Sun, 08 September 2024
Your Visitor Number :-   7219732
SuhisaverSuhisaver Suhisaver

ਪੰਜਾਬੀ ਗੀਤਾਂ ਵਿੱਚ ਅਸ਼ਲੀਲਤਾਂ ਦੇ ਬੀਅ - ਜੋਗਿੰਦਰ ਬਾਠ ਹੌਲੈਂਡ

Posted on:- 04-12-2012

suhisaver

ਮਿੰਦਰੋ ਕੁੜੀਏ ਘੱਗਰੀ ਸਵਾਈ ਤੂੰ ਪਾਉਣੇ ਨੂੰ
ਵਿੱਚੇ ਮੁੰਡੇ ਵੜ੍ਹ ਗਏ ਵਿੱਚੇ ਮੁੰਡੇ ਵੜ੍ਹ ਗਏ ਭੰਗੜਾ ਪਾਉਣੇ ਨੂੰ
ਵਿੱਚੇ ਜੱਟ ਵੜ ਗਏ  ਹੱਲ ਚਲਾਉਣੇ ਨੂੰ
ਵਿੱਚੇ ਭਈਏ ਵੜ ਗਏ ਝੋਨਾ ਲਾਉਣੇ ਨੂੰ
ਵਿੱਚੇ ਨਾਈ ਵੜ ਗਏ ਚੌਲ ਬਣਾਉਣੇ ਨੂੰ
ਵਿੱਚੇ ਮਹਿਰੇ ਵੜ ਗਏ ਪਾਣੀ ਪਾਉਣੇ ਨੂੰ
ਵਿੱਚੇ ਮੇਲ ਵੜ ਗਿਆ ਪੰਗਤਾਂ ਲਾਉਣੇ ਨੂੰ
ਵਿੱਚੇ ਬਾਂਦਰ ਵੜ ਗਏ ਟਪੂਸੀਆਂ ਲਾਉਣੇ ਨੂੰ
ਮਿੰਦਰੋ ਕੁੜੀਏ ਘਗਰੀ ਸਵਾਈ ਤੂੰ ਪਾੳਣੇ ਨੂੰ    

 

ਇਹ ਲੋਕ ਬੋਲੀ ਬਨਾਮ ਸਿੱਠਣੀ ਮੈਂ ਸ੍ਰੀ ਮਤੀ ਸਵਰਨ ਕੌਰ ਬੱਲ ਦੀ ਕਿਤਾਬ “ਮਾਝੇ ਦੀ ਮੈਂ ਜੰਮੀ ਜਾਈ” ਜੋ ਪੰਜਾਬੀ ਸੱਥ ਵਾਲਿਆ ਵੱਲੋਂ ਛਾਪੀ ਹੈ, ਤੋਂ ਚੋਰੀ ਕੀਤੀ ਹੈ। ਹੇਠਾ ਮੈਂ ਇੱਕ ਹੋਰ ਲੋਕ-ਗੀਤ ਜਦੋਂ ਸਾਡੇ ਘਰਾਂ ਵਿੱਚ ਵਿਆਹਾਂ ਵੇਲੇ ਨੱਚਦੀਆਂ ਸਾਡੀਆਂ ਹੀ ਮਾਵਾਂ, ਭੈਣਾਂ, ਚਾਚੀਆਂ, ਤਾਈਆਂ ਅਤੇ ਪੂਰੇ ਮੁਹੱਲੇ ਦੀਆਂ ਤ੍ਰੀਮਤਾਂ ਗਾਉਂਦੀਆਂ ਹੁੰਦੀਆਂ ਸਨ ।

ਬੰਤੋ ਕੁੜੀਏ ਡਾਰੀਏ ਨੀ ਮੈਂ ਤੇਰੇ ਰਹੁੰਗਾ
ਬਾਰੀ ਖੁੱਲੀ ਰੱਖੀ ਨੀ ਮੈਂ ਸਿੱਧਾ ਵੜੂੰਗਾਂ  
(ਲੰਬੇ ਗੀਤ ਵਿੱਚੋਂ ਕੁਝ ਸਤਰਾਂ)


ਪਿਛਲੇ ਕੁਝ ਮਹੀਨਿਆ ਤੋਂ ਮੈਂ ਅਖਬਾਰਾਂ ਫੇਸਬੁੱਕ ’ਤੇ ਕੁਝ ਰੇਡੀਉ ਟਾਕ ਸ਼ੋਆਂ ’ਤੇ ਹਰ ਰੋਜ਼ ਪੜ੍ਹਦਾ ਸੁਣਦਾ ਆ ਰਿਹਾਂ ਕਿ ਫਲਾਣੇ ਲੇਖਕ ਜਾਂ ਜੰਥੇਬੰਦੀ ਨੇ ਅਸ਼ਲੀਲ ਗਾਈਕੀ ਅਤੇ ਲੱਚਰ ਗਾਇਕਾਂ ਦੇ ਖਿਲਾਫ ਜੰਗ ਵਿੱਢੀ ਹੋਈ ਹੈ। ਕਿਤੇ ਕਿਤੇ ਔਰਤਾਂ ਵੱਲੋਂ ਮੁਜ਼ਾਹਰਿਆ ਜਾਂ ਅਸ਼ਲੀਲ ਗਾਉਣ ਵਾਲਿਆ ਦੇ ਖਿ਼ਲਾਫ ਜਲਸੇ ਜਲੂਸ ਕੱਢਣ ਦੀਆਂ ਖਬਰਾਂ ਵੀ ਅਖਬਾਰਾਂ ਵਿੱਚ ਗਾਹੇ -ਬਗਾਹੇ ਛੱਪਦੀਆਂ ਰਹਿੰਦੀਆਂ ਹਨ। ਇਹ ਮਾੜੀ ਗਲ ਨਹੀਂ।  ਜਲਸੇ , ਜਲੂਸ, ਵਿਰੋਧ ਤੇ ਚੱਲ ਰਹੇ ਮਾੜੇ ਵਰਤਾਰੇ ਨਾਲ ਅਸਿਹਮਤੀ ਸਿਹਤਮੰਦ ਲੋਕਤੰਤਰ ਦੀਆਂ ਨਿਸ਼ਾਨੀਆਂ ਹਨ। ਪੱਤਰਕਾਰ ਕਿਸਮ ਦੇ ਲੇਖ਼ਕ ਲੋਕ ਵੀ ਕਿਉਂ ਪਿੱਛੇ ਰਹਿਣ ? ਉਨ੍ਹਾਂ ਨੇ ਵੀ ਹਵਾ ਦਾ ਰੁਖ ਵੇਖਣਾ ਹੁੰਦਾ ਹੈ ਵਗਦੀ ਗੰਗਾਂ ਵਿੱਚ ਹੱਥ ਧੋਣ ਦੇ ਮੁਹਾਵਰੇ ਵਾਂਗ ਛੇਤੀ ਛੇਤੀ ਲੋਕਾਂ ਦੇ ਰੌਅ ਮੁਤਾਬਕ ਕੁਝ ਨਾ ਕੁਝ ਕੱਚਾ ਪੱਕਾ ਝਰੀਟ ਕੇ ਆਪਣੀ ਬਣਦੀ ਜ਼ਿੰਮੇਵਾਰੀ ਨਿਭਾਉਂਣੀ ਹੁੰਦੀ ਹੈ ਤੇ ਇਸ ਵਿਸ਼ੇ ‘’ਤੇ ਹੁਣ ਤੱਕ ਕਈਆਂ ਤੱਤਿਆਂ ਵਰਤਾਰੇ ਦੀ ਤਹਿ ਤੱਕ ਜਾਣ ਦੀ ਕੋਸ਼ਿਸ਼ ਤੋਂ ਬਿਨਾਂ ਹੀ ਨਿਭਾ ਦਿੱਤੀ ਹੈ।

ਹੁਣ ਤਾਂ ਹਰ ਕੋਈ ਹੀ ਸਵਰਨ ਸਿੰਘ ‘ਟਹਿਣਾ’ ਬਣਨ ਦੇ ਰੁਝਾਨ ਵਿੱਚ ਨਜ਼ਰ ਆਇਆ ਹੈ। ਹੋ ਸਕਦਾ ਹੈ ਬਹੁਤ ਸਾਰਿਆਂ ਕਲਮ ਝਰੀਟਾਂ ਨੇ ਇਹ ਅਖੌਤੀ ਅਸ਼ਲੀਲ ਗੀਤ ਸੁਣੇ ਹੀ ਨਾ ਹੋਣ ? ਕੁਝ ਲੋਕ ਜਿਨ੍ਹਾਂ ਵਿੱਚ ਪੰਜਾਬ ਤੋਂ ਤਾਜ਼ੇ ਆਏ ਵਿਦੇਸ਼ਾਂ ਵਿੱਚ ਬੈਠੇ ਮੇਰੇ ਵੀਰ ਵੀ ਹਨ, ਜੋ ਕੁਝ ਜ਼ਿਆਦਾ ਹੀ ਭਾਵੁਕ ਹਨ, ਇਸ ਲੱਚਰ ਗਾਇਕੀ ਵਾਲੇ ਮਸਲੇ ’ਤੇ। ਉਨ੍ਹਾਂ ਪੰਜਾਬ ਵਿੱਚ ਇੱਕ ਪੋਸਟਰ ਛਾਪ ਕੇ ਸਾਰੀ ਲੋਕਾਈ ਨੂੰ ਖ਼ਬਰਦਾਰ ਕੀਤਾ ਹੈ ਕਿ ਸ਼ਰੂਤੀ ਕਾਂਡ ਕਦੀ ਵੀ ਨਹੀਂ ਸੀ ਵਾਪਰਨਾ ਜੇ ਪੰਜਾਬ ਵਿੱਚ ਲੱਚਰ ਅਸ਼ਲੀਲ ਗਾਉਣ ਵਾਲੇ ਗਾਇਕ ਨਾ ਹੁੰਦੇ ?
 ਅਸਲ ਵਿੱਚ ਐਡਾ ਵੱਡਾ ਦੋਸ਼ ਅੱਜ ਤੱਕ ਕਦੀ ਵੀ ਗੀਤਕਾਰਾਂ ਤੇ ਗਾਇਕਾਂ ’ਤੇ ਨਹੀਂ ਸੀ ਲੱਗਿਆ । ਗਾਇਕ ਅਤੇ ਗੀਤਕਾਰ ਇਸ ਅਸ਼ਲੀਲ ਦੋਸ਼ ਨੂੰ ਕਿਹੜੇ ਕਾਸਟਿਕ ਸੋਢੇ ਨਾਲ ਧੋਣਗੇ, ਇਹ ਉਨ੍ਹਾਂ ਦਾ ਮਸਲਾ ਹੈ। ਉੱਤੋਂ ਕਮਾਲ ਦੀ ਗੱਲ ਇਹ ਹੈ ਸਾਲਾਂ ਦੇ ਸਾਲ ਐਨਾਂ ਵਿਰੋਧ ਹੋਣ ਦੇ ਬਾਵਜੂਦ ਵੀ ਨਾ ਤਾਂ ਇਹ ਅਖੌਤੀ ਅਸ਼ਲੀਲ  ਲੱਚਰ ਗਾਉਣ ,ਲਿਖਣ ਵਾਲੇ ਘਟੇ ਹਨ ਤੇ ਨਾ ਹੀ ਅਸ਼ਲੀਲਤਾਂ ਤੇ ਲੱਚਰਤਾ ਨੂੰ ਖਰੀਦਣ ਤੇ ਟੈਲੀਫੋਨਾਂ ਦੀ ਰਿੰਗਟੋਨ ਵਿੱਚ ਭਰ ਕੇ ਕਿਸੇ ਮਰਗ ਦੇ ਸੱਥਰ ’ਤੇ ਬੈਠੇ ਲੋਕਾਂ ਨੂੰ ਸੁਣਾਉਣ ਤੇ ਪਰੇਸ਼ਾਨ ਕਰਨ ਵਾਲੇ ਹੀ।

‘ਛੱੜਿਆਂ ਦੇ ਟੱਟੂ’ ਵਾਲੇ ਭਰਾਵਾਂ ਦਲੇਰ +ਮੀਕਾ ਨੇ ਦਿਨਾਂ ‘ਚ ਹੀ ਬਾਲੀਵੁੱਡ ਦੀ ਕ੍ਰਿਪਾਂ ਨਾਲ ਟੱਟੂ ਤੋਂ ਟਿਉਟਾ ਕਾਰ ਬਣਾ ਲਈ ਸੀ ਤੇ ਸਾਰੇ ਹਿੰਦੁਸਤਾਨ ਦੇ ਜਵਾਕਾਂ ਨੂੰ ਹੀ ਤਾਰਾ ਰਾਰਾ ਗਾਉਣ ਲਾ ਦਿੱਤਾ ਸੀ। ਤੇ ਹੁਣ ਗੱਲਾਂ ਦਾ ਕੜ੍ਹਾ ਹਾਈਟੈਕ ਸਾਜ਼ਾ ਨਾਲ ਕਰਨ ਵਾਲੇ ਹਨੀ ਸਿੰਘ ਵਰਗੇ ਰੈਪਰ ਨੂੰ ਬਾਲੀਵੁੱਡ ਦੀ ਇੱਕ ਫਿਲਮ ਵਿੱਚ ਰੈਪ( ਰੇਪ ਨਹੀਂ) ਕਰਨ ਦੇ 70 ਲੱਖ ਰੁਪੈ ਮਿਲੇ ਹਨ ਇਹ ਰਕਮ ਹੈਰਾਨ, ਪਰੇਸ਼ਾਨ ਕਰਨ ਵਾਲੀ ਹੈ, ਸਿਰਫ ਇੱਕ ਗੀਤ ਲਈ 70 ਲੱਖ ਰੁਪੈ ? 70 ਲੱਖ ਰੁਪੈ ਕੋਈ ਕਿਸੇ ਨੂੰ ਫਰੀਦਕੋਟ ਜਾਂ ਫਰੀਦੇਵਾਲੇ ਪਿੰਡ ਦੀਆਂ ਕੁੜੀਆਂ ਨੂੰ ਪੱਟਣ ਜਾਂ ਖ਼ਰਾਬ ਕਰਨ ਲਈ ਨਹੀਂ ਦਿੰਦਾਂ । ਬਾਈਉ ਇਹ ਧੰਦਾ ਹੈ ਗਲੋਬਲ ਸੰਗੀਤ ਦਾ, ਵੱਡਾ ਵਪਾਰ ਹੈ ਇਹ, ਅਰਬਾਂ ਦਾ ਧੰਦਾ ਹੈ। ਏਨੇ ਪੈਸੇ ਤਾਂ ਅੱਜ ਤੱਕ ਮੁਹੰਮਦ ਰਫੀ ਜਾ ਕਿਸ਼ੋਰ ਕੁਮਾਰ ਨੂੰ ਵੀ ਨਹੀਂ ਮਿਲੇ ਸਨ, ਇੱਕ ਗੀਤ ਦੇ।

ਡੰਗਰਾਂ ਵਾਲੀਆਂ ਮੰਡੀਆਂ ਵਿੱਚ ਲੱਗਦੀਆਂ ਨਕਲਾਂ ਤੋਂ ਲੈ ਕੇ ਅੱਜ ਤੱਕ ਦੇ ਦਲਜੀਤ, ਬਬੂ ਮਾਨ, ਗਿੱਪੀ ਗਰੇਵਾਲ, ਜੀਤਾਂ ਜੈਲਦਾਰ, ਹਨੀ ਸਿੰਘ ਬਨਾਮ ਯੋ ਯੋ ਤੱਕ ਇਹ ਅਖੌਤੀ ਅਸ਼ਲੀਲ ,ਲੱਚਰ ਵਰਤਾਰਾ ਲਗਾਤਾਰ ਪਹਿਲਾਂ ਨਾਲੋਂ ਵੀ ਪਰਚੰਡ ਅਤੇ ਕਸਬੀ ਰੂਪ ਵਿੱਚ ਵਾਪਰ ਰਿਹਾ ਹੈ। ਸੰਗੀਤ ਨੂੰ ਵੇਚਣ ਵਾਲੇ ਵਪਾਰੀਆਂ ਨੂੰ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਉਹ ਮੰਡੀ ਦੀ ਮੰਗ ਨੂੰ ਮੁੱਖ ਰੱਖਦੇ ਹਨ, ਉਹ ਇੱਕੋ ਹੀ ਗਾਇਕ ਤੋਂ ਰੱਬ ਦਾ ਪਿਆਰ, ਦੇਸ਼ ਪਿਆਰ, ਤੇ ਖੱਦਰ ਭੰਡਾਰ ਯਾਨਿ ਕਿ ਜਿਸ ਨੂੰ ਪੰਜਾਬੀ ਭਾਸ਼ਾ ਵਿੱਚ ਲੱਚਰ ਤੇ ਅਸ਼ਲੀਲ ਆਖਿਆ ਜਾਂਦਾ ਹੈ ਵੀ ਗਵਾ ਕੇ ਪਕੌੜਿਆਂ ਵਾਂਗ ਵੇਚ ਲੈਂਦੇ ਹਨ। ਅਗੋਂ ਅਣਖੀ ਪੰਜਾਬੀਆਂ ਦੇ ਵਿਆਹਾਂ ਸ਼ਾਦੀਆਂ ’ਤੇ ਇਨ੍ਹਾਂ ਹੀ ਗੀਤਾਂ ਤੇ ਵੀਹ ਵੀਹ ਤੀਹ ਤੀਹ ਮਰ ਜਾਣੀਆਂ ਹਰ ਰੋਜ਼ ਅੰਗਰੇਜ਼ੀ ਬੀਟ ’ਤੇ ਕਾਲੀਆਂ ਗੁੱਤਾਂ ਦੇ ਸੱਪ ਹਵਾ ਵਿੱਚ ਉਡਾਈ ਜਾਂਦੀਆਂ ਹਨ। ਤੇ ਦਾਤੀ ਵਾਲੇ ਪੱਖਿਆਂ ਦੀ ਹਵਾ ਵਿੱਚ ਬਿਨਾਂ ਦੰਦਾਂ ਤੋਂ ਬੱਕਰੇ ਦੀ ਤਰੀ ਨਾਲ ਲਿਬੜੀਆਂ ਉੱਡਦੀਆਂ ਬੀਬੀਆਂ ਦਾਹੜੀਆਂ ਟੇਢੀਆਂ ਤੇ ਵਿੰਗੀਆਂ ਹੋ ਹੋ ਮਾਇਕਲ ਜੈਕਸਨ ਨੂੰ ਵੀ ਮਾਤ ਕਰੀ ਜਾਂਦੀਆਂ ਹਨ। ਸਥਿਤੀ “ ਨੂੰਹ ਸਹੁਰੇ ਦੀ ਸਾਲੀ ਬਾਬਾ ਪੋਤਰੀਆਂ ਦਾ ਮਾਸੜ ਬਣ ਗਿਆ” ਵਰਗੀ ਨਜ਼ਰ ਆੳਂਦੀ ਹੈ। ਜਿੰਨੀ ਦੇਸੀ ਵਿਆਹਾਂ ਤੇ ਵੱਜਦੀ ਅੰਗਰੇਜ਼ੀ ਬੀਟ ’ਤੇ ਵਲੈਤੀ ਬਲੈਕ ਲੇਬਲ ਵਿਸਕੀ ਮੈਂ ਇਸ ‘ਡੈਥ ਵੈਲੀ’ ਬਨਾਮ (ਕੈਂਸਰ ਤੇ ਕਿਸਾਨਾਂ ਦੀਆਂ ਖੁਦਕਸ਼ੀਆਂ ਦੀ ਪੱਟੀ) ਸੰਗਰੂਰ, ਬਰਨਾਲਾ ਅਬੋਹਰ ਤੇ ਬਠਿੰਡੇ ਵਿੱਚ ੳੱਡਦੀ ਵੇਖੀ ਹੈ ਅੱਜ ਤੱਕ ਯੂਰਪ ਵਿੱਚ ਵੀ ਨਹੀਂ ਵੇਖੀ।

ਕੁਸ਼ ਹੀ ਸਾਲਾਂ ਵਿੱਚ “ਵਿਆਹ ਮਹੱਲ” ਟਿੱਬਿਆਂ ਵਿੱਚ ਉੱਗ ਆਏ ਹਨ। ਜਿੱਥੇ ਸਿਰਫ ਪਹਿਲਾਂ ਨਰਮੇ ਦੇ ਰੰਗ ਬਿਰੰਗੇ ਫੁੱਲਾਂ ਦਾ ਹੀ ਰਾਜ਼ ਸੀ, ਹੁਣ ਇਥੇ ਗੇਂਦੇ ਤੇ ਲਾਲ ਗੁਲਾਬਾਂ ਨਾਲ ਸਜੀਆਂ ਵਿਆਹ ਵਾਲੀਆਂ ਕਾਰਾਂ ਘੁੱਮ ਰਹੀਆਂ ਹਨ। ਇਨ੍ਹਾਂ ਮੈਰਿਜ਼ ਪੈਲਸਾਂ ਵਿੱਚ ਅੰਗਰੇਜ਼ੀ ਦਾਰੂ ਨਾਲ ਬੰਗਾਲ ਤੋਂ ਲਿਆਂਦੇ 2000 ਰੁਪੈ ਕਿਲੋ ਤੋਂ ਵੀ ਕੀਮਤੀ ਕਿੰਗ ਪੁਰਾਣ (ਝੀਂਘੇ) ਵਰਤਾਏ ਜਾਂਦੇ ਹਨ। ਇਉਂ ਮਹਿਸੂਸ ਹੋ ਰਿਹਾ ਹੈ, ਜਿਸ ਤਰ੍ਹਾਂ ਸਾਰਾ ਪੰਜਾਬ ਕਿਸੇ ਅੜਬੀ ਬੇਵਿਸ਼ਵਾਸੇ ਬੁੱਢੇ ਵਾਂਗ ਮਰਨ ਤੋਂ ਪਹਿਲਾਂ ਹੀ ਆਪਣਾ ਅਪਣੀਆਂ ਹੀ ਅੱਖਾਂ ਸਾਹਵੇਂ ਬੈਂਡ ਵਾਜਿਆ ਨਾਲ ਕ੍ਰਿਆ ਕਰਮ ਕਰਵਾ ਰਿਹਾ ਹੋਵੇ ?
                                                                 
ਆਉ ਜ਼ਰਾ ਸੋਚੀਏ ਤਾਂ ਸਹੀ, ਇਸ ‘ਅੰਮੀਬੇ’ ( ਅੰਮੀਬਾ ਇੱਕ ਸੈਲੀ ਜੀਵ ਕਦੀ ਨਹੀਂ ਮਰਦਾ ਸਗੋਂ ਇੱਕ ਤੋਂ ਟੁੱਟ ਕੇ ਦੋ, ਦੋ ਤੋਂ ਹਜਾਰਾਂ ਲੱਖਾ ਦੀ ਗਿਣਤੀ ਵਿੱਚ ਵਧਦਾ ਜਾਂਦਾ ਹੈ) ਵਰਗੇ ਤਿੜ੍ਹਾਂ ਵਾਲੇ ਅਸ਼ਲੀਲ ਤੇ ਲੱਚਰ ਘਾਹ ਦੇ ਵਰਤਾਰੇ ਦੇ ਆਖਿਰ ਬੀਅ ਹਨ ਕਿੱਥੇ ?
                                               
ਅਸੀਂ 1975 ਵਿੱਚ ਨੌਜਵਾਨ ਭਾਰਤ ਸਭਾ ਵਾਲਿਆਂ ਆਪਣੇ ਨਾਟਕਾਂ, ਭਾਸ਼ਣਾਂ ਵਿੱਚ ਪਿੰਡ ਪਿੰਡ ਲੱਚਰ ਗਾਉਣ ਲਿਖਣ ਵਾਲਿਆ ਦੇ ਖਿਲਾਫ  ਮੁਹਿੰਮ ਵਿੱਢੀ ਸੀ।  ਪ ਲ ਸ ( ਪੰਜਾਬ  ਲੋਕ ਸੱਭਿਆਚਾਰਕ ਮੰਚ)  ਮੰਚ ਜਿਸ ਦੇ ਪ੍ਰਧਾਨ  ਮਹਰੂਮ ਮਸ਼ਹੂਰ ਇਨਕਲਾਬੀ ਨਾਟਕਕਾਰ  ਗੁਰਸ਼ਰਨ ਸਿੰਘ ਤੇ ਜਨਰਲ ਸਕੱਤਰ ਕੰਵਲਜੀਤ ਖੰਨਾ ਸਨ, ਇਹ ਮੰਚ ਹੋਂਦ ਵਿੱਚ ਆਇਆ ਹੀ ਉਪਰੋਤਕ ਲੱਚਰ ਗੀਤਾਂ ਦੇ ਖਿਲਾਫ ਵਿੱਡੀ ਮੁੰਹਿਮ ਕਰਕੇ ਸੀ। ਸਾਡੇ ਤੋਂ ਪਹਿਲਾਂ ਵੀ ਬਹੁਤ ਸਾਰੀਆਂ ਸਮਾਜ ਸਧਾਰੂ ਅਤੇ ਧਾਰਮਿਕ ਜਥੇਬੰਦੀਆਂ ਲੱਚਰ ਗਾਉਣ, ਲਿਖਣ ਵਾਲਿਆ ਦੇ ਖਿ਼ਲਾਫ ਮੋਰਚੇ ਲਾਉਂਦੀਆਂ ਆਈਆ ਸਨ ਤੇ ਅੱਜ ਵੀ ਲਾਈ ਜਾਂਦੀਆਂ ਹਨ। ਸਾਨੂੰ ਤਾਂ ਉਹਨਾਂ ਵੇਲਿਆਂ ਵਿੱਚ ਗੁਰਦਾਸ ਮਾਨ ਵੀ ਅਸ਼ਲੀਲ ਅਤੇ ਲੱਚਰ ਗਾਉਂਦਾ ਇਨਕਲਾਬ ਦੇ ਰਾਹ ਦਾ ਰੋੜਾ ਹੀ ਨਹੀ ਪਹਾੜ ਲਗਦਾ ਸੀ। ਅਸੀਂ ਇਸ਼ਕ ਮੁਸ਼ਕ ਦੇ ਗੀਤਾਂ ਦੇ ਖਿਲਾਫ ਸਾਂ ਤੇ ਨੌਜਵਾਨਾਂ ਨੂੰ ਮਸਤੀ ਮਨਾਉਣ ਵਾਲੇ ਗੀਤਾਂ ਦੇ ਖਿਲਾਫ ਇਸ ਗੀਤ ਨਾਲ ਮਾਨ ਨੂੰ ਸੰਬੋਧਤ ਹੁੰਦੇ ਸਾਂ ।          
ਹੁਸ਼ਨ ਇਸ਼ਕ ਦੀਆਂ ਗੱਲਾਂ ਛੋੜ
ਕਾਨੀ ਦਾ ਮੂੰਹ ਐਧਰ ਮੋੜ     

                                
ਮਤਲਬ ਇਨਕਲਾਬ ਦੇ ਗੀਤ ਗਾ ਤੇ ਲਿਖ, ਐਵੇਂ ਨਾ ਸਾਰੇ ਮਾਮਲੇ ਗੜਬੜ ਕਰੀ ਜਾ। ਅੱਤਵਾਦ ਦੇ ਸਮੇਂ ਵੀ ਅਖੌਤੀ ਖਾੜਕੂ ਸਮਾਜ ਸੁਧਾਰਕ ਸਭ ਤੋਂ ਪਹਿਲਾਂ ਇਨ੍ਹਾਂ ਲੱਚਰ ਗਾਉਣ ਵਾਲਿਆ ਨੂੰ ਹੀ ਨਿਸ਼ਾਨੇ ’ਤੇ ਧਰਦੇ ਸਨ। ਪੰਜਾਬ ਦੀ ਲੋਕਾਈ ਲਈ ਰਹਿਤ ਮਰਿਆਦਾ ਜਿਸ  ਨੂੰ ਉਹ ‘ਕੋਡ ਔਫ ਕੰਡਕਟ ਕਹਿੰਦੇ ਸਨ ਜਾਰੀ ਕਰਦੇ ਸਨ। ਇਸ ਕੋਡ ਔਫ ਕਡੰਕਟ ਦੇ ਮੇਚ ਨਾ ਆਉਣ ਵਾਲੇ ਲੋਕਾਂ ਨੂੰ ਸੋਧੇ ਲਾਏ ਜਾਂਦੇ ਸਨ, ਕਈਆਂ ਨੂੰ ਗੱਡੀ ਵੀ ਚ੍ਹਾੜ ਦਿੱਤਾ ਜਾਂਦਾ ਸੀ ਤੇ ਕੁਝਨਾ ਨੂੰ ਸਿਰਫ ਮਾਰ ਕੁੱਟ ਕੇ ਝੂਟੇ ਦਿੱਤੇ ਸਨ।

ਉਨ੍ਹਾਂ ਪਿੰਡ ਦੇ ਸਰਪੰਚ ਦੀਦਾਰ ਸੰਧੂ ਨੂੰ ਭਰੀ ਪੰਚਾਇਤ ਵਿੱਚ ਬੇਇੱਜ਼ਤ ਕੀਤਾ ਸੀ, ਯਾਣੀ ਕੇ ਗੱਡੀ ਨਹੀਂ ਚਾਹੜਿਆ ਸਿਰਫ ਝੂਟਾ ਹੀ ਦਿੱਤਾ ਸੀ। ਏ ਕੇ ਸੰਤਾਲੀਆਂ ਨਾਲ ਹੋਰਾਂ ਨੂੰ ਸਬਕ ਸਿਖਾਉਣ ਲਈ ਡਾਕਟਰ ਰਵਿੰਦਰ ਰਵੀ, ਅਮਰ ਸਿੰਘ ਚਮਕੀਲੇ ’ਤੇ ਫਿਲਮ ਮੇਕਰ ਵਰਿੰਦਰ ਵਰਗੇ ਸੋਧ ਕੇ ਗੱਡੀ ਚਾੜ੍ਹ ਦਿੱਤੇ ਗਏ ਸਨ। ਚਮਕੀਲੇ ਦੇ ਕਤਲ ਤੋਂ ਬਾਦ ਤਾਂ ਰਹਿੰਦੇ ਖੂੰਹਦੇ ਗਾਇਕ ਵੀ ਲੁਧਿਆਣੇ ਬੱਸ ਅੱਡੇ ਦੇ ਸਾਹਮਣੇ ਮੋਗੇ ਵਾਲੇ ਵੈਦਾਂ ਦੇ ਚੁਬਾਰੇ ਖੁੱਲ੍ਹੇ ਛੱਡ ਕੇ ਅੱਡੀਆਂ ਨੂੰ ਥੁੱਕ ਲਾ ਕੇ ਪਤਾ ਨਹੀਂ ਕਿਹੜੇ ਪਤਾਲੀ ਗਰਕ ਗਏ ਸਨ। ਫਿਰ ਕਈ ਸਾਲ ਇਨ੍ਹਾਂ ਚੁਬਾਰਿਆਂ ਵਿੱਚ ਕਬੂਤਰ ਵੀ ਡਰਦੇ ਮਾਰੇ ਨਹੀਂ ਗੁੱਟਕਦੇ ਸਨ। ਜਿੱਦਣ ਚਮਕੀਲੇ ਦਾ ਕਤਲ ਹੋਇਆ ਓਦਣ ਵੀ ਹਜ਼ਾਰਾਂ ਲੋਕ ਉਸ ਨੂੰ ਸੁਣਨ ਪਹੁੰਚੇ ਹੋਏ ਸਨ।  
                                     
ਹੁਣ ਤਾਂ ਸਾਰਾ ਪੰਜਾਬ ਹੀ ਵੈਦਾਂ ਦੇ ਚੁਬਾਰੇ ਬਣਿਆ ਪਿਆ ਹੈ। ਜਿੰਨੇ ਗਾਇਕਾਂ ਦੇ ਬੋਰਡ ਉਨ੍ਹਾਂ ਵੇਲਿਆ ਵਿੱਚ ਲੁਧਿਆਣੇ ਵਿੱਚ ਲੱਗੇ ਹੁੰਦੇ ਸਨ, ਹੁਣ ਤਾਂ ਉਸ ਤੋਂ ਵੀ ਜਿ਼ਆਦਾ ਬਾਡਰੀ ਕਸਬੇ ਭਿੱਖੀ ਵਿੰਡ ਵਿੱਚ ਹੀ ਲੱਗੇ ਹਨ। ਭਿੱਖੀ ਵਿੰਡ ਉਹ ਇਲਾਕਾ ਹੈ, ਜਿੱਥੇ ਅੱਤਵਾਦ ਦੀ ਚੜ੍ਹਾਈ ਸਮੇਂ ਗੀਤ ਤਾਂ ਕੀ ਆਪਣੇ ਸਕੇ ਸੋਦਰੇ ਦੀ ਅਣਆਈ ਮੌਤ ਤੇ ਡਰਦਾ ਮਾਰਾ ਕੋਈ ਉੱਚੀ ਵੈਣ ਵੀ ਨਹੀਂ ਪਾਉਂਦਾ ਸੀ। ਅੱਤਵਾਦ ਨੇ ਹਰ ਬਾਸ਼ਿੰਦੇ ਦੇ ਮੂੰਹ ’ਤੇ ਜਿੰਦਰਾ ਮਾਰ ਕੇ ਕੁੰਜੀ ਹਰੀ ਕਿਆ ਵਾਲੇ ਹੈਡ ਵਿੱਚ ਸੁੱਟ ਦਿੱਤੀ ਸੀ, ਜੋ ਸ਼ਇਦ ਪਾਕਿਸਤਾਨ ਨੂੰ ਰੁੜ ਗਈ ਸੀ।   
                                          
ਆਖਿਰ ਗ਼ਲਤੀ ਹੈ ਕਿੱਥੇ ?        
                        
 ਆਮ ਲੋਕ ਧਾਰਮਿਕ ਲੋਕਾਂ ਨੂੰ ਵੀ ਨਹੀਂ ਸੁਣਦੇ, ਸਮਾਜ ਸੁਧਾਰਕਾਂ ਨੂੰ ਵੀ ਨਹੀਂ ਗੌਲਦੇ, ਸਾਡੇ ਵਰਗੇ ਕੜੇ ਕਾਮਰੇਡ ਵੀ ਸੰਘ ਪਾੜ ਪਾੜ ਹੰਭ ਗਏ ਤੇ ਪਰਨਾਲਾ ਅੱਜ ਵੀ ਉੱਥੇ ਦਾ ਉੱਥੇ ਹੈ। ਆਉ ਪਹਿਲਾਂ ਸੋਚੀਏ ਗੀਤ ਸੰਗੀਤ ਤੇ ਸੱਭਿਆਚਾਰ ਅਸਲ ਵਿੱਚ ਹੈ ਕਿਸ ਜਨੌਰ ਦਾ ਨਾਂ ?

ਗੀਤ ਸੰਗੀਤ ਵਿੱਚ ਉਹੋ ਕੁਝ ਹੀ ਹੁੰਦਾ ਹੈ, ਜੋ ਬਹੁ ਸੰਮਤੀ ਸਮਾਜ ਦੀ ਰੂਹ ਵਿੱਚ ਹੁੰਦਾ ਹੈ। ਪੰਜਾਬ ਵਿੱਚ ਤਾ ਜੰਮਣ ਤੋਂ ਲੈ ਕੇ ਸਿੜੀ ਤੱਕ ਹਰ ਸਮਾਜਿਕ ਰਸਮ ’ਤੇ ਗੀਤ ਹੀ ਗੀਤ ਹਨ। ਇਸ ਵਰਤਾਰੇ ਨੂੰ ਧੰਦੇਬਾਜ਼ ਵਪਾਰੀ, ਫਿਲਮਾਂ ਵਾਲੇ ਤੇ ਰਿਕਾਰਡਿੰਗ ਕੰਪਨੀਆਂ ਖੂਬ ਸਮਝਦੀਆਂ ਹਨ। ਉਹ ਚੰਗੇ ਚੰਗੇ ਗਾਇਕਾਂ ਤੋਂ ‘ਸਿੱਲ੍ਹੀ ਸਿੱਲ੍ਹੀ ਆਉਂਦੀ ਹੈ ਹਵਾ’ ਵੀ ਗਵਾ ਲੈਂਦੀਆਂ ਹਨ ਤੇ ਵਕਤ ਆਉਂਣ ਤੇ “ਔਹ ਵੇਖੋ ਅੱਗ ਤੁਰੀ ਜਾਂਦੀ ਹੈ” ਵੀ। ਬਾਕੀ ਕੁਲਵਕਤੀ ਗਾਇਕਾਂ ਨੇ ਰੋਟੀ ਵੀ ਖਾਣੀ  ਹੁੰਦੀ ਹੈ । ਪੰਜਾਬ ਦੀ ਕੋਇਲ ਸੁਰਿੰਦਰ ਕੌਰ ਨੂੰ ਵੀ ਆਪਣੇ ਪਤੀ ਦੀ ਮੌਤ ਤੋਂ ਬਾਅਦ ਮਾੜੇ ਗੀਤ ਗਾਉਣੇ ਪਏ ਸਨ।

ਕੀ ਕਰਦੀ, ਤਿੰਨ ਧੀਆਂ ਦੀ ਪੜ੍ਹਾਉਣ ਲਿਖਾਉਣ ਤੇ ਵਿਆਉਣ ਦੀ ਜ਼ਿੰਮੇਵਾਰੀ ਪੰਜਾਬੀ ਸੱਭਿਆਚਾਰ ਵਿੱਚ ਕੱਲੀ ਵਿਧਵਾ ਜ਼ਨਾਨੀ ਲਈ ਕੋਈ ਖਾਲਾ ਜੀ ਦਾ ਵਾੜਾ ਨਹੀਂ ਸੀ, ਜਿੱਥੇ ਦਾਜ ਤੋਂ ਬਗੈਰ ਜਗਦੀ ਟਿਊਬ ਵਰਗੀਆਂ ਸੋਹਣੀਆਂ ਕੁੜੀਆਂ ਨੂੰ ਵੀ ਕੋਈ ਡੇਲਿਆ ਵੱਟੇ ਨਹੀਂ ਪਛਾਣਦਾ। ਤੇ ੳਲਟਾ ਪਾਸਾ, ਨਰਿੰਦਰ ਚੰਚਲ ਨੂੰ ਲੱਚਰ ਗੀਤ ਗਾਉਣ ਦੀ ਕੀ ਲੋੜ ਪਈ ਹੈ, ਉਸ ਨੂੰ ਤਾਂ ਮਾਤਾ ਦੀਆਂ ਭੇਟਾਂ ਹੀ ਤਾਰੀ ਜਾਂਦੀਆਂ ਹਨ। ਕਈਆਂ ਦਾ ਚੁੱਲ੍ਹਾ ਗਰਮ ਮਾਹਾਰਾਜ ਦਾ ਕੀਰਤਨ ਹੀ ਕਰੀ ਜਾਂਦਾ ਹੈ, ਜਗਾਦਰੀ ਵਾਲੇ ਨੂੰ ਕੀ ਲੋੜ ਹੈ ਮਿਸ ਪੂਜਾ ਜਾਂ ਸੁਦੇਸ਼ ਕੁਮਾਰੀ ਨਾਲ ‘ਦੁ-ਕੀਰਤਨ’ ਗਾਉਣ ਦੀ। ਰਜ਼ਨੀ ਠੁਕਰਾਲ ਨੂੰ ਧੀ ਚਮਾਰਾਂ ਦੀ ਅਖਵਾ ਕੇ ਤੇ ਖਾੜਕੂ ਰੌਅ ਵਿੱਚ ਤਲਵਾਰਾਂ ਹਵਾ ਵਿੱਚ ਲਹਿਰਾਂ ਕੇ ਭਗਤ ਰਵੀਦਾਸ ਜੀ ਦੀ ਬਾਣੀ ਗਾ ਕੇ ਹੀ ਟੁੱਕਰ ਮਿਲੀ ਜਾਂਦਾ ਹੈ।

ਸੂਫੀ ਗਾਇਕ ਬਰਕਤ ਸਿੱਧੂ ਜੋ ਮੇਰੇ ਸ਼ਹਿਰ ਮੋਗੇ ਦਾ ਹੀ ਹੈ, ਨੇ ਬਹੁਤ ਪਾਪੜ ਵੇਲੇ ਹਨ, ਦੋ ਪੱਕੇ ਕੋਠੇ ਪਾਉਣ ਲਈ ਉਹ ਮਜ਼ਾਰਾਂ ਨਗਾਹਿਆਂ ’ਤੇ ਵੀ ਗਾਉਂਦਾ ਸੀ। ਕਦੀ ਕਦੀ ਵਿਆਹਾ ਸਾ਼ਦੀਆਂ ’ਤੇ ਨਾ ਚਾਹੁੰਦਿਆ ਹੋਇਆ ਵੀ ਕਿਸੇ ਸਸਤੀ ਜਿਹੀ ਬੇਸੁਰੀ ਸਾਥਣ ਗਾਇਕਾਂ ਨਾਲ ਸਦੀਕ, ਦਿਦਾਰ, ਚਮਕੀਲੇ ਤੇ ਕਰਤਾਰ ਸਿੰਘ ਰੱਮਲੇ ਮਾਰਕਾ ਗਾਣੇ ਵੀ ਢਿੱਡ ਖਾਤਰ ਗਾ ਆਉਂਦਾ ਸੀ। ਲੋਕਾਂ ਦੀ ਅਕਲ ਦੀ ਥਾਹ ਜਿੰਨੀ ਇਨ੍ਹਾਂ ਗੌਣ-ਪਾਣੀ ਦੇ ਦਿੱਲੀ ਮੁੰਬਈ ਬੈਠੇ ਵਪਾਰੀ ਧੰਦੇਬਾਜ਼ਾਂ ਨੂੰ ਹੈ, ਉਨੀ ਕਿਸੇ ਸਿਆਸੀ ਪਾਰਟੀ ਨੂੰ ਵੀ ਨਹੀਂ । ਕੌਤਕੀ ਉਹ ਐਨੇ ਹਨ ਜੇ ਸੀ ਡੀ ਨਾ ਚੱਲੇ ਉਸ ਖਿਲਾਫ ਮਾੜਾ ਮੋਟ੍ਹਾ ਵਾਵੇਲਾ ਜ਼ਿੰਦਾਬਾਦ ਮੁਰਦਾਬਾਦ ਕਰਵਾ ਕੇ ਵੀ ਅਪਣੇ ਖਰਚੇ ਨੋਟ ਖਰੇ ਕਰ ਲੈਂਦੇ ਹਨ। ਗੀਤ ਸੰਗੀਤ ਤੇ ਬੋਲੀ ਦਾ ਇੱਟਾਂ ,ਰੇਤਾ ਤੇ ਸੀਮਿੰਟ ਵਰਗਾ ਸੰਘਣਾ ਰਿਸ਼ਤਾ ਹੈ। ਕੋਈ ਵੀ ਗੀਤ ਉਨਾ ਚਿਰ ਮਸ਼ਹੂਰ ਨਹੀਂ ਹੁੰਦਾ ਜਿੰਨਾ ਚਿਰ ਉਸ ਨੂੰ ਸੁਨਣ ਵਾਲੇ ਸਰੋਤਿਆ ਦੀ ਸਹਿਮਤੀ ਨਾ ਹੋਵੇ ਸਹਿਮਤੀ ਤਾਂ ਹੀ ਹੋਵੇਗੀ ਜੇ ਗੀਤ ਸੰਗੀਤ ਲੋਕਾਂ ਦੀ ਸੋਚ ਤੇ ਸੱਭਿਆਚਾਰ ਦਾ ਹਾਣੀ ਹੋਵੇਗਾ। ਹੇਠਾ ਮੈਂ ਹੀਰ ਵਾਰਸ਼ ਸ਼ਾਹ ਦੇ ਕਿੱਸੇ ਵਿੱਚੋਂ ਕੁਝ ਦਰਜ ਕਰ ਰਿਹਾਂ ਹਾਂ।

ਤੇਰੇ ਚੰਬੇ ਦੇ ਸਿਹਰੇ ਹੁਸਨ ਵਾਲੇ, ਅੱਜ ਕਿਸੇ ਹੁਸ਼ਨਾਕ ਨੇ ਲੁੱਟ ਗਏ
ਤੇਰੇ ਸੀਨੇ ਨੂੰ ਕਿਸੇ ਟਟੋਲਿਆ ਏ,ਨਾਫ ਮੁਸ਼ਕ ਵਾਲੇ ਦੋਵੇਂ ਪੁਟ ਲਏ
ਜਿਹੜੇ ਨਿਤ ਨਿਸ਼ਾਨ ਛੁਪਾੳਂਦੀ ਸੈਂ,ਕਿਸੇ ਤੀਰ ਅੰਦਾਜ਼ ਨੇ ਝੁੱਟ ਲਏ
ਕਿਸੇ ਜ਼ਾਲਮ ਬੇਦਰਦ ਕਸੀਸ ਦਿਤੀ, ਬੰਦ ਬੰਦ ਕਮਾਨ ਦੇ ਟੁਟ ਗਏ
ਆਖ ਕਿਨਾਂ ਫੁਲੇਲੀਆਂ ਪੀਵੀਏ ਤੁੰ, ਅਤਰ ਕਢਕੇ ਫੋਗ ਨੂੰ ਸੁਟ ਗਏ
ਭਾਵੇਂ ਯਾਰ ਰਾਝੇ ਨਾਲ ਮੇਲ ਹੋਯਾ,ਜ਼ਬਰੋ ਜ਼ੋਰ ਕਰਕੇ ਹੁਣ ਕਟ ਗਏ
ਕਿਸੇ ਹਿਕ ਇਕ ਹਿਕ ਜੋੜੀ,ਵਿਚੋਂ ਫੁਲ ਗੁਲਾਬ ਦੇ ਘੁਟ ਗਏ
ਵਾਰਸ਼ ਸ਼ਾਹ ਉਹ ਵਗਾਂ ਦੇ ਨਾਲ ਚੁਗਣ ਜਿਹੜੇ ਪਹਿਲੜੇ ਰਜ਼ ਹੋ ਜੁਟ ਗਏ।    
(ਹੀਰ ਵਾਰਿਸ਼ ਸ਼ਾਹ ਪੰਨਾ 316।)     
               
ਹੁਣ ਜੇ ਮੈਂ ਬਹੁਤੀ ਦੂਰ ਨਾ ਵੀ ਇਤਿਹਾਸ ਵਿੱਚ ਜਾਂਵਾ ਤਾਂ ਹੀਰ ਵਾਰਿਸ਼ ਸ਼ਾਹ ਅੱਜ ਦੇ ਗੀਤਾਂ ਵਿੱਚ ਅਖੌਤੀ ਅਸ਼ਲੀਲਤਾਂ ਦੀ ਮਾਂ ਹੈ। ਅੱਜ ਦੇ ਅਸ਼ਲੀਲ ਗਾਇਕਾਂ ਦੀ ਫ਼ਸਲ ਦੇ ਬੀਜ਼ ਵਾਰਿਸ ਸ਼ਾਹ ਤੇ ਦਮੋਦਰ ਦੀ ਹੀਰ ਵਿੱਚ ਬਿਰਾਜਮਾਨ ਹਨ। ‘ਰੰਨ’ ਸ਼ਬਦ ਜਿਸ ਨੂੰ ਆਂਮ ਪੇਂਡੂ ਪੰਜਾਬੀ ਲੋਕ ਸਿਰਫ ਤੇ ਸਿਰਫ ਗਹਿ ਗੱਚ ਸ਼ਬਦਾ ਦੀ ਲੜਾਈ ਸਮੇਂ ਹੀ ਵਰਤਦੇ ਹਨ ਹੀਰ ਦੇ ਕਿੱਸੇ ਵਿੱਚ ਵਾਰ ਵਾਰ ਹੀ ਨਹੀਂ ਸੌਆਂ ਵਾਰ ਆਉਂਦਾ ਹੈ। ਅੱਜ ਦੇ ‘ਗਾਇਕ ਤਾਂ ਹੁਣ ਇਸ ਸਿਰੇ ਦੇ ਅਸ਼ਲੀਲ ਸ਼ਬਦ ਨੂੰ ਵਰਤਦੇ ਹੀ ਨਹੀਂ। ਦੇਵ ਥਰੀਕਿਆਂ ਵਾਲੇ ਤੇ ਕੁਲਦੀਪ ਮਾਣਕ ਨੇ ਇਸ ਸ਼ਬਦ ਨੂੰ ਘਰੌੜ ਘਰੋੜ ਕੇ ਤੇ ਸਵਾਦ ਲੈ ਲੈ ਕੇ ਵਰਤਿਆ ਹੈ। ਕੁਲਦੀਪ ਮਾਣਕ ਦੀ ਗਾਈ ਤੇ ਦੇਵ ਥਰੀਕੜੇ ਵਾਲੇ ਦੀ ਲਿਖੀ ਇਸ ਕਲੀ ਨੂੰ ਕੌਣ ਭੁੱਲਿਆ ਹੈ ਅਖੇ।

ਰੰਨਾਂ ਚੈਂਚਲ ਹਾਰੀਆਂ ਕੀ ਰੰਨਾਂ ਦਾ ਇਤਬਾਰ।
ਉਹ ਦਿਨੇ ਡਰਨ ਪਰਛਾਵਿਉ, ਰਾਤੀ ਨਦੀਆਂ ਕਰਦੀਆਂ ਪਾਰ।                                                              

ਉਹ ਕਿਹੜੀ ਗਾਲ੍ਹ ਹੈ, ਉਹ ਕਿਹੜੇ ਦੂਸ਼ਣ ਹਨ, ਜੋ ਇਸ ਇੱਕੋ ਕਲੀ ਵਿੱਚ ਪੰਜਾਬੀ ਔਰਤ ਤੇ ਨਹੀਂ ਲਾਏ ਗਏ। ਇਹ ਕਲੀ ਮੇਰੇ ਵਰਗੇ ਨੂੰ ਜਵਾਨੀ ਚੇਤੇ ਕਰਵਾ ਦਿੰਦੀ ਹੈ, ਇਥੇ ‘ਲੱਕ 28’ ਜਾਂ ‘ਸਾਡੀ ਮਾਂ ਨੂੰ ਪੁੱਤ ਨ੍ਹੀਂ ਲੱਭਣੇ ਨੀ ਤੈਨੂੰ ਯਾਰ ਬਥੇਰੇ’ ਤਾਂ ਕੁਝ ਵੀ ਨਹੀਂ ਹੈ। ਐਨੀ ਬੇਵਿਸ਼ਵਾਸੀ ਸਾਡੀ ਆਪਣੀ ਮਾਂ ਭੈਣ ਤੇ ਮਹਿਬੂਬਾ ਦੇ ਸੰਬੰਧ ਵਿੱਚ ਕਿਸੇ ਵੀ ਗੀਤ ਵਿੱਚ ਸ਼ਾਇਦ ਹੁਣ ਤੱਕ ਨਹੀਂ ਆਈ।

ਇਹ ਪੰਜਾਬੀ ਔਰਤ ਵਿੱਚ ਪੰਜਾਬੀ ਮਰਦ ਦੀ ਬੇਭਰੋਸਗੀ ਦੀ ਚਰਮਸੀਮਾ ਹੈ। ਵਾਰਿਸ ਸ਼ਾਹ ਵੀ ਇਥੋ ਤੱਕ ਨਹੀਂ ਗਿਆ। ਭੱਠ ਰੰਨਾਂ ਦੀ ਦੋਸਤੀ ਜਿਹੜੀ ਟੁੱਟਦੀ ਅੱਧ ਵਿਚਕਾਰ ਤੇ 365 ਚਲਿਤਰ ਨਾਰ ਦੇ ਤੱਕ ਪਹੁੰਚਦਿਆਂ ਬੰਦਾ ਆਪਣੀ ਮਾਂ ਭੈਣ ਤੇ ਘਰ ਵਾਲੀ ਦੇ ਰਿਸ਼ਤੇ ਬਾਰੇ ਸੋਚਣ ਲਈ ਮਜਬੂਰ ਹੋ ਸਕਦਾ ਹੈ, ਜੇ ਉਹ ਥਰੀਕੜਿਆਂ ਵਾਲੇ ਦੇ ਸ਼ਬਦਾਂ ਨੂੰ ਹੂ-ਬ ਹੂ ਲਵੇ ਤਾਂ। ਜੇ ਸਿਰਫ ਗੀਤ ਸਮਝ ਕੇ ਛੱਡ ਦੇਣਾ ਹੈ ਤਾਂ ਗੱਲ ਕੁਝ ਵੀ ਨਹੀਂ ਆਮ ਲੋਕ ਇਵੇਂ ਹੀ ਕਰਦੇ ਹਨ। ਅਸ਼ਲੀਲ ਅਰਥ ਤਾਂ ਸਿਰਫ ਅਸ਼ਲੀਲ ਬੁੱਧੀਜੀਵੀ ਹੀ ਕਰ ਕਰ ਲੋਕਾਂ ਨੂੰ ਦੱਸਦੇ ਹਨ।                        
                                    
ਸੋ ਆਉ ਪੰਜਾਬ ਵਾਸੀੳ ਜ਼ਰਾ ਸੋਚੀਏ ਕਿਤੇ ਇਹ ਗੀਤ ਸਾਡੇ ਅੰਦਰ ਬੈਠੇ ਦੂਸਰੇ ਅਣਦਿਸਦੇ ਬੰਦੇ ਦੇ ਵਿਚਾਰਾਂ ਦੀ ਹੀ ਤਾਂ ਨਹੀਂ ਤਰਜ਼ਮਾਨੀ ਕਰਦੇ ? ਕਿਤੇ ਅਸੀਂ ਪੰਜਾਬੀ ਦੋਗਲੇ ਤਾਂ ਨਹੀਂ ? ਅਸੀਂ ਗੱਲ ਗੱਲ ’ਤੇ ਮਾਂ ਭੈਣ ਤੇ ਧੀ ਦੀ ਗਾਹਲ ਅਪਣੇ ਹੀ ਬੱਚਿਆ ਸਾਹਮਣੇ ਦਿਨੇ ਰਾਤ ਕੱਢੀ ਜਾਨੇ ਹਾਂ। ਜਿੰਨੇ ਅਸ਼਼ਲੀਲ ਅਸੀਂ ਜਨਤਕ ਜੀਵਨ ਵਿੱਚ ਹਾਂ ਲੱਚਰ ਤੋਂ ਲੱਚਰ ਗੀਤ ਵੀ ਇਸ ਬਕਵਾਸ ਨਾਲੋਂ ਹਜ਼ਾਰ ਦਰਜੇ਼ ਚੰਗਾ ਹੈ। ਕਿਤੇ ਸਾਡੇ ਗੀਤ ਦਰਪਣ ਬਣ ਕੇ ਸਾਡਾ ਅਸਲੀ ਚਿਹਰਾ ਹੀ ਤਾਂ ਨਹੀਂ ਵਿਖਾ ਰਹੇ ? ਅਸੀਂ ਹੀਰ, ਸੱਸੀ, ਸਾਹਿਬਾਂ ਗਾਉਂਦੇ ਹਾਂ, ਪਰ ਸਾਹਿਬਾਂ, ਸੱਸੀਆਂ, ਹੀਰਾਂ ਨੂੰ ਅਸੀਂ ਛੇ ਹਫਤੇ ਵੀ ਮਾਵਾਂ ਦੇ ਪੇਟ ਵਿੱਚ ਨਹੀਂ ਜਿ਼ਉਂਣ ਦਿੰਦੇ  ਅਸੀਂ ਸਾਰੀ ਦੁਨੀਆਂ ਵਿੱਚ ਕੁੜੀ ਮਾਰ ਵਜੋਂ ਮਸ਼ਹੂਰ ਹਾਂ। ਅਸੀਂ ਅਣਜੰਮੀਆਂ ਸੱਸੀਆਂ, ਸਾਹਿਬਾਂ, ਹੀਰਾਂ ਦੀਆਂ ਛੇ ਛੇ ਹਫਤੇ ਦੀਆਂ ਲੋਥਾਂ ਨਾਲ ਖੂਹਾਂ ਦੇ ਖੂਹ ਭਰ ਦਿੱਤੇ ਹਨ। ਉਹ ਕਿਹੜਾ ਖਤਰਾ ਡਰ ਹੈ, ਜਿਹੜਾ ਸਾਨੂੰ ਆਪਣੀ ਹੀ ਨਸ਼ਲਘਾਤ ਲਈ ਪ੍ਰੇਰਤ ਕਰ ਰਿਹਾ ਹੈ। ਉਹ ਡਰ ਹੀ ਅਸਲੀ ਅਸ਼ਲੀਲ ਹੈ ਤੇ ਇਸ ਅਸ਼ਲੀਲਤਾਂ ਤੇ ਲੱਚਰਤਾ ਦੇ ਬੀਜ ਸਾਡੇ ਹੀ ਅੰਦਰ ਹਨ। ਫਿਰ ਉਹੀ ‘ਦਰਪਣ’ ਮੇਰਾ ਮਤਲਬ ਇੱਕ ਗੀਤ ਫਿਰ ਸਾਨੂੰ ਸਾਡਾ ਅਸਲਾ ਵਿਖਾਉਂਦਾ ਹੈ, ਅਖੇ:      
                  
ਨਾਲੇ ਮੁੰਡੇ ਰੰਨਾ ਭਾਲਦੇ                                            
 ਨਾਲੇ ਕੁੜੀਆਂ ਜੰਮਣ ਤੋਂ ਡਰਦੇ।

                                 

Comments

Parminder Singh Shonkey

ਪੰਜਾਬੀ ਗਾਇਕੀ ਚ ਛਾਏ ਗੰਦ ਨੂੰ ਸਮਝਾਉਂਦਾ ਇਹ ਨਿਰਪੱਖ ਲੇਖ ਹੈ ਲੇਖਕ ਦੀ ਮਿਹਨਤ ਦੀ ਸਲਾਘਾ ਕਰਨੀ ਬਣਦੀ ਹੈ ਬਹੁਤ ਖੂਬ

Avtar Baee [www.suhisaver.org[

ਜੁਗਿੰਦਰ ਬਾਠ ਦਾ ਇਹ ਲੇਖ ਲਚਰ ਗਾਇਕੀ ਬਾਰੇ ਬਹੁਤ ਹੀ ਪੜਚੋਲ ਭਰਪੂਰ ਲੇਖ ਹੈ ਤੇ ਉਸਨੇ ਲਚਰ ਗਾਇਕੀ ਖਿਲਾਫ਼ ਪੁਰਾਨੀ ਮੁਹਿਮ ਦੀ ਯਾਦ ਵੀ ਤਾਜ਼ਾ ਕਰਵਾਈ ਹੈ, ਉਸਨੇੰ ਇਸ ਲਚਰ ਗਾਇਕੀ ਦੇ ਅਸਲ ਕਾਰਨਾਂ ਤੇ ਉਂਗਲ ਧਰੀ ਹੈ ਤੇ ਸਿੱਟਿਆਂ ਬਾਰੇ ਵੀ ਅਗਾਹ ਕੀਤਾ ਹੈ, ਲੇਖਕ ਵਧਾਈ ਦਾ ਪਾਤਰ ਹੈ, ਸੋਚਣਾ ਸਾਡੇ ਲਈ ਜਰੂਰੀ ਹੋ ਜਾਂਦਾ ਹੈ ਕਿ ਅੱਜ ਅਸੀਂ ਇਸ ਬੁਰਾਈ ਨੂੰ ਖਤਮ ਕਰਨ ਲਈ ਕਿੰਨੇ ਕੁ ਸੁਹਿਰਦ ਹਾਂ ? ਅਸੀਂ ਕਿੰਨਾ ਕੁ ਜਾਣਦੇ ਹਾ ਕਿ ਜਿਸ ਪ੍ਰਬੰਧ ਦੀ ਸ਼ਤਰਸ਼ਾਇਆ ਹੇਠ ਇਹ ਸਭ ਕੁਝ ਹੋ ਰਿਹਾ ਹੈ ਜਾਂ ਕਰਵਾਇਆ ਜਾ ਰਿਹਾ ਹੈ ਉਸ ਬਾਰੇ ਸਾਡੀ ਕੀ ਰਾਏ ਹੈ ?

Hazara Singh

Batth sahib, sahi than ungal dharn vaste thank you. Jo cheeze vikdi hai uh bnhegi vi. sabh kujh mandi te nirbhar karda hai. sach ih hai ke mar dite janh de bavjood chmkila aj vi vikda hai. Marn vale vi sachi chmkile di geetan to naraz nhi san uh tan usnu mar ke aapnha dab dba kaim karn lai surkhian bnhanh vala vadha action karna chahunde c.

Jaswant Singh Chann

Sohna lekhyaa,veer ...

dhanwant bath

kafi had tak laikh haqiqat de kreeb hai,asllilta jaker ghande gane gaon nall jan kudia de ghet kapde pahnen naal aounde tan bahrle mulk sab ton pahla es di lapait wich aounde......india wich sab ton jada dharmik ade han fer v ki karn hai k india wich asllilta failn da hor mulka nalo jada dar hai???meri niga wich es da asil karn sade ghera wich dhake nale dhose gai dharmik mahol v hai.....asi akser daikhde han k jina ghera wich dharmik asoul jada sakhti naal lagu kite jande han ohna ghera de bache he ahna geeta jan naach gania da jada aser kaboulde han.....

ਇਕਬਾਲ

ਸੋਹਣਾ ਲੇਖ ਹੈ ਮੈਂ ਕਦੇ ਸਵਾਲ ਉਠਾਇਆ ਸੀ ਕਿ ਦਿਲਜੀਤ ਦੇ ਘਰ ਮੂਹਰੇ ਧਰਨੇ ਲੱਗ ਰਹੇ ਸਨ ਹਾਲੇ ਤਦੇ ਹੀ ਆਈ ਉਸਦੀ ਫਿਲਮ ਨੇ ਰਿਕਾਰਡਤੋੜ ਕਮਾਈ ਵੀ ਕਰ ਲਈ | ਧਰਨੇ ਲਗਾਉਣ ਵਾਲੇ ਕੌਣ ਸਨ ਤੇ ਕਮਾਈ ਕਰਵਾਉਣ ਵਾਲੇ ਕੌਣ ਸਨ ? ਇਹ ਮਸਲਾ ਉਲਝਿਆ ਹੋਇਆ ਉਨਾ ਸਿਧਾ ਨਹੀਂ ਜਿਨਾਂ ਕਈ ਮੇਰੇ ਵੀਰ ਦੇਖ ਰਹੇ ਹਨ (ਉਹਨਾਂ ਦੇ ਕਿਸੇ ਯਤਨ ਨੂੰ ਨਿਗੁਣਾ ਆਖਣ ਦਾ ਮੇਰਾ ਕੋਈ ਇਰਾਦਾ ਨਹੀਂ) ਬਾਠ ਸਾਹਿਬ ਵਧਾਈ ਦੇ ਪਾਤਰ ਹੋ ਮਸਲੇ ਨੂੰ ਜੜਾਂ ਵੱਲ ਲਿਜਾਣ ਦਾ ਉੱਦਮ ਕੀਤਾ ਹੈ |

sweg Deol

Bahut khoob likhia!!!

Hapreet

ਪ੍ਰਮਾਤਮਾ ਤੁਹਾਡੀ ਕਲਮ ਤੇ ਮੇਹਰ ਰੱਖੇ | ਜਿਓੰਦੇ ਰਹੋ

viney behal

ਬਹੁਤ ਵਧੀਆ ਲਿਖਿਐ ਬਾਠ ਜੀ।

Jaswinder Sangha

ਕਿਸੇ ਵੀ ਬੁਰਾਈ ਨੂੰ ਸਿਰਫ ਏਸ ਤਰਕ ਤੇ ਕਿ ਇਹ ਤਾਂ ਸਦੀਆਂ ਤੋਂ ਚੱਲੀ ਆ ਰਹੀ ਹੈ - ਅਪਨਾਇਆ ਨਹੀਂ ਜਾ ਸਕਦਾ। ਸੰਗੀਤ ਰੂਹ ਦੀ ਖੁਰਾਕ ਹੈ। ਹਰੇਕ ਨੂੰ ਚਟਪਟੀ ਖੁਰਾਕ ਵਧੇਰੇ ਲੁਭਾਉਂਦੀ ਹੈ। ਗੱਲ ਤਾਂ ਸਾਰੀ ਅਵੇਅਰਨੈੱਸ ਤੇ ਆ ਕੇ ਮੁੱਕਦੀ ਹੈ!

Security Code (required)



Can't read the image? click here to refresh.

Name (required)

Leave a comment... (required)





ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ