Thu, 12 September 2024
Your Visitor Number :-   7220802
SuhisaverSuhisaver Suhisaver

ਮੰਤਰ, ਹੁਕਮ ਅਤੇ ਸਲਾਹ -ਨੀਲ

Posted on:- 26-10-2014

suhisaver

ਵਿਚਾਰ ਚਰਚਾ ਅਕਸਰ ਬੜੀ ਗੂੜ੍ਹ ਅਤੇ ਸਿੱਖਿਆ ਭਰੀ ਹੁੰਦੀ ਹੈ। ਮੇਰਾ ਇਹ ਹਫਤਾ ਅਜਿਹੀਆਂ ਵਿਚਾਰ ਚਰਚਾਵਾਂ ਦਾ ਹਫਤਾ ਹੀ ਰਿਹਾ ਜਿਸ ਵਿਚ, ਚਲਦੇ ਫਿਰਦਿਆਂ ਹੀ, ਅਨੇਕਾਂ ਵਿਦਵਾਨਾ ਦੇ ਵਿਚਾਰ ਸੁਣਨ ਨੂੰ ਮਿਲੇ। ਇਨ੍ਹਾਂ ਸਾਰੀਆਂ ਵਿਚਾਰ-ਚਰਚਾਵਾਂ ਵਿਚੋਂ ਦੋ ਮੇਰੇ ਲਈ ਬਹੁਤ ਪ੍ਰਭਾਵੀ ਅਤੇ ਮਹੱਤਵਪੂਰਣ ਰਹੀਆਂ ਜਿਨ੍ਹਾਂ ਦੀ ਚਰਚਾ ਇਸ ਲੇਖ ਰਾਹੀਂ ਕਰਨਾ ਚਾਹਾਂਗਾ ਤਾਂ ਜੋ ਉਹ ਗਿਆਨ ਜੋ ਮੈਂ ਹਾਸਿਲ ਕੀਤਾ, ਮੇਰੇ  ਤੀਕ ਹੀ ਸੀਮਿਤ ਨਾ ਰਹਿ ਜਾਵੇ, ਸਗ੍ਹੋਂ ਸਭ ਦੇ ਕੰਮ ਆਵੇ।

ਇਨ੍ਹਾਂ ਦੋਹਾਂ ਵਿਚੋਂ ਪਹਿਲੀ ਚਰਚਾ ਮੇਰੇ ਕਿੱਤੇ ਦੇ ਮੇਰੇ ਉਸਤਾਦ ਸ੍ਰੀ ਦਿਲਬਾਘ ਸਿੰਘ ਸੂਰੀ ਜੀ ਨਾਲ ਚੰਡੀਗੜ੍ਹ ਜਾਂਦਿਆਂ ਅਤੇ ਕੁਝ ਵਕਫ਼ੇ ਮਗ਼ਰੋਂ ਵਾਪਿਸ ਆਉਂਦਿਆਂ ਹੋਈ। ਧਾਰਮਿਕ ਵਿਚਾਰਧਾਰਾ ਨਾਲ ਸਰਾਬੌਰ, ਸੁਲਝੀ ਹੋਈ ਹੋਈ ਸ਼ਖ਼ਸੀਅਤ ਵਾਲੇ ਮੇਰੇ ਈਮਾਨਦਾਰ ਉਸਤਾਦ ਜੀ ਅਕਸਰ ਧਰਮ ਅਤੇ ਸਮਾਜਿਕ ਵਤੀਰੇ ਨਾਲ ਸਬੰਧਿਤ ਗੱਲਾਂ ਹੀ ਸਾਂਝੀਆਂ ਕਰਦੇ ਹਨ ਅਤੇ ਹਮੇਸ਼ਾਂ ਵਾਂਗ ਇਸ ਚਰਚਾ ਵਿਚ ਵੀ ਉਨ੍ਹਾਂ ਨੇ ਧਰਮ ਦੇ ਜ਼ਰੀਏ ਸਮਾਜ ਵਿਚ ਵਿਚਰਨ ਸਬੰਧੀ ਵਿਚਾਰ ਸਾਂਝੇ ਕੀਤੇ।

ਗੱਲਾਂ-ਗੱਲਾਂ ਵਿਚ ਉਹ ਕਿੰਨੇ ਹੀ ਮਹੱਤਵਪੂਰਣ ਵਸੀਲੇ ਸੁਣਾ ਦਿੰਦੇ ਹਨ, ਜਿਨ੍ਹਾਂ ਨੂੰ ਪੂਰਨ ਤੌਰ ਤੇ ਮੁੜ ਸੁਰਜੀਤ ਕਰਨਾ ਮੇਰੀਆਂ ਲਿਖ਼ਤਾਂ ਤੋਂ ਪਰੇ ਹੈ। ਸਵੇਰ ਦੇ ਸਫਰ ਦੌਰਾਨ ਉਨ੍ਹਾਂ ਗੁਰੂ ਵੱਲੋਂ ਦਿੱਤੇ ਨਾਮ ਦਾਨ ਦੇ ਮਹੱਤਵ ਨੂੰ ਉਜਾਗਰ ਕਰਨ ਲਈ ਇਕ ਕਥਾ ਕਹੀ ਕਿ ਇਕ ਰਾਜਾ ਕਿਸੇ ਮੰਨੇ ਹੋਏ ਫ਼ਕੀਰ ਨੂੰ ਗੁਰੂ ਬਣਾਉਂਦਾ ਹੈ ਅਤੇ ਉਨ੍ਹਾਂ ਨੂੰ ਬੇਨਤੀ ਕਰਦਾ ਹੈ ਕਿ ਉਨ੍ਹਾਂ ਵੱਲੋਂ ਉਸ ਨੂੰ ਮੰਤਰ ਦਾ ਦਾਨ ਦਿੱਤਾ ਜਾਵੇ। ਰਾਜੇ ਦੀ ਬੇਨਤੀ ਸਵੀਕਾਰਦਿਆਂ ਫ਼ਕੀਰ ਉਸ ਰਾਜੇ ਨੂੰ ਇਕ ਮੰਤਰ ਸੁਣਾਉੰਦਾ ਹੈ ਅਤੇ ਆਖਦਾ ਹੈ ਕਿ ਇਸ ਨੂੰ ਜਪਿਆ ਕਰੋ। ਰਾਜਾ ਅੱਗੋਂ ਹੰਕਾਰ ਨਾਲ ਆਖਦਾ ਹੈ ਕਿ ਉਹ ਤਾਂ ਇਸ ਮੰਤਰ ਦੇ ਮਹੱਤਵ ਨੂੰ ਪਹਿਲਾਂ ਤੋਂ ਹੀ ਜਾਣਦਾ ਹੈ ਅਤੇ ਹਰ ਰੋਜ਼ ਇਸ ਅਦੁੱਤੇ ਮੰਤਰ ਦਾ ਜਾਪ ਕਰਦਾ ਹੈ ਅਤੇ ਪੁੱਛਦਾ ਹੈ ਕਿ ਫਿਰ ਉਸ ਦੇ ਗੁਰੂ ਨੇ ਉਸਨੂੰ ਵਿਸੇਸ਼ ਕੀ ਦਿੱਤਾ ? ਰਾਜਾ ਨੇ ਸ਼ੰਕਾ ਜਤਾਉਂਦਿਆਂ ਕਿਹਾ ਕਿ ਗੁਰੂ ਵੱਲੋਂ ਉਸਨੂੰ ਕੁਝ ਵਿਸੇਸ਼ ਨਾਮ-ਦਾਨ ਦਿੱਤਾ ਜਾਣਾ ਚਾਹੀਦਾ ਹੈ।


ਫ਼ਕੀਰ ਨੇ ਰਾਜਾ ਨੂੰ ਕਿਹਾ ਕਿ ਰਾਜਾ ਨੂੰ ਉਸਦੇ ਸ਼ੰਕਾ ਭਰੇ ਸਵਾਲ ਦਾ ਜਵਾਬ ਜ਼ਰੂਰ ਦਿੱਤਾ ਜਾਵੇਗਾ, ਪਰ ਉਚਿਤ ਸਮਾ ਅਤੇ ਸਥਿਤੀ ਆਉਣ ਤੇ ਹੀ। ਇਕ ਦਿਨ ਰਾਜਾ ਆਪਣਾ ਦਰਬਾਰ ਲਗਾਈ ਬੈਠਾ ਸੀ ਜਿਸ ਵਿਚ ਹੋਰਨਾ ਸਣੇ ਉਸਦਾ ਗੁਰੂ ਵੀ ਆਸਨ ਉੱਤੇ ਬੈਠਾ ਸੀ। ਰਾਜਾ ਕੋਈ ਫ਼ੈਸਲਾ ਸੁਣਾ ਰਿਹਾ ਸੀ ਤਾਂ ਅਚਾਨਕ ਉਸਦੇ ਗੁਰੂ ਨੇ ਉੱਠ ਕੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਕਿ ਰਾਜਾ ਗ਼ਲਤ ਫ਼ੈਸਲਾ ਸੁਣਾ ਰਿਹਾ ਹੈ, ਅਤੇ ਸੈਨਿਕਾਂ ਨੂੰ ਆਦੇਸ਼ ਦਿੱਤਾ ਕਿ ਉਹ ਰਾਜੇ ਨੂੰ ਫੜ੍ਹ ਲੈਣ ਅਤੇ ਉਸਨੂੰ ਬੰਦੀ ਬਣਾ ਲੈਣ।

ਰਾਜਾ ਅਤੇ ਉਸਦੇ ਸੈਨਿਕਾਂ ਨੇ ਨਾ ਹੀ ਰਾਜੇ ਨੂੰ ਫੜਿਆ ਅਤੇ ਨਾ ਹੀ ਬੰਦੀ ਬਣਾਇਆ ਸਗੋਂ ਰਾਜੇ ਦੇ ਗੁਰੂ ਦਾ ਸਤਿਕਾਰ ਕਰਦਿਆਂ ਹੋਇਆਂ ਕੋਈ ਪ੍ਰਤੀਕਿਰਿਆ ਨਾ ਜਤਾਈ। ਕੁਝ ਦੇਰ ਬਾਦ ਸਭਾ ਫਿਰ ਅੱਗੇ ਵਧੀ ਤਾਂ ਗੁਰੂ ਨੇ ਫਿਰ ਦੋ ਤਿੰਨ ਵਾਰ ਉਹੋ ਸ਼ਬਦ ਉੱਚੀ ਆਵਾਜ਼ ਵਿਚ ਦੁਹਰਾਏ ਪਰ ਸੈਨਿਕਾਂ ਨੇ ਉਸਦੀ ਗੱਲ ਅਨਸੁਣੀ ਕਰ ਦਿੱਤੀ। ਪਰ ਅਤਿ ਹੁੰਦੀ ਵੇਖ ਰਾਜਾ ਗੁੱਸੇ ਵਿਚ ਆ ਗਿਆ ਅਤੇ ਉਸਨੇ ਆਪਣੇ ਸੈਨਿਕਾਂ ਨੂੰ ਹੁਕਮ ਦਿੱਤਾ ਕਿ ਉਹ ਫ਼ਕੀਰ ਨੂੰ ਫੜ੍ਹ ਲੈਣ ਅਤੇ ਉਸਨੂੰ ਬੰਦੀ ਬਣਾ ਲੈਣ।

ਰਾਜਾ ਦਾ ਹੁਕਮ ਸੁਸ਼ਣਦੇ ਸਾਰ ਹੀ ਸੈਨਿਕ ਹਰਕਤ ਵਿਚ ਆ ਗਏ ਅਤੇ ਉਨ੍ਹਾਂ ਨੇ ਝੱਟ ਹੀ ਗੁਰੂ ਨੂੰ ਫੜ੍ਹ ਲਿਆ ਅਤੇ ਬੰਦੀ ਘਰ ਵੱਲ ਲੈ ਚੱਲੇ। ਉਸ ਵੇਲੇ ਉਸ ਦਰਵੇਸ਼ ਫ਼ਕੀਰ ਨੇ ਰਾਜਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹੁਕਮ ਉਸਨੇ ਵੀ ਉਹੀ ਦਿੱਤਾ ਸੀ ਜੋ ਰਾਜਾ ਨੇ ਦਿੱਤਾ ਹੈ ਪਰ ਉਸਦੇ ਹੁਕਮ ਨੂੰ ਸੈਨਿਕਾਂ ਵੱਲੋਂ ਨਜ਼ਰਅੰਦਾਜ਼ ਕਰ ਦਿੱਤਾ ਗਿਆ ਜਦੋਂ ਕਿ ਰਾਜਾ ਦੇ ਹੁਕਮ ਦੀ ਤਾਮੀਲ ਤੁਰੰਤ ਹੋ ਗਈ। ਇਹੋ ਫਰਕ ਹੈ ਕਿ ਕਿਸੇ ਮੰਤਰ ਵਿਸੇਸ਼ ਨੂੰ ਉਂਝ ਹੀ ਰਟਣ ਅਤੇ ਉਸੇ ਮੰਤਰ ਨੂੰ ਆਪਣੇ ਗੁਰੂ ਵੱਲੋਂ ਪ੍ਰਾਪਤ ਕਰਕੇ ਜਪਣ ਵਿਚ। ਲਫ਼ਜ਼ ਵਿਸ਼ੇਸ਼ ਤਾਂ ਉਹੀ ਰਹਿੰਦੇ ਹਨ ਪਰ ਉਨ੍ਹਾਂ ਦਾ ਪ੍ਰਭਾਵ ਤੱਦ ਹੀ ਬਣਦਾ ਹੈ ਜਦੋਂ ਉਹੀ ਲਫ਼ਜ਼ ਵਿਸੇਸ਼ ਕਿਸੇ ਪ੍ਰਮਾਣਕ ਗੁਰੂ ਤੋਂ ਪ੍ਰਾਪਤ ਕੀਤੇ ਜਾਣ।

ਮੇਰੇ ਉਸਤਾਦ ਜੀ ਨੇ ਸ਼ਾਮ ਦੇ ਵਾਪਸੀ ਸਫ਼ਰ ਦੌਰਾਨ ਮੈਨੂੰ ਇਕ ਸਵਾਲ ਪੁੱਛਿਆ ਕਿ ਕੁਰਸੀ ਵੱਡੀ ਹੁੰਦੀ ਹੈ ਜਾਂ ਕੁਰਸੀ ਉਪਰ ਬੈਠਣ ਵਾਲਾ ਓਹਦੇਦਾਰ? ਮੈਂ ਆਪਣੀ ਕਮਅਕਲੀ ਨਾਲ ਜਲਦਬਾਜ਼ੀ ਵਿਚ ਜਵਾਬ ਦਿੱਤਾ ਕਿ ਕੁਰਸੀ ਵੱਡੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਕੁਰਸੀ ਤਾਂ ਘਰਾਂ ਵਿਚ ਆਮ ਪਈ ਹੁੰਦੀ ਹੈ। ਇਹ ਲੱਕੜੀ ਅਤੇ ਲੋਹੇ ਦੀਆਂ ਦੁਕਾਨਾ ਤੇ ਵੀ ਵੇਚਣ ਲਈ ਆਮ ਪਈ ਮਿਲ ਜਾਂਦੀ ਹੈ, ਪਰ ਉਸਦਾ ਕੀ ਮੁੱਲ ਜੇ ਉਸ ਉਪਰ ਕੋਈ ਓਹਦੇਦਾਰ ਹੀ ਨਹੀਂ ਬੈਠਾ। ਦੂਸਰਾ ਜਵਾਬ ਬਣਦਾ ਸੀ ਓਹਦੇਦਾਰ ਪਰ ਸੂਰੀ ਸਾਹਿਬ ਹੋਰਾਂ ਦੱਸਿਆ ਕਿ ਕੁਰਸੀ ਬਿਨਾ ਕਾਦ੍ਹੀ ਓਹਦੇਦਾਰੀ। ਸੇਵਾ ਨਿਵਰਿੱਤ ਹਣ ਜਾਂ ਕੁਰਸੀ ਤੋਂ ਲੱਥਣ ਮਗ਼ਰੋਂ ਸਾਬਕਾ ਓਹਦੇਦਾਰ ਦੇ ਹੁਕਮਾਂ ਨੂੰ ਕੋਈ ਨਹੀਂ ਸੁਣਦਾ। ਫਿਰ ਉਨ੍ਹਾਂ ਦੱਸਿਆ ਕਿ ਕੁਰਸੀ ਅਤੇ ਓਹਦੇਦਾਰ ਇਕ ਦੂਜੇ ਦੇ ਪੂਰਕ ਹਨ। ਓਹਦੇਦਾਰ ਨਾਲ ਹੀ ਕੁਰਸੀ ਦੀ ਬੁੱਕਤ ਹੈ ਅਤੇ ਕੁਰਸੀ ਨਾਲ ਹੀ ਓਹਦੇਦਾਰੀ ਹੈ।

ਦੂਸਰੀ ਵਿਚਾਰ ਚਰਚਾ ਚਿਰਾਂ ਪਿੱਛੋਂ ਮਿਲੇ ਮੇਰੇ ਸਕੂਲ ਸਮੇ ਦੇ ਮਿੱਤਰ ਵਿਕਾਸ ਗੁਲ਼ਾਟੀ ਦੀ ਅਚਨਚੇਤ ਮੁਲਾਕਾਤ ਦੌਰਾਨ ਹੋਈ ਜੋ ਕਈ ਵਰ੍ਹਿਆਂ ਮਗ਼ਰੋਂ ਮਿਲਿਆ ਸੀ। ਬੇਮੁਲਾਕਾਤੀ ਦਾ ਅਰਸਾ ਬਸ ਇਨਾਂ ਕੁ ਸੀ ਕਿ ਨਾ ਉਸਨੂੰ ਪਤਾ ਸੀ ਕਿ ਮੇਰੇ ਪਿਤਾ ਜੀ ਸਵਰਗ ਸਿਧਾਰ ਚੁੱਕੇ ਹਨ ਅਤੇ ਨਾ ਮੈਨੂੰ ਪਤਾ ਸੀ ਕਿ ਉਸਦੇ ਪਿਤਾ ਜੀ ਵੀ ਮੇਰੇ ਪਿਤਾ ਜੀ ਦੀ ਸੰਗਤ ਵਿਚ ਤੁਰ ਗਏ ਹਨ। ਵਿਚਾਰ ਸਾਂਝਿਆਂ ਕਰਦਿਆਂ ਉਸਨੇ ਕਿਹਾ ਕਿ ਅਜੋਕੀ ਜੀਵਨ ਸ਼ੈਲੀ ਵਿਚ ਵੱਧਦੇ ਤਣਾਅ ਨੂੰ ਘਟਾਉਣ ਲਈ ਸਾਨੂ ਵੱਧ ਤੋਂ ਵੱਧ ਸੱਜਣਾ ਨਾਲ ਤਾਲਮੇਲ ਅਤੇ ਰਾਬਤਾ ਰੱਖਣਾ ਚਾਹੀਦਾ ਹੈ। ਜਿੰਨੇ ਜ਼ਿਆਦਾ ਸੱਜਣਾ ਨਾਲ ਤਾਲਮੇਲ ਹੋਵੇਗਾ ਉੰਨਾ ਅਸੀਂ ਆਪਣੀਆਂ ਓਕੜਾਂ ਸਾਂਝੀਆਂ ਕਰਾਂਗੇ, ਓਨੇ ਸਾਨੂੰ ਵੱਧ ਹੀਲੇ-ਵਸੀਲੇ ਮਿਲ ਸਕਣਗੇ ਅਤੇ ਉਨ੍ਹਾਂ ਵਿੱਚੋਂ ਸਹੀ ਸਮਾਧਾਨ ਭਰੀ ਸਲਾਹ ਨੂੰ ਚੁਣਨ ਨਾਲ ਓਕੜਾਂ ਦੂਰ ਹੋਣੀਆਂ ਸ਼ੁਰੂ ਹੋ ਜਾਣਗੀਆਂ ਅਤੇ ਨਾਲ ਹੀ ਤਣਾਅ ਵੀ ਘੱਟ ਹੋ ਜਾਵੇਗਾ।

ਦੋਸਤੋ! ਗੱਲਾਂ ਅਤੇ ਵਿਚਾਰ ਆਮ ਹੀ ਹੁੰਦੇ ਹਨ ਪਰ ਉਨ੍ਹਾਂ ਨੂੰ ਸੁਣਾਉਣ ਵਾਲੇ ਦੀ ਰੁਹਾਨੀ ਕਮਾਈ ਦੀ ਤਾਸ਼ੀਰ ਮਿਲਣ ਨਾਲ ਉਹ ਗੱਲਾਂ ਅਤੇ ਵਿਚਾਰ ਅਣਮੁੱਲੇ ਬਣ ਜਾਂਦੇ ਹਨ ਠੀਕ ਉਸੇ ਤਰ੍ਹਾਂ ਜਿੰਵੇਂ ਗੁਰੂ ਪਾਸੋਂ ਮਿਲਿਆ ਮੰਤਰ, ਰਾਜੇ ਪਾਸੋਂ ਦਿੱਤਾ ਹੁਕਮ ਜਾਂ ਫਿਰ ਕਿਸੇ ਸੂਝਵਾਨ ਦੌਸਤ ਪਾਸੋਂ ਮਿਲੀ ਕੋਈ ਚੰਗੇਰੀ ਸਲਾਹ।

ਸੰਪਰਕ: +91 94184 70707

Comments

Security Code (required)



Can't read the image? click here to refresh.

Name (required)

Leave a comment... (required)





ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ