Tue, 10 September 2024
Your Visitor Number :-   7220271
SuhisaverSuhisaver Suhisaver

ਆਬ ਆਬ ਕਰ ਮੋਇਓ -ਨਜਮ ਹੁਸੈਨ ਸਈਅਦ

Posted on:- 01-04-2013

(ਆਬ ਫ਼ਾਰਸੀ ਭਾਸ਼ਾ ਦਾ ਸ਼ਬਦ ਹੈ ਜਿਸਦਾ ਅਰਥ ਹੈ ਪਾਣੀ)
    
ਬੋਲੀ ਬਾਰੇ ਦੋ ਪੁਰਾਣੀਆਂ ਬਾਤਾਂ ਨਵੀਆਂ ਕਰੀਏ।
    
ਪਹਿਲੀ: ਮੁਗਲਾਂ ਵੇਲ ਗੁਜਰਾਤ ਲਾਗੇ ਕੁੰਜਾਹ ਵਿੱਚ ਇੱਕ ਵੱਡੇ ਆਲਮ ਸਨ ਮੌਲਵੀ ਗ਼ਨੀਮਤ। ਫ਼ਾਰਸੀ ਸ਼ਾਇਰ ਆਹੇ, ਫ਼ਾਰਸੀ ਕਿਤਾਬਾਂ ਲਿਖੀਆਂ, ਨਾ ਕਮਾਇਆ, ਫ਼ਾਰਸੀ ਵਿੱਚ ਬਹਰ ਏਡਾ ਖੁੱਲ੍ਹ ਗਿਆ ਜੋ ਆਮ ਗੱਲ ਬਾਤ ਵੀ ਫ਼ਾਰਸੀ ਵਿੱਚ ਕਰਨ ਲੱਗ ਪਏ। ਮਜਾਲ ਏ ਜੇ ਭੁੱਲ-ਭੁਲੇਖੇ ਵੀ ਪੰਜਾਬੀ ਸ਼ਬਦ ਮੂੰਹੋਂ ਕੱਢ ਜਾਵਣ। ਲੋਕਾਂ ਸੌ ਖੇਖਨ ਕਰਨੇ, ਪਰ ਮੌਲਵੀ ਹੋਰਾਂ ਨਾ ਥਿੜਕਨਾ ਇੱਕ ਦਿਨ ਕਿਹ ਹੋਇਆ। ਮੌਲਵੀ ਹੌਰੀ ਆਪ ਧਿਆਨੇ ਬੈਠੇ ਫ਼ਾਰਸੀ ਸ਼ਿਅਰ ਪਏ ਬੋਲਦੇ ਸਨ। ਇੱਕ ਧਮੋੜੀ ਤਹਿਮਤੀ ਵਿੱਚ ਜਾ ਵੜੀ। ਧਮੋੜੀ ਲੜੀ ਤੇ ਮੌਲਵੀ ਹੋਰਾਂ ਅਭੜਵਾਹੇ ਤਹਿਮਤੀ 'ਤੇ ਹੱਥ ਮਾਰ ਕੇ ਆਖਿਆ: ‘ਓ ਤੇਰੀ ਮਾਂ ਨੂੰ' (ਜਿਹੜੇ ਬਜ਼ੁਰਗ ਗਾਹਲ ਮੰਦੇ ਤੋਂ ਸੰਗਦੇ ਨੇ ਉਹ ਆਂਹਦੇ ਨੇ ਮੌਲਵੀ ਹੋਰਾਂ ‘ਹਾਏ ਓ ਬੇਬੇ' ਆਖਿਆ ਸੀ)। ਮੌਲਵੀ ਹੋਰਾਂ ਜੋ ਵੀ ਆਖਿਆ ਉਹ ਫ਼ਾਰਸੀ ਨਾ ਆਹੀ। ਸੋ ਸ਼ਾਗਿਰਦ ਨੱਸਦੇ ਗਏ ਤੇ ਪਿੰਡ ਵਾਲਿਆਂ ਨੂੰ ਦੱਸਿਓ ਨੇ ਪਈ ਮੌਲਵੀ ਹੋਰੀਂ ਬੋਲ ਪਏ ਜੇ।
    
ਦੂਜੀ: ਮੁਗ਼ਲਾਂ ਵੇਲੇ ਇੱਕ ਪੇਂਡੂ ਗੱਭਰੂ ਸ਼ਾਹੀ ਲਸ਼ਕਰ ਵਿੱਚ ਭਰਤੀ ਆਹਾ। ਇੱਕ ਲੜਾਈ ਵਿੱਚ ਫੱਟੜ ਹੋਇਆ। ਤ੍ਰੇਹ ਨਾਲ ਮਰਨ ਹਾਕਾ ਹੋ ਗਿਆ। ਆਪਣਾ ਗਰਾਂ ਨੇੜੇ ਹਾਸ। ਘੋੜਾ ਭਜੀਂਦਾ ਆ ਵੜਿਆ ਤੇ ਫ਼ਾਰਸੀ ਵਿੱਚ ਪਾਣੀ ਮੰਗਿਉਸ ਅਖੇ ਆਬ! ਆਬ!! ਲੋਕਾਂ ਬਥੇਰੇ ਟੇਵੇ ਲਾਏ। ਮੁੜ ਮੁੜ ਪੁਛਿਉ ਨੇ, ਪੁੱਤਰ ਕੀ ਚਾਹੀਦਾ ਈ। ਉਹ ਇੱਕੋ ਆਬ ਆਬ ਕਰੀ ਗਿਆ ਤੇ ਪੂਰਾ ਹੋ ਗਿਆ। ਪਿਛੋਂ ਕਿਸੇ ਮੌਲਵੀ ਗ਼ਨੀਮਤ ਨੇ ਪਿੰਡ ਵਾਲਿਆਂ ਨੂੰ ਦੱਸਿਆ ਬਈ ਆਬ ਪਾਣੀ ਨੂੰ ਆਂਹਦੇ ਨੇ। ਜੇ ਤੁਸੀਂ ਫ਼ਾਰਸੀ ਪੜ੍ਹੇ ਹੁੰਦੇ ਤਾਂ ਅੱਜ ਤੁਹਾਡਾ ਲਸ਼ਕਰੀ ਪੁੱਤਰ ਪਿਆਸਾ ਨਾ ਮਰਦਾ। ਹੁਣ ਇੱਕ ਤੇ ਪੁੱਤਰ ਵੰਝਾਇਓ ਜੇ ਤੇ ਦੂਜੇ ਤਿਆਰ ਹੋ ਜਾਓ ਬਾਤਸ਼ਾਹ ਪੁੱਛ ਕਰਨੀ ਏ ਬਈ ਮੇਰੇ ਲਸ਼ਕਰੀ ਨੂੰ ਪਾਣੀ ਕਿਉਂ ਨਹੀਂ ਜੇ ਦਿੱਤਾ। ਬਾਤ ਇੰਝ ਵੀ ਮੁਕ ਸਕਦੀ ਆਹੀ ਜੋ ਪਿੰਡ ਵਾਲਿਆਂ ਝੱਟ ਮੌਲਵੀ ਗ਼ਨੀਮਤ ਕੋਲੋਂ ਫ਼ਾਰਸੀ ਸਿੱਖ ਲਈ। ਬਾਤਸ਼ਾਹ ਵੀ ਉਨ੍ਹਾਂ ਮੁਆਫ਼ ਚਾ ਕੀਤਾ ਤੇ ਅੱਗੋਂ ਪਿੰਡ ਦਾ ਕੋਈ ਲਸ਼ਕਰੀ ਪੁੱਤਰ ਤੁੱਸਾਂਵੀ ਨਾ ਮੋਇਆ ਪਰ ਬਾਤ ਮੁਕੀ ਇੰਝ ਬਈ ਲਸ਼ਕਰੀ ਦੀ ਮਾਂ ਨੂੰ ਜਦ ਆਬ ਦਾ ਮਤਲਬ ਪਤਾ ਲੱਗਾ ਉਹ ਪਿੱਟੀਠ

    ਜੇ ਮੈਂ ਜਾਣਾਂ ਮੰਗੇ ਪਾਣੀ ਭਰ ਭਰ ਦਿਆਂ ਪਿਆਲੇ,
ਆਬ ਆਬ ਕਰ ਮੋਇਓ ਬਚੜਾ, ਫ਼ਾਰਸੀਆਂ ਘਰ ਗਾਲ਼ੇ।


ਬਾਤਾਂ ਚਤਰ ਹੁੰਦੀਆਂ ਨੇ। ਸਦਾ ਅਧੂਰੀਆਂ - ਆਪਣੇ ਅੰਦਰੋਂ ਨਿਤ ਖੱਪੇ ਪਈਆਂ ਵਿਖਾਲਦੀਆਂ ਨੇ ਤੇ ਖੱਪੇ ਹੁੰਦੇ ਨੇ ਪੁੱਛਾਂ। ਪਹਿਲੀ ਬਾਤ ਪੁੱਛਦੀ ਏ: ਜੇ ਮੌਲਵੀ ਗ਼ਨੀਮਤ ਹੋਰੀਂ ਪੰਜਾਬੀ ਹਰਫ਼ ਈ ਮੂੰਹੋਂ ਨਹੀਂ ਸਨ ਕੱਢਦੇ ਤਾਂ ਉਹ ਕੰਮੀਆਂ ਕੋਲੋਂ ਕੰਮ ਕਿਵੇਂ ਲੈਂਦੇ ਸਨ। ਘਰ ਵਾਲੀ ਨਾਲ ਗੱਲ ਕਿਵੇਂ ਕਰੇਂਦੇ ਸਨ। ਆਂਢ-ਗੁਆਂਢ ਨਾਲ ਵਾਹ ਵਰਤਨ ਕਿਵੇਂ ਕਰੇਂਦੇ ਸਨ। ਦੂਜੀ ਬਾਤ ਪੁੱਛਦੀ ਏ: ਜੇ ਸਿਪਾਹੀ ਪੁੱਤਰ ਪਾਣੀ ਬਾਝ ਪਿਆ ਕਰਦਾ ਹਾ ਤਾਂ ਉਹ ਆਪ ਕਿਸੇ ਖੂਹ ਖਾਲੇ ਤੇ ਕਿਉਂ ਨਾ ਜਾ ਡਿੱਗਾ। ਪਿੰਡ ਵਾਲਿਆਂ ਵਿੱਚ ਖਲੋਤਾ ਆਬ ਆਬ ਕਿਉਂ ਕੂਕਦਾ ਰਿਹਾ।
    
ਜਵਾਬ ਕਈ ਹੋ ਸਕਦੇ ਨੇ। ਜਿਵੇਂ ਇਹ: ਘਰਵਾਲੀ ਨੂੰ ਤੇ ਮੌਲਵੀ ਹੋਰੀਂ ਸੈਨਤ ਨਾਲ ਈ ਸਮਝਾ ਲੈਂਦੇ ਆਹ ਨਾ ਤੇ ਲੋਕਾਂ ਨਾਲ ਉਹ ਗੱਲ ਕਰੇਂਦੇ ਆਹਨ। ਸ਼ਾਗਿਰਦਾਂ ਰਾਹੀਂ, ਸ਼ਾਗਿਰਦ ਸਮਝੋ ਪੜ੍ਹ ਲਿਖ ਕੇ ਮੌਲਵੀ ਹੋਰਾਂ ਦੇ ਵਿਚੋਲੇ ਥੀ ਗਏ ਆਹਨ। ਜਿਵੇਂ ਆਪ ਮੌਲਵੀ ਹੋਰੀ ਪੜ੍ਹ ਲਿਖ ਕੇ ਮੁਗ਼ਲਾਂ ਦੇ ਵਿਚੋਲੇ ਥੀ ਗਏ ਆਹਨ।
    
ਦੂਜੀ ਬਾਤ ਦਾ ਜਵਾਬ ਵੀ ਇੱਕ ਤੇ ਇਹ ਹੋ ਸਕਦਾ ਏ: ਸਿਪਾਹੀ ਛੋਹਰ ਦੇ ਗਰਾਂ ਵਿੱਚ ਖੂਹ ਖਾਲਾ ਤੇ ਆਹਾ ਈ ਕੋਈ ਨਾ। ਕਈਆਂ ਕੋਹਾਂ ਛੇ ਤ੍ਰੀਮਤਾਂ ਚੋਏ ਥੀ ਪਾਣੀ ਭਰ ਕੇ ਆਂਦੀਆਂ ਆਹੀਆਂ। ਜੇ ਪਿੰਡ ਵਿੱਚ ਖੂਹ ਹੁੰਦੇ ਜਾਂ ਨਾਲੋਂ ਦਰਿਆ ਲੰਘਦੇ ਤਾਂ ਪਿੰਡ ਦੇ ਪੁੱਤਰ ਲਸ਼ਕਰਾਂ ਵਿੱਚ ਭਰਤੀ ਕਾਹਨੂੰ ਹੋਂਦੇ ਪਰ ਇੱਕ ਜਵਾਬ ਇਹ ਵੀ ਏ ਜੇ ਮੌਲਵੀ ਗ਼ਨੀਮਤ ਹੋਰੀਂ ਕੁੰਜਾਹ ਦਿਆਂ ਆਮਾਂ ਲੋਕਾਂ ਨਾਲ ਮਿਲਣਾ ਨਹੀਂ ਸਨ ਚਾਹੁੰਦੇ। ਉਹਨਾਂ ਕੋਲੋਂ ਵੱਖ ਹੋਵਨਾ ਚਾਹੁੰਦੇ ਸਨ। ਤਾਰੀਖ਼ ਵਾਲੇ ਦੱਸਦੇ ਨੇ ਜੋ ਗ਼ਨੀਮਤ ਦੇ ਪਿਉ ਦਾ ਕੁੰਜਾਹ ਵਿੱਚ ਫ਼ਤਵਾ ਚਲਦਾ ਸੀ ਤੇ ਆਪ ਗ਼ਨੀਮਤ ਹੋਰੀਂ ਲਾਹੌਰ ਦੇ ਮੁਗ਼ਲ ਗਵਰਨਰ ਮੁਕਰਮ ਖਾਂ ਦੇ ਕੋਲ ਬਹਿਣ ਵਾਲਿਆਂ ਵਿੱਚੋਂ ਸਨ। ਫ਼ਾਰਸੀ ਉਹਨੀਂ ਦਿਨੀਂ ਲੋਕਾਂ ਕੋਲੋ ਵੱਖਰੇ ਹੋਵਨ ਦਾ ਨਿਸ਼ਾਨ ਆਹੀ। ਮੌਲਵੀ ਹੋਰੀਂ ਰਲਣਾ ਚਾਹੁੰਦੇ ਸਨ ਮੁਗ਼ਲ ਹਾਕਮ ਨਾਲ ਤੇ ਫ਼ਾਰਸੀ ਤਦੋਂ ਮੁਗ਼ਲ ਹਾਕਮ ਨਾਲ ਜੁੜਨ ਦਾ ਨਿਸ਼ਾਨ ਆਹੀ। ਸੋ ਇੱਕ ਇੱਕ ਫ਼ਾਰਸੀ ਫ਼ਿਕਰੇ ਵਿੱਚ ਮੌਲਵੀ ਹੁਰਾਂ ਨੂੰ ਦੂਹਰਾ ਨਸ਼ਾ ਹੁੰਦਾ ਸੀ। ਲੋਕਾਂ ਕੋਲੋ ਦੂਰੀ ਦਾ ਤੇ ਹਾਕਮ ਦੀ ਨੇੜ ਦਾ। ਸਿਪਾਹੀ ਪੁੱਤਰ ਵੀ ਐਸੇ ਦੂਹਰੇ ਨਸ਼ੇ ਦਾ ਅਮਲੀ ਸੀ। ਪਾਣੀ ਤੇ ਉਹਨੂੰ ਚਾਹੀਦਾ ਈ ਨਹੀਂ ਸੀ। ਉਹ ਤਾਂ ਆਇਆ ਹਾ ਆਪਣੀ ਝੋਕ ਦਿਆਂ ਲੋਕਾਂ ਨੂੰ ਦੱਸਣ ਪਈ ਦੇਖੋ ਮੈਂ ਤੁਸਾਂ ਨਿਮਾਣਿਆਂ ਤੋਂ ਕੇਡਾ ਦੁਰੇਡਾ ਤੇ ਪੁਸ਼ਾਕਾਂ ਵਾਲਿਆਂ ਸਾਈਆਂ ਤੋਂ ਕੇਡਾ ਨੇੜੇ। ਇਹ ਏ ਮੇਰੀ ਨਵੀਂ ਕਮਾਈ ਹਸਤੀ ਵੰਜਾ ਦੇਵਾਂ। (ਆਬ ਫ਼ਾਰਸੀ ਵਿੱਚ ਇਜ਼ਤ ਨੂੰ ਵੀ ਆਖਦੇ ਨੇ)

ਬਾਤਾਂ ਬਣਦੀਆਂ ਰੋਜ਼ ਵਾਪਰੀ ਵਿੱਚੋਂ ਪਰ ਬਣਦੀਆਂ ਤਾਂ ਨੇ, ਜਦੋਂ ਰੋਜ਼ ਵਾਪਰੀ ਵਿੱਚ ਕੋਈ ਨਿੱਕਾ ਮੋਟਾ ਵਾਧਾ ਕਰ ਦਿੱਤਾ ਜਾਵੇ। ਪਹਿਲੀ ਬਾਤ ਬਣੀ ਏ ਵਾਧੇ ਨਾਲ। ਧਮੋੜੀ ਦਾ ਵਾਧਾ।
    
ਤੁਰਕਾਂ ਮਗ਼ਲਾਂ ਵੇਲੇ ਸ਼ਹਿਰਾਂ ਗਰਾਵਾਂ ਵਿੱਚ ਨਿੱਕੇ ਮੋਟੇ ਮੌਲਵੀ ਗ਼ਨੀਮਤ ਆਮ ਸਨ। ਦਰਸ ਪੜ੍ਹਾਂਦੇ ਸਨ ਤੇ ਬਾਦਸ਼ਾਹ ਦੇ ਨਾਂ ਦਾ ਖ਼ੁਤਬਾ ਪੜ੍ਹਦੇ ਸਨ। ਨਿੱਕਿਆਂ ਨੂੰ ਵਜ਼ੀਫ਼ੇ ਲੱਭਣੇ। ਮੋਟਿਆਂ ਨੂੰ ਜਾਗੀਰਾਂ ਵੀ ਜੁੜ ਜਾਣੀਆਂ। ਲੋਕਾਂ ਉਨ੍ਹਾਂ ਦੇ ਵਖਰੇਵੇਂ ਕੋਲੋਂ ਖਿਝਣਾ ਵੀ ਪਰ ਯਰਕਣਾ ਵੀ। ਨਾਲ ਖ਼ਿਦਮਤ ਖਾਤਰ ਵੀ ਚੰਗੀ ਕਰਨੀ ਪਈ ਚਲੋ ਉਤਲਿਆਂ ਨਾਲ ਗੱਲ ਕਰਨ ਜੋਗਾ, ਉਹਨਾਂ ਦੀ ਸਮਝਣ ਜੋਗਾ ਵਸੀਲਾ ਤਾਂ ਕੋਲ ਹੈ। ਇਹ ਤਾਂ ਰੋਜ਼ ਈ ਹੁੰਦਾ ਹੋਣਾ ਏ, ਬਈ ਮੌਲਵੀ ਹੋਰੀਂ ਆਏ ਨੇ। ਦਰਸ ਪੜ੍ਹਾਇਓ ਨੇ। ਸ਼ਾਗਿਰਦਾਂ ਨਾਲ ਫ਼ਾਰਸੀ ਬੋਲਿਓ ਨੇ। ਕੋਈ ਆਪਣੇ ਵਰਗਾ ਆਇਆ ਏ ਤੇ ਉਹਦੇ ਨਾਲ ਫ਼ਾਰਸੀ ਸ਼ਿਅਰ ਵਟਾਂਦਰਾ ਕੀਤੇ ਨੇ। ਕਿਸੇ ਹਿਮਾਤੜ ਨੇ ਕੋਈ ਲੋੜ ਦੀ ਗੱਲ ਆਪਣੀ ਬੋਲੀ ਵਿੱਚ ਆਖ ਵੀ ਦਿੱਤੀ ਏ ਤੇ ਵਲਦਾ ਫ਼ਾਰਸੀ ਵਿੱਚ ਈ ਆਇਆ ਏ ਪਰ ਅੱਜ ਏਸ ਰੋਜ਼ ਵਰਤਨੀ ਵਿੱਚ ਧਮੋੜੀ ਦਾ ਵਾਧਾ ਹੋ ਗਿਆ ਏ। ਧਮੋੜੀ ਨੇ ਮੌਲਵੀਂ ਹੋਰਾਂ ਕੋਲੋਂ ਫ਼ਾਰਸੀ ਛਡਾਈ ਏ ਤੇ ਬਾਤ ਬਣ ਖਲੋਤੀ ਏ।
ਖ਼ਬਰੇ ਇਹ ਲੋਕਾਂ ਦੀ ਖਿਝ ਈ ਏ ਜਿਹੜੀ ਧਮੋੜੀ ਬਣ ਕੇ ਮੌਲਵੀ ਹੋਰਾਂ ਦੀ ਤਹਿਮਤੀ ਵਿੱਚ ਜਾ ਵੜੀ ਏ ਪਰ ਨਹੀਂ ਖਿਝ ਖੋਰ ਦੀਆਂ ਧਮੋੜੀਆਂ ਏਡੀਆਂ ਸਿਆਣੀਆਂ ਤੇ ਬਾਰੀਕ ਨਹੀਂ ਹੁੰਦੀਆਂ। ਇਹ ਧਮੋੜੀ ਲੋਕ ਸੁਰਤ ਦੀ ਸਿਖਾਈ ਜਾਪਦੀ ਏ।
ਦੂਜੀ ਬਾਤ ਬਣੀ ਘਾਟੇ ਨਾਲ। ਵਿਚੋਲੇ ਦਾ ਘਾਟਾ।

ਇਹ ਤਾਂ ਰੋਜ਼ ਈ ਹੁੰਦਾ ਹੋਣਾ ਏ ਬਈ ਲਸ਼ਕਰੀ ਫ਼ਾਰਸੀ ਕੜਕਦੇ ਚਾਂਗਰਦੇ ਪਿੰਡ ਵਿੱਚ ਆ ਵੜੇ ਨੇ। ਲੋਕ ਡੌਰ-ਭੌਰ ਖਲੋਤੇ ਨੇ। ਕੋਈ ਮੌਲਵੀ ਗ਼ਨੀਮਤ ਝੱਟ ਅਗੇਰੇ ਹੋ ਕੇ ਲੋਕਾਂ ਨੂੰ ਦੱਸਦਾ ਏ ਬਈ ਇਹ ਬਾਤਸ਼ਾਹੀ ਲਸ਼ਕਰੀ ਨੇ। ਫ਼ਲਾਨੀ ਸ਼ੈਅ ਪਏ ਮੰਗਦੇ ਜੇ ਤੁਰਤ ਹਾਜ਼ਰ ਕਰੋ ਪਰ ਅੱਜ ਉਹਦਰੋਂ ਸਿਪਾਹੀ ਪੁੱਤਰ ਆਬ ਆਬ ਕਰੇਂਦਾ ਗਰਾਂ ਵੜਿਆ ਏ। ਏਹ ਕਰੋ ਲੋਕਾਂ ਫ਼ਾਰਸੀ ਸਮਝਾਵਨ ਵਾਲਾ ਵਿਚੋਲਾ ਵਿੱਚੋਂ ਚੁੱਕ ਦਿੱਤਾ ਏ। ਖ਼ਬਰੇ ਉਹਨਾਂ ਆਪਣੇ ਮੌਲਵੀ ਗ਼ਨੀਮਤ ਦੀ ਤਹਿਮਤੀ ਵਿੱਚ ਧਮੋੜੀ ਵਾੜ ਦਿੱਤੀ ਏ ਕਿ ਸਿਪਾਹੀ ਦੀ ਗੱਲ ਦਾ ਤਰਜਮਾ ਹੋ ਨਹੀਂ ਸਕਿਆ ਤੇ ਉਹ ਤਿਰਹਾਇਆ ਈ ਮਰ ਗਿਆ ਏ। ਲੋਕ ਸੁਰਤ ਰੋਜ਼ ਵਰਤਣੀ ਵਿੱਚ ਵਾਧੇ ਘਾਟੇ ਕਰ ਕੇ ਉਹਦੀ ਖੇਡ ਬਣਾ ਦੇਂਦੀ ਏ। ਏਹੋ ਖੇਡ ਲੋਕ ਕਲਾ ਏ। ਲੋਕ ਸੁਰਤ ਇਸ ਖੇਡ ਨੂੰ ਜੰਮਦੀ ਵੀ ਏ ਤੇ ਇਹਦੀ ਜਾਈ ਵੀ ਏ। ਇਸੇ ਰਾਹੀਂ ਨਿਸਰਦੀ ਮੌਲਦੀ ਏ। ਇਸੇ ਰਾਹੀਂ ਆਪਣੇ ਆਪ ਨੂੰ ਸਿੰਜਾਣਦੀ ਪਰਖਦੀ ਏ।

ਮੁੱਢ ਕਦੀਮ ਤੋਂ ਹਾਕਮਾਂ ਹਾਕਮੀ ਕਰਨ ਵਾਸਤੇ ਲੋਕਾਂ ਕੋਲੋ ਨਿਵੇਕਲਿਆਂ ਹੋਣਾ ਜ਼ਰੂਰੀ ਸਮਝਿਆ। ਹਾਕਮ ਲੋਕਾਂ ਨੂੰ ਦਸਦੇ ਆਹਨ ਜੋ ਅਸੀਂ ਹੋਰ ਜੂਨ ਆਂ ਤੁਸੀਂ ਹੋਰ ਜੂਨ। ਤੁਸਾਂ ਮਿੱਟੀ ਦੇ ਬਣੇ ਹੋਏ ਓ ਅਸਾਂ ਚੰਨ ਸੂਰਜ ਦੀ ਔਲਾਦ ਆਂ। ਰੱਬ ਦੇ ਪਰਛਾਵੇਂ ਆਂ। ਸਾਨੂੰ ਹੱਕ ਏ ਤੁਹਾਡੀ ਕਮਾਈ ਖੋਹ ਖੜੀਏ। ਸਗੋਂ ਤੁਹਾਡਾ ਫ਼ਰਜ਼ ਏ ਬਈ ਜੋ ਕੁਝ ਉਗਾਓ ਬਣਾਓ ਉਹਦੇ ਵਿੱਚੋਂ ਆਪਣੇ ਜੀਣ ਜੋਗਾ ਥੋੜ੍ਹਾ ਬਾਹਲਾ ਰੱਖ ਕੇ ਰਹਿੰਦਾ ਸਾਡੇ ਕੋਲ ਜਮ੍ਹਾ ਕਰਾਓ। ਇਹ ਕੁਦਰਤ ਦਾ ਵਰਤਾਰਾ ਜੇ। ਲੋਕਾਂ ਦੀ ਕਮਾਈ ਪਹਿਲੋਂ ਤੇ ਧਗਾਣੇ ਖੱਸ ਲੀਤੀ ਗਈ, ਮਗਰੋਂ ਇਸ ਧਗਾਣ ਨੂੰ ਢਿਡੋਂ ਮੰਨਵਾਉਣ ਵਾਸਤੇ ਕੁਦਰਤ ਦਾ ਵਰਤਾਰਾ ਆਖ ਕੇ ਲਾਗੂ ਕਰ ਦਿੱਤਾ ਗਿਆ। ਹਾਕਮਾਂ ਆਪਣੀ ਰਹਿਤਲ ਵਰਤਣ ਬਾਣਾ ਸਭ ਉਚੇਚਾ ਲੋਕਾਂ ਕੋਲੋਂ ਵਖਰਾਇਆ। ਇਹ ਮੁਹਾਂਦਰਾ ਵੱਖਰੀ ਸ਼ਾਨ ਏ। ਟੋਹਰ-ਕੁਦਰਤ ਦੀ ਦੇਣ।

ਜਿਤਨਾ ਆਮ ਮਖ਼ਲੂਕ ਕੋਲੋਂ ਹਾਕਮ ਵੱਖਰਾ ਹੋਇਆ। ਉਤਨੀ ਉਹਦੀ ਸ਼ਾਨ ਵਧੀ। ਜਿਦਨ ਲੋਕਾਂ ਇਸ ਵੱਖਰੀ ਸ਼ਾਨ ਨੂੰ ਵਡਿਆਈ ਮੰਨ ਲਿਆ, ਗੁਣ ਸਮਝ ਲਿਆ ਤਾਂ ਉਹ ਇਹਦੇ ਅੱਗੇ ਨਿਊਣ ਨੂੰ, ਇਹਨੂੰ ਪੂਜਣ ਨੂੰ ਵੀ ਗੁਣ ਤੇ ਵਡਿਆਈ ਸਮਝਣ ਲੱਗ ਪਏ। ਖੱਟਿਆ-ਵੱਟਿਆ ਤਾਂ ਅੱਗੇ ਈ ਸ਼ਾਨ ਵਾਲੇ ਨੂੰ ਦੇ ਬੈਠੇ ਸਨ, ਹੁਣ ਦੀਨ-ਈਮਾਨ ਵੀ ਉਹਦੇ ਨਾਵੇਂ ਲਾਵਣ 'ਤੇ ਰਾਜ਼ੀ ਥੀ ਗਏ। ਹੌਲੀ ਹੌਲੀ ਭੁੱਲ ਗਏ ਜੋ ਇਹ ਸ਼ਾਨ ਸਾਡੀ ਤੇ ਹਾਕਮ ਦੀ ਰਹਿਤ ਵਿੱਚ ਇਹ ਫ਼ਰਕ ਸਾਡੀ ਮਿਹਨਤ ਸਦਕਾ ਈ ਏ। ਉਹ ਸ਼ਾਨ ਨੂੰ, ਹਾਕਮ ਦਾ ਜਮਾਂਦਰੂ ਹੁਸਨ ਮੰਨਣ ਲੱਗ ਪਏ। ਇਹਨੂੰ ਬੰਦਿਆਈ ਦੀ ਟੀਸੀ ਸਮਝਣ ਲੱਗ ਪਏ। ਉਹਨਾਂ ਦਿਲਾਂ ਵਿੱਚ ਏਸ ਹੁਸਨ ਦੀ ਤਾਂਘ ਧੁਖਾਈ ਤੇ ਇਹਦੇ ਵਿਛੋੜੇ ਦਾ ਦੁੱਖ ਪਾ ਲਿਆ। ਹਾਕਮ ਨੇ ਸ਼ਾਨ ਦੇ ਨਾਂ 'ਤੇ ਆਪਣਾ ਧਰੋ ਮਨਵਾਇਆ ਤੇ ਪੂਜਾਇਆ।
    
ਆਪਣੀ ਲੋੜੋਂ ਵਧ ਅੰਨ ਵਸਤ ਉਪਜਾਵਣ ਲਈ ਖ਼ਲਕਤ ਨੂੰ ਕੰਮ 'ਤੇ ਲਾਉਣਾ ਵਤ ਖ਼ਲਕਤ ਦੀ ਏਸ ਹੱਡ ਪੀਹਵਿਓ ਵਾਧੂ ਕਮਾਈ ਨੂੰ ਪੂਰੇ ਹੰਮੇ ਨਾਲ ਚਾ ਖੜਨਾ ਤੇ ਆਪਣੇ ਸੁਖਾਲ ਲਈ ਵਰਤਣਾ ਸਾਂਝ ਹੁੰਦਿਆਂ ਨਹੀਂ ਹੋ ਸਕਦਾ। ਜੇ ਸ਼ਿਕਾਰੀ ਦਾ ਸ਼ਿਕਾਰ ਨਾਲ ਭਾਈਚਾਰਾ ਹੋਵੇ ਤਾਂ ਉਹ ਸ਼ਿਕਾਰ ਕਿਵੇਂ ਮਾਰੇ। ਧਰੋ ਕਮਾਵਣ ਵਾਲੇ ਨੂੰ ਆਪਣੇ ਸ਼ਿਕਾਰ ਨੂੰ ਦਿਲੋਂ ਦੂਰ ਕਰਨਾ ਪੈਂਦਾ ਏ। ਹਾਕਮਾਂ ਮਾਲਕਾਂ ਲਈ ਜ਼ਰੂਰੀ ਏ ਜੋ ਉਹ ਕੰਮੀਆਂ ਕਾਮਿਆਂ ਨੂੰ ਆਪਣੇ ਵਰਗਾ ਬੰਦਾ ਨਾ ਸਮਝਣ। ਜਿਤਨੀ ਦੂਰੀ ਹੋਸੀ ਉਤਨਾ ਕੰਮ ਕੱਢਣ ਸੁਖਾਲਾ ਹੋਸੀ। ਏਸੇ ਦੂਰੀ ਦਾ ਨਾਂ ਸ਼ਾਨ ਏ। ਜਾਂ ਆਖੋ ਸ਼ਾਨ ਪਹਿਰੇਵਾ ਏਸ ਦੂਰੀ ਦਾ। ਕਿਉਂ ਜੋ ਇਹ ਨੰਗਮ ਨੰਗੀ ਨਹੀਂ ਖਲੋ ਸਕਦੀ। ਕਦੀ ਔਖੇ ਵੇਲੇ ਇਹਨੂੰ ਭਰੱਪੀ ਤੇ ਸਾਂਝ ਦਾ ਬਾਣਾ ਵੀ ਬਣਾਉਣਾ ਪੈ ਜਾਂਦਾ ਏ। ਪਰ ਸ਼ਾਨ ਇਹਦਾ ਕੁਦਰਤੀ ਪਹਿਰੇਵਾ ਏ। ਇਹ ਪਰਿਾਵਾ ਦੂਰੀ ਨੂੰ ਦੂਰੀ ਈ ਬਣਾ ਵਿਖਾਂਦਾ ਏ। ਸ਼ਾਨ ਦੇ ਪਹਿਰੇਵੇ ਵਿੱਚ ਸਜੀ ਦੂਰੀ ਹਾਕਮ ਦਾ ਹਥਿਆਰ ਨਹੀਂ ਜਾਪਦੀ ਦਬੇਲ ਦੀ ਲੋੜ ਬਣ ਜਾਂਦੀ ਏ। ਹਾਕਮ ਮਾਲਕ ਕੰਮੀ ਕਾਮੇ ਨੂੰ ਆਖਦਾ ਏ ਵੇਖ ਮੈਂ ਕੇਡਾ ਅਚਰਜ ਕੇਡਾ ਨਿਵੇਕਲਾ, ਉਚੇਰਾ ਤੇ ਚੰਗੇਰਾ ਹਾਂ। ਕੋਈ ਜੋੜ ਹੈ ਮੇਰੇ ਹੁਸਨ, ਗੁਣ ਤੇ ਵਡਿਆਈ ਦਾ। ਮੈਨੂੰ ਪੂਜ ਪੂਜਣ ਦੂਰੀ ਨੂੰ ਮਾਨਣ ਹੈ। ਦੂਰੀ ਤੋਂ ਮਾਣਿਆਂ ਤੂੰ ਮੈਂਡੇ ਨੇੜੇ ਹੋ ਸਕਦਾ ਏਂ। ਮੈਂਡੀਆਂ ਸਿਫ਼ਤਾਂ ਦਾ ਲਿਸ਼ਕਾਰਾ ਘਿਨ ਸਕਨਾ ਏਂ। ਤੈਂਡੀ ਮੈਂਡੀ ਨਿਖੇੜ ਈ ਸਾਡੀ ਦੋਹਾਂ ਦੀ ਹੋਂਦ ਏ। ਮੈਂ ਪੂਜਣ ਜੋਗ ਹਾਂ ਤੂੰ ਪੂਜਣਹਾਰ ਹੈ। ਇਹੋ ਸਾਡਾ ਕੁਦਰਤੀ ਸਾਂਗਾ ਏ। ਇਹੋ ਰੱਬ ਦੀ ਰਜ਼ਾ ਏ। ਕੁਦਰਤ ਦਾ ਵਿਹਾਰ ਏ।

ਹਾਕਮ ਦਾ ਬਹਿਣ, ਖਲੋਵਣ, ਖਾਵਣ, ਖੇਡਣ ਸਭ ਸ਼ਾਨ ਵਿਖਾਲਾ ਏ। ਉਹਦੇ ਕੱਪੜੇ ਧੁੱਪ ਪਾਲ਼ੇ ਦਾ ਸਮਿਆਨਾ ਨਹੀਂ ਉਹਦੇ ਦਰਜੇ ਦਾ ਨਿਸ਼ਾਨ ਨੇਂ। ਉਹਦੀ ਬੋਲੀ ਬੋਲੀ ਨਹੀਂ ਉਹਦੇ ਲਫ਼ਜ਼ ਲਫ਼ਜ਼ ਨਹੀਂ ਹੋਕਾ ਨੇਂ, ਉਹਦੇ ਰੱਜੇ ਦਾ। ਇਹ ਖ਼ਲਕਤ ਤੋਂ ਉਹਦੀ ਦੂਰੀ ਕੁਝ ਦਿਖਾਂਦੇ ਨੇ। ਇਹਨਾਂ ਲਫ਼ਜਾਂ ਵਿੱਚ ਮਾਅਨੇ ਕੋਈ ਨਹੀਂ। ਇਹ ਲਫ਼ਜ਼ ਉਹ ਮੰਤਰ ਨੇ ਜਿਹੜੇ ਹਾਕਮ ਨੂੰ ਹਾਕਮੀ ਤੇ ਦਬੇਲ ਨੂੰ ਦਬੇਲੀ ਦਾ ਪੱਕ ਕਰੇਂਦੇ ਨਂ। ਜਿਹਨਾਂ ਰਾਹੀਂ ਹਾਕਮ ਆਪਣੇ ਪੂਜਣ ਜੋਗ ਹੋਵਣ ਨੂੰ ਦਬੇਲ ਆਪਣੇ ਪੂਜਣਹਾਰ ਹੋਵਣ ਮਾਣਦਾ ਤੇ ਮੰਨਦਾ ਹੈ।

ਤੁਰਕਾਂ ਮੁਗ਼ਲਾਂ ਤੋਂ ਪਹਿਲਾਂ ਇਥਾਵਿਆਂ ਹਾਕਮਾਂ ਨੂੰ ਲੋਕ ਬੋਲੀ ਤੋਂ ਵੱਖਰਿਆਂ ਰਹਿਣ ਲਈ ਇੱਕ ਦਰਬਾਰੀ ਬੋਲੀ ਪੜ੍ਹਾਉਣੀ ਪਈ ਸੀ। ਤੁਰਕਾਂ ਮੁਗ਼ਲਾਂ ਨੂੰ ਇਹ ਖੇਚਲ ਨਾ ਕਰਨੀ ਪਈ। ਉਹ ਜਿਥੋਂ ਆਏ ਸਨ, ਉਥੇ ਫ਼ਾਰਸੀ ਬਾਤਸ਼ਾਹੀ ਬੋਲੀ ਆਹੀ। ਉਹਨਾਂ ਏਥੇ ਓਹਾ ਚਲਾ ਦਿੱਤੀ। ਫ਼ਾਰਸੀ ਚੱਲੀ ਤੇ ਸੈਂਕੜੇ ਵਰ੍ਹੇ ਲੋਕ ਬੋਲੀ ਤੋਂ ਲੋਕ ਰਹਿਤਲ ਤੋਂ ਨਿਖੜਨ ਦਾ ਮੰਤਰ ਬਣੀ ਰਹੀ। ਬਾਤਸ਼ਾਹੀ ਵਰਤਾਰੇ ਨਾਲ ਰੁਸੇਵਾਂ ਪੜ੍ਹਿਆ ਬੋਲਿਆਂ ਈ ਜ਼ਾਹਰ ਹੋਣਾ। ਸੋ ਲਸ਼ਕਰਿਆਂ, ਲਾਕੜਿਆਂ, ਲਾਗੀਆਂ, ਟਿੱਲ ਲਾ ਕੇ ਫ਼ਾਰਸੀ ਨੂੰ ਮੂੰਹ ਮਾਰਨਾ। ਫ਼ਾਰਸੀ ਲਫ਼ਜ਼ ਪੂਜਣ ਜੋਗ ਹੋ ਗਏ। ਫ਼ਾਰਸੀ ਲਿਖਤਾਂ ਸੋਹਣ ਸੁਚੱਜ ਦੀਆਂ ਖਾਣਾਂ ਬਣ ਗਈਆਂ। ਜਿਸ ਚਾਹੁਣਾ, ਇਹ੍ਵਾਂ ਖਾਣਾਂ ਵਿੱਚ ਹੱਥ ਘੁਮਾਣਾਤੇ ਅਮੀਰ ਥੀ ਵੈਣਾ। ਘੋੜੇ ਜੋੜੇ ਮਹਿਲ ਮਾੜ੍ਹੀਆਂ ਤਾਂ ਮਹਿੰਗੀਆਂ ਆਹੀਆਂ। ਫ਼ਾਰਸੀ ਨੂਰ ਸਸਤ ਆਹਾ। ਜਿਹਨੂੰ ਦੇਸੀ ਵਸੇਬ ਦੀ ਮਿੱਟੀ ਰੜਕੀ ਉਸ ਝੱਟ ਫ਼ਾਰਸੀ ਨੂਰ ਵਿੱਚ ਨ੍ਹਾ ਕੇ ਨੂਰੀ ਥੀ ਵੈਣਾ। ਆਲਮਾਂ ਦੀ ਇਲਮਾਈ ਤੇ ਸ਼ਾਇਰਾਂ ਦੀ ਸ਼ਾਇਰੀ ਲੋਕ ਬੋਲੀ ਤੋਂ ਦੂਰੀ ਦੇ ਰਾਜ਼ ਨਾਲ ਮੇਚੀ ਜਾਵਣ ਲੱਗੀ। ਜਿਤਨੀ ਕਿਸੇ ਆਲਮ ਦੀ ਲਿਖਿਤ ਖ਼ਲਕਤ ਦੀ ਪੁੱਜੋਂ ਪਰੇਰੇ ਹੋਈ ਉਤਨੀ ਉਹਦੀ ਆਦਰ ਹੋਈ। ਜਿਤਨਾ ਕਿਸੇ ਲੋਕ ਬੋਲੀ ਨੂੰ ਨਿੰਦਣਾ ਤਜਣਾ ਉਤਨਾ ਈ ਓਸ ਸੁਖੜ ਤੇ ਸਿਆਣਾ ਅਖਵਾਣਾ। ਏਸ ਪਾਰੋਂ ਖ਼ਲਕਤ ਵਿੱਚ ਵੀ ਆਪਣੇ ਆਪ ਨੂੰ ਨਿੰਦਣ ਰੱਦਣ ਦਾ, ਆਪਣੇ ਆਪ ਨੂੰ ਕੂੜਾ ਕੋਝਾ ਸਮਝਣ ਦਾ ਰਿਵਾਜ਼ ਪਿਆ। ਬੰਦਾ ਆਪ ਆਪਣੇ ਅੰਦਰ ਹਾਕਮ ਦਾ ਵਿਚੋਲਾ ਬਣ ਕੇ ਬਹਿਣ ਲੱਗ ਪਿਆ। ਆਪਣੇ ਆਪ ਨੂੰ ਜੁੱਤੀ ਹੇਠ ਰੱਖਣ ਲੱਗ ਪਿਆ। ਆਪ ਆਪਣੇ ਅੰਦਰ ਵਿੱਚ ਗ਼ੈਰ ਹੋ ਬੈਠਾ। ਆਪਣੇ ਹੋਵਣ ਤੋਂ ਆਪ ਇਨਕਾਰੀ ਥੀ ਗਿਆ। ਉਹ ਆਣ ਡਿਠਿਆਂ ਪਰਦੇਸਾਂ ਨੂੰ ਦਿਲੋਂ ਦੇਸ ਮੰਨਣ ਲੱਗ ਪਿਆ ਤੇ ਦੇਸ ਵਾਸਾ ਉਹਨੂੰ ਮੇਹਣਾ ਹੋ ਗਿਆ। ਇਹ ਆਪ ਵਿਛੋੜਾ ਆਪ ਵੈਰ ਤਾਂ ਈ ਮੁੱਕ ਸਕਦਾ ਸੀ ਜੇ ਆਪਣੇ ਅਸਲੇ ਦਾ ਬੀ ਈ ਮਾਰ ਦਿੱਤਾ ਜਾਵੇ। ਆਪਣੇ ਦਵਾਲਿਓਂ, ਪਿਛੋਕੜੋਂ ਸਹੇੜਿਆ ਹਰ ਰੰਗ ਕੱਟ ਕੇ ਹਾਕਮ ਦੀ ਰਹਿਤਲ ਦਾ ਰੰਗ ਚਾੜ੍ਹ ਲਿਤਾ ਜਾਵੇ। ਏਹੋ ਤੇ ਜਾਣਦਾ ਸੀ ਪਰ ਅੱਧ ਪਚੱਧਾ। ਪੂਰਾ ਨਹੀਂ ਸੀ ਹੁੰਦਾ। ਕਿਸੇ ਵੇਲੇ ਧਮੋੜੀ ਤਹਿਮਤੀ ਵਿੱਚ ਵੜ ਜਾਣੀ ਤੇ ਬਣੀ ਬਣਾਤੀ ਗੱਲ ਵੀਰਾਨ ਹੋ ਜੁਲਨੀ।

ਸੋ ਲੋਕ ਵਿਛੋੜੇ ਤੇ ਲੋਕ ਵੈਰ ਜਦੋਂ ਬੰਦੇ ਦੇ ਅੰਦਰ ਘਰ ਕੀਤਾ ਤਾਂ ਇਹ ਆਪ ਵਿਛੋੜਾ ਤੇ ਆਪ ਵੈਰ ਬਣਿਆ। ਹਾਕਮਾਂ ਦੀ ਬੋਲੀ ਸਿਖ ਵਰਤ ਕੇ ਲੋਕ ਬੋਲੀ ਨੂੰ ਛੱਡ ਕੇ ਬੰਦੇ ਆਪ ਵਿਛੋੜਾ ਪਾ ਲਿਆ। ਆਪਣੇ ਪਿਛੇ ਤੇ ਦਵਾਲੇ ਨਾਲ ਸਾਂਝ ਦਾ ਬੀ ਆਪਣੇ ਅੰਦਰੋਂ ਮਾਰਿਆ। ਆਪਣੀ ਬੰਦਿਆਈ ਦੀ ਚਿਤ ਮੁਕਾਈ ਆਪਣੇ ਸਤਿ ਨੂੰ ਮੌਲਣ ਨਾ ਦਿੱਤਾ ਤੇ ਏਸ ਆਪ ਧਰੋਂ ਦਾ ਸਵਾਦ ਘਿਦਾ। ਏਹ ਸਵਾਦ ਵੀ ਅਜੀਬ ਬੇਸਵਾਦਾ ਹਾ। ਏਹਦੇ ਨਾਲ ਬੰਦੇ ਅੰਦਰੋਂ ਸਦਾ ਤਿਰਹਾਇਆ ਰਹਿਣਾ। ਪਰ ਏ ਤ੍ਰੇਹ ਦਾ ਨਸ਼ਾ ਅਜਿਹਾ ਹਾ ਬਈ ਬੰਦੇ ਤਿਰਹਾਇਆਂ ਮਰ ਜਾਣਾ ਪਰ ਪਾਣੀ ਨੂੰ ਆਬ ਆਖਣੋਂ ਨਾ ਮੁੜਨਾ।

ਬੰਦੇ ਦਾ ਆਪਾ ਹੈ ਕੇਹ - ਰੁੱਖ ਦਾ ਆਪਾ ਮਿੱਟੀ, ਪਾਣੀ, 'ਵਾ ਤੇ ਧੁੱਪ ਦਾ ਸਾਂਗਾ ਏ। ਏਹ ਨਹੀਂ ਬਈ ਇਕੋ ਵਾਰੀ ਸਾਂਗਾ ਜੁੜਿਆ ਤੇ ਰੁੱਖ ਬਣ ਗਿਆ। ਪਲੋ ਪਲ ਇਹ ਸਾਂਗਾ ਨਵੇਂ ਸਿਰਿਓਂ ਜੁੜਦਾ ਏ ਤਾਂ ਰੁੱਖ ਦੀ ਹਸਤੀ ਰਹਿੰਦੀ ਏ। ਬੰਦੇ ਦਾ ਆਪ ਵੀ ਉਹਦੇ ਦੁਆਲੇ ਵਸੇਂਦਿਆਂ ਦੀ ਸਾਂਝੀ ਹੱਡ ਵਰਤੀ ਦਾ ਇੱਕ ਰੰਗ ਹੈ। ਬੰਦਾ ਨਾਂ ਹੈ ਅਣਗਿਣਤ ਸੰਬੰਧਾਂ ਦੇ ਇੱਕ ਉਣਤੀ ਵਿੱਚ ਉਣੇਜਣ ਦਾ। ਇਹ ਉਣਤੀ ਦੇਂਹ ਰਾਤੀਂ ਪਈ ਉਣੇਂਦੀ ਏ, ਹਰ ਪਲ ਹਰ ਸਾਹ। ਕੋਈ ਇੱਕ ਬੰਦਾ ਇਸ ਉਣਤੀ ਦਾ ਲੇਖਾ ਨਹੀਂ ਕਰ ਸਕਦਾ ਕਿਉਂ ਜੋ ਏਹਦੇ ਅੰਦਰ ਭੁਇੰ ਅੰਬਰ ਦੇ ਜੰਮਣ ਤੋਂ ਅਗਦੋਂ ਦੀ ਆਦਿ ਜੁਗਾਦਿ ਤੋਂ ਹੁਣ ਤਾਈਂ ਦੀ ਪੂਰੀ ਵਾਰ ਪਈ ਖੇਡਦੀ ਏ ਤੇ ਆਵਣਿਆਂ ਜੁਗਾਂ ਦੇ ਨਕਸ਼ੇ ਵੀ ਏਹਦੇ ਵਿੱਚ ਪਏ ਉਣੀਂਦੇ ਨੇ। ਏਸੇ ਕਰਕੇ ਸਿਆਣਿਆਂ ਆਖਿਆ ਬਈ ਜੈਂ ਆਪਣੇ ਆਪ ਨੂੰ ਜਾਤਾ ਉਸ ਰੱਬ ਸਿਞਾਤਾ। ਕੋਈ ਜਾਣ ਨਹੀਂ ਸਕਦਾ ਪਰ ਜਾਨਣ ਦਾ ਉਪਰਾਲਾ ਈ ਜੀਵਨ ਏ। ਅੰਦਰ ਵਸਦੇ ਸੰਬੰਧਾਂ ਨੂੰ ਚਿਤ ਚੇਤੇ ਵਿੱਚ ਜਗਾਵਣ ਤੇ ਆਹਰਾਂ ਵਿੱਚ ਨਿਭਾਵਣ ਈ ਜੀਵਨ ਏ। ਨਿਰਾ ਜਾਵਣ ਨਹੀਂ, ਮਾਣਨ। ਜਾਣ ਕੋਈ ਸਕਦਾ ਏ ਕਿ ਨਹੀਂ, ਮਾਣ ਹਰ ਕੋਈ ਸਕਦਾ ਏ, ਏਹੋ ਮਾਣਨ ਪ੍ਰੀਤ ਏ, ਜੱਗ ਦਾ ਮੂਲ ਏ।

ਬੰਦੇ ਅੰਦਰ ਵਸਦੇ ਅਣਗਿਣਤ ਸਾਂਗੇ ਬੋਲੀ ਰਾਹੀਂ ਉਸਦੇ ਅੰਦਰ ਪੁੱਜੇ ਨੇ। ਬੋਲੀ ਇਹਨਾਂ ਸਾਂਗਿਆਂ ਦੀ ਜੰਮੀ ਜਾਈ ਏ ਤੇ ਇਹ ਸਾਂਗੇ ਬੋਲੀ ਦੇ ਕੁਛੜ ਖਿਡਾਏ ਨੇ। ਬੋਲੀ ਛੜੀ ਲਫਜ਼ ਬੋਲੀ ਨਹੀਂ ਹੁੰਦੀ ਬੋਲੀ ਦਾ ਤੱਤ ਏ ਸੇਤਰ ਤੇ ਹਰ ਵਿਖਾਲੀ ਸੇਤਰ ਏ। ਸੋ ਬੋਲੀ ਦੇ ਪਸਾਰ ਦਾ ਕੋਈ ਓੜਕ ਨਹੀਂ। ਲਫ਼ਜ਼ ਬੋਲੀ ਇਸ ਪਾਰੋਂ ਪ੍ਰਧਾਨ ਹੈ ਜੋ ਉਹ ਸੇਤਰਾਂ ਨੂੰ ਉਤਾਰ ਕੇ ਸਾਂਭਦੀ ਏ, ਲਫ਼ਜ਼ੀ ਤੁਰਨ ਜੋਗ ਕਰੇਂਦੀ ਏ ਉਹਨਾਂ ਨੂੰ ਨਿੱਤ ਪਸਰਵੀਂ ਸਕਤ ਦੇਂਦੀ ਏ। ਲਫ਼ਜ਼ ਕਿਸੇ ਇੱਕ ਮਤਲਬ ਨਾਲ ਬੱਧੇ ਨਹੀਂ ਰਹਿੰਦੇ। ਬੰਦਿਆਂ ਅੰਦਰ ਵਸਦੇ ਸੰਬੰਧ ਲਫ਼ਜ਼ਾਂ ਵਿੱਚ ਨਿੱਤ ਨਵੀਆਂ ਸੇਤਰਾਂ ਪਏ ਭਰੇਂਦੇ ਨੇ। ਈਰਾਕ ਦੇ ਕਿਸੇ ਗਰਾਂ ਵਿੱਚ ਆਬ ਆਖ ਕੇ ਬੰਦਾ ਪਾਣੀ ਈ ਮੰਗਦਾ ਹਾ। ਪਰ ਦੁਗ਼ੱਤੇ ਲਸ਼ਕਰ ਦਾ ਪੰਜਾਬੀ ਸਿਪਾਹੀ ਆਪਣੇ ਗ਼ਰਾਂ ਵਿੱਚ ਆਬ ਆਖ ਕੇ ਪਾਣੀ ਨਹੀਂ ਪਿਆ ਮੰਗਦਾ। ਉਹ ਆਪਣੇ ਮੇਲ ਵਿੱਚੋਂ ਨਿਕਲ ਕੇ ਹਾਕਮ ਮੇਲ ਵਿੱਚ ਵੜਨਾ ਚਾਹੁੰਦਾ ਏ। ਹਾਕਮ ਮੇਲ ਦਾ ਜੀਵਨ ਜੀਉਣ ਲਈ ਖ਼ਲਕਤ ਵਿੱਚੋਂ ਮਰ ਨਿਕਲਣਾ ਚਾਹੁੰਦਾ ਏ।

ਤੁਰਕ ਮੁਗ਼ਲ ਬਾਤਸ਼ਾਹੀ ਦੀਆਂ ਲਾਗੀਆਂ ਲਈ ਮਨਸਬਦਾਰਾਂ, ਅਹਿਲਕਾਰਾਂ ਤੇ ਲਸ਼ਕਰੀਆਂ ਲਈ ਸਰਦਾਰਾਂ ਤੇ ਚੌਧਰੀਆਂ ਲਈ ਬਾਤਸ਼ਾਹੀ ਬੋਲੀ ਟੌਹਰ ਦਾ ਨਿਸ਼ਾਨ ਆਹੀ। ਖ਼ਲਕਤ ਤੋਂ, ਕੰਮੀ ਕਮੀਰੀਆਂ ਤੋਂ ਨਿਖੇੜੇ ਦਾ ਵਸੀਲਾ ਆਹੀ। ਖ਼ਲਕਤ ਵਿੱਚ ਬਾਤਸ਼ਾਹੀ ਬੋਲੀ ਦੀ ਮਨੀਹ ਏਸ ਨਖੇੜੇ ਦੀ ਮਨੀਹ ਆਹੀ। ਕਾਮੇ ਮੇਲ ਦੇ ਲੋਕ ਜਦੋਂ ਬਾਤਸ਼ਾਹੀ ਬੋਲੀ ਦਿਆਂ ਲਫ਼ਜ਼ਾਂ ਨੂੰ ਅਪਣਾਉਂਦੇ ਸਨ ਤਾਂ ਸਮਝੋ ਉਹ ਬਾਤਸ਼ਾਹੀ ਟੌਹਰਾਂ ਨੂੰ ਸਲਾਮੀ ਦੇਂਦੇ ਸਨ। ਬੰਦਿਆਈ ਦੇ ਦਰਜਿਓਂ ਲਹਿਣ ਨੂੰ ਸਤ ਬਿਸਮਿਲਾ ਆਖਦੇ ਸਨ। ਆਪਣੇ ਵਰਗਿਆਂ ਤੋਂ ਦੂਰੀ ਕਬੂਲ ਦੇ ਸਨ। ਜਦ ਲੋਕ ਲਫ਼ਜ਼ ਵਰਤੋਂ ਵਿਚੋਂ ਕਢੀਜੇ ਅਤੇ ਬਾਤਸ਼ਾਹੀ ਲਫ਼ਜ਼ਾਂ ਉਹਨਾਂ ਦੀ ਥਾਂ ਮੱਲੀ ਤਾਂ ਲੋਕਾਂ ਲਈ ਆਪਣੇ ਅੰਦਰ ਵਸੇਦਿਆਂ ਸੰਬੰਧਾਂ ਦਾ ਸਿਞਾਨਣ ਤੇ ਮਾਣਨ ਔਖੇਰਾ ਥੀ ਗਿਆ। ਉਹਨਾਂ ਦੀ ਇੱਕ ਦੂੂਜੇ ਨਾਲ, ਆਪਣੇ ਆਪ ਨਾਲ ਜੜ੍ਹਤ ਪੋਲੀ ਥੀ ਗਈ, ਉਹਨਾਂ ਦੀ ਹਸਤੀ ਪੇਤਲੀ ਤੇ ਸੌੜੀ ਹੋ ਗਈ। ਉਹਨਾਂ ਨੂੰ ਡਰ ਤੇ ਬੇ ਵਸਾਹੀ ਦੇ ਪਰਛਾਵੇਂ ਚੰਬੜ ਗਏ, ਜਿਹਨਾਂ ਨੂੰ ਕੀਲਣ ਲਈ ਹਰ ਦਮ ਲੋਭ ਦੀ ਧੂਣੀ ਦੇਣੀ ਪੈਂਦੀ ਆਹੀ। ਪਰ ਲੋਭ, ਡਰ ਤੇ ਬੇਵਸਾਹੀ ਨੂੰ ਘਟਾਉਂਦਾ ਨਹੀਂ ਸਗੋਂ ਵਧਾਉਂਦਾ ਏ। ਹਾਕਮਾਂ ਮਾਲਕਾਂ ਲੁਕਾਈ ਨੂੰ ਆਪਣੀ ਟੌਹਰ ਅੱਗੇ ਨਿਉਂਦਿਆਂ ਦੇਖ ਕੇ ਸੁੱਖ ਦਾ ਸਾਹ ਲੈਣਾ ਤੇ ਢੂੰਡਣਾ। ਏਹ ਨਾ ਸੋਚਣਾ ਪਈ ਜਿਹੜੇ ਅੱਜ ਸਾਡੇ ਅੱਗੇ ਨਿਉਂਦੇ ਨੇ ਉਹ ਭਲਕੇ ਕਿਸੇ ਹੋਰ ਅੱਗੇ ਵੀ ਏਡੇ ਈ ਸੁਖਾਲੇ ਨਿਉਂ ਸਕਦੇ ਨੇ। ਜਿਹੜੇ ਆਪਣੇ ਅੰਦਰ ਵਸਦੇ ਸੰਬੰਧਾਂ ਨੂੰ ਸਿਞਾਣਨੋਂ ਰਹਿ ਗਏ। ਇੱਕ ਦੂਜੇ ਨਾਲੋਂ ਸਾਂਝ ਮਾਣਨੋਂ ਰਹਿ ਗਏ, ਉਹਨਾਂ ਕੋਲ ਪਰਯਤਨ ਜੋਗਾ ਕੱਖ ਨਹੀਂ ਹੁੰਦਾ। ਕੋਈ ਸਾਕ ਸਾਂਗਾ ਉਹਨਾਂ ਅੰਦਰ ਅਜਿਹਾ ਨਹੀਂ ਬੋਲਦਾ ਜਿਹਨੂੰ ਛੱਡਣਾ ਔਖਾ ਹੋਵੇ, ਜਿਸ ਤੋਂ ਸਿਰ ਵਾਰਨ ਸੌਖੇਰਾ ਹੋਵੇ। ਪਰ ਸਾਰੇ ਨਿਉਂਦੇ ਵੀ ਨਹੀਂ। ਜਾਂ ਆਖੋ ਸਾਰੇ ਪੂਰੇ ਨਹੀਂ ਨਿਉਂਦੇ ਤੇ ਕਈ ਨਿਉਂਦੇ ਵੀ ਅਸਲੋਂ ਨਹੀਂ ਨਿਉਂਦੇ। ਸੋ ਜਿਥਾਂ ਖ਼ਲਕਤ ਨੇ ਬਾਤਸ਼ਾਹੀ ਅੱਗੇ ਵਹਿਰਨ ਦੀ ਰੀਤ ਵੀ ਉੱਠੀ। ਜਦ ਲੋਕਾਂ ਦੇ ਆਪਣੇ ਜੰਮੇ ਜਾਏ ਪੜ੍ਹ-ਲਿਖ ਕੇ ਮੌਲਵੀ ਗ਼ਨੀਮਤ ਥੀ ਗਏ ਜਾਂ ਲਸ਼ਕਰਾਂ ਵਿੱਚ ਭਰਤੀ ਹੋ ਕੇ ਆਬ ਆਬ ਕਰਨ ਲੱਗ ਪਏ ਤਦ ਤਹਿਮਤੀਆਂ ਵਿੱਚ ਵੜਨ ਲਈ ਧਮੋੜੀਆਂ ਦੀ ਸਿਖ ਲਾਈ ਹੋਈ। ਤੇ ਪੁੱਤਰਾਂ ਨੂੰ ਮਾਰਨ ਲਈ ਮਾਵਾਂ ਬੋਲੀਆਂ ਘੜੀਆਂ। ਸਿਠਾਂ, ਫਿਟਕਾਂ ਤੇ ਟੋਕਾਂ ਚੱਲੀਆਂ। ਬਾਤਾਂ ਤੇ ਅਖਾਣ ਬਣੇ ਤੇ ਪੀੜ੍ਹੀਓ ਪੀੜ੍ਹੀ ਟੁਰੇ, ਲੋਕ ਸ਼ਾਇਰੀ ਖ਼ਲਕਤ ਨੂੰ ਸੰਭਾਲਿਆ ਤੇ ਖ਼ਲਕਤ ਲੋਕ ਸ਼ਾਇਰੀ ਨੂੰ।

ਫ਼ਰੀਦਾ ਖ਼ਾਕ ਨਾ ਨਿੰਦੀਏ
ਖਾਕੂ ਜੇਡ ਨਾ ਕੋਇ
ਜੀਵਦਿਆਂ ਪੈਰਾਂ ਤਲੇ
ਮੋਇਆਂ ਉਪਰ ਹੋਏ


‘‘ਖ਼ਾਕ'' ਬਾਤਸ਼ਾਹੀ ਬੋਲੀ ਵਿੱਚ ਮਿੱਟੀ ਸੀ। ਬਾਤਸ਼ਾਹੀ ਸੋਚ ਵਿੱਚ ਮਿੱਟੀ ਨਾ ਹੋਵਣ ਦਾ ਨਿਸ਼ਾਨ ਏ। ਮਿਟੀਓਂ ਨਿਖੜਨ ਈ ਹੋਵਣ ਏ। ਜਿਤਨਾ ਕੋਈ ਮਿਟੀਓਂ, ਉਚੇਰਾ ਏ ਉਤਨਾ ਈ ਉਹ ਹੈ। ਜਿਤਨੀ ਕਿਸੇ ਦੀ ਰਹਿਤ ਬਹਿਤ ਉਚੇਰੀ ਏ ਉਤਨੀ ਈ ਉਸ ਦੀ ਹਸਤੀ ਏ। ਉਚੇਰੇ ਹੋਵਣ ਵਾਸਤੇ ਮਾਲਕ ਹਾਕਮ ਚੰਨ ਸੂਰਜ ਦੀ ਔਲਾਦ ਬਣਦੇ ਸਨ। ਹਾਥੀ ਦੀ ਸਵਾਰੀ ਕਰਦੇ ਸਨ। ਤੇ ਉੱਚਿਆਂ ਕੋਟਾਂ ਵਿੱਚ ਰਹਿੰਦੇ ਸਨ, ਮਿੱਟੀ ਤੋਂ ਨਿਖੇੜਾ ਅਸਲ ਵਿੱਚ ਮਿੱਟੀ ਲਿਬੜਿਆਂ ਤੋਂ ਨਿਖੇੜ ਸੀਜਿਹੜੇ ਮਿੱਟੀ ਵਿੱਚੋਂ ਅੰਨ ਉਗਾਉਂਦੇ, ਵਸਤਾਂ ਘੜੇਂਦੇ ਤੇ ਉਸਾਰ ਉਸਰੇਂਦੇ ਆਹੇ। ਜਿਹਨਾਂ ਦੀ ਕੀਤੀ ਦੇ ਸਿਰ 'ਤੇ ਬਾਤਸ਼ਾਹੀਆਂ ਮਾਲਕੀਆਂ ਖਲੋਂਦੀਆਂ ਆਹੀਆਂ। ਫ਼ਰੀਦ ਮਿੱਟੀ ਲਿਬੜਿਆਂ ਵੱਲੋਂ ਬੋਲਿਆ ਏ। ਜਾਂ ਆਖੋ ਫ਼ਰੀਦ ਵਿੱਚ ਮਿੱਟੀ ਲਿਬੜੇ ਬੋਲੇ ਨੇ ਤੇ ਮਿੱਟੀ ਦੀ ਪਛਾਣ ਕਰਾਉਂਦੇ ਨੇ ਬਈ ਮਿੱਟੀ ਈ ਹਸਤੀ ਏ, ਇਹ ਹੇਠ ਹੈ ਤਾਂ ਪੈਰ ਖਲੋਤੇ ਨੇ। ਇਹਦੇ ਵਿੱਚੋਂ ਇਹਦੇ ਆਸਰੇ 'ਤੇ ਜੀਆ ਜੂਨ ਜੰਮਦੀ ਏ ਤੇ ਮੁੜ ਮਰ ਕੇ ਇਸਦੇ ਹੇਠਾਂ, ਇਸਦੇ ਅੰਦਰ ਆਉਂਦੀ ਏ। ਹਾਕਮ ਮਾਲਕ ਲਈ ਪੈਰਾਂ ਹੇਠ ਹੋਵਣ ਘਟੀਆ ਹੋਵਣ ਦਾ ਨਿਸ਼ਾਨ ਏ। ਫ਼ਰੀਦ ‘‘ਪੈਰਾਂ ਹੇਠ'' ਦੇ ਬਾਤਸ਼ਾਹੀ ਮਤਲਬ ਨੂੰ ਉਲਟਾਉਂਦਾ ਏ। ਮਿੱਟੀ ਜੀਵਨ ਨੂੰ ਸਹਾਰਦੀ ਏ ਅਤੇ ਮੌਤ ਨੂੰ ਕੱਜਦੀ ਏ ਤੇ ਮੋਏ ਨੂੰ ਮੁੜ ਜਿਵਾਂਦੀ ਏ। ਮਿੱਟੀ ਮਰਨ ਜੀਉਣ ਦਾ ਘਰ ਏ। ਮਿੱਟੀ ਜੀਉਣ ਦਾ ਗੇੜ ਪਈ ਗੇੜਾਂਦੀ ਏ ਤੇ ਆਪ ਵਿੱਚ ਪਈ ਗਿਣਦੀ ਏ। ਮਿੱਟੀ ਜੇਡ ਤੇ ਕੋਈ ਹੈ ਈ ਨਹੀਂ। ਸੋ ਮਿੱਟੀਓ ਨਿਖੜਨ, ਮਿੱਟੀ ਨੂੰ ਨਿੰਦਣ ਸ਼ਾਨ ਨਹੀਂ ਗੁਮਾਨ ਏ। ਬਾਤਸ਼ਾਹੀ ਬੋਲੀ ਵਿੱਚ ਖ਼ਾਕ ਦਾ ਨਾ ਹੋਵਣ ਸੀ। ਜਿਹੜੇ ਹਸਤੀ ਵਾਲਿਆਂ ਭਾਣੇ ਅਣਹੋਏ ਸਨ ਉਹ ‘‘ਖ਼ਾਕ'' ਸਨ। ਫ਼ਰੀਦ ਨੇ ਲੋਕ ਬੋਲੀ ਦੀ ਮਿੱਟੀ ਵਿੱਚ ਗੱਡ ਕੇ ‘‘ਖ਼ਾਕ'' ਦੀ ਅਣਹੋਂਦ ਨੂੰ ਹੋਂਦ ਬਣਾ ਦਿੱਤਾ। ਖ਼ਾਕ ਨੂੰ ਲੋਕ ਬੋਲੀ ਵਿੱਚ ਗੱਡਿਓਸ ਖ਼ਾਕੂ ਆਖ ਕੇ। ‘‘ਵ'' ਜਾਂ ‘‘ਏ'' ਕਿਸੇ ਲਫ਼ਜ਼ ਅੱਗੇ ਜੋੜੇ ਜਾਂਦੇ ਨੇ ਉਹਨਾਂ ਜੀਉਂਦੀ ਜਾਗਦੀ ਹਸਤੀ ਬਣਾਉਣ ਲਈ ਤੇ ਉਸ ਨਾਲ ਅਪਣੱਤ ਕਰਨ ਲਈ। ਫ਼ਰੀਦ ਖ਼ਾਕ ਨੂੰ ਪੰਧ ਕਰਾਇਆ ਏ- ਬਾਤਸ਼ਾਹੀ ਬੋਲੀਓਂ ਲੋਕ ਬੋਲੀ ਤਾਈਂ ਤੇ ਏਸ ਪੰਧ ਨੇ ਖ਼ਾਕ ਨੂੰ ਖ਼ਾਕੂ ਕਰ ਕੇ ਉਹਦਾ ਆਪਾ ਵਟਾ ਦਿੱਤਾ ਏ। ਹੁਣ ਇਹ ਬੇ-ਪਰਾਣੀ ਨਹੀਂ ਰਹੀ ਜੀਊ ਪਈ ਏ। ਹੇਠ ਵੀ ਰਹਿੰਦੀ ਏ ਤੇ ਉੱਪਰ ਵੀ ਹੋ ਬਹਿੰਦੀ ਏ।

ਲੋਕ ਸ਼ਾਇਰਾਂ ਲੋਕ ਬੋਲੀ ਦੀ ਰਾਖੀ ਕਰਨ ਲਈ ਬਾਤਸ਼ਾਹੀ ਬੋਲੀ ਦੇ ਹਥਿਆਰ ਖੋਹੇ ਤੇ ਉਹਨਾਂ ਨਾਲ ਈ ਬਾਤਸ਼ਾਹੀ ਬੋਲੀ ਦੇ ਹੱਲੇ ਠੱਲ੍ਹੇ।

ਬਿਰਹਾ ਬਿਰਹਾ ਆਖੀਏ
ਬਿਰਹਾ ਤੂੰ ਸੁਲਤਾਨ
ਜਿਤ ਤਨ ਬਿਰਹਾ ਨਾ ਉਪਜੇ
ਸੋ ਤਨ ਜਾਣ ਮਸਾਣ


ਫ਼ਰੀਦ ਵੇਲੇ ਦਿੱਲੀ ਦੇ ਬਾਤਸ਼ਾਹੀ ਸੁਲਤਾਨ ਅਖਵਾਉਂਦੇ ਸਨ। ਦੋਹੜਿਓਂ ਬਾਹਰ ‘‘ਸੁਲਤਾਨ'' ਦੀ ਬਾਤਸ਼ਾਹੀ ਏ। ਰਈਅਤ ਲਈ ਇਹ ਨਾਂ ਈ ਹੁਕਮ ਏ। ਏਸ ਨਾਂ ਨਾਲ ਵਿਹਾਰ ਚਲਦਾ ਏ। ਇਹ ਨਾਂ ਮਸੀਤਾਂ 'ਤੇ ਤੇ ਚੌਂਤਰਿਆਂ ਵਿੱਚ ਵਜਦਾ ਏ। ਹਰ ਦਮ ਖ਼ਲਕਤ ਦੇ ਸਿਰ 'ਤੇ ਸਵਾਰ ਏ। ਖ਼ਲਕਤ ਏਸੇ ਨਾਂ ਤੋਂ ਦਹਿਲਦੀ ਏ ਤੇ ਏਸੇ ਦੀ ਦੁਹਾਈ ਦੇਂਦੀ ਏ। ਦੋਹੜੇ ਦੇ ਅੰਦਰ ਫ਼ਰੀਦ ਨੇ ਸੁਲਤਾਨ ਦੀ ਹਾਕਮੀ ਮੁਕਾ ਦਿੱਤੀ ਏ। ਸੁਲਤਾਨ ਦਾ ਨਾਂ ਛੇਕ ਕੇ ਬਿਰਹਾ ਦਾ ਨਾਂ ਜਪਿਆ ਅਤੇ ਬਿਰਹਾ ਨੂੰ ਚਿਤਾਰਿਆ ਏ। ਲਫ਼ਜ਼ ਸੁਲਤਾਨ ਨੂੰ ਤਖ਼ਤੋਂ ਲਾਹਿਆ ਏ। ‘‘ਬਿਰਹਾ'' ਦੇ ਜਾਪ ਨੇ ਬਿਰਹਾ ਦੀ ਦੁਹਾਈ ਦੇ ਨਾਲੇ ‘‘ਤੂੰ'' ਨੇ, ਤੂੰ ਆਖਣ ਨਾਸ ਬਿਰਹਾ ਜੀਉਂਦੀ ਜਾਗਦੀ ਹਾਜ਼ਰ ਹਸਤੀ ਥੀ ਗਿਆ ਏ। ਤੇ ਉਹਨੇ ‘‘ਸੁਲਤਾਨ'' ਦਾ ਰੁਆਬ ਮਾਰ ਦਿੱਤਾ ਏ। ਰਹਿੰਦਾ ਕੰਮ ‘‘ਮਸਾਣ'' ਨੇ ਕਰ ਦਿੱਤਾ ਏ। ਇੱਕ ਪਾਸੇ ਬਿਰਹਾ ਸੁਲਤਾਨ ਦੀ ਥਾਵੇਂ ਬਹਿ ਗਿਆ ਏ ਤੇ ਦੂਜੇ ਪਾਸੇ ਦੋਹੜੇ ਦੇ ਪਰਬੰਧ ਨੇ ‘‘ਸੁਲਤਾਨ'' ਨੂੰ ਨਰੜ ਕੇ ਮਸਾਣ ਸਾਂਵਾ ਕਰ ਦਿੱਤਾ ਏ, ਨਰੜ ਕੇ ਕਾਹਨੂੰ, ਸੁਲਤਾਨ ਤੇ ਮਸਾਣ ਦੀ ਜੋੜੀ ਤੇ ਇੰਜ ਫਬੀ ਏ ਜਿਉਂ ਕੁਦਰਤ ਦੀ ਬਣਾਈ ਹੋਵੇ। (ਏਹ ਢੋ ਢੁਕਾਵਣ ਵਿੱਚ ਲਫ਼ਜ਼ ਜਾਣ ਵਿਚੋਲਾ ਬਣਿਆ ਏ)।

ਬਿਰਹਾ ਤਾਂਘ ਹੈ, ਦੂਜੇ ਨਾਲ ਮਿਲਣ ਦੀ ਅਪਣਤ ਕਰਨ ਦੀ ਸਿਕ। ਓਹੋ ਅੰਦਰੋਂ ਬਾਹਰੋਂ ਸੰਬੰਧਾਂ ਦੀ ਭਾਲ, ਸੰਬੰਧ ਮਾਣਨ ਦੀ ਤਾਂਘ। ਸੁਲਤਾਨ ਜ਼ਰ ਜ਼ੋਰ ਦੇ ਸਿਰ 'ਤੇ ਜੀਹਦੇ ਨਾਲ ਚਾਹਵੇ ਮੇਲ ਕਰ ਸਕਦਾ ਏ, ਪਰ ਇਹ ਮੇਲ ਮਿਲਣ ਨਹੀਂ ਹੁੰਦਾ। ਮਿਲਣ ਹੁੰਦਾ ਏ ਤੇ ਮਿਲਣ ਨਾਲ ਤਾਂਘ ਮੁੱਕ ਜਾਂਦੀ ਏ। ਮਿਲਣ ਵਾਲਾ ਵੀ ਮੁੱਕ ਜਾਂਦਾ ਏ। ਉਹਦਾ ਤਨ ਮਸਾਣ ਥੀ ਵੈਂਦਾ ਏ। ਜਾਂ ਆਖੋ ਤਾਂਘ ਮੁੱਕ ਕੇ ਲੋਭ ਦੀ ਜੂਨ ਵਟਾ ਲੈਂਦੀ ਏ ਤੇ ਲੋਭ ਦਾ ਭੂਤ ਤਨ ਦੀ ਮਸਾਣ ਵਿੱਚ ਨਿਤ ਪਿਆ ਭਵਾਈਆਂ ਖਾਂਦਾ ਏ। ਫ਼ਰੀਦ ਦੀ ਤਾਂਘ ਤਾਂ ਜੀਉਂਦੀ ਏ ਜੇ ਮਿਲ ਤੋਂ ਬਚੇ। ਪਰ ਸੁਲਤਾਨ ਦੀ ਸੁਲਤਾਨੀ ਵਿੱਚ ਰਹਿ ਕੇ ਮਿਲ ਤੋਂ ਕਿਵੇਂ ਕੋਈ ਬਚ ਸਕਦਾ ਏ। ਸੁਲਤਾਨੀ ਤਾਂ ਹੈ ਈ ਮਿਲ ਵਰਤਾਰਾ, ਸੋ ਫ਼ਰੀਦ ਦੀ ਤਾਂਘ ਜੀਉਂਦੀ ਏ ਜੇ ਸੁਲਤਾਨਾਂ ਦੀ ਸੁਲਤਾਨੀ ਮੁਕਾ ਕੇ ਆਪ ਸੁਲਤਾਨ ਵੰਜੇ। ਮਿਲ ਵਰਤਾਰੇ ਦੀ ਥਾਂ ਤਾਂਘ ਵਰਤਾਰਾ ਟੁਰੇ। ਹਰ ਤਨ ਵਿੱਚ ਬਿਰਹਾ ਨਿਤ ਜੰਮੇ ਨਿਤ ਨਿਸਰੇ। ਫ਼ਰੀਦ ਦਾ ਬਿਰਹਾ ਸਦਾ ਵਿਛੋੜਾ ਏ ਤੇ ਸਦਾ ਮੇਲ ਵੀ।

ਇੱਕ ਗਵੇੜ ਮੂਜਬ ਪਹਿਲੀ ਸਤਰ ਇੰਜ ਏ-

ਬਿਰਹਾ ਬਿਰਹਾ ਆਖੀਏ ਬਿਰਹਾ ਤੂੰ ਸੁਲਤਾਨ
ਬਿਰਹਾ ਦੇ ਦੋ ਮਾਅਨੇਂ ਨੇਂ। (ਹੋਰ ਵੀ ਹੋਸਨ)।


ਇੱਕ ਰੱਸਾ ਖੂਹੋਂ ਪਾਣੀ ਕੱਢਣ ਵਾਲਾ ਤੇ ਦੂਜਾ ਖਾਲ ਖੂਹੋਂ ਪਾਣੀ ਆਂਡਾਂ ਕਿਆਰੀਆਂ ਵਲ ਖੜਨ ਵਾਲਾ। ਦੋਹਾਂ ਮਾਹਨਿਆਂ ਪਿੱਛੇ ਖਬਰੇ ‘ਬਾਰ' ਜਾਂ ‘ਵਾਰ' ਈ ਏ ਪਾਣੀ ਵਾਸਤੇ ਪੁਰਾਣਾ ਲਫ਼ਜ਼, ਹਿੜਾ ‘ਵਰ੍ਹਨੀ' ਵਿੱਚ ਏ। ਜਿਹੜਾ ‘ਸਰਵਰ' ਰਾਹੀ ਵੱਗਦਾ ਪਾਣੀ ਹੋ ਗਿਆ ਤੇ ‘ਵਾਂ' ਬਣ ਕੇ ਖੂਹਾਂ ਵਿੱਚ ਜਾ ਵੜਿਆ ਤੇ ਉਥੋਂ ਬਿਰਹਾ ਰਾਹੀਂ ਨਿਕਲ ਕੇ ਦੋਹੜੇ ਵਿੱਚ ਆ ਗਿਆ। ਹੋ ਸਕਦਾ ਏ ਏਥੇ ਬੋਲੀ ਸਿਆਣੇ ਬੰਦੇ ਸਾਨੂੰ ਫੜ ਬਹਿਣ। ਚਲੋ ਅਸੀਂ ਬੋਲੀ ਸਿਆਣਿਆਂ ਨੂੰ ਏਸ ਲਫ਼ਜ਼ ਦੇ ਮੁਢ ਬਹਾ ਕੇ ‘ਬਿਰਹਾ' ਰਾਹੀਂ ਦੋਹੜੇ ਦੇ ਅੰਦਰ ਠਿਲਣੇ ਆਂ।

ਰੱਸਾ ਨਿਰਾ ਖੂਹੋਂ ਪਾਣੀ ਹੀ ਨਹੀਂ ਕੱਢਦਾ। ਉਪਜ ਦੇ ਪੂਰੇ ਗੇੜ ਵਿੱਚ ਰੱਸੇ ਦੀ ਲੋੜ ਏ। ਝਾੜ ਦੀ ਸਾਂਭ ਵੀ ਤੇ ਪਸ਼ੂਆਂ ਦੀ ਸਾਂਭ ਵੀ। ਫਸਲ ਦਵੰਡ ਦੀ ਹੱਦ ਬੰਨੇ ਵੀ ਵੰਡ ਦੀ ਤੇ ਮਾਮਲੇ ਦੀ ਕਨਕੋਤ ਦੀ। ਸੋ ਬਿਰਹਾ ਰੱਸਾ ਹੋਵੇ ਜਾਂ ਖਾਲਾ, ਵਸੇਬ ਦੇ ਮੁੱਢ ਦੀ ਰਮਜ਼ ਏ।

ਵਸੇਬ ਪਾਣੀ ਲਾਵਣ ਜੋੜਨ ਬੰਨ੍ਹਣ ਤੋਂ ਤੁਰਦਾ ਏ ਤੇ ਮੰਚਣ ਵੰਡਣ ਤੇ ਮੁਕਦਾ ਏ। ‘ਬਿਰਹਾ' ਵਸੇਬੀ ਆਹਰਾਂ ਦੇ ਏਸ ਗੇੜ ਦੀ ਰਮਜ਼ ਬਣ ਕੇ ‘ਸੁਲਤਾਨ' ਨੂੰ ਟੱਕਰੀ ਏ। ਕਿਉਂ ਜੋ ਸੁਲਤਾਨੀ ਵੀ ਆਹਰਾਂ ਦੇ ਏਸ ਗੇੜ ਸਿਰ ਈ ਖਲੋਂਦੀ ਏ। ਫ਼ਰੀਦ ਬਿਰਹਾ ਨੂੰ ਬਿਰਹਾ ਆਖਦਾ ਏ। (ਨਿਰਾ ਆਪ ਨਹੀਂ ਆਖਦਾ ‘ਆਖੀਏ' ਰਾਹੀਂ ਪੂਰੀ ਸੰਗਤ ਨਾਲ ਰਲ਼ ਕੇ ਆਖਦਾ ਏ)। ਬਿਰਹਾ ਈ ਪਾਣੀ ਲਾਉਂਦਾ ਏ ਤੇ ਬਿਰਹਾ ਈ ਜੋੜਦਾ ਸਾਂਭਦਾ ਏ। ਬਿਰਹਾ ਈ ਉਪਜੇ ਦਾ ਏ, ਤੇ ਬਿਰਹਾ ਈ ਵਡੇਂਦਾ ਵਰਤੇਂਦਾ ਏ। ਬਿਰਹੋਂ ਬਾਝ ਵਸੇਬ ਦਾ ਗੇੜ ਨਹੀਂ ਗਿੜ ਸਕਦਾ ਪਰ ਬਿਰਹੋਂ ਦੀ ਕੀਤੀ ਸੁਲਤਾਨੀ ਦੇ ਨਰੜੇ ਵਿੱਚ ਆ ਕੇ ਮਿਲ ਥੀ ਵੈਂਦੀ ਏ। ਬਿਰਹੋਂ ਦਾ ਉਲਟ ਉਹਦੀ ਵੈਰਨ। ਸੋ ਫ਼ਰੀਦ ਦੀ ਸੰਗਤ ਦੋਹੜੇ ਵਿੱਚ ਸੁਲਤਾਨ ਨੂੰ ਤਖ਼ਤੋਂ ਤਾਜੋਂ ਵਾਂਝ ਕੇ ਵਸੇਬ ਦੀ ਮਹਾਰ ਬਿਰਹਾ ਹੱਥ ਦੇਂਦੀ ਏ। ਜੀਹਦੇ ਹੱਥ ਕਾਰ ਉਹਦੇ ਹੱਥ ਮੁਹਾਰ। ਇਹ ਕੰਮ ਥੀਆ ਵੱਡੀ ਅਟਕਲ ਨਾਲ ਏ ਸਹਿਜ ਸੁਭਾ ਨਹੀਂ ਥੀ ਗਿਆ।

ਦੂਜੀ ਸਤਰ ਵਿੱਚ ‘ਉਪਜੇ' ਸਹਿਜ ਸੁਭਾਅ ਈ ਆਇਆ ਜਾਪਦਾ ਏ। ਪਰ ਦੋਹੜੇ ਦਾ ਰਮਜ਼ ਪਰਬੰਧ ਏਸੇ ਲਫਜ਼ ਹੱਥ ਏ। ਰਮਜ਼ਾਂ ਦਾ ਗੇੜ ਦੁਹਰਾ ਏ। ਪਹਿਲੇ ਗੇੜੇ ਸੁਲਤਾਨੀ ਦਾ ਜੋੜ ਮਖ਼ਲੂਕ ਦੇ ਉਪਜ ਆਹਰ ਨਾਲ ਜੁੜਦਾ ਏ। ਸੁਲਤਾਨੀ ਦੀ ਅਸਲ ਨੀਂਹ ਏਹਾ ਉਪਜ ਆਹਰ ਹੈ ਪਰ ਏਸ ਉਪਜ ਆਹਰ ਦੀ ਆਪਣੀ ਨੀਂਹ ਕਿਹੜੀ ਏ। ਇਹ ਨਿਤਾਰਾ ਦੂਜੇ ਗੇੜ ਵਿੱਚ ਹੁੰਦਾ ਏ। ਉਪਜ ਆਹਰ ਬਿਰਹੋਂ ਸਿਰ ਏ। ਸਗੋਂ ਮੁਢੋਂ ਹੈ ਈ ਬਿਰਹਾ (ਬਿਰਹਾ ਬਿਰਹਾ ਆਖੀਏ) ਬਿਰਹਾ ਉਪਜ ਦਾ ਤੱਤ ਏ। ਬਿਰਹਾ ਉਪਜ ਆਹਰ ਦੀ ਕੰਮ ਜਾਤ ਵੀ ਏ ਤੇ ਮਾਂ ਵੀ।

ਬੰਦੇ ਦਾ ਤਨ, ਉਹਦੀ ਦਿਤ, ਉਹਦੀ ਹਸਤੀ, ਉਪਜ ਘਾਲ ਦੀ ਘੜੀ ਏ। ਸੋ ਬਿਰਹੋਂ ਘੜੀ ਏ। ਜੋ ਬਿਰਹੋਂ ਘੜਿਆ ਏ ਓਸ ਤੁਰਨਾ ਵੀ ਬਿਰਹੋਂ ਦੇ ਹੁਕਮ ਸਿਰ ਏ। ਬਿਰਹੋਂ ਈ ਏ ਜਿਹੜਾ ਅੰਨ੍ਹਿਆਂ ਅਚੇਤ ਖੂਹਾਂ ਵਿੱਚ ਗ਼ਰਕੇ ਤਤ ਸਤ ਨੂੰ ਮੁੜ ਫ਼ਸਲਾਂ ਪਸ਼ੂਆਂ ਬੰਦਿਆਂ ਵਿੱਚ ਉਪਜੇਂਦਾ ਏ। ਜੇ ਵਸੱਬੀ ਆਹਰਾਂ ਦੀ ਮਹਾਰਾ ਬਿਰਹੋਂ ਹੱਥ ਨਾ ਹੋਵੇਮਿਲ ਹੱਥ ਹੋਵੇ ਤਾਂ ਵਸੇਬੀ ਆਹਰਾਂ ਦਾ ਗੇੜ ਉਪਰੋਂ 'ਤੇ ਗਿੜਦਾ ਈ ਜਾਪਦਾ ਏ ਪਰ ਵਿੱਚੋਂ ਖਲੋ ਵੈਂਦਾ ਏ। ਜਦੋਂ ਪੈਲੀਆਂ ਵਿੱਚ ਹੋਈ ਉਪਜ ਬਿਰਹੋਂ ਨਾਲੋਂ ਤਰੁਟ ਦੇ ਬੰਦੇ ਦੀ ਦਿਤ ਦਾ ਸੰਘ ਘੁਟੇਂਦੀ ਏ ਤਾਂ ਬੰਦੇ ਦੇ ਤਨ ਦੀ ਪੈਲੀ ਵੀ ਮਸੀਨ ਬਣ ਵੈਂਦੀ ਏ।

ਲੋਕ ਬੋਲੀ ਦਾ ਸੰਭਾਲਾ ਬੰਨ੍ਹ ਆਹਾ। ਬਾਤਸ਼ਾਹੀ ਬੋਲੀ ਅੱਗੇ ਨਿਰਾ ਬਾਤਸ਼ਾਹੀ ਬੋਲੀ ਅੱਗੇ। ਇਹ ਬੰਨ੍ਹ ਆਹਾ ਸ਼ਾਹ ਗੁਮਾਨ ਦੇ ਓਸ ਮਾਰੂ ਵਿਹਾਰ ਅੱਗੇ ਜਿਹੜਾ ਬਾਤਸ਼ਾਹੀ ਬੋਲੀ ਰਾਹੀਂ ਲੋਕਾਂ ਦੇ ਚਿਤ ਭਰਮਾਉਂਦਾ ਆਹਾ। ਖ਼ਲਕਤ ਦੇ ਤਨ ਵਿੱਚੋਂ ਬਿਰਹਾ ਦਾ ਬੀ ਮਾਰ ਕੇ ਮਿਲ ਦਾ ਹਾਬੜਾ ਮਚੇਂਦਾ ਹਾ। ਖ਼ਲਕਤ ਦੇ ਤਨ ਨੂੰ ਮਸਾਣ ਬਣੇਂਦਾ ਹਾ।

ਨਾਨਕ ਆਖਿਆ-
ਜਿਨ ਸਿਕਦਾਰੀ ਤਿਸੈ ਖਵਾਰੀ
ਚਾਕਰ ਕੇਹਾ ਡਰਨਾ
ਜਾ ਸਿਕਦਾਰੇ ਪਵੇ ਜ਼ੰਜੀਰੀ
ਚਾਕਰ ਹੱਥੋਂ ਮਰਨਾ


ਹੱਕ ਸੁਲਤਾਨ ਦੀ ਸਲਤਨਤ ਦੀ ਇੱਕ ਵੰਡ ਆਹੀ। ‘ਬੰਦੋਬਸਤ ਲਈ, ਉਗਰਾਹੀ ਲਈ। ਸ਼ੱਕ ਦਾ ਹਾਕਮ ਸ਼ਕਤਾਰ ਅਖਵਾਂਦਾ ਸੀ,ਲੋਕ ਬੋਲੀ ਵਿੱਚ ਇਹ ਲਫ਼ਜ਼ ਸਿਕਦਾਰ ਰਹਿ ਗਿਆ। ਲੋਕ ਬੋਲੀ ਬਾਤਸ਼ਾਹੀ ਲਫ਼ਜ਼ਾਂ ਦੀ ਭੰਨ ਘੜ ਨਾਲ ਵੀ ਉਹਨਾਂ ਦਾ ਰੁਅਬ ਗੁਆਂਦੀ ਏ। (ਬਾਰ ਦੇ ਵਸਨੀਕ ਮਜਿਸਟਰੇਟ ਨੂੰ ਮਛਰੇਟ ਤੇ ਆਨਰੇਰੀ ਮਜਿਸਟਰੇਟ ਨੂੰ ਹਨੇਰੀ ਮਛਰੇਟੇ ਆਖਦੇ ਰਹੇ ਨੇ) ਅਜਿਹੀ ਭੰਨ ਘੜ ਹੁੰਦੀ ਤੇ ਸਹਿਜ ਸੁਭਾ ਈ ਏ ਭੋਲੇ ਭਾ। ਪਰ ਇਹਦੇ ਅੰਦਰ ਰੁਤਬੇ ਦੀ ਦੂਰੀ ਨੂੰ ਧਿੰਗਾਣੇ ਉਲੰਘਣ ਦੀ ਸੱਧਰ ਵੀ ਲੁਕੀ ਹੁੰਦੀ ਏ, ਜਟਕੇ ਅਮਲ ਦਾ ਹੱਥ ਮਾਰ ਕੇ ਰੁਤਬੇ ਦਾ ਰੁਅਬ ਵੰਜਾਵਣ ਦੀ ਸੱਧਰ। ਪਰ ਸ਼ਕਦਾਰ, ਸਿਕਦਾਰ ਹੋ ਕੇ ਵੀ ਹਾਕਮ ਏ, ਉਹਦਾ ਅਸਲੀ ਰੁਅਬ ਉਹਦੀ ਹਾਕਮੀ ਪਾਰੋਂ ਹੈ, ਸੋ ਨਾਨਕ ਹਾਕਮੀ ਦੇ ਕਿਲ੍ਹੇ ਨੂੰ ਸੰਨ੍ਹ ਲਾ ਕੇ ਉਹਦੀਆਂ ਕੱਚੀਆਂ ਨੀਹਾਂ ਵਿਖਾਲ ਕੇ ਲੁਕਾਈ ਦਾ ਡਰ ਲਾਹੁੰਦਾ ਏ। ਸਿਕਦਾਰੀ ਤੇ ਚਾਕਰੀ ਧਰੋ ਦਾ ਸਾਕ ਏ। ਜੇ ਚਾਕਰ ਸਿਕਦਾਰ ਦੇ ਧਰੋ ਨਾਲ ਇੱਕ ਸੁਰ ਏ ਤਾਂ ਉਹ ਸਿਕਦਾਰ ਦਾ ਢਿਡੋਂ ਤਾਬੇਦਾਰ ਏ, ਜੇ ਨਹੀਂ ਤਾਂ ਉਹਦੀ ਤਾਬੇਦਾਰੀ ਐਂਵੇਂ ਪੜ੍ਹਦਾ ਏ ਉਹਦੇ ਡਰ ਦਾ। ਨਾਨਕ ਚਾਕਰ ਨੂੰ ਉਹਦੇ ਡਰ ਸਆਹਵੇਂ ਕੀਤਾ ਏ, ਚਾਕਰੀ ਸਿਕਦਾਰੀ ਦੇ ਸਾਕ ਉਤੋਂ ਹੇਜ ਆਪਣੀਅਤ ਤਾਬੇਦਾਰੀ ਤੇ ਮਿਹਰਬਾਨੀ ਦੇ ਸਾਰੇ ਪੜਦੇ ਲਹਿ ਗਏ ਨੇ। ਤੇ ਅੱਗੋਂ ਜਾਪੀਦਾ ਏ ਨਾਨਕ ਦਿਆਂ ਬੋਲਾਂ ਵਿੱਚ ਚਾਕਰ ਆਪ ਬੋਲ ਪਿਆ ਏ। ਆਂਹਦਾ ਏ ਮੈਂ ਕਿਉਂ ਡਰਾਂ, ਮੇਰੇ ਕੋਲ ਕੇਹ ਏ ਜਿਹੜਾ ਖੁਸ ਜਾਣਾ ਏ। ਢਹਿਣਾ ਤੇ ਇਹਨੇ ਈ ਏ ਜਿਹੜਾ ਚੜ੍ਹਿਆ ਹੋਇਆ ਏ। ਚਾਕਰਾਂ ਨੂੰ ਤੇ ਰੋਜ਼ ਜ਼ੰਜੀਰਾਂ ਪੈਂਦੀਆਂ ਸਨ। ਰੋਜ਼ ਤੇ ਚਾਕਰ ਈ ਸਿਕਦਾਰਾਂ ਹੱਥੋਂ ਮਰੇਂਦੇ ਸਨ। ਪਰ ਏਥੇ ਸਿਕਦਾਰਾਂ ਨੂੰ ਜ਼ੰਜੀਰੀ ਪੈਣੀ ਤੇ ਚਾਕਰਾਂ ਹੱਥੋਂ ਉਹਨਾਂ ਦਾ ਮਰਨਾ ਈ ਕੁਦਰਤੀ ਵਿਹਾਰ ਦੱਸਿਆ ਗਿਆ ਹੈ।

ਇਹਨਾਂ ਬੋਲਾਂ ਵਿੱਚ ਅਖਾਣਾਂ ਵਾਲਾ ਪੱਕ ਏ, ਜਿਵੇਂ ਕੋਈ ਜੁਗਾਂ ਪੁਰਾਣਾ ਹੰਢਾਇਆ ਸੱਚ ਹੋਵੇ। ਅਖਾਣ ਪੱਕ ਪਾਰੋਂ ਸਿਕਦਾਰੀ ਤੇ ਖਵਾਰੀ ਦਾ ਜੋੜ ਕੁਦਰਤੀ ਤੇ ਲਾਜ਼ਮੀ ਹੋ ਗਿਆ ਏ। ਚਾਕਰੀ ਤੇ ਤਾਬੇਦਾਰੀ ਦਾ ਜੋੜ ਕੁਦਰਤੀ ਤੇ ਸਾਜ਼ਮੀ ਨਹੀਂ ਰਿਹਾ।

ੲਰ ਤੇ ਖਵਾਰੀ ਨਿਮਾਣਿਆਂ ਦੇ ਭਾਗ ਸਨ, ਨਾਨਕ ਦੀ ਕਲਾ ਨੇ ਡਾਢਿਆਂ ਦੇ ਲੇਖੀਂ ਲਿਖ ਦਿੱਤੇ ਨੇ। ਚਾਕਰ ਸਿਰ ਸਿਟ ਚਾਕਰ ਨਹੀਂ ਰਹੇ। ਹਮਤਾਲ ਤੇ ਸੁਚੇਤ ਜੀਵ ਬਣੇ ਖਲੋਤ ਨੇ। ਉਹ ਜਾਣ ਗਏ ਨੇ ਜੋ ਸਾਡਾ ਕੰਮ ਸਿਕਦਾਰੀ ਨੂੰ ਥੰਮਣਾ ਨਹੀਂ। ਸਿਕਦਾਰੀ ਨੂੰ ਢਾਹੁਣਾ ਹੈ।

ਵੇਲੇ ਸਿਰ ਲੋਕ ਬੋਲੀ ਖ਼ਲਕਤ ਦੀ ਸੰਭਾਲ ਕੀਤੀ। ਲੋਕ ਸ਼ਾਇਰੀ ਖ਼ਲਕਤ ਨੂੰ ਬਹੁੜੀ ਖ਼ਲਕਤ ਲੋਕ ਸ਼ਾਇਰੀ ਨੂੰ ਸਾਂਭਿਆ। ਚੇਤਿਆਂ ਵਿੱਚ ਪਕਾ ਕੇ ਅਗਲੀਆਂ ਪੀੜ੍ਹੀਆਂ ਤੱਕ ਅਪੜਾਇਆ॥

ਤੁਰਕ ਸੁਲਤਾਨਾਂ ਤੇ ਮਗ਼ਲ ਸ਼ਹਿਨਸ਼ਾਹਵਾਂ ਵੇਲੇ ਸ਼ਹਿਰਾਂ ਗਿਰਾਵਾਂ ਵਿੱਚ ਥਾਂ ਥਾਂ ਮਦਰਸੇ ਖੋਲ੍ਹੇ ਮਦਰਸਿਆਂ ਦੀ ਪੜ੍ਹਾਈ ਨੇ ਬਾਤਸ਼ਾਹੀ ਬੋਲੀ ਦਾ ਆਦਰ ਲੋਕਾਂ ਦਿਆਂ ਦਿਲਾਂ ਵਿੱਚ ਬਿਠਾਵਣ ਦਾ ਟਿੱਲ ਲਾਇਆ। ਲੋਕਾਂ ਨੂੰ ਦੱਸਿਆ ਬਈ ਇਲਮ ਉਹ ਹੈ ਜੋ ਬਾਤਸ਼ਾਹੀ ਬੋਲੀ ਰਾਹੀਂ ਲੱਭਦਾ ਏ। ਉਹੋ ਇਲਮ ਤੁਹਾਨੂੰ ਆਪਣੇ ਆਰਰ ਵਿੱਚੋਂ ਲੱਭਦਾ ਏ, ਉਹ ਹੌਲਾ ਏ। ਓਸ ਇਲਮ ਦੇ ਸਿਰ 'ਤੇ ਤੁਸੀਂ ਜੋ ਉਗਾਂਦੇ ਬਣਾਂਵਦੇ ਓ ਉਹ ਅਸਲੋਂ ਬੇਗੁਣਾਂ ਤੇ ਸਸਤਾ ਏ। ਏਸੇ ਲਈ ਸਰਕਾਰ ਉਹਨੂੰ ਮੁਫ਼ਤ ਉਗਰਾਹ ਖੜਦੀ ਏ। ਬਾਤਸ਼ਾਹੀ ਬੋਲੀ ਰਾਹੀਂ ਸਿੱਖਿਆ ਇਲਮ ਬਰੀਕ ਏ। ਇਹ ਉਗਾਵਨ ਬਨਾਵਣ ਵਾਲਾ ਖਰਵਾ ਕੰਮ ਨਹੀਂ ਕਰੇਂਦਾ। ਇਹ ਉਗਾਵਣ ਬਨਾਵਣ ਦੇ ਪੋਰ੍ਹੇ ਤੋਂ ਛੁਟਕਾਰਾ ਕਰੇਂਦਾ ਏ। ਉਗਾਵਣ ਬਨਾਵਣ ਲਾਲਿਆਂ ਜਨਾਂ ਨੂੰ ਕਾਬੂ ਕਰ ਕੇ ਸਾਰੇ ਜੱਗ ਦੀਆਂ ਨਿਆਮਤਾਂ ਅੱਖ ਝਮਕਦਿਆਂ ਹਾਜ਼ਰ ਕਰੇਂਦਾ ਏ। ਬਾਤਸ਼ਾਹੀ ਬੋਲੀ ਦਾ ਆਦਰ ਵਧਣਾ। ਜਿੰਨਾ ਸਿਰਫ ਨਹੁੰਦਿਆਂ ਦਿਆਂ ਪੇਚਾਂ ਵਿੱਚ ਕੱਸੇ ਪੈਣਾ ਉਤਨੀ ਈ ਉਹਨੂੰ ਸਹਿਜ ਸੁਭਾ ਸੁੱਖ ਵਰਤੀ ਲੋਕ ਬੋਲੀ ਫਿੱਕੀ ਤੇ ਅਣਘੜਤ ਜਾਪਣੀ। ਬਾਤਸ਼ਾਹੀ ਬੋਲੀ ਦੀਆਂ ਕਿਤਾਬਾਂ ਜਾਦੂ ਨਗਰੀ ਬਣ ਜਾਣੀਆਂ ਤੇ ਜਾਦੂ ਨਗਰੀ ਵਿੱਚ ਲਹਿੰਦਿਆਂ ਸਾਰ ਈ ਹਮਾਤੜਾਂ ਦੀ ਮੈਨੂੰ ਬਾਤਸ਼ਾਹੀ ਗੁਮਾਨ ਦੇ ਪਰ ਲੱਗ ਜਾਣੇ। ਉਹਨਾਂ ਦਾ ਅੰਦਰਲਾ ਅਣਭੋਲ ਈ ਬਾਤਸ਼ਾਹੀ ਵਿਹਾਰ ਅੱਗੇ ਗਹਿਣੇ ਪੈ ਜਾਣਾ।

ਫ਼ਰੀਦਾ ਜੇ ਤੂੰ ਅਕਲਿ ਲਤੀਫ਼
ਕਾਲੇ ਲਿਖੁ ਨ ਲੇਖੁ
ਆਪਨੜੇ ਗਿਰੀਵਾਨ ਮਹਿ
ਸਿਰ ਨੀਵਾਂ ਕਰਿ ਦੇਖੁ


ਅਕਲ ਤਿਥਖੀ ਤੇ ਬਰੀਕ ਉਹਨਾਂ ਦੀ ਗਿਣੀ ਗਈ ਜਿਹੜੇ ਬਾਤਸ਼ਾਹੀ ਬੋਲੀ ਰਾਹੀਂ ਬਾਤਸ਼ਾਹੀ ਇਲਮ ਤੇ ਵਰਤਾਰੇ ਦੀ ਜਾਦੂਨਗਰੀ ਵਿੱਚ ਵੜ ਕੇ ਆਮੋਂ ਖ਼ਾਸ ਥੀ ਗਏ। ਖ਼ਾਸਾਂ ਦੀ ਖ਼ਾਸਗੀ ਲਿਖਿਤ ਵਿੱਚ ਹੈ। ਲਿਖਿਤ ਰਾਹੀਂ ਆਮਾਂ ਦੀ ਧਿਰ ਵਰ੍ਹਦੀ ਏ। ਲਿਖਿਤ ਈ ਇਲਮ ਏ। ਲਿਖਿਤ ਈ ਹੁਕਮ ਏ। ਲਿਖੇ ਹਰਫ਼ ਲੇਖ ਨੇ। ਆਪਾਂ ਦੀ ਕਿਸਮਤ ਨੇ। ਦਰਬਾਰੋਂ ਲਿਖਿਆ ਫ਼ਰਮਾਨ ਘਿੰਨ ਕੇ ਕੋਈ ਆਣ ਲਹਿੰਦਾ ਏ ਤੇ ਹਜ਼ਾਰਾਂ ਆਪਾਂ ਦੀ ਦਿੰਹ ਰਾਤ ਦੀ ਮਿਹਨਤ ਵਿੱਚੋਂ ਅਧ ਚੋਚ ਵੰਡਾ ਕੇ ਟੁਰ ਪੈਂਦਾ ਏ। ਲਿਖਿਤ ਧੁਰੋ ਲਿਖਿਆ ਲੇਖ ਏ ਜਿਹਨੂੰ ਕੋਈ ਟਾਲ ਨਹੀਂ ਸਕਦਾ। ਲਿਖਣ ਵਾਲੇ ਐਸੇ ਜਾਦੂ ਦੇ ਸਿਰ 'ਤੇ ਬਾਤਸ਼ਾਹੀ ਨੌਕਰੀਆਂ ਉੱਤੇ ਖਲੋਤੇ ਹੋਏ ਨੇ। ਮਦਰਸਿਆਂ ਵਾਲੇ ਤੇ ਗੱਦੀਆਂ ਵਾਲੇ ਚੋਰਾਸੀਆਂ ਪੰਡਾਂ ਦੀ ਮੁਆਫ਼ੀ ਪਏ ਖਾਂਦੇ ਨੇ। ਖ਼ਲਕਤ ਇਹਨਾਂ ਕੋਲੋਂ ਲਿਖਿਤ ਸਿੱਖਣ ਢੁਕਦੀ ਏ। ਇਹਨਾਂ ਦਾ ਲਿਕਿਆ ਮੜ੍ਹ ਗਲ਼ ਵਿੱਚ ਪਾਉਂਦੀ ਏ। ਧਰੋ ਲਿਖਿਆ ਵੀ ਇਹਨਾਂ ਦਾ ਈ ਏ। ਸੋ ਇਹਨਾਂ ਦਾ ਲਿਖਿਆ ਈ ਧਰੋਂ ਲਿਖੀ ਨੂੰ ਟਾਲ ਵੀ ਸਕਦਾ ਏ। ਜਾਦੂ ਨੂੰ ਜਾਦੂ ਈ ਕੱਟ ਸਕਦਾ ਏ । ਪਰ ਇਹ ਅਜਿਹਾ ਜਾਦੂ ਸੀ ਜੋ ਜਾਦੂਗਰਾਂ ਨੂੰ ਵੀ ਲੜ ਗਿਆ। ਆਲਮਾਂ ਹਾਕਮਾਂ ਦੀ ਚਤੁਰਾਈ ਉਹਨਾਂ ਨੂੰ ਇਹ ਨਹੀਂ ਸਮਝਣ ਦੇਂਦੀ ਜੋ ਲੋਕਾਈ ਕੋਲੋਂ ਅੱਡਰੇ ਹੋਵਣ, ਆਪਣੇ ਕਾਲੇ ਲੇਖ ਬਣ ਜਾਂਦੇ ਨੇ। ਉਹਨੂੰ ਆਪਣੇ ਆਪ ਕੰਨੋਂ ਵਿਛੋੜ ਦੇਂਦੇ ਨੇ। ਆਪਣੇ ਆਪਣਿਓਂ ਬਾਹਰ ਕਰ ਦੇਂਦੇ ਨੇ।

ਆਲਮਾਂ, ਹਾਕਮਾਂ ਦੀ ਸਮਝ ਤ੍ਰਿਖੀ, ਬਾਰੀਕ ਤੇ ਮਲੂਕ ਅਖਵਾਂਦੀ ਏ। ਬਾਤਸ਼ਾਹੀ ਬੋਲੀ ਵਿੱਚ ‘ਅਕਲ ਲਤੀਫ਼', ਫ਼ਰੀਦ ਨੇ ਅਕਲ ਲਤੀਫ਼ ਦੇ ਭਰਮ ਵਾਲਿਆਂ ਨੂੰ ਅਕਲ ਲਤੀਫ਼ ਆਖ ਕੇ ਇੱਕ ਜਟਕੀ ਬਖੇੜ ਕੀਤੀ ਏ ਤੇ ਹਾਸੇ ਭਾਣੇ ਉਹਨਾਂ ਨੂੰ ਆਪਣੇ ਭਰਮੋਂ ਕੱਢਿਆ ਏ। ਬਾਤਸ਼ਾਹੀ ਬੋਲੀ ਦੀ ਮਾਇਆ ਲੱਗੀ। ਨਸਰ ਦਾ ਹਾਸਾ ਬਣਾ ਕੇ ਉਹਦਾ ਜਾਦੂ ਤਰੋੜਿਆ ਏ ਤੇ ਜਾਦੂ ਮੋਹਿਆਂ ਨੂੰ ਛੁਟਕਾਰੇ ਦਾ ਰਾਹ ਵਿਖਾਇਆ ਏ। ਜੇ ਸੱਚੀਂ ਤੁਸਾਂ ਸੂਝ ਵਾਲੇ ਓ ਤਾਂ ਆਪਣੇ ਆਪੇ ਵਿੱਚ ਆਓ। ਆਪਣੀ ਕੂੜ ਉਸਾਰੀ ਮੈਂ ਦੇ ਅੰਦਰਵਾਰ ਝਾਤ ਘੱਤੋ, ਮਤਾਂ ਤੁਹਾਨੂੰ ਆਪਣਾ ਅਸਲ ਆਪਾ ਉਹਨਾਂ ਜੈਸਾ ਈ ਦਿਸੇ ਜਿਹਨਾਂ ਨੂੰ ਕਾਲਿਆਂ ਲੇਖਾਂ ਰਾਹੀਂ ਨਿੰਦ ਨਖਿਧ ਕੇ ਦਬਾਂਦੇ ਓ, ਇਹ ਗਿਰੀਵਾਨ ਉਸੇ ਨਿਵੇਕਲੀ ਮੈਂ ਦਾ ਏ ਜਿਹੜੀ ਘਿਣਿਆਂ ਚਾਵਾਂ ਨਾਲ ਸਿਵਾ ਕੇ ਗਲ਼ ਪਾਈ ਏ, ਸ਼ਾਨ ਗੁਮਾਨ ਦਾ ਨਿਸ਼ਾਨ ਹੁਣ ਨਮੋਸ਼ੀ ਦਾ ਬੂਹਾ ਏ, ਜੋ ਕੁਝ ਹੋਰਾਂ ਨੂੰ ਭੁਲਾਵਣ ਲਈ ਸਹੇੜਿਆ ਸੀ ਹੁਣ ਆਪ ਆਪਣੀ ਪੜਚੋਲ ਕਰਨ ਦਾ ਵਸੀਲਾ ਏ। ਜੋ ਕੋਈ ਕਰੇ ਤਾਂ।

ਫ਼ਰੀਦ ਬਾਹਰੋਂ ਖਲੋ ਕੇ ਆਵਾਸ਼ ਨਹੀਂ ਕਰੇਂਦਾ। ਗਵਾਚਿਆਂ ਵਿੱਚ ਗਵਾਚਾ ਹੋ ਕੇ ਆਪਣੇ ਆਪ ਨਾਲ ਗੱਲ ਕਰੇਂਦਾ ਏ। ਫ਼ਰੀਦ ਉਹਨਾਂ ਵਿੱਚੋਂ ਏ ਜਿਹੜੇ ਬਾਤਸ਼ਾਹੀ ਬੋਲੀ ਸਿਖ ਕੇ, ਕਾਲਿਆਂ ਲੇਖਾਂ ਦੀ ਲਿਖਿਤ ਦੇ ਜਾਣੂ ਹੋ ਕੇ ਲੋਕ ਬੋਲੀ ਵੱਲ ਪਰਤੇ। ਬਾਤਸ਼ਾਹੀ ਰਹਿਤਲ ਦੇ ਜਾਦੂ ਦੀ ਝਾਲ ਝੱਲ ਕੇ ਆਪਣੇ ਆਪ ਵਿੱਚ ਆਏ। ਵੈਰੀਆਂ ਦੇ ਹਥਿਆਰ ਜਾਂਚ ਕੇ ਪਿੜੀਂ ਨਿਤਰੇ ਗ਼ਨੀਮਤ ਜੇ ਚਾਹਵੇ ਹਾ ਤਾਂ ਗ਼ਨੀਮਤ ਨਾ ਥੀਵੇ ਹਾ, ਫ਼ਰੀਦ ਥੀ ਵੰਜੇ ਹਾਂ।

ਇੱਕ ਲਫ਼ਜ਼ ਉਹ ਸਨ ਜਿਹਨਾਂ ਨੂੰ ਲੋਕਾਂ ਆਪ ਬਾਤਸ਼ਾਹੀ ਬੋਲੀਓਂ ਖੋਹ ਕੇ ਲੋਕ ਵਰਤਾਰੇ ਦੀ ਦੇਗੀ ਘਤ ਰਿੱਧਾ। ਉਹਨਾਂ ਵਿੱਚੋਂ ਵਿਖਾਵੇ ਵਾਲੀ ਉਛਾਂਹ ਮਾਰੀ। ਉਹਨਾਂ ਨੂੰ ਸ਼ਾਨ ਦੇ ਨਿਸ਼ਾਨੋਂ ਮੁੜ ਲਫ਼ਜ਼ ਬਣਾਇਆ। ਇੱਕ ਉਹ ਜਿਹੜੇ ਕਾਲਿਆਂ ਲੇਖਾਂ ਰਾਹੀਂ ਲਸ਼ਕਰੀਆਂ ਦੀ ਆਬ ਆਬ ਰਾਹੀਂ, ਲੋਕ ਬੋਲੀ ਵਿੱਚ ਉਤਰੇ। ਇਹ ਲਫ਼ਜ਼ ਨਾ ਆਹੇ ਆਹੇ ਸ਼ਾਨ ਦੇ ਨਿਸ਼ਾਨ ਈ। ਪਰ ਇਹ ਠਾਠੇ ਬੰਨ੍ਹ ਕੇ ਆਪਣਾ ਅਸਲਾ ਲੁਕਾ ਕੇ ਲੋਕ ਬੋਲੀ ਵਿੱਚ ਉਤਰੇ। ਇਹਨਾਂ ਹੱਸਦਿਆਂ-ਵੱਸਦਿਆਂ ਲੋਕ ਲਉਂਜ਼ਾਂ ਦੀ ਸੰਘੀ ਨਹੁੰ ਦੇ ਕੇ ਉਹਨਾਂ ਨੂੰ ਅਧ-ਮੋਇਆ ਕੀਤਾ ਤੇ ਵਰਤੋਂ ਵਿੱਚੋਂ ਬਾਹਰ ਵਗਾਇਆ।ਲੋਕ ਬੋਲੀ ਦੇ ਲਫ਼ਜ਼ ਛੜੇ ਛਾਂਟ ਨਹੀਂ ਹੋਂਦੇ। ਜੜ ਪਰਿਵਾਰ ਵਾਲੇ ਅੱਗੇ ਪਿੱਛੇ ਵਾਲੇ ਹੁੰਦੇ ਨੇ। ਉਹਨਾਂ ਦੀ ਸਾਕਾਚਾਰੀ ਦੇ ਕਿੰਨੇ ਵਿਹਾਰ ਹੁੰਦੇ ਨੇ। ਇਹ ਵਿਹਾਰ ਲੋਕ ਸੁਰਤ ਵਿੱਚੋਂ ਜੰਮਦੇ ਨੇ। ਅੱਗੋਂ ਲੋਕ ਸੁਰਤ ਦੀ ਲੋੜ ਦੇ ਲਫ਼ਜ਼ ਬਣ ਜਾਵਣ ਦੀ ਇਹਨਾਂ ਵਿੱਚ ਬੇਅੰਤ ਸਕਤ ਹੁੰਦੀ ਏ। ਜਿਵੇਂ ਬੰਦਾ ਬੇਓੜਕ ਸੰਬੰਧਾਂ ਦੀ ਸੰਘਣੀ ਉਣਤੀ ਹੈ, ਤਿਵੇਂ ਈ ਲਫ਼ਜ਼ ਨੇ। ਜਿਹੜੇ ਲਫ਼ਜ਼ ਬਾਤਸ਼ਾਹੀ ਬੋਲੀ ਵਿੱਚੋਂ ਠਾਠੇ ਬੰਨ੍ਹ ਕੇ ਲੋਕ ਬੋਲੀ ਵਿੱਚ ਆਣ ਉੱਤਰੇ ਉਹ ਅਰਬੀ ਫ਼ਾਰਸੀ ਵਿਹਾਰਾਂ ਦੇ ਬੱਧੇ ਸਨ, ਜਿੱਥੇ ਅਰਬੀ-ਫ਼ਾਰਸੀ ਲੋਕ ਬੋਲੀਆਂ ਉਥੇ ਤੇ ਉਹ ਲਫ਼ਜ਼ ਈ ਸਨ। ਜੀਉਂਦੇ-ਵਸਦੇ, ਪਰ ਏਥੇ ਉਹ ਬਾਤਸ਼ਾਹੀ ਸ਼ਾਨ ਦੇ ਨਿਸ਼ਾਨ ਬਣ ਕੇ ਲੋਕ ਬੋਲੀ ਉੱਤੇ ਲੱਥੇ ਤੇ ਲਫ਼ਜ਼ ਹੋਵਣ ਦਾ ਭੁਲਾਵਾ ਪਾ ਕੇ ਲੋਕ ਬੋਲੀ ਦੀਆਂ ਲਫ਼ਜ਼ਾਂ ਵਿਹਾਰਾਂ ਦੇ ਭਾ ਦੀ ਅੰਬਰ ਵੇਲ ਬਣ ਗਏ। ਇਹ ਲਫ਼ਜ਼ ਲੋਕ ਬੋਲੀ ਦਿਆਂ ਵਿਹਾਰਾਂ ਨਾਲ ਜੁੜਨ ਨਹੀਂ ਸਨ ਆਏ। ਕਿਸੇ ਜੀਊਂਦੀ ਸਾਕਾਚਾਰੀ ਵਿੱਚ ਵਸਣ ਨਹੀਂ ਸਨ ਆਏ। ਸੋ ਨਿਵੇਕਲੇ ਰਹੇ। ਅਜੜਤ, ਅਲੱਗ, ਪਰ ਜਿਸ ਲੋਕ ਲਫ਼ਜ਼ ਉੱਤੇ ਇਹ ਆਣ ਡਿਗੇ ਉਹਦਾ ਸਾਹ ਖਟੀਜ ਗਿਆ। ਜਿਹੜੀ ਸਾਕਾਚਾਰੀ ਵਿੱਚ ਉਹ ਹੱਸਦਾ-ਬੋਲਦਾ ਆਹਾ, ਉਹ ਵੀ ਮਾਂਦੀ ਥੀ ਗਈ। ਬਾਤਸ਼ਾਹੀ ਬੋਲੀ ਦੇ ਏਸ ਹੱਲੇ ਨਾਲ ਲੋਕ ਲਫ਼ਜ਼ ਵਰਤੋਂ ਵਿੱਚੋਂ ਨਿਕਲਣ ਲੱਗ ਪਏ, ਲੋਕ ਬੋਲੀ ਅੰਦਰਲੀ ਸੰਘਣੀ ਸੰਬੰਧ ਉਣਤੀ ਛਿਜਦੀ ਗਈ। ਬੋਲੀ ਦਿਆਂ ਕਿੰਨਿਆਂ ਵਿਹਾਰਾਂ ਦੀ ਵਰਤੋਂ ਖਲੋ ਗਈ। ਉਹਦੀ ਵੱਸੋਂ ਉਜੜਨ ਲੱਗ ਪਈ। ਲੋਕ ਸੁਰਤ ਹੱਥਲ ਹੋ ਗਈ। ਲੋਕਾਂ ਦੇ ਸੁਨਣ-ਬੋਲਣ ਦੀ, ਸੋਚਣ ਜਾਚਣ ਦੀ ਸਕਤ ਅਧਮੋਈ ਥੀ ਗਈ।

‘ਰੱਖਣ' ਹੁੰਦਾ ਏ ‘ਧਰਣ' ਵੀ ਤੇ ‘ਸਾਂਭਣ' ਵੀ। ਰੱਖ, ਰਾਖਾ, ਰਾਖੀ, ਰਾਖਵੇਂ, ਰਖਵਾਲਾ, ਰਖੇਲ, ਰੱਖੀ - ਇਹ ਲਫ਼ਜ਼ ਟਾਬਰੀ ਬੋਲੀ ਦੀਆਂ ਵਿਹਾਰਾਂ ਜੋੜੀ ਏ। ਇਹ ਟਾਬਰੀ ਸਦਾ ਵਧਣਹਾਰ ਏ ਕਿਉਂ ਜੋ ਬੋਲੀ ਦੇ ਵਿਹਾਰ ਆਪ ਸਦਾ ਵਧਣਹਾਰ ਹਨ। ਸਾਂਭ ਲਈ ਅਰਬੀ ਲਫ਼ਜ਼ ਹਿਫ਼ਾਜ਼ਤ ਬਾਤਸ਼ਾਹੀ ਬੋਲੀ ਵਿੱਚ ਵਰਤੀਂਦਾ ਹਾ। ਅਰਬੀ ਵਿੱਚ ਏਸ ਲਫ਼ਜ਼ ਦੀ ਭਰੀ ਟਾਬਰੀ ਏ ਜਿਹੜੀ ਅਰਬੀ ਬੋਲੀ ਵਿਹਾਰਾਂ ਉਸਾਰੀ ਏ ਪਰ ਏਥੇ ਇਹ ਛੜਾ ਈ ਲੱਥੇ, ਪਰ ਛੜਮ ਛੜੇ। ਇੱਕ ਦੂਜੇ ਤੋਂ ਅਸਲੋਂ ਓਭੜ, ਹਾਫ਼ਜ਼, ਹਿਫ਼ਜ਼, ਮਹਫ਼ੂਜ਼, ਮੁਹਾਫ਼ਿਜ਼। ਇਹਨਾਂ ਦੀ ਅਸਲੀ ਜੜਤ ਤੇ ਆਹੀ ਅਰਬੀ ਵਿਹਾਰਾਂ ਵਿੱਚ, ਜਿਹੜੇ ਪਿੱਛੇ ਰਹਿ ਗਏ। ਏਥੇ ਇਹਨਾਂ ਦਾ ਸਾਂਗਾ ਇਹੋ ਏ ਜੋ ਬਾਤਸ਼ਾਹੀ ਬੋਲੀ ਦੇ ਲਸ਼ਕਰੀ ਨੇਂ। ਬਾਤਸ਼ਾਹੀ ਸ਼ਾਨ ਦੀ ਵਰਦੀ ਪਾ ਕੇ ਬਾਤਸ਼ਾਹੀ ਰੁਅਬ ਦੇ ਹਥਿਆਰ ਬੰਨ੍ਹ ਕੇ ਲੋਕ ਵੱਸੋਂ ਵਿੱਚ ਲੱਥੇ ਨੇ ਤੇ ਲੋਕ ਲਫ਼ਜ਼ਾਂ ਦੇ ਸਦੀਆਂ ਬੱਧੀ ਜੁੜੇ ਸਾਂਗਿਆਂ ਨੂੰ ਪਏ ਮਧੋਲਦੇ ਨੇ। ਲੋਕ ਬੋਲੀ ਦਿਆਂ ਵਿਹਾਰਾਂ ਦਾ ਸਾਹ ਪਏ ਘੁਟਦੇ ਨੇ। ਆਪ ਇਹ ਜੀਊਂਦੇ ਰੂਹ ਨੇ ਪਰ ਲੋਕ ਬੋਲੀ ਦਿਆਂ ਜੀਊਂਦਿਆਂ ਜੀਆਂ ਨੂੰ ਆਪਣੀ ਵਰਦੀ ਤੇ ਹਥਿਆਰਾਂ ਦੇ ਭਾਰ ਥੱਲੇ ਦੱਬ ਕੇ ਪਏ ਮਰੇਂਦੇ ਨੇ। ਇਹਨਾਂ ਦੀ ਆਪੋ ਵਿੱਚ ਨਿਰੀ ਧਰੋ ਦੀ ਸਾਂਝ ਏ।

ਬੋਲੀ ਦੇ ਵਿਹਾਰ ਬਹੁੰ ਤਗੜੇ ਹੁੰਦੇ ਨੇ ਪਰ ਬਹੁੰ ਸੋਹਲ ਵੀ। ਜਿਵੇਂ ਰੁੱਖ ਜੜ੍ਹ ਪੋਰੀ ਪਰਿਵਾਰ ਦਾ ਸੰਬੰਧ ਕੇਡਾ ਤਗੜਾ ਏ। ਉਪਜ ਦੀ ਕੇਡੀ ਸਕਤ ਏ ਇਹਦੇ ਵਿੱਚ ਪਰ ਜੜ੍ਹ ਨੰਗੀ ਕਰ ਦਿਓ ਤਾਂ ਪਰਿਵਾਰ ਸੁੱਕ ਜਾਂਦਾ ਏ। ਪਰਿਵਾਰ ਛਾਂਗ ਦਿਓ ਤਾਂ ਜੜ੍ਹ ਦਾ ਸਤ ਮੁੱਕ ਵੈਂਦਾ ਏ। ਲਫ਼ਜ਼ ਦੀ ਹਸਤੀ ਇੱਕ ਸੰਬੰਧ ਦੀ ਹਸਤੀ ਹੁੰਦੀ ਏ। ਜਦ ਲਫ਼ਜ਼ ਮੁੱਕਦਾ ਏ ਤਾਂ ਬੋਲੀ ਦੇ ਜੁੱਸੇ ਵਿੱਚ ਭੌਂਦੀ ਰੱਤ ਅੱਗੇ ਡੱਕਾ ਲੱਗ ਜਾਂਦਾ ਏ। ਲਫ਼ਜ਼ਾਂ ਦਾ ਜੰਮਣ ਜੁੜਨ ਦੀ ਇੱਕ ਦੂਜੇ ਵਿੱਚ ਰਲ਼ ਕੇ ਸ਼ਕਲ ਵਟਾਵਣ ਦੀ ਸਕਤ ਮਰੀਜ਼ ਵੈਂਦੀ ਏ। ਬਾਤਸ਼ਾਹੀ ਬੋਲੀ ਵਿੱਚੋਂ ਲੱਥੇ ਲਸ਼ਕਰੀ ਲਫ਼ਜ਼ਾਂ ਦੀ ਡੋਰ ਦਰਬਾਰੀ ਲਾਕੜਿਆਂ ਦੇ ਹੱਥ ਹੁੰਦੀ ਏ ਜਾਂ ਮੌਲਵੀ ਗ਼ਨੀਮਤਾਂ ਦੇ ਹੱਥ, ਜਦ ਇਹਨਾਂ ਲਸ਼ਕਰੀਆਂ ਦੇ ਭਾਰ ਹੇਠ ਆ ਕੇ ਲੋਕ ਬੋਲੀ ਦਿਆਂ ਵਿਹਾਰਾਂ ਨੂੰ ਸੋਕਾ ਪੈ ਜਾਂਦਾ ਏ ਤਾਂ ਲੋਕ ਆਤਰ ਹੋ ਵੈਂਦੇ ਨੇ। ਹਰ ਨਵੀਂ ਲੋੜ ਲਈ ਦਰਬਾਰੀ ਲਾਕੜਿਆਂ ਤੇ ਆਲਮਾਂ ਵੱਲ ਤੱਕਦੇ ਨੇ। ਇਹ ਝੱਟ ਇੱਕ ਹੋਰ ਲਸ਼ਕਰੀ ਸਾਜ ਕੇ ਉਤਾਰ ਦੇਂਦੇ ਨੇ ਜਿਹੜਾ ਲੋਕ ਬੋਲੀ ਦੇ ਵਿਹਾਰਾਂ ਨੂੰ ਹੋਰ ਨੱਪਦਾ ਏ।

ਲੋਕ ਸੁਰਤ ਲਫ਼ਜ਼ ਜਮਾਵਣ ਦੀ ਸਕਤ ਰਾਹੀਂ ਨਿੱਸਰਦੀ, ਪੁੰਗਰਦੀ ਏ। ਬੰਦਾ ਆਪਣੇ ਆਪ ਨਾਲ ਤੇ ਜੱਗ ਨਾਲ ਲਫ਼ਜਾਂ ਰਾਹੀਂ ਮਿਲਦਾ ਏ। ਜੇ ਲਫ਼ਜ਼ ਬਨਾਉਣ ਦੀ ਸਕਤ ਬੰਦੇ ਕੋਲ ਨਾ ਹੋਵੇ ਤਾਂ ਉਹਨੂੰ ਆਪਣੇ ਆਪ ਨਾਲ ਤੇ ਜੱਗ ਨਾਲ ਮਿਲਣ ਖੁਲ੍ਹ ਨਹੀਂ ਹੁੰਦੀ। ਜੇ ਉਹਦੀ ਆਪ ਮਿਲਣੀ ਤੇ ਜੱਗ ਮਿਲਣੀ ਬਾਤਸ਼ਾਹੀ ਲਸ਼ਕਰੀਆਂ ਦੀ ਵਿਚੋਲ ਰਾਹੀਂ ਹੋਣੀ ਏ ਤਾਂ ਸਮਝੋ ਨਾ ਉਹ ਆਪ ਨੂੰ ਮਿਲਿਆ ਨਾ ਜੱਗ ਨੂੰ। ਉਹਨੂੰ ਅੰਦਰ ਬਾਹਰ ਹਰ ਦਮ ਬਾਤਸ਼ਾਹ ਦਾ ਰੁਅਬ ਈ ਟੱਕਰਿਆ। ਉਹ ਬਾਤਸ਼ਾਹੀ ਮਰਜ਼ੀ ਦਾ ਰੁਅਬ ਈ ਟੱਕਰਿਆ। ਉਹ ਬਾਤਸ਼ਾਹੀ ਮਰਜ਼ੀ ਦਾ ਪਰਛਾਵਾਂ ਬਣ ਗਿਆ। ਆਪ ਉਹ ਹੋਇਆ ਈ ਨਹੀਂ।

ਅੰਗ੍ਰੇਜ਼ ਰਾਜ ਆਇਆ ਤਾਂ ਅੰਗ੍ਰੇਜ਼ੀ ਤੇ ਉਰਦੂ ਫ਼ਾਰਸੀ ਦੀ ਥਾਵੇਂ ਬਾਤਸ਼ਾਹੀ ਬੋਲੀਆਂ ਥੀ ਗਈਆਂ। ਜਿਸ ਮੇਲ ਦਾ ਜਿਤਨਾ ਅੰਗ੍ਰੇਜ਼ ਰਾਜ ਨਾਲ ਲਾਗ ਵਧਿਆ ਉਤਨੀ ਉਸਨੂੰ ਅੰਗ੍ਰੇਜ਼ੀ ਉਰਦੂ ਸਿੱਖਣੀ ਵਰਤਣੀ ਪਈ। ਮੁਗ਼ਲ ਤੇ ਸਿੱਖ ਬਾਤਸ਼ਾਹੀ ਦਾ ਉਸਾਰਿਆ ਜ਼ਿਮੀਦਾਰ ਮੇਲ ਵੀ ਅੰਗ੍ਰੇਜ਼ ਰਾਜ ਨਾਲ ਰਸ ਵਸ ਗਿਆ। ਕੁਝ ਝਬਦੇ ਕੁਝ ਸਹਿਜੇ। ਅੰਗ੍ਰੇਜ਼ ਆਪੂੰ ਵੀ ਕੁਝ ਢਾਣੀਆਂ ਥਾਪੜ ਕੇ ਏਸ ਮੇਲ ਵਿੱਚ ਚਾ ਖਿਲਾਰੀਆਂ। ਸੜਕਾਂ ਰੇਲਾਂ ਖੁਲ੍ਹਣ ਨਾਲ ਦਸਾਵਰੀ ਵਪਾਰ ਵਧਣ ਨਾਲ ਵਪਾਰੀ ਮੇਲ ਨੂੰ ਵੀ ਨਵੀਂ ਜਾਗ ਲੱਗੀ। ਨਵੀਆਂ ਨੌਕਰੀਆਂ ਨਿਕਲੀਆਂ, ਨਵੇਂ ਕਸਬ ਟੁਰੇ, ਨਵੇਂ ਇਲਮ ਆਏ, ਬਾਤਸ਼ਾਹੀ ਬੋਲੀਆਂ ਸਿੱਖਣ ਦੀ ਮਜਬੂਰੀ ਵੀ ਵਧੀ ਤੇ ਸਵਾਦ ਵੀ। ਅੰਗ੍ਰੇਜ਼ੀ ਸਿਖਣ ਵਰਤਣ ਦਾ ਸਵਾਦ ਤੇ ਉਹੋ ਹਾ ਜਿਹੜਾ ਅੱਗੇ ਫ਼ਾਰਸੀ ਵਿੱਚ ਹੁੰਦਾ ਹਾ। ਲੁਕਾਈ ਤੋਂ ਦੂਰੀ ਦਾ ਤੇ ਰਾਜ ਦੀ ਨੇੜ ਦਾ। ਆਤਰਾਂ ਤੋਂ ਪੱਲਾ ਛੁਡਾਵਣ ਦਾ ਤੇ ਵਸ ਵਾਲਿਆਂ ਦੀ ਹਜ਼ੂਰੀ ਮਾਨਣ ਦਾ। ਫ਼ਾਰਸੀ ਇਰਾਨ ਤੁਰਕਿਸਤਾਨ ਦੀ ਖ਼ੁਸ਼ਬੂ ਨਾਲ ਮਸਤ ਕਰੇਂਦੀ ਆਹੀ। ਅੰਗ੍ਰੇਜ਼ੀ ਨਾਲ ਇੰਗਲੈਂਡ ਤੇ ਯੂਰਪ ਦੇ ਬੁੱਲੇ ਆਵਣ ਲੱਗ ਪਏ। ਉਰਦੂ ਦਾ ਸਵਾਦ ਤਿਹਰਾ ਹਾ। ਇੱਕ ਤੇ ਇਹਦੇ ਸਿਖਣ ਵਰਤਣ ਵਿੱਚ ਉਤਨੀ ਘਾਲ ਨਹੀਂ ਸੀ ਕਰਨੀ ਪੈਂਦੀ। ਥੋੜੀ ਖੇਚਲ ਨਾਲ ਈ ਲੁਕਾਈ ਤੋਂ ਦੂਰੀ ਤੇ ਰਾਜ ਤੋਂ ਨੇੜ ਦਾ ਝੂਟਾ ਆਵਣ ਲੱਗ ਪੈਂਦਾ ਹਾ। ਵਤ ਇਹ ਅੰਗ੍ਰੇਜ਼ੀ ਵੀ ਬਾਂਦੀ ਨਵੀਂ ਬਾਤਸ਼ਾਹੀ ਬੋਲੀ ਦੀ ਆਹੀ ਤੇ ਮੁਗ਼ਲ ਦੀ ਛੱਡੀ ਪੁਰਾਣੀ ਬਾਤਸ਼ਾਹੀ ਬੋਲੀ ਦੀ। ਦਿੱਲੀ ਲਖਨਊ ਦਿਆਂ ਦਰਬਾਰਾਂ ਦੇ ਪਿਛਲੱਗ ਅਸ਼ਰਾਫ਼ਾਂ ਇਹਨੂੰ ਅਪਣਾਇਆ ਪਾਲਿਆ ਹਾ। ਇਹਦੇ ਵਿੱਚ ਫ਼ਾਰਸੀ ਲਫ਼ਜ਼ਾਲੀ ਵੀ ਆਹੀ ਤੇ ਦਿੱਲੀ ਲਖਨਊ ਦੀ ਉੱਚ ਰਹਿਤਲ ਵਿੱਚ ਵਰਤੀਂਦਾ ਮੁਹਾਵਰਾ ਵੀ। ਸੋ ਉਰਦੂ ਵਿੱਚ ਨਵੀਂ ਵੱਡਿਆਈ ਦਾ ਰਸ ਵੀ ਆਹਾ ਤੇ ਪੁਰਾਣੀ ਦਾ ਚਸ ਵੀ। ਦਿੱਲੀ ਲਖਨਊ ਦੀ ਅਸ਼ਰਾਫ਼ਾਂ ਦਾ ਅੰਗ੍ਰੇਜ਼ ਨਾਲ ਲਾਗ ਪੁਰਾਣਾ ਤੇ ਪਕੇਰਾ ਜਾਪਦਾ ਹਾ। ਨਵੇਂ ਲਾਗੀ ਕਿਉਂ ਆਪਣੀ ਬੋਲੀ ਨਾਲ ਚੰਬੇੜ ਕੇ ਨਵਿਆਂ ਮਾਲਕਾਂ ਲਈ ਉਭੜ ਬਣੇ ਰਹਿੰਦੇ। ਕਿਉਂ ਨਾ ਝਬ ਬੋਲੀ ਵਟਾ ਕੇ ਪੁਰਾਣੇ ਮੰਨੇ ਪਰਮੰਨੇ ਲਾਗੀਆਂ ਵਰਗੇ ਹੋ ਵਸਦੇ। ਏਥੋਂ ਚਕਵਾ ਪੜ੍ਹਿਆ ਦਿੱਲੀ ਲਖਨਊ ਵਾਲਿਆਂ ਦਾ ਲੜ ਵੀ ਫੜਦਾ ਹਾ ਪਰ ਉਹਨਾਂ ਕੋਲੋਂ ਸੜਦਾ ਵੀ ਹਾ। ਦਿੱਲੀ ਲਖਨਊ ਵਾਲੇ ਨਵੇਂ ਲਾਗੀ ਨੂੰ ਆਪਣੇ ਜੇਹਾ ਕਰ ਕੇ ਰਾਜ਼ੀ ਵੀ ਹੁੰਦੇ ਪਰ ਉਹਦੇ ਕੋਲੋਂ ਖੌਰ ਦੇ ਵੀ। ਇਹ ਸੋਚ ਕੇ ਤਸੱਲੀ ਵਿੱਚ ਵੀ ਰਹਿੰਦੇ ਬਈ ਨਕਲ ਅਸਲ ਜੈਸੀ ਤੇ ਨਹੀਂ ਨਾ ਹੋ ਸਕਦੀ ਪਰ ਨਾਲ ਸੌੜੇ ਵੀ ਪੌਦੇ ਮਤਾਂ ਨਕਲ ਅਸਲ ਦਾ ਅਘ ਨਾ ਮਾਰ ਦੇਵੇ। ਸੋ ਉਹ ਨਵਿਆਂ ਲਾਗੀਆਂ ਨੂੰ ਹੱਲਾਸ਼ੇਰੀ ਵੀ ਦੇਂਦੇ ਪਰ ਉਹਨਾਂ ਨੂੰ ਹੱਸਦੇ ਵੀ।

ਅਗ੍ਰੇਜ਼ ਰਾਜ ਦੇ ਛੇਕੜਲੇ ਪੰਜਾਹਵਾਂ ਵਰ੍ਹਿਆਂ ਵਿੱਚ ਲਾਗੀ ਮੇਲਾਂ ਸਹੀ ਕੀਤਾ ਬਈ ਅੰਗ੍ਰੇਜ਼ ਨਿਰਾ ਸਾਡਾ ਜਜਮਾਨ ਈ ਨਹੀਂ ਸਾਡਾ ਸ਼ਰੀਕ ਵੀ ਏ। ਜੇ ਇਹ ਨਿਕਲ ਵੰਜੇ ਤਾਂ ਅਸਾਂ ਇਹਦੀ ਥਾਂ ਲੋਕਾਂ ਸਿਰ ਹਾਕਮ ਹੋਸਾਂ ਪਰ ਲੋਕ ਵੀ ਪਏ ਸਾਵਧਾਨ ਹੁੰਦੇ ਹਨ। ਹੁਣ ਇਹਨਾਂ ਸਿਰ ਹਾਕਮੀ ਓਹਾ ਕਰਸੀ ਜੋ ਇਹਨਾਂ ਦਾ ਅਗਵਾਨ ਬਣੇ। ਅਸੀਂ ਨਵੇਂ ਅਸ਼ਰਾਫ਼ ਹਾਂ ਤੇ ਪੁਰਾਣਿਆਂ ਅਸ਼ਰਾਫ਼ਾਂ ਦੇ ਵਾਰਿਸ ਵੀ ਹਾਂ, ਲੋਕ ਅਗਵਾਨੀ ਸਾਡਾ ਕੁਦਰਤੀ ਹੱਕ ਏ। ਸੋ ਲੁਕਾਈ ਤੋਂ ਵੱਖਰਿਆਂ ਹੋਵਣ ਦਾ ਨਵਾਂ ਰਾਹ ਲੋਕ ਅਗਵਾਨੀ ਥਾਣੀ ਨਿਕਲਿਆ। ਅਸ਼ਰਾਫ਼ਾਂ ਦੀ ਬੋਲੀ ਅਗਵਾਨਾਂ ਦੀ ਬੋਲੀ ਬਣ ਗਈ। ਪੁਰਾਣੀ ਹਾਕਮੀ ਦੇ ਵਿਗੋਚੇ ਵਿੱਚ ਨਵੀਂ ਹਾਕਮੀ ਦੀ ਆਸ ਰਲ਼ ਗਈ। ਗਵਾਚੀ ਮੁਗ਼ਲ ਸ਼ਾਨ ਦਾ ਰੋਣਾ ਆਉਂਦੀ ਨਵੀਂ ਸ਼ਾਨ ਦੇ ਢਲਕਾਰੇ ਨਾਲ ਇੱਕ-ਮਿਕ ਹੋ ਗਿਆ। ਗ਼ਜ਼ਲ ਦੀਆਂ ਗ਼ਜ਼ਾਂ ਦਾ ਮਤਲਭ ਵਟਣ ਲੱਗ ਪਿਆ। ਹਾਥੀਆਂ ਉੱਪਰ ਝੂਲਣ ਦੇ ਸੁਪਨੇ, ਜਲੂਸਾਂ ਵਿੱਚ ਲੋਕਾਂ ਦੇ ਮੋਢਿਆਂ ਉੱਤੇ ਚੜ੍ਹ ਝੂਲਣ ਨਾਲ ਪੂਰੇ ਹੋਏ। ਦਰਬਾਰਾਂ ਵਿੱਚ ਬਹਿਣ ਦੇ ਨਸ਼ੇ ਦੀ ਟੋਟ ਲੋਕ ਜਲਸਿਆਂ ਦੀਆਂ ਸਟੇਜਾਂ ਉੱਤੇ ਬਹਿ ਮੁੱਕੀ। ਲੋਕਾਂ ਕੰਨੋਂ ਨਿਵੇਕਲੇ ਰਹਿਣ ਦਾ ਝੱਸ ਲੋਕਾਂ ਦੀ ਭੀੜ ਵਿਚਕਾਰ ਖਲੋ ਕੇ ਪੂਰਾ ਹੋਵਣ ਲੱਗ ਪਿਆ। ਬਾਤਸ਼ਾਹੀ ਬੋਲੀ ਦੀਆਂ ਤਕਰੀਰਾਂ ਤੇ ਨਾਅਰਿਆਂ ਦੇ ਗੜਗੱਜ ਵਿੱਚੋਂ ਲੋਕਾਂ ਦੀ ਚੁੱਪ ਕੀਤੀ ਮੰਨਤਾ ਦਾ ਸਰੂਰ ਆਵਣ ਲੱਗ ਪਿਆ।

ਬਾਤਸ਼ਾਹੀ ਬੋਲੀ ਅਗਵਾਨੀ ਦੀ ਬੋਲੀ ਥੀ ਗਈ ਤੇ ਇਹਨੂੰ ਸਿਖਣ ਵਰਤਣ ਦਾ ਸਵਾਦ ਤੇਰ੍ਹਿਓਂ ਚੌਹਰਾ ਹੋ ਗਿਆ। ਏਸ ਚੌਹਰੇ ਸਵਾਦ ਸਦਕਾ ਈ ਉਰਦੂ ਅਖ਼ਬਾਰਾਂ ਦਾ ਜ਼ੋਰ ਵਧਿਆ। ਚਾਰ ਜਮਾਤਾਂ ਪੜ੍ਹੇ ਹਮਾਤੜੀ ਵੀ ਪੈਸਾ ਆਨਾ ਖ਼ਰਚ ਕੇ ਘਰ ਬੈਠੇ ਹਾਕਮੀ ਦੀ ਖ਼ੁਸ਼ਬੂ ਲੈਣ ਜੋਗੇ ਹੋ ਗਏ। ਏਸੇ ਚੌਹਰੇ ਸਵਾਦ ਸਦਕਾ ਈ ਉਰਦੂ ਅਦਬ ਦੀ ਮੰਗ ਵਧੀ। ‘ਅਦਬ' ਦਾ ਲਫ਼ਜ਼ ਉਰਦੂ ਲਿਖਤਾਂ ਦਾ ਈ ਸਿਰਨਾਵਾਂ ਬਣ ਕੇ ਆਇਆ। ਲੋਕਾਂ ਵਿੱਚ ਇਹਦਾ ਮਤਲਬ ਵੀ ਵੱਡਿਆਂ ਅੱਗੇ ਨਿਉਣਾ ਆਹਾ। ਵੱਡੇ ਉਮਰੋਂ ਹੋਵਣ ਭਾਵੇਂ ਦਰਜਿਉਂ। ਨਾਲ ਈ ਚੱਜ ਤੇ ਗੁੜਤ ਵੀ ਆਹਾ। ਉਰਦੂ ਸ਼ਾਇਰੀ ਕਹਾਣੀ ਮਜ਼ਮੂਨ ਪਹਿਲੋਂ ਤੇ ਚੱਜ ਗੁੜ੍ਹਤ ਤੇ ਦਰਜੇ ਸਿਞਾਨਣ ਦਾ ਨਿਸ਼ਾਨ ਬਣੇ। ਪਰ ਵੀਹਵੀਂ ਸਦੀ ਚੜਦਿਆਂ ਲੋਕ ਰਾਜ ਤੇ ਵਸੇਬ ਉਥਲ ਦਾ ਝੰਡਾ ਵੀ ਇਹਨਾਂ ਦੇ ਹੱਥ ਆ ਗਿਆ। ਉਪਰੋਂ ਲਿਖਣ ਵਾਲੇ ਤੇ ਪੜ੍ਹਨ ਵਾਲੇ ਅੰਗ੍ਰੇਜ਼ ਰਾਜ ਦਾ ਵੈਰ ਪਰਚਾਰਦੇ। ਸਰਮਾਏਦਾਰੀ ਜਾਗੀਰਦਾਰ ਨੂੰ ਭੰਡਦੇ। ਗ਼ਰੀਬ ਦਾ ਦੁੱਖ ਰੋਂਦੇ। ਲੋਕ ਨਾਬਰੀ ਦਾ ਨਾਅਰਾ ਮਾਰਦੇ ਪਰ ਅੰਦਰੋਂ ਅਚੇਤ ਸੁਚੇਤ ਬਾਤਸ਼ਾਹੀ ਬੋਲੀ ਦੇ ਨਵੇਂ ਪੁਰਾਣੇ ਸਵਾਦਾਂ ਵਿੱਚ ਲਿਟਦੇ, ਸੋ ਪੰਜਾਬ ਵਿੱਚ ਬਾਤਸ਼ਾਹੀ ਬੋਲੀ ਦੀ ਲਿਖਿਤ, ‘ਜ਼ਾਹਰ ਦਾਅਵਾ ਉਹਦਾ ਭਾਵੇਂ ਕੁਝ ਵੀ ਹੋਵੇ' ਅਸਲੋਂ ਪੱਜ ਸੀ ਖ਼ਲਕਤ ਤੋਂ ਨਿਵੇਕਲੇ ਰਹਿਣ ਦਾ ਇਹ ਵਸੀਲਾ ਸੀ ਪੁਰਾਣੇ ਅਸ਼ਰਾਫ਼ ਆਸਨ 'ਤੇ ਬੈਠਿਆਂ ਨਵੇਂ ਲੋਕ ਅਗਵਾਨੀ ਦੀਆਂ ਰਾਸਾਂ ਸਾਂਭਣ ਦਾ। ਇਹ ਹਥਿਆਰ ਸੀ ਨਵੀਂ ਲੋਕ ਸੁਰਤ ਨੂੰ ਜ਼ਰਵਾਲਾਂ, ਭੂਈ ਵਾਲਾਂ, ਨੌਕਰੀਆਂ ਕੱਸੀਆਂ ਦੀ ਨਵੀਂ ਭਾਈ ਵਾਲੀ ਦੇ ਲਾਹੇ ਸਿਰ ਮੋੜਨ ਦਾ ਬਾਤਸ਼ਾਹੀ ਬੋਲੀ ਦੀ ਲਿਖਿਤ ਨੇ ਖ਼ਲਕਤ ਨੂੰ ਜੋ ਪੋਹਣਾ ਸੀ ਪੋਹਿਆ। ਅਸਲ ਤੇ ਉਹਨੇ ਹਾਕਮੀ ਦੀਆਂ ਨਵਿਆਂ ਜੁੜ ਉਭਰਦਿਆਂ ਦਾਅਵੇਦਾਰਾਂ ਨੂੰ ਆਪਣੇ ਹੱਕ ਸ਼ਫੇਅ ਦਾ ਪੱਕ ਕਰਾਇਆ।

ਜਿੱਥਾਂ ਮੱਲ ਪ੍ਰਧਾਨ ਹੋਵੇ ਉਥਾਂ ਹਰ ਨਵਾਂ ਜੰਮਿਆ ਜੀਅ ਦਰਜੇ ਬੰਦੀ ਤੇ ਆਪਾ ਧਾਪੀ ਦੇ ਕੁਛੜ ਈ ਪਲਦਾ ਏ। ਸੋ ਸਾਰੀ ਉਮਰ ਫਣ ਟੁਟ ਈ ਰਹਿੰਦਾ ਏ। ਉਹਦੀ ਥੁੜੀ੍ਹ ਥਿੜ੍ਹਕੀ ਹਸਤੀ ਸਾਰੀ ਉਮਰ ਆਪਣੇ ਅਣਡਿੱਠੇ ਬੱਜ ਕੱਜਣ ਲਈ ਦਰਜੇ ਬੰਦੀ ਤੇ ਆਪਾਧਾਪੀ  ਦਾ ਓਹਲਾ ਈ ਪਈ ਲੱਭਦੀ ਏ। ਉਹ ਤਾਂਹੀਓਂ ਜੀਉਂਦਾ ਏ ਜੇ ਖ਼ਲਕਤ ਕੰਨੋ ਨਿਤ ਨਿਵੇਕਲਾ ਥੀਵੇ। ਨਿਤ ਨਿਤ ਖ਼ਲਕਤ ਕੰਨੋਂ ਆਪਣਾ ਆਪ ਪੁਜਾਵੇ। ਉਹ ਮਹਲ ਢੂਡੇਂਦਾ ਜੀਊਂਦਾ ਏ ਤੇ ਮਕਬਰੇ ਢੂਡੀਂਦਾ ਮਰਦਾ ਏ। ਪੰਜਾਬ ਵਿੱਚ ਬਾਤਸ਼ਾਹੀ ਬੋਲੀ ਦੀ ਲਿਖਿਤ ਮਹਿਲਾਂ ਤੇ ਮਕਬਰਿਆਂ ਦੀ ਅਣਥੱਕ ਭਾਲ ਏ।

ਅੰਗ੍ਰੇਜ਼ ਰਾਜ ਵਿੱਚ ਨਵੇਂ ਪ੍ਰਚਾਰ ਵਸੀਲੇ ਨਿਕਲੇ। ਛਾਪਾ, ਸਟੇਜ (ਕਦੀ ਥੀਏਟਰ ਦੀ ਕਦੀ ਜਲਸੇ ਦੀ) ਫ਼ਿਲਮ, ਰੇਡੀਓ, ਦਰਬਾਰੀ ਮੁਸ਼ਾਰਿਆਂ ਵਿੱਚ ਲਹਿਕਣ ਵਾਲੀ 'ਵਾਜ ਸਟੇਜਾਂ 'ਤੇ ਚੜ੍ਹ ਕੂਕੀ। ਰੇਡੀਓ ਫ਼ਿਲਮ ਵਿੱਚ ਵੜ੍ਹ ਧੁੰਮੀ। ਸੋਨੇ ਦੇ ਪਾਣੀ ਨਾਲ ਸ਼ਿੰਗਾਰੀਆਂ ਕਿਤਾਬਾਂ ਵਿੱਚ ਸਜਣ ਵਾਲੇ ਕਾਲੇ ਲੇਖ ਛਾਪੇ ਚੜ੍ਹ ਕੇ ਖ਼ਲਕਤ ਦੇ ਸਿਰ 'ਤੇ ਸਵਾਰ ਹੋ ਗਏ। ਨਵੇਂ ਪਰਚਾਰ ਵਸੀਲਿਆਂ ਦੀ ਮੋਹ ਨੇ ਰਾਜ ਬੋਲੀ ਸਿਖਣ ਤੇ ਵਰਤਣ ਦੇ ਸਵਾਦ ਨੂੰ ਨਵਾਂ ਤੜਕਾ ਲਾਇਆ।

ਅੰਗ੍ਰੇਜ਼ ਗਏ ਤਾਂ ਅਸ਼ਰਾਫ਼ ਜਿਹੜੇ ਲੋਕ ਅਗਵਾਨ ਆਹੇ ਲੋਕ ਹਾਕਮ ਬਣ ਗਏ। ਜਲਸਿਆਂ ਜਲੂਸਾਂ ਵਿੱਚੋਂ ਲੋਕਾਂ ਦਿਆਂ ਮੋਢਿਆਂ ਉੱਤੇ ਸਵਾਰੀਆਂ ਟੁਰੀਆਂ ਤੇ ਗੌਰਮੈਂਟ ਹਾਊਸਾਂ ਵਿੱਚ ਜਾ ਲੱਥੀਆਂ। ਬਾਤਸ਼ਾਹੀ ਲੋਕ ਰਾਜ ਬਣ ਗਈ ਤੇ ਬਾਤਸ਼ਾਹੀ ਬੋਲੀਆਂ ਲੋਕ ਰਾਜ ਦੀਆਂ ਬੋਲੀਆਂ ਬਣ ਗਈਆਂ। ਜਦੋਂ ਬਾਤਸ਼ਾਹੀ ਆਜ਼ਾਦ ਇਸਲਾਮੀ ਮੁਲਕੇ ਦੀ ਕੌਮੀ ਜ਼ੁਬਾਨ ਦੇ ਸਿਰਨਾਵੇਂ ਪਿੱਛੇ ਲੱਗ ਪਏ। ਨੌਕਰੀਆਂ ਨਿਕਲੀਆਂ, ਕਾਰੋਬਾਰ ਖੁੱਲ੍ਹੇ, ਘਰਾਂ ਜ਼ਮੀਨਾਂ ਦੀ ਲੁੱਟ ਪਈ ਹਾਕਮਾਂ ਦੀ ਰਹਿਤਲ ਦੀ ਖੁਸ਼ਬੂ, ਜਿਹੜੀ ਅੱਗੇ ਨਸੀਬਾਂ ਵਾਲਿਆਂ ਲਈ ਹੁੰਦੀ ਸੀ, ਜਣੀ ਖਣੀ ਨੂੰ ਆਉਣ ਲੱਗੀ। ਹਰ ਕੋਈ ਆਪਣਾ ਨਿੱਜੀ ਪਿਛੋਕੜ ਧੋਣ ਲਈ ਹਾਕਮ ਰਹਿਤਲ ਦੀ ਵਗਦੀ ਗੰਗਾ ਵਿੱਚ ਚੁੱਭੀ ਮਾਰਨ ਨੂੰ ਉਤਾਵਲਾ ਹੋਇਆ। ਬਾਲ ਪੁਰਾਣੇ ਹੰਢਾਏ ਕਬੀਲ ਆਪੇ ਦੇ ਬਾਲ ਨਾ ਰਹੇ। ਨਵੇਂ ਅਪਣਾਏ ਹਾਕਮ ਆਪੇ ਦੀ ਬਾਲ ਥੀ ਗਏ। ਉਹ੍ਵਾਂ ਨੂੰ ਰਾਜ ਬੋਲੀ ਬੁਲਾ ਕੇ ਅਸਾਂ ਆਪਣੇ ਮੰਦੇ ਦਬੀਲ ਪਿਛੇ ਨੂੰ ਤੁਰਤ ਤਲਾਕਿਆ ਤੇ ਲਿਸ਼ਕਦਾ ਹਾਕਮ ਉਗਾਵਿਆ। ਲੋਕ ਬੋਲੀ ਛੁਡਾ ਕੇ ਅਸਾਂ ਬਾਲਾਂ ਨੂੰ ਆਮਾਂ ਦੀ ਤੁਰਕੀ ਭੀੜ ਵਿੱਚੋਂ ਕੱਢ ਲਿਤਾ ਤੇ ਰਾਜ ਮਹਿਲ ਦੀਆਂ ਪੌੜੀਆਂ ਚੜ੍ਹਨ ਵਾਲੀ ਨ੍ਹਾਤੀ ਧੋਤੀ ਲਾਈਨ ਵਿੱਚ ਲਾ ਦਿੱਤਾ। ਨਿਵੇਲਕਾ ਅੱਗਾ ਅਪਨਾਵਣ ਲਈ ਨਿਵੇਕਲਾ ਪਿਛਾ ਅਪਨਾਵਣਾ ਪੌਂਦਾ ਏ। ਬੋਲੀ ਬਟਾਵਣ ਵਾਲਿਆਂ ਸੌਲੇ ਭਾ ਪਿੱਛਾ ਵਟਾ ਲਿਆ। ਚੇਤਾ ਵਟਾ ਲਿਆ। ਪੈਂਟਾਂ ਸਲਵਾਰਾਂ ਪਾ ਕੇ ਮੌਲਵੀ ਗ਼ਨੀਮਤ ਧਮੋੜੀਆਂ ਦੀ ਮਾਰ ਤੋਂ ਬਾਹਰੇ ਹੋ ਗਏ। ਆਬ ਆਬ ਕਰਦਿਆਂ ਸਿਪਾਹੀ ਪੁੱਤਰਾਂ ਨੂੰ ਪਿੰਡਾਂ ਵਾਲਿਆਂ ਕੋਕੇ ਕੋਲੇ ਖੋਲ੍ਹ ਦਿੱਤੇ।

ਬੋਲੀ ਅਸਲਾ ਵੀ ਏ ਤੇ ਪਹਿਰੇਵਾ ਵੀ, ਤਤ ਸਤ ਵੀ ਤੇ ਨਿਸ਼ਾਨ ਵੀ। ਸੋ ਬਾਤਸ਼ਾਹੀ ਬੋਲੀ ਬਾਤਸ਼ਾਹੀ ਵਿਹਾਰ ਦਾ ਹਥਿਆਰ ਵੀ ਏ ਤੇ, ਇਸ਼ਤਿਹਾਰ ਵੀ। ਇਹ ਨਿਮਾਣਿਆਂ ਨੂੰ ਨਿਸੱਤਾ ਕਰਕੇ ਗੁੰਗ ਦਾਸ ਬਣਾ ਕੇ ਡਾਢਿਆਂ ਅੱਗੇ ਨਿਵਾਂਦੀ ਏ ਤੇ ਉੱਤੋਂ ਉਹਨਾਂ ਨੂੰ ਪਲੋਸਦੀ ਵੀ ਏ। ਉਹਨਾਂ ਨੂੰ ਭਰਮ ਪਾਉਂਦੀ ਏ ਬਈ ਤੁਸੀਂ ਚੱਜ ਤੇ ਗੁੜਤ ਵਾਲੇ ਹੋ ਗਏ ਓ। ਲੋਕ ਬੋਲੀ ਵਾ ਤਾਂ ਈ ਲੋਕ ਬੋਲੀ ਏ, ਜੇ ਉਹ ਹਾਕਮ ਮੇਲ ਦੇ ਵਿਹਾਰ ਦਾ ਪੂਰਾ ਤੋੜ ਬਣੇ, ਜੇ ਉਹ ਲੁਕਾਈ ਨੂੰ ਤਤ ਸਤ ਪਰਤਾਵੇ, ਜੇ ਉਹ ਲੁਕਾਈ ਨੂੰ ਆਪੋ ਵਿੱਚ ਜੋੜੇ ਤੇ ਹਾਕਮ ਮੇਲ ਕੰਨੋਂ ਨਿਖੇੜੇ, ਹਾਕਮ ਮੇਲ ਦੀ ਰੀਤ ਪਰਤੀਤ  ਥੀ ਉਹ ਦੇ ਲਾਗ ਦੇ ਜਾਦੂ ਥੀ ਖ਼ਲਕਤ ਨੂੰ ਛੁਟਕਾਰੇ। ਹਾਕਮ ਮੇਲ ਤੇ ਹਰ ਹੀਲੇ ਆਪਣਾ ਲਾਹਾ ਪਾਲਣਾ ਹੁੰਦਾ ਏ। ਆਪਣਾ ਵਿਹਾਰ ਰੱਖਣਾ ਹੁੰਦਾ ਏ। ਜੇ ਲੋੜ ਪਵੇ ਤਾਂ ਉਹ ਲੋਕ ਬੋਲੀ ਦੇ ਨਾਂ ਉਹਲੇ ਵੀ ਬਾਤਸ਼ਾਹੀ ਬੋਲੀ ਵਾਲੇ ਸਵਾਦ ਮਾਣ ਸਕਦਾ ਏ। ਨਾਂ ਲੋਕ ਬੋਲੀ ਦਾ ਹੋਵੇ ਤੇ ਅਧੋਸ਼ਧ ਲਫ਼ਜ਼ਾਨੀ ਲੋਕ ਬੋਲੀ ਦੀ ਹੋਵੇ ਤੇ ਪਰਚਾਰ ਹਾਕਮ ਮੇਲ ਦੀ ਰੀਤ ਪਰਤੀਤ ਦਾ ਨਾਅਰਾ ਲੋਕ ਬੋਲੀ ਦਾ ਹੋਵੇ ਤੇ ਲਾਗ ਹਾਕਮ ਮੇਲ ਦਾ। ਲੋਕ ਬੋਲੀ ਦੀ ਅਜਿਹੀ ਵਰਤੋਂ ਲੋਕ ਤਤ ਕੋਲੋਂ ਨਿਖੜ ਕੇ ਨਿਰਾ ਨਿਸ਼ਾਨ ਬਣ ਜਾਂਦੀ ਏ ਹਾਕਮਾਂ ਦੀ ਖ਼ਲਕਤ ਨੂੰ ਭੁਲਾਵੇ ਪਾਵਣ ਦੀ ਨੀਤ ਦਾ। ਇਹ ਲੋਕ ਬੋਲੀ ਦੀ ਵਰਤੋਂ ਰਹਿੰਦੀ ਈ ਨਹੀਂ। ਜਿਵੇਂ ਬਾਤਸ਼ਾਹੀ ਬੋਲੀ ਵਿੱਚ ਲੋਕ ਤਤ ਪਰਚਾਰਿਆ ਵੰਜੇ ਤਾਂ ਉਹ ਲੋਕ ਤਤ ਰਹਿੰਦਾ ਈ ਨਹੀਂ।

ਮੁਗ਼ਲਾਂ ਵੇਲੇ ਹਾਕਮ ਜ਼ਰੀਆਂ ਮਖਮਲ ਪਾ ਕੇ ਈ ਹਾਕਮ ਅਖਵਾਂਦੇ ਸਨ। ਅੰਗ੍ਰੇਜ਼ਾਂ ਵੇਲੇ ਆਕੜੇ ਕਾਲਰ ਤੇ ਹੈਟ ਸੂਟ ਹਾਕਮੀ ਦਾ ਪਹਿਰਾਵਾ ਬਣੇ। ਜਦੋਂ ਲੋਕ ਅਗਵਾਨੀ ਕਰਨ ਲਈ ਮੁਗ਼ਲ ਅਸ਼ਰਾਫ਼ਾਂ ਦਾ ਵਾਰਿਸ ਬਣ ਵਿਖਾਉਦਾ ਪਿਆ ਤਾਂ ਹੈਟਾਂ ਸੂਟਾਂ ਦੀ ਥਾਂ ਸ਼ੇਰਵਾਨੀਆਂ ਤੇ ਕੁਰਕਲੀਆਂ ਸਜ ਗਈਆਂ। (ਉਂਜ ਸ਼ੇਰਵਾਨੀ ਅੰਗ੍ਰੇਜ਼ੀ ਟੇਲ ਕੋਟ ਨੂੰ ਵੀ ਅੱਖ ਮਾਰ ਲੈਂਦੀ ਆਹੀ) ਅੱਜ ਹਾਕਮ ਮੇਲ ਲਈ ਜ਼ਰੂਰੀ ਏ ਜੋ ਆਪਣੇ ਆਪ ਨੂੰ ਅਸਲੋਂ ਲੋਕਾਂ ਵਿੱਚੋਂ ਦਿਸੇ। ਲੋਕ ਰਹਿਤਲ ਦਾ ਜੰਮ ਪਲਣ ਬਣ ਵਿਖਾਵੇ। ਸੋ ਸ਼ੇਰਵਾਨੀਆਂ ਲਹਿ ਗਈਆਂ ਤੇ ਅਵਾਮੀ ਸੂਟ ਪੈ ਗਏ। (ਸੁਥਣ ਝੱਗੇ ਨੂੰ ਹਾਕਮੀ ਕਰਾਉਣ ਲਈ ‘‘ਸੂਦ'' ਤੇ ਆਖਣਾ ਈ ਪਿਆ) ਵਤ ਅਵਾਮੀ ਸੂਟ ਉੱਤੇ ਸ਼ਰਾਫ਼ਤ ਦੀ ਫ਼ਤੂਹੀ ਚੜ੍ਹੀ। ਹਾਕਮ ਦਾ ਪਹਿਰੇਵਾ ਪਹਿਰੇਵਾ ਨਹੀਂ ਹੁੰਦਾ, ਉਹਦੀ ਨੀਤ ਦਾ ਕੱਜ ਹੁੰਦਾ ਏ। (ਜਾਂ ਉਹਦੀ ਨੀਤ ਦਾ ਨੰਗ ਆਖ ਲਓ - ਕੱਜਣ ਨੰਗੇਜ ਈ ਹੁੰਦਾ ਏ)। ਜੇ ਹਾਕਮ ਨੰਗਿਆਂ ਦੀ ਹਾਕਮੀ ਕਰਨ ਲਈ ਨੰਗਾ ਵੀ ਹੋ ਖਲੋਵੇ ਤਾਂ ਉਹ ਦਾ ਜ਼ਾਹਰ ਨੰਗ ਉਹਦੇ ਅਸਲ ਨੰਗ ਦਾ ਕੱਜ ਹੋਸੀ। ਹਾਕਮ ਮੇਲ ਦਾ ਪਹਿਰੇਵਾ ਕੋਈ ਵੀ ਹੋਵੇ, ਉਹਦਾ ਵਖਰਪ ਤੇ ਉਹਦੇ ਹਾਕਮ ਮੇਲ ਹੋਵਣ ਵਿੱਚ ਖ਼ਲਕਤ ਦੀ ਕਮਾਈ ਆਪਦੇ ਪੇਟੇ ਪਾਵਣ ਵਿੱਚ ਏ। ਅੱਗੇ ਏਸ ਵਖਰਪ ਉੱਤੇ ਪਖਰਪ ਦਾ ਹੀ ਸ਼ਿੰਗਾਰ ਹੁੰਦਾ ਹਾ ਕਿਉਂ ਜੇ ਅੱਗੇ ਹਾਕਮੀ ਹੱਕ ਆਹਾ ਰੱਬ ਦਿਆਂ ਅਵਤਾਰਾਂ ਦਾ। ਹੁਣ ਖ਼ਲਕਤ ਹਾਕਮੀ ਉੱਤੇ ਆਪਣਾ ਹੱਕ ਜਤਾਇਆ ਏ ਤੇ ਹੁਣ ਵਖਰਪ ਨੂੰ ਸਾਂਝ ਦੇ ਉਛਾੜ ਨਾਲ ਕੱਜਣਾ ਪੈਂਦਾ ਏ।

ਲਿਪੀਆਂਤਰ- ਡਾ. ਸਤਪਾਲ ਕੌਰ
     

Comments

jasbir kaur

bahut vaddhiya, bare dina baad nazam horan da kujh pariya...

Security Code (required)



Can't read the image? click here to refresh.

Name (required)

Leave a comment... (required)





ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ