ਬੱਲੇ! ਬਾਈ ਕਰਤਾਰ ਸਿੰਹਾਂ - ਕੁਲਬੀਰ ਸਿੰਘ ਸਿੱਧੂ
Posted on:- 11-12-2013
ਪਹਿਲਵਾਨ ਕਰਤਾਰ ਸਿੰਘ ਪਹਿਲਾਂ ਮੱਲ ਹੈ ਤੇ ਬਾਅਦ ਵਿਚ ਇੰਸਪੈਕਟਰ ਜਨਰਲ ਪੁਲਿਸ ਹੈ। ਮੇਰੇ ਖਿਆਲ ਵਿਚ ਪਿੰਡ ਸੁਰ ਸਿੰਘ ਵਾਲੇ ਦੇ ਇਸ ਪਹਿਲਵਾਨ ਦਾ ਸਬੰਧ ਮਹਾਂਬਲੀ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਨਾਲ ਆਪਣੇ ਗਰਾਈਂ ਬਿਧੀ ਚੰਦ ਛੀਨਾ ਅਰਥਾਤ ਛੀਨਾ ਗੁਰੂ ਕਾ ਸੀਨਾ ਦੀ ਮਾਰਫ਼ਤ ਸਿੱਧਾ ਜਾ ਜੁੜ੍ਹਦਾ ਹੈ। ਮੇਰੀ ਜਾਚੇ ਗੁਰੂ ਦੇ ਇਸ ਸਿੱਖ ਵਿਚ ਕਿੰਨੀਆਂ ਕੁ ਸਿਫ਼ਤਾਂ ਹਨ; ਉਹ ਅਸੀਂ ਸਾਰੇ ਹੀ ਚੰਗੀ ਤਰ੍ਹਾਂ ਜਾਣਦੇ ਹਾਂ। ਬਹਿਰਹਾਲ! ਜਿਸ ਅਧਪੜ੍ਹ-ਹਮਾਤੜ ਨੂੰ ਕਰਤਾਰ ਸਿੰਘ ਪਹਿਲਵਾਨ, ਮਹਿਲ ਸਿੰਘ ਭੁੱਲਰ ਤੇ ਰਾਜਦੀਪ ਸਿੰਘ ਗਿੱਲ ਜਿਹੀਆਂ ਹਸਤੀਆਂ ਬਾਰੇ ਜੇ ਜਾਣਕਾਰੀ ਨਹੀਂ ਤਾਂ ਉਹ ਵਾਹਿਗੁਰੂ ਪਾਸੋਂ ਭੋਰਾ ਸੁਮੱਤ ਤੇ ਚੂੰਢੀ ਕੁ ਭਰ ਅਕਲ ਦਾ ਦਾਨ ਮੰਗਣ ਦੀ ਖੇਚਲ ਕਰੇ।
ਇਕ ਪਾਸੇ ਵਰਲਡ ਵੈਟਰਨਜ਼ ਰੈਸਲਿੰਗ ਦਾ 17 ਵਾਰ ਰੁਸਤਮ ਰਿਹਾ ਪਹਿਲਵਾਨ ਕਰਤਾਰ ਸਿੰਘ ਤੇ ਦੂਜੇ ਪਾਸੇ ਪੁਲਿਸ ਵਿਭਾਗ ਦਾ ਟੀਸੀ ਦਾ ਬੇਰ ਇੰਸਪੈਕਟਰ ਜਨਰਲ ਨਿਮਰਤਾ ਤੇ ਪਿਆਰ ਦੀ ਬਹੁਤ ਸੋਹਣੀ ਮੂਰਤ ਹੈ। ਹਉਮੈ ਤੇ ਹੰਕਾਰ ਤਾਂ ਉਸ ਦੇ ਕੋਲੋਂ ਦੀ ਵੀ ਨਹੀਂ ਲੰਘਿਆ; ਸਗੋਂ ਜੇ ਕੋਈ ਘੁਮੰਡੀ ਬੰਦਾ ਵੀ ਭਾ ਜੀ ਕਰਤਾਰ ਸਿੰਘ ਦੇ ਦਾਇਰੇ ਵਿਚ ਆ ਜਾਂਦਾ ਹੈ ਤਾਂ ਉਸ ਬਾਈ ਘੁਮੰਡੇ ਨੂੰ ਮਾਈ ਹਉਮੈ ਵੀ ਚੂੰਢੀਆਂ ਵੱਢਣੋ ਹਟ ਜਾਂਦੀ ਹੈ।
ਮੁੱਕਦੀ ਗੱਲ! ਭਾਈ ਕਰਤਾਰ ਸਿੰਘ ਇਕ ਵੈਕਯੂਮ ਕਲੀਨਰ ਪੰਪ ਹੈ, ਜਿਹੜਾ ਆਪਣੀ ਸੋਹਬਤ ਨਾਲ ਧੀਂਗ ਤੋਂ ਧੀਂਗ ਤੇ ਗੁਮਾਨੀ ਬੰਦੇ ਦੀ ਵੀ ਆਕੜ-ਫੂਕ ਸਰਕਾ ਦਿੰਦਾ ਹੈ। ਇਸ ਪ੍ਰਸੰਗ ਵਿਚ ਮੈਨੂੰ ਸ੍ਰ. ਕਰਤਾਰ ਸਿੰਘ ਨਾਲ ਆਪਣੀ ਪਹਿਲੀ ਮੁਲਾਕਾਤ ਹਾਲੇ ਕੱਲ੍ਹ ਦੀ ਕਹਾਣੀ ਵਾਂਗ ਯਾਦ ਹੈ। ਜਦੋਂ ਸੰਨ 1999 ਵਿਚ ਖਾਲਸਾ ਸਿਰਜਣਾ ਦੀ ਤੀਜੀ ਸ਼ਤਾਬਦੀ ਅਨੰਦਪੁਰ ਸਾਹਿਬ ਵਿਖੇ ਮਨਾਈ ਜਾ ਰਹੀ ਸੀ ਤਾਂ ਉਸ ਸਮੇਂ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਸਦਕਾ ਮੈਂ ਡਿਪਟੀ ਕਮਿਸ਼ਨਰ ਰੂਪਨਗਰ ਤਾਇਨਾਤ ਸੀ। ਉਦੋਂ ਸ੍ਰ. ਮਹਿਲ ਸਿੰਘ ਭੁੱਲਰ ਬਤੌਰ ਅਡੀਸ਼ਨਲ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਮੇਰੇ ਹਮ-ਰਾਹ ਹੋ ਕੇ ਸਾਰੇ ਸ਼ਤਾਬਦੀ ਸਮਾਰੋਹਾਂ ਦੇ ਸੁਰੱਖਿਆ ਪ੍ਰਬੰਧਾਂ ਦੀ ਦੇਖ-ਰੇਖ ਕਰ ਰਹੇ ਸਨ।
ਖੈਰ! ਸ੍ਰ. ਭੁੱਲਰ ਨੂੰ ਯਾਦ ਹੋਵੇਗਾ ਕਿ ਉਥੇ ਇਕ ਪਾਸੇ ਸਿਆਸਤ ਤੇ ਪ੍ਰਸ਼ਾਸਨਿਕ ਖੇਤਰ ਦੀ ਕਾਂਟਾ-ਕੁਸ਼ਤੀ ਵਿਚ ਵੱਡੇ-ਵੱਡੇ ਮੱਲ੍ਹਾਂ ਦਾ ਜੋੜ ਪਿਆ ਹੋਇਆ ਸੀ। ਉਥੇ ਦੂਜੇ ਬੰਨੇ ਤਤਕਾਲੀਨ ਐੱਸ.ਪੀ ਕਰਤਾਰ ਸਿੰਘ ਵੀ ਆਪਣੇ ਦੰਗਲ-ਮੈਟ ਚੁਕ ਕੇ ਆ ਖੜ੍ਹਾ ਹੋਇਆ ਕਿ ਮੈਂ ਵੀ ਭਾਰਤ ਤੇ ਪਾਕਿਸਤਾਨ ਦੇ ਨਾਮੀ-ਗਰਾਮੀ ਪਹਿਲਵਾਨਾਂ ਦੇ ਘੋਲ ਕਰਾ ਕੇ ਗੁਰੂ ਦੀ ਨਗਰੀ ਵਿਚ ਸ਼ਤਾਬਦੀ ਸਮਾਰੋਹਾਂ ਵਿਚ ਜ਼ਰੂਰ ਹਾਜ਼ਰੀ ਲਾਉਣੀ ਹੈ।
ਜ਼ਾਹਿਰ ਹੈ ਕਿ ਮੈਂ ਉਦੋਂ ਇੰਨੇ ਵੱਡੇ ਪੈਮਾਨੇ ਦੇ ਪ੍ਰਸ਼ਾਸਨਿਕ ਇੰਤਜ਼ਾਮਾਂ ਦੇ ਕੁੱਝ ਕੁ ਦਬਾਅ ਹੇਠ ਜ਼ਰੂਰ ਸੀ, ਪਰ ਬਹੁਤਾ ਤਾਕਤ ਦੇ ਨਸ਼ੇ ਵਿਚ ਹਵਾ ਦੇ ਘੋੜੇ ’ਤੇ ਸਵਾਰ ਸੀ। ਇਸ ਵਾਸਤੇ ਮੈਂ ਪਹਿਲਾਂ ਹੀ ਮਨ ਬਣਾ ਲਿਆ ਕਿ ਐੱਸ.ਪੀ ਕਰਤਾਰ ਸਿੰਘ ਨੂੰ ਆਉਂਦੇ ਹੀ ‘ਜਨਾਬੀ ਦਾ ਧੋਬੀ ਪੱਟੜਾ’ ਮਾਰ ਦੇਣਾ ਹੈ। ਦਰਅਸਲ ਜਦੋਂ ਸ੍ਰ. ਕਰਤਾਰ ਸਿੰਘ ਮੈਨੂੰ ਅਨੰਦਪੁਰ ਸਾਹਿਬ ਦੀਆਂ ਗਰਾਊਂਡਾਂ ਵਿਚ ਮਿਲੇ ਤਾਂ ਮੈਨੂੰ ਲੱਗਿਆ ਕਿ ਕੋਈ ਭਲਵਾਨ ਮੇਰੇ ‘ਪੱਟਾਂ ਨੂੰ ਲੱਗਣ’ ਲੱਗਾ ਹੈ। ਇਸ ਲਈ ਮੈਂ ਵੀ ਪੈਂਤਰਾ ਬਦਲ ਕੇ ਸੰਭਲਿਆ ਤੇ ਐੱਸ.ਪੀ ਸਾਹਿਬ ਨੂੰ ਧੋਲ ਮਾਰਨ ਦੇ ਲਹਿਜੇ ਵਿਚ ਪੁੱਛਿਆ ਕਿ ਜਨਾਬ ਇਥੇ ਤਾਂ ਪਹਿਲਾਂ ਹੀ ਖਾਸੇ ਪੁਆੜੇ ਪਏ ਹੋਏ ਹਨ, ਹੁਣ ਤੁਸੀਂ ਵੀ ਕਿੱਥੋਂ ‘ਵਿਆਹ ਵਿਚ ਬੀਅ ਦਾ ਲੇਖਾ’ ਕਰਨ ਆ ਪਹੁੰਚੇ ਹੋ।
ਬੱਸ ਇੰਨੇ ਥੋੜ੍ਹੇ ਕੁ ਵਕਫੇ ਵਿਚ ਰੁਸਤਮ-ਏ-ਜ਼ਮਾਂ ਕਰਤਾਰ ਸਿੰਘ ਨੇ ਪਹਿਲਵਾਨੀ ਅੰਦਾਜ਼ ਵਿਚ ਮੇਰੇ ਗੋਡੀਂ ਹੱਥ ਲਾ ਕੇ ਮੇਰਾ ਸਾਰਾ ਗੁਮਾਨ ਸੂਤ ਲਿਆ। ਇਸ ਉਪਰੰਤ ਫਿਰ ਗੁਰੂ ਨੂੰ ਸਮਰਪਿਤ ਆਪੋ-ਆਪਣੇ ਖੇਤਰ ਦੇ ਦੋ ਪਹਿਲਵਾਨ ਇਕ ਗਲਵਕੜੀ ਵਿਚ ਬੱਝੇ ਖੜ੍ਹੇ ਸਨ। ਪਹਿਲਵਾਨ-ਕਮ-ਐੱਸ.ਪੀ ਕਰਤਾਰ ਸਿੰਘ ਕਹੇ ਕਿ ਸਾਹਿਬ ਬਹਾਦਰ ਸਾਨੂੰ ਮਾਇਆ ਜਾਂ ਕੋਈ ਹੋਰ ਮਦਦ ਨਹੀਂ ਚਾਹੀਦੀ, ਬੱਸ ਇਥੇ ਦੰਗਲ ਕਰਵਾਉਣ ਵਾਸਤੇ ਤੁਹਾਡੀ ਮਨਜ਼ੂਰੀ ਚਾਹੀਦੀ ਹੈ। ਉਧਰ ਮੈਂ ਬਤੌਰ ਡਿਪਟੀ ਕਮਿਸ਼ਨਰ ਇੰਨੀ ਵੱਡੀ ਸ਼ਖਸੀਅਤ ਨੂੰ ਅੰਦਰੋਂ-ਅੰਦਰੀ ਨਤਮਸਤਕ ਹੋ ਕੇ ਕਹੀ ਜਾਵਾਂ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਆਹ ਪੰਜਾਹ ਹਜ਼ਾਰ ਰੁਪਏ ਪਹਿਲਵਾਨਾਂ ਦੇ ਨਮਿੱਤ ਕਰ ਰਿਹਾ ਹਾਂ, ਬੱਸ ਇਸ ਨੂੰ ‘ਮਿੱਤਰਾਂ ਦੀ ਲੂਣ ਦੀ ਡਲੀ ਮਿਸ਼ਰੀ ਬਰੋਬਰ ਜਾਣਿਓ’।
ਉਧਰ ਕਰਤਾਰ ਸਿੰਘ ਹੋਰੀਂ ਵਾਰ-ਵਾਰ ਕਹਿਣ ਕਿ ਡੀ.ਸੀ. ਸਾਹਿਬ ਤੁਸੀਂ ਪੈਸੇ ਦਾ ਫ਼ਿਕਰ ਨਾ ਕਰੋ, ਸਾਡਾ ਜੁਗਾੜ ਬਣ ਗਿਆ ਹੈ। ਇਸ ਵਾਸਤੇ ਸਾਨੂੰ ਪੈਸੇ ਦੀ ਲੋੜ ਨਹੀਂ ਹੈ। ਮੈਂ ਸੋਚੀ ਜਾਵਾਂ ਕਿ ਇਸ ਭਲੇਮਾਣਸ ਬੰਦੇ ਦੀ ਥਾਂ ਜੇਕਰ ਕੋਈ ਮੇਰੇ ਵਰਗਾ ਆਰਗੇਨਾਈਜ਼ਰ ਹੁੰਦਾਂ ਤਾਂ ਇੰਨਾਂ ਪੈਸਾ ਤਾਂ ਊਈਂ ਘਾਊਂ-ਘੱਪ ਹੋ ਜਾਣਾ ਸੀ। ਸਿਰੇ ਦੀ ਗੱਲ ਕਰੀਏ ਕਿ ਆਖਿਰ ਨੂੰ ਮੇਰਾ ਹੁਕਮ ਚੱਲ ਗਿਆ ਕਿ ਪਹਿਲਵਾਨ ਜੀ ਇਹ ਚੈੱਕ ਮੈਂ ਵੀ ਵਾਪਸ ਨਹੀਂ ਲੈਣਾ। ਮੈਂ ਤਾਂ ‘ਤੇਰੇ ਅੱਗੇ ਥਾਨ ਸੁੱਟਿਆ; ਤੂੰ ਸੁੱਥਣ ਸੁਆ ਭਾਵੇਂ ਲਹਿੰਗਾ’। ਇਸ ਵਾਸਤੇ ਹੁਣ ਇਹ ਤੁਹਾਡੀ ਮਰਜ਼ੀ ਹੈ ਕਿ ਤੁਸੀਂ ਇਸ ਪੈਸੇ ਦਾ ਸਦਉਪਯੋਗ ਕਿਵੇਂ ਕਰਨਾ ਹੈ। ਖੈਰ! ਸ਼ੁਕਰ ਹੈ ਕਿ ਖੇਡਾਂ ਪ੍ਰਤੀ ਸਾਡੀ ਇਹ ਯਾਰੀ ਦੁਵੱਲਿਉਂ ਹੀ ਹੁਣ ਤੱਕ ਨਿਭਦੀ ਰਹੀ ਹੈ।
ਇਸ ਸਾਰੇ ਸੰਦਰਭ ਵਿਚ ਅੱਜ ਜਦ ਆਈ.ਜੀ. ਸਾਹਿਬ ਨੂੰ ਅਸੀਂ ਸਰਕਾਰੀ ਨੌਕਰੀ ਤੋਂ ਅਲਵਿਦਾ ਕਹਿਣ ਦੀ ਸੋਹਣੀ ਰੀਤ ਨਿਭਾ ਰਹੇ ਹਾਂ ਤਾਂ ਮੈਨੂੰ ਖਿਆਲ ਆ ਰਿਹਾ ਹੈ ਕਿ ਸਾਡੇ ਸਮਾਜ ਦੇ ਸਭਿਆਚਾਰ ਵਿਚ ਇਹ ਚੰਗਾ ਮਾੜਾ ਚਲਣ ਪ੍ਰਚੱਲਿਤ ਰਿਹਾ ਹੈ ਕਿ ‘ਮੋਇਆਂ ਨੂੰ ਪੂਜੇ ਇਹ ਦੁਨੀਆਂ, ਜਿਊਂਦਿਆਂ ਸਾਰ ਨਾ ਕਾਈ’ ਦੇ ਅਨੁਸਾਰ ਜਹਾਂ ਫਾਨੀ ਤੋਂ ਕੂਚ ਕਰ ਗਏ ਸੱਜਣਾ ਦੀਆਂ ਸਿਫ਼ਤਾਂ ਦੇ ਪੁੱਲ ਬੰਨ੍ਹੇ ਜਾਂਦੇ ਹਨ, ਇਉਂ ਹੀ ਫਿਰ ਰਿਟਾਇਰਮੈਂਟ ਤੋਂ ਬਾਅਦ ਹਮਾਤੜ-ਸਾਥੀਆਂ ਦੀਆਂ ਸਿਫ਼ਤਾਂ-ਤਾਰੀਫ਼ਾਂ ਕੀਤੀਆਂ ਜਾਂਦੀਆਂ ਹਨ। ਪਰ ਮੈਂ ਮਿੱਤਰਤਾਈ ਦੇ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਪਹਿਲਵਾਨ ਸ੍ਰ. ਕਰਤਾਰ ਸਿੰਘ ਆਈ.ਜੀ. ਇਨ੍ਹਾਂ ਦੋਨੋਂ ਪ੍ਰਸਥਿਤੀਆਂ ਤੋਂ ਉਪਰ ਹਨ ਅਤੇ ਜਿਉਂਦੇ ਜੀਅ ਹਾਲੇ ਵੀ ਦੇਸ਼ ਤੇ ਸਮਾਜ ਦੀ ਸੇਵਾ ਵਿਚ ਰਹਿੰਦੇ ਹੋਏ ਆਪਣੀਆਂ ਹੱਕ-ਬਜਾਨਿਬ ਸਹੀਆਂ ਸਿਫ਼ਤਾਂ ਸੁਣ ਰਹੇ ਹਨ।
ਖੈਰ! ਜਿਥੋਂ ਤੱਕ ਸ੍ਰ. ਕਰਤਾਰ ਸਿੰਘ ਦੀ ਸਰਕਾਰੀ ਸੇਵਾ ਦਾ ਤੁਅਲਕ ਹੈ, ਉਹ ਤਾਂ ਇਉਂ ਲਗਦਾ ਹੈ ਕਿ ਜਿਵੇਂ ਇਸ ਸਾਊ ਬੰਦੇ ਤੇ ਭਲੇਮਾਣਸ ਪਹਿਲਵਾਨ ’ਤੇ ਪੁਲਿਸ ਨੇ ਕੋਈ ਝੂਠਾ ਕੇਸ ਪਾ ਕੇ ਇੰਨੀ ਦੇਰ ਬਿਲਾ-ਵਜ੍ਹਾ ਨੌਕਰੀ ਵਿਚ ਫਸਾਈ ਰਖਿਆ ਹੈ।
ਬੇਸ਼ੱਕ ਇਸ ਵਿਚ ਕੋਈ ਸੰਦੇਹ ਨਹੀਂ ਉਹ ਪੁਲਿਸ ਸੇਵਾ ਤੋਂ ਨਵਿਰਤ ਹੋ ਰਹੇ ਹਨ, ਪਰ ਮੈਂ ਪੂਰੇ ਭਰੋਸੇ ਨਾਲ ਕਹਿੰਦਾ ਹਾਂ ਕਿ ਉਨ੍ਹਾਂ ਵਰਗੇ ਅਤੇ ਡੀ.ਜੀ.ਪੀ. ਭੁੱਲਰ ਤੇ ਡੀ.ਜੀ.ਪੀ. ਰਾਜਦੀਪ ਵਰਗੇ ਅਫਸਰ ਸਿਰਫ ‘ਦੋਸ਼ ਯੁਕਤ’ ਸਰਕਾਰੀ ਸੇਵਾ ਤੋਂ ਮੁਕਤ ਹੁੰਦੇ ਹਨ। ਅਜਿਹੇ ਖੂਬਸੂਰਤ ਤੇ ਨੇਕ ਸੀਰਤ ਇਨਸਾਨ ‘ਸਮਾਜ ਸੇਵਾ’ ਤੋਂ ਕਦੇ ਵੀ ਵਿਹਲੇ ਨਹੀਂ ਹੁੰਦੇ। ਸੋ! ਸ੍ਰ. ਕਰਤਾਰ ਸਿੰਘ ਦੇ ਸਾਹਮਣੇ ਹਾਲੇ ਵੀ ਖੁੱਲ੍ਹਾ-ਡੁੱਲ੍ਹਾ ਅਖਾੜਾ ਉਨ੍ਹਾਂ ਨੂੰ ਜ਼ੋਰ ਅਜ਼ਮਾਉਣ ਦਾ ਸੱਦਾ ਦੇ ਰਿਹਾ ਹੈ। ਮੈਂ ਉਨ੍ਹਾਂ ਨੂੰ ਵੱਡਾ ਭਰਾ ਹੋਣ ਦੇ ਨਾਤੇ ਕੁੱਝ ਕੁ ਦਿਨ ਹੋਏ ਸਲਾਹ ਦਿੱਤੀ ਸੀ ਅਤੇ ਅੱਜ ਇਸ ਸੰਗਤ ਰੂਪੀ ਇਕੱਠ ਵਿਚ ਫਿਰ ਆਪਣਾ ਮਸ਼ਵਰਾ ਦੁਹਰਾ ਰਿਹਾ ਹਾਂ ਕਿ ਬੇਸ਼ੱਕ ਅੱਜ ਵੀ ਮੱਲ- ਅਖਾੜਾ ਉਨ੍ਹਾਂ ਨੂੰ ਵੈਟਰਨਜ਼ ਖੇਡਾਂ ਵਿਚ ਹੋਰ ਮੱਲਾਂ ਮਾਰਨ ਲਈ ’ਵਾਜਾਂ ਮਾਰ ਰਿਹਾ ਹੈ, ਪਰ ਹੁਣ ਸਾਰਾ ਪੰਜਾਬ ਇਸ ਇਕ ਵਿਲੱਖਣ ਕਰਤਾਰ ਨੂੰ ਹੋਰ ਕਿੰਨੇ ਹੀ ‘ਕਰਤਾਰ ਪਹਿਲਵਾਨ’ ਪੈਦਾ ਕਰਨ ਵਾਸਤੇ ਵੰਗਾਰ ਰਿਹਾ ਹੈ।
ਨਿਰਸੰਦੇਹ ਆਪਣੀਆਂ ਪ੍ਰਾਪਤੀਆਂ ਦਾ ਮਾਣ ਹਮੇਸ਼ਾਂ ਆਪਣੀ ਥਾਂ ਹੀ ਹੁੰਦਾ ਹੈ; ਪਰ ਮੇਰੇ ਛੋਟੇ ਵੀਰ ਕਰਤਾਰ ਸਿੰਹਾਂ ਨਵੀਂ ਸਿਰਜਣਾ, ਨਵੀਂ ਤਰਤੀਬ ਤੇ ਨਵੀਂ ਸਫਬੰਦੀ ਪੈਦਾ ਕਰਨ ਦਾ ਆਪਣਾ ਹੀ ਅਨੰਦ ਹੁੰਦਾ ਹੈ। ਇਸ ਵਾਸਤੇ ਅਕਾਲ ਪੁਰਖ ਦੇ ਦਰ ’ਤੇ ਅਰਦਾਸ-ਬੰਦਨਾ ਹੈ ਕਿ ਸਾਡਾ ਭਾਈ ਪਹਿਲਵਾਨ ਕਰਤਾਰ ਸਿੰਘ ਹੁਣ ਪਹਿਲਵਾਨੀ ਦੇ ਪੱਠਿਆਂ ਦੇ ‘ਨਾਮੀ ਉਸਤਾਦ’ ਦੇ ਰੂਪ ਵਿਚ ਪ੍ਰਕਾਸ਼ਮਾਨ ਹੋਵੇ।
ਸ਼ਾਲਾ! ਭਾਈ ਕਰਤਾਰ ਸਿੰਹਾਂ ਵਾਹਿਗੁਰੂ ਤੇਰੇ ਸਦਾ ਹੀ ਅੰਗ-ਸੰਗ ਰਹੇ।
ਸੰਪਰਕ: +91 98140 32009