ਨਿਰਮਾਣਤਾ ਅਤੇ ਮਹਾਨਤਾ ਦੇ ਸੁਮੇਲ: ਪ੍ਰੋ. ਪ੍ਰੀਤਮ ਸਿੰਘ ਜੀ -ਹਰਗੁਣਪ੍ਰੀਤ ਸਿੰਘ
Posted on:- 26-10-2013
ਸਾਲ 2007-2008 ਦੌਰਾਨ ਮੁਲਤਾਨੀ ਮੱਲ ਮੋਦੀ ਕਾਲਜ ਪਟਿਆਲਾ ਦੀ ਬੀ.ਏ.(ਭਾਗ-1) ਸ਼੍ਰੇਣੀ ਵਿਚ ਪੜ੍ਹਦਿਆਂ ਮੇਰੇ ਲਈ ਉਹ ਦਿਨ ਬੜਾ ਭਾਗਾਂ ਭਰਿਆ ਸਾਬਤ ਹੋਇਆ ਜਦੋਂ ਪੰਜਾਬੀ (ਲਾਜ਼ਮੀ) ਵਿਸ਼ੇ ਦੇ ਪੀਰੀਅਡ ਵਿਚ ਪੁਸਤਕ ‘ਗਦ ਪ੍ਰਵਾਹ’ ਦਾ ਪਹਿਲਾ ਪਾਠ ‘ਡਾ. ਗੰਡਾ ਸਿੰਘ’ ਪੜ੍ਹਾਉਂਦਿਆਂ ਸਾਡੇ ਪੰਜਾਬੀ ਦੇ ਅਧਿਆਪਕ ਪ੍ਰੋ. ਹਰਚਰਨ ਸਿੰਘ ਜੀ ਨੇ ਇਸ ਰਚਨਾ ਦੇ ਲੇਖਕ ਪ੍ਰੋ. ਪ੍ਰੀਤਮ ਸਿੰਘ ਜੀ ਦੇ ਅਨੂਠੇ ਜੀਵਨ ਬਾਰੇ ਕੁਝ ਅਜਿਹੀਆਂ ਵਿਲੱਖਣ ਗੱਲਾਂ ਸਾਂਝੀਆਂ ਕੀਤੀਆਂ ਕਿ ਮੇਰੇ ਮਨ ਵਿਚ ਉਨ੍ਹਾਂ ਦੇ ਤਤਕਾਲ ਦਰਸ਼ਨਾਂ ਲਈ ਤੀਬਰ ਸਿੱਕ ਪੈਦਾ ਹੋ ਗਈ।
ਜਦੋਂ ਮੈਨੂੰ ਇਹ ਪਤਾ ਚੱਲਿਆ ਕਿ ਪ੍ਰੋ. ਪ੍ਰੀਤਮ ਸਿੰਘ ਬੁੱਢਾ ਦਲ ਪਬਲਿਕ ਸਕੂਲ ਦੇ ਲੋਅਰ ਮਾਲ ਵਾਲੇ ਗੇਟ ਦੇ ਸਾਹਮਣੇ ਪੈਂਦੀ ਪ੍ਰੀਤ ਨਗਰ ਵਾਲੀ ਗਲੀ ਵਿਚ ਰਹਿੰਦੇ ਹਨ ਤਾਂ ਮੇਰੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ਕਿਉਂਕਿ ਉਸੇ ਗਲੀ ਵਿਚ ਬਹੁਤ ਹੀ ਸਤਿਕਾਰਯੋਗ ਬੱਚਿਆਂ ਦੇ ਮਾਹਿਰ ਡਾਕਟਰ ਹਰਸ਼ਿੰਦਰ ਕੌਰ ਜੀ ਵੀ ਰਹਿੰਦੇ ਹਨ ਜਿਨ੍ਹਾਂ ਦੇ ਰੋਜ਼ਾਨਾ ਸਮਾਚਾਰ ਪੱਤਰਾਂ ਵਿਚ ਪ੍ਰਕਾਸ਼ਿਤ ਲੇਖ ਪੜ੍ਹਕੇ ਮੈਂ ਕਈ ਵਾਰ ਟੈਲੀਫੋਨ ਰਾਹੀਂ ਧੰਨਵਾਦ ਯੁਕਤ ਵਧਾਈਆਂ ਦੇ ਚੁੱਕਾ ਸਾਂ ਤੇ ਕਈ ਪ੍ਰਸ਼ੰਸਾ ਭਰੇ ਪੱਤਰ ਵੀ ਲਿਖ ਚੁੱਕਾ ਸਾਂ।
ਮੈਨੂੰ ਦੋ-ਤਿੰਨ ਵਾਰ ਉਨ੍ਹਾਂ ਦੇ ਘਰ ਜਾਣ ਦਾ ਸੁਭਾਗ ਵੀ ਪ੍ਰਾਪਤ ਹੋ ਚੁੱਕਾ ਸੀ ਅਤੇ ਅਖਬਾਰਾਂ ਵਿਚ ਛਪੀਆਂ ਆਪਣੀਆਂ ਰਚਨਾਵਾਂ ਦੀ ਐਲਬਮ ਦਿਖਾ ਕੇ ਉਨ੍ਹਾਂ ਤੋਂ ਸ਼ਾਬਾਸ਼ ਵੀ ਲੈ ਚੁੱਕਾ ਸਾਂ।ਉਹ ਮੇਰੇ ਉਸ ਸਾਹਸ, ਉੱਦਮ ਅਤੇ ਦ੍ਰਿੜ ਇਰਾਦੇ ਦਾ ਜ਼ਿਕਰ ਆਪਣੇ ਲੈਕਚਰਾਂ ਅਤੇ ਲਿਖਤਾਂ ਵਿਚ ਵੀ ਕਰ ਚੁੱਕੇ ਸਨ, ਜਿਸ ਸਦਕਾ ਮੈਂ ‘ਬਲੱਡ ਕੈਂਸਰ’ ਜੈਸੀ ਖੌਫਨਾਕ ਬਿਮਾਰੀ ਨਾਲ ਸਫਲਤਾ ਸਹਿਤ ਜੂਝਦਿਆਂ ਹੋਇਆਂ ਵਿਦਿਅਕ ਅਤੇ ਸਹਿਪਾਠੀ ਕਿਰਿਆਵਾਂ ਵਿਚ ਸਰਵੋਤਮ ਦਰਜੇ ਦੀਆਂ ਪ੍ਰਾਪਤੀਆਂ ਕਰ ਦਿਖਾਈਆਂ ਸਨ।ਉਹ ਮੈਨੂੰ ਬਹੁਤ ਹੀ ਸੁੰਦਰ ਪਾਰਕਰ ਪੈੱਨ ਅਤੇ ਇਕ ਪੁਸਤਕ ਵੀ ਇਨਾਮ ਵਜੋਂ ਦੇ ਚੁੱਕੇ ਸਨ ਜਿਸ ਉਤੇ ਉਨ੍ਹਾਂ ਨੇ ਲਿਖਿਆ ਸੀ, “ਮੇਰੇ ਹੁਣ ਤੱਕ ਦੇ ਜੀਵਨ ਵਿਚ ਮਿਲੇ ਸਭ ਤੋਂ ਕਮਾਲ ਦੇ ਬੱਚੇ ਹਰਗੁਣਪ੍ਰੀਤ ਲਈ, ਪ੍ਰਮਾਤਮਾ ਤੇਰੇ ਉਤੇ ਹਮੇਸ਼ਾ ਮਿਹਰ ਭਰਿਆ ਹੱਥ ਰੱਖੇ। ਪਿਆਰ ਤੇ ਆਸ਼ੀਰਵਾਦ ਨਾਲ!”- ਹਰਸ਼।
ਸੋ ਮੈਨੂੰ ਪੂਰਨ ਉਮੀਦ ਹੋ ਗਈ ਕਿ ਡਾ. ਹਰਸ਼ਿੰਦਰ ਕੌਰ ਜ਼ਰੂਰ ਹੀ ਪੋ੍ਰ. ਪ੍ਰੀਤਮ ਸਿੰਘ ਹੋਰਾਂ ਨੂੰ ਬੜੀ ਚੰਗੀ ਤਰ੍ਹਾਂ ਜਾਣਦੇ ਹੋਣਗੇ ਅਤੇ ਮੇਰੀ ਮੁਲਾਕਾਤ ਲਈ ਸਹਾਈ ਸਿੱਧ ਹੋਣਗੇ।ਮੈਂ ਉਸੇ ਸ਼ਾਮ ਉਨ੍ਹਾਂ ਨੂੰ ਟੈਲੀਫੋਨ ਕਰਕੇ ਪ੍ਰੋ. ਸਾਹਿਬ ਨਾਲ ਮਿਲਣ ਦੀ ਇੱਛਾ ਪ੍ਰਗਟ ਕੀਤੀ।ਉਨ੍ਹਾਂ ਬੜੀ ਖੁਸ਼ੀ ਨਾਲ ਕਿਹਾ, “ਬੇਟਾ! ਪ੍ਰੋ. ਪ੍ਰੀਤਮ ਸਿੰਘ ਤਾਂ ਮੇਰੇ ਪਿਤਾ ਜੀ ਹੀ ਹਨ, ਤੂੰ ਜਦੋਂ ਚਾਹਵੇਂਗਾ ਮੈਂ ਤੈਨੂੰ ਲੈ ਚੱਲਾਂਗੀ, ਉਹ ਸਾਡੇ ਘਰ ਦੇ ਬਿਲਕੁਲ ਨਜ਼ਦੀਕ ਰਹਿੰਦੇ ਹਨ।ਉਨ੍ਹਾਂ ਦੀ ਇਸ ਪੇਸ਼ਕਸ਼ ਨਾਲ ਮੇਰਾ ਚਾਅ ਆਕਾਸ਼ ਤੋਂ ਵੀ ਉੱਚਾ ਚੜ੍ਹ ਗਿਆ ਪ੍ਰਤੀਤ ਹੁੰਦਾ ਸੀ।ਪ੍ਰੋ. ਸਾਹਿਬ ਨਾਲ ਮੁਲਾਕਾਤ ਕਰਨ ਜਾਣਾ ਮੈਨੂੰ ਇਕ ਪਵਿੱਤਰ ਤੀਰਥ ਸਥਾਨ ਦੀ ਯਾਤਰਾ ਕਰਨ ਵਾਂਗ ਪ੍ਰਤੀਤ ਹੋ ਰਿਹਾ ਸੀ।
21 ਨਵੰਬਰ 2007 ਦੇ ਸੁਭਾਗੇ ਦਿਨ ਮੈਂ ਆਪਣੇ ਪਿਤਾ ਸ. ਰੂਪਇੰਦਰ ਸਿੰਘ ‘ਸਟੇਟ-ਐਵਾਰਡੀ-ਅਧਿਆਪਕ’ ਨਾਲ ਡਾ. ਹਰਸ਼ਿੰਦਰ ਕੌਰ ਦੇ ਘਰ ਪਹੁੰਚ ਗਿਆ ਅਤੇ ਉਹ ਸਾਨੂੰ ਦੋਵਾਂ ਨੂੰ ਪ੍ਰੋ. ਸਾਹਿਬ ਦੇ ਘਰ ਲੈ ਗਏ।ਘਰ ਦਾ ਮੁੱਖ ਦੁਆਰ ਵੜਦਿਆਂ ਹੀ ਖੱਬੇ ਪਾਸੇ ਬੜਾ ਸੁੰਦਰ ਬਗੀਚਾ ਸੀ।ਸਾਨੂੰ ਦੋਹਾਂ ਨੂੰ ਬਗੀਚੇ ਦੇ ਨਾਲ ਵਾਲੇ ਵਰਾਂਡੇ ਵਿਚਲੀਆਂ ਕੁਰਸੀਆਂ ਉੱਤੇ ਬੈਠਣ ਲਈ ਆਖਕੇ ਡਾ. ਹਰਸ਼ਿੰਦਰ ਕੌਰ ਨੇ ਉੱਚੀ ਆਵਾਜ਼ ਵਿਚ ਕਿਹਾ,“ਪਾਪਾ ਜੀ! ਆ ਗਿਐ ਤੁਹਾਡਾ ਹਰਗੁਣਪ੍ਰੀਤ।” ਇਹ ਆਖਕੇ ਉਹ ਆਪਣੇ ਘਰ ਪਰਤ ਗਏ।ਥੋੜ੍ਹੀ ਦੇਰ ਬਾਅਦ ਬਿਨਾਂ ਕਿਸੇ ਦਾ ਸਹਾਰਾ ਲਏ ਬੜੇ ਸੰਤੁਲਿਤ ਢੰਗ ਨਾਲ ਤੁਰਦਿਆਂ ਪ੍ਰੋ. ਸਾਹਿਬ ਕਮਰੇ ਤੋਂ ਬਾਹਰ ਆਏ।ਅਸੀਂ ਦੋਹਾਂ ਪਿਓ-ਪੁੱਤਰਾਂ ਨੇ ਅਦਬ ਸਹਿਤ ਉਨ੍ਹਾਂ ਦੀ ਚਰਨ ਛੋਹ ਪ੍ਰਾਪਤ ਕਰਕੇ ਅਸੀਸਾਂ ਹਾਸਲ ਕੀਤੀਆਂ ਅਤੇ ਤਿੰਨੋ ਹੀ ਆਪਣੀ-ਆਪਣੀ ਕੁਰਸੀ ਉੱਤੇ ਸਜ ਗਏ।ਪ੍ਰੋ. ਸਾਹਿਬ ਦੇ ਅਤਿ ਸੁੰਦਰ ਚੇਹਰੇ ਉੱਤੇ ਉਮਰ ਭਰ ਦੇ ਸ਼ੁੱਭ ਕਰਮਾਂ ਸਦਕਾ ਹਾਸਲ ਕੀਤੀ ਤਸੱਲੀ ਦਾ ਨੂਰ ਚਮਕਾਂ ਮਾਰ ਰਿਹਾ ਸੀ।ਉਨ੍ਹਾਂ ਦੀ ਟਿਕਵੀਂ-ਸਹਿਜ-ਸ਼ਖਸੀਅਤ ਵਿਚੋਂ ਨਿਕਲ ਰਹੀਆਂ ਸਬਰ-ਸੰਤੋਖ ਅਤੇ ਅਮਨ-ਸ਼ਾਂਤੀ ਦੀਆਂ ਨਿਰੰਤਰ ਤਰੰਗਾਂ ਇਕ ਮਿੱਠੀ ਜਿਹੀ ਝਰਨਾਹਟ ਪੈਦਾ ਕਰਕੇ ਮੇਰੇ ਹਿਰਦੇ ਨੂੰ ਠਾਰ ਰਹੀਆਂ ਪ੍ਰਤੀਤ ਹੁੰਦੀਆਂ ਸਨ।ਉਨ੍ਹਾਂ ਬੜੀ ਅਪਣੱਤ ਸਹਿਤ ਕਿਹਾ, “ ਬੇਟਾ ਹਰਗੁਣਪ੍ਰੀਤ! ਮੈਂ ਤਾਂ ਤੈਨੂੰ ਉਦੋਂ ਤੋਂ ਹੀ ਮਿਲਣ ਦਾ ਇੱਛੁਕ ਸਾਂਜਦੋਂ ਹਰਸ਼ ਨੇ ਤੇਰੀ ਮੋਤੀਆਂ ਵਰਗੀ ਲਿਖਾਈ ਵਿਚ ਲਿਖੀ ਚਿੱਠੀ ਦਿਖਾਈ ਸੀ ਤੇ ਤੇਰੇ ਬੁਲੰਦ ਹੌਂਸਲੇ ਅਤੇ ਉੱਚ ਪ੍ਰਾਪਤੀਆਂ ਦਾ ਜ਼ਿਕਰ ਕੀਤਾ ਸੀ।ਤੂੰ ਤਾਂ ਆਪਣੇ ਵਿਚਾਰਾਂ ਅਤੇ ਹੱਥ ਲਿਖਤ ਜੈਸਾ ਹੀ ਸੁੰਦਰ ਹੈਂ।‘ਹਰਸ਼’ ਨੇ ਦੱਸਿਆ ਸੀ ਕਿ ਤੇਰੇ ਲਿਖੇ ਲੇਖ ਅਖਬਾਰਾਂ ਵਿਚ ਵੀ ਛਪਦੇ ਰਹਿੰਦੇ ਹਨ।” ਇਹ ਸੁਣਕੇ ਮੈਂ ਝਟਪਟ ਆਪਣੀਆਂ ਸਮਾਚਾਰ ਪੱਤਰਾਂ ਵਿਚ ਛਪੀਆਂ ਲਿਖਤਾਂ ਦੇ ਸੰਗ੍ਰਹਿ ਵਾਲੀ ਐਲਬਮ ਪ੍ਰੋ. ਸਾਹਿਬ ਦੇ ਹੱਥਾਂ ਵਿਚ ਟਿਕਾ ਦਿੱਤੀ।ਉਹ ਬੜੇ ਪਿਆਰ ਨਾਲ ਇਕ-ਇਕ ਕਰਕੇ ਐਲਬਮ ਦੇ ਪੰਨੇ ਪਲਟਦੇ ਰਹੇ ਅਤੇ ਅਸੀਸਾਂ ਦੀ ਛਹਿਬਰ ਲਾਉਂਦੇ ਰਹੇ।“ਵਾਹ ਬਈ ਵਾਹ, ਜਿਉਂਦੇ ਰਹੋ! ਵਾਹ ਬਈ ਵਾਹ ਜਿਉਂਦੇ ਰਹੋ!...।”
ਪੋ੍ਰ. ਸ਼ਾਹਿਬ ਨੇ ਮੇਰੀਆਂ ਤਿੰਨ-ਚਾਰ ਰਚਨਾਵਾਂ ਮੇਰੇ ਮੂਹੋਂ ਸੁਣਕੇ ਭਰਪੂਰ ਦਾਦ ਦਿੱਤੀ ਅਤੇ ਪੁੱਛਿਆ ਕਿ ਇੰਨੀ ਸੁਚੱਜਤਾ ਸਹਿਤ ਰਚਨਾਵਾਂ ਸਾਂਭਣ ਦੀ ਜਾਚ ਕਿਸ ਤੋਂ ਸਿੱਖੀ ਹੈ।ਮੈਂ ਕਿਹਾ, “ਜੀ ਆਪਣੇ ਪਿਤਾ ਜੀ ਤੋਂ।” ਉਨ੍ਹਾਂ ਨੇ ਮੇਰੇ ਪਿਤਾ ਜੀ ਵੱਲ ਬੜੀ ਪ੍ਰਸ਼ੰਸਾਮਈ ਨਿਗਾਹ ਨਾਲ ਤੱਕਦਿਆਂ ਪੁੱਛਿਆ, “ਸਰਦਾਰ ਜੀ! ਤੁਸੀਂ ਕੀ ਕਰਦੇ ਹੋ?” ਮੇਰੇ ਪਿਤਾ ਜੀ ਨੇ ਦੱਸਿਆ ਕਿ ਉਹ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਫੀਲਖਾਨਾ ਪਟਿਆਲਾ ਵਿਖੇ ਅੰਗਰੇਜ਼ੀ ਦੇ ਲੈਕਚਰਾਰ ਹਨ।” ਉਹ ਸ਼ਲਾਘਾ ਭਰਪੂਰ ਲਹਿਜ਼ੇ ਵਿਚ ਪਿਤਾ ਜੀ ਨੂੰ ਕਹਿਣ ਲੱਗੇ, “ਤੁਸੀਂ ਆਪਣੇ ਬੱਚੇ ਨੂੰ ਸ਼ੁਰੂ ਤੋਂ ਹੀ ਰਚਨਾਵਾਂ ਸੰਭਾਲਕੇ ਰੱਖਣ ਦੀ ਜੋ ਆਦਤ ਪਾਈ ਹੈ ਉਹ ਬਹੁਤ ਅਨਮੋਲ ਹੈ।ਚੰਗੇ-ਚੰਗੇ ਲੇਖਕਾਂ ਵਿਚ ਵੀ ਸੁਭਾਉ ਦੀ ਐਸੀ ਘਾਟ ਨਾਲ ਸਾਹਿਤ ਨੂੰ ਬਹੁਤ ਵੱਡਾ ਘਾਟਾ ਪੈ ਜਾਂਦਾ ਹੈ।” ਇਹ ਗੱਲ ਸੁਣਕੇ ਮੇਰੇ ਪਿਤਾ ਜੀ ਇਕ ਦਮ ਬੋਲੇ, “ਮੇਰੇ ਦਾਦਾ ਜੀ ਸ. ਬਲਵੰਤ ਸਿੰਘ ਗਜਰਾਜ ਭਾਵੇਂ ਮਹਾਰਾਜਾ ਪਟਿਆਲਾ ਭੁਪਿੰਦਰ ਸਿੰਘ ਦੇ ‘ਰਾਜ ਕਵੀ’ ਸਨ ਅਤੇ ਭਾਸ਼ਾ ਵਿਭਾਗ ਦੁਆਰਾ ਸਨਮਾਨਿਤ ਸ਼੍ਰੋਮਣੀ ਸਾਹਿਤਕਾਰ ਵੀ ਸਨ, ਪਰੰਤੂ ਬੇਪਰਵਾਹ ਤਬੀਅਤ ਦੇ ਮਾਲਕ ਹੋਣ ਕਰਕੇ ਆਪਣੀਆਂ ਰਚਨਾਵਾਂ ਸਾਂਭਕੇ ਨਹੀਂ ਸਨ ਰੱਖ ਸਕੇ ਜਿਸ ਕਰਕੇ ਪੰਜਾਬੀ ਸਾਹਿਤ ਨੂੰ ਕਦੇ ਵੀ ਨਾ ਪੂਰਿਆ ਜਾਣ ਵਾਲਾ ਨੁਕਸਾਨ ਹੋ ਗਿਆ ਹੈ।”
‘ਗਜਰਾਜ’ ਜੀ ਦਾ ਨਾਂ ਸੁਣਦਿਆਂ ਹੀ ਪ੍ਰੋ. ਸਾਹਿਬ ਅਥਾਹ ਖੁਸ਼ੀ ਦਾ ਅਨੁਭਵ ਕਰਦਿਆਂ ਬੋਲੇ,”ਗਜਰਾਜ ਜੀ ਤਾਂ ਪਟਿਆਲੇ ਦੀ ਸ਼ਾਨ ਸਨ, ਕਵੀ ਦਰਬਾਰਾਂ ਵਿਚ ਛਾ ਜਾਇਆ ਕਰਦੇ ਸਨ।ਉਨ੍ਹਾਂ ਦੀਆਂ ਕਈ ਕਵਿਤਾਵਾਂ ਤਾਂ ਪਟਿਆਲਾ ਨਿਵਾਸੀਆਂ ਦੇ ਜ਼ੁਬਾਨੀ ਯਾਦ ਸਨ।ਇਹ ਆਖਦਿਆਂ ਹੀ ਉਨ੍ਹਾਂ ਨੇ ‘ਗਜਰਾਜ’ ਜੀ ਦੀ ਕਵਿਤਾ ‘ਉੱਦਮ’ ਵਿਚੋਂ ਇਹ ਸਤਰਾਂ ਸੁਣਾਈਆਂ:
‘ਸਮਾਂ ਓਸ ਨੂੰ ਕਦੇ ਨਹੀਂ ਸਮਾਂ ਦੇਂਦਾ, ਜਿਹੜਾ ਸਮੇਂ ਨੂੰ ਸਮਾਂ ਪਛਾਣਦਾ ਨਹੀਂ,
ਰੱਬ ਓਸ ਨੂੰ ਉੱਚਾ ਨਹੀਂ ਕਦੇ ਕਰਦਾ, ਜਿਹੜਾ ਆਪ ਉੱਚਾ ਹੋਣ ਜਾਣਦਾ ਨਹੀਂ।
ਹਿੰਮਤ ਹਾਰ ਕੇ ਢੇਰੀਆਂ ਢਾਹ ਬਹਿਣਾ, ਝੁਰਨਾ ਕਿਸਮਤ ਤੇ ਕੰਮ ਇਨਸਾਨ ਦਾ ਨਹੀਂ,
ਜਿਹੜਾ ਪੈਰਾਂ ਦੇ ਹੇਠ ਮਧੋਲਿਆ ਗਿਆ, ਉਹਨਾਂ ਕੱਖਾਂ ਨੂੰ ਡੰਗਰ ਵੀ ਸਿਆਣਦਾ ਨਹੀਂ।
ਪੱਥਰ ਦੇਣ ਹੀਰੇ, ਸਿੱਪ ਦੇਣ ਮੋਤੀ, ਹਿੰਮਤ ਨਾਲ ਜਦ ਕਿਸਮਤ ਅਜ਼ਮਾਈਦੀ ਏ,
ਖੂਹ ਚੱਲ ਕੇ ਕਦੇ ਨਹੀਂ ਪਾਸ ਆਉਂਦਾ, ਆਪ ਅੱਪੜਕੇ ਤ੍ਰੇਹ ਬੁਝਾਈਦੀ ਏ।
ਢਿੱਲੀ ਜੋੜੀ ਦੇ ਵਾਂਗ ਨਾ ਹੋ ਢਿੱਲਾ, ਕਸੇ ਹੋਏ ਨਗਾਰੇ ਹੀ ਗੱਜਦੇ ਨੇ,
ਧਰਤੀ, ਗਗਨ, ਸਮੁੰਦਰ ਉਹਨਾਂ ਰਾਹ ਦਿੰਦੇ, ਜਿਹੜੇ ਅੱਗੇ ਹੋ ਕੇ ਰਾਹ ਲੱਭਦੇ ਨੇ।’
ਇਸ ਉਪਰੰਤ ਉਨ੍ਹਾਂ ਗਜਰਾਜ ਜੀ ਦੀਆਂ ਹਾਸ ਰਸ ਦੀਆਂ ਦੋ ਹੋਰ ਕਵਿਤਾਵਾਂ ‘ਰੱਬ ਬਣਕੇ ਤੈਨੂੰ ਸਵਾਦ ਕੀ ਆਇਆ’ ਤੇ ‘ਪੜ੍ਹਿਆਂ ਦੇ ਕਾਰੇ’ ਵੀ ਸੁਣਾਈਆਂ ਅਤੇ ਬੜਾ ਖੁੱਲ੍ਹਕੇ ਹੱਸਦੇ ਹਸਾਉਂਦੇ ਰਹੇ।ਉਨ੍ਹਾਂ ਨੇ ਮੇਰੇ ਪਿਤਾ ਜੀ ਨੂੰ ਬੜੀ ਦ੍ਰਿੜ੍ਹਤਾ ਸਹਿਤ ਇਹ ਸੁਝਾਅ ਦਿੱਤਾ ਕਿ ਉਹ ਹਿੰਮਤ ਕਰਕੇ ਗਜਰਾਜ ਜੀ ਦੀਆਂ ਕਵਿਤਾਵਾਂ ਇਕੱਤਰ ਕਰਕੇ ਇਕ ਪੁਸਤਕ ਦਾ ਰੂਪ ਦੇਣ ਅਤੇ ਸਾਹਿਤ ਪ੍ਰੇਮੀਆਂ ਨੂੰ ਉਪਲਬਧ ਕਰਾਉਣ।
ਥੋੜ੍ਹੀ ਦੇਰ ਬਾਅਦ ਪ੍ਰੋ. ਸਾਹਿਬ ਨੇ ਮੈਨੂੰ ਕਿਹਾ, “ਬੇਟਾ! ‘ਹਰਸ਼’ ਨੇ ਦੱਸਿਆ ਸੀ ਕਿ ਬਿਮਾਰੀ ਦੌਰਾਨ ਜਿੱਤੇ ਹੋਏ ਇਨਾਮਾਂ ਦੀ ਐਲਬਮ ਵੀ ਤੂੰ ਤਿਆਰ ਕੀਤੀ ਹੋਈ ਹੈ, ਉਹ ਵੀ ਦਿਖਾ।” ਐਲਬਮ ਵੇਖਦਿਆਂ ਤਾਂ ਉਹ ਜਿਵੇਂ ਨਿਹਾਲ ਹੀ ਹੋ ਗਏ ਹੋਣ।ਜਿਵੇਂ-ਜਿਵੇਂ ਉਹ ਇਕ-ਇਕ ਫੋਟੋ ਬਾਰੇ ਵਿਸਥਾਰ ਸਹਿਤ ਜਾਣਕਾਰੀ ਲੈ ਰਹੇ ਸਨ ਆਪ ਮੁਹਾਰੇ ਹੀ ਉਨ੍ਹਾਂ ਦੇ ਹਰ ਸਾਹ ਨਾਲ ਇਹ ਬੋਲ ਨਿਕਲ ਰਹੇ ਸਨ “ਵਾਹ ਬਈ ਵਾਹ ਜਿਉਂਦੇ ਰਹੁ।” ਉਨ੍ਹਾਂ ਨੇ ਮੇਰੀਆਂ ਪ੍ਰਕਾਸ਼ਿਤ ਰਚਨਾਵਾਂ ਨੂੰ ਪ੍ਰਾਪਤੀਆਂ ਵਾਲੀਆਂ ਚੋਣਵੀਆਂ ਤਸਵੀਰਾਂ ਸਹਿਤ ਪੁਸਤਕ ਦੇ ਰੂਪ ਵਿਚ ਪ੍ਰਕਾਸ਼ਿਤ ਕਰਾਉਣ ਦੀ ਸਲਾਹ ਵੀ ਦਿੱਤੀ।ਮੇਰੇ ਪਿਤਾ ਜੀ ਨੇ ਦੱਸਿਆ ਕਿ ‘ਮੁਸੀਬਤਾਂ ਤੋਂ ਨਾ ਘਬਰਾਓ’ ਟਾਈਟਲ ਹੇਠ ਪੁਸਤਕ ਤਿਆਰੀ ਅਧੀਨ ਹੈ ਅਤੇ ਭੂਮਿਕਾ ਲਿਖਣ ਦੀ ਖੁਸ਼ੀ ਪੰਜਾਬੀ ਯੂਨੀਵਰਸਿਟੀ ਦੇ ਪ੍ਰੋ. ਸਤੀਸ਼ ਕੁਮਾਰ ਵਰਮਾ, ਡਾਇਰੈਕਟਰ ਯੁਵਕ ਭਲਾਈ ਲੈ ਰਹੇ ਹਨ ਤਾਂ ਉਹ ਬਹੁਤ ਖੁਸ਼ ਹੋਏ।ਉਨ੍ਹਾਂ ਨੇ ਆਪਣੀ ਪੁਸਤਕ ‘ਮੂਰਤਾਂ’ ਦੀ ਇਕ ਦਸਤਖਤੀ ਕਾਪੀ ਇਹ ਸਤਰਾਂ ਲਿਖਕੇ ਤੋਹਫੇ ਵਜੋਂ ਭੇਂਟ ਕੀਤੀ ‘ਸਦਾ ਵਿਗਾਸ ਦੇ ਰਾਹੀ ਹਰਗੁਣਪ੍ਰੀਤ ਸਿੰਘ ਨੂੰ ਆਸ਼ੀਰਵਾਦ ਨਾਲ।’ਜਦੋਂ ਅਸੀਂ ਉਨ੍ਹਾਂ ਤੋਂ ਆਗਿਆ ਲੈ ਕੇ ਤੁਰਨ ਲੱਗੇ ਤਾਂ ਉਹ ਕਹਿਣ ਲੱਗੇ, “ਬੇਟਾ! ਤੂੰ ਆਪਣੀ ਉਮਰ ਤੋਂ ਬਹੁਤ ਅੱਗੇ ਦੀ ਸਮਝ ਨਾਲ ਓਤਪ੍ਰੋਤ ਸੂਝਵਾਨ, ਗੁਣਵਾਨ ਤੇ ਬੁਲੰਦ ਹੌਂਸਲੇ ਵਾਲਾ ਬੱਚਾ ਹੈਂ।ਸਮਾਜ ਵਿਚ ਵਿਚਰਦਿਆਂ ਮਨ ਨੂੰ ਲੁਭਾਇਮਾਨ ਕਰਨ ਤੇ ਰਾਹੋਂ ਥਿੜਕਾਉਣ ਵਾਲੇ ਹਾਲਾਤਾਂ ਨਾਲ ਤੇਰਾ ਵਾਹ ਪੈਂਦਾ ਰਹੇਗਾ।ਜੇਕਰ ਤੂੰ ਆਪਣੇ ਆਪ ਨੂੰ ਵਿਕਾਰਾਂ ਦੀ ਮਲੀਨਤਾ ਤੋਂ ਬਚਾਕੇ ਰੱਖਦਾ ਹੋਇਆ ਹੁਣ ਵਾਂਗ ਹੀ ਉਸਾਰੂ ਕਾਰਜਾਂ ਵਿਚ ਰੁੱਝਿਆ ਰਿਹਾ ਤਾਂ ਸਫਲਤਾ ਦੀਆਂ ਐਸੀਆਂ ਟੀਸੀਆਂ ਛੋਹੇਂਗਾ ਜਿਹੜੀਆਂ ਕਲਪਨਾ ਦੇ ਦਾਇਰੇ ਵਿਚ ਵੀ ਨਹੀਂ ਆ ਸਕਦੀਆਂ।
‘ਮੁਸੀਬਤਾਂ ਤੋਂ ਨਾ ਘਬਰਾਓ-ਪ੍ਰੇਰਕ ਪ੍ਰਸੰਗ ਮਾਲਾ’ ਪੁਸਤਕ ਪ੍ਰਕਾਸ਼ਿਤ ਹੋਣ ਉਪਰੰਤ 14 ਮਈ 2008 ਨੂੰ ਉਸਦੀ ਇਕ ਕਾਪੀ ਡਾ. ਹਰਸ਼ਿੰਦਰ ਕੌਰ ਜੀ ਨੂੰ ਭੇਟਾ ਕਰਨ ਉਪਰੰਤ ਜਦੋਂ ਮੈਂ ਬੇਨਤੀ ਕੀਤੀ ਕਿ ਮੈਨੂੰ ਪੋ੍ਰ. ਸਾਹਿਬ ਕੋਲ ਵੀ ਲੈ ਚੱਲੋ ਕਿਉਂਕਿ ਉਨ੍ਹਾਂ ਨੂੰ ਵੀ ਇਕ ਕਾਪੀ ਭੇਂਟ ਕਰਨੀ ਹੈ ਤਾਂ ਉਨ੍ਹਾਂ ਨੇ ਕਿਹਾ, ‘ਬੇਟਾ! ਹੁਣ ਤੇਰੀ ਤੇ ਪਾਪਾ ਜੀ ਦੀ ਸਿੱਧੀ ਦੋਸਤੀ ਹੋ ਚੁੱਕੀ ਹੈ, ਨਿਸਚਿੰਤ ਹੋ ਕੇ ਆਪੇ ਮਿਲ ਲਓ।’ ਆਪਣੇ ਪਿਤਾ ਜੀ ਨੂੰ ਨਾਲ ਲੈ ਕੇ ਜਦੋਂ ਮੈਂ ਆਪਣੀ ਪੁਸਤਕ ਪ੍ਰੋ. ਸਾਹਿਬ ਨੂੰ ਭੇਂਟ ਕੀਤੀ ਤਾਂ ਉਹ ਬਹੁਤ ਪ੍ਰਸੰਨ ਹੋਏ।ਉਨ੍ਹਾਂ ਨੇ ਦੋਹਾਂ ਹੱਥਾਂ ਵਿਚ ਪੁਸਤਕ ਲੈ ਕੇ ਸੀਸ ਝੁਕਾਉਂਦੇ ਹੋਏ ਉਸਨੂੰ ਮੱਥੇ ਨਾਲ ਲਾ ਕੇ ਨਮਸਕਾਰ ਕੀਤੀ ਅਤੇ ਕਿਤਾਬ ਦੀ ਦਿੱਖ, ਛਪਾਈ, ਰੰਗਦਾਰ ਤਸਵੀਰਾਂ ਦੀ ਤਰਤੀਬ, ਪੰਨਿਆਂ ਦੀ ਗੁਣਵੱਤਾ ਆਦਿ ਹਰੇਕ ਚੀਜ਼ ਦੀ ਬਹੁਤ ਤਾਰੀਫ ਕੀਤੀ।ਉਨ੍ਹਾਂ ਦੋ-ਤਿੰਨ ਥਾਵਾਂ ਤੋਂ ਕਿਤਾਬ ਖੋਲ੍ਹੀ ਅਤੇ ਜਿਹੜਾ ਪ੍ਰਸੰਗ ਸਾਹਮਣੇ ਆਇਆ ਪੜ੍ਹਕੇ ਸੁਣਾਉਣ ਲਈ ਕਿਹਾ।ਮੈਂ ਪ੍ਰਸੰਗ ਸੁਣਾਂਦਾ ਰਿਹਾ ‘ਵਾਹ ਬਈ ਵਾਹ ਜਿਉਂਦੇ ਰਹੋ’ ਦੀਆਂ ਅਸੀਸਾਂ ਦੀ ਮਿਠਾਸ ਮੇਰੇ ਕੰਨਾਂ ਵਿਚ ਘੁਲ ਕੇ ਮੇਰੀ ਰੂਹ ਦਾ ਰਜੇਵਾਂ ਬਣਦੀ ਰਹੀ।ਪੁਸਤਕ ਦੀ ਪ੍ਰਸ਼ੰਸਾ ਕਰਦਿਆਂ ਉਨ੍ਹਾਂ ਕਿਹਾ, “ਬੇਟਾ ਹਰਗੁਣਪ੍ਰੀਤ! ਤੇਰੇ ਜੈਸੇ ਪ੍ਰੇਰਨਾ ਸਰੋਤ ਬੱਚੇ ਦੁਆਰਾ ਲਿਖੀ ਇਹ ਪੁਸਤਕ ਹਰ ਲਾਇਬਰੇਰੀ ਦਾ ਸ਼ਿੰਗਾਰ ਬਣਨੀ ਚਾਹੀਦੀ ਹੈ।ਸਕੂਲਾਂ ਦੀਆਂ ਸਵੇਰ-ਸਭਾਵਾਂ ਵਿਚ ਇਹ ਪ੍ਰੇਰਕ-ਪ੍ਰਸੰਗ ਪੜ੍ਹਕੇ ਸੁਣਾਏ ਜਾਣੇ ਚਾਹੀਦੇ ਹਨ।ਇਹ ਪੁਸਤਕ ਹੋਰਾਂ ਭਾਸ਼ਾਵਾਂ ਵਿਚ ਵੀ ਉਲਥਾਈ ਜਾਣੀ ਚਾਹੀਦੀ ਹੈ।ਇਹ ਕੇਵਲ ਵਿਦਿਆਰਥੀਆਂ ਲਈ ਹੀ ਨਹੀਂ ਬਲਕਿ ਸਭ ਉਮਰਾਂ ਤੇ ਸਭ ਵਰਗਾਂ ਦੇ ਵਿਅਕਤੀਆਂ ਲਈ ਲਾਹੇਵੰਦ ਹੈ।ਸਰਕਾਰ ਤੇ ਸਮਾਜ ਸੇਵੀ ਸੰਸਥਾਵਾਂ ਨੂੰ ਚਾਹੀਦਾ ਹੈ ਕਿ ਇਸ ਪੁਸਤਕ ਨੂੰ ਲੱਖਾਂ ਦੀ ਗਿਣਤੀ ਵਿਚ ਛਪਵਾ ਕੇ ਮੁਫਤ ਵੰਡਣ ਦਾ ਪ੍ਰਬੰਧ ਕਰਨ।” ਪੁਸਤਕ ਵਿਚਲੇ ਹਰੇਕ ਪ੍ਰੇਰਕ-ਪ੍ਰਸੰਗ ਹੇਠਾਂ ਡੱਬੀ ਵਿਚ ਛਪੇ ‘ਅਨਮੋਲ ਬੋਲਾਂ’ ਬਾਰੇ ਜਦੋਂ ਉਨ੍ਹਾਂ ਨੂੰ ਦੱਸਿਆ ਗਿਆ ਕਿ ਇਹ ਮਹਾਪੁਰਖਾਂ ਦੇ ਬੋਲਾਂ ਦਾ ਮੇਰੇ ਪਿਤਾ ਜੀ ਵੱਲੋਂ ਕੀਤਾ ਗਿਆ ਪੰਜਾਬੀ ਕਾਵਿ-ਅਨੁਵਾਦ ਹੈ ਤਾਂ ਉਨ੍ਹਾਂ ਨੇ ਤਿੰਨ-ਚਾਰ ਕਾਵਿ ਟੁਕੜੀਆਂ ਸੁਣਕੇ ਕਿਹਾ ਕਿ ਅਨੁਵਾਦ ਤਾਂ ਇਹ ਲੱਗਦਾ ਹੀ ਨਹੀਂ ਸਗੋਂ ਮੌਲਿਕ ਲਿਖਤ ਹੀ ਪ੍ਰਤੀਤ ਹੁੰਦੀ ਹੈ।ਉਨ੍ਹਾਂ ਨੇ ਮੇਰੇ ਪਿਤਾ ਜੀ ਨੂੰ ਅਜਿਹੇ ਅਨਮੋਲ ਬੋਲਾਂ ਦੇ ਸੰਗ੍ਰਹਿ ਦੀ ਕਿਤਾਬ ਪ੍ਰਕਾਸ਼ਿਤ ਕਰਾਉਣ ਦਾ ਸੁਝਾਅ ਵੀ ਦਿੱਤਾ ਅਤੇ ਪਹਿਲੀ ਮੁਲਾਕਾਤ ਵਾਲੀ ਗੱਲ ਵੀ ਮੁੜ ਚੇਤੇ ਕਰਵਾ ਦਿੱਤੀ ਕਿ ‘ਗਜਰਾਜ’ ਜੀ ਦੀਆਂ ਲਿਖਤਾਂ ਪ੍ਰਕਾਸ਼ਿਤ ਕਰਵਾਉਣਾ ਨਾ ਭੁੱਲਿਓ।
ਭਾਵੇਂ ਪ੍ਰੋ. ਪ੍ਰੀਤਮ ਸਿੰਘ ਜੀ ਉੱਚ ਕੋਟੀ ਦੇ ਵਿਦਵਾਨ, ਆਦਰਸ਼ ਅਧਿਆਪਕ, ਸ਼੍ਰੋਮਣੀ ਸਾਹਿਤਕਾਰ, ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਅਨੇਕਾਂ ਪੁਰਸਕਾਰਾਂ ਨਾਲ ਸਨਮਾਨਿਤ ਬਹੁਤ ਹੀ ਸੁਲਝੀ ਹੋਈ ਸ਼ਖਸੀਅਤ ਦੇ ਮਾਲਕ ਇਕ ਬੇਹੱਦ ਸਫਲ ਇਨਸਾਨ ਸਨ ਪ੍ਰੰਤੂ ਉਹ ਮਿੱਠਤ, ਹਲੀਮੀ, ਨਿਰਮਾਣਤਾ ਅਤੇ ਨਿਰਅਹੰਕਾਰਤਾ ਦੀ ਵੀ ਸਾਕਾਰ ਮੂਰਤ ਸਨ।ਆਪਣੀਆਂ ਦੋ ਮੁਲਾਕਾਤਾਂ ਸਮੇਂ ਮੈਂ ਇਹ ਦੇਖ ਕੇ ਅਚੰਭਿਤ ਰਹਿ ਗਿਆ ਕਿ ਉਹ ਮੇਰੀ ਹੀ ਸ਼ਲਾਘਾ ਅਤੇ ਹੌਂਸਲਾ ਅਫਜ਼ਾਈ ਕਰਦੇ ਰਹੇ, ਮੇਰੇ ਪੜਦਾਦਾ ਜੀ ਦੀ ਵਡਿਆਈ ਹੀ ਕਰਦੇ ਰਹੇ, ਆਪਣੀ ਜਾਂ ਆਪਣੇ ਬੇਹੱਦ ਗੁਣਵਾਨ ਪਰਿਵਾਰ ਦੇ ਕਿਸੇ ਵੀ ਮੈਂਬਰ ਦੀ ਸਿਫਤ ਵਿਚ ਇਕ ਵੀ ਸ਼ਬਦ ਉਚਾਰਨ ਨਹੀਂ ਕੀਤਾ।ਉਹ ਮੇਰੇ ਹੌਸਲੇ ਨੂੰ ਤਾਂ ਲਾਸਾਨੀ ਆਖਦੇ ਰਹੇ ਪ੍ਰੰਤੂ ਇਸ ਗੱਲ ਦਾ ਜ਼ਿਕਰ ਤੱਕ ਨਹੀਂ ਕੀਤਾ ਕਿ ਉਨ੍ਹਾਂ ਨੇ ਪਿਛਲੇ ਸੱਤ-ਅੱਠ ਸਾਲਾਂ ਤੋਂ ‘ਦਿਲ ਦੇ ਰੋਗ’ ਅਤੇ ‘ਗਦੂਦਾਂ ਦੇ ਕੈਂਸਰ’ ਨੂੰ ਪੰਜਾਬੀ ਮਾਂ ਬੋਲੀ ਦੀ ਸੇਵਾ ਦੇ ਰਾਹ ਵਿਚ ਵਿਘਨ ਨਹੀਂ ਬਣਨ ਦਿੱਤਾ ਬਲਕਿ ਇੰਨੀ ਬਿਰਧ ਅਵਸਥਾ ਦੇ ਬਾਵਜੂਦ ਆਪਣੀ ਦ੍ਰਿੜ੍ਹ ਨਿਸ਼ਚਾ ਸ਼ਕਤੀ ਨਾਲ ਇਨ੍ਹਾਂ ਮਾਰੂ ਰੋਗਾਂ ‘ਤੇ ਫਤਹਿ ਹਾਸਲ ਕੀਤੀ ਹੈ।ਤੁਲਸੀਦਾਸ ਜੀ ਆਪਣੇ ਇਕ ਦੋਹੇ ਵਿਚ ਆਖਦੇ ਹਨ ਕਿ ਐਸਾ ਵਿਅਕਤੀ ਕੋਈ ਵਿਰਲਾ ਹੀ ਹੁੰਦਾ ਹੈ ਜਿਸਨੂੰ ਪ੍ਰਤਿਭਾ ਅਤੇ ਪ੍ਰਭੁਤਾ ਹਾਸਲ ਕਰਕੇ ਵੀ ਹੰਕਾਰ ਨਾ ਚੜ੍ਹਦਾ ਹੋਵੇ।ਮੈਂ ਖੁਸ਼ਨਸੀਬ ਹਾਂ ਜਿਸਨੂੰ ਵੀਹ-ਇੱਕੀ ਸਾਲ ਦੀ ਉਮਰ ਵਿਚ ਹੀ ਅਜਿਹੇ ਵਿਰਲੇ ਇਨਸਾਨ ਦੇ ਦਰਸ਼ਨ ਹੋ ਗਏ।
ਮਿਤੀ 26 ਅਕਤੂਬਰ ਨੂੰ ਸ਼ਹਿਰੋਂ ਬਾਹਰ ਹੋਣ ਕਾਰਨ ਮੈਂ ਪ੍ਰੋ. ਸਾਹਿਬ ਦੇ ਅੰਤਿਮ ਸੰਸਕਾਰ ਵੇਲੇ ਨਹੀਂ ਸੀ ਪਹੁੰਚ ਸਕਿਆ ਪ੍ਰੰਤੂ ਮਿਤੀ 2 ਨਵੰਬਰ 2008 ਨੂੰ ਗੁਰਦੁਆਰਾ ਸ੍ਰੀ ਮੋਤੀ ਬਾਗ ਸਾਹਿਬ ਪਟਿਆਲਾ ਵਿਖੇ ਉਨ੍ਹਾਂ ਦੀ ਮਿੱਠੀ ਯਾਦ ਵਿਚ ਆਯੋਜਿਤ ਗੁਰਮਤਿ ਸਮਾਗਮ ਦੀ ਅਰਦਾਸ ਪਿੱਛੋਂ ਜਦੋਂ ਮੈਂ ਡਾ. ਹਰਸ਼ਿੰਦਰ ਕੌਰ ਜੀ ਨੂੰ ਮਿਲਿਆ ਤਾਂ ਉਨ੍ਹਾਂ ਨੇ ਕਿਹਾ, “ਹਰਗੁਣਪ੍ਰੀਤ! ਤੂੰ ਪ੍ਰੋ. ਸਾਹਿਬ ਦਾ ਪੋਤਰਾ ਹੈਂ, ਸਾਰੀ ਸੰਗਤ ਦੇ ਇਕ-ਇਕ ਬੰਦੇ ਨੂੰ ਹੱਥ ਜੋੜਕੇ ਬੇਨਤੀ ਕਰ ਤਾਂ ਕਿ ਕੋਈ ਲੰਗਰ ਛਕੇ ਬਿਨਾਂ ਨਾ ਜਾਵੇ।” ਮੈਨੂੰ ਅਜਿਹੀ ਬੇਨਤੀ ਕਰਦਿਆਂ ਵੇਖਕੇ ਦੇਸ਼ਾਂ ਵਿਦੇਸ਼ਾਂ ਤੋਂ ਪੁੱਜੇ ਹੋਏ ਸਭ ਵਰਗਾਂ ਦੇ ਉੱਚ ਕੋਟੀ ਦੇ ਪਤਵੰਤੇ ਸੱਜਣ ਹੀ ਮੈਨੂੰ ਪੋ੍ਰ. ਸਾਹਿਬ ਦਾ ਪੋਤਰਾ ਜਾਂ ਦੋਹਤਰਾ ਨਹੀਂ ਸਨ ਸਮਝ ਰਹੇ ਬਲਕਿ ਮੈਂ ਵੀ ਇੰਜ ਹੀ ਮਹਿਸੂਸ ਕਰ ਰਿਹਾ ਸਾਂ ਅਤੇ ਅਜਿਹਾ ਪ੍ਰਤੀਤ ਹੋ ਰਿਹਾ ਸੀ ਜਿਵੇਂ ਪ੍ਰੋ. ਸਾਹਿਬ ਮੇਰੇ ਕੋਲ ਹੀ ਖੜ੍ਹੇ ਆਖ ਰਹੇ ਹੋਣ “ਵਾਹ ਬਈ ਵਾਹ ਜਿਉਂਦੇ ਰਹੋ!”