Sun, 08 September 2024
Your Visitor Number :-   7219738
SuhisaverSuhisaver Suhisaver

ਸੋਸ਼ਲ ਮੀਡੀਆ ਬਣਦਾ ਜਾ ਰਿਹਾ ਹੈ ਤੋਹਮਤਾਂ ਦਾ ਅਖਾੜਾ! - ਸ਼ੌਂਕੀ ਇੰਗਲੈਂਡੀਆ

Posted on:- 18-04-2014

ਫੇਸਬੁੱਕ ਅਤੇ ਹੋਰ ਸੋਸ਼ਲ ਮੀਡੀਆ ਪਤਾ ਨਹੀਂ ਸੰਸਾਰ ਨੂੰ ਕਿਸੇ ਪਾਸੇ ਵੱਲ ਲੈ ਜਾਵੇਗਾ? ਸ਼ੌਂਕੀ ਵਰਗੇ ਹਮਾਤੜ ਨੂੰ ਤਾਂ ਕੰਪਿੂਟਰ `ਤੇ ਪੰਜਾਬੀ ਟਾਈਪ ਕਰਨੀ ਹੀ ਬਹੁਤ ਮੁਸ਼ਕਲ ਆਈ ਸੀ। ਜਦ ਸ਼ੌਂਕੀ ਪੰਜਾਬੀ ਟਾੲਪਿੰਗ ਸਿੱਖ ਗਿਆ ਸੀ ਤਾਂ ਬਹੁਤ ਖੁਸ਼ ਸੀ। ਸ਼ੌਂਕੀ ਨੂੰ ਜਾਪਦਾ ਸੀ ਕਿ ਹੁਣ ਲਿਖਣਾ ਬਹੁਤ ਆਸਾਨ ਹੋ ਗਿਆ ਹੈ। ਹੁਣ ਗਲਤੀਆਂ ਦੇ ਸੁਧਾਰ ਵਾਸਤੇ ਵਾਰ ਵਾਰ ਲਿਖਣ ਦੀ ਲੋੜ ਨਹੀਂ ਹੈ, ਜਦ ਮਰਜ਼ੀ ਗਲਤੀ ਦਾ ਸੁਧਾਰ ਖਰ ਲਓ ਅਤੇ ਵਿਚਾਰਾਂ ਦਾ ਵਹਾਅ ਕਾਇਮ ਰੱਖਣ ਵਾਸਤੇ ਲਿਖਤ ਦਾ ਜਿਹੜਾ ਮਰਜ਼ੀ ਹਿੱਸਾ ਝੱਟ ਅੱਗੇ ਪਿੱਛੇ ਖਰ ਲਓ। ਜਿੱਥੇ ਕੜੀ ਟੁਟਦੀ ਜਾਪੇ ਉੱਥੇ ਗੰਢ ਮਾਰਨ ਵਾਸਤੇ ਚਾਰ ਸ਼ਬਦ ਹੋਰ ਜੋੜ ਦਿਓ।

ਜਦ ਸ਼ੌਂਕੀ ਕੰਪਿਊਟਰ `ਤੇ ਪੰਜਾਬੀ ਟਾਈਪਿੰਗ ਸਿੱਖ ਲਈ ਤਾਂ ਸ਼ੌਂਕਣ ਵੀ ਬਹੁਤ ਖੁਸ਼ ਹੋਈ ਸੀ। ਕਈ ਵਾਰ ਤਾਂ ਕੁਰਸੀ ਜੋੜ ਕੇ ਬੈਠ ਜਾਂਦੀ ਸੀ ਅਤੇ ਵਿਰਲੀ ਵਿਰਲੀ ਕੀਅ ਵੀ ਦੱਬ ਦਿੰਦੀ ਸੀ। ਫਿਰ ਜਦ ਸ਼ੌਂਕੀ ਲੇਖ ਤੇ ਲੇਖ ਟਾਈਪ ਕਰਨ ਲੱਗਾ ਤਾਂ ਅੱਕ ਕੇ ਕਿੜ ਕਿੜ ਬੰਦ ਕਰਨ ਦੀਆਂ ਨਸੀਅਤਾਂ ਦੇਣ ਲੱਗ ਪਈ ਸੀ। 10-12 ਕੁ ਸਾਲ ਪਹਿਲਾਂ ਸਥਾਨਕ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਦੀ ਕੰਧ ਮੂਹਦੇ ਮਾਰੇ ਦੁੱਧ ਵਾਲੇ ਖਾਲੀ ਕਰੇਟ `ਤੇ ਬੈਠੇ ਸ਼ੌਂਕੀ ਨੂੰ ਇੱਕ ਸੱਜਣ ਨੇ ਦੱਸਿਆ ਕਿ ਹੁਣ ਤਾਂ ਖ਼ਤ ਲਿਖਣ ਦੀ ਵੀ ਲੋੜ ਨਹੀਂ ਹੈ ਅਤੇ ਡਾਕ ਟਿਕਟਾਂ ਵੀ ਖਰਾਬ ਨਹੀਂ ਕਰਨੀਆਂ ਪੈਂਦੀਆਂ। ਡਾਕੀਏ ਦੀ ਵੀ ਉਡੀਕ ਨਹੀਂ ਕਰਨੀ ਪੈਂਦੀ ਅਤੇ ‘ਈਮੇਲ’ ਰਾਹੀਂ ਖ਼ਤ ਸਕਿੰਟਾਂ ਵਿੱਚ ਹੀ ਸੱਤ ਸਮੁੰਦਰ ਟੱਪ ਜਾਂਦਾ ਹੈ। ਸੁਣ ਕੇ ਸ਼ੌਂਕੀ ਦੰਗ ਰਹਿ ਗਿਆ ਸੀ ਅਤੇ ਇਸ ਬਾਰੇ ਹੋਰ ਸਵਾਲ ਕਰਨ ਲੱਗ ਪਿਆ ਸੀ।

ਸੱਜਣ ਜੀ ਨੇ ਸ਼ੌਂਕੀ ਨੂੰ ‘ਈਮੇਲ’ ਮਿੰਟਾਂ ਵਿੱਚ ਸਿਖਾਉਣ ਦੀ ਮੁਫ਼ਤ ਆਫ਼ਰ ਖਰ ਦਿੱਤੀ ਅਤੇ ਇਸ ਵਾਸਤੇ ਸ਼ੌਂਕੀ ਨੂੰ ਆਪਣੇ ਘਰ ਆਉਣ ਦਾ ਸੱਦਾ ਵੀ ਦੇ ਦਿੱਤਾ। ਸ਼ੌਂਕੀ ਨੂੰ ਪਤਾ ਸੀ ਕਿ ਸੱਜਣ ‘ਈਮੇਲ’ ਵੀ ਸਿਖਾਏਗਾ ਅਤੇ ਸੇਵਾ ਵੀ ਪੂਰੀ ਕਰੇਗਾ ਇਸ ਲਈ ਵਾਪਸ ਆਉਣ ਵਾਸਤੇ ਪੁਲਿਸ ਦੇ ਡਰੋਂ ਕਾਰ ਚਲਾਉਣ ਵਾਸਤੇ ਸ਼ੌਂਕਣ ਨੂੰ ਹੀ ਲੈ ਗਿਆ ਸੀ। ਸੱਜਣ ਜੀ ਨੇ ‘ਈਮੇਲ’ ਵੀ ਸਿਖਾਈ ਅਤੇ ਲਾਲਪਰੀ ਦੀਆਂ ਚੁੱਬੀਆਂ ਵੀ ਜੀ ਭਰ ਖੈ ਲਵਾਈਆਂ। ਦਿਨਾਂ ਵਿੱਚ ਹੀ ਸ਼ੌਂਕੀ ‘ਈਮੇਲ’ ਦਾ ਬਾਦਸ਼ਾਹ ਬਣ ਗਿਆ ਸੀ। ਸ਼ੌਂਕੀ ਇਹ ਨਹੀਂ ਸੀ ਜਾਣਦਾ ਕਿ ਗੱਲ ਇਸ ਤੋਂ ਵੀ ਅੱਗੇ ਨਿਕਲ ਚੁੱਕੀ ਹੈ ਅਤੇ ਤਕਨੀਕ ਆਸਮਾਨ ਨੂੰ ਟਾਕੀਆਂ ਲਗਾਉਣ ਲੱਗ ਪਈ ਹੈ। ਹੁਣ ਸ਼ੌਂਕੀ ਟੈਕਸਟਮੈਸਜ, ਫੇਸਬੁੱਕ, ਯੂਟਿਊਬ, ਟਵਿਟਰ, ਵਿਡੀਓ ਸਟਰੀਮ, ਵੱਟਸਐਪ ਅਤੇ ਹੋਰ ਕਈ ਕਿਸਮ ਦੇ ਨਾਮ ਸੁਣਦਾ ਰਹਿੰਦਾ ਹੈ ਜਿਹਨਾਂ ਨੇ ਸੰਸਾਰ ਨੂੰ ਇਕ ਪਿੰਡ ਬਣਾ ਦਿੱਤਾ ਹੈ।

ਹਾਲਤ ਇਹ ਬਣ ਗਈ ਹੈ ਕਿ ਅੱਜ ਝੂਠ-ਸੱਚ ਦਾ ਨਿਤਾਰਾ ਕਰਨਾ ਮੁਸ਼ਕਲ ਹੋ ਗਿਆ ਹੈ। ਕੁਝ ਲੋਕ ਕਹਿੰਦੇ ਹਨ ਕਿ ਸੁਖਾਲਾ ਹੋ ਗਿਆ ਹੈ। ਕੋਈ ਵੀ ਕਿਸਮ ਦਾ ਵਿਚਾਰ ਹੋਵੇ, ਹਰ ਕੋਈ ਆਪਣੇ ਆਪ ਨੂੰ ਸੱਚ ਪੁੱਤ ਦੱਸਦਾ ਹੈ ਅਤੇ ਇਹਨਾਂ ਸੋਸ਼ਲ ਸਾਈਟਾਂ `ਤੇ ਏਨਾ ਕੁਝ ਪਿਆ ਹੈ ਕਿ ਇਨਸਾਨ ਸੱਚ ਤਲਾਸ਼ਦਾ ਹੀ ਬੁੱਢਾ ਹੋ ਜਾਵੇਗਾ। ਇਹਨਾਂ ਸਾਈਟਾਂ ਅਤੇ ਸੋਸ਼ਲ ਮੀਡੀਆ `ਤੇ ਹਰ ਗੱਲ ਦਾ ਤੋੜ ਮਜੂਦ ਹੈ। ਹਰ ਕੋਈ ਆਪਣੇ ਆਪਣੇ ਥਾਂ ਸੱਚਾ ਹੈ। ਰਾਜਸੀ ਆਗੂ ਇਸ ਨਵੀਨ ਤਕਨੀਕ ਦੀ ਵਰਤੋਂ ਲੋਕਾਂ ਨੂੰ ਆਪਣੇ ਨਾਲ ਜੋੜਨ ਵਾਸਤੇ ਕਰਦੇ ਹਨ ਅਤੇ ਵਪਾਰੀ ਆਪਣਾ ਮਾਲ ਵੇਚਣ ਵਾਸਤੇ। ਚੋਰ ਅਤੇ ਠੱਗ ਇਸ ਨੂੰ ਠੱਗੀਆਂ ਮਾਰਨ ਵਾਸਤੇ ਵਰਤਦੇ ਹਨ। ਕਈ ਇਸ ਤਕਨੀਕ ਦੇ ਸਹਾਰੇ ਰਾਤੋ ਰਾਤ ਅਮੀਰ ਹੋ ਰਹੇ ਹਨ ਅਤੇ ਕਈ ਲੁੱਟੇ ਜਾ ਰਹੇ ਹਨ।

ਚੁਸਤ ਲੋਕ ਸੋਸ਼ਲ ਮੀਡੀਆ ਨੂੰ ਵਰਤ ਕੇ ਆਪਣੇ ਪਿੱਛੇ ਹਜ਼ਾਰਾਂ ਕਚਮਰੜਾਂ ਨੂੰ ਲਾਈ ਫਿਰਦੇ ਹਨ। ਵਿਰੋਧੀਆਂ ਨੂੰ ਬਦਨਾਮ ਕਰਨ ਵਾਸਤੇ ਵੀ ਸੋਸ਼ਲ ਸਾਈਟਾਂ ਵਰਤੀਆਂ ਜਾ ਰਹੀਆਂ ਹਨ ਅਤੇ ਦਹਿਸ਼ਤਗਰਦ ਵੀ ਆਪਣੇ ਸੁਨੇਹੇ ਇਹਨਾਂ ਰਾਹੀਂ ਅੱਗੇ ਪਹੁੰਚਾ ਰਹੇ ਹਨ। ਵੱਖ ਵੱਖ ਦੇਸ਼ਾਂ ਦੀ ਖੁਫੀਆ ਫੋਰਸਾਂ ਵੀ ਇਹਨਾਂ ਸਾਈਟਾਂ `ਤੇ ਨਜ਼ਰ ਰੱਖ ਰਹੀਆਂ ਹਨ ਜਿਸ ਕਰਕੇ ਅੱਜ ਦੇ ਸਟੇਟ ਦਾ ਖਰਚਾ ਵਧ ਗਿਆ ਹੈ ਅਤੇ ਲੋਕਾਂ `ਤੇ ਟੈਕਸ ਵਧਾਉਣ ਦਾ ਇਕ ਹੋਰ ਬਹਾਨਾ ਮਿਲ ਗਿਆ ਹੈ। ਖੁਫੀਆ ਫੋਰਸਾਂ ਇਸ ਹਥਿਆਰ ਨੂੰ ਆਪਣੀ ਲੜਾਈ ਲੜਨ ਵਾਸਤੇ ਵੀ ਵਰਤ ਰਹੀਆਂ ਹਨ। ਅਮਰੀਕਾ ਵਰਗਾ ਦੇਸ਼ ਇਹਨਾਂ ਰਾਹੀਂ ਆਪਣੇ ਦੋਸਤਾਂ ਦੀ ਵੀ ਜਾਸੂਸੀ ਕਰਦਾ ਰਹਿੰਦਾ ਹੈ। ਸੋਸ਼ਲ ਸਾਈਟਾਂ ਰਾਹੀਂ ਨਿੱਜੀ ਲੜਾਈਆਂ ਵੀ ਲੜੀਆਂ ਜਾ ਰਹੀਆਂ ਹਨ। ਇੱਕ ਸੱਜਣ ਨੇ ਦੱਸਿਆ ਕਿ ਵੈਨਕੂਵਰ ਵਿੱਚ ਮਹੀਨੇ ਕੁ ਭਰ ਤੋਂ ਫੇਸਬੁੱਕ `ਤੇ ਇਕ ਰੇਡੀਓ ਨਾਲ ਦੂਜਾ ਰੇਡੀਓ ਲੜਾਈ ਲੜ ਰਿਹਾ ਹੈ। ਪੰਜਾਬ ਵਿੱਚ ਬੈਠਾ ਇਕ ‘ਸੱਚਪੁੱਤ’ ਵੀ ਇਸ ਰਾਹੀਂ ਵਿਰੋਧੀਆਂ ਨੂੰ ਬੁਰਾ ਭਲਾ ਲਿਖ ਅਤੇ ਲਿਖਵਾ ਰਿਹਾ ਹੈ। ਸ਼ੌਂਕੀ ਸ਼ੁਕਰ ਕਰਦਾ ਹੈਕਿ ਸ਼ੌਂਕੀ ਨੇ ਫੇਸਬੁੱਕ ਵਰਗੇ ਸੋਸ਼ਲ ਮੀਡੀਆ ਨੂੰ ਵਰਤਣਾ ਸਿੱਖਿਆ ਹੀ ਨਹੀਂ ਹੈ। ਸਿੱਖ ਲੈਂਦਾ ਤਾਂ ਐਵੇਂ ਹੋਰ ਲੜਾਈਆਂ ਗਲ਼ ਪੈ ਜਾਇਆ ਕਰਨੀਆਂ ਸਨ।

ਹਾਲ ਦੀ ਘੜੀ ਸ਼ੌਂਕੀ “ਆ ਬੈਲ ਮੁਝੇ ਮਾਰ” ਤੋਂ ਭੱਜ ਗਿਆ ਹੈ। ਇਸ ਹਫ਼ਤੇ ਇਕ ਖ਼ਬਰ ਬਰਤਾਨੀਆਂ ਤੋਂ ਪੜ੍ਹਨ ਨੂੰ ਮਿਲੀ ਹੈ ਜਿਸ ਮੁਤਾਬਿਕ ਅਦਾਲਤ ਨੇ ਲੜਾਈ ਦੇ ਦੋਸ਼ ਵਿੱਚ ਤਿੰਨ ਬਰਤਾਨਵੀ ਸਿੱਖਾਂ ਨੂੰ ਸਜ਼ਾ ਸੁਣਾਈ ਹੈ। ਵਿਸਥਾਰ ਪੜ੍ਹ ਕੇ ਪਤਾ ਲੱਗਿਆ ਕਿ ਇਹਨਾਂ ਦੀ ਲੜਾਈ ਦੀ ਜੜ੍ਹ ਫੇਸਬੁੱਕ ਸੀ। ਧੋਵਾਂ ਧਿਰਾਂ ਦਾ ਸਬੰਧ ਦੋ ਵੱਖ ਵੱਖ ਗੁਰਦਵਾਰਿਆਂ ਨਾਲ ਹੈ। ਇੱਕ ਧਿਰ ਦਾ ਸਬੰਧ ਐਕਸਾਲ ਵਾਰਵਿਕਸ਼ਾਇਰ ਵਿੱਚ ਬਾਬਾ ਵਡਭਾਗ ਸਿੰਘ ਗੁਰਦੁਆਰੇ ਨਾਲ ਹੈ ਅਤੇ ਦੂਜੀ ਧਿਰ ਦਾ ਸਬੰਧ ਦੁਖ ਨਿਵਾਰਨ ਗੁਰਦੁਆਰੇ ਨਾਲ ਹੈ। ਦੋਵਾਂ ਧਿਰਾਂ ਵਿਚਕਾਰ ਫਸੇਬੁੱਕ `ਤੇ ਨੋਕਝੋਕ ਸ਼ੁਰੂ ਹੋ ਗਈ। ਇੱਕ ਦੂਜੇ ਨੂੰ ਫੇਸਬੁੱਕ ਤੋਂ ਗਲਤ ਟਿੱਪਣੀਆਂ ਹਟਾਉਣ ਦੀਆਂ ਚੇਤਾਵਨੀਆਂ ਦਿੱਤੀਆ ਜਾਣ ਲੱਗ ਪਈਆਂ। ਇਹ ਨੋਕਝੋਕ ਦਿਨੋ ਦਿਨ ਗਰਮ ਹੁੰਦੀ ਗਈ ਅਤੇ ਫਿਰ ਦੋਵੇਂ ਧਿਰਾਂ ਆਹਮਣੇ ਸਾਹਮਣੇ ਹੋ ਗਈਆਂ। ਇੱਕ ਗੁਰਦੁਆਰੇ ਸਬੰਧੀ ਫੇਸਬੁੱਕ ਉੱਤੇ ਕੀਤੀ ਟਿੱਪਣੀ ਤੋਂ ਖਫ਼ਾ ਤਿੰਨ ਸਿੱਖ ਸ਼ਰਧਾਲੂਆਂ ਵੱਲੋਂ ਇਕ ਹੋਰ ਸਿੱਖ ਉੱਤੇ ਜਾਨਲੇਵਾ ਹਮਲਾ ਕਰ ਦਿੱਤਾ ਗਿਆ।

ਧੋਵਾਂ ਧਿਰਾਂ ਵਿਚਕਾਰ ਕੁੱਟ ਕੁਟਾਪਾ ਹੋਇਆ। ਪੁਲਿਸ ਆਈ ਅਤੇ ਜਦ ਸੀਸੀਟੀਵੀ ਫੁਟੇਜ ਵੇਖੀ ਗਈ ਤਾਂ ਇਹ ਵੀ ਵੇਖਣ ਨੂੰ ਮਿਲਿਆ ਕਿ ਕੁਟ ਕੁਟਾਪੇ ਵਿੱਚ ਇਕ ਸਿੱਖ ਦੀ ਪਗੜੀ ਵੀ ਉਤਰ ਗਈ। ਅਦਾਲਤ ਨੇ ਗੁਰਿੰਦਰਜੀਤ ਸਿੰਘ, ਸੰਤੋਖ ਸਿੰਘ ਸਹੋਤਾ ਅਤੇ ਹਰਕੰਤ ਸਿੰਘ ਸਹੋਤਾ ਨੂੰ ਜੁਝਾਰ ਸਿੰਘ ਫਲੋਰਾ ਉੱਤੇ ਹਮਲੇ ਲਈ ਦੋਸ਼ੀ ਮੰਨਦਿਆਂ ਹਰ ਇਕ ਨੂੰ ਪੰਜ ਪੰਜ ਸੌ ਪੌਂਡ ਦਾ ਜ਼ੁਰਮਾਨਾ ਤੇ ਦੋ ਦੋ ਸੌ ਘੰਟੇ ਸਮਾਜ ਸੇਵੀ ਕੰਮ ਕਰਨ ਦੀ ਸਜ਼ਾ ਸੁਣਾਈ ਹੈ। ਇਹ ਕੁਝ ਫੇਸ ਬੁੱਕ ਰਾਹੀਂ ਹੋ ਸਕਦਾ ਹੈ। ਦੋ ਗੁਰਦਵਾਰਿਆਂ ਨਾਲ ਸਬੰਧਤ ਦੋ ਸਿੱਖ ਧੜਿਆਂ ਵਿਚਕਾਰ ਹੋਈ ਲੜਾਈ ਵਿੱਚ ਇਕ ਸਿੱਖ ਦੀ ਪਗੜੀ ਉਤਰ ਗਈ। ਇਹ ਖ਼ਬਰ ਹੁਣ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਤੱਕ ਵੀ ਅੱਪੜ ਗਈ ਹੋਵੇਗੀ ਪਰ ਗਿਆਨੀ ਗੁਰਬਚਨ ਸਿੰਘ ਜੀ ਦਾ ਅਜੇ ਕੋਈ ਬਿਆਨ ਨਹੀਂ ਆਇਆ। ਜਥੇਦਾਰ ਮੱਕੜ ਸਿੰਘ ਜੀ ਵੀ ਅਜੇ ਖਾਮੋਸ਼ ਹਨ। ਦੋਵਾਂ ਧੜਿਆਂ ਦੇ ਆਗੂ ਜੋ ਲੜੇ ਹਨ ਉਹ ਅੰਮ੍ਰਿਤਧਾਰੀ ਵੀ ਹੋ ਸਕਦੇ ਹਨ। ਪਰ ਦੋ ਹਫ਼ਤੇ ਪਹਿਲਾਂ ਜਦ ਅੰਮ੍ਰਿਤਸਰ ਵਿੱਚ ਕੁਝ ਨੌਜਵਾਨਾਂ ਵਿਚਕਾਰ ਤਕਰਾਰ ਹੋ ਗਿਆ ਸੀ ਅਤੇ ਇਕ ਅੰਮ੍ਰਿਤਧਾਰੀ ਨੌਜਵਾਨ ਦੀ ਪਗੜੀ ਉਤਰ ਗਈ ਸੀ ਤਾਂ ਕਈ ਜਥੇਦਾਰਾਂ ਦੇ ਬਿਆਨ ਆ ਗਏ ਸਨ।

ਕਸੂਰਵਾਰਾਂ ਦੀ ਤੁਰਤ ਗ੍ਰਿਫ਼ਤਾਰੀ ਦੀ ਮੰਗ ਕਰ ਦਿੱਤੀ ਗਈ ਸੀ। ਸਿੱਖੀ ਨੂੰ ਬਹੁਤ ਵੱਡਾ ਖਤਰਾ ਖੜ ਗਿਆ ਸੀ। ਸਿੱਖਾਂ ਦੀ ਆਪਣੀ ਸਰਕਾਰ ਦੀ ਪੁਲਿਸ ਹਰਕਤ ਵਿੱਚ ਆ ਗਈ ਸੀ ਕਿਉਂਕਿ ਚੋਣਾਂ ਦਾ ਵੇਲਾ ਹੈ ਅਤੇ ਵੋਟਾਂ ਬਣਾਉਣ ਵਾਸਤੇ ਸਭ ਕੁਝ ਕਰਨਾ ਪੈਂਦਾ ਹੈ। ਕਿਸੇ ਨੇ ਇਹ ਨਹੀਂ ਪੁੱਛਿਆ ਕਿ ਲੜਾਈ ਸ਼ੁਰੂ ਕਰਨ ਵਿੱਚ ਕਸੂਰ ਕਿਸ ਦਾ ਹੈ? ਕਿਉਂਕਿ ਇਕ ਪਾਸੇ ਸਿੱਖ ਸੀ ਅਤੇ ਦੂਜੇ ਪਾਸੇ ਦਲਿਤ ਨੌਜਵਾਨ ਸਨ, ਜਿਸ ਕਾਰਨ ਗੁਨਾਹ ਸਿੱਖ ਵਾਲੇ ਪਾਸੇ ਝੱਟ ਪੈ ਗਿਆ।

ਕੁਝ ਦਿਨ ਪਹਿਲਾਂ 3 ਅਪਰੈਲ ਨੂੰ ਇਕ ਹੋਰ ਖ਼ਬਰ ਆਈ ਹੈ ਕਿ ਨਾਭਾ ਦੇ ਕੋਰਟ ਕੰਪਲੈਕਸ `ਚ ਕਿਸੇ ਕੇਸ ਮੌਕੇ ਜੱਜ ਸਾਹਮਣੇ ਦੋ ਵਕੀਲਾਂ ਦੀ ਹੁੰਦੀ ਬਹਿਸ ਦੌਰਾਨ ਇੱਕ ਅੰਮ੍ਰਿਤਧਾਰੀ ਗੁਰਸਿੱਖ ਲੜਕੀ ਭੁਪਿੰਦਰ ਕੌਰ ਨੂੰ ਦੂਸਰੀ ਧਿਰ ਦੇ ਵਕੀਲ ਵੱਲੋਂ ਥੱਪੜ ਮਾਰ ਦਿੱਤਾ ਗਿਆ। ਇਹ ਪਤਾ ਨਹੀਂ ਲੱਗ ਸਕਿਆ ਕਿ ਦੋਵੇਂ ਧਿਰਾਂ ਹੀ ਸਿੱਖ ਹਨ ਜਾਂ ਕਥਿਤ ਪੀੜ੍ਹਤ ਧਿਰ ਹੀ ਸਿੱਖ ਹੈ? ਇਹ ਵੀ ਨਹੀਂ ਦੱਸਿਆ ਗਿਆ ਕਿ ਦੋਵੇਂ ਧਿਰਾਂ ਹੀ ਵਕੀਲ ਹਨ ਜਾਂ ਪੀੜ੍ਹਤ ਸਧਾਰਨ ਲੜਕੀ ਹੈ? ਪਰ ਜਥੇਦਾਰ ਅਵਤਾਰ ਸਿੰਘ ਮੱਕੜ ਪ੍ਰਧਾਨ ਸ਼੍ਰੋਮਣੀ ਕਮੇਟੀ ਨੇ ਅੰਮ੍ਰਿਤਧਾਰੀ ਗੁਰਸਿੱਖ ਲੜਕੀ ਦੇ ਥੱਪੜ ਮਾਰਨ ਵਾਲੇ ਵਕੀਲ ਖਿਲਾਫ਼ ਕੇਸ ਦਰਜ ਕਰਨ ਦੀ ਮੰਗ ਕਰ ਦਿੱਤੀ ਹੈ। ਵਾਧਾ ਤਾਂ ਕਿਸੇ ਨਾਲ ਵੀ ਨਹੀਂ ਹੋਣਾ ਚਾਹੀਦਾ। ਅਗਰ ਕਿਸੇ ਮਰਦ ਨੇ ਕਿਸੇ ਔਰਤ ਦੇ ਅਦਾਲਤ ਵਿੱਚ ਥੱਪੜ ਮਾਰਿਆ ਹੈ ਤਾਂ ਇਹ ਵੱਡੀ ਕੁਤਾਹੀ ਹੈ ਅਤੇ ਦੋਸ਼ੀ ਖਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ। ਅਗਰ ਪੀੜ੍ਹਤ ਲੜਕੀ ਅੰਮ੍ਰਿਤਧਾਰੀ ਗੁਰਸਿੱਖ ਨਾ ਹੁੰਦੀ ਤੱਦ ਵੀ ਇਹ ਗ਼਼ਲਤ ਸੀ ਅਤੇ ਹੁਣ ਵੀ ਗ਼਼ਲਤ ਹੈ। ਪਰ ਸਾਡੇ ਆਗੂ ਕਸੂਰ ਦੀ ਦਰ ਧਰਮ ਦੇ ਪੈਮਾਨੇ ਨਾਲ ਮਾਪਦੇ ਹਨ ਹਨ ਇਨਸਾਫ਼ ਅਤੇ ਇਨਸਾਨੀ ਪੈਮਾਨੇ ਨਾਲ ਨਹੀਂ ਮਾਪਦੇ।

ਬਰਤਾਨੀਆਂ ਵਾਲੇ ਕੇਸ ਵਿੱਚ ਇਕ ਸਿੱਖ ਦੀ ਪਗੜੀ ਉਤਰ ਜਾਣ ਦੇ ਬਾਵਜੂਦ ਕਿਸੇ ਜਥੇਦਾਰ ਦਾ ਬਿਆਨ ਨਹੀਂ ਆਇਆ। ਅਗਰ ਇਟਲੀ ਵਿੱਚ ਕਿਸੇ ਏਅਰਪੋਰਟ `ਤੇ ਸਕਿਊਰਟੀ ਚੈੱਕ ਕਰਨ ਸਮੇਂ ਕਿਸੇ ਸਿੱਖ ਨੂੰ ਸਤਿਕਾਰ ਨਾਲ ਪਗੜੀ ਉਤਾਰਨ ਦੀ ਬੇਨਤੀ ਵੀ ਕੀਤੀ ਜਾਂਦੀ ਅਤੇ ਉਹ ਵੀ ਇਕ ਬੰਦ ਕਮਰੇ ਵਿੱਚ, ਤਾਂ ਬਿਆਨਾਂ ਦਾ ਹੜ੍ਹ ਆ ਜਾਣਾ ਸੀ। ਵੱਡੇ ਵੱਡੇ ਜਥੇਦਾਰਾਂ ਨੇ ਭਾਰਤ ਦੇ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਨੂੰ ਕੋਸਣ ਲੱਗ ਜਾਣਾ ਸੀ ਜਿਸ ਦੇ ਰਾਜ ਵਿੱਚ ਕਿਸੇ ਵਿਦੇਸ਼ੀ ਏਅਰਪੋਰਟ `ਤੇ ਸਕਿਊਰਟੀ ਵਾਸਤੇ ਕਿਸੇ ਸਿੱਖ ਨੂੰ ਪਗੜੀ ਉਤਾਰਨ ਦੀ “ਬੇਨਤੀ” ਕੀਤੀ ਗਈ ਹੈ। ਚੋਣਾਂ ਦਾ ਵਕਤ ਹੈ ਜਥੇਦਾਰਾਂ ਦੀ ਸੁਣ ਕੇ ਬਾਦਲਾਂ ਨੇ ਵੀ ਮਨਮੋਹਣ ਸਿੰਘ ਅਤੇ ਕਾਂਗਰਸ ਦੇ ਖਿਲਾਫ਼ ਬਿਆਨ ਦਾਗ ਦੇਣੇ ਸਨ। ਬਾਦਲਾਂ ਵੱਲ ਵੇਖ ਕੇ ਭਾਜਪਾ ਨੇ ਵੀ ਮਨਮੋਹਣ ਸਿੰਘ ਨੂੰ ਕੋਸਣ ਲੱਗ ਪੈਣਾ ਸੀ।

ਸ਼ੌਂਕੀ ਜਥੇਦਾਰਾਂ ਨੂੰ ਬੇਨਤੀ ਕਰੇਗਾ ਕਿ ਬਰਤਾਨੀਆਂ ਵਿੱਚ ਦੋ ਸਿੱਖ ਧੜਿਆਂ ਵਿਚਕਾਰ ਤਕਰਾਰ ਫੇਸਬੁੱਕ ਕਾਰਨ ਹੋਇਆ ਹੈ ਤੇ ਇਕ ਦੀ ਪਗੜੀ ਲੱਥੀ ਹੈ। ਘੱਟੋ ਘੱਟ ਫੇਸਬੁੱਕ ਦੇ ਖਿਲਾਫ਼ ਹੀ ਇਕ ਬਿਆਨ ਦਾਗ ਦਿਓ! ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਦੀ ਲਾਹੀ ਗਈ ਪਗੜੀ ਦੇ ਮਾਮਲੇ ਵਿੱਚ ਵੀ ਜਥੇਦਾਰ ਖਾਮੋਸ਼ ਰਹੇ ਸਨ। ਸ਼ਾਇਦ ਸਿੱਖਾਂ ਨੂੰ ਇਕ ਦੂਜੇ ਦੀਆਂ ਪੱਗੜੀਆਂ ਲਾਹੁਣ ਦੀ ਖੁੱਲ ਹੈ!

Comments

Security Code (required)



Can't read the image? click here to refresh.

Name (required)

Leave a comment... (required)





ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ