Sun, 08 September 2024
Your Visitor Number :-   7219714
SuhisaverSuhisaver Suhisaver

ਹਰਮਨ ਪਿਆਰੇ ਅਧਿਆਪਕ ਸਨ ਡਾ. ਅੰਮ੍ਰਿਤਪਾਲ ਸਿੰਘ

Posted on:- 17-07-20222

suhisaver

- ਪ੍ਰੋ. ਹਰਗੁਣਪ੍ਰੀਤ ਸਿੰਘ

ਇਕ ਆਦਰਸ਼ ਅਧਿਆਪਕ ਉਹ ਹੁੰਦਾ ਹੈ ਜਿਹੜਾ ਮਿਹਨਤੀ, ਈਮਾਨਦਾਰ ਅਤੇ ਜ਼ਿੰਮੇਵਾਰ ਹੋਣ ਦੇ ਨਾਲ-ਨਾਲ ਆਪਣੇ ਵਿਸ਼ੇ ਵਿਚ ਪਰਪੱਕ ਹੋਵੇ ਅਤੇ ਵਿਦਿਆਰਥੀਆਂ ਨਾਲ ਬਿਨਾਂ ਭੇਦ-ਭਾਵ ਤੋਂ ਇਕ ਸਮਾਨ ਪਿਆਰ ਕਰਦਾ ਹੋਵੇ। ਅਜਿਹੇ ਹੀ ਇਕ ਆਦਰਸ਼ ਅਤੇ ਹਰਮਨ ਪਿਆਰੇ ਅਧਿਆਪਕ ਸਨ ਮਾਤਾ ਗੁਜਰੀ ਕਾਲਜ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਕੈਮਿਸਟਰੀ ਦੇ ਅਸਿਸਟੈਂਟ ਪ੍ਰੋਫ਼ੈਸਰ ਅਤੇ ਕਾਲਜ ਦੇ ਐਨ.ਸੀ.ਸੀ. ਅਫ਼ਸਰ ਲੈਫ਼ਟੀਨੈਂਟ ਡਾ. ਅੰਮ੍ਰਿਤਪਾਲ ਸਿੰਘ ਜੋ ਬੀਤੀ 8 ਜੁਲਾਈ ਨੂੰ ਅਚਾਨਕ ਹਾਰਟ ਅਟੈਕ ਕਾਰਨ ਸਾਨੂੰ ਸਦੀਵੀ ਵਿਛੋੜਾ ਦੇ ਗਏ। ਉਹ ਇਕ ਮਿਹਨਤੀ ਅਧਿਆਪਕ ਅਤੇ ਚੰਗੇ ਮਾਰਗ ਦਰਸ਼ਕ ਹੋਣ ਦੇ ਨਾਲ-ਨਾਲ ਇਕ ਨੇਕ ਦਿਲ ਇਨਸਾਨ ਵੀ ਸਨ ਅਤੇ ਉਨ੍ਹਾਂ ਦੇ ਅਚਾਨਕ ਵਿਛੋੜੇ ਕਾਰਨ ਮਾਤਾ ਗੁਜਰੀ ਕਾਲਜ ਦੇ ਸਮੂਹ ਪਰਿਵਾਰ ਨੂੰ ਗਹਿਰਾ ਸਦਮਾ ਪਹੁੰਚਿਆ ਹੈ ਅਤੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।

ਡਾ. ਅੰਮ੍ਰਿਤਪਾਲ ਸਿੰਘ ਨੇ ਸੰਨ 2009 ਵਿੱਚ ਐਡਹਾਕ ਪੱਧਰ ਉੱਤੇ ਕਾਲਜ ਦੇ ਕੈਮਿਸਟਰੀ ਵਿਭਾਗ ਵਿਖੇ ਅਧਿਆਪਨ ਦੀ ਸ਼ੁਰੂਆਤ ਕੀਤੀ ਸੀ ਅਤੇ ਸੰਨ 2015 ਤੋਂ ਉਹ ਕਾਲਜ ਵਿਖੇ ਆਪਣੀਆਂ ਰੈਗੂਲਰ ਸੇਵਾਵਾਂ ਪ੍ਰਦਾਨ ਕਰ ਰਹੇ ਸਨ। ਉਨ੍ਹਾਂ ਨੇ ਸੰਨ 2013 ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਆਪਣੀ ਪੀ.ਐਚ.ਡੀ. ਮੁਕੰਮਲ ਕੀਤੀ ਸੀ। ਉਨ੍ਹਾਂ ਨੇ ਖੋਜ ਦੇ ਖੇਤਰ ਵਿੱਚ ਵਡਮੁੱਲਾ ਯੋਗਦਾਨ ਪਾਉਂਦੇ ਹੋਏ ਦੋ ਪੁਸਤਕਾਂ ਲਿਖੀਆਂ ਅਤੇ ਉਨ੍ਹਾਂ ਦੇ ਅੰਤਰਰਾਸ਼ਟਰੀ ਖੋਜ ਜਰਨਲਾਂ ਅਤੇ ਸੰਪਾਦਿਤ ਪੁਸਤਕਾਂ ਵਿੱਚ ਲਗਭਗ 20 ਖੋਜ ਪੱਤਰ ਅਤੇ ਖੋਜ ਲੇਖ ਪ੍ਰਕਾਸ਼ਿਤ ਹੋਏ।

ਉਨ੍ਹਾਂ ਨੇ ਪਿਛਲੇ 6 ਸਾਲਾਂ ਤੋਂ ਕਾਲਜ ਦੇ ਐਨ.ਸੀ.ਸੀ. ਅਫ਼ਸਰ ਵਜੋਂ ਐਨ.ਸੀ.ਸੀ. ਕੈਡਿਟਾਂ ਨੂੰ ਜ਼ਿਲ੍ਹਾ, ਰਾਜ ਅਤੇ ਰਾਸ਼ਟਰੀ ਪੱਧਰ ਦੀਆਂ ਸਰਗਰਮੀਆਂ ਵਿੱਚ ਵਡਮੁੱਲੀਆਂ ਪ੍ਰਾਪਤੀਆਂ ਕਰਵਾਉਣ ਵਿੱਚ ਸ਼ਾਨਦਾਰ ਭੂਮਿਕਾ ਨਿਭਾਈ। ਭਾਵੇਂ ਕਾਲਜ ਦੇ ਵਿਦਿਆਰਥੀਆਂ ਨੂੰ ਗਣਤੰਤਰ ਦਿਵਸ ਪਰੇਡ ਵਿੱਚ ਹਿੱਸਾ ਦਿਵਾਉਣਾ ਹੋਵੇ, ਟ੍ਰੇਨਿੰਗ ਕੈਂਪਾਂ ਦੌਰਾਨ ਸਖ਼ਤ ਟਰੇਨਿੰਗ ਕਰਵਾਉਣੀ ਹੋਵੇ, ਸੀ ਸਰਟੀਫਿਕੇਟ ਪੇਪਰ ਦੀ ਤਿਆਰੀ ਕਰਵਾਉਣੀ ਹੋਵੇ, ਖੇਡ ਮੁਕਾਬਲਿਆਂ ਜਾਂ ਯੁਵਕ ਮੇਲਿਆਂ ਵਿੱਚ ਤਨਦੇਹੀ ਨਾਲ ਡਿਊਟੀ ਨਿਭਾਉਣੀ ਹੋਵੇ ਜਾਂ ਫਿਰ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਸ਼ਹੀਦੀ ਸਭਾ ਦੌਰਾਨ ਕਾਲਜ ਵਿਖੇ ਦੂਰ-ਦੁਰਾਡੇ ਤੋਂ ਆਈ ਸੰਗਤ ਦੀ ਪੂਰੀ ਸ਼ਰਧਾ ਭਾਵਨਾ ਨਾਲ ਸੇਵਾ ਕਰਨੀ ਹੋਵੇ, ਉਨ੍ਹਾਂ ਨੇ ਨਾ ਕੇਵਲ ਕਾਲਜ ਦੀ ਹਰ ਗਤੀਵਿਧੀ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ ਬਲਕਿ ਵਿਦਿਆਰਥੀਆਂ ਨੂੰ ਵੀ ਉਨ੍ਹਾਂ ਗਤੀਵਿਧੀਆਂ ਵਿੱਚ ਪੂਰੇ ਉਤਸ਼ਾਹ ਨਾਲ ਭਾਗ ਲੈਣ ਲਈ ਪ੍ਰੇਰਿਤ ਕੀਤਾ।

ਆਪ ਵਿਦਿਆਰਥੀਆਂ ਅੰਦਰ ਛੁਪੀ ਪ੍ਰਤਿਭਾ ਨੂੰ ਭਾਲਣ, ਸੁਆਰਨ, ਨਿਖਾਰਨ ਤੇ ਉਸਾਰਨ ਲਈ ਹਮੇਸ਼ਾਂ ਤਤਪਰ ਰਹਿੰਦੇ ਸਨ ਅਤੇ ਲੋੜ ਅਨੁਸਾਰ ਉਨ੍ਹਾਂ ਵਿੱਚ ਸੁਧਾਰ ਲਿਆਉਣ ਲਈ ਅਤੇ ਬਿਹਤਰ ਇਨਸਾਨ ਬਣਾਉਣ ਲਈ ਸਮੇਂ-ਸਮੇਂ ਉੱਤੇ ਉਨਾਂ ਨੂੰ ਪਿਆਰ ਭਰੀ ਸਖ਼ਤੀ ਨਾਲ ਉਨ੍ਹਾਂ ਦੀਆਂ ਗਲਤੀਆਂ ਦਾ ਅਹਿਸਾਸ ਵੀ ਕਰਵਾਉਂਦੇ ਰਹਿੰਦੇ ਸਨ। ਉਹ ਵੱਡੇ-ਵੱਡੇ ਕਾਰਜਾਂ ਨੂੰ ਜਿੱਥੇ ਬੜੀ ਦ੍ਰਿੜਤਾ, ਸਰਲਤਾ ਅਤੇ ਇਕਾਗਰਤਾ ਨਾਲ ਨੇਪਰੇ ਚਾੜ੍ਹ ਦਿੰਦੇ ਸਨ, ਉਥੇ ਦੂਸਰਿਆਂ ਦੀ ਮਦਦ ਕਰਨ ਲਈ ਵੀ ਹਰ ਸਮੇਂ ਤਤਪਰ ਰਹਿੰਦੇ ਸਨ। ਉਹ ਆਪਣੇ ਹਸਮੁੱਖ ਅਤੇ ਮਿਲਾਪੜੇ ਸੁਭਾਅ ਕਰਕੇ ਨਾ ਕੇਵਲ ਵਿਦਿਆਰਥੀਆਂ ਵਿੱਚ ਬਲਕਿ ਆਪਣੇ ਸਹਿਕਰਮੀਆਂ ਵਿੱਚ ਵੀ ਬਹੁਤ ਹਰਮਨ ਪਿਆਰੇ ਸਨ।

ਉਨ੍ਹਾਂ ਦੀ ਇਸੇ ਹਰਮਨਪਿਆਰਤਾ ਸਦਕਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੇ ਪ੍ਰਧਾਨ ਐਡਵੋਕੇਟ ਸ. ਹਰਜਿੰਦਰ ਸਿੰਘ ਧਾਮੀ, ਸਕੱਤਰ ਵਿੱਦਿਆ ਸ. ਸੁਖਮਿੰਦਰ ਸਿੰਘ, ਕਾਲਜ ਗਵਰਨਿੰਗ ਬਾਡੀ ਦੇ ਐਡੀਸ਼ਨਲ ਸਕੱਤਰ ਸ. ਜਗਦੀਪ ਸਿੰਘ ਚੀਮਾ, ਮਾਤਾ ਗੁਜਰੀ ਕਾਲਜ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਕਸ਼ਮੀਰ ਸਿੰਘ, ਵਾਈਸ ਪ੍ਰਿੰਸੀਪਲ ਡਾ. ਬਿਕਰਮਜੀਤ ਸਿੰਘ, ਸਮੂਹ ਕਾਲਜ ਸਟਾਫ਼ ਅਤੇ ਵਿਦਿਆਰਥੀਆਂ ਵੱਲੋਂ ਗਹਿਰੇ ਦੁੱਖ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਗਿਆ। ਇਸ ਤੋਂ ਇਲਾਵਾ 23 ਪੰਜਾਬ ਬਟਾਲੀਅਨ ਐਨ.ਸੀ.ਸੀ. ਰੋਪੜ ਦੇ ਕਮਾਂਡਿੰਗ ਅਫ਼ਸਰ ਕਰਨਲ ਸ਼ਸ਼ੀ ਭੂਸ਼ਣ ਰਾਣਾ, ਐਡਮਿਨ ਅਫ਼ਸਰ ਕਰਨਲ ਲਕਸ਼ਮੀ ਕਾਂਤ ਅਗਰਵਾਲ ਅਤੇ ਬਟਾਲੀਅਨ ਅਧੀਨ ਐਨ.ਸੀ.ਸੀ. ਦੇ ਸਮੂਹ ਕਾਲਜਾਂ ਅਤੇ ਸਕੂਲਾਂ ਦੇ ਅਫ਼ਸਰਾਂ ਨੇ ਵੀ ਉਨ੍ਹਾਂ ਦੇ ਦੇਹਾਂਤ ਉੱਤੇ ਗਹਿਰਾ ਦੁਖ ਜਤਾਇਆ। ਕਾਲਜ ਵਿਖੇ ਉਨ੍ਹਾਂ ਦੀ ਅਭੁੱਲ ਯਾਦ ਵਿੱਚ ਹੋਈ ਸ਼ੋਕ ਇਕੱਤਰਤਾ ਵਿੱਚ ਕਾਲਜ ਦੇ ਸਮੂਹ ਟੀਚਿੰਗ ਅਤੇ ਨਾਨ ਟੀਚਿੰਗ ਸਟਾਫ਼ ਨੇ ਪੂਰੀ ਸ਼ਰਧਾ ਨਾਲ ਸ੍ਰੀ ਜਪੁਜੀ ਸਾਹਿਬ ਦੇ ਪਾਠ ਕੀਤੇ ਅਤੇ ਵਿਛੜੀ ਆਤਮਾ ਦੀ ਸ਼ਾਂਤੀ ਲਈ ਸਰਬ ਸ਼ਕਤੀਮਾਨ ਪਰਮਾਤਮਾ ਅੱਗੇ ਅਰਦਾਸ ਕੀਤੀ।

ਭਾਵੇਂ ਡਾ. ਅੰਮ੍ਰਿਤਪਾਲ ਸਿੰਘ ਇਸ ਨਾਸ਼ਵਾਨ ਸੰਸਾਰ ਨੂੰ ਅਲਵਿਦਾ ਆਖ ਗਏ ਹਨ ਪਰੰਤੂ ਆਪਣੇ ਪ੍ਰਭਾਵਸ਼ਾਲੀ ਵਿਅਕਤਿਤਵ ਅਤੇ ਪ੍ਰੇਰਨਾਮਈ ਗੁਣਾਂ ਦੇ ਪ੍ਰਭਾਵ ਸਦਕਾ ਉਹ ਆਪਣੇ ਪਰਿਵਾਰ, ਵਿਦਿਆਰਥੀਆਂ, ਸਹਿਕਰਮੀਆਂ ਅਤੇ ਮਿੱਤਰ-ਪਿਆਰਿਆਂ ਦੀ ਯਾਦ ਵਿਚ ਹਮੇਸ਼ਾ ਜਿਊਂਦੇ ਰਹਿਣਗੇ। ਅਕਾਲਪੁਰਖ ਵਾਹਿਗੁਰੂ ਡਾ. ਅੰਮ੍ਰਿਤਪਾਲ ਸਿੰਘ ਦੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਅਤੇ ਹੋਰ ਸਭ ਦੁਖਿਤ ਹਿਰਦਿਆਂ ਨੂੰ ਇਸ ਦੁੱਖ ਦੀ ਘੜੀ ਵਿੱਚ ਭਾਣਾ ਮੰਨਣ ਦਾ ਬਲ ਬਖਸ਼ੇ।

(ਲੇਖਕ ਮਾਤਾ ਗੁਜਰੀ ਕਾਲਜ, ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਪੱਤਰਕਾਰੀ ਅਤੇ ਜਨਸੰਚਾਰ ਵਿਭਾਗ ਦੇ ਮੁਖੀ ਹਨ)

ਸੰਪਰਕ: 94636-19353

Comments

Security Code (required)



Can't read the image? click here to refresh.

Name (required)

Leave a comment... (required)





ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ