ਸਵਾਮੀ ਵਿਵੇਕਾਨੰਦ ਦੇ ਜਨਮ ਦਿਨ ਉੱਤੇ ਵਿਸ਼ੇਸ਼
ਸਵਾਮੀ ਵਿਵੇਕਾਨੰਦ ਅਜਿਹੇ ਸੂਰਜ ਸਨ, ਜਿਨ੍ਹਾਂ ਨੇ ਸੱਚ, ਤਿਆਗ, ਨਿਡਰਤਾ ਅਤੇ ਪਿਆਰ ਦੀ ਰੌਸ਼ਨੀ ਨਾਲ ਝੂਠ, ਫਰੇਬ, ਬੇਈਮਾਨੀ ਅਤੇ ਭੇਦ-ਭਾਵ ਦੇ ਹਨੇਰੇ ਨੂੰ ਦੂਰ ਕੀਤਾ।ਵੈਸੇ ਤਾਂ ਸਵਾਮੀ ਜੀ ਦਾ ਜੀਵਨ ਅਤੇ ਵਿਚਾਰਧਾਰਾ ਸਮੁੱਚੀ ਮਾਨਵਤਾ ਲਈ ਲਾਹੇਵੰਦ ਹੈ, ਪਰੰਤੂ ਨੌਜਵਾਨਾਂ ਲਈ ਵਿਸ਼ੇਸ਼ ਤੌਰ ਉਤੇ ਰਾਹ ਦਸੇਰਾ ਇਸ ਕਰਕੇ ਹੈ ਕਿਉਂਕਿ ਸਵਾਮੀ ਜੀ ਨੇ ਕੇਵਲ ਉਨਤਾਲੀ ਸਾਲਾਂ ਦੀ ਛੋਟੀ ਉਮਰ ਵਿਚ ਨਾ ਸਿਰਫ ਲੋਕ ਭਲਾਈ ਦੇ ਉਸਾਰੂ ਕਾਰਜ ਕੀਤੇ ਬਲਕਿ ਕਈ ਪ੍ਰਕਾਰ ਦੀਆਂ ਸਰੀਰਕ ਅਤੇ ਆਰਥਿਕ ਸਮੱਸਿਆਵਾਂ ਦੇ ਬਾਵਜੂਦ ਵੀ ਉੱਚ ਵਿੱਦਿਆ ਦੀ ਪ੍ਰਾਪਤ ਕੀਤੀ।
ਸਵਾਮੀ ਵਿਵੇਕਾਨੰਦ ਦਾ ਜਨਮ ਕਲਕੱਤਾ ਦੇ ਸ਼ਿਮਲਾਪਾਲੀ ਨਾਮ ਦੇ ਕਸਬੇ ਵਿਚ ਇਕ ਉੱਚ ਖੱਤਰੀ ਪਰਿਵਾਰ ਵਿਚ 12 ਜਨਵਰੀ ਸੰਨ 1863 ਨੂੰ ਮਾਤਾ ਭੁਵਨੇਸ਼ਵਰੀ ਦੇਵੀ ਅਤੇ ਪਿਤਾ ਵਿਸ਼ਵਨਾਥ ਦੱਤ ਦੇ ਘਰ ਹੋਇਆ।ਆਪ ਨੂੰ ਸਭ ਪਰਿਵਾਰਕ ਮੈਂਬਰ ‘ਬਿੱਲਾ’ ਨਾਮ ਨਾਲ ਬੁਲਾਉਂਦੇ ਸਨ, ਜੋ ਕਿ ਬਾਅਦ ਵਿਚ ਬਦਲ ਕੇ ਨਰੇਂਦਰਨਾਥ ਰੱਖ ਦਿੱਤਾ ਗਿਆ।ਆਪ ਦੀ ਮਾਤਾ ਬਹੁਤ ਧਾਰਮਿਕ ਵਿਚਾਰਾਂ ਵਾਲੀ ਸੀ, ਜੋ ਆਪ ਨੂੰ ਬਹੁਤ ਪਿਆਰ ਅਤੇ ਸ਼ਰਧਾ ਨਾਲ ਰਮਾਇਣ ਅਤੇ ਮਹਾਭਾਰਤ ਦੀ ਕਥਾ ਸੁਣਾਇਆ ਕਰਦੀ ਸੀ।ਆਪ ਦੇ ਪਿਤਾ ਕਲਕੱਤਾ ਹਾਈ ਕੋਰਟ ਦੇ ਐਟਰਨੀ ਸਨ, ਜੋ ਅੰਗਰੇਜ਼ੀ ਅਤੇ ਫ਼ਾਰਸੀ ਦੇ ਚੰਗੇ ਗਿਆਤਾ ਹੋਣ ਦੇ ਨਾਲ-ਨਾਲ ਸੰਗੀਤ ਪ੍ਰੇਮੀ ਵੀ ਸਨ।
ਨਰੇਂਦਰ ਨੂੰ ਬਚਪਨ ਤੋਂ ਹੀ ਕੁਦਰਤੀ ਵਾਤਾਵਰਣ ਵਿਚ ਰਹਿ ਕੇ ਰੰਗ-ਬਰੰਗੇ ਫੁੱਲਾਂ, ਪੰਛੀਆਂ ਅਤੇ ਜਾਨਵਰਾਂ ਨਾਲ ਸਮਾਂ ਗੁਜ਼ਾਰਨਾ ਬਹੁਤ ਪਸੰਦ ਸੀ।ਜਾਨਵਰਾਂ ਪ੍ਰਤੀ ਇਸੇ ਪਿਆਰ ਦੀ ਭਾਵਨਾ ਸਦਕਾ ਆਪ ਘਰ ਦੇ ਕੋਚਵਾਨ ਨਾਲ ਘੋੜਿਆਂ ਦੇ ਤਬੇਲੇ ਵਿਚ ਕਿੰਨਾ-ਕਿੰਨਾ ਚਿਰ ਬੈਠੇ ਰਹਿੰਦੇ ਅਤੇ ਕੋਚਵਾਨ ਦੇ ਘੋੜਿਆਂ ਪ੍ਰਤੀ ਵਿਵਹਾਰ ਨੂੰ ਬੜੇ ਧਿਆਨ ਅਤੇ ਰੋਚਕਤਾ ਨਾਲ ਵੇਖਦੇ ਰਹਿੰਦੇ ਸਨ।ਆਪ ਦੇ ਬਾਲ ਮਨ ਨੂੰ ਕੋਚਵਾਨ ਬਹੁਤ ਹੀ ਮਹਾਨ ਅਤੇ ਅਮੀਰ ਵਿਅਕਤੀ ਲੱਗਦਾ ਸੀ, ਜਿਸ ਕਰਕੇ ਆਪ ਦੀ ਵੀ ਇੱਛਾ ਵੱਡਾ ਹੋ ਕੇ ਕੋਚਵਾਨ ਬਣਨ ਦੀ ਹੀ ਸੀ।ਕੋਚਵਾਨ ਦੇ ਸਿਰ ਉੱਤੇ ਬੰਨ੍ਹੀ ਪੱਗੜੀ ਆਪ ਨੂੰ ਬਹੁਤ ਪਿਆਰੀ ਲੱਗਦੀ ਸੀ, ਜਿਸ ਨੂੰ ਵੇਖ-ਵੇਖ ਕੇ ਹੀ ਆਪ ਨੇ ਪੱਗੜੀ ਬੰਨ੍ਹਣੀ ਆਰੰਭ ਕੀਤੀ ਅਤੇ ਅੰਤ ਤੱਕ ਬੰਨ੍ਹਦੇ ਰਹੇ।ਆਪ ਆਪਣੇ ਮਿੱਤਰਾਂ ਦੇ ਪ੍ਰਮੁੱਖ ਸਨ ਅਤੇ ‘ਰਾਜਾ-ਰਾਜਾ’ ਖੇਡ ਖੇਡਣਾ ਆਪ ਨੂੰ ਬਹੁਤ ਪਸੰਦ ਸੀ, ਜਿਸ ਵਿਚ ਆਪ ਰਾਜਾ ਬਣਦੇ ਅਤੇ ਬਾਕੀ ਸਾਥੀਆਂ ਨੂੰ ਆਪਣੀ ਮਰਜ਼ੀ ਅਨੁਸਾਰ ਵਜ਼ੀਰ, ਸੇਨਾਪਤੀ ਅਤੇ ਕੋਤਵਾਲ ਆਦਿ ਬਣਨ ਲਈ ਆਖਦੇ।ਇਸ ਤੋਂ ਇਲਾਵਾ ਆਪ ਨੂੰ ਧਿਆਨ ਲਗਾਉਣਾ ਖੇਡ ਖੇਡਣਾ ਵੀ ਬਹੁਤ ਪਸੰਦ ਸੀ, ਜਿਸ ਵਿਚ ਆਪ ਕਈ-ਕਈ ਘੰਟੇ ਲਗਾਤਾਰ ਧਿਆਨ ਲਗਾਉਂਦੇ ਰਹਿੰਦੇ ਅਤੇ ਇਸ ਖੇਡ ਵਿਚ ਕੋਈ ਹੋਰ ਆਪ ਦਾ ਮੁਕਾਬਲਾ ਨਾ ਕਰ ਪਾਉਂਦਾ।ਇਕ ਵਾਰ ਤਾਂ ਆਪਦਾ ਧਿਆਨ ਇੰਨਾ ਡੂੰਘਾ ਲੱਗ ਗਿਆ ਕਿ ਆਪ ਦੇ ਘਰ ਵਾਲਿਆਂ ਨੂੰ ਜ਼ਬਰਦਸਤੀ ਆਪ ਦੇ ਕਮਰੇ ਦਾ ਦਰਵਾਜ਼ਾ ਤੋੜ ਕੇ ਅੰਦਰ ਵੜਨਾ ਪਿਆ ਤੇ ਆਪ ਨੂੰ ਝੰਜੋੜ ਕੇ ਹੋਸ਼ ਵਿਚ ਲਿਆਉਣਾ ਪਿਆ।