Thu, 21 November 2024
Your Visitor Number :-   7254790
SuhisaverSuhisaver Suhisaver

ਸਾਹਿਤ ਦਾ ਮੱਕਾ:ਲੇਖਕਾਂ ਦਾ ਸ਼ਹਿਰ ਬਰਨਾਲਾ - ਪ੍ਰੋ. ਤਰਸਪਾਲ ਕੌਰ

Posted on:- 01-10-2013

suhisaver

ਪੰਜਾਬ ਸੂਬੇ ਦੇ ਸਾਰੇ ਹੀ ਖੇਤਰਾਂ ਦੀ ਇਤਹਾਸਿਕ-ਸਮਾਜਿਕ ਵਿਸ਼ੇਸ਼ਤਾ ਰਹੀ ਹੈ, ਪਰ ਜੇ ਵੀਹਵੀਂ ਸਦੀ ਦੇ ਪਿਛਲੇ ਅੱਧ ਤੋਂ ਨਜ਼ਰ ਮਾਰੀਏ ਤਾਂ ਪੰਜਾਬ ਦੇ ਮਾਲਵੇ ਦੇ ਖਿੱਤੇ ਦੀ ਇਤਿਹਾਸਕ, ਸਮਾਜਿਕ, ਸਾਹਿਤਕ ਖੂਬੀਆਂ ਕਰਕੇ ਸਮੁੱਚੇ ਉੱਤਰੀ ਭਾਰਤ ਵਿਚ ਵਿਸ਼ੇਸ਼ ਯੋਗਦਾਨ ਰਿਹਾ ਹੈ। ਮਾਲਵੇ ਦੇ ਇਸ ਖਿੱਤੇ ਵਿਚ ਬਾਬਾ ਆਲਾ ਸਿੰਘ ਦੇ ਵਰੋਸਾਏ ਸ਼ਹਿਰ ਬਰਨਾਲਾ ਦਾ ਨਾਂ ਅਹਿਮ ਹੈ। ਇਹ ਸ਼ਹਿਰ ਕਦੇ ਬਾਬਾ ਆਲਾ ਸਿੰਘ ਪਟਿਆਲੇ ਵਾਲੇ ਦੀ ਰਾਜਧਾਨੀ ਰਿਹਾ ਸੀ। ਫਿਰ ਰਿਆਸਤ ਪਟਿਆਲਾ ਵਿਚ ਅਤੇ ਉਸ ਪਿੱਛੋਂ ਪੈਪਸੂ ਵੇਲੇ ਇਹ ਸ਼ਹਿਰ ਜ਼ਿਲ੍ਹਾ ਹੁੰਦਾ ਸੀ, ਜੋ ਕਿ ਨਵੇਂ ਪੰਜਾਬ ਦੇ ਪੁਨਰਗਠਨ ਤੋਂ ਪਹਿਲਾਂ ਤੋੜ ਦਿੱਤਾ ਗਿਆ ਸੀ।

ਹੁਣ ਫੇਰ 62 ਵਰ੍ਹਿਆਂ ਤੋਂ ਬਰਨਾਲਾ ਪੰਜਾਬ ਦਾ ਇੱਕ ਜ਼ਿਲ੍ਹਾ ਹੈ। ਬਰਨਾਲੇ ਸ਼ਹਿਰ ਅਤੇ ਇਸ ਦੇ ਆਸ-ਪਾਸ ਦੇ ਪਿੰਡਾਂ ਵਿਚ ਚੱਲੀਆਂ ਸਾਹਿਤਕ ਤੇ ਜੁਝਾਰੂ ਲਹਿਰਾਂ ਕਰਕੇ ਜਾਂ ਫਿਰ ਆਜ਼ਾਦੀ ਸੰਗਰਾਮ ਵਿਚ ਹਿੱਸਾ ਲੈਣ ਕਰਕੇ ਇਸ ਸ਼ਹਿਰ ਦੀ ਬੜੀ ਮਹਾਨਤਾ ਹੈ। ਬਹੁਤੇ ਲੋਕ ਮੰਨਦੇ ਹਨ ਕਿ ਇਕ ਸਮੇਂ ਬਰਨਾਲਾ ਦਾ ਪੰਜਾਬੀ ਸਾਹਿਤ ਵਿਚ ਚੰਗਾ ਦਬਦਬਾ ਕਾਇਮ ਸੀ ਅਤੇ ਪੰਜਾਬ ਵਿਚ ਸਭ ਤੋਂ ਵੱਧ ਸਾਹਿਤਕ ਸਰਗਰਮੀਆਂ ਇੱਥੇ ਹੀ ਹੁੰਦੀਆਂ ਸਨ। ਪਿਛਲੇ ਦਹਾਕਿਆਂ ਵਿਚ, ਕਾਲੇ ਦਿਨਾਂ ਦੀ ਚੱਲੀ ਹਨੇਰੀ ਨੇ ਭਾਵੇਂ ਇਹਨਾਂ ਸਾਹਿਤਕ, ਸਮਾਜਿਕ ਲਹਿਰਾਂ ’ਤੇ ਵੀ ਅਸਰ ਪਾਇਆ ਸੀ, ਫਿਰ ਵੀ ਇਥੋਂ ਦੇ ਲੇਖਕ ਅਡੋਲ ਰਹੇ ਅੱਜ ਵੀ ਇਸ ਸ਼ਹਿਰ ’ਚ ਉਸੇ ਤਰ੍ਹਾਂ ਸਾਹਿਤਕ ਸਰਗਰਮੀਆਂ ਲਗਾਤਾਰ ਜਾਰੀ ਹਨ।

ਸਾਹਿਤਕ, ਸਭਿਆਚਾਰਕ ਸਰਗਰਮੀਆਂ ਦੇ ਸ਼ੁਰੂਆਤੀ ਦੌਰ ਵਿਚ ਸ਼ਹਿਰ ਦੇ ਪੁਰਾਣੇ ਪੱਤਰਕਾਰ ਸ੍ਰੀ ਜਗੀਰ ਸਿੰਘ ਜਗਤਾਰ, ਪ੍ਰੋ. ਪ੍ਰੀਤਮ ਸਿੰਘ ਰਾਹੀ ਆਦਿ ਸ਼ਖਸੀਅਤਾਂ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ। ਇਹ ਮਾਣ ਬਰਨਾਲੇ ਦੀ ਧਰਤੀ ਨੂੰ ਹੀ ਪ੍ਰਾਪਤ ਹੈ ਕਿ ਇਸ ਨੂੰ ਸਾਹਿਤ ਦਾ ਮੱਕਾ ਜਾਂ ਲੇਖਕਾਂ ਦੇ ਸ਼ਹਿਰ ਨਾਲ ਵਡਿਆਇਆ ਜਾਂਦਾ ਹੈ, ਨਾਲ ਹੀ ਇਸ ਮਾਣਮੱਤੀ ਧਰਤੀ ਨੂੰ ‘ਬਰਨਾਲਾ ਸਕੂਲ ਆਫ਼ ਪੋਇਟਰੀ’ ਕਰਕੇ ਵੀ ਜਾਣਿਆ ਜਾਂਦਾ ਹੈ। ਸੱਠਵਿਆਂ-ਸੱਤਰਵਿਆਂ ਦੀਆਂ ਜੁਝਾਰੂ ਲਹਿਰਾਂ ਵਿਚ ਲੋਕ-ਹਿਤੈਸ਼ੀ ਸ਼ਾਇਰ ਤੇ ਸੰਗਰਾਮੀ ਵਜੋਂ ਵਿਚਰੇ ਸੰਤ ਰਾਮ ਉਦਾਸੀ ਦਾ ਸਬੰਧ ਬਰਨਾਲੇ ਦੇ ਹੀ ਇੱਕ ਪਿੰਡ ਰਾਏਸਰ ਨਾਲ ਹੈ। ਉਦਾਸੀ ਇਹਨਾਂ ਸਮਿਆਂ ਵਿਚ ਲੋਕ-ਨਾਇਕ ਬਣ ਕੇ ਉੱਭਰਿਆ।

‘ਬਰਨਾਲਾ ਸਕੂਲ ਆਫ਼ ਪੋਇਟਰੀ’ ਦੇ ਮੋਢੀਆਂ ਵਿਚ ਮਰਹੂਮ ਪ੍ਰੋ. ਪ੍ਰੀਤਮ ਸਿੰਘ ਰਾਹੀ ਨੇ ਵੀ ਪੰਜਾਬੀ ਸਾਹਿਤ ਵਿਚ ਚੰਗਾ ਨਾਮਣਾ ਖੱਟਿਆ। ਕਵਿਤਾ, ਗ਼ਜ਼ਲ ਦੇ ਖੇਤਰ ਵਿਚ ਉਹਨਾਂ ਦੀ ਵੱਡੀ ਦੇਣ ਹੈ। ਉਹ ਬੜੇ ਹੀ ਨਿਮਰ ਸ਼ਖਸੀਅਤ ਵਜੋਂ ਜਾਣੇ ਜਾਂਦੇ ਹਨ। ਇਸ ਤੋਂ ਇਲਾਵਾ ਉਹਨਾਂ ਨੇ ਇੱਕ ਵੈਦ ਦੇ ਰੂਪ ਵਿਚ ਵੀ ਪੂਰਾ ਜੀਵਨ ਲੋਕਾਂ ਦੀ ਸੇਵਾ ਕੀਤੀ। ਪ੍ਰੋ. ਰਾਹੀ ਦਾ ਦਵਾਖਾਨਾ ਜੋ ਸ਼ਹਿਰ ਦੇ ਵਿਚਕਾਰ ਛੱਤਾ ਖੂਹ ਚੌਂਕ ਵਜੋਂ ਜਾਣੇ ਜਾਂਦੇ ਸਥਾਨ ’ਤੇ ਹੈ, ਸਾਹਿਤਕ ਸ਼ਖਸੀਅਤਾਂ ਦੀ ਮਿਲਣੀ ਦਾ ਕੇਂਦਰ-ਬਿੰਦੂ ਰਿਹਾ ਹੈ ਤੇ ਅੱਜ ਵੀ ਹੈ। ਇਸੇ ਤਰ੍ਹਾਂ ਹੀ ਗਲਪ ਦੇ ਖੇਤਰ ਵਿਚ ਮਰਹੂਮ ਰਾਮ ਸਰੂਪ ਅਣਖੀ ਨੇ ਵੀ ਕਹਾਣੀ, ਨਾਵਲ, ਸਵੈਜੀਵਨੀ ਰਾਹੀਂ ਅਹਿਮ ਯੋਗਦਾਨ ਪਾਇਆ, ਜਿਹੜੇ ਕਿ ਬਰਨਾਲੇ ਦੀ ਧਰਤੀ ਦੇ ਹੀ ਜੰਮਪਲ ਸਨ। ਉਹਨਾਂ ਨੇ ਸਾਹਿਤ ਅਕਾਦਮੀ ਐਵਾਰਡ ਪ੍ਰਾਪਤ ਕਰਕੇ ਮਾਲਵੇ ਦੀ ਇਸ ਮਾਣਮੱਤੀ ਧਰਤੀ ਨੂੰ ਅੰਤਰਰਾਸ਼ਟਰੀ ਪੱਧਰ ਤੱਕ ਪਹੁੰਚਾਇਆ। ਗਲਪ ਦੇ ਖੇਤਰ ਵਿਚ ਹੀ ਸ੍ਰੀ ਓਮ ਪ੍ਰਕਾਸ਼ ਗਾਸੋ ਨੇ ਵੀ ਹੁਣ ਤੱਕ ਲਗਭਗ 45 ਕਿਤਾਬਾਂ ਲਿਖ ਕੇ ਸਾਹਿਤ ਦੇ ਖੇਤਰ ਵਿਚ ਲੰਮੀ ਸੇਵਾ ਕੀਤੀ ਹੈ। ਬਰਨਾਲੇ ਦੀਆਂ ਸਾਹਿਤਕ ਸਭਾਵਾਂ ਵਿਚ ਉਹ ਉਚੇਚੇ ਤੌਰ ’ਤੇ ਇੱਕ ਪ੍ਰੋੜ ਪਰਿਵਾਰਕ ਮੈਂਬਰ ਵਾਂਗ ਵਿਚਰ ਰਹੇ ਹਨ। ਸ੍ਰੀ ਗਾਸੋ ਜੀ ਦਾ ਸਪੁੱਤਰ ਡਾ. ਸੁਦਰਸ਼ਨ ਗਾਸੋ ਵੀ ਪੰਜਾਬੀ ਸਾਹਿਤ ਨਾਲ ਪਿਤਾ ਵਾਂਗ ਹੀ ਜੁੜਿਆ ਹੋਇਆ ਹੈ। ਗਲਪ ਦੇ ਖੇਤਰ ਵਿਚ ਹੋਰ ਨਾਂ ਇੰਦਰ ਸਿੰਘ ਖ਼ਾਮੋਸ਼, ਜੋਗਿੰਦਰ ਸਿੰਘ ਨਿਰਾਲਾ, ਬਸੰਤ ਕੁਮਾਰ ਰਤਨ ਅਤੇ ਪ੍ਰਗਟ ਸਿੰਘ ਸਿੱਧੂ ਵੀ ਇਸੇ ਧਰਤੀ ਨਾਲ ਜੁੜੇ ਹੋਏ ਹਨ।
    
ਇਸ ਵੇਲੇ ਕਹਾਣੀਕਾਰਾਂ ਦੀ ਲੜੀ ਵਿਚ ਦਰਸ਼ਨ ਸਿੰਘ ਗੁਰੂ ਤੇ ਭੋਲਾ ਸਿੰਘ ਸੰਘੇੜਾ ਦਾ ਨਾਂ ਵਰਨਣਯੋਗ ਹੈ। ਇਸ ਤੋਂ ਪਹਿਲਾਂ ਹਾਲਾਂ ਕਿ ਸੁਪ੍ਰਸਿੱਧ ਨਾਵਲਕਾਰ ‘ਮੜ੍ਹੀ ਦਾ ਦੀਵਾ’ ਲਿਖਣ ਵਾਲੇ ਪ੍ਰੋ. ਗੁਰਦਿਆਲ ਸਿੰਘ ਅਤੇ ਅੱਜ ਕਲ੍ਹ ਮੁੰਬਈ ਵਿਚ ਰਹਿ ਰਹੇ ਬੂਟਾ ਸਿੰਘ ਸ਼ਾਦ, ਮਰਹੂਮ ਕਹਾਣੀਕਾਰ ਜਸਟਿਸ ਮਹਿੰਦਰ ਸਿੰਘ ਜੋਸ਼ੀ ਹੋਰਾਂ ਦਾ ਬਹੁਤਾ ਸਬੰਧ ਬਰਨਾਲੇ ਸ਼ਹਿਰ ਨਾਲ ਹੀ ਰਿਹਾ ਹੈ। ਮਿੱਤਰ ਸੈਨ ਮੀਤ ਨੇ ਗਲਪ ਦੇ ਖੇਤਰ ਵਿਚ ਪ੍ਰਸਿੱਧੀ ਹਾਸਿਲ ਕੀਤੀ ਹੈ ਜੋ ਕਿ ਇਸੇ ਸ਼ਹਿਰ ਦੇ ਨੇੜੇ ਪਿੰਡ ਰੂੜੇ-ਕੇ ਦੇ ਜੰਮਪਲ ਅਤੇ ਬਰਨਾਲਾ ਵਿਚ ਹੀ ਪੜ੍ਹੇ ਹਨ। ਦੇਵਿੰਦਰ ਸਤਿਆਰਥੀ, ਪ੍ਰਸਿੱਧ ਨਾਟਕਕਾਰ ਬਲਵੰਤ ਗਾਰਗੀ ਤੇ ਬਹੁਪੱਖੀ ਲੇਖਕ ਡਾ. ਅਮਰ ਕੋਮਲ ਵੀ ਇਸੇ ਹੀ ਸਾਹਿਤਕ ਧਰਤੀ ਵਿਚੋਂ ਵਿਕਸਿਤ ਹੋਏ ਤੇ ਰਾਸ਼ਟਰੀ, ਅੰਤਰਰਾਸ਼ਟਰੀ ਪੱਧਰ ’ਤੇ ਨਾਮਣਾ ਖੱਟਿਆ। ਸ਼ਹਿਰ ਦੀ ਰਾਜਨੀਤਿਕ ਸ਼ਖਸੀਅਤ ਸ੍ਰ. ਸੁਰਜੀਤ ਸਿੰਘ ਬਰਨਾਲਾ ਵੀ ਬਹੁਤ ਵਧੀਆ ਚਿੱਤਰਕਾਰ ਤੇ ਲੇਖਕ ਹਨ। ਉਹਨਾਂ ਨੇ ‘ਮੈਂ ਘਰੋਂ ਭੱਜ ਗਿਆ’ ਸਵੈਜੀਵਨੀ ਲਿਖੀ ਤੇ ਜੀਵਨ ਦੇ ਸੰਘਰਸ਼ ਦੇ ਹਰ ਪਹਿਲੂ ਨੂੰ ਵੀ ਗੰਭੀਰਤਾ ਨਾਲ ਪੇਸ਼ ਕੀਤਾ ਹੈ।
    
ਜਿਵੇਂ ਕਿ ਪਹਿਲਾਂ ਜ਼ਿਕਰ ਹੋ ਹੀ ਚੁੱਕਿਆ ਹੈ ਕਿ ਸਮਾਜਿਕ, ਜੁਝਾਰੂ ਲੋਕ-ਹਿਤੈਸ਼ੀ ਲਹਿਰਾਂ ਤੋਂ ਹੀ ਬਰਨਾਲੇ ਦੇ ਕਵੀਆਂ ਨੂੰ ਰਚਨਾਤਮਕ ਕਾਰਜ ਦੀ ਗੁੜ੍ਹਤੀ ਮਿਲ ਗਈ ਸੀ। ਮੁੱਢਲੇ ਕਵੀਆਂ ਵਿਚ ਜੋਗਾ ਸਿੰਘ ਦਾ ਕੋਈ ਜਵਾਬ ਨਹੀਂ ਸੀ। ਉਹ ਬਰਨਾਲੇ ਦੇ ਨੇੜਲੇ ਪਿੰਡ ਕਾਹਨੇਕੇ ਵਿਖੇ ਪੈਦਾ ਹੋਇਆ। ਉਸ ਦੀ ਸ਼ਾਇਰੀ ਨੇ ਉਸ ਨੂੰ ਸਾਹਿਤ-ਜਗਤ ਵਿਚ ਪ੍ਰਸਿੱਧੀ ਦਿਵਾਈ। ਉਸ ਨੇ ਸ਼ਾਇਰੀ ਵਿਚ ਅਨੋਖਾ ਰੰਗ ਪੇਸ਼ ਕੀਤਾ। ਭਾਵੇਂ ਉਹ ਬਰਨਾਲੇ ਤੋਂ ਚੱਲ ਕੇ ਚੰਡੀਗੜ੍ਹ ਵਸ ਗਿਆ ਪਰ ਬਹੁਤ ਚੰਗਾ ਮਹਿਮਾਨ ਨਿਵਾਜ਼ ਹੋਣ ਕਰਕੇ ਉਸ ਦੇ ਚੰਡੀਗੜ੍ਹ ਵਾਲੇ ਘਰ ਵਿਖੇ ਲੇਖਕਾਂ-ਮਿੱਤਰਾਂ ਦੀਆਂ ਮਹਿਫ਼ਲਾਂ ਲੱਗੀਆਂ ਰਹਿੰਦੀਆਂ। ਇਸ ਦੇ ਨਾਲ-ਨਾਲ ਹੀ ਹੋਰ ਕਵੀ ਪ੍ਰੋ. ਰਵਿੰਦਰ ਭੱਠਲ, ਬੂਟਾ ਸਿੰਘ ਚੌਹਾਨ, ਸੀ. ਮਾਰਕੰਡਾ, ਸੁਰਜੀਤ ਦਿਹੜ, ਜੈ ਕ੍ਰਿਸ਼ਨ ਕੌਸ਼ਲ, ਗੁਰਪਾਲ ਨੂਰ, ਕਰਤਾਰ ਕੈਂਥ, ਸਾਗਰ ਸਿੰਘ, ਕੌਰ ਚੰਦ ਰਾਹੀ, ਡਾ. ਸੁਰਿੰਦਰ ਭੱਠਲ, ਨਿਰੰਜਨ ਸ਼ਰਮਾ ਸੇਖਾ, ਪ੍ਰੀਤਮ ਬਰਾੜ, ਮਹਿੰਦਰਪਾਲ ਭੱਠਲ, ਰਾਮ ਸਰੂਪ ਰਿਖੀ, ਚਰਨ ਕੌਸ਼ਲ ਆਦਿ ਨੇ ਵੀ ਇਸ ਸ਼ਹਿਰ ਦੀ ਧਰਤੀ ਨੂੰ ਚਾਰ ਚੰਨ ਲਾਏ।

ਕਿਸੇ ਵੇਲੇ ਵੀਨਾ ਸੂਦ, ਕੇਵਲ ਸੂਦ, ਕੁਲਦੀਪ ਸੂਦ, ਅਜਾਇਬ ਟੱਲੇਵਾਲੀਆ, ਸੁਰਿੰਦਰ ਕੌਰ ਖਰਲ ਵੀ ਚਰਚਿਤ ਰਹੇ। ਪੋ੍ਰ. ਪ੍ਰੀਤਮ ਸਿੰਘ ਰਾਹੀ ਹੁਰਾਂ ਤੋਂ ਵੀ ਪਹਿਲਾਂ ਦੇ ਬਜ਼ੁਰਗ ਗ਼ਜ਼ਲਗੋ ਸਾਧੂ ਸਿੰਘ ਬੇਦਿਲ ਵੀ ਕਾਵਿ-ਖੇਤਰ ਵਿਚ ਲੰਮਾ ਸਮਾਂ ਚਰਚਿਤ ਰਹੇ ਹਨ। ਗ਼ਜ਼ਲ ਦੀ ਵਿਧਾ ਵਿਚ ਨਾਮਣਾ ਖੱਟਣ ਵਾਲੇ ਸਾਡੇ ਇਲਾਕੇ ਦੀ ਮਾਣਯੋਗ ਸ਼ਖਸੀਅਤ ਡਾ. ਐੱਸ. ਤਰਸੇਮ ਦਾ ਸਬੰਧ ਵੀ ਬਰਨਾਲੇ ਦੇ ਨੇੜਲੇ ਕਸਬੇ ਤਪਾ ਨਾਲ ਹੈ, ਜਿਹਨਾਂ ਦਾ ਬਰਨਾਲੇ ਦੀਆਂ ਸਾਹਿਤਕ ਸ਼ਖਸੀਅਤਾਂ ਨਾਲ ਡੂੰਘਾ ਸਬੰਧ ਹੈ। ਇਸ ਤੋਂ ਬਾਅਦ ਦੀ ਕਤਾਰ ਦੇ ਅੱਜ ਦੇ ਸਮੇਂ ਵਿਚ ਪ੍ਰਮੁੱਖ ਕਵੀ ਤੇ ਗੀਤਕਾਰ ਰਾਮ ਸਰੂਪ ਸ਼ਰਮਾ, ਤਰਸੇਮ, ਡਾ. ਸੰਪੂਰਨ ਸਿੰਘ ਟੱਲੇਵਾਲ, ਡਾ. ਅਮਨਦੀਪ ਸਿੰਘ ਟੱਲੇਵਾਲ, ਜਗਰਾਜ ਧੌਲਾ, ਹਾਕਮ ਰੂੜੇ-ਕੇ, ਚਰਨੀ ਬੇਦਿਲ, ਰਾਜਿੰਦਰ ਸ਼ੌਂਕੀ, ਹਾਕਮ ਸਿੰਘ ਨੂਰ ਤੇ ਮੇਜਰ ਸਿੰਘ ਸਾਹੌਰ ਕਾਵਿ-ਖੇਤਰ ਵਿਚ ਯੋਗਦਾਨ ਦੇ ਰਹੇ ਹਨ।

ਬਰਨਾਲਾ ਸ਼ਹਿਰ ਦੇ ਆਲੋਚਕਾਂ ਵਿਚ ਜ਼ਿਕਰਯੋਗ ਨਾਂ ਡਾ. ਜੋਗਿੰਦਰ ਸਿੰਘ ਨਿਰਾਲਾ, ਡਾ. ਭੁਪਿੰਦਰ ਸਿੰਘ ਬੇਦੀ, ਪ੍ਰੋ. ਅਨਿਲ ਸ਼ੋਰੀ ਆਦਿ ਆਉਂਦੇ ਹਨ। ਬੜੇ ਮਾਣ ਵਾਲੀ ਗੱਲ ਹੈ ਕਿ ਇਹਨਾਂ ਸ਼ਖਸੀਅਤਾਂ ਨੇ ਿਸਰਜਣਾਤਮਕ ਖੇਤਰ ਵਿਚ ਵੀ ਨਾਂ ਕਮਾਇਆ ਹੈ। ਇਸ ਤੋਂ ਇਲਾਵਾ ਇਸੇ ਖੇਤਰ ਵਿਚ ਇਸੇ ਸ਼ਹਿਰ ਦੇ ਡਾ. ਕ੍ਰਾਂਤੀਪਾਲ ਤੇ ਡਾ. ਸੁਦਰਸ਼ਨ ਗਾਸੋ ਵੀ ਉੱਘੇ ਨਾਂ ਹਨ। ਅਮਰੀਕਾ ਤੇ ਕੈਨੇਡਾ ਵਿੱਚ ਚਰਚਿਤ ਸਟੇਜ ਸੰਚਾਲਿਕਾ ਆਸ਼ਾ ਸ਼ਰਮਾ ਜੀ ਵੀ ਇਸੇ ਹੀ ਧਰਤੀ ’ਤੇ ਪੈਦਾ ਹੋਈ ਹੈ।
    
ਨਾਟ-ਸਿਰਜਣਾ ਦੇ ਖੇਤਰ ਵਿਚ ਬਰਨਾਲੇ ਦੇ ਇਲਾਕੇ ਦੇ ਮਰਹੂਮ ਪ੍ਰੋ. ਸਰਬਜੀਤ ਔਲਖ ਦਾ ਨਾਂ ਆਉਂਦਾ ਹੈ। ਨਾਟ-ਸਿਰਜਣਾ ਤੋਂ ਇਲਾਵਾ ਉਹ ਚੰਗੇ ਕਵੀਆਂ ਦੀ ਕਤਾਰ ਵਿਚ ਵੀ ਰਹੇ। ਇਹਨਾਂ ਸਤਰਾਂ ਦੀ ਲੇਖਿਕਾ ਵੀ ਕਵਿਤਾ, ਕਹਾਣੀ ਰੰਗ ਮੰਚ ਖੇਤਰ ਵਿਚ ਕਾਰਜਸ਼ੀਲ ਹੈ। ਅਸਲ ਵਿਚ ਸਰਗਰਮ ਪੰਜਾਬੀ ਸਾਹਿਤ ਸਭਾਵਾਂ ਅਤੇ ਸਮਾਜ-ਉਸਾਰੂ ਲਹਿਰਾਂ ਨੇ ਬਰਨਾਲੇ ਸ਼ਹਿਰ ਦੀ ਧਰਤੀ ਨੂੰ ਕੇਵਲ ਪੰਜਾਬ ਵਿਚ ਹੀ ਨਹੀਂ ਬਲਕਿ ਹਿੰਦੁਸਤਾਨ ਤੋਂ ਬਾਹਰ ਵੀ ਚਰਚਿਤ ਕੀਤਾ ਹੈ। ਇਸ ਤੋਂ ਇਲਾਵਾ ਇਸ ਸਾਹਿਤਕ ਧਰਤੀ ਨਾਲ ਪੰਜਾਬੀ ਸਾਹਿਤ ਦੇ ਉੱਘੇ ਸ਼ਾਇਰ ਮਰਹੂਮ ਸ਼ਿਵ ਕੁਮਾਰ ਬਟਾਲਵੀ ਦਾ ਵੀ ਬੜਾ ਨਿੱਘਾ ਰਿਸ਼ਤਾ ਰਿਹਾ ਹੈ। ਉਹ ਅਕਸਰ ਹੀ ਬਰਨਾਲੇ ਦੀਆਂ ਸਾਹਿਤਕ ਗਤੀਵਿਧੀਆਂ ਵਿੱਚ ਸ਼ਾਮਿਲ ਹੋਇਆ ਕਰਦੇ ਸਨ। ਇਸ ਤਰ੍ਹਾਂ ਹੀ ਗਲਪਕਾਰ ਭੀਸ਼ਮ ਸਾਹਨੀ ਭਾਵੇਂ ਉਹ ਬਰਨਾਲੇ ਵਿੱਚ ਨਹੀਂ ਪੈਦਾ ਹੋਏ ਪਰ ਉਹ ਇਸ ਧਰਤੀ ਤੇ ਇਥੋਂ ਦੀਆਂ ਸਾਹਿਤਕ ਸ਼ਖਸੀਅਤਾਂ ਨਾਲ ਮੁੱਢ ਤੋਂ ਜੁੜੇ ਰਹੇ ਹਨ।
    
ਲੇਖਕਾਂ ਦਾ ਸ਼ਹਿਰ ਤਾਂ ਹੈ ਹੀ ਬਰਨਾਲਾ ਸ਼ਹਿਰ, ਇਸ ਤੋਂ ਇਲਾਵਾ ਸਾਹਿਤ ਪ੍ਰੇਮੀ ਤੇ ਸਮਾਜ ਸੇਵੀ ਲੋਕਾਂ ਨੇ ਵੀ ਇਸ ਧਰਤੀ ਦੇ ਮਾਣ ਨੂੰ ਵਧਾਇਆ ਹੈ। ਅਜਿਹੀਆਂ ਸ਼ਖਸੀਅਤਾਂ ਵਿੱਚ ਬਾਬੂ ਬਿਰਜ ਲਾਲ ਧਨੌਲਾ ਦਾ ਨਾਂ ਜ਼ਿਕਰਯੋਗ ਹੈ। ਉਹ ਹਰ ਸਮਾਜਿਕ ਜਾਂ ਧਾਰਮਿਕ ਸਮਾਗਮ ਵੇਲੇ ਲੋਕਾਂ ਨੂੰ ਵੱਧ ਤੋਂ ਵੱਧ ਕਿਤਾਬਾਂ ਵੰਡਦੇ ਹਨ ਤੇ ਲੋੜਵੰਦ ਲੋਕਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਹਰ ਵੇਲੇ ਤਿਆਰ ਰਹਿੰਦੇ ਹਨ। ਬਜ਼ੁਰਗ ਸਾਹਿਤਕਾਰ ਓਮ ਪ੍ਰਕਾਸ਼ ਗਾਸੋ ਜੀ ਨਾਲ ਹਰ ਵਰ੍ਹੇ ਬਰਨਾਲਾ ਤੇ ਆਸ-ਪਾਸ ਦੇ ਇਲਾਕਿਆਂ ਵਿੱਚ ਲਗਾਤਾਰ ਕਈ ਵਰ੍ਹਿਆਂ ਤੋਂ ਰੁੱਖ ਲਗਾ ਰਹੇ ਹਨ। ਇਸ ਦੇ ਨਾਲ ਹੀ ਸਕੂਲੀ ਵਿਦਿਆਰਥੀਆਂ ਵਿੱਚ ਵੱਧ ਤੋਂ ਵੱਧ ਸਾਹਿਤ ਦਾ ਪ੍ਰਚਾਰ ਕਰਦੇ ਹਨ। ਅਜਿਹੀਆਂ ਗਤੀਵਿਧੀਆਂ ਬਰਨਾਲੇ ਦੀ ਇਸ ਭਾਗਾਂ ਭਰੀ ਧਰਤੀ ਨੂੰ ਹੋਰ ਵੀ ਚਾਰ-ਚੰਨ ਲਾ ਰਹੀਆਂ ਹਨ। ਆਸ ਕਰਦੇ ਹਾਂ ਕਿ ਭਵਿੱਖ ਵਿੱਚ ਵੀ ਇਸ ਧਰਤੀ ਦੇ ਬਾਸ਼ਿੰਦੇ, ਬੌਧਿਕ ਤੇ ਸਮਾਜ-ਸੇਵੀ ਸ਼ਖਸੀਅਤਾਂ ਇਹਨੂੰ ਬੌਧਿਕ ਤੇ ਉਸਾਰੂ ਗਤੀਵਿਧੀਆਂ ਦੁਆਰਾ ਸਰਗਰਮ ਰੱਖਣਗੇ।

Comments

ZgrGF

Drug information for patients. Long-Term Effects. <a href="https://viagra4u.top">how to buy cheap viagra online</a> in the USA. Best trends of medicines. Read here. <a href=https://akarui-mirai.blog.ss-blog.jp/HONDA-N-BOX-SLASH-X-TD1-03?comment_success=2021-01-10T07:02:55&time=1610229775>Some what you want to know about pills.</a> <a href=http://safatepesi.com/biz-kimiz/#comment-12131>Some about medication.</a> <a href=http://studybscnursinginbangalore.com/bse-college-of-nursing>Best news about medicament.</a> fa41f9f

Security Code (required)



Can't read the image? click here to refresh.

Name (required)

Leave a comment... (required)





ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ