ਅੱਜ ਅੰਤਰਰਾਸ਼ਟਰੀ ਬਾਲ ਦਿਵਸ’ ਉੱਤੇ ਵਿਸ਼ੇਸ਼
ਬੱਚੇ ਕੋਮਲ ਫੁੱਲਾਂ ਸਮਾਨ ਹੁੰਦੇ ਹਨ, ਜਿਨ੍ਹਾਂ ਦਾ ਪਾਲਣ-ਪੋਸ਼ਣ ਬਹੁਤ ਹੀ ਪਿਆਰ ਭਰੇ ਧਿਆਨ ਨਾਲ ਕਰਨਾ ਚਾਹੀਦਾ ਹੈ।ਕਿਸੇ ਵੀ ਸਮਾਜ, ਦੇਸ਼ ਅਤੇ ਕੌਮ ਦਾ ਭਵਿੱਖ ਬੱਚੇ ਹੀ ਹੁੰਦੇ ਹਨ ਅਤੇ ਜੇਕਰ ਬੱਚਿਆਂ ਨੂੰ ਬਚਪਨ ਵਿਚ ਹੀ ਆਪਣੇ ਘਰ, ਸਕੂਲ ਅਤੇ ਚੌਗਿਰਦੇ ਤੋਂ ਉੱਚੇ-ਸੁੱਚੇ ਸੰਸਕਾਰ ਅਤੇ ਨੈਤਿਕ ਕਦਰਾਂ-ਕੀਮਤਾਂ ਮਿਲ ਜਾਣ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ ਕਿ ਬੱਚੇ ਕੁਰਾਹੇ ਪੈ ਜਾਣ।ਇਸ ਲੇਖ ਵਿਚ ਕੁਝ ਮਹਾਨ ਅਤੇ ਮਸ਼ਹੂਰ ਸ਼ਖਸੀਅਤਾਂ ਦੇ ਬਚਪਨ ਨਾਲ ਸਬੰਧਿਤ ਪ੍ਰੇਰਕ ਘਟਨਾਵਾਂ ਦਾ ਜ਼ਿਕਰ ਕੀਤਾ ਗਿਆ ਹੈ ਜਿਸ ਤੋਂ ਸੇਧ ਲੈ ਕੇ ਨਰੋਏ ਸਮਾਜ ਦੀ ਸਿਰਜਣਾ ਕੀਤੀ ਜਾ ਸਕਦੀ ਹੈ।
ਭਾਰਤ ਦੇ ਪਹਿਲੇ ਰਾਸ਼ਟਰਪਤੀ ਡਾਕਟਰ ਰਾਜੇਂਦਰ ਪ੍ਰਸਾਦ ਨੂੰ ਇਕ ਵਾਰ ਬਚਪਨ ਵਿਚ ਉਨ੍ਹਾਂ ਦੀ ਮਾਂ ਨੇ ਪੰਜਾਹ ਰੁਪਏ ਦਿੱਤੇ ਅਤੇ ਉਨ੍ਹਾਂ ਨੂੰ ਕਿਸੇ ਵਿਸ਼ੇਸ਼ ਕੰਮ ਵਾਸਤੇ ਪਿੰਡ ਤੋਂ ਸ਼ਹਿਰ ਜਾਣ ਨੂੰ ਕਿਹਾ।ਮਾਂ ਦੀ ਆਗਿਆ ਸੁਣ ਕੇ ਆਪ ਤੁਰੰਤ ਤਿਆਰ ਹੋ ਕੇ ਖੁਸ਼ੀ-ਖੁਸ਼ੀ ਸ਼ਹਿਰ ਵੱਲ ਨੂੰ ਚੱਲ ਪਏ।ਰਾਹ ਵਿਚ ਬੜੇ ਸੰਘਣੇ ਜੰਗਲ ਆਉਂਦੇ ਸਨ ਜਿਨ੍ਹਾਂ ਵਿਚੋਂ ਲੰਘਦੇ ਸਮੇਂ ਉਨ੍ਹਾਂ ਨੂੰ ਕੁਝ ਡਾਕੂ ਘੇਰ ਕੇ ਕਹਿਣ ਲੱਗੇ, “ਜੇ ਤੂੰ ਜਿਉਂਦਾ ਰਹਿਣਾ ਚਾਹੁੰਦਾ ਹੈਂ ਤਾਂ ਤੇਰੇ ਕੋਲ ਜਿੰਨੇ ਵੀ ਪੈਸੇ ਹਨ, ਸਾਨੂੰ ਚੁਪਚਾਪ ਫੜ੍ਹਾ ਦੇ।” ਇਹ ਸੁਣਦੇ ਸਾਰ ਹੀ ਉਨ੍ਹਾਂ ਨੇ ਬਿਨਾਂ ਕਿਸੇ ਘਬਰਾਹਟ ਤੋਂ ਤੁਰੰਤ ਹੀ ਆਪਣੀ ਜੇਬ੍ਹ ਵਿਚੋਂ ਪੰਜਾਹ ਰੁਪਏ ਕੱਢ ਕੇ ਡਾਕੂਆਂ ਨੂੰ ਫੜ੍ਹਾ ਦਿੱਤੇ।
ਡਾਕੂਆਂ ਨੂੰ ਆਪ ਉੱਪਰ ਪੂਰੀ ਤਰ੍ਹਾਂ ਭਰੋਸਾ ਨਾ ਹੋਇਆ ਅਤੇ ਉਨ੍ਹਾਂ ਇਹ ਸੋਚ ਕੇ ਕਿ ਬੱਚੇ ਕੋਲ ਹੋਰ ਰੁਪਏ ਵੀ ਹੋਣਗੇ, ਆਪ ਦੀ ਤਲਾਸ਼ੀ ਲੈਣ ਲੱਗੇ।ਪਰੰਤੂ ਕਿੰਨਾ ਚਿਰ ਤਲਾਸ਼ੀ ਕਰਨ ਉਰੰਤ ਵੀ ਜਦੋਂ ਉਨ੍ਹਾਂ ਹੱਥ ਕੁਝ ਨਾ ਲੱਗਿਆ ਤਾਂ ਡਾਕੂਆਂ ਦੇ ਸਰਦਾਰ ਨੇ ਆਪ ਤੋਂ ਬਿਨਾਂ ਕਿਸੇ ਹਿਚਕਿਚਾਹਟ ਤੋਂ ਸਾਰੇ ਪੈਸੇ ਤੁਰੰਤ ਫੜ੍ਹਾਉਣ ਦਾ ਕਾਰਨ ਪੁੱਛਿਆ।ਆਪ ਕਹਿਣ ਲੱਗੇ, “ਮੇਰੀ ਮਾਂ ਨੇ ਮੈਨੂੰ ਹਮੇਸ਼ਾ ਇਹੀ ਸਿੱਖਿਆ ਦਿੱਤੀ ਹੈ ਕਿ ਮਨੁੱਖ ਨੂੰ ਕਿਸੇ ਵੀ ਹਾਲਤ ਵਿਚ ਸੱਚ ਨੂੰ ਤਿਆਗ ਕੇ ਝੂਠ ਦਾ ਸਹਾਰਾ ਨਹੀਂ ਲੈਣਾ ਚਾਹੀਦਾ।” ਡਾਕੂਆਂ ਦਾ ਸਰਦਾਰ ਆਪ ਦੇ ਮੂੰਹੋਂ ਐਸੇ ਵਿਚਾਰ ਸੁਣਕੇ ਬਹੁਤ ਪ੍ਰਭਾਵਿਤ ਹੋਇਆ ਅਤੇ ਕਹਿਣ ਲੱਗਾ, “ਕਾਕਾ! ਧੰਨ ਹੈ ਤੇਰੀ ਮਾਂ ਜਿਸਨੇ ਤੇਰੇ ਵਰਗੇ ਸੱਚੇ ਅਤੇ ਇਮਾਨਦਾਰ ਸਪੁੱਤਰ ਨੂੰ ਜਨਮ ਦਿੱਤਾ ਹੈ।“ ਇਕ ਨਿੱਕੇ ਜਿਹੇ ਬੱਚੇ ਦੀਆਂ ਉੱਚੀਆਂ-ਸੁੱਚੀਆਂ ਗੱਲਾਂ ਨੇ ਡਾਕੂਆਂ ਦਾ ਜੀਵਨ ਬਦਲ ਦਿੱਤਾ।