Thu, 21 November 2024
Your Visitor Number :-   7256226
SuhisaverSuhisaver Suhisaver

ਸਵਾਮੀ ਰਾਮ ਤੀਰਥ ਦਾ ਆਦਰਸ਼ ਵਿਦਿਆਰਥੀ ਜੀਵਨ - ਹਰਗੁਣਪ੍ਰੀਤ ਸਿੰਘ

Posted on:- 23-10-2013

suhisaver

ਸਵਾਮੀ ਰਾਮ ਤੀਰਥ ਸਵਾਮੀ ਵਿਵੇਕਾਨੰਦ ਵਾਂਗ ਹੀ ਭਾਰਤ ਮਾਤਾ ਦੇ ਮਹਾਨ ਸਪੂਤ ਹੋਏ ਹਨ, ਜਿਨ੍ਹਾਂ ਦੇ ਪ੍ਰਭਾਵਸ਼ਾਲੀ ਵਿਅਕਤਿਤਵ ਨਾਲ ਨਾ ਕੇਵਲ ਭਾਰਤੀ ਲੋਕ ਸਗੋਂ ਅਮਰੀਕਾ ਅਤੇ ਜਾਪਾਨ ਵਰਗੇ ਅਗਾਂਹਵਧੂ ਦੇਸ਼ਾਂ ਦੇ ਲੋਕ ਵੀ ਪ੍ਰਭਾਵਿਤ ਹੋਏ।ਆਪ ਅਜਿਹੇ ਸੂਰਜ ਸਨ ,ਜਿਨ੍ਹਾਂ ਨੇ ਸੱਚ, ਤਿਆਗ ਅਤੇ ਪਿਆਰ ਦੀ ਰੌਸ਼ਨੀ ਨਾਲ ਝੂਠ, ਬੇਈਮਾਨੀ ਅਤੇ ਭੇਦ-ਭਾਵ ਦੇ ਹਨੇਰੇ ਨੂੰ ਦੂਰ ਕੀਤਾ।ਆਪ ਨੇ ਕੇਵਲ 33 ਸਾਲ ਦੀ ਛੋਟੀ ਉਮਰ ਵਿਚ ਹੀ ਮਨੁੱਖਤਾ ਦੇ ਭਲੇ ਲਈ ਐਸੇ ਕਾਰਜ ਕਰ ਵਿਖਾਏ ਜਿਨ੍ਹਾਂ ਨੂੰ ਕਦੇ ਵੀ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ।



ਤੀਰਥ ਰਾਮ ਗੋਸਵਾਮੀ (ਸਵਾਮੀ ਰਾਮ ਤੀਰਥ ਦਾ ਪਹਿਲਾ ਨਾਂ) ਦਾ ਜਨਮ ਪੰਡਿਤ ਹੀਰਾਨੰਦ ਗੋਸਵਾਮੀ ਦੇ ਘਰ 22 ਅਕਤੂਬਰ, 1873 ਨੂੰ ਪਾਕਿਸਤਾਨ ਪੰਜਾਬ ਦੇ ਗੁਜਰਾਂਵਾਲਾ ਜ਼ਿਲ੍ਹੇ ਦੇ ਪਿੰਡ ਮੁਰਾਲੀਵਾਲਾ ਵਿਖੇ ਹੋਇਆ।ਉਹ ਹਲੇ ਕੁਝ ਦਿਨਾਂ ਦੇ ਹੀ ਸਨ ਕਿ ਉਨ੍ਹਾਂ ਦੀ ਮਾਤਾ ਦਾ ਦੇਹਾਂਤ ਹੋ ਗਿਆ ਅਤੇ ਉਨ੍ਹਾਂ ਦੇ ਵੱਡੇ ਭਰਾ ਗੋਸਾਈਂ ਗੁਰੂਦਾਸ ਨੇ ਆਪ ਦਾ ਪਾਲਣ-ਪੋਸ਼ਣ ਕੀਤਾ।ਉਨ੍ਹਾਂ ਨੇ ਆਪਣੀ ਪੰਜਵੀਂ ਤੱਕ ਦੀ ਪੜ੍ਹਾਈ ਆਪਣੇ ਜਨਮ ਸਥਾਨ ਮੁਰਾਲੀਵਾਲਾ ਦੇ ਪਰਾਇਮਰੀ ਸਕੂਲ ਤੋਂ ਕੀਤੀ।

ਆਪ ਸ਼ੁਰੂ ਤੋਂ ਹੀ ਆਪਣੇ ਅਧਿਆਪਕਾਂ ਦਾ ਬਹੁਤ ਸਤਿਕਾਰ ਕਰਦੇ ਸਨ ਅਤੇ ਉਨ੍ਹਾਂ ਨੂੰ ਰੱਬ ਸਮਾਨ ਸਮਝਦੇ ਸਨ।ਆਪ ਇੰਨੀ ਤੀਖਣ ਬੁੱਧੀ ਦੇ ਮਾਲਕ ਸਨ ਕਿ ਆਪ ਨੇ ਪੰਜਵੀਂ ਜਮਾਤ ਤੱਕ ਦੀ ਪੜ੍ਹਾਈ ਕੇਵਲ ਤਿੰਨ ਸਾਲਾਂ ਵਿਚ ਹੀ ਪੂਰੀ ਕਰ ਲਈ ਅਤੇ ਸਾਲਾਨਾ ਪ੍ਰੀਖਿਆ ਵਿਚ ਪਹਿਲਾ ਸਥਾਨ ਹਾਸਲ ਕਰ ਵਜ਼ੀਫਾ ਵੀ ਪ੍ਰਾਪਤ ਕੀਤਾ।ਇਸ ਤੋਂ ਬਾਅਦ ਆਪ ਨੂੰ ਅਗਲੇਰੀ ਸਿੱਖਿਆ ਲਈ ਸਰਕਾਰੀ ਹਾਈ ਸਕੂਲ ਗੁਜਰਾਂਵਾਲਾ ਵਿਖੇ ਦਾਖਲ ਕਰਵਾ ਦਿੱਤਾ ਗਿਆ, ਜਿੱਥੇ ਉਨ੍ਹਾਂ ਦੀ ਦੇਖਭਾਲ ਉਨ੍ਹਾਂ ਦੇ ਪਿਤਾ ਦੇ ਇਕ ਧਾਰਮਿਕ ਸੁਭਾਅ ਵਾਲੇ ਮਿੱਤਰ ਧੰਨਾ ਭਗਤ ਕਰਦੇ ਸਨ, ਜਿਨ੍ਹਾਂ ਦੀ ਸੰਗਤ ਵਿਚ ਰਹਿ ਕੇ ਆਪ ਅੰਦਰ ਧਾਰਮਿਕ ਰੁਚੀਆਂ ਦਾ ਵਿਕਾਸ ਹੋਇਆ।

ਦਸਵੀਂ ਜਮਾਤ ਦੇ ਸਾਲਾਨਾ ਇਮਤਿਹਾਨ ਵਿਚੋਂ ਉਨ੍ਹਾਂ ਨੇ ਪ੍ਰਾਂਤ ਵਿਚੋਂ ਅਠੱਤੀਵਾਂ ਸਥਾਨ ਹਾਸਲ ਕੀਤਾ, ਜਿਸ ਕਾਰਨ ਸਭ ਪਾਸੇ ਨਿਰਾਸ਼ਾ ਫੈਲ ਗਈ ਕਿਉਂਕਿ ਸਾਰੇ ਹੀ ਆਪ ਪਾਸੋਂ ਪਹਿਲੇ ਸਥਾਨ ’ਤੇ ਆਉਣ ਦੀ ਉਮੀਦ ਰੱਖਦੇ ਸਨ।ਘੱਟ ਨੰਬਰ ਆਉਣ ਦਾ ਮੁੱਖ ਕਾਰਨ ਇਹ ਸੀ ਕਿ ਉਹ ਧਾਰਮਿਕ ਸਾਹਿਤ ਪੜ੍ਹਦੇ ਰਹਿਣ ਕਾਰਨ ਸਿਲੇਬਸ ਦੀਆਂ ਕਿਤਾਬਾਂ ਵੱਲ ਪੂਰਾ ਧਿਆਨ ਨਹੀਂ ਸਨ ਦੇ ਸਕੇ।

ਧੰਨਾ ਭਗਤ ਦੀ ਸਹਾਇਤਾ ਨਾਲ ਆਪ ਪੰਦਰਾਂ ਸਾਲ ਦੀ ਉਮਰ ਵਿਚ ਐਫ. ਸੀ. ਕਾਲਜ ਲਾਹੌਰ ਵਿਖੇ ਦਾਖਲ ਹੋ ਗਏ।ਆਪ ਦਾ ਜੀਵਨ ਬਹੁਤ ਸਾਦਗੀ ਭਰਪੂਰ ਸੀ ਕਿਉਂਕਿ ਉਹ ਮੋਟੇ ਖੱਦਰ ਦਾ ਕੁੜਤਾ ਪਜਾਮਾ ਪਾ ਕੇ ਅਤੇ ਸਿਰ ਉਤੇ ਪੱਗੜੀ ਬੰਨ੍ਹ ਕੇ ਕਾਲਜ ਜਾਇਆ ਕਰਦੇ ਸਨ।ਆਪਣੀ ਗਰੀਬੀ ਕਾਰਨ ਉਹ ਹੋਸਟਲ ਵਿਚ ਨਹੀਂ ਸਨ ਰਹਿ ਸਕਦੇ, ਇਸ ਲਈ ਆਪ ਨੂੰ ਸ਼ਹਿਰ ਵਿਚ ਇਕ ਰੁਪਏ ਮਹੀਨੇ ਉਤੇ ਅਜਿਹਾ ਕਮਰਾ ਕਿਰਾਏ ਉਤੇ ਲੈਣਾ ਪਿਆ, ਜਿੱਥੇ ਨਾ ਤਾਂ ਰੌਸ਼ਨੀ ਦਾ ਕੋਈ ਠੀਕ ਪ੍ਰਬੰਧ ਸੀ ਅਤੇ ਨਾ ਹੀ ਹਵਾ ਦਾ।ਆਪ ਦੇ ਕਮਰੇ ਅੰਦਰ ਚੂਹੇ ਇਧਰ-ਉਧਰ ਫਿਰਦੇ ਆਮ ਦੇਖੇ ਜਾ ਸਕਦੇ ਸਨ ਅਤੇ ਕੋਈ ਦਰਵਾਜ਼ਾ ਨਾ ਹੋਣ ਕਾਰਨ ਆਪ ਦੀਆਂ ਵਸਤਾਂ ਥੋੜ੍ਹੀ ਦੇਰ ਪਿੱਛੋਂ ਹੀ ਚੋਰੀ ਹੋ ਜਾਂਦੀਆਂ ਸਨ।ਇਨ੍ਹਾਂ ਸਭ ਕਠਿਨਾਈਆਂ ਦੇ ਬਾਵਜੂਦ ਵੀ ਸਵਾਮੀ ਜੀ ਇੰਟਰਮੀਡੀਏਟ ਦੇ ਇਮਤਿਹਾਨ ਵਿਚ ਪ੍ਰਾਂਤ ਵਿਚੋਂ ਪੰਝੀਵੇਂ ਸਥਾਨ ਉਤੇ ਆਏ।

ਆਪ ਦੇ ਪਿਤਾ ਹੀਰਾਨੰਦ ਚਾਹੁੰਦੇ ਸਨ ਕਿ ਆਪ ਕਿਤੇ ਨੌਕਰੀ ਕਰ ਕੇ ਪਰਿਵਾਰ ਦੀ ਸਹਾਇਤਾ ਕਰਨ ਪਰ ਆਪ ਦੀ ਇੱਛਾ ਉਚੇਰੀ ਸਿੱਖਿਆ ਪ੍ਰਾਪਤੀ ਦੀ ਸੀ, ਜਿਸ ਦੇ ਫਲਸਰੂਪ ਆਪ ਨੇ ਕਾਲਜ ਵਿਚ ਦਾਖਲਾ ਲੈ ਲਿਆ।ਪਿਤਾ ਨੇ ਗੁੱਸੇ ਵਿਚ ਆ ਕ ਆਪ ਦੀ ਪਤਨੀ ਨੂੰ ਵੀ ਆਪ ਕੋਲ ਭੇਜ ਦਿੱਤਾ ਤਾਂ ਜੋ ਉਹ ਚੰਗੀ ਤਰ੍ਹਾਂ ਨਾ ਪੜ੍ਹ ਸਕਣ ਅਤੇ ਖਰਚੇ ਤੋਂ ਤੰਗ ਆ ਕੇ ਘਰ ਵਾਪਸ ਆ ਜਾਣ, ਪਰੰਤੂ ਸਵਾਮੀ ਜੀ ਬਿਲਕੁਲ ਨਾ ਘਬਰਾਏ ਅਤੇ ਉਨ੍ਹਾਂ ਨੇ ਆਪਣਾ ਖਰਚਾ ਘਟਾ ਕੇ ਕੇਵਲ ਤਿੰਨ ਪੈਸੇ ਪ੍ਰਤੀ ਦਿਨ ਕਰ ਦਿੱਤਾ ਤੇ ਨਾਲ ਹੀ ਥੋੜ੍ਹੀ ਬਹੁਤ ਟਿਊਸ਼ਨ ਵੀ ਕਰਨ ਲੱਗੇ।ਹੁਣ ਉਹ ਅਕਸਰ ਇਕ ਡੰਗ ਰੋਟੀ ਖਾਂਦੇ ਜਾਂ ਬਿਲਕੁਲ ਖਾਂਦੇ ਹੀ ਨਹੀਂ ਸਨ ਤਾਂ ਜੋ ਪੜ੍ਹਾਈ ਵਾਸਤੇ ਕਾਪੀਆਂ-ਕਿਤਾਬਾਂ ਖਰੀਦ ਸਕਣ।ਕਈ ਵਾਰ ਦੀਵੇ ਵਿਚ ਤੇਲ ਪਾਉਣ ਜੋਗੇ ਪੈਸੇ ਨਾ ਹੋਣ ਕਾਰਨ ਆਪ ਨੂੰ ਰਾਤ ਦੀ ਪੜ੍ਹਾਈ ਸੜਕ ਕਿਨਾਰੇ ਬੈਠ ਕੇ ਸਟਰੀਟ ਲਾਈਟ ਵਿਚ ਕਰਨੀ ਪੈਂਦੀ ਸੀ।ਸਹੀ ਤਰੀਕੇ ਨਾਲ ਖੁਰਾਕ ਨਾ ਖਾ ਸਕਣ ਕਾਰਨ ਆਪ ਜ਼ਿਆਦਾਤਰ ਬੀਮਾਰ ਹੀ ਰਹਿੰਦੇ ਪਰੰਤੂ ਇਸ ਸਭ ਦੇ ਬਾਵਜੂਦ ਵੀ ਆਪ ਅਕਸਰ ਮਿਹਨਤ ਕਰਦੇ ਰਹਿੰਦੇ ਸਨ।ਬੀ. ਏ. ਦੇ ਸਾਲਾਨਾ ਇਮਤਿਹਾਨ ਵਿਚ ਸਭ ਵਿਸ਼ਿਆਂ ਦੇ ਪ੍ਰਾਪਤ ਕੀਤੇ ਅੰਕਾਂ ਦੇ ਜੋੜ ਦੇ ਆਧਾਰ ‘ਤੇ ਆਪ ਭਾਵੇਂ ਯੂਨੀਵਰਸਿਟੀ ਵਿਚੋਂ ਪ੍ਰਥਮ ਸਨ ਪਰੰਤੂ ਸਿਰਫ ਅੰਗਰੇਜ਼ੀ ਵਿਚ ਕੁਝ ਅੰਕਾਂ ਤੋਂ ਫੇਲ੍ਹ ਹੋਣ ਕਾਰਨ ਆਪ ਨੂੰ ਫੇਲ੍ਹ ਘੋਸ਼ਿਤ ਕਰ ਦਿੱਤਾ ਗਿਆ।ਇਸ ਅਸਫਲਤਾ ਕਾਰਨ ਆਪ ਦੇ ਮਨ ਨੂੰ ਬੜਾ ਝਟਕਾ ਲੱਗਾ ਪਰੰਤੂ ਆਪ ਨੇ ਹਿੰਮਤ ਨਹੀਂ ਹਾਰੀ ਅਤੇ ਕਾਲਜ ਵਿਚ ਮੁੜ ਦਾਖਲ ਹੋ ਗਏ।ਭਾਵੇਂ ਆਪ ਦੀ ਜੇਬ੍ਹ ਵਿਚ ਇਕ ਪੈਸਾ ਤੱਕ ਨਹੀਂ ਸੀ ਪਰ ਉਨ੍ਹਾਂ ਨੂੰ ਪੂਰਾ ਭਰੋਸਾ ਸੀ ਕਿ ਪਰਮਾਤਮਾ ਉਨ੍ਹਾਂ ਦੀ ਕਿਸੇ ਨਾ ਕਿਸੇ ਤਰੀਕੇ ਨਾਲ ਜ਼ਰੂਰ ਸਹਾਇਤਾ ਕਰੇਗਾ।

ਉਨ੍ਹਾਂ ਦੇ ਕਾਲਜ ਦੇ ਨੇੜੇ ਰਹਿਣ ਵਾਲੇ ਇਕ ਨੇਕ ਹਲਵਾਈ ਤੋਂ ਆਪ ਦੀ ਹਾਲਤ ਦੇਖੀ ਨਹੀਂ ਗਈ ਅਤੇ ਉਸ ਨੇ ਆਪ ਨੂੰ ਹਰ ਰੋਜ਼ ਦੋ ਡੰਗ ਦੀ ਰੋਟੀ ਅਤੇ ਇਕ ਨਵਾਂ ਕੁੜਤਾ ਪਜਾਮਾ ਦੇ ਕੇ ਸਹਾਇਤਾ ਕੀਤੀ।ਇਸ ਤੋਂ ਇਲਾਵਾ ਆਪ ਦੇ ਕਾਲਜ ਦੇ ਪ੍ਰਿੰਸੀਪਲ ਸਾਹਿਬ, ਨਾਲ ਦੇ ਸਹਿਪਾਠੀ ਅਤੇ ਪ੍ਰੋ. ਗਿਲਬਰਟਸਨ ਵੀ ਸਮੇਂ-ਸਮੇਂ ਸਿਰ ਆਪ ਦੀ ਸਹਾਇਤਾ ਕਰਦੇ ਰਹੇ।ਸਵਾਮੀ ਜੀ ਐਸੀ ਮਹਾਨ ਸ਼ਖਸੀਅਤ ਸਨ ਕਿ ਉਹ ਆਪਣੀ ਥੋੜ੍ਹੀ ਕਮਾਈ ਵਿਚੋਂ ਵੀ ਕੁਝ ਪੈਸੇ ਗਰੀਬ ਵਿਦਿਆਰਥੀਆਂ ਨੂੰ ਮਦਦ ਲਈ ਦਿੰਦੇ ਰਹਿੰਦੇ।ਆਪ ਭਾਵੇਂ ਹਰ ਵਿਸ਼ੇ ਸਬੰਧੀ ਗੂੜ੍ਹਾ ਗਿਆਨ ਰੱਖਦੇ ਸਨ ਪਰ ਹਿਸਾਬ ਵਿਸ਼ੇ ਵਿਚ ਉਨ੍ਹਾਂ ਦੀ ਖਾਸ ਦਿਲਚਸਪੀ ਸੀ।ਇਕ ਵਾਰ ਜਦੋਂ ਬੀਮਾਰੀ ਕਾਰਨ ਆਪ ਦਾ ਗਣਿਤ ਦਾ ਅਧਿਆਪਕ ਕੁਝ ਦਿਨ ਕਾਲਜ ਨਹੀਂ ਸੀ ਆ ਸਕਿਆ ਤਾਂ ਆਪ ਆਪਣੀ ਜਮਾਤ ਦੇ ਵਿਦਿਆਰਥੀਆਂ ਨੂੰ ਗਣਿਤ ਪੜ੍ਹਾਉਂਦੇ ਰਹੇ।ਕਿਹਾ ਜਾਂਦਾ ਹੈ ਕਿ ਬੀ.ਏ. ਦੀ ਸਾਲਾਨਾ ਪ੍ਰੀਖਿਆ ਸਮੇਂ ਗਣਿਤ ਦੇ ਪੇਪਰ ਵਿਚ ਕੁੱਲ ਤੇਰਾਂ ਸਵਾਲ ਸਨ, ਜਿਨ੍ਹਾਂ ਵਿਚੋਂ ਕੋਈ ਨੌ ਸਵਾਲ ਹੱਲ ਕਰਨ ਲਈ ਕਿਹਾ ਗਿਆ ਸੀ ਪਰੰਤੂ ਸਵਾਮੀ ਜੀ ਨੇ ਤੇਰਾਂ ਦੇ ਤੇਰਾਂ ਸਵਾਲ ਹੱਲ ਕਰਕੇ ਹੇਠਾਂ ਲਿਖ ਦਿੱਤਾ, “ਤੁਸੀਂ ਜਿਹੜੇ ਮਰਜ਼ੀ ਨੌ ਸਵਾਲ ਚੈੱਕ ਕਰ ਸਕਦੇ ਹੋ।”

ਬੀ. ਏ. ਦੇ ਇਸ ਇਮਤਿਹਾਨ ਵਿਚ ਆਪ ਨੇ ਯੂਨੀਵਰਸਿਟੀ ਵਿਚ ਫਸਟ ਆ ਕੇ ਗੋਲਡ ਮੈਡਲ ਅਤੇ ਪੰਜਾਹ ਰੁਪਏ ਦਾ ਇਨਾਮ ਜਿੱਤਣ ਤੋਂ ਇਲਾਵਾ ਪੈਂਤੀ ਅਤੇ ਪੰਝੀ ਰੁਪਏ ਵਾਲੇ ਦੋ ਵਜ਼ੀਫੇ ਵੀ ਹਾਸਲ ਕੀਤੇ।ਇਸ ਪ੍ਰਕਾਰ ਸੰਘਰਸ਼ਮਈ ਜੀਵਨ ਜਿਊਂਦੇ ਹੋਏ ਆਪ ਨੇ ਇੱਕੀ ਸਾਲ ਦੀ ਉਮਰ ਵਿਚ ਸਰਕਾਰੀ ਕਾਲਜ ਲਾਹੌਰ ਤੋਂ ਗਣਿਤ ਦੀ ਐਮ.ਏ. ਪਾਸ ਕੀਤੀ ਅਤੇ ਬਾਅਦ ਵਿਚ ਫੌਰਮਨ ਕਰਿਸਟੀਅਨ ਕਾਲਜ ਲਾਹੌਰ ਵਿਖੇ ਗਣਿਤ ਦੇ ਪ੍ਰੋਫੈਸਰ ਵਜੋਂ ਸੇਵਾ ਨਿਭਾਈ।

ਸੋ, ਸਵਾਮੀ ਰਾਮ ਤੀਰਥ ਦਾ ਜੀਵਨ ਨਾ ਕੇਵਲ ਗਰੀਬ ਵਿਦਿਆਰਥੀਆਂ ਲਈ ਪ੍ਰੇਰਨਾ ਸਰੋਤ ਹੈ ਬਲਕਿ ਉਨ੍ਹਾਂ ਅਮੀਰ ਵਿਦਿਆਰਥੀਆਂ ਲਈ ਵੀ ਵੰਗਾਰ ਹੈ ਜਿਹੜੇ ਸਭ ਪ੍ਰਕਾਰ ਦੀਆਂ ਸੁਖ-ਸਹੂਲਤਾਂ ਹੋਣ ਦੇ ਬਾਵਜੂਦ ਵੀ ਪੜ੍ਹਾਈ ਵਿਚ ਰੁਚੀ ਨਹੀਂ ਦਿਖਾਉਂਦੇ ਅਤੇ ਮਾਪਿਆਂ ਦੀ ਖੁਨ-ਪਸੀਨੇ ਦੀ ਕਮਾਈ ਨੂੰ ਅਜਾਈਂ ਰੋਲ ਦਿੰਦੇ ਹਨ।

ਸੰਪਰਕ: +91 94636 19353

Comments

Security Code (required)



Can't read the image? click here to refresh.

Name (required)

Leave a comment... (required)





ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ