ਓਏ ! ਏਹ ਤਾਂ ਪੇਂਡੂ ਨੇ - ਪ੍ਰੀਤੀ ਸ਼ੈਲੀ 'ਬਾਲੀਆਂ'
Posted on:- 13-10-2013
ਪਿਛਲੇ ਦਿਨੀਂ ਮੇਰਾ ਬੀ.ਏ. ਭਾਗ ਪਹਿਲਾ ਦਾ ਨਤੀਜਾ ਆਇਆ,ਸਭ ਹੈਰਾਨ ਸਨ ਕੀ ਪਿੰਡ ’ਚੋਂ ਆਏ ਵਿਦਿਆਰਥੀ,ਸ਼ਹਿਰ ਦੇ ਕਾਨਵੈਂਟ ਸਕੂਲਾਂ ਦੇ ਵਿਦਿਆਰੀਆਂ ਤੋਂ ਵੱਧ ਅੰਕ ਕਿਵੇਂ ਪ੍ਰਾਪਤ ਕਰ ਸਕਦੇ ਹਨ। ਸਾਰੇ ਵਿਦਿਆਰਥੀਆਂ ਤੇ ਪ੍ਰੋਫੈਸਰ ਸਾਹਿਬਾਨਾਂ ਲਈ ਇਹ ਗੱਲ਼ ਅਚੰਭੇ ਵਾਲੀ ਸੀ।
ਮੈਂ ਤੇ ਮੇਰੇ ਪਹਿਲਾ ਦਰਜਾ ਪ੍ਰਾਪਤ ਕਰਨ ਵਾਲੇ ਚਾਰੇ ਸਾਥੀ (ਮਨੇਸ਼ ,ਗੁਰਵਿੰਦਰ ਕੌਰ, ਮਨਪ੍ਰੀਤ ਕੌਰ ਅਤੇ ਵਰਿੰਦਰ ਸਿੰਘ) ਸੰਗਰੂਰ ਤੋਂ ਦਸ ਕੁ ਕਿਲੋਮੀਟਰ ਦੀ ਦੂਰੀ ਤੇ ਸਥਿਤ ਛੋਟੇ ਜਿਹੇ ਪਿੰਡ ਬਾਲੀਆਂ ਨਾਲ ਸੰਬੰਧ ਰੱਖਦੇ ਹਾਂ। ਅਸੀਂ ਬਾਰਾਂ ਜਮਾਤਾਂ ਪਿੰਡ ਦੇ ਸਰਕਾਰੀ ਸਕੂਲ ਵਿੱਚ ਹੀ ਕੀਤੀਆਂ। ਨੌਵੀਂ ਜਮਾਤ ਤੋਂ ਬਾਰ੍ਹਵੀਂ ਜਮਾਤ ਤੱਕ ਦਾ ਸਮਾਂ ਐਸਾ ਸਮਾਂ ਸੀ, ਜਦੋਂ ਮੇਰੇ ਅੰਦਰ ਇੱਕ ਕਵਿੱਤਰੀ ਨੇ ਜਨਮ ਲਿਆ , ਮੇਰੀ ਹਮ-ਜਮਾਤਣ ਗੁਰਵਿੰਦਰ ਕੌਰ ਅੰਦਰ ਇੱਕ ਚਿੱਤਰਕਾਰ, ਮਨਪ੍ਰੀਤ ਕੌਰ ਮਨੇਸ਼, ਮਨਪ੍ਰੀਤ ਅਤੇ ਵਰਿੰਦਰ ਸਿੰਘ ਅੰਦਰ ਕਿਤਾਬਾਂ ਪੜ੍ਹਨ ਦਾ ਕੀੜਾ ਪੈਦਾ ਹੋ ਗਿਆ। ਸਕੂਲ ਦਾ ਸਾਰਾ ਸਟਾਫ਼ ਹੈਰਾਨ ਸੀ ਕਿ ਐਸਾ ਕੀ ਹੋਇਆ ਜੋ ਇਹ ਸਭ ਵਿਦਿਆਰਥੀ ਐਨੀ ਤੇਜ਼ੀ ਨਾਲ ਜ਼ਿੰਦਗੀ ਦੌੜ ਦੀ ਦੋੜਣ ਲੱਗ ਪਏ।
ਸਭ ਕੰਮ ਭਾਵੇਂ ਕਰਦੇ ਅਸੀਂ ਸੀ, ਪਰ ਅਸਲ ਮਿਹਨਤ ਕਰਦੇ ਸਨ ਸਾਡੇ ਬਹੁਤ ਹੀ ਸਤਿਕਾਰਯੋਗ ਲੈਕਚਰਾਰ ਰਜ਼ਨੀਸ ਕੁਮਾਰ। ਉਹਨ੍ਹਾਂ ਸਾਡੀ ਸਾਰਿਆਂ ਦੀ ਜ਼ਿੰਦਗੀ ਵਿਚ ਬਹੁਤ ਅਹਿਮ ਰੋਲ ਅਦਾ ਕੀਤਾ। ਕਦੇ ਪਿਉ ਵਾਂਗ ਘੂਰਨਾ ,ਕਦੇ ਭਰਾ ਵਾਂਗ ਰੌਅਬ ਨਾਲ ਸਮਝਾਉਣਾ,ਕਦੇ ਦੋਸਤ ਬਣ ਹਾਸਾ-ਠੱਠਾ ਕਰਨਾ। ਇੱਕ ਅਜੀਬ ਸਾਂਝ ਜੁੜ ਗਈ ਸੀ ਸਾਡੀ ਸਭ ਦੀ ਪਿੰਡ ਦੇ ਸਕੂਲ ਨਾਲ ,ਸਭ ਵੱਡੀ ਗੱਲ ਅਸੀਂ ਸਭ ਵਿਦਿਆਰਥੀ ਅੰਗਰੇਜ਼ੀ ਵਿਸ਼ੇ ’ਚ ਬਹੁਤ ਰੁਚੀ ਲੈਣ ਲੱਗੇ ਸੀ, ਕਿਉਕਿ ਰਜਨੀਸ਼ ਸਰ ਸਾਨੂੰ ਇਹੋ ਵਿਸ਼ਾ ਪੜਾਉਂਦੇ ਸਨ। ਦਿਨ-ਰਾਤ ਅਸੀਂ ਅੰਗਰੇਜ਼ੀ ਦੀ ਹੀ ਰੱਟ ਲਾਈ ਰੱਖਦੇ।
ਰਜਨੀਸ਼ ਸਰ ਦੀ ਲਗਨ ਦੇਖ ਅਕਸਰ ਬਾਕੀ ਸਟਾਫ਼ ਉਨ੍ਹਾਂ ਦਾ ਮੌਜੂ ਬਣਾਇਆ ਕਰਦਾ ਸੀ ਤੇ ਸਾਰੇ ਕਿਹਾ ਕਰਦੇ ਸੀ, ”ਉਏ....ਏਹ ਤਾਂ ਪੇਂਡੂ ਨੇ...ਜਮਾਂ ਡੰਗਰ !!! ਅੰਗਰੇਜ਼ੀ ਅੰਗਰੁਜ਼ੀ ਏਨ੍ਹਾਂ ਵਾਸਤੇ ਨੀਂ ਬਣੀ !!!” ਇਹ ਕਹਿ ਕੇ ਇੱਕ ਜ਼ੋਰਦਾਰ ਠਹਾਕਾਂ ਗੁੰਜਦਾ ਪਰ ਰਜਨੀਸ਼ ਸਰ ਹਮੇਸ਼ਾ ਚੁੱਪ-ਚਾਪ ਸੁਣਦੇ ਰਹਿੰਦੇ ਸੀ, ਮੈਨੂੰ ਇਹ ਗੱਲ ਬੜਾ ਦੁੱਖੀ ਕਰਦੀ, ਗੁੱਸਾ ਵੀ ਆਉਂਦਾ ਪਰ...
ਜਦੋਂ ਦਸਵੀਂ ਜਮਾਤ ਵਿਚੋਂ ਅਸੀਂ ਲਗਪਗ ਪੂਰੀ ਜਮਾਤ(22 ਵਿਦਿਆਰਥੀ) ਨੇ ਪਹਿਲਾ ਦਰਜਾ ਪ੍ਰਪਾਤ ਕੀਤਾ ਤਾਂ ਸਾਰਾ ਸਟਾਫ ਚੁੱਪ ਸੀ ਤੇ ਸਭ ਤੋਂ ਵੱਧ ਹੈਰਾਨ ਇਸ ਗੱਲ ’ਤੇ ਸੀ ਕਿ ਇਕ ਵੀ ਵਿਦਿਆਰੀ ਅੰਗਰੇਜ਼ੀ ਵਿਚੋਂ ’ਚੋਂ ਫੇਲ ਨਾ ਹੋਇਆ। ਹੁਣ ਸਾਡੇ ਸਾਹਮਣੇ ਸਭ ਤੋਂ ਵੱਡੀ ਸਮੱਸਿਆਂ ਖੜੀ ਹੋਈ। ਅਸੀ ਦਸ ਦੇ ਕਰੀਬ ਵਿਦਿਆਰਥੀ ਅੰਗਰੇਜ਼ੀ ਸਾਹਿਤ ਚੁਣਨਾ ਚਾਹੁੰਦੇ ਸੀ। ਪਰ ਸ਼ਰਤ ਰੱਖੀ ਗਈ ਕੀ ਘੱਟੋ-ਘੱਟੋ ਅੰਗਰੇਜ਼ੀ ਸਾਹਿਤ ਵਿਸ਼ਾ ਪੜ੍ਹਨ ਵਾਲੇ ਪੰਦਰਾਂ ਵਿਦਿਆਰਥੀ ਇੱਕਠੇ ਕਰੋ। ਪੰਦਰਾਂ ਵਿਦਿਆਰਥੀ ਪੂਰੇ ਹੋਣ ਤੋਂ ਬਾਅਦ ਵੀ ,ਜਦੋਂ ਸਾਨੂੰ ਅੰਗਰੇਜ਼ੀ ਵਿਸ਼ਾ ਨਾ ਦਿੱਤਾ ਗਿਆ ਤਾਂ ਰਜਨੀਸ਼ ਸਰ ਸਾਡਾ ਪੱਖ ਪੂਰਨ ਲਈ ਬੋਲੇ ਅਤੇ ਮੈਦਾਨ ਫਤਿਹ ਕਰ ਕੇ ਹੀ ਸਾਹ ਲਿਆ।
ਇਸ ਸੰਘਰਸ਼ ਤੋਂ ਬਾਅਦ ਅਸੀ ਨਵੇਂ ਸਿਰਿਓਂ ਪੜ੍ਹਾਈ ਸ਼ੁਰੂ ਕੀਤੀ, ਦਿਨ-ਰਾਤ ਇੱਕ ਕਰ ਦਿੱਤਾ। ਦੋ ਸਾਲ ਐਨੀ ਤੇਜ਼ੀ ਨਾਲ ਗੁਜ਼ਰ ਗਏ ਜਿਵੇਂ ਕੋਈ ਹਵਾ ਦਾ ਬੁੱਲ੍ਹਾ ਲੰਘ ਗਿਆ ਹੋਵੇ। ਰਜਨੀਸ਼ ਸਰ ਦੇ ਪੜਾਉਣ ਦਾ ਵੱਖਰਾ ਤਰੀਕਾ ਸੀ। ਉਹ ਵੱਖਰੇ-ਵੱਖਰੇ ਤਜ਼ਰਬੇ ਸਾਡੇ ’ਤੇ ਵਰਤਦੇ ਸਨ। ਇਨ੍ਹਾਂ ਤਜ਼ਰਬਿਆਂ ਦਾ ਹੀ ਨਤੀਜਾ ਸੀ ਕਿ ਜਦੋਂ ਸਾਡਾ ਬਾਰਵੀਂ ਜਮਾਤ ਦਾ ਨਤੀਜਾ ਆਇਆ ਤਾਂ ਉਸਨੂੰ ਦੇਖ ਕੇ ਸਾਰੇ ਸਟਾਫ਼ ਨੇ ਦੰਦਾਂ ਥੱਲੇ ਉਗਲਾਂ ਦੱਬ ਲਈਆਂ ਸਨ।
ਮਨਪ੍ਰੀਤ ਨੇ 84% ਅੰਕ ਪ੍ਰਾਪਤ ਕਰ ਕੇ ਨਵਾਂ ਇਤਿਹਾਸ ਸਿਰਜ ਦਿੱਤਾ ਸੀ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਬਾਲੀਆਂ ਦਾ ਨਾਮ ਰੋਸ਼ਨ ਕਰ ਦਿੱਤਾ ਸੀ। ਸਾਡੀ ਜਾਮਤ ਵਿੱਚ ਕੁੱਲ 24 ਵਿਦਿਆਰਥੀਆਂ ਵਿੱਚੋਂ 15 ਦੇ ਕਰੀਬ ਵਿਦਿਆਰਥੀਆਂ ਨੇ 70% ਅੰਕ ਹਾਸਿਲ ਕੀਤੇ ਸਨ।
ਜਦੋਂ 2012-13 ਦੇ ਸੈਸ਼ਨ ਲਈ ਅਸੀ ਸਾਰੇ ਵਿਦਿਆਰਥੀ ਸਰਕਾਰੀ ਰਣਬੀਰ ਕਾਲਜ, ਸੰਗਰੂਰ ’ਚ ਦਾਖਲਾ ਲੈਣ ਆਏ ਤਾਂ ਸਾਡੇ ਲਈ ਵਿਸ਼ਿਆਂ ਦੀ ਚੋਣ ਕਰਨਾ ਬਹੁਤ ਮੁਸ਼ਕਿਲ ਸੀ। ਰਜਨੀਸ਼ ਸਰ ਦੀ ਸਲਾਹ ਨਾਲ ਅਸੀ ਪੰਜਾਂ ਵਿਦਿਆਰਥੀਆਂ( ਮੈਂ, ਮਨਪ੍ਰੀਤ ਕੌਰ ਮਨੇਸ਼, ਮਨਪ੍ਰੀਤ ਕੌਰ, ਗੁਰਵਿੰਦਰ ਕੌਰ, ਵਰਿੰਦਰ ਸਿੰਘ)ਨੇ ਅੰਗਰੇਜ਼ੀ ਸਾਹਿਤ, ਇਤਿਹਾਸ, ਭੂਗੋਲ ਵਿਸ਼ਿਆਂ ਦੀ ਚੌਣ ਕੀਤੀ ਅਤੇ ਨਾਲ-ਨਾਲ ਪੜ੍ਹਨ ਦਾ ਮਾਧਿਅਮ ਵੀ ਪੰਜਾਬੀ ਤੋਂ ਅੰਗਰੇਜ਼ੀ ਕਰ ਦਿੱਤਾ। ਪਹਿਲੀ ਵਾਰ ਸਭ ਕਿਤਾਬਾਂ ਅੰਗਰੇਜ਼ੀ ਵਿੱਚ ਪੜ੍ਹਨੀਆਂ ਪੈਣੀਆਂ ਸਨ। ਕਾਫੀ ਡਰ ਲੱਗ ਰਿਹਾ ਸੀ, ਪਰ ਰਜਨੀਸ਼ ਸਰ ਦੇ ਦਿੱਤੇ ਹੌਸਲੇ ਕਰਕੇ ਅਸੀ ਚਲਦੇ ਰਹੇ-ਚਲਦੇ ਰਹੇ। ਅਖੀਰ ਬਾਜ਼ੀ ਜਿੱਤ ਗਏ। ਇਹ ਜਿੱਤ ਸਾਡੀ ਨਹੀਂ ਉਸ ਸ਼ਖ਼ਸ ਦੀ ਹੈ, ਜਿਸ ਨੇ ਸਾਨੂੰ ਇਥੇ ਪਹੁਚਾਇਆ।... ਹਾਲੇ ਸਫਰ ਬਾਕੀ ਹੈ.....ਬਹੁਤ ਇਮਤਿਹਾਨ ਬਾਕੀ ਹਨ...
ਅੱਜ ਵੀ ਜਦੋਂ ਮੈਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਬਾਲੀਆ ਅੱਗੋਂ ਦੀ ਲੰਘਦੀ ਹਾਂ ਤਾਂ ਸਿਰ ਝੁੱਕ ਜਾਂਦਾ ਹੈ ਤੇ ਨਾਲ-ਨਾਲ ਮੇਰੇ ਕੰਨਾਂ ’ਚ ਗੁੰਜਣ ਲੱਗ ਜਾਂਦੇ ਆ ਉਹ ਹਰਫ਼...”ਉਏ...ਏਹ ਤਾਂ ਪੇਂਡੂ ਆ....ਜਮਾਂ ਡੰਗਰ....!!!
Sarabjit Kaur pc
ਸ਼ਾਬਾ਼ਸ