Thu, 21 November 2024
Your Visitor Number :-   7254141
SuhisaverSuhisaver Suhisaver

ਇਹ ਹੈ ਚੰਗੇ ਸੰਸਕਾਰਾਂ ਦਾ ਪ੍ਰਭਾਵ - ਹਰਗੁਣਪ੍ਰੀਤ ਸਿੰਘ

Posted on:- 15-09-2013

suhisaver

ਅਜੋਕੇ ਸਮੇਂ ਦੌਰਾਨ ਜਿੱਥੇ ਸਾਡੇ ਵਿਚੋਂ ਸੱਚਾਈ, ਸੇਵਾ ਭਾਵਨਾ, ਸਬਰ-ਸੰਤੋਖ ਅਤੇ ਨੈਤਿਕ ਕਦਰਾਂ ਕੀਮਤਾਂ ਵਰਗੇ ਮਾਨਵੀ ਗੁਣ ਅਲੋਪ ਹੁੰਦੇ ਜਾ ਰਹੇ ਹਨ, ਉਥੇ ਖੁਦਗਰਜ਼ੀ, ਝੂਠ-ਫਰੇਬ ਅਤੇ ਅਨੈਤਿਕਤਾ ਵਰਗੇ ਅਵਗੁਣ ਆਪ ਮੁਹਾਰੇ ਹੀ ਪੈਦਾ ਹੋ ਰਹੇ ਹਨ।ਅਕਸਰ ਦੇਖਿਆ ਜਾਂਦਾ ਹੈ ਕਿ ਮਾਪਿਆਂ ਕੋਲ ਪੈਸੇ ਕਮਾਉਣ ਤੋਂ ਹੀ ਵਿਹਲ ਨਹੀਂ ਅਤੇ ਉਹ ਬੱਚਿਆਂ ਨੂੰ ‘ਵੱਡੇ ਸੰਸਕਾਰ’ ਦੇਣ ਦੀ ਬਜਾਏ ‘ਵੱਡੀ ਕਾਰ’ ਦੇ ਕੇ ਹੀ ਸੰਤੁਸ਼ਟ ਹੋ ਜਾਂਦੇ ਹਨ।ਜੇ ਘਰ ਵਿਚ ਮਾਪਿਆਂ ਅਤੇ ਸਕੂਲ, ਕਾਲਜਾਂ ਅਤੇ ਯੂਨੀਵਰਸਿਟੀਆਂ ਵਿਚ ਅਧਿਆਪਕਾਂ ਦੁਆਰਾ ਨਿਜੀ ਮਿਸਾਲ ਪੇਸ਼ ਕਰਕੇ ਬੱਚਿਆਂ ਨੂੰ ਇਕ ਆਦਰਸ਼ ਵਾਤਾਵਰਣ ਦਿੱਤਾ ਜਾਵੇ ਤਾਂ ਸਵਾਲ ਹੀ ਨਹੀਂ ਹੁੰਦਾ ਕਿ ਬੱਚੇ ਅੱਗੇ ਚੱਲਕੇ ਕੁਰਾਹੇ ਪੈ ਜਾਣ।

ਅੱਜ ਤੋਂ ਲਗਭਗ ਦਸ ਸਾਲ ਪਹਿਲਾਂ ਬੁੱਢਾ ਦੱਲ ਪਬਲਿਕ ਸਕੂਲ ਪਟਿਆਲਾ ਵਿਚ ਪੜ੍ਹਦਿਆਂ ਅਤੇ ਹਮੇਸ਼ਾ ਤੋਂ ਹੀ ਉੱਚ ਸਥਾਨ ਹਾਸਲ ਕਰਨ ਵਾਲੇ ਬੱਚਿਆਂ ਵਿਚ ਸ਼ਾਮਲ ਹੋ ਕੇ ਨੌਵੀਂ ਪਾਸ ਕਰਨ ਤੋਂ ਬਾਅਦ ਜਿਉਂ ਹੀ ਮੈਂ ਦਸਵੀਂ ਜਮਾਤ ਵਿਚ ਦਾਖਲ ਹੋਇਆ ਤਾਂ ਡਾਕਟਰੀ ਜਾਂਚ ਨੇ ਇਹ ਗੱਲ ਸਾਹਮਣੇ ਲਿਆ ਦਿੱਤੀ ਕਿ ਮੇਰਾ ਸਰੀਰ ਬਲੱਡ ਕੈਂਸਰ ਜੈਸੀ ਭਿਆਨਕ ਬਿਮਾਰੀ ਦੀ ਚਪੇਟ ਵਿਚ ਆ ਚੁੱਕਾ ਹੈ।ਨਤੀਜੇ ਵਜੋਂ ਲਗਭਗ ਦੋ ਮਹੀਨੇ ਦੇ ਲਗਾਤਾਰ ਟੈਸਟਾਂ ‘ਚੋਂ ਲੰਘਣ ਉਪਰੰਤ ਮਈ 2003 ਵਿਚ ਪੀ.ਜੀ.ਆਈ. ਚੰਡੀਗੜ੍ਹ ਦੇ ਡਾਕਟਰਾਂ ਵੱਲੋਂ ਤੁਰੰਤ ਹੀ ਮੇਰਾ ਇਲਾਜ ਆਰੰਭ ਕਰ ਦਿੱਤਾ ਗਿਆ।ਛੇ ਮਹੀਨਿਆਂ ਦੇ ਇੰਟੈਂਸਿਵ ਕੈਮੋਥਰੈਪੀ ਅਤੇ ਰੇਡੀਥਰੈਪੀ ਕੋਰਸ ਵਿਚੋਂ ਗੁਜ਼ਰਨ ਤੋਂ ਬਾਅਦ ਤਿੰਨ ਸਾਲ ਦਾ ਮੇਨਟੀਨੈਂਸ ਕੋਰਸ ਸ਼ੁਰੂ ਹੋ ਗਿਆ ਜਿਸ ਦੇ ਫਲਸਰੂਪ ਸਰੀਰ ਇੰਨਾ ਕਮਜ਼ੋਰ ਹੋ ਗਿਆ ਸੀ ਕਿ ਮੈਂ ਮਾਰਚ 2004 ਦੀ ਦਸਵੀਂ ਦੀ ਸਾਲਾਨਾ ਪ੍ਰੀਖਿਆ ਨਹੀਂ ਸੀ ਦੇ ਸਕਿਆ।

ਅਪ੍ਰੈਲ 2004 ਵਿਚ ਮੈਂ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਫੀਲਖਾਨਾ ਪਟਿਆਲਾ ਵਿਖੇ ਦਾਖਲਾ ਲੈ ਲਿਆ।ਬਹੁਤ ਹੀ ਸਖਤ ਦਵਾਈਆਂ ਦੇ ਅਸਰ ਨੇ ਸਿਹਤ ਨੂੰ ਕਦੇ ਵੀ ਨਾਰਮਲ ਨਹੀਂ ਰਹਿਣ ਦਿੱਤਾ ਜਿਸ ਕਰਕੇ ਬਾਕਾਇਦਗੀ ਨਾਲ ਸਕੂਲ ਹਾਜ਼ਰ ਨਹੀਂ ਹੋਇਆ ਜਾ ਸਕਿਆ।ਦੇਖਦੇ ਹੀ ਦੇਖਦੇ ਸਮਾਂ ਲੰਘਦਾ ਗਿਆ ਤੇ ਮਾਰਚ 2005 ਦੀ ਪ੍ਰੀਖਿਆ ਆਰੰਭ ਹੋ ਗਈ।ਮੇਰੇ ਪਿਤਾ ਪੇਪਰ ਦੇਣ ਤੋਂ ਰੋਕਦੇ ਹੋਏ ਆਖਦੇ ਸਨ ਕਿ ਪਹਿਲਾਂ ਪੂਰੀ ਤਰ੍ਹਾਂ ਤੰਦਰੁਸਤ ਹੋ ਜਾ, ਪੜ੍ਹਾਈ ਲਈ ਤਾਂ ਸਾਰੀ ਉਮਰ ਪਈ ਹੈ।ਪਰੰਤੂ ਮੈਂ ਪੜ੍ਹਾਈ ਦਾ ਇਕ ਹੋਰ ਸਾਲ ਨਹੀਂ ਸੀ ਗੁਆਉਣਾ ਚਾਹੁੰਦਾ, ਇਸ ਲਈ ਔਖੇ ਸੌਖੇ ਹੋ ਕੇ ਸਾਰੇ ਪੇਪਰ ਦੇਣ ਜਾਂਦਾ ਰਿਹਾ।ਕਦੋਂ ਸਿਹਤ ਸਾਥ ਛੱਡ ਜਾਵੇ ਕੋਈ ਨਹੀਂ ਸੀ ਜਾਣਦਾ।ਪ੍ਰੀਖਿਆ ਦੇ ਕੰਟਰੋਲਰ ਪ੍ਰਿੰਸੀਪਲ ਸਾਹਿਬ ਨੇ ਸੁਪਰਿੰਟੈਂਡੈਂਟ ਨੂੰ ਆਖ ਦਿੱਤਾ ਸੀ ਕਿ ਬੱਚਾ ਬਿਮਾਰ ਹੈ ਅਤੇ ਸਿਰਫ ਜ਼ਿੱਦ ਕਰਕੇ ਪੇਪਰ ਦੇ ਰਿਹਾ ਹੈ, ਅਤੇ ਕਿਉਂਕਿ ਸਫਲਤਾ ਨਾਲੋਂ ਸਿਹਤ ਵੱਧ ਜ਼ਰੂਰੀ ਹੈ, ਇਸ ਲਈ ਜਦੋਂ ਵੀ ਇਹ ਸਿਹਤ ਖਰਾਬ ਹੋਣ ਦੀ ਸ਼ਿਕਾਇਤ ਕਰਕੇ ਪੇਪਰ ਵਿਚੋਂ ਹੀ ਛੱਡ ਕੇ ਜਾਣਾ ਚਾਹੇ ਤਾਂ ਆਗਿਆ ਦੇ ਦੇਣਾ।ਵਾਹਿਗੁਰੂ ਦੀ ਕਿਰਪਾ ਨਾਲ ਕੁਝ ਵੀ ਮਾੜਾ ਨਹੀਂ ਵਾਪਰਿਆ ਅਤੇ ਸਾਰੇ ਪੇਪਰ ਨਿਰਵਿਘਨ ਦਿੱਤੇ ਗਏ।

ਪੇਪਰਾਂ ਦੌਰਾਨ ਹੀ ਇਕ ਦਿਲਚਸਪ ਘਟਨਾ ਵਾਪਰੀ।ਇਕ ਵਾਰ ਇਕ ਪੇਪਰ ਦੌਰਾਨ ਮੇਰੇ ਕੋਲ ਇਕ ਡਿਊਟੀ ਦੇ ਰਿਹਾ ਅਧਿਕਾਰੀ ਆ ਕੇ ਕਹਿਣ ਲੱਗਾ,“ਬੇਟਾ! ਜੇ ਚਾਹ-ਪਾਣੀ ਆਦਿ ਕਿਸੇ ਵੀ ਚੀਜ਼ ਦੀ ਜ਼ਰੂਰਤ ਹੋਵੇ ਤਾਂ ਬੇਝਿਜਕ ਹੋ ਕੇ ਆਖ ਦੇਈਂ, ਪਰ ਇਕ ਗੱਲ ਯਾਦ ਰੱਖੀਂ ਕਿ ਨਕਲ ਮਾਰਨ ਦੀ ਬਿਲਕੁਲ ਇਜਾਜ਼ਤ ਨਹੀਂ ਦਿੱਤੀ ਜਾਵੇਗੀ।ਇਹ ਗੱਲ ਸੁਣਕੇ ਮੈਂ ਪੂਰੇ ਜੋਸ਼ ਨਾਲ ਕਿਹਾ,“ਸਰ! ਮੈਨੂੰ ਕਿਸੇ ਵੀ ਵਸਤੂ ਦੀ ਲੋੜ ਨਹੀਂ ਹੈ।ਜਿੱਥੋਂ ਤੱਕ ਨਕਲ ਮਾਰਨ ਦਾ ਸਵਾਲ ਹੈ ਤਾਂ ਮੇਰੇ ਪਿਤਾ ਸਟੇਟ ਐਵਾਰਡੀ ਅਧਿਆਪਕ ਸ. ਰੂਪਇੰਦਰ ਸਿੰਘ ਜੀ ਨੇ ਮੈਨੂੰ ਬਚਪਨ ਤੋਂ ਹੀ ਇਹ ਸਿੱਖਿਆ ਦਿੱਤੀ ਹੈ ਕਿ ਭਾਵੇਂ ਇੱਕੋ ਜਮਾਤ ਵਿਚ ਜਿੰਨੀ ਮਰਜ਼ੀ ਵਾਰ ਫੇਲ ਹੋ ਜਾਵੀਂ ਪ੍ਰੰਤੂ ਭੁੱਲ ਕੇ ਵੀ ਨਕਲ ਨਹੀਂ ਮਾਰਨੀ।ਸੋ ਨਕਲ ਮਾਰਨ ਦੀ ਗੱਲ ਤਾਂ ਮੈਂ ਸੁਪਨੇ ਵਿਚ ਵੀ ਨਹੀਂ ਸੋਚ ਸਕਦਾ, ਚਾਹੇ ਮੇਰਾ ਜ਼ੀਰੋ ਨੰਬਰ ਹੀ ਕਿਉਂ ਨਾ ਆ ਜਾਵੇ।” ਇਹ ਗੱਲ ਸੁਣਕੇ ਉਸ ਅਧਿਕਾਰੀ ਨੇ ਮੇਰੀ ਪਿਆਰ ਨਾਲ ਪਿੱਠ ਥਪਥਪਾਈ ਅਤੇ ਬੋਲੇ,“ਕਾਕਾ! ਮਹਾਨ ਹੈਂ ਤੂੰ ਅਤੇ ਤੇਰੇ ਮਾਤਾ-ਪਿਤਾ ਜਿਨ੍ਹਾਂ ਨੇ ਤੈਨੂੰ ਇੰਨੇ ਨੇਕ ਅਤੇ ਚੰਗੇ ਸੰਸਕਾਰ ਦਿੱਤੇ ਹਨ।ਰੱਬ ਤੇਰੀ ਹਰ ਮਨੋਕਾਮਨਾ ਪੂਰੀ ਕਰੇ ਅਤੇ ਤੈਨੂੰ ਹਮੇਸ਼ਾ ਚੜ੍ਹਦੀਕਲਾ ਵਿਚ ਰੱਖੇ।”

ਸੋ, ਪ੍ਰਭੂ ਦੀ ਕਿਰਪਾ ਨਾਲ ਦਸਵੀਂ ਦਾ ਨਤੀਜਾ ਸ਼ਾਨਦਾਰ ਰਿਹਾ ਕਿਉਂਕਿ ਮੈਂ ਬਹੁਤ ਘੱਟ ਪੜ੍ਹਨ ਦੇ ਬਾਵਜੂਦ ਵੀ 78.46 ਫੀਸਦੀ ਅੰਕ ਪ੍ਰਾਪਤ ਕਰ ਗਿਆ।ਇਨ੍ਹਾਂ ਸੰਸਕਾਰਾਂ ਤੋਂ ਹੀ ਮਿਲੇ ਹੌਂਸਲੇ ਦੇ ਪ੍ਰਭਾਵ ਸਦਕਾ ਹੀ ਮੈਂ ਹੁਣ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪੱਤਰਕਾਰੀ ਅਤੇ ਜਨਸੰਚਾਰ ਦੀ ਐਮ.ਫਿਲ. ਦੀ ਪੜ੍ਹਾਈ ਕਰਦਿਆਂ ਤੱਕ ਦ੍ਰਿੜ ਇਰਾਦੇ ਅਤੇ ਸਹੀ ਇਲਾਜ ਸਦਕਾ ਨਾ ਕੇਵਲ ‘ਬਲੱਡ ਕੈਂਸਰ’ ਜੈਸੀ ਭਿਆਨਕ ਬਿਮਾਰੀ ਨੂੰ ਮਾਤ ਦੇ ਚੁੱਕਿਆ ਹਾਂ ਬਲਕਿ +1 ਸ਼੍ਰੇਣੀ ਤੋਂ ਐਮ.ਏ. ਸ਼੍ਰੇਣੀ ਤੱਕ ਹਰੇਕ ਸ਼੍ਰੇਣੀ ਵਿਚ ‘ਪਹਿਲਾ ਸਥਾਨ ਹਾਸਲ ਕਰਨ ਦੇ ਨਾਲ-ਨਾਲ ਰਾਜ ਅਤੇ ਰਾਸ਼ਟਰੀ ਪੱਧਰ ਦੇ ਲੇਖ, ਸੁਲੇਖ, ਚਿੱਤਰਕਲਾ, ਦਸਤਾਰ ਸਜਾਉਣ, ਗੁਰਮਤਿ ਅਤੇ ਭਗਵਦਗੀਤਾ ਸਬੰਧੀ ਲੇਖ ਮੁਕਾਬਲਿਆਂ ਵਿਚ ਵੀ ਪਹਿਲੇ ਦਰਜੇ ਦੇ 50 ਤੋਂ ਵੱਧ ਇਨਾਮ ਜਿੱਤ ਚੁੱਕਾ ਹਾਂ।ਇਸ ਤੋਂ ਇਲਾਵਾ ਮੈਂ ਵੱਖ-ਵੱਖ ਉੱਚ ਕੋਟੀ ਦੇ ਪੰਜਾਬੀ ਅਖ਼ਬਾਰਾਂ ਵਿਚ ਢਾਈ ਸੌ ਤੋਂ ਵੱਧ ਪ੍ਰੇਰਕ ਰਚਨਾਵਾਂ ਲਿਖਣ ਦੇ ਨਾਲ-ਨਾਲ ਇਕ ਕਿਤਾਬ ‘ਮੁਸੀਬਤਾਂ ਤੋਂ ਨਾ ਘਬਰਾਓ’ ਵੀ ਲਿਖ ਚੁੱਕਾ ਹਾਂ।

ਸੰਪਰਕ: +91 94636 19353

Comments

JAGMOHAN SINGH

ਬਹੁਤ ਅੱਛੇ

Jagmohan Singh

ਬਹੁਤ ਅੱਛੇ

Security Code (required)



Can't read the image? click here to refresh.

Name (required)

Leave a comment... (required)





ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ