Mon, 14 October 2024
Your Visitor Number :-   7232402
SuhisaverSuhisaver Suhisaver

ਪਹਿਲੀ ਹਵਾਲਾਤ - ਰਣਜੀਤ ਲਹਿਰਾ

Posted on:- 29-04-2015

suhisaver

7 ਫਰਵਰੀ, 1981 ਵਾਲੇ ਦਿਨ ਮੈਨੂੰ ਬੁਢਲਾਡਾ ਥਾਣੇ ਦੀ ਹਵਾਲਾਤ ਵਿੱਚ ਪਹਿਲੀ ਵਾਰ 'ਚਰਨ' ਪਾਉਣ ਦਾ ‘ਸੁਭਾਗ’ ਪ੍ਰਾਪਤ ਹੋਇਆ। ਅਸਲ ’ਚ ਕਿਸੇ ਵੀ ਥਾਣੇ ਦੀ ਹਵਾਲਾਤ ਵਿੱਚ ਰੱਖਿਆ ਮੇਰਾ ਇਹ ਪਹਿਲਾ ਹੀ ਕਦਮ ਸੀ। ਗਿ੍ਰਫਤਾਰੀ ਭਾਵੇਂ ਚੋਰੀ, ਠੱਗੀ, ਯਾਰੀ ਵਰਗੇ ਕਿਸੇ ਗ਼ੈਰ-ਸਮਾਜੀ ਕੰਮ ਕਰਕੇ ਨਹੀਂ ਸੀ ਹੋਈ ਸਗੋਂ ਬੱਸ ਕਿਰਾਇਆਂ ’ਚ ਵਾਧੇ ਵਿਰੋਧੀ ਸੰਘਰਸ਼ ਵਿੱਚ ਸਰਗਰਮ ਭੂਮਿਕਾ ਨਿਭਾਉਣ ਕਰਕੇ ਹੋਈ ਸੀ, ਪਰ ਸਦਕੇ ਜਾਈਏ ਪੰਜਾਬ ਪੁਲਸ ਦੇ ਜਿਸਨੇ ਆਈ. ਪੀ. ਸੀ. ਦੀ ਧਾਰਾ 379 ਲਾ ਕੇ (ਪੰਚਾਇਤੀ ਦਰਖ਼ਤ ਚੋਰੀ ਕਰਨ ਦਾ ਦੋਸ਼) ਆਪਣੀ ‘ਖ਼ਾਕੀ ਵਰਦੀ’ ਨੂੰ ਦਾਗ਼ ਨਹੀਂ ਸੀ ਲੱਗਣ ਦਿੱਤਾ। ਫੜੇ ਅਸੀਂ ਤਿੰਨ ਜਣੇ ਗਏ ਸੀ ਜਗਜੀਤ ਕੁੱਬੇ, ਨਾਜਰ ਬਾਗ਼ੀ ਤੇ ਮੈਂ।

ਬੱਸ ਕਿਰਾਇਆਂ ‘ਚ ਵਾਧੇ ਵਿਰੋਧੀ ਘੋਲ ਸ਼ੁਰੂ ਹੋਣ ਅਤੇ ਆਈ. ਟੀ. ਆਈ. ਦੇ ਹੋਸਟਲ ’ਤੇ ਪਹਿਲੇ ਪੁਲਸ ਛਾਪੇ ਤੋਂ ਬਾਅਦ, ਉਸ ਦਿਨ ਅਸੀਂ ਤਿੰਨਾਂ ਨੇ ਪਹਿਲੀ ਵਾਰ ਆਈ. ਟੀ. ਆਈ. ਚੌਕ ਵਾਲੇ ਬੱਸ ਸਟਾਪ ਤੋਂ ਬੱਸ ਫੜਨ ਦੀ ਗਲਤੀ ਕੀਤੀ ਸੀ ਤੇ ਇਸ ਪਹਿਲੀ ਗਲਤੀ ਨੇ ਸਾਨੂੰ ਪੁਲਸ ਦੀ ਫਾਹੀ ਵਿੱਚ ਫਸਾ ਦਿੱਤਾ। ਉਸ ਦਿਨ ਸ਼ਾਮ ਚਾਰ ਕੁ ਵਜੇ ਅਸੀਂ ਆਈ. ਟੀ. ਆਈ. ਵਿੱਚੋਂ ਮਾਨਸਾ ਜਾਣ ਵਾਲੀ ਬੱਸ ਫੜਨ ਲਈ ਆਈ. ਟੀ. ਆਈ. ਦੇ ਚੌਰਾਹੇ ’ਤੇ ਬਣੇ ਬੱਸ ਸਟਾਪ ’ਤੇ ਆਏ ਸੀ। ਫੜੇ ਜਾਣ ਦਾ ਥੋੜ੍ਹਾ ਖ਼ਤਰਾ ਦਿਮਾਗਾਂ ਵਿੱਚ ਹੈ ਸੀ, ਇਸ ਲਈ ਅਸੀਂ ਬੱਸ ਦੇ ਐਨ ਟਾਇਮ ’ਤੇ ਆਈ. ਟੀ. ਆਈ. ਵਿੱਚੋਂ ਨਿਕਲੇ ਸੀ।

ਦੋ ਕੁ ਮਿੰਟ ਅਸੀਂ ਪਹਿਲਾਂ ਆਏ ਹੋਵਾਂਗੇ ਤੇ ਦੋ ਕੁ ਮਿੰਟ ਬੱਸ ਲੇਟ ਹੋਈ ਹੋਵੇਗੀ, ਬੱਸ ਇਨ੍ਹਾਂ ਪੰਜ-ਚਾਰ ਮਿੰਟਾਂ ਵਿੱਚ ਹੀ ਅਸੀਂ ਸਿਵਲ ਕੱਪੜਿਆਂ ਵਿੱਚ ਖੜ੍ਹੇ ਪੁਲਸੀਆਂ ਦੇ ਘੇਰੇ ਵਿੱਚ ਆ ਗਏ। ਸਾਨੂੰ ਬਿਨ-ਵਰਦੀ ਪੁਲਸ ਦੇ ਘੇਰੇ ਵਿੱਚ ਆਇਆ ਦੇਖ ਸਾਡਾ ਇੱਕ ਮਿੱਤਰ ਤੇ ਪੀ. ਐਸ. ਯੂ. ਦਾ ਵਰਕਰ ਹਰਨੇਕ ਸਿੰਘ ਮੰਢਾਲੀ ਤੁਰੰਤ ਨੇੜੇ ਦੀ ਇੱਕ ਵਰਕਸ਼ਾਪ ਤੋਂ ਉੱਠ ਕੇ ਸਾਨੂੰ ਚੌਕੰਨੇ ਕਰਨ ਤੇ ਨਿਕਲ ਜਾਣ ਲਈ ਕਹਿਣ ਵੀ ਆਇਆ। ਉਸਦੇ ਕਹਿਣ ’ਤੇ ਅਸੀਂ ਚੁਫੇਰੇ ਨਜ਼ਰ ਵੀ ਮਾਰੀ, ਪਰ ਇਹ ਸੋਚ ਕੇ ਅਵੇਸਲੇ ਰਹਿ ਗਏ ਕਿ ਬੱਸ ਆ ਹੀ ਰਹੀ ਹੈ ਏਨੇ ਕੁ ਸਮੇਂ ’ਚ ਕੀ ਹੋਣ ਲੱਗਿਆ। ਇਸ ਤੋਂ ਪਹਿਲਾਂ ਕਿ ਬੱਸ ਆਉਦੀ ਸ਼ਹਿਰ ਵੱਲੋਂ ਵਾ-ਵਰਦੀ ਪੁਲਸ ਦਾ ਐਨਫੀਲਡ ਮੋਟਰ ਸਾਇਕਲ ਦੁੱਗ-ਦੁੱਗ ਕਰਦਾ ਆਉਦਾ ਦਿਖਾਈ ਦਿੱਤਾ। ਮੋਟਰ ਸਾਇਕਲ ਦੇਖਦਿਆਂ ਹੀ ਅਸੀਂ ਭੱਜਣ ਦੀ ਕੋਸ਼ਿਸ਼ ਕੀਤੀ, ਪਰ ਘੇਰਾ ਘੱਤੀਂ ਖੜ੍ਹੇ ਬਿਨ-ਵਰਦੀ ਪੁਲਸੀਆਂ ਨੇ ਸਾਨੂੰ ਤਿੰਨਾਂ ਨੂੰ ਦਬੋਚ ਲਿਆ। ਸਾਥੋਂ ਥੋੜ੍ਹਾ ਪਰ੍ਹੇ ਖੜ੍ਹਾ ਮਾਲੀ ਗਰੁੱਪ ਦਾ ਸਥਾਨਕ ਆਗੂ ਨਰਿੰਦਰ ਨਿੰਦੀ ਜ਼ਰੂਰ ਅੱਡੀਆਂ ਨੂੰ ਥੁੱਕ ਲਾ ਗਿਆ।

’ਕੱਠੇ ਤਿੰਨ ਸ਼ਿਕਾਰ ਹੱਥ ਆਉਣ ’ਤੇ, ਮੋਟਰ ਸਾਇਕਲ ’ਤੇ ਆਇਆ ਥਾਣੇਦਾਰ ਰਤਨ ਸਿੰਘ ਬਾਗੋ ਬਾਗ ਦਿਖਾਈ ਦੇ ਕਿਹਾ ਸੀ ਤੇ ਖੁਸ਼ੀ ਭਰੇ ਲਹਿਜ਼ੇ ’ਚ ਕਹਿਣ ਲੱਗਾ, ‘‘ਚਲੋ ਜੁਆਨੋ, ਥੋਨੂੰ ਥਾਣੇ ਲੈ ਜਾ ਕੇ ਵੱਡੇ ਲੀਡਰ ਬਣਾਈਏ।’’ ਥਾਣੇਦਾਰ ਰਤਨ ਸਿੰਘ ਭਾੳੂ ਖੁਸ਼-ਤਬੀਅਤ ਬੰਦਾ ਸੀ। ਉਹ ਜਿਹੜੇ ਵੀ ਪੀ. ਐਸ. ਯੂ. ਜਾਂ ਨੌਜਵਾਨ ਭਾਰਤ ਸਭਾ ਦੇ ਆਗੂ/ਵਰਕਰ ਨੂੰ ਫੜਦਾ ਸੀ, ਉਸਨੂੰ ਭਰੇ ਬਾਜ਼ਾਰ ਵਿੱਚੋਂ ਦੀ ਗੇੜਾ ਲਵਾ ਕੇ ਥਾਣੇ ਲੈ ਕੇ ਜਾਂਦਾ ਸੀ। ਬਾਜ਼ਾਰ ਵਿੱਚੋਂ ਗੇੜਾ ਕਢਾਉਣ ਲੱਗੇ ਉਹ ਅਕਸਰ ਕਿਹਾ ਕਰਦਾ, ‘‘ਲੈ ਬਈ ਜੁਆਨਾ, ਨਾਅਰੇ ਦੱਬ ਕੇ ਲਾਵੀਂ, ਨਾਲੇ ਤੇਰੀ ਚੜ੍ਹਾਈ ਹੋਊ ਬਈ ਬੜਾ ਖਾੜਕੂ ਲੀਡਰ ਐ, ਨਾਲੇ ਮੇਰੀ ਬੱਲੇ-ਬੱਲੇ ਹੋੳੂ ਬਈ ਬੜਾ ਤਕੜਾ ਨਕਸਲੀਆ ਫੜਿਐ, ਥਾਣੇਦਾਰ ਨੇ!’’ ਖ਼ੈਰ ਪੁਲਸੀਆਂ ਨੇ ਸਾਡੇ ਹੱਥ ਪਿੱਛੇ ਬੰਨ੍ਹ ਕੇ ਸਾਨੂੰ ਅੱਗੇ ਲਾ ਲਿਆ ਅਤੇ ਅਸੀਂ ਤਿੰਨਾਂ ਨੇ ਪੀ. ਐਸ. ਯੂ.- ਜ਼ਿੰਦਾਬਾਦ’, ‘‘ਵਧੇ ਕਿਰਾਏ-ਵਾਪਸ ਲਓ’ ਆਦਿ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ। ਸਾਡੇ ਨਾਅਰੇ ਲੋਕਾਂ ਨੂੰ ਦੱਸ ਰਹੇ ਸਨ ਕਿ ਅਸੀਂ ਕਿਸ ‘ਗੁਨਾਹ’ ਬਦਲੇ ਫੜੇ ਗਏ ਹਾਂ। ਥਾਣੇ ਲੈ ਜਾ ਕੇ ਪੁਲਸੀਆਂ ਨੇ ਸਾਡੇ ਜੁੱਤੀ-ਜੋੜੇ ਤੇ ਪੱਗਾਂ ਲੁਹਾ ਕੇ ਸਾਨੂੰ ਤਿੰਨਾਂ ਨੂੰ ਹਵਾਲਾਤ ਵਿੱਚ ਬੰਦ ਕਰ ਦਿੱਤਾ। ਖਾਲੀ ਭਾਂ ਭਾਂ ਕਰਦੀ ਹਵਾਲਾਤ ਵਿੱਚ ਸਾਡੇ ਵੜਦਿਆਂ ਹੀ ਰੌਣਕ ਜਿਹੀ ਲੱਗ ਗਈ, ਸਾਡੇ ਲਈ ਨਾ ਸਹੀ ਪੁਲਸ ਵਾਲਿਆਂ ਦੇ ਭਾਅ ਦੀ ਤਾਂ ਲੱਗ ਹੀ ਗਈ।

ਹਵਾਲਾਤ ਵਿੱਚ ਵੜਦਿਆਂ ਹੀ ਮਲ-ਮੂਤਰ ਦੀ ਨਾਸਾਂ ਚੀਰਦੀ ਦੁਰਗੰਧ ਨੇ ਸਾਡਾ ਭਰਵਾਂ ਸੁਆਗਤ ਕੀਤਾ। ਇਹ ਦੁਰਗੰਧ ਹਵਾਲਾਤ ਦੇ ਂਿੲੱਕ ਖੂੰਜੇ ਵਿੱਚ ਪਿਆ ਮੂਤਰ ਵਾਲਾ ਘੜਾ ਬਿਖੇਰ ਰਿਹਾ ਸੀ। ਪਹਿਲੀ ਵਾਰ ਹਵਾਲਾਤ ’ਚ ਤੜੇ ਹੋਣ ਕਰਕੇ ਪਹਿਲਾਂ ਪਹਿਲਾਂ ਤਾਂ ਮੈਨੂੰ ਮਾਹੌਲ ਅਜੀਬ ਜਿਹਾ ਲੱਗਾ, ਪਰ ਫਿਰ ਗੱਲਾਂ-ਬਾਂਤਾਂ ਕਰਦਿਆਂ ਸਾਵਾਂ ਪੱਧਰਾ ਲੱਗਣ ਲੱਗ ਪਿਆ। ਥੋੜ੍ਹੀ ਦੇਰ ਬਾਅਦ ਸਾਨੂੰ ਫੜਨ ਵਾਲੇ ਸਿਪਾਹੀਆਂ ’ਚੋਂ ਇੱਕ ਨੇ ਚਾਹ ਲਿਆ ਦਿੱਤੀ ਤੇ ਨਾਲੇ ਲੇਲੇ-ਪੇਪੇ ਜਿਹੇ ਮਾਰਨ ਲੱਗਾ ਕਿ ਸਾਡੀ ਤਾਂ ਡਿੳੂਟੀ ਹੀ ਕੁੱਤੀ ਐ, ਉਝ ਹਮਦਰਦੀ ਤਾਂ ਥੋਡੇ ਨਾਲ ਈ ਐ। ਅਸਲ ’ਚ ਉਸਦੀ ਇਹ ਲੇਲੇ-ਪੇਪੇ ਹਮਦਰਦੀ ’ਚੋਂ ਘੱਟ, ਜੱਥੇਬੰਦੀ ਦੇ ਖਾੜਕੂ ਸੁਭਾਅ ਦੇ ਖ਼ਤਰੇ ਵਿੱਚੋਂ ਵਧੇਰੇ ਨਿਕਲ ਰਹੀ ਸੀ। ਚਾਹ ਪੀਂਦਿਆਂ ਅਸੀਂ ਸੋਚਦੇ ਰਹੇ ਕਿ ਕਿਵੇਂ ਮਾਰ ਖਾ ਗਏ।

ਫੇਰ ਥਾਣੇਦਾਰ ਰਤਨ ਸਿੰਘ ’ਕੱਲੇ-’ਕੱਲੇ ਨੂੰ ਬੁਲਾ ਕੇ ਪੁੱਛ ਪੜਤਾਲ ਕਰਨ ਲੱਗਾ। ਸਭ ਤੋਂ ਪਹਿਲਾਂ ਜਗਜੀਤ ਕੁੱਬੇ ਨੂੰ ਬੁਲਾਇਆ ਤੇ ਅਖ਼ੀਰ ਵਿੱਚ ਮੈਨੂੰ। ਥਾਣੇਦਾਰ ਵੱਲੋਂ ਨਾਂ ਪੁੱਛਣ ’ਤੇ ਜਦੋਂ ਮੈਂ ਆਪਣਾ ਨਾਂ ਦੱਸਿਆ ਤਾਂ ਉਹ ਕਹਿਣ ਲੱਗਾ, ‘‘ਅੱਛਾ ਤੂੰ ਹੀ ਏਂ, ਇਨ੍ਹਾਂ ਦਾ ਖ਼ਜ਼ਾਨਾ ਮੰਤਰੀ! ਦੱਸ ਕਿੱਥੋਂ ਕਿੱਥੋਂ ਆਉਦੇ ਨੇ ਤੇਰੇ ਕੋਲ ਪੈਸੇ?’’ ਅਸਲ ’ਚ ਉਸ ਸਮੇਂ ਮੈਂ ਜੱਥੇਬੰਦੀ ਦੀ ਆਈ. ਟੀ. ਆਈ. ਦੀ ਇਕਾਈ ਦਾ ਖ਼ਜ਼ਾਨਚੀ ਸੀ ਤੇ ਮੇਰੇ ਕੋਲੋਂ ਆਏ ਗਏ ਫੰਡਾਂ ਦੇ ਹਿਸਾਬ ਵਾਲੀ ਜੇਬੀ ਡਾਇਰੀ ਵੀ ਫੜੀ ਗਈ ਸੀ। ਫੇਰ ਥਾਣੇਦਾਰ ਡਾਇਰੀ ’ਚੋਂ ਨਾਂ ਪੜ੍ਹ-ਪੜ੍ਹ ਕੇ ਮੈਥੋਂ ਉਨ੍ਹਾਂ ਦੇ ਅਤੇ-ਪਤੇ ਪੁੱਛਣ ਲੱਗਾ। ਮੈਂ ਕਿਸੇ ਦਾ ਪਿੰਡ ਗਲਤ ਦੱਸਿਆ ਤੇ ਕਿਸੇ ਦੀ ਸੰਸਥਾ ਗਲਤ। ਉਝ ਜੇ ਉਹ ਮੈਥੋਂ ਦੁਬਾਰਾ ਸਭ ਦੇ ਪਤੇ ਪੁੱਛਣ ਲੱਗ ਪੈਂਦਾ ਤਾਂ ਛਿੱਤਰਾਂ ਤੋਂ ਬਚਾਓ ਨਹੀਂ ਸੀ ਹੋ ਸਕਣਾ। ਫੇਰ ਉਹ ਅਸਲੀ ਗੱਲ ਵੱਲ ਆਇਆ ਕਿ ਇਹ ਦੱਸ ਬਈ 4 ਫਰਵਰੀ ਦੀ ਸਵੇਰ ਨੂੰ ਰੋਜ਼ਾਂਵਾਲੀ (ਬੁਢਲਾਡਾ-ਰਤੀਆ ਰੋਡ ’ਤੇ ਹਰਿਆਣੇ ਦਾ ਇੱਕ ਪਿੰਡ) ਕੋਲੇ ਪੀ. ਆਰ. ਟੀ. ਸੀ. ਦੀ ਬੱਸ ਭੰਨਣ ਵਿੱਚ ਕੌਣ-ਕੌਣ ਸ਼ਾਮਲ ਸੀ। 4 ਫਰਵਰੀ ਨੂੰ ਮਾਨਸਾ-ਬੁਢਲਾਡਾ ਇਲਾਕੇ ’ਚ ਬੱਸਾਂ ਦੇ ਚੱਕਾ ਜਾਮ ਕਰਨ ਲਈ ਉਹ ਬੱਸ ਭਾਵੇਂ ਅਸੀਂ ਹੀ ਭੰਨੀ ਸੀ (ਜਾਂ ਵਧੇਰੇ ਠੀਕ ਕਿਹਾਂ ਸਾਨੂੰ ਭੰਨਣੀ ਪੈ ਗਈ ਸੀ, ਹਾਲਾਂਕਿ ਸਾਡਾ ਇਰਾਦਾ ਸਿਰਫ਼ ਹਵਾ ਕੱਢਣ ਦਾ ਸੀ) ਪਰ ਮੈਂ ਭੋਲ਼ਾ ਜਿਹਾ ਬਣਦਿਆਂ ਕਿਹਾ, ‘‘ਦੇਖੋ ਜੀ ਮੈਂ ਤਾਂ ਸਵੇਰੇ ਪਿੰਡੋਂ ਆਉਦਾ ਹਾਂ ਤੇ ਸ਼ਾਮ ਨੂੰ ਘਰ ਚਲਾ ਜਾਂਦਾ ਹਾਂ, ਰਾਤ ਨੂੰ ਬੱਸ ਕਿੰਨ੍ਹਾਂ ਨੇ ਭੰਨੀ ਮੈਨੂੰ ਤਾਂ ਜੀ ਪਤਾ ਨੀ!’’ ਨਾਲੇ ਮੈਂ ਹੋਰ ਕਿਹਾ ਕਿ ਉਹ ਤਾਂ ਜੀ ਸਾਡਾ ਇਲਾਕਾ ਹੀ ਨਹੀਂ, ਉੱਧਰ ਤਾਂ ਬਲੌਰ ਗੰਢੂਆਂ ਵਾਲੇ ਹੋਰੀਂ ਸਰਗਰਮੀ ਕਰਦੇ ਨੇ। ਮੇਰਾ ਜਵਾਬ ਸੁਣ ਕੇ ਥਾਣੇਦਾਰ ਕਹਿਣ ਲੱਗਾ, ‘‘ਮੈਂ ਸਭ ਜਾਣਦਾਂ ਬਈ ‘ਗਿੱਦੜ ਤੋਂ ਬਿਨਾਂ ਝਾੜੀ ’ਤੇ ਕੋਈ ਨੀ ਮੂਤਦਾ’। ਇਹ ਥੋਡੇ ਆਈ. ਟੀ. ਆਈ. ਵਾਲਿਆਂ ਤੋਂ ਬਿਨਾਂ ਹੋਰ ਕਿਸੇ ਦਾ ਕੰਮ ਨੀ।’’ ਤੇ ਨਾਲ ਹੀ ਉਹ ਸਰਕਾਰ ਨੂੰ ਗਾਲ੍ਹਾਂ ਕੱਢਦਾ ਕਹਿਣ ਲੱਗਾ, ‘‘ਭੈਣ ਦੇਣੀਂ ਸਰਕਾਰ ਇਸ ਕਾਰਖਾਨੇ (ਆਈ. ਟੀ. ਆਈ.) ਨੂੰ ਪਤਾ ਨੀ ਕਿਉ ਬੰਦ ਨਹੀਂ ਕਰਦੀ, ਇਥੋਂ ਸਭ ਨਕਸਲੀਏ ਬਣ ਬਣ ਨਿਕਲਦੇ ਨੇ!’’ ਉਹ ਆਈ. ਟੀ. ਆਈ. ’ਚ ਪੀ. ਐਸ. ਯੂ. ਦੇ ਮਜ਼ਬੂਤ ਯੂਨਿਟ ਕਰਕੇ ਰੋਜ਼ ਰੋਜ਼ ਦੇ ਪੰਗਿਆਂ ਤੋਂ ਅੱਕਿਆ ਪਿਆ ਸੀ। ਤੇ ਇੰਝ ਮੇਰੀ ‘ਤਫ਼ਤੀਸ਼’ ਵੀ ਪੂਰੀ ਹੋ ਗਈ।

ਸ਼ਾਮ ਢਲ ਚੁੱਕੀ ਸੀ ਤੇ ਅਸੀਂ ਮਿੱਟੀ-ਘੱਟੇ ਅਤੇ ਚਮ-ਜੂੰਆਂ ਦੇ ਭਰੇ ਕੰਬਲਾਂ ਨੂੰ ਝਾੜਨ ਲੱਗੇ। ਕੁੱਝ ਨੂੰ ਤਹਿ ਮਾਰ ਕੇ ਥੱਲੇ ਵਿਛਾਇਆ ਤੇ ਕੁੱਝ ਨੂੰ ਉਪਰ ਲੈਣ ਲਈ ਸੂਤ ਕੀਤਾ। ਕੁੱਝ ਦੇਰ ਦੀ ਔਖ ਤੋਂ ਬਾਅਦ ਸ਼ਾਮ ਤੀਕ ਘੜੇ ਵਿੱਚ ਪਿਸ਼ਾਬ ਕਰਨ ਦਾ ‘ਵੱਲ’ ਵੀ ਆ ਗਿਆ। ਥਾਣੇ ਦੇ ਖੰੂਜੇ ਵਿੱਚ ਰੱਖੇ ‘ਆਣ ਮਿਲੋ ਸੱਜਣਾ’ ਅਤੇ ‘ਸੱਚ ਪੁੱਤਰ’ ਦੀਆਂ ਗੱਲਾਂ ਕਰਦੇ ਪਤਾ ਨੀ ਕਦੋਂ ਨੀਂਦ ਰਾਣੀ ਦੀ ਗੋਦ ’ਚ ਜਾ ਵੜੇ।
    
ਅਗਲੇ ਦਿਨ ਸ਼ਹਿਰ ਵਿੱਚੋਂ ਹੀ ਆਪਸੀ ਝਗੜੇ ਦਾ ਇੱਕ ਕੇਸ ਆ ਗਿਆ। ਇੱਕ ਧਿਰ ਨੇ ਆ ਕੇ ਮੁਨਸ਼ੀ ਨੂੰ ਅਰਜੀ ਦੇ ਦਿੱਤੀ। ਕੁੱਝ ਦੇਰ ਬਾਅਦ ਦੂਜੀ ਧਿਰ ਵੀ ਆ ਪਹੁੰਚੀ। ਕਰਦੇ-ਕਰਾਉਦੇ ਦੋਵਾਂ ਧਿਰਾਂ ਦੇ ਬੰਦਿਆਂ ਨੇ ਥਾਣੇ ਦੇ ਵਿਹੜੇ ’ਚ ਖੜ੍ਹਿਆਂ ਹੀ ਰਾਜ਼ੀਨਾਮਾ ਕਰਵਾ ਦਿੱਤਾ ਅਤੇ ਅੰਦਰ ਆ ਕੇ ਮੁਨਸ਼ੀ ਨੂੰ ਕਹਿਣ ਲੱਗੇ ਕਿ ਸਾਡਾ ਰਾਜ਼ੀਨਾਮਾ ਹੋ ਗਿਆ ਤੇ ਅਸੀਂ ਚੱਲਦੇ ਹਾਂ, ਕੋਈ ਕਾਰਵਾਈ ਨਹੀਂ ਕਰਵਾਉਣੀ। ‘ਹੱੱਥ ਆਈ ਆਸਾਮੀ’ ਸੁੱਕੀ ਨਿਕਲਦੀ ਦੇਖ ਮੁਨਸ਼ੀ ਉਨ੍ਹਾਂ ਨੂੰ ਘੁਰਕੀ ਲੈ ਕੇ ਪੈ ਗਿਆ, ਕਹਿੰਦਾ ਚੱਲੇ ਕਿੱਥੇ ਓਂ ਏਥੇ ਬੈਠੋ ਜਿੰਨਾ ਚਿਰ ਸਾਹਿਬ ਨਹੀਂ ਆਉਦੇ, ਥੋਡਾ ਈ ਰਾਜ ਹੋ ਗਿਆ ਬਈ ਜਦੋਂ ਚਿੱਤ ਕਰੇ ਲੜ ਕੇ ਥਾਣੇ ਆ ਜਾਓ ਤੇ ਜਦੋਂ ਦਿਲ ਕਰੇ ਰਾਜ਼ੀਨਾਮਾ ਕਰਕੇ ਘਰ ਨੂੰ ਚੱਲ ਪਓ। ਉਨ੍ਹਾਂ ‘ਭੋਲ਼ੇ ਪੰਛੀਆਂ’ ਨੂੰ ਸ਼ਾਇਦ ਨਹੀਂ ਸੀ ਪਤਾ ਕਿ ਥਾਣੇ ’ਚੋਂ ਜੇਬ ਹੌਲੀ ਕਰੇ ਬਿਨਾਂ ਬਾਹਰ ਨਹੀਂ ਨਿਕਲੀਂਦਾ। ਉਹ ਚੁੱਪ ਕਰਕੇ ਬੈਠ ਗਏ, ਪਤਾ ਨਹੀਂ ਕਦੋਂ ਤੇ ਕਿਵੇਂ ਖਲਾਸੀ ਹੋਈ।

ਦੁਪਹਿਰ ਬਾਅਦ ਮੇਰਾ ਨਾਨਾ ਥਾਣੇ ਆ ਪਹੁੰਚਿਆ। ਮੇਰਾ ਨਾਨਕਾ ਪਿੰਡ ਬੱਛੋਆਣਾ ਨੇੜੇ ਹੋਣ ਕਰਕੇ ਉਨ੍ਹਾਂ ਨੂੰ ਕਿਤੋਂ ਮੇਰੇ ਫੜੇ ਜਾਣ ਦਾ ਪਤਾ ਲੱਗ ਗਿਆ ਸੀ। ਹਾਲ-ਚਾਲ ਪੁੱਛਣ ਤੇ ਫੜੇ ਜਾਣ ਦੀ ਰਾਮ ਕਹਾਣੀ ਸੁਣਨ ਤੋਂ ਬਾਅਦ ਨਾਨਾ ਕਹਿਣ ਲੱਗਾ, ‘‘ਫੇਰ ਤੈਨੂੰ ਛੱਡਦੇ ਨੀਂ ਹੁਣ?’’ ਅਸੀਂ ਕਿਹਾ ਨਹੀਂ ਹੁਣ ਤਾਂ ਜੇਲ੍ਹ ਹੀ ਭੇਜਣਗੇ। ਨਾਨਾ ਅੰਦਰ ਥਾਣੇਦਾਰ ਕੋਲ ਚਲਾ ਗਿਆ ਤੇ ਕੁੱਝ ਦੇਰ ਬਾਅਦ ਦੁਬਾਰਾ ਹਵਾਲਾਤ ਦੀਆਂ ਸੀਖਾਂ ਵਿੱਚੋਂ ਕਹਿਣ ਲੱਗਾ ਕਿ ਸਾਹਬ ਕਹਿੰਦੈ ਕਿ ਛੱਡ ਤਾਂ ਦਿਆਂਗੇ ਜੇ ਮਾੜ੍ਹਾ ਜਿਹਾ ਲਿਖ ਕੇ ਦੇ ਦੇਵੇ। ਮੈਂ ਕਿਹਾ ਲਿਖ ਕੇ ਤਾਂ ਮੈਂ ਕੁੱਝ ਨਹੀਂ ਦਿੰਦਾ। ਇਹ ਗੱਲ ਸੁਣ ਕੇ ਨਾਨਾ ਵੀ ਕਰੜਾ ਹੋ ਗਿਆ ਤੇ ਕਹਿਣ ਲੱਗਾ, ‘‘ਲਿਖ ਕੇ ਤਾਂ ਦੇਈਂ ਵੀ ਨਾ।’’ ਨਾਨੇ ’ਤੇ ਅਕਾਲੀ ਮੋਰਚਿਆਂ ਦਾ ਰੰਗ ਚੜ੍ਹਿਆ ਹੋਇਆ ਸੀ ਤੇ ਚਾਹ-ਪਾਣੀ ਪਿਆ ਕੇ ਉਹ ਵਾਪਸ ਚਲਾ ਗਿਆ। ਹਵਾਲਾਤ ਵਿੱਚ ਬੈਠਿਆਂ ਦੂਜੀ ਸ਼ਾਮ ਢਲ਼ ਚੁੱਕੀ ਸੀ ਤੇ ਅਸੀਂ ਮੁੜ ਕੰਬਲਾਂ ਨੂੰ ਸੂਤ ਕਰਨ ਲੱਗੇ।
ਮੂੰਹ ’ਨੇਰ੍ਹੇ ਜਿਹੇ ਪੁਲਸ ਵਾਲੇ ਇੱਕ ਰੇੜ੍ਹੀ-ਫੜ੍ਹੀ ਲਾਉਣ ਵਾਲੇ ‘ਲੁੰਪਨ ਲਾਲ਼ੇ’ ਨੂੰ ਫੜ ਲਿਆਏ। ਲਾਲ਼ੇ ਨੇ ਪਊਆ ਕੁ ਲਾਇਆ ਸੀ। ਉਹਨੂੰ ਫੜਾਇਆ ਵੀ ਮੁਹੱਲੇ ਵਾਲਿਆਂ ਨੇ ਹੀ ਸੀ ਕਿਉ ਕਿ ਉਹ ਸ਼ਰਾਬ ਪੀ ਕੇ ਆਪਣੇ ਜੁਆਕਾਂ ਤੇ ਘਰਵਾਲੀ ਨੂੰ ਕੁੱਟਦਾ ਮਾਰਦਾ ਸੀ। ਕੁਰਸੀ ’ਤੇ ਬੈਠੇ ਮੁਨਸ਼ੀ ਨੇ ਪੁਲਸੀਆ ਲਹਿਜ਼ੇ ’ਚ ਭੈਣ ਦੀ ਗਾਲ੍ਹ ਦੇ ਕੇ ਪੁੱਛਿਆ, ‘‘ਕੀ ਕੰਮ ਕਰਦੈਂ ਓਏ?’’ ਇਸ ਤੋਂ ਪਹਿਲਾਂ ਕਿ ਲਾਲ਼ਾ ਬੋਲਦਾ, ਉਹਦੇ ਅੰਦਰਲਾ ਪੳੂਆ ਬੋਲ ਪਿਆ, ‘‘ਦੇਖੋ ਸਰਦਾਰ ਜੀ, ਹੋਰ ਜੋ ਮਰਜ਼ੀ ਕਰ ਲਓ ਮੈਨੂੰ ਭੈਣ ਦੀ ਗਾਲ੍ਹ ਨਾ ਕੱਢਿਓ।’’ ਇਹ ਸੁਣ ਕੇ ਮੁਨਸ਼ੀ ਦਾ ਪਾਰਾ ਚੜ੍ਹ ਗਿਆ ਤੇ ਉਹਨੇ ਪਟਾ ਮੰਗਵਾ ਲਿਆ। ਲਾਲ਼ੇ ਨੂੰ ਮੂਧਾ ਪਾ ਕੇ ਪੰਜ-ਸੱਤ ਪਟੇ ਉਹਦੇ ਚਿੱਤੜਾਂ ’ਤੇ ਜੜੇ ਤਾਂ ਲਾਲ਼ਾ ਚੀਕਾਂ ਮਾਰੇ। ਥਾਣੇ ਦਾ ਮਾਹੌਲ ਵਿਗੜਿਆ ਜਿਹਾ ਦੇਖ ਕੇ ਸਾਨੂੰ ਵੀ ਧੁੜਕੂ ਜਿਹਾ ਲੱਗ ਪਿਆ, ਬਈ ਹੁਣ ਆਪਣਾ ਨੰਬਰ ਵੀ ਲੱਗ ਸਕਦੈ। ਪਰ ਏਨੇ ਨੂੰ ਮੁਨਸ਼ੀ ਬੋਲਿਆ, ‘‘ਗਾਲ੍ਹ ਨਾ ਦਿਓ ਇਹਨੂੰ ਸਾਹਬ ਨੂੰ, ਘਰਵਾਲੀ ਤੇ ਜੁਆਕਾਂ ਨੂੰ ਕੁੱਟ ਕੇ ਬੜਾ ਭੱਦਰਕਾਰਾ ਕਰਕੇ ਆਇਐਂ ਨਾ! ਔਹ ਦੇਖ ਅੰਦਰ ਹਵਾਲਾਤ ’ਚ ਬੈਠੇ ਨੇ ਸ਼ੇਰ, ਕੋਈ ਚੰਗਾ ਕੰਮ ਤਾਂ ਕਰਕੇ ਆਏ ਨੇ।’’ ਇਹ ਸੁਣ ਕੇ ਸਾਨੂੰ ਹੌਂਸਲਾ ਜਿਹਾ ਹੋਇਆ ਕਿ ਆਪਣੀ ਤਾਂ ‘ਰੈਪੂਟੈਸ਼ਨ’ ਚੰਗੀ ਐ। ਹਵਾਲਾਤ ਵਿੱਚ ਅੰਦਰ ਆਉਣ ’ਤੇ ਅਸੀਂ ਉਸ ਲਾਲ਼ੇ ਨੂੰ ‘ਸਮਝਾਇਆ’ ਕਿ ਇਹ ਤਾਂ ਪੁਲਸ ਦੀ ਆਮ ਬੋਲ ਬਾਣੀ ਐ, ਤੂੰ ਤਾਂ ਐਵੇਂ ਪਟੇ ਖਾ ਲਏ।

ਹਵਾਲਾਤ ਵਿੱਚ ਦੋ ਦਿਨਾਂ ਦੌਰਾਨ ਪੁਲਸ ਦੇ ‘ਕਾਰ ਵਿਹਾਰ’ ਨੂੰ ਨੇੜਿਓਂ ਦੇਖਣ ਦਾ ਚੰਗਾ ਮੌਕਾ ਮਿਲਿਆ। ਲੋਕਾਂ ਨਾਲ ਤਾਂ ਪੁਲਸੀਆਂ ਦਾ ਜੋ ਕਾਰ-ਵਿਹਾਰ ਤੇ ਬੋਲ-ਬਾਣੀ ਜੋ ਹੈ ਸੀ ਸੋ ਹੈ ਸੀ, ਆਪਸ ਵਿੱਚ ਇੱਕ ਦੂਜੇ ਲਈ ਵੀ ਉਨ੍ਹਾਂ ਦੇ ਮੂੰਹੋਂ ਬੱਸ ‘ਫੁੱਲ’ ਹੀ ਕਿਰਦੇ ਸਨ। ਜਦੋਂ ਥਾਣੇਦਾਰ ਥਾਣੇ ਅੰਦਰ ਵੜਦਾ ਉਹ ਸਿਪਾਹੀਆਂ, ਹੌਲਦਾਰਾਂ ਦੀ ਮਾਂ-ਭੈਣ ਇੱਕ ਕਰਦਾ ਹੀ ਵੜਦਾ ਤੇ ਜਦੋਂ ਥਾਣੇਦਾਰ ਬਾਹਰ ਨਿਕਲ ਜਾਂਦਾ ਤਾਂ ਸਿਪਾਹੀ, ਹੌਲਦਾਰ ਉਹਦੀ ਧੀ-ਭੈਣ ਇੱਕ ਕਰ ਦਿੰਦੇ। ਮੁਨਸ਼ੀ ਦੋਵੇਂ ਪਾਸੇ ਚੱਲਦਾ, ਪਿੱਠ ਪਿੱਛੇ ਥਾਣੇਦਾਰ ਨੂੰ ‘ਭੈਣ ਦੇਣਾ ਢਿੱਡਲ’ ਕਹੇ ਬਿਨ੍ਹਾਂ ਨਾ ਬੋਲਦਾ ਤੇ ਕਦੇ ਸਿਪਾਹੀਆਂ ਨੂੰ ਗਾਲ੍ਹਾਂ ਦਾ ਪ੍ਰਸ਼ਾਦ ਵੰਡਣ ਲੱਗਦਾ। ਉਨ੍ਹਾਂ ਗੱਲਾਂ ਨੂੰ ਭਾਵੇਂ ਸਾਢੇ ਤਿੰਨ ਦਹਾਕੇ ਦੇ ਕਰੀਬ ਹੋ ਚੱਲੇ ਨੇ, ਪਰ ਚਿਉਦੀਆਂ-ਚਿਉਦੀਆਂ ਗਾਲ੍ਹਾਂ ਦਾ ਜਿਹੜਾ ਯੋਗਦਾਨ ਸਾਡੇ ਪੰਜਾਬੀ ਸੱਭਿਆਚਾਰ ਵਿੱਚ ਪੰਜਾਬ ਪੁਲਸ ਨੇ ਪਾਇਐ, ਉਸ ਤੋਂ ਅੱਜ ਵੀ ‘ਬਲਿਹਾਰੇ’ ਜਾਣ ਨੂੰ ਦਿਲ ਕਰਦੈ।

ਖ਼ੈਰ, ਤੀਜੇ ਦਿਨ ਸਾਡੇ ਤਿੰਨਾਂ ’ਤੇ ਦੋ ਝੂਠੇ ਕੇਸ ਮੜ੍ਹ ਕੇ ਬੁਢਲਾਡੇ ਦੀ ਪੁਲਸ ਨੇ ਸਾਨੂੰ ਮਾਨਸਾ ਦੀ ਅਦਾਲਤ ਵਿੱਚ ਪੇਸ਼ ਕਰਨ ਲਈ ਤੋਰ ਲਿਆ। ਉਸ ਦਿਨ ਕੋਰਟ ਵਿੱਚ ਕੋਈ ਛੁੱਟੀ ਹੋ ਜਾਣ ਕਰਕੇ ਲੱਗਦੇ ਹੱਥ ਇੱਕ ਰਾਤ ਅਸੀਂ ਮਾਨਸਾ ਥਾਣੇ ਦੀ ਹਵਾਲਾਤ ’ਚ ਗੁਜ਼ਾਰੀ। ਤੇ ਇਸ ਹਵਾਲਾਤ ਵਿੱਚ, ਮਾਨਸਾ ਥਾਣੇ ਦੇ ਥਾਣੇਦਾਰ ਨਾਲ ਪੁਰਾਣੀ ਅੜ-ਫਸ ਹੋਣ ਕਾਰਨ ਨਾਜਰ ਬਾਗ਼ੀ ਨੂੰ ਪੰਜ-ਸੱਤ ਪੱਟੇ ਵੀ ਖਾਣੇ ਪਏ।

ਸੰਪਰਕ : +91 94175 88616

Comments

Rupinder singh Dhillon

. ਚੰਗੀ ਕਿਤਾਬ ਏ .. ਇਹ ਰਣਜੀਤ ਲੇਹਰਾ ਕੋਈ ਸਥਾਪਿਤ ਲੇਖਕਾਂ ਦੀ ਓਸ ਕੇਟੇਗਰੀ ਚੋਂ ਨਹੀ ਜੋ ਇਨਾਮ ਸਨਮਾਨ ਕਰਕੇ ਸਿਰਜਨਾ ਕਰਦੀਆਂ ਨੇ ਬਲਕੇ ਇਕ ਐਸੇ ਸਮੇ ਚ ਉਘਾ ਵਿਦਿਆਰਥੀ ਆਗੂ ਰਿਹਾ ਹੈ ਜਿਸਨੇ ਕੁਲਵਕਤੀ ਦੇ ਤੌਰ ਉੱਤੇ ਕਿਨਾ ਹੀ ਸਮਾ ਪੀ .ਐੱਸ .ਯੂ . ਜਥੇਬੰਦੀ ਵਿਚ ਆਈ ਟੀ ਆਈ ਬੁਢਲਾਡਾ ਤੇ ਬਠਿੰਡਾ ਕਾਲਜ ਵਿਚ ਸਰਗਰਮ ਮੈਬਰ ਰਹ ਕੇ ਮੁਜਾਹਰਾ ਲੇਹ੍ਰਾਂ ਅਤੇ ਕਿਰਾਯਾ ਘੋਲਾਂ ਤੇ ਵਿਦਿਆਰਥੀ ਲੇਹ੍ਰਾਂ ਚ ਹਿੱਸਾ ਲਿਆ ...ਏਸ ਸਬ ਦੀ ਜਾਣਕਾਰੀ ਕਿਤਾਬ ਪੜ੍ਹ ਦੇ ਹੋ ਜਾਂਦੀ ਏ...ਮੈਂ ਕਿਸੇ ਵ ਜਥੇਬੰਦੀ ਦਾ ਮੈਬਰ ਨਹੀ ਨਾ ਰਿਹਾਂ ਪਰ ਇਹ ਜਰੂਰ ਜਾਣਨ ਦੀ ਚਾਹਤ ਰਹੀ ਹੈ ਕੇ ਸੰਘਰਸ਼ ਲਾਦੇ ਕਿਵੇ ਜਾਂਦੇ ਨੇ..ਤਯਾਰੀ ਕਿਵੇ ਹੁੰਦੀ .. ਸਕੀਮਾ ਕਿਵੇ ਬਣਦੀਆ ਨੇ ਪ੍ਰਸ਼ਾਸ਼ਨ ਅਤੇ ਰਾਜਨੀਤੀਵਾਨਾ ਨਾਲ ਟਕਰ ਲੈਣ ਦੀਆਂ..ਜੈਲ ਚ ਕਿਦਾਂ ਡਾਕ੍ਯ ਜਾਂਦਾ ਝੂਠੇ ਕੇਸਾਂ ਚ.. ਇਕ ਚੇਤਨ ਇਨਸਾਨ ਜੋ ਵਰਤਾਰਿਆਂ ਨੂ ਸਮਝਣ ਤੇ ਸਮਝਾਉਣ ਦੇ ਸਮੇ ਆਪਣੀ ਘਰ ਅਤੇ ਮਾਤਾ ਪਿਤਾ ਨਾਲ ਦੂਰੀ ਨੂ ਕਿਵੇ ਸੇਹਂਦਾ ਹੋਊ .. ਸਾਡੇ ਜਨਮਾ ਤੋਂ ਪੇਹ੍ਲਾਂ ਦੇ ਵਾਪਰੇ ਵਰਤਾਰੇ ਅਸਲ ਚ ਕੀ ਸੀ .. ਇਹ ਸਾਰੇ ਨੁਕਤੇ ਇਹ ਕਿਤਾਬ ਨੇ ਸਮਝਣ ਵਿਚ ਮਦਦ ਕੀਤੀ ... ਬਹੁਤ ਸੰਖੇਪ , ਸ਼ੋਟੀਆਂ ਸ਼ੋਟੀਆਂ ਕਹਾਣੀਆ , ਕਟਾਕਸ਼ ਭਰੀ ਸ਼ੈਲੀ , ਪਾਤਰਾਂ ਦਾ ਹੂ ਬ ਹੂ ਆਖਾਂ ਸਾਹਵੇਂ ਸਕਣ ਹੋਣ ਤੇ ਨਾਵਲ ਦੇ ਵਾਂਗੂ ਮੇਹ੍ਸੂਸ ਹੋਣਾ ਲੇਖਕ ਦੀ ਖੂਬੀ ਹੈ.. ਪਹਲੇ ਸਮਿਆਂ ਚ ਜਥੇਬੰਦੀਆਂ ਕੇਵਲ ਵਿਦਿਅਕ ਅਦਾਰਿਆਂ ਤਕ ਸੀਮਤ ਨਾ ਹੋ ਕੇ ਆਮ ਲੋਕਾਂ ਦੇ ਸਰੋਕਾਰਾਂ ਲਈ ਵੀ ਪ੍ਰਸਾਸ਼ਨ ਨਾਲ ਮਾਥਾ ਲਾਉਂਦਿਆਂ ਸੀ ਪਰ ਅੱਜਕਲ ਕੀ ਹੁੰਦਾ ਸਬ ਦੇ ਸਾਹਮਣੇ ਹੀ ਹੈ... ਆਪੂੰ ਬਣੇ ਅੱਜਕਲ ਦੇ ਵਿਦਾਰਥੀ ਲੀਡਰ ਤਾਂ ਲਾਜ਼ਮੀ ਪੜ ਲਿਓ ਕੁਝ ਚੰਗਾ ਸਿਖ ਲੋਗੇ ... ਰਣਜੀਤ ਲੇਹਰਾ ਬੇਸ਼ਕ ਦਿਲ ਦੀ ਬਿਮਾਰੀ ਨਾਲ ਜੂਝਦੇ ਰਹੇ ਪਰ ਸੰਘਰਸ਼ ਹੌਂਸਲੇ ਨਾਲ ਜਿੱਤੇ ਜਾਂਦੇ ਨੇ ਇਹ ਪਤਾ ਚਲਦਾ ਪੜ ਕੇ... ਆਹ ਦੋ ਚਾਰ ਪਾਤਰ ਜਸਵੰਤ ਸਿੰਘ ਤੇ ਨਾਜਰ ਬਾਗੀ ਤੇ ਜੱਗਾ ਤਾਂ ਦਿਮਾਗ ਚ ਡੇਰਾ ਹੀ ਲਾਯੰ ਬੇਠੇ ਨੇ... ਸ਼ਲਾਘਾਯੋਗ ਯਤਨ ਏ .. ਵਿਦਿਆਰਥੀ ਸੰਘਰਸ਼ਾਂ ਦਾ ਪੂਰਾ ਇਤਿਹਾਸ ਅੱਜ ਦੀ ਸਾਡੀ ਪੀੜੀ ਕੋਲ ਹੋਣਾ ਚਾਹਿਦਾ ਤਾਂ ਕੇ ਓਹ ਆਪਣੇ ਹਕ ਸਚ ਲਈ ਲਾਡਨ ਲਯੀ ਕੋਈ ਸੇਧ ਲੈ ਸਕਣ....

Security Code (required)



Can't read the image? click here to refresh.

Name (required)

Leave a comment... (required)





ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ