Mon, 09 September 2024
Your Visitor Number :-   7220131
SuhisaverSuhisaver Suhisaver

ਮਨੁੱਖੀ ਜ਼ਿੰਦਗੀ ਵਿੱਚ ਦੋਸਤੀ ਦਾ ਮਹੱਤਵ - ਗੁਰਚਰਨ ਪੱਖੋਕਲਾਂ

Posted on:- 10-01-2015

suhisaver

ਦੁਨੀਆਂ ਦਾ ਕੋਈ ਵੀ ਮਨੁੱਖ ਜਦ ਵੀ ਆਪਣੇ ਘੇਰੇ ਦੀ ਵਿਸ਼ਾਲਤਾ ਨੂੰ ਮਾਪਦਾ ਹੈ, ਤਦ ਉਹ ਆਪਣੇ ਪਿੱਛੇ ਬਹੁਗਿਣਤੀ ਲੋਕਾਂ ਦੀ ਸ਼ਾਮਲ ਕਰਕੇ ਆਪਣੇ ਆਪ ਨੂੰ ਵੱਡਾ ਦਿਖਾਉਣ ਦਾ ਯਤਨ ਕਰਦਾ ਹੈ । ਅਸਲ ਵਿੱਚ ਕਿਸੇ ਵੀ ਮਨੁੱਖ ਕੋਲ ਜਿੰਨਾਂ ਜ਼ਿਆਦਾ ਘੇਰਾ ਵਿਸਾਲ ਹੁੰਦਾ ਹੈ, ਪਰ ਓਨਾਂ ਜ਼ਿਆਦਾ ਹੀ ਦੋਸਤੀ ਦਾ ਘੇਰਾ ਛੋਟਾ ਹੁੰਦਾ  ਹੈ। ਦੁਨੀਆਂ ਦੇ ਮਹਾਨ ਪਾਕ ਪਵਿੱਤਰ ਅਵਤਾਰੀ ਪੁਰਸ਼ਾਂ ਨੂੰ ਜ਼ਿੰਦਗੀ  ਵਿੱਚ ਦੋਸਤ ਬਹੁਤ ਹੀ ਘੱਟ ਮਿਲੇ ਸਨ ਕਿਉਂਕਿ ਉਹ ਉੱਚੇ ਆਚਰਣ ਵਾਲੇ ਮਨੁੱਖ ਸਨ । ਦੁਨੀਆਂ ਵਿੱਚ ਉੱਚੇ ਆਚਰਣ ਵਾਲੇ ਲੋਕ ਬਹੁਤ ਹੀ ਘੱਟ ਹੁੰਦੇ ਹਨ। ਇਸ ਕਾਰਨ ਹੀ ਚੰਗੇ , ਸੱਚੇ ਲੋਕਾਂ ਨੂੰ ਹਮੇਸਾਂ ਇਕੱਲਤਾ ਹੀ ਹੰਢਾਉਣੀ ਪੈਂਦੀ ਹੈ । ਦੁਨੀਆਂ ਦੇ ਉੱਪਰ ਰਾਜ ਕਰਨ ਵਾਲੇ ਲੋਕ ਜੋ ਜ਼ਿਆਦਾਤਰ ਬੇਈਮਾਨ ਲਾਲਚੀ ਅਤੇ ਭਰਿਸ਼ਟ ਹੁੰਦੇ ਹਨ, ਕੋਲ ਵਿਸ਼ਾਲ ਗਿਣਤੀ ਵਿੱਚ ਦੋਸਤ ਮਿੱਤਰ ਹੁੰਦੇ ਹਨ, ਜੋ ਉਹਨਾਂ ਵਰਗੇ ਹੀ ਦਗੇਬਾਜ਼ ਹੁੰਦੇ ਹਨ ।

ਕਿਸੇ ਵੀ ਅਵਤਾਰੀ ਪੁਰਸ਼ ਨੂੰ ਜ਼ਿੰਦਗੀ ਜਿਉਂਦਿਆਂ ਬਹੁਤ ਹੀ ਘੱਟ ਲੋਕ ਦੋਸਤ ਦੇ ਤੌਰ ਤੇ ਮਿਲੇ ਹਨ, ਪਰ ਉਹਨਾਂ ਦੀ ਮੌਤ ਤੋਂ ਬਾਅਦ ਜ਼ਰੂਰ  ਉਹਨਾਂ ਦੀ ਸੋਚ ਨੂੰ ਮੰਨਣ ਵਾਲੀ ਵਿਸ਼ਾਲ ਗਿਣਤੀ ਮਿਲ ਜਾਂਦੀ ਹੈ । ਈਸਾ ਮਸੀਹ ਤੋਂ ਲੈਕੇ ਮੁਹੰਮਦ ਸਾਹਿਬ ਅਤੇ ,ਗੁਰੂ ਗੋਬਿੰਦ ਸਿੰਘ ਤੱਕ ਜਦ ਵੀ ਇਤਿਹਾਸ ਤੇ ਨਜ਼ਰ ਮਾਰਦੇ ਹਾਂ ਤਦ ਇਹੋ ਜਿਹੇ ਯੁੱਗ ਪੁਰਸ਼ਾਂ ਨੂੰ ਵੀ ਮਿੱਤਰ ਪਿਆਰਿਆਂ ਨੂੰ ਲੱਭਣ ਵੇਲੇ ਦੋਸਤ ਵਰਗੇ ਲੋਕ ਕਦੇ ਵੀ ਇਕਾਈ ਤੋਂ ਦਹਾਈ ਵਿੱਚ ਵੀ ਨਹੀਂ ਪਹੁੰਚ ਸਕੇ । ਵਰਤਮਾਨ ਸਮੇਂ ਵਿੱਚ ਬਹੁਤ ਸਾਰੇ  ਧਾਰਮਿਕ ਆਗੂ ਅਖਵਾਉਂਦੇ ਲੋਕ ਜਦ ਆਪਣੇ ਪਿੱਛੇ ਲੱਖਾਂ ਕਰੋੜਾਂ ਦੀ ਗਿਣਤੀ ਦੀ ਗਲ ਕਰਦੇ ਹਨ, ਤਦ ਉਹਨਾਂ ਦੀ ਅਕਲ ਦਾ ਜਲੂਸ ਨਿਕਲ ਹੀ ਜਾਂਦਾ ਹੈ ।

ਜੋ ਵਿਅਕਤੀ ਆਪਣੇ ਪਿੱਛੇ ਤੁਰਨ ਵਾਲਿਆਂ ਨੂੰ ਹੀ ਦੋਸਤ ਸਮਝ ਲੈਂਦਾ ਹੈ, ਉਹ ਹਮੇਸਾਂ ਮੂਰਖਾਂ ਵਰਗਾ ਹੀ ਹੁੰਦਾ ਹੈ ਕਿਉਂਕਿ ਲੋਕ ਹਮੇਸ਼ਾਂ ਆਪਣੀਆਂ ਲੋੜਾਂ ਪਿੱਛੇ ਤੁਰਦੇ ਹਨ ਵਿਅਕਤੀਆਂ ਪਿੱਛੇ ਨਹੀਂ ਤੁਰਦੇ ਹੁੰਦੇ । ਆਮ ਤੌਰ ਤੇ ਇਸ ਤਰਾਂ ਹੀ ਬਹੁਤ ਸਾਰੇ ਰਾਜਨੀਤਕ ਅਤੇ ਕਲਾਕਾਰ ਲੋਕ ਵੀ ਇਸ ਤਰਾਂ ਹੀ ਸੋਚਦੇ ਹਨ ਕਿ ਲੋਕ ਉਹਨਾਂ ਦੇ ਪਿੱਛੇ ਤੁਰਦੇ ਹਨ ਏਹੀ ਲੋਕ ਜਦ ਸਮਾਂ ਆਉਣ ਤੇ ਜਦ ਉਹਨਾਂ ਦੀਆਂ ਉਹ ਵਿਅਕਤੀ ਲੋੜਾਂ ਪੂਰੀਆਂ ਨਹੀਂ ਕਰ ਪਾਉਂਦਾਂ ਤਦ ਉਸਦੀ ਪਿੱਠ ਵਿੱਚ ਛੁਰਾ ਮਾਰਨੋਂ ਵੀ ਨਹੀਂ ਹਿਚਕਚਉਂਦੇ ਹੁੰਦੇ।
                       
ਈਸਾ ਮਸੀਹ ਨੂੰ ਜਦ ਸੂਲੀ ਚੜਾਉਣ ਦਾ ਵਕਤ ਆਇਆ ਸੀ ਤਦ ਵੀ ਉਹਨਾਂ ਦੇ ਚੇਲਿਆਂ ਵਿੱਚੋਂ ਸੂਲੀ ਨਹੀਂ ਚੜਿਆ ਸੀ  । ਗੁਰੂ ਨਾਨਕ ਜੀ ਨੇ ਵੀ ਜਦ ਆਪਣੇ ਵਰਗੇ ਕਿਸੇ ਮਹਾਨ ਮਨੁੱਖ ਰੂਪੀ ਦੋਸਤ ਦੀ ਪਰਖ ਕਰੀ ਸੀ ਤਦ ਗੁਰੂ ਅੰਗਦ ਜੀ ਤੋਂ ਬਗੈਰ ਕੋਈ ਵੀ ਰਿਸਤੇਦਾਰ ਜਾਂ ਸਨਮਾਨ ਕਰਨ ਵਾਲਾ ਵਿਅਕਤੀ ਪੂਰਾ ਨਹੀਂ ਸੀ ਉੱਤਰਿਆ। ਗੁਰੂ ਗੋਬਿੰਦ ਰਾਏ ਨੇ ਜਦ ਆਪਣੇ ਕੋਲ ਰਹਿਣ ਵਾਲੇ ਸਿੱਖਾਂ ਰਿਸ਼ਤੇਦਾਰਾਂ ਅਤੇ ਆਮ ਆਉਣ ਵਾਲੇ ਸ਼ਰਧਾਲੂ ਲੋਕਾਂ ਵਿੱਚੋਂ ਪਿਆਰਿਆਂ ਦੇ ਰੂਪ ਵਿੱਚ ਦੋਸਤਾਂ ਦੀ ਭਾਲ ਕਰੀ ਸੀ ਤਦ ਪੰਜਾਂ ਨੂੰ ਛੱਡਕੇ ਕੋਈ ਨਹੀਂ ਸੀ ਨਿੱਤਰਿਆ ਉਲਟਾ ਬਹੁਤ ਸਾਰੇ ਨਜ਼ਦੀਕੀਆਂ ਅਤੇ ਰਿਸ਼ਤੇਦਾਰਾਂ ਨੇ ਤਾਂ ਮਾਤਾ ਗੁਜਰੀ ਜੀ ਕੋਲ ਜਾਕੇ ਗੁਰੂ ਜੀ ਨੂੰ ਪਾਗਲ ਹੋਣ ਤੱਕ ਦੇ ਖਿਤਾਬ ਵੀ ਬਖਸ਼ ਦਿੱਤੇ ਸਨ।

ਇਸ ਤਰਾਂ ਹੀ ਜ਼ਿੰਦਗੀ  ਦੀ ਸਚਾਈ ਨੂੰ ਜਦ ਵੀ ਅਸੀਂ ਸਮਝਦੇ ਹਾਂ ਤਦ ਹੀ ਅਸਲੀਅਤ ਦਿਖਾਈ ਦਿੰਦੀ ਹੈ। ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਸਮੇਂ ਵੀ ਉਹਨਾਂ ਨੂੰ ਤਿੰਨ ਮਹਾਨ ਮਨੁੱਖਾਂ ਦਾ ਸਾਥ ਮਿਲਿਆ ਸੀ ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਜੀ ਜਿਹਨਾਂ ਆਪਣੀ ਦੋਸਤੀ ਅਤੇ ਪਿਆਰ ਕਾਰਨ ਹੀ ਆਰੇ ਥੱਲੇ ਚੀਰਿਆ ਜਾਣਾ, ਦੇਗ ਵਿੱਚ ਉੱਬਲ ਜਾਣਾਂ, ਜਿਉਂਦੇ ਜੀ ਸੜ ਜਾਣਾਂ ਪਰਵਾਨ ਕਰ ਲਿਆ ਸੀ ਪਰ ਆਪਣੇ ਪਿਆਰੇ ਨਾਲ ਦਗਾ ਕਮਾਉਣਾ ਪਰਵਾਨ ਨਹੀਂ ਕੀਤਾ ਸੀ । ਇਸ ਤਰਾਂ ਦੇ ਮਹਾਨ ਲੋਕਾਂ ਕਾਰਨ ਹੀ ਦੁਨੀਆਂ ਉੱਪਰ ਦੋਸਤੀ ਅਤੇ ਪਿਆਰ ਦੀ ਹੋਂਦ ਦਿਖਾਈ ਦਿੰਦੀ ਹੈ ।

ਦੁਨੀਆਂ ਦੇ ਅਗਿਆਨੀ ਲੋਕ ਆਪਣੇ ਪਿੱਛ ਤੁਰਨ ਵਾਲੇ ਸਵਾਰਥ ਨਾਲ ਭਰੇ ਹੋਏ ਲੋਕਾਂ ਦੀ ਗਿਣਤੀ ਕਰਕੇ ਅਤੇ ਦੱਸਕੇ ਅਕਲੋਂ ਹੀਣੇ ਰਾਜਨੀਤਕਾਂ ਨੂੰ ਤਾਂ ਗੁੰਮਰਾਹ ਕਰ ਸਕਦੇ ਹਨ ਪਰ ਦੁਨੀਆਂ ਦੇ ਸੱਚ ਅਤੇ ਸਚਾਈ ਨੂੰ ਜਾਨਣ ਵਾਲੇ ਸਿਆਣੇ ਲੋਕਾਂ ਨੂੰ ਗੁੰਮਰਾਹ ਨਹੀਂ ਕਰ ਸਕਦੇ ਹੁੰਦੇ ਕਿ ਲੱਖਾਂ ਕਰੋੜਾਂ ਦੀ ਗਿਣਤੀ ਵਿੱਚ ਤੁਰਨ ਵਾਲੇ ਲੋਕ ਦੋਸਤ ਨਹੀਂ ਹੋ ਸਕਦੇ ਹੁੰਦੇ। ਇਕੱਠਾਂ ਦੇ ਡਾਂਗ ਦੇ ਜੋਰ ਨਾਲ ਇੱਜੜ  ਤਾਂ ਬਣਾਏ ਜਾ ਸਕਦੇ ਹਨ ਜੋ ਜਾਨਵਰ ਜਾਂ ਮਨੁੱਖ ਵੀ ਹੋ ਸਕਦੇ ਹਨ ਪਰ ਦੋਸਤ ਹਮੇਸਾਂ ਬਹੁਤ ਹੀ ਨਿਵੇਕਲੇ ਲੋਕ ਹੁੰਦੇ ਹਨ ਜੋ ਦੂਰ ਹੋਕੇ ਤੁਰਨ ਦੇ ਬਾਵਜੂਦ ਵੀ ਪਿਆਰ ਦੇ ਬੰਨੇ ਹੋਏ ਹੀ ਤੁਰਦੇ ਹਨ ਸਵਾਰਥਾਂ ਅਤੇ ਤਾਕਤ ਦੇ ਬੰਨੇ ਹੋਏ ਨਹੀਂ। ਕਿਸੇ ਵੀ ਦੁਨਿਆਵੀ ਵਿਅਕਤੀ ਨੂੰ ਮੌਤ ਤੱਕ ਪਹੁੰਚਣ ਦੇ ਸਮੇਂ ਤੱਕ ਇੱਕ ਵੀ ਵਿਅਕਤੀ ਦੋਸਤ ਰੂਪ ਵਿੱਚ ਦਿਖਾਈ ਨਹੀਂ ਦਿੰਦਾ ਹੁੰਦਾ । ਇਹੋ ਜਿਹੇ ਸਮੇਂ ਤੇ ਵੀ ਬਹੁਤ ਸਾਰੇ ਨਕਲੀ ਦੋਸਤ ਵੀ ਸੱਦਣ ਦੇ ਬਾਵਜੂਦ ਮਿਲਣ ਤੋਂ ਕਿਨਾਰਾ ਕਰਕੇ ਮੌਤ ਦੇ ਹੀ ਸੁਨੇਹਿਆਂ ਦੀ ਉਡੀਕ ਕਰਦੇ ਰਹਿੰਦੇ ਹਨ। ਮਰਨ ਵਾਲਾ ਨਕਲੀ ਦੋਸਤਾਂ ਦੀ ਆਖਰੀ ਮਿਲਣੀ ਨੂੰ ਤਰਸਦਾ ਅਵਾਕ ਹੋਕੇ ਅੱਖਾਂ ਖੁੱਲੀਆਂ ਨਾਲ ਹੀ ਮੌਤ ਦੀ ਸੇਜ ਤੇ ਸੌਂ ਜਾਂਦਾ ਹੈ।
 
ਸੰਪਰਕ: +91 94177 27245                       

Comments

Security Code (required)



Can't read the image? click here to refresh.

Name (required)

Leave a comment... (required)





ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ