਅਸੀਂ ਕਿਹਾ ਕਿ ਪਤਾ ਕਰ ਲਓ ਕਿ ਜੇ ਹੁਣ ਆ ਸਕਦੇ ਹਨ ਅਸੀਂ ਇਸ ਨੂੰ ਹੁਣੇ ਮੁਕੰਮਲ ਕਰ ਕੇ ਖ਼ੁਸ਼ ਹੋਵਾਂਗੇ। ਉਨ੍ਹਾਂ ਡਾ. ਨਾਲ ਗੱਲ ਕੀਤੀ ਜੋ ਇਕ ਘੰਟੇ ਵਿਚ ਪਹੁੰਚ ਗਈ। ਫਾਰਮ ਵਗ਼ੈਰਾ ਦਸਤਖ਼ਤ ਕੀਤੇ। ਉਸ ਵੱਲੋਂ ਵਿਵੇਕ ਦੀ ਸਿਹਤ ਦੇ ਰਿਕਾਰਡ ਨਾਲ ਸਬੰਧਿਤ ਸਵਾਲਾਂ ਦੇ ਜੁਆਬ ਦਿੱਤੇ। ਉਨ੍ਹਾਂ ਦੱਸਿਆ ਕਿ ਦਾਨ ਕੀਤੇ ਗਏ ਸਾਰੇ ਅੰਗਾਂ ਨੂੰ ਪ੍ਰਾਪਤ ਕਰਨ ਦੀ ਕਾਰਵਾਈ ੪੮ ਘੰਟੇ ਵਿਚ ਪੂਰੀ ਕਰ ਲੈਣਗੇ। ਤਦ ਤਕ ਉਸ ਦੇ ਸਰੀਰ ਦੇ ਸਾਰੇ ਸਿਸਟਮ ਨੂੰ ਵੈਂਟੀਲੇਟਰ ਰਾਹੀਂ ਚਲਦਾ ਰੱਖਿਆ ਜਾਵੇਗਾ।

ਘਰ ਆ ਕੇ ਸਾਰੇ ਜੀਆਂ ਨੂੰ ਇਸ ਸਾਰੇ ਕਾਸੇ ਤੋਂ ਜਾਣੂੰ ਕਰਾਇਆ ਗਿਆ। ਸਭ ਨੇ ਮਤਾ ਪਾਸ ਕੀਤਾ ਕਿ ਵਿਵੇਕ ਦੇ ਰੂਪ ਵਿਚ ਪ੍ਰਾਪਤ ਹੋਏ ਸ਼ਾਨਦਾਰ ਸਾਥ ਲਈ ਪ੍ਰਮਾਤਮਾ ਦਾ ਸ਼ੁਕਰਾਨਾ ਹੀ ਕੀਤਾ ਜਾਵੇਗਾ, ਕੋਈ ਰੋਣ ਵਿਰਲਾਪ ਨਹੀਂ ਕੀਤਾ ਜਾਵੇਗਾ। ਉਸ ਦੀਆਂ ਗੱਲਾਂ ਕੀਤੀਆਂ, ਪਰਸ਼ਾਦਾ ਛਕਿਆ। ਵੱਡੇ ਪਰਿਵਾਰ ਦੇ ਬਹੁਤੇ ਜੀਅ ਆਪੋ ਆਪਣੇ ਸੌਣ ਦੀਆਂ ਥਾਵਾਂ ਤੇ ਚਲੇ ਗਏ। ਬਾਕੀਆਂ ਨੇ ਹੋਰ ਗੱਲਾਂ ਕੀਤੀਆਂ। ਭਾਰਤ ਨਾਲੋਂ ਦਿਨ-ਰਾਤ ਦਾ ਫ਼ਰਕ ਹੋਣ ਕਰਕੇ ਸਾਨੂੰ ਨੀਂਦ ਨਹੀਂ ਆਈ, ਇਸ ਕਰਕੇ ਮੈਂ ਤੁਹਾਡੀ ਜਾਣਕਾਰੀ ਲਈ ਇਹ ਅੱਖਰ ਲਿਖ ਦਿੱਤੇ ਹਨ। ਸਾਡੇ ਜੋ ਜਾਣਕਾਰ ਫੇਸਬੁੱਕ ਤੇ ਨਹੀਂ ਹਨ ਉਨ੍ਹਾਂ ਨੂੰ ਪੜ੍ਹ ਕੇ ਸੁਣਾ ਦੇਣਾ।

ਆਪ ਸਭ ਨੂੰ ਬੇਨਤੀ ਹੈ ਕਿ ਸਾਡੀ ਇਸ ਮਨੋਦਸ਼ਾ ਨੂੰ ਬਣਾਈ ਰੱਖਣ ਲਈ ਸਾਡੀ ਸਹਾਇਤਾ ਕਰਨਾ। ਤੁਹਾਡੀ ਹਮਦਰਦੀ ਅਤੇ ਅਫ਼ਸੋਸ ਵਾਲੇ ਬੋਲ ਬਿਨ-ਬੋਲਿਆਂ ਸਾਡੇ ਤੱਕ ਪਹੁੰਚ ਰਹੇ ਹਨ। ਆਪਣੀ ਅਤੇ ਸਾਡੀ ਚੜ੍ਹਦੀ ਕਲਾ ਲਈ ਕਾਮਨਾ ਕਰਨਾ। ਵਿਵੇਕ ਸਬੰਧੀ ਜੇ ਕੋਈ ਚੰਗੀਆਂ ਗੱਲਾਂ/ਯਾਦਾਂ ਸਾਂਝੀਆਂ ਕਰਨ ਨੂੰ ਮਨ ਕਰਦਾ ਹੋਵੇ ਤਾਂ ਉਹ ਕਿਸੇ ਨਾ ਕਿਸੇ ਰੂਪ 'ਚ ਸਾਡੇ ਲਈ ਅਮਾਨਤ ਵਾਂਗ ਲਿਖ ਰੱਖਣਾ।

ਇਸ ਭਿਆਨਕ ਲਗਦੇ ਹਾਦਸੇ ਨੂੰ ਸਹਿਜਤਾ ਨਾਲ ਸਹਿਣ ਦੀ ਸ਼ਕਤੀ ਕਿਥੋਂ ਆਈ ਇਹ ਕਦੀ ਫਿਰ ਸਾਂਝਾ ਕਰਾਂਗੇ।

Comments

Security Code (required)



Can't read the image? click here to refresh.

Name (required)

Leave a comment... (required)





ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ