Thu, 21 November 2024
Your Visitor Number :-   7256410
SuhisaverSuhisaver Suhisaver

ਖ਼ਬਰ ਦਾ ਚਮਤਕਾਰੀ ਪ੍ਰਭਾਵ - ਹਰਗੁਣਪ੍ਰੀਤ ਸਿੰਘ

Posted on:- 20-12-2013

suhisaver

ਨਰਸਰੀ ਜਮਾਤ ਤੋਂ ਨੌਵੀਂ ਜਮਾਤ ਤੱਕ ਪੜ੍ਹਾਈ ਵਿਚ ਹਮੇਸ਼ਾ ਹੀ ਮੂਹਰਲੀ ਕਤਾਰ ਦੇ ਵਿਦਿਆਰਥੀਆਂ ਵਿਚ ਰਹਿੰਦਿਆਂ ਜਿਉਂ ਹੀ ਮੈਂ ਅਪ੍ਰੈਲ 2003 ਨੂੰ ਦਸਵੀਂ ਜਮਾਤ ਵਿਚ ਕਦਮ ਰੱਖਿਆ ਤਾਂ ਵਾਹਿਗੁਰੂ ਦੇ ਹੁਕਮ ਅਨੁਸਾਰ ਮੇਰੇ ਸਕੂਲ ਵੱਲ ਜਾਂਦੇ ਹੋਏ ਕਦਮ ਆਪਣਾ ਮੂੰਹ ਪੀ. ਜੀ. ਆਈ. ਚੰਡੀਗੜ੍ਹ ਵੱਲ ਮੋੜਨ ਲਈ ਮਜਬੂਰ ਹੋ ਗਏ, ਕਿਉਂਕਿ ਡਾਕਟਰੀ ਜਾਂਚ ਅਨੁਸਾਰ ਮੇਰਾ ਸਰੀਰ ਪੂਰੀ ਤਰ੍ਹਾਂ ਬਲੱਡ ਕੈਂਸਰ ਜੈਸੀ ਭਿਅੰਕਰ ਬਿਮਾਰੀ ਦੀ ਲਪੇਟ ਵਿਚ ਆ ਚੁੱਕਾ ਸੀ।ਕੈਮੋਥਰੈਪੀ ਅਤੇ ਰੇਡੀਓਥਰੈਪੀ ਦੇ ਲਗਭਗ ਸਾਢੇ ਤਿੰਨ ਸਾਲ ਚੱਲੇ ਲੰਬੇ ਇਲਾਜ ਦੌਰਾਨ ਤੇਜ਼ ਦਵਾਈਆਂ ਦੇ ਪ੍ਰਭਾਵ ਕਾਰਨ ਜਿੱਥੇ ਮੇਰਾ ਪੜ੍ਹਾਈ ਦਾ ਇਕ ਸਾਲ ਖਰਾਬ ਹੋ ਗਿਆ ਸੀ, ਉਥੇ ਮੈਂ ਬਾਕੀ ਦੇ ਤਿੰਨ ਸਾਲ ਵੀ ਬਾਕਾਇਦਗੀ ਨਾਲ ਸਕੂਲ ਨਹੀਂ ਸੀ ਜਾ ਸਕਿਆ।



ਇਲਾਜ ਦੇ ਪਹਿਲੇ ਸਾਲ ਦੌਰਾਨ ਤਾਂ ਮੇਰੇ ਅਤੇ ਮੇਰੇ ਪਰਿਵਾਰ ਲਈ ਦਿਨ ਤੇ ਰਾਤ ਦਾ ਅੰਤਰ ਹੀ ਮੁੱਕ ਗਿਆ ਸੀ।ਸਾਡਾ ਇਕ ਪੈਰ ਪਟਿਆਲੇ ਹੁੰਦਾ ਸੀ ਤੇ ਦੂਜਾ ਚੰਡੀਗੜ੍ਹ।ਇਸ ਉਲਝੇਵਿਆਂ ਭਰੇ ਰੁਝੇਵੇਂ ਕਾਰਨ ਮੈਂ ਮਾਰਚ 2004 ਦੀ ਦਸਵੀਂ ਜਮਾਤ ਦੀ ਪ੍ਰੀਖਿਆ ਵਿਚ ਨਹੀਂ ਸੀ ਬੈਠ ਸਕਿਆ।ਮੇਰੇ ਪਿਤਾ ਜੀ ਚਾਹੁੰਦੇ ਸਨ ਕਿ ਮੈਂ ਇਲਾਜ ਦੇ ਪੂਰੇ ਸਮੇਂ ਦੌਰਾਨ ਪੜ੍ਹਾਈ ਦਾ ਖਿਆਲ ਆਪਣੇ ਦਿਮਾਗ ਵਿਚੋਂ ਕੱਢ ਕੇ ਪੂਰੀ ਤਰ੍ਹਾਂ ਆਰਾਮ ਕਰਾਂ, ਪਰੰਤੂ ਮੈਨੂੰ ਪਹਿਲਾਂ ਖਰਾਬ ਹੋਇਆ ਸਾਲ ਹੀ ਚੁੱਭ ਰਿਹਾ ਸੀ।ਉਸ ਸਮੇਂ ਮੈਨੂੰ ਇਉਂ ਲੱਗ ਰਿਹਾ ਸੀ ਕਿ ਮੈਂ ਸ਼ਾਇਦ ਇਸ ਤੋਂ ਅੱਗੇ ਨਹੀਂ ਪੜ੍ਹ ਪਾਵਾਂਗਾ।

ਉਨ੍ਹਾਂ ਦਿਨਾਂ ਵਿਚ ਮੈਂ ਆਪਣਾ ਆਤਮ ਵਿਸ਼ਵਾਸ ਬਣਾਈ ਰੱਖਣ ਲਈ ਆਪਣੀ ਘਰੇਲੂ-ਲਾਇਬਰੇਰੀ ਵਿਚੋਂ ਸਭ ਧਰਮਾਂ ਦੇ ਮਹਾਪੁਰਖਾਂ ਦੇ ਜੀਵਨ ਸਬੰਧੀ ਅਨੇਕਾਂ ਪੁਸਤਕਾਂ ਪੜ੍ਹਦਾ ਰਹਿੰਦਾ ਸੀ ਅਤੇ ਟੈਲੀਵੀਜ਼ਨ ਉਤੇ ਵੱਖ-ਵੱਖ ਚੈਨਲਾਂ ਤੋਂ ਧਾਰਮਿਕ, ਸਾਹਿਤਕ ਅਤੇ ਸਮਾਜ ਸੁਧਾਰਕ ਸ਼ਖਸੀਅਤਾਂ ਦੇ ਪ੍ਰੇਰਨਾਮਈ ਵਿਚਾਰ ਵੀ ਸੁਣਦਾ ਰਹਿੰਦਾ ਸੀ।ਪਰੰਤੂ 28 ਮਈ 2004 ਨੂੰ ਇਕ ਅਖਬਾਰ ਵਿਚ ਛਪੀ ਖਬਰ ਨੇ ਮੈਨੂੰ ਵਿਸ਼ੇਸ਼ ਤੌਰ ਉਤੇ ਉਤਸ਼ਾਹਿਤ ਕੀਤਾ, ਜਿਸ ਵਿਚ ਚੰਡੀਗੜ੍ਹ ਦੇ ਇਕ ਵਿਦਿਆਰਥੀ ਗਗਨ ਈਸ਼ਵਰ ਸਿੰਘ ਨੇ ਹੱਡੀਆਂ ਦਾ ਕੈਂਸਰ ਹੋਣ ਦੇ ਬਾਵਜੂਦ ਵੀ ਦਸਵੀਂ ਜਮਾਤ ਵਿਚ 65 ਫੀਸਦੀ ਅੰਕ ਲਏ ਸਨ।ਮੈਂ ਸੋਚਿਆ ਕਿ ਜੇ ਇਹ ਬੱਚਾ ਇੰਨੇ ਮੁਸ਼ਕਿਲ ਹਾਲਾਤਾਂ ਦੇ ਬਾਵਜੂਦ ਪੜ੍ਹਾਈ ਜਾਰੀ ਰੱਖਦਾ ਹੋਇਆ ਇੰਨੇ ਅੰਕ ਪ੍ਰਾਪਤ ਕਰ ਸਕਦਾ ਹੈ ਤਾਂ ਮੈਂ ਕਿਉਂ ਨਹੀਂ ਅੱਗੇ ਪੜ੍ਹਾਈ ਕਰ ਸਕਦਾ।

ਇਸ ਪ੍ਰੇਰਨਾਮਈ ਖਬਰ ਤੋਂ ਮਿਲੀ ਪ੍ਰੇਰਨਾ ਸਦਕਾ ਮੈਂ ਜ਼ਿੱਦ ਕਰਕੇ ਦੁਬਾਰਾ ਸਕੂਲ ਵਿਚ ਦਾਖਲਾ ਲੈ ਲਿਆ।ਸਰੀਰਕ ਕਮਜ਼ੋਰੀ ਅਤੇ ਸਖਤ ਦਵਾਈਆਂ ਦੇ ਪ੍ਰਭਾਵ ਕਾਰਨ ਭਾਵੇਂ ਮੈਂ ਬਾਕਾਇਦਗੀ ਨਾਲ ਸਕੂਲ ਨਹੀਂ ਸੀ ਜਾ ਸਕਦਾ, ਪ੍ਰੰਤੂ ਜਦੋਂ ਵੀ ਸਿਹਤ ਆਗਿਆ ਦਿੰਦੀ ਸੀ, ਸਕੂਲ ਜਾ ਕੇ ਅਧਿਆਪਕ ਸਾਹਿਬਾਨ ਦੇ ਖਾਲੀ ਪੀਰੀਅਡਾਂ ਵਿਚ ਉਨ੍ਹਾਂ ਤੋਂ ਲੋੜੀਂਦੀ ਅਗਵਾਈ ਹਾਸਲ ਕਰ ਲੈਂਦਾ ਸੀ।ਦੇਖਦੇ ਹੀ ਦੇਖਦੇ ਸਮਾਂ ਲੰਘਦਾ ਗਿਆ ਤੇ ਮਾਰਚ 2005 ਦੀ ਪ੍ਰੀਖਿਆ ਆਰੰਭ ਹੋ ਗਈ।ਮੇਰੇ ਪਿਤਾ ਪੇਪਰ ਦੇਣ ਤੋਂ ਰੋਕਦੇ ਹੋਏ ਆਖਦੇ ਸਨ ਕਿ ਪਹਿਲਾਂ ਪੂਰੀ ਤਰ੍ਹਾਂ ਤੰਦਰੁਸਤ ਹੋ ਜਾ, ਪੜ੍ਹਾਈ ਲਈ ਤਾਂ ਸਾਰੀ ਉਮਰ ਪਈ ਹੈ।ਪਰੰਤੂ ਮੈਂ ਪੜ੍ਹਾਈ ਦਾ ਇਕ ਹੋਰ ਸਾਲ ਨਹੀਂ ਸੀ ਗੁਆਉਣਾ ਚਾਹੁੰਦਾ, ਇਸ ਲਈ ਔਖੇ ਸੌਖੇ ਹੋ ਕੇ ਸਾਰੇ ਪੇਪਰ ਦੇਣ ਜਾਂਦਾ ਰਿਹਾ।ਕਦੋਂ ਸਿਹਤ ਸਾਥ ਛੱਡ ਜਾਵੇ ਕੋਈ ਨਹੀਂ ਸੀ ਜਾਣਦਾ।ਪਰਮਾਤਮਾ ਦੀ ਕਿਰਪਾ ਅਤੇ ਆਪਣੇ ਅਧਿਆਪਕਾਂ ਵੱਲੋਂ ਮਿਲੀ ਹੱਲਾਸ਼ੇਰੀ ਸਦਕਾ ਸਾਰੇ ਇਮਤਿਹਾਨ ਦਿੱਤੇ ਗਏ।

ਜਦੋਂ ਨਤੀਜਾ ਆਇਆ ਤਾਂ ਸਾਡੇ ਘਰ ਅਤੇ ਸਕੂਲ ਵਿਚ ਖੁਸ਼ੀ ਦੀ ਲਹਿਰ ਦੌੜ ਗਈ।ਇਸ ਦਾ ਕਾਰਨ ਇਹ ਸੀ ਕਿ ਮੈਂ ਬਹੁਤ ਘੱਟ ਪੜ੍ਹਾਈ ਕਰਨ ਦੇ ਬਾਵਜੂਦ ਵੀ ਦਸਵੀਂ ਵਿਚ 78.46 ਫੀਸਦੀ ਅੰਕ ਪ੍ਰਾਪਤ ਕਰ ਲਏ ਸਨ।ਇਕ ਚਮਤਕਾਰ ਹੀ ਵਾਪਰ ਗਿਆ ਜਾਪਦਾ ਸੀ।ਤਿੰਨੋ ਭਾਸ਼ਾਵਾਂ ਦੇ ਅੰਕਾਂ ਦੇ ਜੋੜ ਵਿਚ ਤਾਂ ਮੈਂ ਉਸ ਸਿਹਤਮੰਦ ਬੱਚੇ ਤੋਂ ਵੀ ਅੱਗੇ ਰਿਹਾ ਸੀ, ਜਿਸਨੇ ਕੁੱਲ ਅੰਕਾਂ ਦੇ ਜੋੜ ਵਿਚ ਪੂਰੇ ਪੰਜਾਬ ਵਿਚੋਂ ਪਹਿਲਾ ਸਥਾਨ ਹਾਸਲ ਕੀਤਾ ਸੀ।ਪੰਜਾਬ ਦੇ ਕਈ ਉੱਚ ਕੋਟੀ ਦੇ ਅਖਬਾਰਾਂ ਨੇ ਮੇਰੀ ਇਸ ਪ੍ਰਾਪਤੀ ਨੂੰ ਇਕ ਅਸਾਧਾਰਣ-ਪ੍ਰਾਪਤੀ ਦੀ ਸੰਗਿਆ ਦਿੱਤੀ ਸੀ।ਇਸ ਸਫ਼ਲਤਾ ਨੇ ਮੇਰੇ ਵਿਚ ਇੰਨਾ ਆਤਮ ਵਿਸ਼ਵਾਸ ਅਤੇ ਹਿੰਮਤ ਭਰ ਦਿੱਤੀ ਕਿ ਮੈਂ ਗਿਆਰ੍ਹਵੀਂ ਜਮਾਤ ਤੋਂ ਐਮ.ਏ. ਪੱਤਰਕਾਰੀ ਅਤੇ ਜਨਸੰਚਾਰ ਤੱਕ ਲਗਾਤਾਰ ਫਸਟ ਆਉਣ ਦੇ ਨਾਲ-ਨਾਲ ਵੱਖ-ਵੱਖ ਰਾਜ, ਕੌਮੀ ਅਤੇ ਜ਼ਿਲਾ ਪੱਧਰ ਦੇ ਲੇਖ, ਸੁਲੇਖ, ਚਿੱਤਰਕਲਾ, ਦਸਤਾਰ ਸਜਾਉਣ ਅਤੇ ਗੁਰਮਤਿ ਸਬੰਧੀ ਮੁਕਾਬਲਿਆਂ ਵਿਚ ਲਗਭਗ ਪੰਜਾਹ ਉੱਚ ਦਰਜੇ ਦੇ ਇਨਾਮ ਜਿੱਤੇ।ਇਸ ਤੋਂ ਇਲਾਵਾ ਮੈਂ ਵੱਖ-ਵੱਖ ਉੱਚ ਕੋਟੀ ਦੇ ਪੰਜਾਬੀ ਅਖ਼ਬਾਰਾਂ ਲਈ ਤਿੰਨ ਸੌ ਦੇ ਕਰੀਬ ਪ੍ਰੇਰਕ ਰਚਨਾਵਾਂ ਲਿਖੀਆਂ ਅਤੇ ਸਾਲ 2008 ਵਿਚ ਇਕ ਕਿਤਾਬ ‘ਮੁਸੀਬਤਾਂ ਤੋਂ ਨਾ ਘਬਰਾਓ’ ਵੀ ਲਿਖੀ।

ਇਨ੍ਹਾਂ ਸਭ ਪ੍ਰਾਪਤੀਆਂ ਦੀਆਂ ਖਬਰਾਂ ਅਕਸਰ ਅਖਬਾਰਾਂ ਵਿਚ ਛਪਦੀਆਂ ਰਹਿੰਦੀਆਂ ਹਨ ਜਿਸ ਨਾਲ ਜਿੱਥੇ ਹੋਰਨਾਂ ਕੈਂਸਰ ਦੇ ਮਰੀਜ਼ਾਂ ਨੂੰ ਵੀ ਹੌਂਸਲਾ ਮਿਲਦਾ ਹੈ ਉਥੇ ਆਮ ਲੋਕਾਂ ਵਿਚ ਵੀ ਇਹ ਜਾਗਰੂਕਤਾ ਆਉਂਦੀ ਹੈ ਕਿ ਜੇਕਰ ਸਹੀ ਡਾਕਟਰੀ ਇਲਾਜ ਅਤੇ ਸਕਾਰਾਤਮਕ ਸੋਚ ਨਾਲ ਕੈਂਸਰ ਦਾ ਮੁਕਾਬਲਾ ਕੀਤਾ ਜਾਵੇ ਤਾਂ ਇਸ ਨੂੰ ਜ਼ਰੂਰ ਹਰਾਇਆ ਜਾ ਸਕਦਾ ਹੈ।ਖਾਸਕਰ ਅਜੋਕੇ ਸਮੇਂ ਵਿਚ ਜਦੋਂ ਪੰਜਾਬ ਇਸ ਸਮੱਸਿਆ ਤੋਂ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੈ ਅਤੇ ਪੂਰੇ ਦੇਸ਼ ਵਿਚ ‘ਕੈਂਸਰ ਕੈਪੀਟਲ’ ਦੇ ਨਾਂ ਨਾਲ ਮਸ਼ਹੂਰ ਹੋ ਚੁੱਕਾ ਹੈ, ਉਦੋਂ ਪ੍ਰਿੰਟ, ਇਲੈਕਟ੍ਰਾਨਿਕ ਅਤੇ ਡਿਜੀਟਲ ਮੀਡੀਆ ਕੈਂਸਰ ਪ੍ਰਤੀ ਜਾਗਰੂਕ ਕਰਨ ਵਿਚ ਅਹਿਮ ਰੋਲ ਅਦਾ ਕਰ ਸਕਦੇ ਹਨ।ਅਖਬਾਰਾਂ, ਰਸਾਲਿਆਂ, ਰੇਡੀਓ, ਟੈਲੀਵੀਜ਼ਨ ਅਤੇ ਇੰਟਰਨੈੱਟ ਰਾਹੀਂ ਕੈਂਸਰ ਦੇ ਕਾਰਨਾਂ ਅਤੇ ਬਚਾਓ ਸਬੰਧੀ ਬੁੱਧੀਜੀਵੀਆਂ ਦੇ ਉਪਯੋਗੀ ਲੇਖ, ਡਾਕਟਰਾਂ ਅਤੇ ਇਸ ਬਿਮਾਰੀ ਤੋਂ ਠੀਕ ਹੋ ਚੁੱਕੇ ਵਿਅਕਤੀਆਂ ਦੀ ਇੰਟਰਵਿਊ ਦਿਖਾਉਣ ਨਾਲ ਸਮਾਜ ਦੀ ਇਸ ਬਿਮਾਰੀ ਪ੍ਰਤੀ ਸੋਚ ਬਦਲੀ ਜਾ ਸਕਦੀ ਹੈ।ਅਜੋਕੇ ਸਮੇਂ ਵਿਚ ਮੀਡੀਆ ਵੱਲੋਂ ਕੈਂਸਰ ਸਬੰਧੀ ਫੈਲਾਈ ਜਾਗਰੂਕਤਾ ਦਾ ਕੈਂਸਰ ਦੇ ਮਰੀਜ਼ਾਂ ਉਤੇ ਪ੍ਰਭਾਵ ਦੇਖਣ ਲਈ ਮੈਂ ਐਮ.ਏ ਪੱਤਰਕਾਰੀ ਅਤੇ ਜਨ-ਸੰਚਾਰ (ਸਮੈਸਟਰ-4) ਵਿਚ ਅਸਿਸਟੈਂਟ ਪ੍ਰੋਫੈਸਰ ਮੈਡਮ ਡਾ. ਹੈਪੀ ਜੇਜੀ ਦੀ ਨਿਗਰਾਨੀ ਹੇਠ ‘ਇਮਪੈਕਟ ਆਫ ਮੀਡੀਆ ਅਵੇਅਰਨੈਸ ਔਨ ਕੈਂਸਰ ਪੇਸ਼ੈਂਟਸ’ ਵਿਸ਼ੇ ਉੱਤੇ ਖੋਜ ਨਿਬੰਧ ਲਿਖਿਆ ਸੀ ਅਤੇ ਹੁਣ ਐਮ. ਫਿਲ. (ਸਮੈਸਟਰ-3) ਦੌਰਾਨ ਵੀ ਕੈਂਸਰ ਵਿਸ਼ੇ ਦੇ ਨਾਲ ਸਬੰਧਿਤ ਖੋਜ ਨਿਬੰਧ ਹੀ ਲਿਖ ਰਿਹਾ ਹਾਂ।

Comments

gurveer,batala

Ba Kamal prerna dayak

Security Code (required)



Can't read the image? click here to refresh.

Name (required)

Leave a comment... (required)





ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ