Thu, 21 November 2024
Your Visitor Number :-   7254161
SuhisaverSuhisaver Suhisaver

ਨੌਰਾ ਰਿਚਰਡ : ਪੰਜਾਬੀ ਨਾਟਕ ਦੀ ਜਨਮਦਾਤੀ - ਰਣਜੀਤ ਸਿੰਘ ਪ੍ਰੀਤ

Posted on:- 31-10-2013

suhisaver

ਪੰਜਾਬੀ ਨਾਟਕ ਦੀ ਜਨਮਦਾਤੀ, 1911 ਤੋਂ 1971 ਤੱਕ 60 ਵਰ੍ਹੇ ਪੰਜ ਦਰਿਆਵਾਂ ਦੀ ਧਰਤੀ ’ਤੇ ਵਸਣ ਵਾਲੀ, ਛੋਟੀ ਉਮਰ ਵਿੱਚ ਹੀ ਕਾਮਯਾਬੀ ਨਾਲ ਸਟੇਜ ਨਾਟਕਾਂ ਵਿੱਚ ਅਦਾਕਾਰੀ ਦਿਖਾਉਣ ਵਾਲੀ, ਪੰਜਾਬੀ ਸਭਿਆਚਾਰ ਨੂੰ ਪਿਆਰਨ ਸਤਿਕਾਰਨ ਵਾਲੀ ਅਤੇ ਪੰਜਾਬੀਆਂ ਦੀ ਲੇਡੀ ਗਰੇਗਰੀ ਅਖਵਾਉਣ ਵਾਲੀ ਹੀ ਸੀ “ ਨੌਰਾ ਮੈਰੀ ਹੁਟਮਨ”। ਜਿਸ ਦਾ ਜਨਮ ਆਇਰਲੈਂਡ ਵਿੱਚ 29 ਅਕਤੂਬਰ 1876 ਨੂੰ ਹੋਇਆ । ਹੋਰਨਾਂ ਥਾਵਾਂ ਤੋਂ ਇਲਾਵਾ ਇਸ ਨੇ ਬੈਲਜੀਅਮ,ਆਕਸਫੋਰਡ ਯੂਨੀਵਰਸਿਟੀ,ਅਤੇ ਸਿਡਨੀ ਤੋਂ ਵੀ ਸਿਖਿਆ ਪ੍ਰਾਪਤ ਕੀਤੀ ਅਤੇ 1911 ਵਿੱਚ ਪੰਜਾਬ ਆ ਗਈ । ਏਥੇ ਇਸ ਨੇ ਸਟੇਜ ਨਾਟਕਾਂ ਦਾ ਅਗਾਜ਼ ਕਰਿਆ ਅਤੇ ਇਸ ਦੇ ਹੀ ਸ਼ਗਿਰਦ ਈਸ਼ਵਰ ਚੰਦਰ ਨੰਦਾ ਨੇ ਪਹਿਲਾ ਪੰਜਾਬੀ ਨਾਟਕ “ਦੁਲਹਨ” ਜਿਸ ਦਾ ਨਾਅ “ਸੁਭੱਦਰਾ” ਵੀ ਸੀ 1914 ਵਿੱਚ ਲਿਖਿਆ । ਜਿਸ ਦੀ ਸਟੇਜ ਪੇਸ਼ਕਾਰੀ ਨੇ ਦਰਸ਼ਕਾਂ ਨੂੰ ਕੀਲ ਕੇ ਰੱਖ ਦਿੱਤਾ ।

ਯੂਨੀਟਾਰੀਅਨ ਕਿ੍ਰਸਚੀਅਨ ਅੰਗਰੇਜੀ ਦੇ ਅਧਿਆਪਕ ਫਿਲਿਪ ਅਰਨਿਸਟ ਰਿਚਰਡ ਨਾਲ ਵਿਆਹ ਉਪਰੰਤ ਉਹ ਨੌਰਾ ਰਿਚਰਡ ਅਖਵਾਉਂਣ ਲੱਗੀ । ਜਦ ਫਿਲਿਪ ਰਿਚਰਡ ਨੇ ਅੰਗਰੇਜ਼ੀ ਸਾਹਿਤ ਦੇ ਟੀਚਰ ਵਜੋਂ ਲਾਹੌਰ ਦੇ ਦਿਆਲ ਸਿੰਘ ਕਾਲਜ ਵਿੱਚ ਨੌਕਰੀ ਕਰਨਾ ਪ੍ਰਵਾਨ ਕਰ ਲਿਆ ਤਾਂ ਨੌਰਾ ਰਿਚਰਡ ਵੀ 1908 ਵਿੱਚ ਉਹਨਾਂ ਦੇ ਨਾਲ ਹੀ ਭਾਰਤ ਆ ਗਈ । ਉਸ ਸਮੇਂ ਲਾਹੌਰ ਸਾਹਿਤਕ ਕੇਂਦਰ ਵਜੋਂ ਮਕਬੂਲ ਸੀ । ਜਿੱਥੇ ਨੌਰਾ ਕਾਲਜ ਦੀਆਂ ਸਾਹਿਤਕ ਸਰਗਰਮੀਆਂ ਵਿੱਚ ਸ਼ਾਮਲ ਹੋਣ ਲੱਗੀ ਉੱਥੇ ਹੋਮ ਰੂਲ ਅੰਦੋਲਨ ਸਮੇ ਵੀ ਉਹ ਡਾਕਟਰ ਐਨੀ ਬੇਸੈਂਟ ਦੇ ਨਾਲ ਰਹੀ । ਪਰ ਨੌਰਾ ਨੂੰ ਉਦੋਂ ਮੁਸ਼ਕਲਾਂ ਨੇ ਆ ਘੇਰਾ ਘੱਤਿਆ ਜਦ ਉਹਦੇ ਪਤੀ ਦੀ 1920 ਵਿੱਚ ਮਿ੍ਰਤੂ ਹੋ ਗਈ ।

ਦੁਖੀ ਮਨ ਨਾਲ ਨੌਰਾ ਵਾਪਸ ਇੰਗਲੈਂਡ ਪਰਤ ਗਈ । ਉੱਥੇ ਭਾਰਤੀਆਂ ਬਾਰੇ ਬੁਰਾ ਪ੍ਰਚਾਰ ਸੁਣ ਕੇ, ਜਦ ਵਿਰੋਧ ਕੀਤਾ ਤਾਂ ਸਜ਼ਾ ਵੀ ਭੁਗਤਣੀ ਪਈ । ਇੱਕ ਵਾਰ ਫਿਰ 1924 ਵਿੱਚ ਉਹ ਭਾਰਤ ਆ ਗਈ ਅਤੇ ਕਾਂਗੜਾ ਘਾਟੀ ਵਿੱਚ ਪੇਂਡੂ ਮਹੌਲ ਵਰਗਾ ਅੰਦਰੇਟਾ ਵਿਖੇ ਘਰ ਬਣਾ ਲਿਆ,ਜਿਸ ਨੂੰ “ਚਮੇਲੀ ਨਿਵਾਸ” ਕਿਹਾ ਜਾਣ ਲੱਗਿਆ । ਫੁੱਲਾਂ ਬੂਟਿਆਂ ਵਾਲੀ ਇਹ ਜਗ੍ਹਾ ਉਹਨੂੰ ਪਸੰਦ ਆਈ ਅਤੇ ਵੁੱਡ ਲੈਂਡ ਇਸਟੇਟ ਵੀ ਕਿਹਾ ਜਾਦਾਂ ਰਿਹਾ । ਏਥੇ ਹੀ ਡਰਾਮਾ ਸਕੂਲ ਚਾਲੂ ਕਰਿਆ । ਜਿਸ ਵਿੱਚ ਨਾਮਵਰ ਨਾਟਕਕਾਰ ਆਈ ਸੀ ਨੰਦਾ,ਬਲਵੰਤ ਗਾਰਗੀ,ਗੁਰਸ਼ਰਨ ਸਿੰਘ ਵਰਗਿਆਂ ਨੇ ਵੀ ਤਰਬੀਅਤ ਹਾਸਲ ਕੀਤੀ ।

ਉਹ ਅੰਦਰੇਟਾ ਵਿੱਚ ਹਰ ਸਾਲ ਮਾਰਚ ਮਹੀਨੇ ਹਫ਼ਤੇ ਦਾ ਪ੍ਰੋਗਰਾਮ ਕਰਵਾਇਆ ਕਰਦੀ ਸੀ । ਇਸ ਪ੍ਰੋਗਰਾਮ ਵਿੱਚ ਇਲਾਕੇ ਦੇ ਲੋਕ ਅਤੇ ਡਰਾਮਾ ਸਕੂਲ ਦੇ ਵਿਦਿਆਰਥੀ ਓਪਨ ਏਅਰ ਥਿਏਟਰ ਵਿੱਚ ਪਹੁੰਚ ਕੇ, ਉਹਦੇ ਨਾਟਕਾਂ ਦਾ ਹਿੱਸਾ ਬਣਨ ਦੇ ਨਾਲ ਨਾਲ ਸਟੇਜ ਪ੍ਰੋਗਰਾਮ ਦਾ ਆਨੰਦ ਵੀ ਮਾਣਿਆਂ ਕਰਦੇ ਸਨ । ਜਿਸ ਵਿੱਚ ਪਿ੍ਰਥਵੀ ਰਾਜ ਕਪੂਰ,ਬਲਰਾਜ ਸਾਹਨੀ ਵਰਗੇ ਕਲਾਕਾਰਾਂ ਦੀ ਹਾਜ਼ਰੀ ਵਿਸ਼ੇਸ਼ ਰਿਹਾ ਕਰਦੀ ਸੀ । ਅੰਦਰੇਟਾ ਦੀ ਮਸ਼ਹੂਰ ਹਸਤੀ ਭਾਦੇਸ਼ ਚੰਦਰ ਸਾਨਿਆਲ ਨੇ ਕਈ ਖੇਤਰਾਂ ਵਿੱਚ ਆਪਣਾ ਲੋਹਾ ਮਨਵਾਇਆ ਸੀ। ਚੰਮੇਲੀ ਨਿਵਾਸ ਦੇ ਨੇੜੇ ਹੀ ਪ੍ਰੌਫੈਸਰ ਜੈ ਦਿਆਲ,ਪੇਂਟਰ ਸੋਭਾ ਸਿੰਘ,ਅਤੇ ਫਰੀਦਾ ਬੇਦੀ ਨੇ ਵੀ ਨਿਵਾਸ ਕਰ ਲਿਆ ਸੀ । ਇਸ ਤਰ੍ਹਾਂ ਅੰਦਰੇਟਾ ਕਲਚਰਲ ਕੇਂਦਰ ਵਜੋਂ ਮਸ਼ਹੂਰ ਹੋਇਆ ।

ਨੌਰਾ ਨੇ ਆਪਣਾ ਸਾਰਾ ਸਾਹਿਤਕ ਸਰਮਾਇਆ ਹਿਮਾਚਲ ਸਰਕਾਰ ਨੂੰ ਸੌਂਪਣ ਲਈ ਬੇਨਤੀ ਭੇਜੀ,ਪਰ ਜਦ ਕੋਈ ਜਵਾਬ ਨਾ ਆਇਆ ਤਾਂ ਉਹਨੇ ਸਾਰੀਆਂ ਕੀਮਤੀ ਚੀਜਾਂ ਪੰਜਾਬੀ ਯੂਨੀਵਰਸਿਟੀ ਦੇ ਸਪੁਰਦ ਕਰ ਦਿੱਤੀਆਂ । ਅਖ਼ੀਰਲਾ ਸਮਾਂ ਨੌਕਰਾਂ ਸਹਾਰੇ ਬਿਤਾਉਂਦੀ ਨੌਰਾ ਰਿਚਰਡ 3 ਮਾਰਚ 1971 ਨੂੰ ਇਸ ਦੁਨੀਆਂ ਤੋਂ ਸਦਾ ਸਦਾ ਲਈ ਕੂਚ ਕਰ ਗਈ । ਉਸਦੀ ਯਾਦਗਾਰ ਤੇ ਲਿਖੇ ਸ਼ਬਦ ਉਹਦੀ ਮਹਾਨਤਾ ਨੂੰ ਬਿਆਂਨ ਕਰਦੇ ਹਨ “ ਐ ਥੱਕੇ ਹੋਏ ਦਿਲ ਅਰਾਮ ਕਰ,ਤੇਰਾ ਕੰਮ ਹੋ ਗਿਆ ਹੈ ।

ਸੰਪਰਕ: +91 98157 07232

Comments

Security Code (required)



Can't read the image? click here to refresh.

Name (required)

Leave a comment... (required)





ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ