Sun, 13 October 2024
Your Visitor Number :-   7232283
SuhisaverSuhisaver Suhisaver

ਮੇਰਾ ਸ਼ਰਧਾਂਜਲੀ ਸਮਾਰੋਹ -ਰਮੇਸ਼ ਸੇਠੀ ਬਾਦਲ

Posted on:- 09-06-2015

suhisaver

ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ। ਅੱਜ ਅਸੀ ਜਿਸ ਆਤਮਾ ਦੀ ਸ਼ਾਂਤੀ ਲਈ ਇੱਥੇ ਇੱਕਠੇ ਹੋਏ ਹਾਂ ਉਹ ਵੀ ਸਾਡੇ ਵਰਗੀ ਆਮ ਆਤਮਾ ਸੀ। ਇਸ ਲਈ ਇੱਥੇ ਮਹਾਨ ਆਤਮਾ ਜਿਹਾ ਸ਼ਬਦ ਵਰਤਣਾ ਉਹਨਾਂ ਲੱਖਾਂ ਮਹਾਨ ਆਤਮਾਵਾਂ ਦਾ ਅਪਮਾਨ ਹੋਵੇਗਾ।ਜੋ ਵਾਕਿਆ ਹੀ ਮਹਾਨ ਸਨ। ਹਰ ਰੋਜ਼ ਸੈਂਕੜੇ ਲੋਕ ਇਸ ਸੰਸਾਰ ਤੋਂ ਜਾਂਦੇ ਹਨ ਤੇ ਸੈਂਕੜੇ ਲੋਕਾਂ ਦੀਆਂ ਆਤਮਾਵਾਂ ਦੀ ਸ਼ਾਂਤੀ ਲਈ ਸਮਾਗਮ ਕਰਵਾਏ ਜਾਂਦੇ ਹਨ। ਅਜੇਹੇ ਸਮਾਗਮ ਕਰਨਾ ਇੱਕ ਆਮ ਜਿਹੀ ਗੱਲ ਹੈ। ਇਸ ਸਮਾਗਮ ਦੀ ਕਾਰਵਾਈ ਸ਼ੁਰੂ ਕਰਨ ਤੋਂ ਪਹਿਲਾਂ ਘਰ ਆਲਿਆਂ ਵੱਲੋਂ ਬੇਨਤੀ ਹੈ ਕਿ ਹਰ ਇੱਕ ਨੇ ਚਾਹ ਪਾਣੀ ਪ੍ਰਸ਼ਾਦੇ ਦਾ ਲੰਗਰ ਛੱਕ ਕੇ ਜਾਣਾ ਹੈ। ਇਹ ਸਭ ਨੂੰ ਪਤਾ ਹੀ ਹੈ ਕਿ ਥੋੜੀ ਜਿਹੀ ਨਾ ਨੁੱਕਰ ਤੋਂ ਬਾਅਦ ਇਹ ਹਰ ਇੱਕ ਨੇ ਛਕਣਾ ਹੀ ਹੁੰਦਾ ਹੈ ਅਤੇ ਸਿਖਰ ਦੁਪਿਹਰੇ ਘਰੇ ਜਾਕੇ ਵੀ ਖਾਣਾ ਬਨਾਉਣਾ ਕੋਈ ਸੁਖਾਲਾ ਨਹੀਂ । ਘਰ ਆਲਿਆਂ ਵੱਲੋਂ ਸਭ ਮਾਈ ਭਾਈ ਦਾ ਇਸ ਸਮਾਗਮ ਵਿੱਚ ਪਹੁੰਚਣ ’ਤੇ ਸ਼ੁਕਰੀਆ ਅਦਾ ਕੀਤਾ ਜਾਂਦਾ ਹੈ। ਅੱਜ ਕੱਲ ਕਿਸੇ ਕੋਲ ਇੰਨਾ ਸਮਾਂ ਨਹੀਂ ਪਰ ਫਿਰ ਵੀ ਅਸੀ ਪਹੁੰਚਣ ਦੀ ਵੱਧ ਤੋਂ ਵੱਧ ਕੋਸ਼ਿਸ਼ ਕਰਦੇ ਹਾਂ। ਕਈ ਤਾਂ ਜਵਾਂ ਹੀ ਮੌਕੇ ’ਤੇ ਹੀ ਪਹੁੰਚਦੇ ਹਨ, ਜੋ ਕੁਝ ਪਹਿਲਾਂ ਆ ਗਏ ਸਨ, ਹੁਣ ਉਹ ਵਾਰ ਵਾਰ ਘੜੀਆਂ ਦੇਖ ਰਹੇ ਹਨ। ਬਸ ਤੁਹਾਡਾ ਜ਼ਿਆਦਾ ਸਮਾਂ ਨਹੀਂ ਲੈਂਦੇ।ਕਾਰਵਾਈ ਨੂੰ ਜਲਦੀ ਸਮਾਪਤ ਕਰਨ ਦੀ ਕੋਸ਼ਿਸ਼ ਕਰਾਂਗੇ।

ਹਾਂ ਗੱਲ ਕਰ ਰਹੇ ਸੀ, ਉਸ ਆਤਮਾ ਦੀ। ਉਹ ਆਮ ਲੇਕਾਂ ਵਰਗਾ ਸਿੱਧਾ ਇਨਸਾਨ ਸੀ। ਮੈਂ ਦੇਖ ਰਿਹਾ ਹਾਂ ਕਿ ਉਸਦੇ ਬਹੁਤੇ ਨਜ਼ਦੀਕੀ ਸ਼ਰੀਕਾ ਕਬੀਲਾ ਤੇ ਹੋਰ ਖਾਸ ਰਿਸ਼ਤੇਦਾਰ ਮੇਰਾ ਮਤਲਬ ਸਹੁਰਾ ਪੱਖ ਵੀ ਕੋਈ ਖਾਸ ਨਹੀਂ ਆਇਆ ਇਸ ਸਮਾਗਮ ’ਤੇ। ਇਸਦਾ ਸਾਫ ਅਰਥ ਹੈ, ਕਿ ਉਹ ਵੀ ਆਮ ਲੋਕਾਂ ਵਾਂਗੂ ਰਿਸ਼ਤੇਦਾਰੀਆਂ ਵਿੱਚ ਰੁਸਦਾ ਸੀ ਤੇ ਲੜਾਈ ਝਗੜੇ ਕਰਦਾ ਸੀ। ਤੇ ਆਪ ਖੁੱਦ ਬਹੁਤ ਘੱਟ ਲੋਕਾਂ ਦੇ ਅਜੇਹੇ ਸਮਾਗਮਾਂ ਵਿੱਚ ਸ਼ਰੀਕ ਹੁੰਦਾ ਸੀ। ਸੋ ਦੂਜਿਆਂ ਨੇ ਵੀ ਉਹ ਵੱਟਾ ਲਾਹ ਲਿਆ। ਸਾਡਾ ਸਮਾਜ ਕਿੰਨਾ ਸਾਫ ਸੁਧਰਾ ਦਿਲ ਰੱਖਦਾ ਹੈ। ਅਸੀ ਅਜਿਹੇ ਦੁੱਖ ਅਤੇ ਮੌਤ ਵਰਗੇ ਖੋਫਨਾਕ ਮੋਕਿਆਂ ਤੇ ਵੀ ਆਪਣਾ ਬਦਲਾ ਲੈਣ ਦੀ ਕੋਤਾਹੀ ਨਹੀਂ ਕਰਦੇ। ਸਹੀ ਗੱਲ ਹੈ, ਜੇ ਕਿਸੇ ਦੇ ਅਫਸੋਸ ਕਰਨ ਆਉਣਾ ਹੈ ਤਾਂ ਸੱਚੇ ਦਿਲੋ ਆਉ। ਐਵੈ ਮਨ ਵਿੱਚ ਮੈਲ ਲੈ ਕੇ ਲੋਕਾਂ ਨੂੰ ਦਿਖਾਉਣ ਦਾ ਕੀ ਫਾਇਦਾ।

ਅੱਜ ਦੇ ਇਸ ਸਮਾਗਮ ਲਈ ਸਾਨੂੰ ਬਹੁਤ ਸਾਰੀਆਂ ਸੰਸਥਾਂਵਾਂ, ਕਲੱਬਾਂ, ਨੇਤਾਵਾਂ ਤੇ ਸਮਾਜਿਕ ਜਥੇਬੰਦੀਆਂ ਵੱਲੋਂ ਸ਼ੋਕ ਪ੍ਰਸਤਾਵ ਆਏ ਹਨ। ਦਰਅਸਲ ਇਹ ਵੀ ਇੱਕ ਫਾਰਮੈਂਲਟੀ ਹੀ ਹੁੰਦੀ ਹੈ । ਇਹ ਸ਼ੋਕ ਪ੍ਰਸਤਾਵ ਅਗਲਿਆਂ ਨੇ ਇਕੱਠੇ ਛਪਵਾ ਕੇ ਰੱਖੇ ਹੁੰਦੇ ਹਨ। ਬਸ ਨਾਮ ਹੀ ਭਰਨਾ ਬਾਕੀ ਹੁੰਦਾ ਹੈ। ਸ਼ੋਕ ਪ੍ਰਸਤਾਵ ਦੀ ਭਾਸਾ ਤਕਰੀਬਨ ਸਭ ਦੀ ਇੱਕੋ ਜਿਹੀ ਹੀ ਹੁੰਦੀ ਹੈ। ਕਈ ਸੰਸਥਾਵਾਂ ਤਾਂ ਸ਼ੋਕ ਪ੍ਰਸਤਾਵ ਦੀ ਖਾਲੀ ਕਾਪੀ ਭੇਜ ਦਿੰਦੀਆਂ ਹਨ, ਅਖੇ ਨਾਂ ਤੁਸੀ ਆਪੇ ਭਰ ਲਿਉ। ਖੈਰ ਮੈਂ ਜ਼ਿਆਦਾ ਸਮਾਂ ਨਹੀਂ ਲੈਂਦਾ ਹਰ ਇੱਕ ਦਾ ਸ਼ੋਕ ਪ੍ਰਸਤਾਵ ਨਹੀਂ ਪੜ੍ਹਾਂਗਾ। ਸਿਰਫ ਸੰਸਥਾਞਾਂ ਦੇ ਨਾਮ ਹੀ ਬੋਲਾਂਗਾ। ਮੈਂ ਪ੍ਰਬੰਧਕਾ ਨੂੰ ਬੇਨਤੀ ਕਰਾਂਗਾ ਕਿ ਅੱਗੇ ਤੋਂ ਪੱਕੇ ਸ਼ੋਕ ਪ੍ਰਸਤਾਵ ਭੇਜਣ ਵਾਲੀਆਂ ਸੰਸਥਾਵਾਂ ਦੇ ਨਾਮ ਇੱਕ ਬੋਰਡ ’ਤੇ ਲਿਖਕੇ ਲਾ ਦਿੱਤੇ ਜਾਣ ਤਾਂ ਕਿ ਨਾਮ ਬੋਲਣ ’ਤੇ ਲੱਗਦਾ ਸਮਾਂ ਬਚਾਇਆ ਜਾ ਸਕੇ।ਪਹਿਲਾਂ ਸ਼ਰਧਾਂਜਲੀ ਸਮਾਗਮ ਦੀ ਇਹ ਕਾਰਵਾਈ ਸਾਡੇ ਵੱਡੇ ਭਾਈ ਰੂਪ ਚੰਦ ਜੀ ਕਰਿਆ ਕਰਦੇ ਸਨ। ਪਰ ਉਹਨਾਂ ਦੇ ਸ਼ਰਧਾਂਜਲੀ ਸਮਾਗਮ ਤੋਂ ਬਾਅਦ ਇਸ ਕੰਮ ਲਈ ਦਾਸ ਦੀ ਡਿਊਟੀ ਲਾਈ ਗਈ ਹੈ।

ਹੁਣ ਮੈਂ ਬਾਹਰੋ ਆਏ ਇੱਕ ਦੋ ਸੱਜਣਾ ਨੂੰ ਬੇਨਤੀ ਕਰਾਂਗਾ ਕਿ ਉਹ ਆਪਣੀ ਸ਼ਰਧਾ ਦੇ ਫੁੱਲ ਭੇਂਟ ਕਰਨ।ਫਿਰ ਇੱਕ ਸਿਰੋਂ ਗੰਜਾ, ਪਰ ਉਸਨੇ ਆਪਣਾ ਸਿਰ ਪੀਲੇ ਪਟਕੇ ਨਾਲ ਢਕਿਆ ਹੋਇਆ ਸੀ, ਮਾਇਕ ਦੇ ਮੂਹਰੇ ਆਣ ਖਲੋਤਾ। ਉਸ ਨੇ ਆਪਣੀ ਜੇਬ ਵਿੱਚੋ ਪਤਲੀ ਜਿਹੀ ਐਨਕ ਕੱਢ ਕੇ ਲਾਈ। ਜੇਬ ਵਿੱਚੋਂ ਹੀ ਹੱਥ ਨਾਲ ਲਿਖਿਆ ਕਾਗਜ਼ ਕੱਢਿਆ। ਲਗਦਾ ਸੀ ਕਿ ਉਹ ਘਰੋਂ ਪੂਰੀ ਤਿਆਰੀ ਕਰਕੇ ਹੀ ਆਇਆ ਸੀ।ਉਸਨੇ ਦੋ ਤਿੰਨ ਵਾਰ ਖੰਘੂਰਾ ਜਿਹਾ ਮਾਰਕੇ ਗਲਾ ਸਾਫ ਕਰਨ ਦੀ ਅਧੂਰੀ ਜਿਹੀ ਕੋਸ਼ਿਸ਼ ਕੀਤੀ ਤੇ ਬੋਲਣਾ ਸ਼ੁਰੂ ਕੀਤਾ।ਬਹੁਤ ਹੀ ਬਾਰੀਕ ਜਿਹੀ ਆਵਾਜ਼ ਵਿੱਚ ਉਸ ਨੇ ਆਦਤਨ ਉਸ ਆਤਮਾ ਦੇ ਚਲੇ ਜਾਣ ’ਤੇ ਅਫਸੋਸ ਜ਼ਾਹਿਰ ਕੀਤਾ। ਤੇ ਇਸ ਨੂੰ ਰੱਬ ਦਾ ਭਾਣਾ , ਉਸ ਮਾਲਿਕ ਦੀ ਰਜ਼ਾ ਤੇ ਸਵਾਸਾਂ ਦੀ ਪੂੰਜੀ ਦੇ ਵੇਰਵੇ ਨਾਲ ਜੋੜਿਆ। ਫਿਰ ਉਸ ਨੇ ਕਿਹਾ ਮਰਨਾ ਅਟੱਲ ਹੈ। ਅਸੀ ਹਰ ਕਿਸੇ ਦੇ ਮਰਨੇ ਤੋਂ ਬਾਅਦ ਉਸ ਦੇ ਗੁਣ ਗਾਉਂਦੇ ਹਾਂ ਜੋ ਹਰਗਿਜ਼ ਠੀਕ ਨਹੀਂ ਹੈ ।ਸਾਨੂੰ ਉਸ ਸ਼ਖਸ ਬਾਰੇ ਬਿਲਕੁਲ ਸੱਚ ਬੋਲਣਾ ਚਾਹੀਦਾ ਹੈ।ਉਸ ਬਾਰੇ ਜੋ ਸਾਡੇ ਵਿਚਾਰ ਹਨ, ਉਹ ਹੀ ਸੰਗਤ ਨਾਲ ਸਾਂਝੇ ਕਰਨੇ ਚਾਹੀਦੇ ਹਨ। ਸੋ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਇਹ ਆਤਮਾ ਕੋਈ ਬਹੁਤੀ ਮਹਾਨ ਆਤਮਾ ਨਹੀਂ ਸੀ। ਇਹਨਾਂ ਨੇ ਆਪਣੀ ਸਾਰੀ ਉਮਰ ਗਿਲੇ੍ਹ, ਸਿਕਵੇ , ਰੁੱਸਾ ਰਸਾਈ ਤੇ ਲੜਾਈ ਝਗੜੇ ਵਿੱਚ ਹੀ ਪੂਰੀ ਕਰ ਦਿੱਤੀ ।

ਇਹ ਨਾ ਚੰਗਾ ਪਤੀ ਸਾਬਿਤ ਹੋਏ ਤੇ ਨਾ ਹੀ ਇੱਕ ਚੰਗਾ ਬਾਪ । ਫਿਰ ਇਹ ਇੱਕ ਚੰਗਾ ਭਾਈ ਦੋਸਤ ਵੀ ਨਾ ਬਣ ਸਕੇ। ਫਿਰ ਇਹਨਾਂ ਤੋਂ ਇੱਕ ਚੰਗੇ ਜਵਾਈ, ਜੀਜੇ ਜਾਂ ਚੰਗੇ ਫੁਫੱੜ ਬਨਣ ਦੀ ਕਿਵੇਂ ਆਸ ਕੀਤੀ ਜਾ ਸਕਦੀ ਹੈ। ਸ਼ਰੀਕੇ ਤੇ ਸਹੁਰਾ ਪਰਿਵਾਰ ਦਾ ਕੋਈ ਵੀ ਵਿਆਹ ਇਹਨਾਂ ਨੇ ਸੁੱਕਾ ਨਹੀਂ ਜਾਣ ਦਿੱਤਾ। ਜਿੱਥੇ ਇਹਨਾਂ ਨੇ ਗੰਦ ਨਾ ਘੋਲਿਆ ਹੋਵੇ। ਉਹ ਕਿਹੜਾ ਰਿਸ਼ਤੇਦਾਰ ਸਕਾ ਸਬੰਧੀ ਹੈ, ਜਿਸ ਨੂੰ ਇਹਨਾਂ ਨੇ ਆਪਣੀ ਅੜਬ ਭਾਸ਼ਾ ਨਾਲ ਨਾ ਨਿਵਾਜਿਆ ਹੋਵੇ। ਮੈਂ ਕੋਈ ਇਹਨਾਂ ਦੇ ਚਲੇ ਜਾਣ ਤੇ ਖੁਸ਼ ਨਹੀਂ ਹਾਂ ।ਦੁੱਖ ਮੈਨੂੰ ਵੀ ਹੈ। ਪਰ ਇਨਸਾਨ ਨੂੰ ਇਨਸਾਨੀ ਚੋਲੇ ਵਿੱਚ ਆਕੇ ਕੋਈ ਤਾਂ ਚੰਗਾ ਕੰਮ ਕਰਨਾ ਚਾਹੀਦਾ ਹੈ। ਹਰ ਇੱਕ ਨੂੰ ਉਸਦੇ ਮੂੰਹ ’ਤੇ ਹੀ ਚੋਰ, ਚੀਪੜ,ਵੇਹਵਤੀ ਘਤਿੱਤੀ ਆਖ ਦੇਣਾ ਬਹੁਤੀ ਸਿਆਣਪ ਵਾਲੀ ਗੱਲ ਨਹੀਂ।ਬੰਦੇ ਨੂੰ ਇੰਨਾ ਸੱਚ ਵੀ ਨਹੀਂ ਬੋਲਣਾ ਚਾਹੀਦਾ ਕਿ ਉਸ ਨਾਲ ਚਾਰ ਬੰਦੇ ਵੀ ਨਾ ਰਹਿਣ। ਘਰੇ ਆਏ ਹਰ ਇੱਕ ਦੇ ਗੱਲ੍ਹ ਪੈ ਜਾਣਾ। ਊਲ ਜਲੂਲ ਬੋਲਣਾ ਪੜੇ ਲਿਖੇ ਇਨਸਾਨ ਨੂੰ ਨਹੀਂ ਸ਼ੋਭਦਾ।ਸਾਨੂੰ ਅਜੇਹੇ ਆਦਮੀਆਂ ਕੋਲੋਂ ਮੱਤ ਲੈਣੀ ਚਾਹੀਦੀ ਹੈ। ਕਿ ਘੱਟੋ ਘੱਟ ਅਸੀ ਤਾਂ ਅਜਿਹਾ ਵਿਵਹਾਰ ਨਾ ਕਰੀਏ। ਬਾਕੀ ਮੈਂ ਜ਼ਿਆਦਾ ਨਾ ਬੋਲਦਾ ਹੋਇਆ ਆਪਣੇ ਦੁਆਰਾ ਵੱਧ ਘੱਟ ਬੋਲੇ ਗਏ ਸ਼ਬਦਾਂ ਦੀ ਸਭ ਤੋਂ ਮੁਆਫੀ ਚਾਹੁੰਦਾ ਹਾਂ।

ਸਮਾਗਮ ਦੀ ਕਾਰਵਾਈ ਸਮਾਪਤ ਹੁੰਦੇ ਸਾਰ ਹੀ ਲੋਕ ਲੰਗਰ ਵੱਲ ਨੂੰ ਹੋ ਤੁਰੇ। ਬਿਨਾਂ ਕਿਸੀ ਲਾਗ ਲਪੇਟ ਦੇ ਆਪਣੀਆਂ ਆਪਣੀਆਂ ਪਲੇਟਾਂ ਲੈ ਕੇ ਰੋਟੀ ਸਬਜ਼ੀ ਦੇ ਦੁਆਲੇ ਹੋ ਗਏ। ਕਿਸੇ ਦੇ ਮਨ ਤੇ ਕੋਈ ਸਿ਼ਕਣ ਜਾਂ ਅਫਸੋਸ ਨਹੀਂ ਸੀ। ਬਸ ਸਭ ਆਪਣੇ ਖਾਣੇ ’ਚ ਹੀ ਮਸਤ ਸਨ। ਤੇ ਜਿੰਨਾ ਨੇ ਪਹਿਲਾ ਛੱਕ ਲਿਆ ਸੀ, ਉਹ ਇੱਕ ਦੂਜੇ ਨੂੰ ਰਾਮ ਰਾਮ ਜੀ ਕਹਿਕੇ ਆਪਣੇ ਆਪਣੇ ਘਰਾਂ ਨੂੰ ਤੁਰ ਪਏ । ਪਰ ਮੈਂ ਉਥੇ ਹੀ ਅਡੋਲ ਖੜਾ ਸੀ। ਬੁਲਾਰਿਆਂ ਦੁਆਰਾ ਬੋਲੇ ਗਏ ਇੱਕ ਇੱਕ ਸ਼ਬਦ ’ਤੇ ਗੋਰ ਕਰ ਰਿਹਾ ਸੀ। ਕੀ ਇਹ ਵਾਕਿਆ ਹੀ ਸ਼ਰਧਾਂਜਲੀ ਸਮਾਰੋਹ ਸੀ। ਪਰ ਉਥੇ ਮੇਰਾ ਪੱਖ ਰੱਖਣ ਵਾਲਾ ਕੋਈ ਵੀ ਨਹੀਂ ਸੀ। ਗੱਲਾਂ ਚਾਹੇ ਸੱਚੀਆਂ ਸਨ, ਪਰ ਦੂਜੀ ਧਿਰ ਨੂੰ ਵੀ ਸੁਨਣਾ ਲਾਜ਼ਮੀ ਹੁੰਦਾ ਹੈ। ਕਿਵੇਂ ਵੀ ਸੀ ਮੈਨੂੰ ਮੇਰਾ ਇਹ ਸਮਾਰੋਹ ਕੁਝ ਹਕੀਤਕ ਨਾਲ ਜੁੜਿਆ ਪ੍ਰਤੀਤ ਹੋਇਆ।ਕਾਸ਼ ਸਾਰੇ ਸ਼ਰਧਾਂਜਲੀ ਸਮਾਰੋਹਾਂ ’ਤੇ ਇਹੀ ਸੱਚ ਬੋਲਿਆ ਜਾਇਆ ਕਰੇ।

    ਸੰਪਰਕ: +91 98766 27233

Comments

Security Code (required)



Can't read the image? click here to refresh.

Name (required)

Leave a comment... (required)





ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ