Sat, 12 October 2024
Your Visitor Number :-   7231787
SuhisaverSuhisaver Suhisaver

ਕਿਵੇਂ ਤਿਆਰ ਕਰੀਏ ਸਮਾਰਟ ਕਲਾਸਰੂਮ -ਅਮਰਜੀਤ ਸਿੰਘ ਚਹਿਲ

Posted on:- 15-06-2016

suhisaver

ਅੱਜ ਦਾ ਸਮਾਂ ਸੂਚਨਾ ਤਕਨਾਲੋਜੀ ਦੇ ਪ੍ਰਭਾਵ ਹੇਠ ਹੈ। ਕੋਈ ਵੀ ਅਜਿਹਾ ਖੇਤਰ ਨਹੀਂ ਹੋਵੇਗਾ ਜਿੱਥੇ ਸੂਚਨਾ ਤਕਨਾਲੋਜੀ ਨੇ ਆਪਣੀ ਛਾਪ ਨਾ ਛੱਡੀ ਹੋਵੇ। ਨਿਰੋਲ ਮਨੁੱਖੀ ਕਾਰਜ਼ ਕੁਸ਼ਲਤਾ ਵਾਲੇ ਖੇਤਰ ਵੀ ਹੌਲੀ-ਹੌਲੀ ਇਸਦੇ ਅਧੀਨ ਹੋ ਗਏ ਹਨ। ਸੂਚਨਾ ਤਕਨਾਲੋਜੀ ਦੀ ਵਰਤੋਂ ਨਾਲ ਨਿਪੁੰਨਤਾ ਵਿੱਚ ਅਸੀਮਿਤ ਵਾਧਾ ਹੋਇਆ ਹੈ।ਵਿੱਦਿਆ ਦੇ ਖੇਤਰ ਦਾ ਅਥਾਹ ਪ੍ਰਸਾਰ ਵੀ ਸੂਚਨਾ ਤਕਨਾਲੋਜੀ ਦੀ ਦੇਣ ਹੈ। ਉੱਚ-ਸ਼੍ਰੇਣੀ ਵਿੱਦਿਆ ਤਾਂ ਇਸ ਉੱਤੇ ਹੀ ਨਿਰਭਰ ਹੋ ਗਈ ਹੈ। ਜੇ ਅਸੀਂ ਪ੍ਰਾਇਮਰੀ ਸਿੱਖਿਆ ਦੀ ਗੱਲ ਕਰੀਏ ਤਾਂ ਉਹ ਅਜੇ ਇਸ ਦੀ ਪਹੁੰਚ ਤੋਂ ਕੋਹਾਂ ਦੂਰ ਹੈ। ਪ੍ਰੰਤੂ ਸੂਚਨਾ ਤਕਨਾਲੋਜੀ ਨੇ ਸਮਾਰਟ ਕਲਾਸਰੂਮ ਦੇ ਰੂਪ ਵਿੱਚ ਦਸਤਕ ਦਿੱਤੀ ਹੈ।ਸਮਾਰਟ ਕਲਾਸਰੂਮ ਦਾ ਮਤਲਬ ਉਹ ਆਧੁਨਿਕ ਕਲਾਸ ਰੂਮ ਜਿਸ ਵਿੱਚ ਸੂਚਨਾ ਤਕਨਾਲੋਜੀ ਨੂੰ ਪਾਠਕ੍ਰਮ ਨਾਲ ਜੋੜ ਕੇ ਪ੍ਰਭਾਵਸ਼ਾਲੀ ਤਰੀਕੇ ਨਾਲ ਵਰਤੋਂ ਵਿੱਚ ਲਿਆਦਾਂ ਗਿਆ ਹੋਵੇ। ਸਮਾਰਟ ਕਲਾਸਰੂਮ ਪ੍ਰੋਜੈਕਟ ਆਪਣੀ ਕੀਮਤ ਕਾਰਨ ਪੂਰਨ ਰੂਪ ਵਿੱਚ ਲਾਗੂ ਨਹੀਂ ਹੋ ਸਕਦੇ।ਕਿਉਂਕਿ ਇਹਨਾਂ ਦੀ ਮੁੱਢਲੀ ਕੀਮਤ ਲੱਗਭੱਗ 30,000 ਰੁਪਏ ਤੋਂ ਸ਼ੁਰੂ ਹੋ ਕੇ ਲੱਖਾਂ ਰੁਪਏ ਤੱਕ ਹੈ। ਇਸ ਦੇ ਨਾਲ ਹੀ ਸਲਾਨਾ ਸਾਂਭ ਸੰਭਾਲ ਦਾ ਖਰਚਾ ਵੱਖਰਾ ਹੁੰਦਾ ਹੈ। ਬਹੁਗਿਣਤੀ ਸਕੂਲਾਂ ਤੋਂ ਇਹ ਤਕਨਾਲੋਜੀ ਇਸ ਵੱਡੇ ਖਰਚੇ ਕਾਰਨ ਦੂਰ ਹੈ।

ਜੇਕਰ ਪ੍ਰਾਇਮਰੀ ਪੱਧਰ ਤੇ ਸੂਚਨਾ ਤਕਨਾਲੋਜੀ ਦੀ ਵਰਤੋਂ ਕੀਤੀ ਜਾਵੇ ਤਾਂ ਇਸਦੇ ਨਾਲ ਨਤੀਜੇ ਪ੍ਰਭਾਵਸ਼ਾਲੀ ਅਤੇ ਚਿਰਸਥਾਈ ਮਿਲਣਗੇ। ਜੇਕਰ ਅਧਿਆਪਕ ਸਮਾਰਟ ਕਲਾਸਰੂਮ ਦੀ ਵਰਤੋਂ ਕਰਦਾ ਹੈ ਤਾਂ ਵਿਦਿਆਰਥੀਆਂ ਦੀ ਸਿੱਖਣ-ਸਿਖਾਉਣ ਦੀ ਗਤੀ ਵਿੱਚ ਵੀ ਦੇਖਣਯੋਗ ਫਰਕ ਪਵੇਗਾ।ਜਿੱਥੇ ਅਧਿਆਪਕ ਵੱਖ-ਵੱਖ ਵਿਸ਼ਿਆਂ ਦੇ ਪਾਠ-ਅੰਸ਼ਾ ਨੂੰ ਸਮਝਾਉਣ ਲਈ ਬਹੁਤ ਸਾਰੀ ਪ੍ਰੰਪਰਾਗਤ ਸਿੱਖਣ-ਸਿਖਾਉਣ ਸਮੱਗਰੀ (ਟੀ.ਐਲ.ਐਮ) ਦੀ ਵਰਤੋਂ ਕਰਦਾ ਅਤੇ ਫੇਰ ਵੀ ਅਸਫ਼ੳਮਪ;ਲ ਰਹਿੰਦਾ ਹੈ ਤਾਂ ਉਹ ਇਸ ਕਮੀ ਨੂੰ ਸਮਾਰਟ ਕਲਾਸਰੂਮ ਤਕਨਾਲੋਜੀ ਨਾਲ ਦੂਰ ਕਰ ਸਕਦਾ ਹੈ।


ਇਸ ਦੀ ਵਰਤੋਂ ਕਰਨ ਨਾਲ ਪ੍ਰਾਇਮਰੀ ਪੱਧਰ ਦੇ ਵਿਦਿਆਰਥੀਆਂ ਦੀਆਂ ਵਧੇਰੇ ਗਿਆਨ ਇੰਦਰੀਆਂ ਨੂੰ ਵਰਤੋਂ ਵਿੱਚ ਲਿਆਂਦਾ ਜਾ ਸਕਦਾ ਹੈ। ਪੰਜ ਸਾਲ ਦੇ ਉਮਰ ਦੇ ਬੱਚੇ ਨੂੰ ਅਭਾਸੀ ਵਿਧੀਆਂ ਨਾਲ ਪੜਾਉਣ ਦੇ ਨਤੀਜੇ ਸਾਰਥਕ ਨਹੀਂ ਮਿਲਦੇ, ਉਹਨਾਂ ਦੇ ਗਿਆਨ ਦੀ ਤ੍ਰਿਪਤੀ ਸਥੂਲ ਚੀਜਾਂ ਨੂੰ ਦੇਖਣ ਨਾਲ ਹੀ ਹੋ ਸਕਦੀ ਹੈ। ਇੱਕ ਆਮ ਅਧਿਆਪਕ ਰੋਜ਼ਾਨਾ ਪੜਾਉਣ ਦੇ ਲਈ ਸਵੈ ਤਿਆਰ ਕੀਤੀ ਹੋਈ ਸਿੱਖਣ-ਸਿਖਾਉਣ ਸਮੱਗਰੀ ਨਾਲ ਨਹੀਂ ਪੜ੍ਹਾ ਸਕਦਾ। ਜੇ ਉਹ ਇਸ ਤਰ੍ਹਾਂ ਕਰੇਗਾ ਤਾਂ ਸਿੱਖਣਾ ਨੀਰਸ ਹੋ ਜਾਵੇਗਾ। ਇਸ ਲਈ ਵਧੇਰੇ ਸਮਾਂ ਚਾਕ ਅਤੇ ਬਲੈਕਬੋਰਡ (ਚਿੱਟੇ-ਕਾਲੇ ਅੱਖਰਾਂ) ਦੀ ਵਰਤੋਂ ਕਰੇਗਾ, ਜੋ ਕਿ ਸ਼ੂਰੁਆਤੀ ਸਮੇਂ ਵਿੱਦਿਆਰਥੀ ਦੀ ਪਾਠਕ੍ਰਮ ਪ੍ਰਤੀ ਨੀਰਸਤਾ ਨੂੰ ਵਧਾਵੇਗਾ। ਉਦਾਹਰਣ ਦੇ ਤੌਰ ਤੇ ਜੇਕਰ ਅਧਿਆਪਕ ‘ਵੇਲ੍ਹ-ਜਾਨਵਰ’ ਬਾਰੇ ਜਾਣਕਾਰੀ ਦੇਣਾ ਚਾਹੁੰਦਾ ਹੈ ਅਤੇ ਇਸ ਬਾਰੇ ਕੋਈ ਸਬੰਧਿਤ ਵੀਡੀਓ ਕਲਿੱਪ ਦਿਖਾਵੇ ਤਾਂ ਇਹ ਇੱਕ ਸਧਾਰਨ ਚਾਰਟ ਰੂਪੀ ਸਮੱਗਰੀ ਤੋਂ ਜਿਆਦਾ ਲਾਹੇਵੰਦ ਸਾਬਤ ਹੋਵੇਗੀ।

ਸਮਾਰਟ ਕਲਾਸਰੂਮ ਬਣਾਉਣ ਲਈ ਇਹ ਜ਼ਰੂਰੀ ਨਹੀਂ ਕਿ ਵੱਧ ਕੀਮਤ ਜਾਂ ਮਹਿੰਗੀਆ ਕੰਪਨੀਆਂ ਵਾਲੇ ਪ੍ਰੋਜੈਕਟ ਹੀ ਵਧੇਰੇ ਕਾਰਗਰ ਸਾਬਿਤ ਹੋਣਗੇ।ਇਸ ਦੀ ਸ਼ੁਰੂਆਤ ਇੱਕ ਪੁਰਾਣੇ ਟੈਲੀਵਿਜ਼ਨ ਅਤੇ ਪੈਨ-ਡਰਾਈਵ ਵਾਲੇ ਡੀ.ਵੀ.ਡੀ ਪਲੇਅਰ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ। ਇੱਕ ਪੁਰਾਣੇ ਟੈਲੀਵਿਜ਼ਨ ਦੀ ਕੀਮਤ 1500-2000 ਰੁਪਏ ਅਤੇ ਯੂ.ਐਸ.ਬੀ. ਸਮੇਤ ਡੀ.ਵੀ.ਡੀ ਪਲੇਅਰ ਦੀ ਕੀਮਤ 2000 ਰੁਪਏ ਤੱਕ ਹੋ ਸਕਦੀ ਹੈ। ਕੁੱਲ ਮਿਲਾ ਕੇ 5000 ਰੁਪਏ ਵਿੱਚ ਇੱਕ ਵਧੀਆ ਸਾਰਥਕ ਸਮਾਰਟ ਕਲਾਸਰੂਮ ਤਿਆਰ ਕੀਤਾ ਜਾ ਸਕਦਾ ਹੇ। ਵਧੇਰੇ ਬਜਟ ਵਾਲੇ ਸਕੂਲ ਐਲ.ਈ.ਡੀ. ਟੈਲੀਵਿਜ਼ਨ ਦੀ ਵਰਤੋਂ ਵੀ ਕਰ ਸਕਦੇ ਹਨ। ਸਮਾਰਟ ਕਲਾਸਰੂਮ ਅਸਲ ਵਿੱਚ ਸਾਧਨਾ ਤੇ ਘੱਟ ਅਤੇ ਸੂਚਨਾ ਦੀ ਸਮੱਗਰੀ ਦੀ ਕਿਸਮ ਤੇ ਜਿਆਦਾ ਨਿਰਭਰ ਕਰਦੇ ਹਨ। ਇਸ ਵਿੱਚ ਪੀ.ਪੀ.ਟੀ. (ਪਾਵਰ ਪੁਆਇਂਟ ਪਰੈਸਨਟੈਂਸ਼ਨ), ਤਸਵੀਰਾਂ, ਵੀਡੀਓ ਅਤੇ ਆਡੀਓ ਕਲਿਪਾਂ ਸ਼ਾਮਲ ਹੁੰਦੀਆਂ ਹਨ। ਇਹ ਸਭ ਕੁਝ ਇੰਟਰਨੈਟ ਤੋਂ ਬਿਲਕੁੱਲ ਮੁਫਤ ਡਾਊਨਲੋਡ ਕੀਤਾ ਜਾ ਸਕਦਾ ਹੈ। ਜਮਾਤ ਅਨੁਸਾਰ ਮਲਟੀਮੀਡੀਆ ਸਮੱਗਰੀ ਨੂੰ ਵੱਖੋ-ਵੱਖਰੇ ਫੋਲਡਰ ਦੇ ਰੂਪ ਵਿੱਚ ਪੈਨ-ਡਰਾਇਵ ਵਿੱਚ ਜਮ੍ਹਾਂ ਕਰਕੇ ਪਲੇਅਰ ਅਤੇ ਟੀ.ਵੀ. ਦੀ ਮਦਦ ਨਾਲ ਚਲਾਇਆ ਜਾ ਸਕਦਾ ਹੈ। ਮੁਹਾਰਨੀ ਤੋਂ ਲੈ ਕੇ ਦਿਲ ਦੀ ਬਣਤਰ ਤੱਕ ਸਭ ਕੁੱਝ ਯੂ-ਟਿਊਬ ਅਤੇ ਐਜ਼ੂਕੇਸ਼ਨਲ ਵੈਬਸਾਈਟਾਂ ਤੋਂ ਲਿਆ ਜਾ ਸਕਦਾ ਹੈ।

ਇਸ ਮੰਤਵ ਲਈ ‘ਗੂਗਲ’ ਅਤੇ ‘ਯਾਹੂ’ ਆਦਿ ਸਰਚ ਇੰਜਨਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ। ਪ੍ਰਾਇਮਰੀ ਪੱਧਰ ਦੇ ਵਿਦਿਆਰਥੀਆਂ ਲਈ ਵੀਡੀਓ ਕਲਿੱਪਾਂ ਵਧੇਰੇ ਸਾਰਥਕ ਹੁੰਦੀਆਂ ਹਨ। ਵੀਡੀਓ ਦੀ ਵਰਤੋਂ ਇਸਦੀ ਆਵਾਜ਼ ਚਲਾ ਕੇ ਅਤੇ ਬੰਦ ਕਰਕੇ ਵਿਦਿਆਰਥੀਆਂ ਨੂੰ ਸਮਝਾਇਆ ਅਤੇ ਪ੍ਰਸ਼ਨ ਪੁੱਛੇ ਜਾ ਸਕਦੇ ਹਨ। ਵਧੇਰੇ ਗਿਣਤੀ ਵਾਲੇ ਸਕੂਲ ਵੱਡੇ ਐਲ.ਈ.ਡੀ. ਟੈਲੀਵਿਜ਼ਨ ਜਾਂ ਪ੍ਰੋਜੈਕਟਰ ਦੀ ਵਰਤੋਂ ਵੀ ਕਰ ਸਕਦੇ ਹਨ।ਜਿੱਥੇ ਇਸ ਨਾਲ ਅਧਿਆਪਕ ਦੀ ਊਰਜਾ ਅਤੇ ਸਮੇਂ ਦੀ ਬੱਚਤ ਹੋਵੇਗੀ, ਉੱਥੇ ਵਿਦਿਆਰਥੀਆਂ ਦੀ ਗ੍ਰਹਿਣ ਸ਼ਕਤੀ ਵਿੱਚ ਵੀ ਵਿਕਾਸ ਹੋਵੇਗਾ। ਰੰਗਦਾਰ ਤਸਵੀਰਾਂ ਅਤੇ ਪ੍ਰਭਾਵਸ਼ਾਲੀ ਆਵਾਜ਼ ਨਾਲ ਵਿਦਿਆਰਥੀ ਕਲਾਸਰੂਮ ਦੇ ਵਾਤਾਵਰਨ ਨਾਲ ਵਧੇਰੇ ਪ੍ਰਭਾਵਿਤ ਹੋਵੇਗਾ।

ਇਸਦੀ ਵਰਤੋਂ ਦੇ ਨਾਲ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਭਾਸ਼ਾ ਉਚਾਰਨ, ਗਿੱਧਾ-ਭੰਗੜਾ, ਕਵਿਤਾ-ਉਚਾਰਨ, ਇਗਲਿਸ਼ ਰਾਇਮਸ ਤੇ ਐਕਸ਼ਨ, ਵੱਖ-ਵੱਖ ਖੇਡਾਂ ਅਤੇ ਕੋਰੀਓਗ੍ਰਾਫੀ ਆਦਿ ਬਹੁਤ ਘੱਟ ਸਮੇਂ ਵਿੱਚ ਸਿਖਾਏ ਜਾ ਸਕਦੇ ਹਨ।ਇਸ ਦੇ ਨਾਲ ਉਹਨਾਂ ਨੂੰ ਚਿੜੀਆ-ਘਰ, ਵੱਖ-ਵੱਖ ਇਤਿਹਾਸਿਕ ਥਾਵਾਂ ਦੇ ਚਲ-ਚਿੱਤਰ ਦਿਖਾ ਕੇ ਸਧਾਰਨ ਗਿਆਨ ਵਿੱਚ ਵੀ ਵਾਧਾ ਕੀਤਾ ਜਾ ਸਕਦਾ ਹੈ। ਸਮਾਰਟ ਕਲਾਸਰੂਮ ਪ੍ਰੋਜੈਕਟ ਵਿਦਿਆਰਥੀਆਂ ਦੀ ਸਕੂਲਾਂ ਵਿੱਚ ਰੋਜ਼ਾਨਾ ਹਾਜ਼ਰੀ ਨਿਯਮਿਤ ਕਰਨ ਦੇ ਨਾਲ ਨਾਲ ਘੱਟ ਰਹੀ ਗਿਣਤੀ ਨੂੰ ਵਧਾਉਣ ਵਿੱਚ ਵੀ ਸਹਾਈ ਹੋਵੇਗਾ।ਇਸ ਤਰ੍ਹਾਂ ਦੇ ਆਨੰਦਮਈ ਸਿੱਖਿਆ ਪ੍ਰਣਾਲੀ ਨਾਲ ਪ੍ਰਾਇਮਰੀ ਪੱਧਰ ਵਿੱਚ ਡਰਾਪ-ਆਊਟ ਦੀ ਸਮੱਸਿਆ ਨੂੰ ਖਤਮ ਕਰਨ ਵਿੱਚ ਮਦਦ ਮਿਲੇਗੀ। ਇਸ ਪ੍ਰੋਜੈਕਟ ਦਾ ਵਧੇਰੇ ਫਾਇਦਾ ਸਰਕਾਰੀ ਪ੍ਰਾਇਮਰੀ ਸਕੂਲਾਂ ਨੂੰ ਹੋਵੇਗਾ। ਇਸ ਪ੍ਰੋਜੈਕਟ ਦੀ ਵਰਤੋਂ ਕਰਕੇ ਸਕੂਲਾਂ ਨੂੰ ਸਮੇਂ ਦੇ ਹਾਣੀ ਬਣਾਇਆ ਜਾ ਸਕਦਾ ਹੈ। ਇਸ ਤਰ੍ਹਾਂ ਸਮਾਰਟ ਕਲਾਸਰੂਮ ਭਵਿੱਖ ਵਿੱਚ ਸਕੂਲ ਅਤੇ ਵਿਦਿਆਰਥੀਆਂ ਵਿੱਚ ਅਨਿੱਖੜਵਾਂ ਬੰਧਨ ਪੈਦਾ ਕਰੇਗਾ।

ਸੰਪਰਕ: +91 81466 11491

Comments

Harkeerat singh

Very useful information.

Security Code (required)



Can't read the image? click here to refresh.

Name (required)

Leave a comment... (required)





ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ