Thu, 12 September 2024
Your Visitor Number :-   7220802
SuhisaverSuhisaver Suhisaver

ਦੇਸੀ ਸ਼ਬਦ ਦੀ ਸਾਰਥਕਤਾ - ਬੱਗਾ ਸਿੰਘ

Posted on:- 04-05-2016

suhisaver

ਸੰਨ 1920 ’ਚ ਜਦੋਂ ਮਹਾਤਮਾ ਗਾਂਧੀ ਜੀ ਨੇ ਨਾ-ਮਿਲਵਰਤਨ ਅੰਦੋਲਨ ਚਲਾ ਕੇ ਗੁਲਾਮੀ ਦੀਆਂ ਜੰਜ਼ੀਰਾਂ ’ਚ ਜਕੜੀ ਦੇਸ਼ ਦੀ ਜਨਤਾ ਨੂੰ ਬ੍ਰਿਟਿਸ਼ ਹਕੂਮਤ ਦੀਆਂ ਵਸਤੂਆਂ ਨੂੰ ਨਾ ਖਰੀਦਣ ਅਤੇ ਆਪਣਾ ਸੂਤ ਕੱਤਣ ਅਤੇ ਘਰੇ ਦੇਸੀ ਕੱਪੜਾ ਤਿਆਰ ਕਰਕੇ ਵਰਤਣ ਲਈ ਅੰਦੋਲਨ ਚਲਾਇਆ ਸੀ ਤਾਂ ਗੋਰਿਆਂ ਵੀ ਉਨ੍ਹਾਂ ਦਾ ਲੋਹਾ ਮੰਨਿਆ। ਇੱਥੇ ਗਾਂਧੀ ਜੀ ਦੀ ਸੋਚ ਸੀ ਕਿ ਭਾਵੇਂ ਲੋਕ ਅੰਗਰੇਜ਼ੀ ਹਕੂਮਤ ਦੇ ਗੁਲਾਮ ਹਨ ਪਰ ਉਨ੍ਹਾਂ ਦੀ ਮਾਨਸਿਕਤਾ ਗੁਲਾਮ ਨਹੀਂ ਹੋਣੀ ਚਾਹੀਦੀ। ਖੈਰ, ਯੋਧਿਆਂ, ਸੂਰਵੀਰਾਂ ਦੀ ਜੰਗ ਅੱਗੇ ਗੋਰੇ ਬਹੁਤਾ ਚਿਰ ਨਾ ਟਿਕ ਸਕੇ, ਅੰਦੋਲਨਾਂ ਅਤੇ ਬਲੀਦਾਨਾਂ ਦੀ ਬਦੌਲਤ ਸਾਡਾ ਦੇਸ਼ ਆਜ਼ਾਦ ਹੋ ਗਿਆ।

ਅੱਜ ਹਰ ਭਾਰਤੀ ਨਾਗਰਿਕ ਅਜ਼ਾਦੀ ਦੀ ਖੁੱਲ੍ਹੀ ਫਿਜ਼ਾ ’ਚ ਬੇਫ਼ਿਕਰ ਉਡਾਰੀ ਮਾਰ ਰਿਹੈ। ਪਰ ਇੱਕ ਸ਼ਬਦ ਜੋ ਸਾਡੇ ਜਿਹਨ ’ਚ ਘਰ ਕਰ ਚੁੱਕਿਆ ਹੈ ਜਿਸ ਨੂੰ ਸੁਣ ਕੇ ਸ਼ਾਇਦ ਕਈ ਲੋਕ ਇਸ ਤੋਂ ਕੰਨੀ ਕਤਰਾਉਦੇ ਤੇ ਇਸ ਨਾਂਅ ਨਾਲ ਜੁੜੀ ਕੋਈ ਵਸਤੂ ਨਾਲ ਜੁੜਨਾ ਪਸੰਦ ਨਹੀਂ ਕਰਦੇ। ਭਲਾਂ ਕੀ ਹੋ ਸਕਦਾ ਹੈ ਉਹ। ਚਲੋ ਦੱਸ ਦਿੰਦੇ ਹਾਂ, ਉਹ ਹੈ ‘ਦੇਸੀ’। ਇੱਕ ਵੇਰਾਂ ਤਾਂ ਮੱਥਾ ਠਣਕ ਜਾਂਦੈ ਇਸ ਸ਼ਬਦ ਨੂੰ ਸੁਣ ਕੇ।

ਅਕਸਰ ਹੀ ਲੋਕਾਂ ਨੂੰ ਕਹਿੰਦੇ ਸੁਣਿਆ ਜਾਂਦਾ ਹੈ ਕਿ ਛੱਡੋ ਜੀ ਫਲਾਂ ਚੀਜ਼ ਤਾਂ ਦੇਸੀ ਹੈ ਜੀ, ਕੀ ਕਰਨੀ ਐ। ਜਾਂ ਆਮ ਹੀ ਨੌਜਵਾਨ ਇੱਕ-ਦੂਜੇ ਨੂੰ ਪੁੱਛਦੇ ਹਨ ਬਈ! ਤੂੰ ਜਿਹੜੇ ਕੱਲ੍ਹ ਕੱਪੜੇ, ਬੂਟ ਲੈ ਕੇ ਆਇਆਂ, ਕਿਹੜੀ ਬ੍ਰਾਂਡ ਦੇ ਨੇ ਜਾਂ ਦੇਸੀ ਤਾਂ ਨਹੀਂ। ਜਿਹੜੀ ਚੀਜ਼ ’ਤੇ ‘ਦੇਸੀ’ ਦਾ ਟੈਗ ਲੱਗਾ ਹੋਵੇ ਉਸ ਤੋਂ ਇੰਜ ਭੱਜਦੇ ਹਨ ਜਿਵੇਂ ਤੀਰ ਤੋਂ ਕਾਂ। ਜਾਂ ਇੰਜ ਕਹਿ ਲਓ ‘ਦੇਸੀ’ ਚੀਜ਼ ਤੋਂ ਲੋਕ ਮੂੰਹ ਚਿੜਾਉਦੇ ਹਨ। ਹਰ ਕੋਈ, ਨੌਜਵਾਨ, ਬੱਚੇ ਤੇ ਕੀ ਬਜ਼ੁਰਗ ਵਿਦੇਸ਼ੀ ਬ੍ਰਾਂਡ ਹੀ ਭਾਲਦੇ ਨੇ। ਕੀ ਇਹ ਮਾਨਸਿਕ ਗੁਲਾਮੀ ਦਾ ਪ੍ਰਤੀਕ ਤਾਂ ਨਹੀਂ। ਖੈਰ, ਸਾਡੇ ਪਿੰਡ ਦੇ ਇੱਕ ਬਜ਼ੁਰਗ ਦੀ ਹੀ ਗੱਲ ਲੈ ਲਓ, ਉਹ ਬਾਜ਼ਾਰੋਂ ਇੱਕ ਰੇਡੀਓ ਲੈਣ ਗਿਆ। ਦੁਕਾਨ ’ਤੇ ਜਾ ਕੇ ਉਸ ਨੇ ਆਖਿਆ ਬਈ! ਵਧੀਆ ਜਿਹਾ ਰੇਡੀਓ ਵਿਖਾਓ। ਦੁਕਾਨਦਾਰ ਨੇ ਅੱਗੋਂ ਪੰਜ-ਸੱਤ ਰੇਡੀਓ ਕੱਢ ਧਰੇ। ਕਿੰਨੇ-ਕਿੰਨੇ ਦੇ ਹਨ ਸਾਰਿਆਂ ਦਾ ਰੇਟ ਦੱਸ ਦਿੱਤਾ। ਬਜ਼ੁਰਗ ਕਹਿੰਦਾ ਇਹ ਤਾਂ ਬੜੇ ਮਹਿੰਗੇ ਨੇ। ਅੱਗੋਂ ਲਾਲਾ ਜੀ ਨੇ ਆਖਿਆ ਤਾਇਆ ਜੀ, ਆਹ ‘ਦੇਸੀ’ ਲੈ ਜਾਓ ਨਾਲ ਵਧੀਆ ਚੱਲੂ ਨਾਲੇ ਸਸਤਾ ਐ। ਬਜ਼ੁਰਗ ਨੇ ਨੱਕ ਜਿਹਾ ਚੜ੍ਹਾ ਕੇ ਕਿਹਾ ਲਾਲਾ ਜੀ ਮੈਂ ਵੀ ਪੁਰਾਣੇ ਜ਼ਮਾਨੇ ਦੀਆਂ ਦੋ ਪੜ੍ਹਿਆਂ, ਦੇਸੀ-ਦੂਸੀ ਕੋਈ ਨਹੀਂ ਚੱਲਣਾ, ਤੂੰ ਮੈਨੂੰ ਆਹੀ ਦੇ ਦੇ ਭਾਵੇਂ ਚਾਰ ਛਿੱਲੜ ਵੱਧ ਲੈ ਲਾ। ਦੇਸੀ ਨਹੀਂ ਲਿਜਾਣਾ। ਇਹੀ ਧਾਰਨਾ ਤੇ ਮਾਨਸਿਕਤਾ ਸ਼ਾਇਦ ਸਾਡੀ ਵੀ ਹੈ ਕਿ ‘ਦੇਸੀ’ ਚੀਜ਼ ਵੀ ਵਿਚਾਰੀ ਇੰਨੀ ਕੁ ਬਦਨਾਮ ਹੈ, ਬੱਸ ਪੁੱਛੋ ਨਾ।

ਪਰ ਕੀ ਅਸੀਂ ਇਸ ‘ਦੇਸੀ’ ਸ਼ਬਦ ਦੀ ਸਾਰਥਕਤਾ ਬਾਰੇ ਕਦੇ ਪੁਣਛਾਣ ਕੀਤੀ ਐ। ਜੋ ਵਿਚਾਰਾ ਇੰਨਾ ਕੇਦਾਂ ਹੀ ਬਦਨਾਮ ਐ। ਪਿਛਲੇ ਦਿਨੀਂ ਰੱਖਿਆ ਮੰਤਰੀ ਮਨੋਹਰ ਪਾਰਿਕਰ ਦਾ ਬਿਆਨ ਆਇਆ ਸੀ ਕਿ ਸਾਡੇ ਦੇਸ਼ ਦੇ 64 ਫੀਸਦੀ ਰੱਖਿਆ ਉਤਪਾਦ ਦੇਸੀ ਹਨ ਭਾਵ ਸਾਡੇ ਦੇਸ਼ ’ਚ ਹੀ ਨਿਰਮਤ ਕੀਤੇ ਗਏ ਹਨ ਜਿਨ੍ਹਾਂ ਦਾ ਕੋਈ ਮੁਕਾਬਲਾ ਨਹੀਂ ਕਰ ਸਕਦਾ। ਖਲੋਜੋ! ਇੱਕ ਮਿੰਟ ਸੋਚੋ, ਕੀ ਸਾਨੂੰ ਉਸ ’ਤੇ ਭਰੋਸਾ ਨਹੀਂ। ਦੂਜੇ ਦੇਸ਼ਾਂ ’ਤੇ ਨਿਰਭਰਤਾ ਇੱਕ ਵੱਖਰਾ ਮੁੱਦਾ ਹੈ।
ਦੂਜੀ ਗੱਲ, ਸਾਡੇ ਦੇਸ਼ ਦੇ ਇਸਰੋ (ਭਾਰਤੀ ਪੁਲਾੜ ਖੋਜ ਕੇਂਦਰ) ਨੇ ਮੰਗਲ ’ਤੇ ਉਪਗ੍ਰਹਿ (ਮਾਰਸ ਓਰਬਿਟਰ ਮਿਸ਼ਨ) ਭੇਜਣ ’ਚ ਪਹਿਲੇ ਹੱਲੇ ਹੀ ਸਫ਼ਲਤਾ ਪ੍ਰਾਪਤ ਕੀਤੀ ਜਿਸ ਨਾਲ ਭਾਰਤ ਦੁਨੀਆ ਦਾ ਪਹਿਲਾ ਦੇਸ਼ ਬਣ ਗਿਆ ਹੈ ਜਿਸ ਨੇ ਪਹਿਲੀ ਵਾਰ ਹੀ ਉਪਗ੍ਰਹਿ ਛੱਡਿਆ ਤੇ ਸਫਲਤਾ ਪ੍ਰਾਪਤ ਕੀਤੀ। ਕੀ ਇਹ ਦੇਸੀ ਨਹੀਂ? ਹੋਰ ਤਾਂ ਹੋਰ ਹਾਲੇ ਇੱਕ ਦੋ ਦਿਨ ਵੀ ਨਹੀਂ ਹੋਏ ਸਾਡਾ ਖੁਦ ਦਾ ਜੀਪੀਐੱਸ ਸਿਸਟਮ ਵੀ ਹੋਵੇਗਾ ਜੋ ਕੁੱਲ ਮਿਲਾ ਕੇ ‘ਦੇਸੀ’ ਹਨ। ਕੀ ਤੁਸੀਂ ਉਸ ’ਤੇ ਦੀ ਕਾਰਜ ਸਮਰੱਥਾ ’ਤੇ ਭਰੋਸਾ ਜਾਂ ਯਕੀਨ ਨਹੀਂ ਕਰ ਸਕਦੇ। ਭਾਰਤ ਸਰਕਾਰ ਨੇ ਵੀ ‘ਦੇਸੀ’ ਦੀ ਸ਼ਕਤੀ ਨੂੰ ਸਮਝਿਆ ਤੇ ਉਸ ਨੇ ਵੀ ‘ਸਕਿੱਲ ਇੰਡੀਆ’ ਅਤੇ ‘ਮੇਕ ਇੰਨ ਇੰਡੀਆ’ ਰਾਹੀਂ ਇਸ ਦੀ ਸਾਰਥਤਾ ਨੂੰ ਸਿੱਧ ਕਰਨ ਦਾ ਕਾਰਜ ਆਰੰਭ ਕੀਤਾ ਹੋਇਆ ਹੈ। ਜੋ ਦੇਸ਼ ’ਚੋਂ ਹੀ ਨੌਜਵਾਨਾਂ ਦੇ ਸਕਿੱਲ ਨੂੰ ਵਿਸ਼ਵ ਭਰ ’ਚ ਲਿਜਾਣ ਦਾ ਅਹਿਮ ਜ਼ਰੀਆ ਹੈ।

ਹਾਲ ਹੀ ਦੇ ਸਾਲਾਂ ਦੇ ਵੇਰਵਿਆਂ ਅਨੁਸਾਰ ਭਾਰਤ ਪੈਟਰੋਲੀਅਮ ਦੇ ਕੁੱਲ ਨਿਰਯਾਤ ਦਾ 20 ਫੀਸਦੀ ਏਸ਼ੀਆ ਨੂੰ ਨਿਰਯਾਤ ਕਰਦਾ ਹੈ। ਇਸ ਤੋਂ ਇਲਾਵਾ ਇੰਜੀਨੀਅਰਿੰਗ ਨਾਲ ਜੁੜੀਆਂ ਵਸਤਾਂ, ਕੈਮੀਕਲ ਤੇ ਦਵਾਈ ਉਤਪਾਦ, ਕੱਪੜੇ, ਖੇਤੀਬਾੜੀ ਅਤੇ ਸਹਾਇਕ ਉਤਪਾਦ ਰਤਨ ਤੇ ਗਹਿਣੇ ਆਦਿ ਬਾਹਰ ਭੇਜੇ ਜਾਂਦੇ ਹਨ ਫਿਰ ਇਹ ਤਾਂ ਸਾਰੇ ਦੇਸੀ ਹੋਏ ਨਾ। ਦੂਜੇ ਦੇਸ਼ ਵੀ ਤਾਂ ਇਨ੍ਹਾਂ ਨੂੰ ਤਰਜ਼ੀਹ ਦੇ ਅਧਾਰ ’ਤੇ ਭਾਰਤ ’ਚੋਂ ਮੰਗਵਾਉਦੇ ਹਨ।

ਅਸੀਂ ਨਿੱਤ ਅਖ਼ਬਾਰਾਂ, ਵਿਦੇਸ਼ਾਂ ’ਚ ਕੰਮ ਲਈ ਕਾਰਪੇਂਟਰ, ਪਲੰਬਰ, ਡਰਾਈਵਰ, ਉਸਰੱਈਏ ਤੇ ਹੋਰ ਸਬੰਧਤ ਕੰਮਾਂ ਨਾਲ ਲੋੜੀਂਦੇ ਕਾਰੀਗਰਾਂ ਦੀ ਲੋੜ ਦੇ ਇਸ਼ਤਿਹਾਰ ਪੜ੍ਹਦੇ ਹਾਂ। ਹਰ ਵਰ੍ਹੇ ਹਜ਼ਾਰਾਂ, ਡਾਕਟਰ, ਵੱਖ-ਵੱਖ ਖੇਤਰਾਂ ਨਾਲ ਜੁੜੇ ਇੰਜੀਨੀਅਰ ਵਿਦੇਸ਼ਾਂ ਨੂੰ ਜਾਂਦੇ ਹਨ। ਇਹ ਉਹ ਹੀ ਸਾਡੇ ਦੇਸੀ ਬੰਦੇ ਹਨ ਜਿਨ੍ਹਾਂ ਦੀ ਵਿਦੇਸ਼ਾਂ ਦੀ ਮੁਹਾਰਤ, ਯੋਗਤਾ ਦਾ ਲੋਹਾ ਵਿਦੇਸ਼ ਵੀ ਮੰਨਦੇ ਹਨ।

ਪਰ ਅਸੀਂ ਦੇਸੀ ਘਿਓ ਨੂੰ ਦਸੌਰੀ ਘਿਓ ਨਾਲ ਵਧੇਰੇ ਤਰਜ਼ੀਹ ਦਿੰਦੇ ਹਾਂ। ਇਹ ਬਿਲਕੁਲ ਹੈ ਕਿ ਕੋਈ ਵਸਤੂ ਅਸਲੀ ਜਾਂ ਨਕਲੀ ਦੇ ਭੇਦ ਕਾਰਨ ਲੋਕਾਂ ਨੂੰ ਨਹੀਂ ਭਾਉਦੀ। ਪਰ ਏਥੇ ਸਾਨੂੰ ਲੋੜ ਹੈ ‘ਦੇਸੀ’ ਸ਼ਬਦ ਪ੍ਰਤੀ ਆਪਣੀ ਸੌੜੀ ਸੋਚ, ਮਾਨਸਿਕਤਾ ਨੂੰ ਤਿਆਗ ਕੇ ਇਸ ਦੀ ਪਰਿਭਾਸ਼ਾ ਨੂੰ ਟੋਹਣ, ਇਸ ਦੇ ਵਿਸ਼ਾਲ ਖੇਤਰ ਦੀ ਡੂੰਘਾਈ ’ਚ ਉਤਰਨ ਦੀ। ਕੁੱਲ ਮਿਲਾ ਕੇ ਸਾਨੂੰ ਆਪਣੇ ਦੇਸ਼ ਦੇ ‘ਦੇਸੀ’ ਹੋਣ ’ਤੇ ਮਾਣ ਅਤੇ ਇਸ ਦੀ ਸਾਰਥਕਤਾ ਤੇ ਵਿਸ਼ਾਲਤਾ ਦਾ ਲੋਹਾ ਮੰਨਦਿਆਂ ਇਸ ਪ੍ਰਤੀ ਧਾਰਨਾ ਨੂੰ ਬਦਲਣ ਦੀ ਲੋੜ ਹੈ।

ਸੰਪਰਕ: +91  94684 66428

Comments

Security Code (required)



Can't read the image? click here to refresh.

Name (required)

Leave a comment... (required)





ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ