Fri, 06 December 2024
Your Visitor Number :-   7277438
SuhisaverSuhisaver Suhisaver

ਡਾ. ਗੁਰਭਗਤ ਸਿੰਘ ਨੂੰ ਯਾਦ ਕਰਦਿਆਂ -ਡਾ. ਗੁਰਮੀਤ ਸਿੰਘ ਸਿੱਧੂ

Posted on:- 08-04-2014

suhisaver

ਗੁਰਭਗਤ ਸਿੰਘ ਨੇ ਮਨੁੱਖੀ ਆਜ਼ਾਦੀ ਅਤੇ ਮਨੁੱਖਤਾ ਦੀ ਸਰਬਪੱਖੀ ਪ੍ਰਫੁੱਲਤਾ ਲਈ ਆਪਣਾ ਜੀਵਨ ਸਮਰਪਿਤ ਕੀਤਾ ਹੋਇਆ ਸੀ। ਉਹ ਆਪਣੇ ਇਸ ਵਾਅਦੇ ’ਤੇ ਆਖ਼ਰੀ ਸਾਹ ਤਕ ਕਾਇਮ ਰਹੇ। ਮਨੁੱਖ ਦੀ ਆਜ਼ਾਦ ਹਸਤੀ ਨੂੰ ਪ੍ਰਣਾਏ ਉਹ ਵਿਲੱਖਣ ਕਿਸਮ ਦੇ ਵਿਦਵਾਨ ਸਨ ਜਿਨ੍ਹਾਂ ਬੇਖੌਫ਼ ਹੋ ਕੇ ਲਿਖਿਆ। ਉਨ੍ਹਾਂ ਮਨੁੱਖ ਦੇ ਗੌਰਵ ਅਤੇ ਸਵੈਮਾਣ ਨੂੰ ਬਹਾਲ ਕਰਨ ਲਈ ਉੱਠੀ ਹਰ ਹੱਕੀ ਜੱਦੋ-ਜਹਿਦ ਦੀ ਸਿਧਾਂਤਕ ਵਕਾਲਤ ਕੀਤੀ। ਉਨ੍ਹਾਂ ਨੂੰ ਆਪਣੀ ਚਿੰਤਾ ਨਹੀਂ ਸੀ ਸਗੋਂ ਉਹ ਮਨੁੱਖਤਾ ਦੀ ਭਲਾਈ ਲਈ ਚਿੰਤਨਸ਼ੀਲ ਸਨ। ਉਨ੍ਹਾਂ ਦਾ ਜੀਵਨ ਸ਼ਾਇਰੀ ਅਤੇ ਚਿੰਤਨ ਦਾ ਸੁਮੇਲ ਸੀ। ਪੰਜਾਬ ਦੇ ਲੋਕਾਂ ਨੂੰ ਜਦੋਂ ਵੀ ਆਪਣੇ ਜੀਵਨ ਤੇ ਖ਼ਾਸ ਕਰਕੇ ਰਾਜਨੀਤੀ, ਆਰਥਿਕਤਾ ਅਤੇ ਸਮਾਜਿਕ ਸੰਗਠਨਾਂ ਨੂੰ ਨਵੇਂ ਸਿਰਿਓਂ ਵਿਉਂਤਣ ਦੀ ਲੋੜ ਪਵੇਗੀ ਤਾਂ ਪ੍ਰੋ. ਗੁਰਭਗਤ ਸਿੰਘ ਵੱਲੋਂ ਪੇਸ਼ ਕੀਤੀਆਂ ਧਾਰਨਾਵਾਂ ਸਹਾਈ ਸਾਬਤ ਹੋਣਗੀਆਂ।

ਪ੍ਰੋ. ਗੁਰਭਗਤ ਸਿੰਘ ਦਾ ਜਨਮ 21  ਸਤੰਬਰ 1938 ਨੂੰ ਮਾਤਾ ਜਸਵੰਤ ਕੌਰ ਦੀ ਕੁੱਖੋਂ ਪਿਤਾ ਹਰੀ ਸਿੰਘ ਜਾਚਕ ਦੇ ਘਰ ਕੋਟਕਪੂਰਾ ਵਿਖੇ ਹੋਇਆ ਸੀ। ਉਹ ਪੰਜਾਬੀ ਦੇ ਪ੍ਰਸਿੱਧ ਆਲੋਚਕ ਪ੍ਰੋ. ਸਤਿੰਦਰ ਸਿੰਘ ਨੂਰ ਦੇ ਵੱਡੇ ਭਰਾ ਸਨ ਜਿਨ੍ਹਾਂ ਥਾਂ-ਥਾਂ ਜਾ ਕੇ ਪੰਜਾਬੀ ਸਾਹਿਤ ਅਤੇ ਸਿਰਜਨਾ ਦਾ ਝੰਡਾ ਬੁਲੰਦ ਕੀਤਾ ਸੀ। ਪ੍ਰੋ. ਗੁਰਭਗਤ ਸਿੰਘ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇੜੇ ਆਪਣੀ ਰਿਹਾਇਸ਼ ਰੱਖਦਿਆਂ ਕਈ ਵੱਡੇ ਕਾਰਜਾਂ ਨੂੰ ਨੇਪਰੇ ਚਾੜ੍ਹਿਆ ਸੀ। ਉਹ ਮਹਿੰਦਰਾ ਕਾਲਜ ਪਟਿਆਲਾ ਦੇ ਉਨ੍ਹਾਂ ਹੋਣਹਾਰ ਵਿਦਿਆਰਥੀਆਂ ਵਿੱਚੋਂ ਇੱਕ ਸਨ ਜਿਨ੍ਹਾਂ ਦੀ ਮਿੱਤਰ ਮੰਡਲੀ ਨੂੰ ‘ਭੂਤਬਾੜੇ’ ਵਜੋਂ ਜਾਣਿਆ ਜਾਂਦਾ ਹੈ। ਉਨ੍ਹਾਂ ਨੇ ਭਾਵੇਂ ਇੱਕ ਵੱਡੇ ਭੂਤ ਦੀ ਤਰ੍ਹਾਂ ਕੰਮ ਕੀਤਾ ਹੈ ਪਰ ਸੰਸਾਰ ਤੋਂ ਵਿਦਾ ਹੋ ਕੇ ਵੀ ਉਹ ਸਾਡਾ ਭਵਿੱਖ ਰੁਸ਼ਨਾਉਂਦੇ ਰਹਿਣਗੇ।

ਪ੍ਰੋ. ਗੁਰਭਗਤ ਸਿੰਘ ਨੇ ਅੰਗਰੇਜ਼ੀ ਅਤੇ ਪੰਜਾਬੀ ਵਿੱਚ ਉੱਚ ਪਾਏ ਦਾ ਲਿਖਿਆ ਹੈ। ਉਹ ਹਮੇਸ਼ਾਂ ਬੇਲੋੜੇ ਵਿਵਾਦ ਤੋਂ ਗੁਰੇਜ਼ ਕਰਦੇ ਅਤੇ ਆਪਣੇ ਕੰਮ ਵਿੱਚ ਮਸਤ ਰਹਿੰਦੇ ਸਨ। ਉਹ ਪੰਜਾਬ ਦੇ ਇੱਕ ਅਜਿਹੇ ਵਿਦਵਾਨ ਸਨ ਜਿਨ੍ਹਾਂ ਨੇ ਸੰਸਾਰ ਭਰ ਦੇ ਚਿੰਤਨ ਤੇ ਖ਼ਾਸ ਕਰਕੇ ਆਧੁਨਿਕ ਅਤੇ ਉੱਤਰ-ਆਧੁਨਿਕ ਚਿੰਤਨ ਦਾ ਡੂੰਘਾ ਅਧਿਐਨ ਕੀਤਾ ਸੀ। ਇਸ ਚਿੰਤਨ ਨਾਲ ਉਨ੍ਹਾਂ ਪੂਰਬੀ ਤੇ ਵਿਸ਼ੇਸ਼ ਕਰਕੇ ਸੀ੍ਰ ਗੁਰੂ ਗਰੰਥ ਸਾਹਿਬ ਜੀ ਦੇ ਚਿੰਤਨ ਰਾਹੀਂ ਸੰਵਾਦ ਰਚਾਉਂਦਿਆਂ ਵਿਸ਼ਵ ਚਿੰਤਨ ਵਿੱਚ ਪੰਜਾਬ ਤੇ ਪੰਜਾਬੀ ਦੀ ਮੌਲਿਕਤਾ ਨੂੰ ਸਮਝ ਕੇ ਵਿਸਮਾਦੀ ਪੂੰਜੀ ਦਾ ਸੰਕਲਪ ਦਿੱਤਾ ਸੀ। ਇਸ ਸੰਕਲਪ ਰਾਹੀਂ ਉਨ੍ਹਾਂ ਗੁਰਬਾਣੀ ਦੇ ਵਿਸਮਾਦੀ ਚਿੰਤਨ ਦੇ ਸਿਧਾਂਤਕ ਮਹੱਤਵ ਨੂੰ ਸਮਝਣ ’ਤੇ ਬਲ ਦਿੱਤਾ ਸੀ।

ਪੂੰਜੀਵਾਦੀ ਅਤੇ ਸਮਾਜਵਾਦੀ ਪ੍ਰਬੰਧਾਂ ਦੇ ਨਕਾਰੇ ਜਾਣ ਬਾਰੇ ਉਨ੍ਹਾਂ ਕਿਹਾ ਸੀ ਕਿ ਅਜੋਕੇ ਸਮਾਜਿਕ ਪ੍ਰਬੰਧ ਮਨੁੱਖ ਦੀ ਸਰਵਪੱਖੀ ਪ੍ਰਫੁੱਲਤਾ ਕਰਨ ਲਈ ਸੰਤੋਖਜਨਕ ਨਹੀਂ ਹਨ। ਇਨ੍ਹਾਂ ਪ੍ਰਬੰਧਾਂ ਵਿੱਚ ਰੋਸ, ਵਿਰੋਧ ਅਤੇ ਅੰਤਰ-ਸੰਘਰਸ਼ ਵਧ ਰਹੇ ਹਨ। ਪ੍ਰੋ. ਗੁਰਭਗਤ ਸਿੰਘ ਦੀ ਧਾਰਨਾ ਸੀ ਕਿ ਪੂੰਜੀਵਾਦ ਅਤੇ ਸਮਾਜਵਾਦ, ਦੋਵੇਂ ਪੂੰਜੀ ਆਧਾਰਿਤ ਸਿਧਾਂਤ ਹਨ ਜਿਸ ਕਰਕੇ ਇਹ ਮਨੁੱਖੀ ਜੀਵਨ ਨੂੰ ਇਕਹਿਰੇ ਮਾਡਲ ਵਿੱਚ ਫਿੱਟ ਕਰਦੇ ਹਨ ਜਦਕਿ ਮਨੁੱਖੀ ਜੀਵਨ ਗੁਰਬਾਣੀ ਦੇ ਸਿਧਾਂਤ ਮੁਤਾਬਿਕ ਵਿਸਮਾਦੀ ਹੈ। ਵਿਸਮਾਦੀ ਜੀਵਨ ਦੇ ਪਦਾਰਥਕ ਪੂੰਜੀ ਵਿੱਚ ਜਕੜੇ ਜਾਣ ਕਰਕੇ ਮਨੁੱਖੀ ਆਜ਼ਾਦੀ ਦਾ ਗਲਾ ਤਾਂ ਘੁੱਟਿਆ ਹੀ ਗਿਆ ਹੈ ਬਲਕਿ ਵੱਧ ਵਸਤਾਂ ਉਤਪੰਨ ਕਰਨ ਨਾਲ ਵਿਕਾਸ ਕਰਨ ਦੀ ਬਿਰਤੀ ਨੇ ਵਾਤਾਵਰਨ ਅਤੇ ਪ੍ਰਕਿਰਤੀ ਦੀ ਦੁਰਵਰਤੋਂ ਦੇ ਰੁਝਾਨ ਪੈਦਾ ਕੀਤੇ ਹਨ ਜਿਸ ਨਾਲ ਸੰਸਾਰ ਵਿੱਚ ਵਿਯੋਗ ਪੈਦਾ ਹੋਇਆ ਹੈ।

ਪ੍ਰੋ. ਗੁਰਭਗਤ ਸਿੰਘ ਵੱਲੋਂ ਦਿੱਤਾ ਗਿਆ ਵਿਸਮਾਦੀ ਪੂੰਜੀ ਦਾ ਸੰਕਲਪ ਵਿਸ਼ਵ ਚਿੰਤਨ ਵਿੱਚ ਚਰਚਾ ਛੇੜਨ ਅਤੇ ਸਿੱਖ ਸਿਧਾਂਤਾਂ ਦੇ ਆਧਾਰ ’ਤੇ ਅਜੋਕੇ ਸਮਾਜ ਲਈ ਉਸਰਨ ਵਾਲੇ ਜੀਵਨ ਮਾਡਲਾਂ ਵਿੱਚ ਸਿੱਖ ਚਿੰਤਨ ਦੀ ਹਾਜ਼ਰੀ ਲਗਾਉਣ ਦਾ ਇੱਕ ਯਤਨ ਹੈ ਜਿਸਨੂੰ ਹੋਰ ਵਿਕਸਤ ਕਰਨ ਦੀ ਲੋੜ ਹੈ। ਵਿਸ਼ਵ ਚਿੰਤਨ ਲਈ ਸੀ੍ਰ ਗੁਰੂ ਗਰੰਥ ਸਾਹਿਬ ਜੀ ਦੇ ਚਿੰਤਨ ਦੀਆਂ ਸੰਭਾਵਨਾਵਾਂ ਨੂੰ ਉਹ ਇਸ ਤਰ੍ਹਾਂ ਬਿਆਨ ਕਰਦੇ ਹਨ: ਸ੍ਰੀ ਗੁਰੂ ਗਰੰਥ ਸਾਹਿਬ ਦਾ ਵਿਸਮਾਦੀ ਚਿੰਤਨ ਅਤੇ ਅਭਿਆਸ ਅਜੇ ਵੀ ਅੰਤਰਰਾਸ਼ਟਰੀ-ਸੱਭਿਆਚਾਰਕ ਸੰਵਾਦ ਲਈ ਪੁਨਰ-ਚਿੰਤਨ ਜਾਂ ਉੱਤਰ-ਚਿੰਤਨ ਦਾ ਸਰੋਤ ਬਣ ਸਕਦਾ ਹੈ। ਇਸ ਵਿੱਚ ਇੱਕ ਅਤੇ ਅਨੇਕ ਦਾ ਸੰਯੋਗ ਤੇ ਸਮਵਰਤਨ ਹੈ। ਇਸ ਕਿਸਮ ਦੇ ਸੰਯੋਗ ਅਤੇ ਸਮਵਰਤਨ ਦੀ ਸਾਨੂੰ ਤਲਾਸ਼ ਹੈ। ਇਸ ਵਿੱਚ ਇੱਕ ਮਹੱਤਵਪੂਰਨ ਗੱਲ ਇਹ ਹੈ ਕਿ ਵਿਸਮਾਦ ਇੱਕ ਜਸ਼ਨ ਹੈ, ਵਧਾਈਆਂ ਦਾ ਇੱਕ ਖਿਣ ਹੈ। ਇਸ ਦਾ ਭਾਵ ਇਹ ਹੈ ਕਿ ਕੇਵਲ ਸੰਯੋਗੀ ਅਤੇ ਸਮਵਰਤਨੀ ਹੋਣਾ ਹੀ ਕਾਫ਼ੀ ਨਹੀਂ। ਇਸ ਵਿੱਚੋਂ ਆਨੰਦ ਵੀ ਉਪਜੇ, ਸਾਰੀ ਮਨੁੱਖਤਾ ਕੁੱਲ ਵਿਸ਼ਵ ਸੰਵਾਦ ਵਿੱਚ ਵੀ ਹੋਵੇ ਅਤੇ ਪ੍ਰਾਪਤੀ ਨੂੰ ਜਸ਼ਨ ਵਜੋਂ ਵੀ ਮਨਾਵੇ। ਅਜਿਹੇ ਖਿਣ ਜਿਸ ਲਈ ਜਿਹੜੀ ਰਾਜਨੀਤੀ, ਆਰਥਿਕਤਾ ਅਤੇ ਸਮਾਜਿਕ ਨਵ-ਸੰਗਠਨ ਦੀ ਲੋੜ ਹੈ, ਉਸ ਲਈ ਪ੍ਰੇਰਨਾ ਦਾ ਇੱਕ ਰੋਸ਼ਨ ਸਰੋਤ ਸਾਡੇ ਕੋਲ ਮੌਜੂਦ ਹੈ ਜਿਸਨੂੰ ਆਸ ਨਾਲ ਵੇਖਣ ਤੇ ਅੱਗੋਂ ਸਿਰਜਨਾ ਕਰਨ ਲਈ ਕਿਰਿਆਵੰਤ ਹੋਣ ਦੀ ਲੋੜ ਹੈ।

ਪ੍ਰੋ. ਗੁਰਭਗਤ ਸਿੰਘ ਦੇ ਜੀਵਨ ਦਾ ਵਿਲੱਖਣ ਪਹਿਲੂ ਇਹ ਵੀ ਹੈ ਕਿ ਉਹ ਜੀਵਨ ਨੂੰ ਜਸ਼ਨਮਈ ਬਣਾਉਣਾ ਚਾਹੁੰਦੇ ਸਨ। ਉਹ ਹਰ ਸਮੇਂ ਕਿਰਿਆਸ਼ੀਲ ਰਹਿੰਦੇ ਸਨ। ਉਨ੍ਹਾਂ ਦੀ ਜ਼ਬਾਨ ਵਿੱਚ ਨਰਮੀ ਅਤੇ ਚਾਲ ਵਿੱਚ ਤਾਜ਼ਗੀ ਸੀ। ਉਹ ਹਮੇਸ਼ਾਂ ਲਾਇਬ੍ਰੇਰੀ ਆਉਂਦੇ ਸਨ। ਅਚਾਨਕ ਤਬੀਅਤ ਖ਼ਰਾਬ ਹੋ ਜਾਣ ’ਤੇ ਉਨ੍ਹਾਂ ਨੂੰ ਪਟਿਆਲਾ ਦੇ ਅਮਰ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਸੀ ਪਰ ਅਜਿਹੀ ਸਥਿਤੀ ਦੇ ਬਾਵਜੂਦ ਉਹ ਚੜ੍ਹਦੀ ਕਲਾ ਵਿੱਚ ਸਨ। ਮਨੁੱਖੀ ਜੀਵਨ ਦੀ ਉਮੀਦ ਨੂੰ ਆਨੰਦਮਈ ਬਣਾਉਣ ਦੇ ਸੁਪਨਿਆਂ ਦਾ ਸਿਰਜਕ ਧੜੱਲੇਦਾਰ ਵਿਦਵਾਨ ਆਪਣੇ ਚਿੰਤਨ ਦੀਆਂ ਭਵਿੱਖਮਈ ਸੰਭਾਵਨਾਵਾਂ ਨੂੰ ਪੇਸ਼ ਕਰਦਿਆਂ 4 ਅਪਰੈਲ ਨੂੰ ਇਸ ਸੰਸਾਰ ਨੂੰ ਅਲਵਿਦਾ ਆਖ ਗਿਆ ਸੀ। ਅੱਜ ਸ਼ਰਧਾਂਜਲੀ ਸਮਾਗਮ ਮੌਕੇ ਉਨ੍ਹਾਂ ਦੀ ਘਾਟ ਮਹਿਸੂਸ ਹੋ ਰਹੀ ਹੈ।

ਸੰਪਰਕ: +91 98145 90699

Comments

deshdeep

bhot pyara likya je gurbhagat jee hameshan yaadan cha rehan ge

sunny

Bahoot khoob

sohn singh

changa lekh

Security Code (required)



Can't read the image? click here to refresh.

Name (required)

Leave a comment... (required)





ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ