Mon, 09 September 2024
Your Visitor Number :-   7220125
SuhisaverSuhisaver Suhisaver

ਜਦੋਂ ਉਨ੍ਹਾਂ ਮੈਨੂੰ ਸਾਊਥ ਇੰਡੀਅਨ ਸਮਝਿਆ - ਗੁਰਤੇਜ ਸਿੰਘ

Posted on:- 11-05-2016

suhisaver

ਗ਼ਲਤ ਫਹਿਮੀ ਅਕਸਰ ਹੀ ਝਮੇਲਾ ਸਹੇੜਦੀ ਹੈ, ਜੋ ਆਪਣੇ ਨਾਲ ਹਜ਼ਾਰਾਂ ਝੰਜਟ ਲੈਕੇ ਆਉਂਦੀ ਹੈ।ਪਰ ਕਈ ਵਾਰ ਇਹ ਠਹਾਕਿਆਂ ਦਾ ਸਾਧਨ ਵੀ ਹੋ ਨਿੱਬੜਦੀ ਹੈ।ਅਕਸਰ ਅਸੀ ਰੋਜ਼ਾਨਾ ਜ਼ਿੰਦਗੀ ‘ਚ ਦੂਸਰਿਆਂ ਬਾਰੇ ਗਲਤ ਅੰਦਾਜ਼ੇ ਲਗਾ ਬੈਠਦੇ ਹਾਂ ਜੋ ਕਿਸੇ ਇਨਸਾਨ ਦੇ ਰਹਿਣ ਸਹਿਣ, ਵੇਸ਼ਭੂਸਾ ਨੂੰ ਦੇਖ ਕੇ ਲਗਾਏ ਜਾਦੇ ਹਨ।ਅਜਿਹੀ ਹੀ ਕੁਝ ਸਾਲ ਪਹਿਲਾਂ ਵਾਪਰੀ ਘਟਨਾ ਸਾਂਝੀ ਕਰਨ ਜਾ ਰਿਹਾ ਹਾਂ।ਉਸ ਸਮੇਂ ਮੈਂ ਬਠਿੰਡਾ ਵਿੱਚ ਅੰਡਰਗ੍ਰੈਜੂਏਸ਼ਨ ਮੈਡੀਕਲ ਪ੍ਰਵੇਸ਼ ਪ੍ਰੀਖਿਆ ਦੀ ਤਿਆਰੀ ਕਰਦਾ ਸੀ।ਆਪਣੀ ਪੜ੍ਹਾਈ ਦੇ ਨਾਲ ਨਾਲ ਜੇਬ ਖਰਚ ਦਾ ਜੁਗਾੜ ਕਰਨ ਲਈ ਆਦੇਸ਼ ਮੈਡੀਕਲ ਕਾਲਜ,ਬਠਿੰਡਾ ਵਿਖੇ ਪਾਰਟ ਟਾਈਮ ਨੌਕਰੀ ਕਰਨੀ ਸ਼ੁਰੂ ਕਰ ਦਿੱਤੀ ਸੀ।

ਦਰਅਸਲ ਉੱਥੇ ਸਾਡੀ ਜਾਣ ਪਹਿਚਾਣ ਦਾ ਇੱਕ ਡਾਕਟਰ ਕੁਲਦੀਪ ਸਿੰਘ ਜੋ ਐਮਰਜੈਂਸੀ ਵਿਭਾਗ ‘ਚ ਈਐੱਮਓ(ਐਮਰਜੈਂਸੀ ਮੈਡੀਕਲ ਅਫਸਰ) ਦੇ ਪਦ ‘ਤੇ ਤਾਇਨਾਤ ਸੀ।ਉਸਦੇ ਕਹਿਣ ‘ਤੇ ਹੀ ਮੈਂ ਦੁਬਾਰਾ ਛੱਡੀ ਹੋਈ ਮੈਡੀਕਲ ਦੀ ਪੜ੍ਹਾਈ ਸ਼ੁਰੂ ਕੀਤੀ ਸੀ।ਜਿਸ ਕਾਰਨ ਉਨ੍ਹਾਂ ਕੋਲ ਮੇਰਾ ਆਉਣਾ ਜਾਣਾ ਆਮ ਸੀ।ਉਨ੍ਹਾਂ ਨੇ ਮੇਰੀ ਸਿਫਾਰਿਸ਼ ਕਰਕੇ ਮੈਨੂੰ ਐਮਰਜੈਂਸੀ ਵਿਭਾਗ ‘ਚ ਈਸੀਜੀ ਟੈਕਨੀਸ਼ੀਅਨ ਦੀ ਨੌਕਰੀ ‘ਤੇ ਲਗਵਾ ਦਿੱਤਾ ਸੀ।ਮੈਡੀਕਲ ਦਾ ਵਿਦਿਆਰਥੀ ਹੋਣ ਕਾਰਨ ਅਤੇ ਡਾਕਟਰ ਕੁਲਦੀਪ ਦਾ ਕਰੀਬੀ ਹੋਣ ਕਾਰਨ ਸਾਰੇ ਡਾਕਟਰਾਂ ਨਾਲ ਮੇਰੀ ਚੰਗੀ ਬਣਦੀ ਸੀ ਕਿਉਂਕਿ ਜ਼ਿਆਦਾ ਸਮਾਂ ਅਸੀ ਦੋਵੇਂ ਇਕੱਠੇ ਹੀ ਰਹਿੰਦੇ ਸੀ।

ਉਸ ਦਿਨ ਸਵੇਰੇ ਰੋਜ਼ਾਨਾ ਦੀ ਤਰ੍ਹਾਂ ਫਿਜੀਸ਼ੀਅਨ ਡਾ. ਜਗਜੀਤ ਸਿੰਘ ਬਾਹੀਆ ਐਮਰਜੈਂਸੀ ਵਾਰਡ ‘ਚ ਦਾਖਲ ਆਪਣੇ ਇੱਕ ਜਿਗਰ ਖਰਾਬ ਦੇ ਮਰੀਜ ਨੂੰ ਦੇਖ ਰਹੇ ਸਨ।ਉਸ ਮਰੀਜ ਦੇ ਗਲੂਕੋਜ ਲਗਾਉਣ ਲਈ ਕੋਈ ਨਾੜ ਨਹੀਂ ਲੱਭ ਰਹੀ ਸੀ।ਇਸ ਕਰਕੇ ਉਨ੍ਹਾਂ ਨੇ ਮਰੀਜ ਦੇ ਸ਼ੈਂਟਰ ਲਾਈਨ ਪਵਾਉਣ ਲਈ ਕਿਹਾ।ਇਸ ਕੰਮ ਲਈ ਐਨਸਥੀਸੀਆ ਵਿਭਾਗ (ਮਰੀਜ ਨੂੰ ਬੇਹੋਸ਼ ਕਰਨ ਵਾਲੇ) ਨੂੰ ਸੂਚਿਤ ਕੀਤਾ ਗਿਆ ਤਾਂ ਜੋ ਉਹ ਆਕੇ ਜਲਦੀ ਮਰੀਜ ਦੇ ਸੈਂਟਰ ਲਾਈਨ ਪਾਉਣ।ਉਸ ਤੋਂ ਬਾਅਦ ਇੱਕ ਸੜਕ ਦੁਰਘਟਨਾ ਦਾ ਕੇਸ ਆਉਣ ਕਰਕੇ ਐਮਰਜੈਂਸੀ ਮੈਡੀਕਲ ਅਫਸਰ ਉੱਧਰ ਉਲਝ ਗਿਆ।ਐਨਸਥੀਸੀਆ ਡਾਕਟਰ ਸ਼ੋਭਾ ਅਗਰਵਾਲ ਆਈ ਤੇ ਉਸਨੇ ਨਰਸਿੰਗ ਸਟਾਫ ਨੂੰ ਸੈਂਟਰ ਲਾਈਨ ਪਾਉਣ ਦਾ ਸਮਾਨ ਤਿਆਰ ਕਰਨ ਲਈ ਕਿਹਾ।ਮੈਂ ਵੀ ਨਰਸਿੰਗ ਸਟਾਫ ਕੋਲ ਖੜਾ ਸੀ।ਸਮਾਨ ਤਿਆਰੀ ਤੋਂ ਥੋੜੀ ਦੇਰ ਬਾਅਦ ਉਨ੍ਹਾਂ ਮੇਰੇ ਮੋਢੇ ‘ਤੇ ਹੱਥ ਰੱਖਦਿਆਂ ਕਿਹਾ ਚਲੋ ਡਾਕਟਰ ਸਾਬ੍ਹ ਕਰੀਏ ਕੰਮ ਸ਼ੁਰੂ,ਮੈਂ ਹੈਰਾਨ ਹੋਕੇ ਉਨ੍ਹਾਂ ਵੱਲ ਦੇਖਿਆ ਤੇ ਫਿਰ ਉਨ੍ਹਾਂ ਨਾਲ ਮਰੀਜ ਵੱਲ ਵਧਿਆ।

ਉਨ੍ਹਾਂ ਸੈਂਟਰ ਲਾਈਨ ਪਾਉਣੀ ਸ਼ੁਰੂ ਕੀਤੀ ਤੇ ਮੈਨੂੰ ਕਾਫੀ ਕੁਝ ਪੁੱਛਿਆ ਹੌਲੀ ਅਵਾਜ਼ ਕਾਰਨ ਕੋਈ ਜਵਾਬ ਨਾ ਦੇ ਸਕਿਆ।ਸੈਂਟਰ ਲਾਈਨ ਪਾਉਣ ਤੋਂ ਬਾਅਦ ਅਚਾਨਕ ਉਨ੍ਹਾਂ ਉੱਚੀ ਅਵਾਜ਼ ‘ਚ ਕਿਹਾ “ਆਪ ਇਸਕੋ ਅੱਛੀ ਤਰ੍ਹਾਂ ਪੱਟੀ ਸੇ ਢਕ ਦੇਣਾ”।ਮੈਂ ਕਿਹਾ ਯੈੱਸ ਮੈਮ ਆਫ ਕਾਰਸ।ਉਨ੍ਹਾਂ ਮੁਸਕੁਰਾਹਟ ਭਰੀ ਨਜ਼ਰ ਨਾਲ ਮੇਰੇ ਵੱਲ ਦੇਖਿਆ ਤੇ ਕਿਹਾ ਮੈਂ ਕਬ ਸੇ ਪੰਜਾਬੀ ਮੇਂ ਬੋਲ ਰਹੀ ਹੂੰ ਮੁਝੇ ਕਿਆ ਪਤਾ ਥਾ ਆਪ ਸਾਊਥ ਇੰਡੀਅਨ ਹੋ।ਇਹ ਸੁਣਕੇ ਮੇਰੇ ਨਾਲ ਨਾਲ ਨਰਸਿੰਗ ਸਟਾਫ ਅਤੇ ਵਾਰਡ ਬੁਆਏ ਨੇ ਹੱਸਣਾ ਚਾਹਿਆ ਪਰ ਡਾ. ਸ਼ੋਭਾ ਤੋਂ ਡਰਦਿਆਂ ਕੋਈ ਹੱਸ ਨਾ ਸਕਿਆ।ਮੈਂ ਮੁਸਕੁਰਾੳੇਦੇ ਹੋਏ ਕਿਹਾ ਮੈਡਮ ਤੁਹਾਨੂੰ ਕਿਸਨੇ ਕਿਹਾ ਮੈਂ ਸਾਊਥ ਇੰਡੀਅਨ ਹਾਂ ਮੈਂ ਤਾਂ ਇੱਧਰੋਂ (ਪੰਜਾਬ) ਹੀ ਹਾਂ।ਹੈਂ! ਤੂੰ ਪੰਜਾਬੀ ਹੈ ਲੱਗਦਾ ਬਿਲਕੁਲ ਵੀ ਨਹੀਂ।ਡਾ. ਸ਼ੋਭਾ ਨੇ ਹੈਰਾਨ ਹੁੰਦੇ ਕਿਹਾ।ਮਰੀਜ ਤੋਂ ਵਿਹਲੇ ਮੈਂ ਡਾ. ਸ਼ੋਭਾ ਨੂੰ ਦੱਸਿਆ ਕਿ ਮੈਂ ਡਾਕਟਰ ਨਹੀਂ ਹਾਂ।ਬਾਅਦ ‘ਚ ਮੈਂ ਨਰਸਿੰਗ ਸਟਾਫ ਅਤੇ ਵਾਰਡ ਬੁਆਏ ਨੂੰ ਪੁੱਛਿਆ ਮੈਂ ਕਿਹੜੇ ਪਾਸਿਉਂ ਸਾਊਥ ਇੰਡੀਅਨ ਲੱਗਦਾ ਹਾਂ।ਉਨ੍ਹਾਂ ਕਿਹਾ ਤੁਹਾਡਾ ਚਿਹਰਾ ਮੋਹਰਾ,ਵਾਲਾਂ ਦਾ ਸਟਾਈਲ ਅਤੇ ਫਰੈਂਚ ਕੱਟ ਦਾੜ੍ਹੀ ਸਾਊਥ ਇੰਡੀਅਨ ਦਾ ਭੁਲੇਖਾ ਪਾਉਦੀ ਹੈ।ਮੈਡੀਕਲ ਦਾ ਵਿਦਿਆਰਥੀ ਹੋਣ ਕਾਰਨ ਅੰਗਰੇਜ਼ੀ ਤੇ ਮੈਡੀਕਲ ਸ਼ਬਦਾਂ ‘ਤੇ ਚੰਗੀ ਪਕੜ ਅਤੇ ਰੰਗ ਕਾਲਾ ਹੋਣ ਕਾਰਨ ਤੁਹਾਡੀ ਦਿੱਖ ਸਾਊਥ ਇੰਡੀਅਨ ਵਰਗੀ ਹੈ।ਇਹ ਸੁਣ ਕੇ ਮੈਂ ਹੈਰਾਨ ਹੋ ਗਿਆ ਸੀ ਕਿ ਮੈਨੂੰ ਪਤਾ ਹੀ ਨਹੀਂ ਕਿ ਮੈਂ ਸਾਊਥ ਇੰਡੀਅਨ ਲੱਗਦਾ ਹਾਂ।

ਇੱਕ ਮਹੀਨੇ ਬਾਅਦ ਮੇਰੀ ਸ਼ਾਮ ਦੀ ਡਿਉਟੀ ਸੀ ਅਤੇ ਉਸ ਦਿਨ ਡਾਕਟਰ ਕੁਲਦੀਪ ਸਿੰਘ ਵੀ ਡਿਉਟੀ ‘ਤੇ ਸਨ।ਅਸੀ ਦੋਵੇਂ ਬੈਠੇ ਗੱਲਬਾਤ ਕਰ ਰਹੇ ਸਾਂ।ਸ਼ਾਮ 7 ਕੁ ਵਜੇ ਹੱਡੀਆਂ ਜੋੜਾਂ ਦੇ ਮਾਹਿਰ ਡਾਕਟਰ ਅਰਵਿੰਦਰ ਸਿੰਘ ਆਪਣਾ ਮਰੀਜ ਦੇਖਣ ਆਏ।ਸਾਡੇ ਕੋਲ ਆਕੇ ਉਨ੍ਹਾਂ ਕਿਹਾ ਆਜੋ ਮਰੀਜ ਦੇਖੀਏ।ਡਾ. ਕੁਲਦੀਪ ਉੱਠ ਕੇ ਉਨ੍ਹਾਂ ਨਾਲ ਤੁਰ ਪਏ ਤੇ ਮੈਂ ਵਾਪਸ ਆਪਣੀ ਕੁਰਸੀ ‘ਤੇ ਬੈਠ ਗਿਆ ਸੀ।ਡਾ. ਅਰਵਿੰਦਰ ਨੇ ਮੁੜਕੇ ਮੇਰੇ ਵੱਲ ਦੇਖਿਆ ਤੇ ਕਿਹਾ ਡਾਕਟਰ ਸਾਬ੍ਹ ਤੁਸੀ ਵੀ ਆਜੋ ਨਾਲੇ ਮਰੀਜ ਦੇਖਿਆ ਕਰੋ।ਮੈਂ ਕਿਹਾ ਸਰ ਮੈਂ ਡਾਕਟਰ ਨਹੀਂ ਹਾਂ ਤੇ ਅੰਡਰਗ੍ਰੈਜੂਏਸ਼ਨ ਮੈਡੀਕਲ ਪ੍ਰਵੇਸ਼ ਪ੍ਰੀਖਿਆ ਦੀ ਤਿਆਰੀ ਕਰ ਰਿਹਾ ਹਾਂ।ਇਹ ਸੁਣਕੇ ਉਹ ਕੁਰਸੀ ‘ਤੇ ਬੈਠ ਗਏ ਤੇ ਹੈਰਾਨੀ ਨਾਲ ਪੁੱਛਿਆ ਤੂੰ ਸੱਚੀ ਡਾਕਟਰ ਨਹੀਂ ਤੇ ਪੰਜਾਬੀ ਵੀ ਬੋਲਦੈ।ਮੈਂ ਤਾਂ ਦੋ ਮਹੀਨਿਆਂ ਤੋਂ ਇਹੀ ਸਮਝ ਰਿਹਾ ਸੀ ਕਿ ਜੋ ਸਾਊਥ ਤੋਂ ਡਾਕਟਰ ਆਏ ਸਨ ਬਾਕੀ ਸਾਰੇ ਵਾਪਸ ਚਲੇ ਤੇ ਤੂੰ ਇਕੱਲਾ ਇੱਥੇ ਰਹਿ ਗਿਆ।ਡਾ. ਅਰਵਿੰਦਰ ਦੇ ਮੂੰਹੋਂ ਇਹ ਗੱਲ ਸੁਣਕੇ ਮੈਂ ਤੇ ਡਾ. ਕੁਲਦੀਪ ਬਹੁਤ ਹੱਸੇ।ਮੈਂ ਹੱਸਦੇ ਹੋਏ ਕਿਹਾ ਸਰ ਡਾ. ਸ਼ੋਭਾ ਵੀ ਮੈਨੂੰ ਸਾਊਥ ਇੰਡੀਅਨ ਸਮਝ ਬੈਠੇ ਸਨ।ਇਹ ਸੁਣਕੇ ਡਾ. ਅਰਵਿੰਦਰ ਬਹੁਤ ਹੱਸੇ।ਅੱਜ ਜਦੋ ਕਿਤੇ ਡਾ. ਅਰਵਿੰਦਰ ਤੇ ਡਾ. ਕੁਲਦੀਪ ਮਿਲਦੇ ਹਨ ਤਾਂ ਉਹ ਮੈਨੂੰ ਸਾਊਥ ਇੰਡੀਅਨ ਕਹਿਕੇ ਖੂਬ ਹੱਸਦੇ ਹਨ।

-ਲੇਖਕ ਮੈਡੀਕਲ ਵਿਦਿਆਰਥੀ ਹੈ।

ਈ-ਮੇਲ: [email protected]

Comments

Security Code (required)



Can't read the image? click here to refresh.

Name (required)

Leave a comment... (required)





ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ