ਪਿੰਡ ਚਕਰ ਦੀਆਂ ਕਿਆ ਬਾਤਾਂ! -ਪ੍ਰਿੰ. ਬਲਕਾਰ ਸਿੰਘ ਬਾਜਵਾ
Posted on:- 15-08-2013
ਪਿੰਡ ਚਕਰ ਪੁੱਠੇ ਚੱਕਰ 'ਚੋਂ ਨਿਕਲ ਕੇ ਸਿੱਧੇ ਚੱਕਰ 'ਤੇ ਪੈ ਤੁਰਿਆ ਹੈ। ਹੁਣ ਇਹ ਮਾਡਲ ਪਿੰਡ ਬਣ ਰਿਹੈ। ਜ਼ਿਲ੍ਹਾ ਲੁਧਿਆਣਾ ਦਾ ਭਾਵੇਂ ਇਹ ਅਖ਼ੀਰਲਾ ਅਣਗੌਲਿਆ ਪਿੰਡ ਸੀ, ਪਰ ਹੁਣ ਪੰਜਾਬ ਦਾ ਚੋਟੀ ਦਾ ਪਿੰਡ ਬਣਨ ਦੇ ਮਾਰਗ 'ਤੇ ਹੈ। ਚਕਰ ਦੇ ਸੇਵਕਾਂ ਨੇ ਪਿੰਡ ਦੀ ਸਮੁੱਚੀ ਨੁਹਾਰ ਹੀ ਬਦਲ ਦਿੱਤੀ ਹੈ। ਬਰੈਂਪਟਨ ਵਿਚ ਪ੍ਰਿੰਸੀਪਲ ਸਰਵਣ ਸਿੰਘ ਦੇ ਘਰ ਬੈਠਿਆਂ ਦੋਸਤਾਂ ਦੀ ਇੱਕ ਮਹਿਫ਼ਲ 'ਚ ਇਸ ਪਿੰਡ ਦੀ ਗੱਲ ਛਿੜ ਪਈ। ਅਗਲੇ ਦਿਨ ਵੈੱਬਸਾਈਟ 'ਤੇ ਪਿੰਡ ਦੀ ਸਾਈਟ chakarindia.com ਵੇਖਣ ਲੱਗ ਪਿਆ। ਬਾਰੀ ਖੁੱਲ੍ਹਦਿਆਂ ਚਾਰਚੁਫੇਰੇ ਹਰੀਆਂ ਭਰੀਆਂ ਫਸਲਾਂ ਲਹਿਰਾਉਂਦੀਆਂ ਨਜ਼ਰੀਂ ਪਈਆਂ। ਪਿੰਡ ਦੇ ਬੱਸ ਅੱਡੇ ਤੇ ਸੱਥਾਂ 'ਤੇ ਲਿਖੀ ਸਤਰ 'ਆ ਜਾ ਮੇਰੇ ਪਿੰਡ ਦੀ ਨੁਹਾਰ ਵੇਖ ਲੈ' ਲੰਘਦੇ ਲੋਕਾਂ ਨੂੰ ਸੱਦਾ ਦਿੰਦੀ ਲੱਗੀ। ਨਾਲ ਹੀ ਮੋਹ ਮਮਤਾ ਭਰੇ ਗੀਤ 'ਮੇਰਾ ਪਿੰਡ ਲੱਗੇ ਮੈਨੂੰ ਮੇਰੀ ਮਾਂ ਵਰਗਾ' ਦਾ ਮਾਖਿਉਂ ਮਿੱਠਾ ਸੰਗੀਤ ਕੰਨੀਂ ਪੈਣ ਲੱਗਾ।
ਪਤਾ ਲੱਗਾ ਕਿ ਚਕਰ ਦੇ ਜੰਮਪਲ ਆਈ. ਐੱਨ. ਏ. ਦੇ ਸੁਤੰਤਰਤਾ ਸੰਗਰਾਮੀ ਸ. ਉਜਾਗਰ ਸਿੰਘ ਸਿੱਧੂ ਦੇ ਸਪੁੱਤਰਾਂ ਨੇ ਪਿੰਡ ਦੀ ਨੁਹਾਰ ਬਦਲਣ ਦਾ ਬੀੜਾ ਚੁੱਕਿਆ। ਇਸ ਨੇਕ ਕਾਰਜ ਲਈ ਚਕਰ ਦੇ ਦਾਨਸ਼ਵਰ ਬਜ਼ੁਰਗਾਂ ਤੇ ਉਤਸ਼ਾਹੀ ਨੌਜਵਾਨਾਂ ਨੇ ਪੂਰੇ ਸਹਿਯੋਗ ਦਾ ਹੁੰਗਾਰਾ ਭਰਿਆ। ਚਕਰ ਵੈਲਫੇਅਰ ਕਲੱਬ (ਰਜਿਸਟਰਡ) ਵਜੂਦ ਵਿਚ ਆ ਗਈ। ਸਮੁੱਚਾ ਪਿੰਡ ਇਹਨਾਂ ਦੀ ਅਗਵਾਈ ਵਿੱਚ ਨਾਲ ਹੋ ਤੁਰਿਆ। ਨੌਜਵਾਨਾਂ ਨੇ ਕਹੀਆਂ ਚੁੱਕ ਲਈਆਂ ਤੇ ਬਿਨਾਂ ਕਿਸੇ ਸਰਕਾਰੀ ਮਦਦ ਦੇ ਪਿੰਡ ਵਿਚ ਸੀਵਰੇਜ ਪਾਉਣ ਦਾ ਬੀੜਾ ਚੁੱਕ ਲਿਆ।
ਇਸ ਬਹੁਕਰੋੜੀ ਪ੍ਰਾਜੈਕਟ ਦਾ ਉਦਘਾਟਨ 8 ਫਰਵਰੀ 2011 ਨੂੰ ਵਾਤਾਵਰਣ ਪ੍ਰੇਮੀ ਸੰਤ ਬਾਬਾ ਸੀਚੇਵਾਲ ਨੇ ਪਹਿਲਾ ਟੱਕ ਲਾ ਕੇ ਕੀਤਾ। ਕਰਾ ਸੇਵਾ ਲਈ ਨਾਲ ਆਪਣੇ ਸੇਵਕ ਲਾਏ। ਪ੍ਰਾਜੈਕਟ ਦੀ ਪ੍ਰਬੰਧਕੀ ਜ਼ਿੰਮੇਵਾਰੀ ਕਲੱਬ ਦੇ ਸੇਵਾਦਾਰਾਂ ਨੇ ਆਪ ਚੁੱਕੀ। ਸਿੱਧੂ ਭਰਾਵਾਂ ਦੇ ਇਸ ਉਦਮ ਵਿੱਚ ਵਿਦੇਸ਼ ਵਸਦੇ ਚਕਰ ਨਿਵਾਸੀਆਂ ਤੇ ਹੋਰਨਾਂ ਦਾਨੀਆਂ ਨੇ ਦਿਲ ਖੋਲ੍ਹ ਕੇ ਯੋਗਦਾਨ ਪਾਇਆ। ਚਕਰ ਦੇ ਸਨੇਹ ਨੇ ਉਹਨਾਂ ਦੀਆਂ ਰੂਹਾਂ ਨੂੰ ਟੁੰਬਿਆ। ਇਕ ਗੋਰੇ ਸੱਜਣ ਕੇਵਨ ਨੇ ਤਾਂ ਕਰੋੜ ਰੁਪਏ ਦੇ ਕਰੀਬ ਦਾਨ ਦਿੱਤਾ ਤੇ ਕਿਹਾ ਕਿ ਮੈਂ ਆਪਣੇ ਆਪ ਨੂੰ ਚਕਰ ਦਾ ਨਾਗ੍ਰਿਕ ਕਹਿਣ ਵਿਚ ਮਾਣ ਮਹਿਸੂਸ ਕਰਦਾ ਹਾਂ।
ਪਿੰਡ ਦੇ ਇਸ ਵਿਕਾਸ ਪ੍ਰਾਜੈਕਟ ਵਿਚ ਪੰਜ ਕਰੋੜ ਰੁਪਏ ਤੋਂ ਵੱਧ ਪੂੰਜੀ ਤੇ ਏਦੂੰ ਵੱਧ ਪਿੰਡ ਵਾਸੀਆਂ ਦੀ ਕਾਰ ਸੇਵਾ ਲੱਗ ਚੁੱਕੀ ਹੈ। ਦਾਨੀ ਇਕ ਰੁਪਿਆ ਦੇਣ ਵਾਲੇ ਵੀ ਹਨ ਤੇ ਕਰੋੜ ਰੁਪਏ ਦੇਣ ਵਾਲੇ ਵੀ, ਕਾਰ ਸੇਵਾ ਇਕ ਘੰਟੇ ਦੀ ਵੀ ਹੈ ਤੇ ਸਾਲਾਂ ਦੀ ਵੀ, ਪਰ ਨਾਂ ਕਿਸੇ ਦਾ ਵੀ ਕਿਸੇ ਸਿੱਲ ਉਤੇ ਨਹੀਂ ਲਾਇਆ। ਯੋਗਦਾਨ ਸਭ ਦਾ ਸਾਂਝਾ ਤੇ ਬਰਾਬਰ ਸਮਝਿਆ ਜਾ ਰਿਹੈ!
ਪਿੰਡ ਦਸ ਹਜ਼ਾਰ ਦੀ ਆਬਾਦੀ ਵਾਲਾ ਹੈ ਜਿਸ ਦੇ ਚਾਰੇ ਅਗਵਾੜਾਂ ਦੀਆਂ ਨੌਂ ਸੱਥਾਂ ਨਵਿਆਈਆਂ ਗਈਆਂ ਹਨ। ਮਾਡਰਨ ਸੱਥਾਂ ਦੀ ਸੁੰਦਰਤਾ ਕਮਾਲ ਦੀ ਹੈ। ਬੈਂਚ ਡੱਠੇ ਹੋਏ, ਫੁੱਲ ਬੂਟੇ ਲੱਗੇ ਹੋਏ ਤੇ ਪਾਰਕ ਬਣੇ ਹੋਏ। ਤ੍ਰੀਮਤਾਂ ਹੀ ਨਹੀਂ ਕਦੇ ਕਦੇ ਬਜ਼ੁਰਗ ਵੀ ਝੂਲੇ ਝੂਲ ਲੈਂਦੇ ਹਨ। ਉਹ ਜ਼ਿੰਦਗੀ ਦੀ ਸ਼ਾਮ ਦਾ ਨਿਰਾਲਾ ਆਨੰਦ ਮਾਣਦੇ ਹਨ। ਉਹਨਾਂ ਦਾ ਵਿਹਲਾ ਸਮਾਂ ਸੱਥ ਵਿੱਚ ਪੁਰੇ ਵਰਗੀ ਠੰਢੀ ਹਵਾ ਦਾ ਅਨੰਦ ਮਾਣਦਿਆਂ ਲੰਘਦਾ ਹੈ। ਕੁਝ ਅਖ਼ਬਾਰਾਂ ਵਿੱਚ ਮਗਨ ਹੁੰਦੇ ਹਨ, ਕੁਝ ਤਾਸ਼ ਖੇਡਣ ਵਿਚ ਤੇ ਕੁਝ ਰੌਣਕੀ ਗੱਲਾਂ ਬਾਤਾਂ ਵਿਚ। ਮੈਂ ਖ਼ੁਦ ਪੇਂਡੂ ਰਹਿਤਲ ਵਿੱਚ ਜੰਮਿਆ ਪਲਿਆ ਹਾਂ। ਪਿੰਡਾਂ ਦੀ ਸੋਹਣੀ ਨੁਹਾਰ ਦੇ ਸੁਪਨੇ ਸੰਜੋਂਦਾ ਆ ਰਿਹਾ ਹਾਂ। ਪਿੰਡਾਂ ਦੀ ਤਰੱਕੀ ਦੀਆਂ ਦੁਆਂਵਾ ਮੰਗਣ ਦਾ ਸੁਭਾਅ ਹੀ ਬਣ ਗਿਆ ਹੋਇਆ ਹੈ। ਅਸਲ 'ਚ ਪੰਜਾਬ, ਭਾਰਤ ਵਸਦਾ ਹੀ ਪਿੰਡਾਂ ਵਿਚ ਹੈ। ਬੜੀ ਇੱਛਾ ਸੀ ਕਿ ਕਦੀ ਪਿੰਡ ਵੀ ਸ਼ਹਿਰੀ ਮਾਡਲ ਟਾਊਨਾਂ ਵਰਗੇ ਰੂਪ ਧਾਰ ਲੈਣ। ਲੈ ਬਈ, ਇਹ ਸੁਪਨਾ ਤਾਂ ਹੁਣ ਅੱਖੀਂ ਵੇਖਣ ਲਈ ਸਾਕਾਰ ਹੋ ਗਿਆ ਹੈ!
ਚਕਰ ਦੀਆਂ ਸਾਰੀਆਂ ਗਲ਼ੀਆਂ ਨਵੀਆਂ ਇੱਟਾਂ ਨਾਲ ਪੱਕੀਆਂ ਤੇ ਸੀਵਰੇਜ ਨਾਲ ਲੈਸ ਕਰ ਦਿੱਤੀਆਂ ਗਈਆਂ ਸਨ। ਹੁਣ ਘਰਾਂ ਦੇ ਵਹੀਣਾਂ ਦਾ ਪਾਣੀ ਗਲ਼ੀਆਂ 'ਚ ਚਿੱਕੜ, ਖੋਭਾ, ਬਦਬੂ ਤੇ ਮੱਛਰ ਪੈਦਾ ਨਹੀਂ ਕਰਦਾ। ਇਹ ਸਿੱਧਾ ਪਿੰਡ ਦੇ ਤਿੰਨ ਛੱਪੜਾਂ ਵਿੱਚ ਬਣੇ ਵੱਡੇ ਸੈਪਟਿਕ ਟੈਂਕਾਂ ਵਿੱਚ ਜਾ ਪੈਂਦਾ ਹੈ। ਬੈਕਟੀਰੀਆ ਮਲ਼-ਮੂਤਰ ਨੂੰ ਆਪ ਹੀ ਸਾਫ਼ ਕਰਦਾ ਰਹਿੰਦਾ ਹੈ। ਇਹਨਾਂ ਟੈਂਕਾਂ ਵਿੱਚ ਦੀ ਹੁੰਦਾ ਹੋਇਆ ਸਾਫ਼ ਸੁਥਰਾ ਪਾਣੀ ਵੱਡਆਕਾਰੀ ਤਲਾਬਾਂ ਵਿੱਚ ਇਕੱਠਾ ਹੋਈ ਜਾਂਦਾ ਹੈ। ਇਸ ਤਰ੍ਹਾਂ ਇਹ ਸੁੰਦਰ ਸਾਫ਼ ਪਾਣੀ ਦੀਆਂ ਝੀਲਾਂ ਦਾ ਰੂਪ ਧਾਰ ਲੈਂਦਾ ਹੈ। ਇਕ ਝੀਲ ਵਿਚ ਤਾਂ ਸੈਰ ਸਪਾਟੇ ਲਈ ਕਿਸ਼ਤੀ ਵੀ ਲਾਈ ਗਈ ਹੈ।
ਤਲਾਬਾਂ ਦੇ ਵਿਚਕਾਰ ਟਿੱਲਾਨੁਮਾ ਜਜ਼ੀਰੇ, ਆਸੇ-ਪਾਸੇ ਘੁੰਮਦੀਆਂ ਬੱਤਖਾਂ, ਚਹਿਕਦੇ ਪੰਛੀ ਤੇ ਵਿਚਕਾਰ ਸੋਲਰ ਲਾਈਟਾਂ ਸਭ ਕੁਝ ਕੁਦਰਤੀ ਹੈ ਜੋ ਚੰਡੀਗੜ੍ਹ ਦੀ ਸੁਖਨਾ ਲੇਕ ਵਰਗਾ ਨਜ਼ਾਰਾ ਪੇਸ਼ ਕਰਦਾ ਹੈ। ਤਲਾਬ 'ਤੇ ਕਰਲਾਸਕਰ ਦਾ ਇੰਜਣ ਲੱਗਾ ਹੈ। ਲੋੜਵੰਦ ਇਸ ਵਿੱਚ ਡੀਜ਼ਲ ਪਾ ਨਿੱਤਰੇ ਪਾਣੀ ਨੂੰ ਖੇਤੀ ਲਈ ਵਰਤਦੇ ਹਨ। ਇਸ ਦੀ ਸਿੰਜਾਈ ਨਾਲ ਫਸਲਾਂ ਦੂਣ ਸਵਾਈਆਂ ਹੋ ਤੁਰਦੀਆਂ ਹਨ। ਇਸ ਨੇ ਆਰਗੈਨਿਕ ਖੇਤੀ ਦਾ ਸ਼ਾਹਰਾਹ ਖੋਲ੍ਹ ਦਿੱਤਾ ਹੈ। ਪਿੰਡ ਵਿੱਚ ਕੋਈ ਰੂੜ੍ਹੀ ਨਹੀਂ ਦਿਸਦੀ, ਨਾ ਗੰਦਗੀ ਦੇ ਢੇਰ, ਨਾ ਚਿੱਕੜ, ਨਾ ਸ਼ੋਰ-ਸ਼ਰਾਬਾ। ਗਲ਼ੀਆਂ ਵਿੱਚ ਸ਼ੋਅਦਾਰ ਬੂਟੇ ਲੱਗ ਰਹੇ ਹਨ। ਪਿੰਡ ਦੇ ਆਲੇ ਦੁਆਲੇ ਤੇ ਸੜਕਾਂ ਉਤੇ ਦਸ ਹਜ਼ਾਰ ਰੁੱਖ ਲਾ ਦਿੱਤੇ ਗਏ ਹਨ। ਰੁੱਖਾਂ ਦੀ ਪਾਲਣਾ ਦਾ ਪੂਰਾ ਪ੍ਰਬੰਧ ਹੈ। ਕੋਈ ਰੁੱਖ-ਬੂਟਿਆਂ ਨੂੰ ਨੁਕਸਾਨ ਪੁਚਾਵੇ ਤਾਂ ਪਹਿਲਾਂ ਚੇਤਾਵਣੀ ਫਿਰ ਜੁਰਮਾਨਾ ਹੈ। ਇਹੋ ਸਜ਼ਾ ਪਿੰਡ 'ਚ ਗੰਦ ਪਾਉਣ ਵਾਲਿਆਂ ਲਈ ਹੈ।
ਪਿੰਡ ਦੇ ਲੋਕ ਇਸ ਸਾਫ਼-ਸੁਥਰੇ ਮਾਹੌਲ 'ਚ ਆਪਣੇ ਕੰਮਾਂ ਕਾਰਾਂ ਵਿੱਚ ਦੂਣ ਸਵਾਏ ਹੋ ਕੇ ਜੁੱਟੇ ਰਹਿੰਦੇ ਹਨ। ਵਾਤਾਵਰਨ ਪ੍ਰਦੂਸ਼ਨ ਰਹਿਤ ਹੋ ਗਿਆ ਹੈ। ਗਲ਼ੀਆਂ ਵਿੱਚ ਨੱਤੀਆਂ ਤੇ ਭੀੜੀਆਂ ਜ਼ੀਨਾਂ ਵਾਲੇ ਮਾਡਰਨ ਚੋਬਰ ਜਾਂ ਝੂਲਦੇ ਨਸ਼ਈ ਮੁੰਡੇ ਨਹੀਂ ਦਿਸਦੇ। ਟਰੈਕ ਸੂਟਾਂ ਵਿਚ ਸਜੇ ਦਿਸਦੇ ਹਨ। ਉਹ ਵਧੇਰੇ ਕਰ ਕੇ ਪਿੰਡ ਦੇ ਖੇਡ ਮੰਦਰ ਯਾਨੀ ਸਟੇਡੀਅਮ ਵਿੱਚ ਜੁੱਸੇ ਦੇ ਜ਼ੋਰ ਤੇ ਜੁੰਬਸ਼ ਦੇ ਜਵਾਰ ਭਾਟੇ ਨੂੰ ਕਸਰਤਾਂ ਤੇ ਖੇਡਾਂ ਵਿੱਚ ਢਾਲਦੇ ਚੰਦਨ ਬਣਾਉਣ ਵਿੱਚ ਲੱਗੇ ਹੋਏ ਹਨ। ਪਿੰਡ ਦੇ ਲੜਕੇ ਤੇ ਲੜਕੀਆਂ ਨੇ ਸੂਬਾਈ ਤੇ ਕੌਮੀ ਖੇਡ ਮੁਕਾਬਲਿਆਂ 'ਚੋਂ ਦੌ ਸੌ ਵੱਧ ਮੈਡਲ ਜਿੱਤ ਲਏ ਹਨ। ਕੁਝ ਮੁੱਕੇਬਾਜ਼ ਤਾਂ ਕੌਮਾਂਤਰੀ ਖੇਡ ਮੁਕਾਬਲਿਆਂ ਲਈ ਭਾਰਤੀ ਟੀਮਾਂ ਵਿਚ ਵੀ ਚੁਣੇ ਗਏ ਹਨ।
ਸੁਧਾਰ ਕਾਲਜ 'ਚ ਸੇਵਾ ਕਰਦਿਆਂ ਮੈਂ ਕਮਾਲਪੁਰੇ ਦੀਆਂ ਖੇਡਾਂ ਵਿੱਚ ਸ਼ਾਮਲ ਹੁੰਦਾ ਰਿਹਾ ਹਾਂ। ਸੁਣਦਾ ਹੁੰਦਾ ਸੀ ਕਿ ਚਕਰ ਇਸ ਇਲਾਕੇ ਦਾ ਮਾਰਖੋਰਾ ਪਿੰਡ ਹੈ। ਚਕਰ ਦੇ ਵੈਟਰਨ ਖਿਡਾਰੀਆਂ ਨੇ ਮਹਿਸੂਸ ਕੀਤਾ ਕਿਉਂ ਨਾ ਇਸ ਮਾਰਖੰਡੀ ਬਿਰਤੀ ਦਾ ਨੱਕਾ ਖੇਡ ਮੁਕਾਬਲਿਆਂ ਵੱਲ ਮੋੜਿਆ ਜਾਵੇ। ਏਸ਼ੀਆ ਪੱਧਰ ਦਾ ਵਾਕਰ ਡਾ. ਭਾਗ ਸਿੰਘ ਤੇ ਖੇਡ ਵਾਰਤਕ ਦਾ ਉੱਚਾ ਬੁਰਜ ਪ੍ਰਿੰ. ਸਰਵਣ ਸਿੰਘ ਚਕਰ ਦੇ ਹੀ ਜੰਮਪਲ ਹਨ। ਆਪਣੇ ਵੇਲੇ ਦਾ ਯੂਨੀਵਰਸਟੀ ਚੈਂਪੀਅਨ ਹੁਣ ਖੇਡ ਸਾਹਿਤ ਦਾ ਵੀ ਚੈਂਪੀਅਨ ਮੰਨਿਆ ਜਾਂਦੈ। ਉਸ ਦਾ ਭਤੀਜਾ ਡਾ. ਬਲਵੰਤ ਸਿੰਘ ਸ਼ੇਰ-ਏ-ਪੰਜਾਬ ਸਪੋਰਟਸ ਅਕੈਡਮੀ ਚਕਰ ਦਾ ਕੋਆਰਡੀਨੇਟਰ ਹੈ ਜਿਸ ਨੂੰ ਸਿੱਧੂ ਭਰਾ ਅਜਮੇਰ ਸਿੰਘ ਤੇ ਬਲਦੇਵ ਸਿੰਘ ਫਾਈਨਾਂਸ ਕਰ ਰਹੇ ਹਨ। ਸ. ਦੇਵਿੰਦਰ ਸਿੰਘ ਐਸ. ਪੀ., ਗੁਰਦੇਵ ਸਿੰਘ ਐਸ. ਪੀ., ਨਿਰਮਲ ਸਿੰਘ ਕਿੰਗਰਾ ਤੇ ਹੋਰ ਬਹੁਤ ਸਾਰੇ ਸੱਜਣ ਅਕੈਡਮੀ ਨੂੰ ਚੜ੍ਹਦੀ ਕਲਾ ਵਿਚ ਲਿਜਾ ਰਹੇ ਹਨ।
ਇਸ ਅਕੈਡਮੀ ਦੇ ਮੁੱਕੇਬਾਜ਼ ਏਸ਼ਿਆਈ ਚੈਂਪੀਅਨਸ਼ਿਪ ਤੇ ਹੋਰਨਾਂ ਕੌਮਾਂਤਰੀ ਮੁਕਾਬਲਿਆਂ ਵਿਚ ਭਾਰਤ ਦੀ ਨੁਮਾਇੰਦਗੀ ਕਰ ਚੁੱਕੇ ਹਨ ਤੇ ਉਹ ਦਿਨ ਦੂਰ ਨਹੀਂ ਜਦੋਂ ਓਲੰਪਿਕ ਖੇਡਾਂ ਵਿਚ ਵੀ ਜਾਣਗੇ। ਅਕੈਡਮੀ ਨੇ ਬਾਕਸਿੰਗ, ਸੌਕਰ, ਅਥਲੈਟਿਕਸ ਤੇ ਕਬੱਡੀ ਦੀ ਕੋਚਿੰਗ ਦੇਣੀ ਸ਼ੁਰੂ ਕੀਤੀ ਹੋਈ ਹੈ। ਸਿੱਧੂ ਭਰਾ ਖ਼ੁਦ ਕਬੱਡੀ ਤੇ ਸੌਕਰ ਦੇ ਤਕੜੇ ਖਿਡਾਰੀ ਰਹੇ ਹਨ। ਹਰ ਵਰਗ ਦੇ 200 ਤੋਂ ਉਪਰ ਮੁੰਡੇ ਕੁੜੀਆਂ ਸਵੇਰ ਸ਼ਾਮ ਸਟੇਡੀਅਮ 'ਚ ਪੂਰੇ ਉਤਸ਼ਾਹ ਅਤੇ ਜੋਸ਼ ਨਾਲ ਅਭਿਆਸ ਕਰਦੇ ਹਨ। ਉਹਨਾਂ ਦਾ ਵਿਹਲਾ ਸਮਾਂ ਹੁਣ ਸਾਰਥਕ ਪਾਸੇ ਲੱਗ ਰਿਹਾ ਹੈ। ਜਵਾਨੀ ਦੀਆਂ ਵਹਿਬਤਾਂ 'ਤੇ ਬੰਨ੍ਹ ਲੱਗ ਗਏ ਹਨ। ਤਾਕਤ ਤੇ ਲਿਆਕਤ ਉਸਾਰੂ ਪਾਸੇ ਮੋੜਾ ਕੱਟ ਤੁਰੀ ਹੈ। ਨੌਜੁਆਨ ਆਪਣਾ, ਆਪਣੇ ਪਿੰਡ ਦਾ ਅਤੇ ਦੇਸ਼ ਦਾ ਨਾਮ ਚਮਕਾਉਣ ਲੱਗ ਪਏ ਹਨ। ਖੇਡਾਂ ਦੇ ਬਲਬੋਤੇ ਨੌਕਰੀਆਂ ਵੀ ਚੰਗੀਆਂ ਲੈ ਜਾਣਗੇ ਤੇ ਸੋਵਾਧੂ ਖੱਟਣਗੇ। ਹਾਲੀ ਤਾਂ ਆਰੰਭ ਹੈ। ਆਉਣ ਵਾਲੇ ਸਮੇਂ 'ਚ ਇਸ ਅਕੈਡਮੀ ਦਾ ਨਾਮ ਹੋਰ ਵੀ ਚਮਕੇਗਾ ਅਤੇ ਉ¥ਚੀਆਂ ਬੁਲੰਦੀਆਂ 'ਤੇ ਪਹੁੰਚੇਗਾ।
ਅਜਮੇਰ ਸਿੱਧੂ ਦਾ ਸੰਪਰਕ ਬਰਨਾਲੇ ਵਿਚ ਡੀ. ਐੱਸ. ਪੀ. ਤਾਇਨਾਤ ਇੱਕ ਲੰਬੇ ਉੱਚੇ ਦਰਸ਼ਨੀ ਜਵਾਨ ਦਵਿੰਦਰ ਸਿੰਘ ਨਾਲ ਹੋ ਗਿਆ ਸੀ। ਉਹ ਆਪ ਕੌਮੀ ਪੱਧਰ ਦਾ ਬਾਕਸਰ ਰਹਿ ਚੁੱਕਾ ਸੀ। ਅੱਜ ਕੱਲ੍ਹ ਪਟਿਆਲੇ ਐੱਸ ਪੀ ਹੈ। ਉਸਦੇ ਨਾਲ ਪੁਲਿਸ ਦੇ ਅਫਸਰ, ਖੇਡਾਂ ਨਾਲ ਜੁੜੇ ਕੋਚ ਤੇ ਖੇਡ ਅਧਿਕਾਰੀ ਵੀ ਖੇਡਾਂ ਨੂੰ ਉਤਸ਼ਾਹਤ ਕਰਨ ਚਕਰ ਆਉਂਦੇ ਰਹਿੰਦੇ ਹਨ। ਮੁੱਕੇਬਾਜ਼ੀ ਦਾ ਮੁੱਖ ਕੌਮੀ ਕੋਚ ਗੁਰਬਖ਼ਸ਼ ਸਿੰਘ ਸੰਧੂ ਵੀ ਆਇਆ, ਨਾਲ ਜੈਪਾਲ ਸਿੰਘ, ਵਜੇਂਦਰ ਸਿੰਘ ਤੇ ਕੌਮੀ ਪੱਧਰ ਦੇ ਮੁੱਕੇਬਾਜ਼ਾਂ ਨੂੰ ਚਕਰ ਦੀ ਜ਼ਿਆਰਤ ਕਰਵਾਈ। ਉਨ੍ਹਾਂ ਦੀ ਸਰਪ੍ਰਸਤੀ ਨਾਲ ਸੇਵਕਾਂ ਦੀ ਪਿੰਡ ਤੇ ਆਲੇਦੁਆਲੇ ਦੇ ਪਿੰਡਾਂ ਵਿੱਚ ਚੰਗੀ ਪੈਂਠ ਤੇ ਠੁੱਕ ਬੱਝੀ ਹੋਈ ਹੈ ਅਤੇ ਬਾਕਸਿੰਗ ਨੂੰ ਚੰਗਾ ਉਤਸ਼ਾਹ ਮਿਲਿਆ ਹੈ। ਸੱਚਾ ਸੁੱਚਾ, ਸ਼ਾਕਾਹਾਰੀ ਪੁਲਿਸ ਅਫਸਰ ਦਵਿੰਦਰ ਸਿੰਘ ਖਿਡਾਰੀਆਂ ਨੂੰ ਚੰਗੀ ਸੇਧ ਦਿੰਦਾ, ਉ¥ਚੇ ਆਚਰਣ ਵਾਲੇ ਖਿਡਾਰੀ ਬਣਨ ਦੀ ਹਲਾਸ਼ੇਰੀ ਦੇਂਦਾ ਰਹਿੰਦੈ।
ਇਸ ਪਿੰਡ ਦੀ ਕੌਮੀ ਪੱਧਰ 'ਤੇ ਵੀ ਇਤਿਹਾਸਕ ਪਹਿਚਾਣ ਹੈ। ਪਹਿਲਾਂ ਇਹ ਪਿੰਡ ਸੁਤੰਤਰਤਾ ਸੰਗਰਾਮ ਵਿੱਚ ਯੋਗਦਾਨ ਪਾਉਣ ਤੋਂ ਪਿੱਛੇ ਨਹੀਂ ਰਿਹਾ। ਹੁਣ ਖੇਡਾਂ ਵਿੱਚ ਇਸ ਪਿੰਡ ਦੇ ਖਿਡਾਰੀਆਂ ਨੇ ਪਿੰਡ ਦਾ ਨਾਮ ਚਮਕਾ ਦਿੱਤਾ ਹੈ। ਚਕਰ ਦੇ ਇਸ ਮਾਡਲ ਪਿੰਡ ਦੀ ਸੋਹੁਣ ਦੇਸ਼ ਵਿਦੇਸ਼ ਵਿੱਚ ਗੂੰਜਾਂ ਪਾਉਣ ਲੱਗ ਪਈ ਹੈ। ਪਿੰਡ ਵਿੱਚ ਵੱਖ ਵੱਖ ਜਾਤੀਆਂ ਤੇ ਮਜ਼੍ਹਬਾਂ ਦੇ ਲੋਕ ਇੱਕਮਿਕ ਹੋ ਕੇ ਰਹਿ ਰਹੇ ਹਨ। 'ਮੈਂ' ਦੀ ਥਾਂ 'ਤੇ 'ਅਸੀਂ' ਤੇ 'ਸਾਡਾ ਪਿੰਡ' ਸ਼ਬਦ ਹੀ ਉਹਨਾਂ ਦੀ ਬੋਲਚਾਲ 'ਚੋਂ ਸੁਣਨ ਨੂੰ ਮਿਲਦਾ ਹੈ। 'ਨੇਕੀ ਨੇਕੀ ਨੂੰ ਜਨਮ ਦਿੰਦੀ ਹੈ' ਕਥਨ ਇਸ ਪਿੰਡ 'ਤੇ ਪੂਰਾ ਢੁਕਦਾ ਹੈ। ਪਿੰਡ ਦੀ ਸ਼ਾਮਲਾਟ ਹੁਣ ਕਿਸੇ ਦੀ ਦੱਬੀ ਨਹੀਂ ਰਹੀ। ਗਲ਼ੀਆਂ ਦੇ ਤੰਗ ਮੋੜਾਂ ਨੂੰ ਖੁੱਲ੍ਹਾ ਕਰਨ ਦੀ ਲੋੜ ਸੀ। ਸੇਵਕਾਂ ਦੀ ਬੇਨਤੀ 'ਤੇ ਨਾਲ ਲੱਗਦੇ ਘਰਾਂ ਨੇ ਆਪਣੇ ਆਪ ਕੰਧਾਂ ਨੂੰ ਪਿੱਛੇ ਹਟਾ ਲਿਆ। ਹੈ ਨਾ ਬਾਬੇ ਨਾਨਕ ਵਾਲਾ ਸਤਿ ਯੁਗੀ ਮਾਹੌਲ! ਸਿੱਧੂ ਭਰਾ ਪਿੰਡ ਦਾ ਮਾਣ ਸਮਝੇ ਜਾਂਦੇ ਹਨ ਤੇ ਜੋ ਉਹ ਕਹਿੰਦੇ ਹਨ ਭਾਈਚਾਰਾ ਉਨ੍ਹਾਂ ਦੇ ਕਹੇ ਉਤੇ ਫੁੱਲ ਚੜ੍ਹਾਉਂਦਾ ਹੈ। ਉਹ ਸਿਆਸਤ ਵਿਚ ਹਿੱਸਾ ਨਹੀਂ ਲੈਂਦੇ ਪਰ ਪੰਚਾਇਤ ਚੋਣਾਂ ਵਿਚ ਲੋਕਾਂ ਨੇ ਵੋਟਾਂ ਉਨ੍ਹਾਂ ਨੂੰ ਹੀ ਪਾਈਆਂ ਜੋ ਪਿੰਡ ਦੇ ਵਿਕਾਸ ਨਾਲ ਵਚਨਬੱਧ ਹਨ ਨਾ ਕਿ ਕਿਸੇ ਸਿਆਸੀ ਪਾਰਟੀ ਨਾਲ।
ਪਿੰਡ ਦੇ ਦੂਰਅੰਦੇਸ਼ ਸੇਵਕਾਂ ਨੇ ਸ਼ਲਾਘਾਯੋਗ ਫੈਸਲਾ ਲਿਆ ਹੋਇਐ ਕਿ 'ਬੂਬਨੇ ਸਾਧਾਂ, ਸਿਆਸਤੀ ਤਿਕੜਮਬਾਜ਼ਾਂ ਤੇ ਭਾੜੇ ਦੀ ਸਰਕਾਰ' ਦੇ ਪਿੱਠੂ ਨਹੀਂ ਬਣਨਾ। ਸਰਕਾਰੀ ਗਰਾਂਟਾਂ ਪਿੱਛੇ ਪਿੰਡ ਦੀ ਜ਼ਮੀਰ ਨੂੰ ਨਹੀਂ ਵੇਚਣਾ। ਸਰਕਾਰ ਨੂੰ ਖ਼ੁਦ ਚਾਹੀਦੈ ਕਿ ਲੋਕਾਂ ਦੇ ਟੈਕਸ ਨਾਲ ਭਰਦੇ ਸਰਕਾਰੀ ਖ਼ਜ਼ਾਨੇ ਵਿਚੋਂ ਪਿੰਡ ਦਾ ਜੋ ਹਿੱਸਾ ਬਣਦੈ ਉਹ ਜ਼ਰੂਰ ਦੇਵੇ। ਪਿੰਡ ਦੀ ਫਿਰਨੀ ਪੱਕੀ ਕਰਨ 'ਚ ਅਜੇ ਸਰਕਾਰ ਦਾ ਇਮਤਿਹਾਨ ਹੋਣੈ। ਉਹ ਇਸ ਲਈ ਛੱਡੀ ਹੈ ਪਈ ਜਿਥੇ ਪਿੰਡ ਨੇ ਆਪਣੇ ਕੋਲੋਂ ਪੰਜ ਕਰੋੜ ਦੀ ਪੂੰਜੀ ਤੇ ਪੰਜ ਕਰੋੜ ਦੀ ਕਾਰ ਸੇਵਾ ਕੀਤੀ ਹੈ ਉਥੇ ਵਿਕਾਸ ਦੀਆਂ ਟਾਹਰਾਂ ਮਾਰਨ ਸਰਕਾਰ ਵੀ ਕੁਝ ਕਰ ਲਵੇ! ਚੰਗਾ ਹੋਵੇ ਜੇ ਕਦੇ ਬਾਦਲ ਸਾਹਿਬ ਖ਼ੁਦ ਇਸ ਪਿੰਡ ਨੂੰ ਦੇਖਣ ਆਉਣ ਤੇ ਪ੍ਰਧਾਨ ਮੰਤਰੀ ਅਥਵਾ ਰਾਸ਼ਟਰਪਤੀ ਨੂੰ ਵੀ ਦਿਖਾਉਣ। ਦਿਖਾਉਣ ਕਿ ਪੰਜਾਬ ਵਿਚ ਇਹੋ ਜਿਹੇ ਵੀ ਪਿੰਡ ਹਨ ਜਿਥੇ ਲੋਕ ਬਿਨਾਂ ਕਿਸੇ ਸਰਕਾਰੀ ਮਦਦ ਦੇ ਉ¥ਠ ਖੜੋਂਦੇ ਹਨ!
ਦਿਖਾਵੇ ਦੇ ਸਾਧਾਂ ਨੂੰ ਦੂਰ ਰੱਖ ਕੇ ਚਕਰੀਆਂ ਨੇ ਆਪਣੇ ਹੱਥੀਂ ਆਪਣੇ ਕਾਜ ਆਪ ਸਵਾਰੀਏ 'ਤੇ ਅਮਲ ਕਰਨ ਨਾਲ ਅੰਧਵਿਸ਼ਵਾਸ ਤੋਂ ਦੂਰ ਰਹਿਣ ਦਾ ਰਾਹ ਚੁਣਿਆ ਹੈ। ਸਿਆਸਤ ਤੋਂ ਲਾਂਭੇ ਰਹਿ ਕੇ ਪਿੰਡ ਦੀ ਇੱਕਜੁੱਟਤਾ ਤੇ ਇੱਕਮੁੱਠਤਾ ਸਥਾਪਤ ਕੀਤੀ ਹੈ। ਇਸ ਨਮੂਨੇ ਦੇ ਪਿੰਡ ਨੇ ਇਸ ਵਾਰ ਦੀ ਪੰਚਾਇਤ ਚੋਣ ਵਿੱਚ ਵੀ ਨਵੀਆਂ ਪੈੜਾਂ ਪਾਈਆਂ ਹਨ। ਸਿਆਸੀ ਤਿਕੜਮਬਾਜ਼ੀ ਨੂੰ ਤਿਲਾਂਜਲੀ ਦੇ ਕੇ ਭਾਰੀ ਬਹੁਸੰਮਤੀ ਨਾਲ ਉਨ੍ਹਾਂ ਨੂੰ ਚੁਣਿਆ ਹੈ ਜੋ ਵੈਲਫੇਅਰ ਕਲੱਬ ਨਾਲ ਵਚਨਬੱਧ ਹਨ। ਪਿੰਡ ਵਾਸੀਆਂ ਨੇ ਭਰੱਪਣ ਨਾਲ ਚੋਣ ਕਰਕੇ ਨਿਆਰਾ ਮੀਲ ਪੱਥਰ ਗੱਡਿਆ ਹੈ।
ਪਿੰਡ ਵਿਚ ਇਕੋ ਗੁਰਦਵਾਰਾ ਹੈ ਜਿਸ ਲਈ ਅਕਾਲ ਤਖਤ ਦੇ ਜਥੇਦਾਰ ਨੇ ਪਿੰਡ ਨੂੰ ਸਨਮਾਨਿਆ ਹੈ। ਗੁਰਦਵਾਰਾ ਕਮੇਟੀ ਨੇ ਭਾਰੀ ਬਹੁਮੱਤ ਨਾਲ ਚੁਣੀ ਪੰਚਾਇਤ ਦਾ ਸਨਮਾਨ ਕੀਤਾ ਹੈ। ਪੰਚਾਇਤ ਨੇ ਇਸ ਮੌਕੇ ਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ ਭਰੋਸਾ ਦਿੱਤਾ ਹੈ ਕਿ ਉਹ ਨਿੱਜੀ ਝਗੜਿਆਂ 'ਚ ਉਲਝਣ ਦੀ ਥਾਂ ਇਸ ਪਿੰਡ ਦੀ ਪ੍ਰਗਤੀ ਨੂੰ ਹੋਰ ਅੱਗੇ ਲਿਜਾਣਗੇ। ਸਮੁੱਚੇ ਪਿੰਡ ਦੇ ਸਹਿਯੋਗ ਨਾਲ ਉਸਾਰੂ ਕਾਰਜ ਵਧ ਚੜ੍ਹ ਕੇ ਕੀਤੇ ਜਾਣਗੇ। ਪਿੰਡ ਦੀ ਪੰਚਾਇਤ ਨੂੰ ਚਕਰ ਦੇ ਕੈਨੇਡਾ, ਯੂ ਐ¥ਸ ਏ ਤੇ ਇੰਗਲੈਂਡ ਵਸਦੇ ਐੱਨ ਆਰ ਆਈਜ਼ ਨੇ ਵਧਾਈ ਸੰਦੇਸ਼ ਭੇਜੇ ਹਨ ਅਤੇ ਵਿਸ਼ਵਾਸ ਦਿਵਾਇਆ ਹੈ ਕਿ ਉਹ ਪਹਿਲਾਂ ਨਾਲੋਂ ਵੀ ਵਧ ਚੜ੍ਹ ਕੇ ਸਹਿਯੋਗ ਦੇਣਗੇ। ਵਿਦੇਸ਼ਾਂ ਵਿੱਚ ਵਸਦੇ ਪਿੰਡਵਾਸੀ ਚਕਰ ਦੀਆਂ ਪੂਰੇ ਆਲਮ ਵਿੱਚ ਧੁੰਮਾਂ ਪੈਂਦੀਆਂ ਵੇਖਣੀਆਂ ਚਾਹੁੰਦੇ ਹਨ। ਪਿੰਡ ਪਹਿਲਾਂ ਹੀ ਆਪਣੀ ਬਦਲ ਰਹੀ ਨੁਹਾਰ ਦੇ ਸੁਨੇਹੇਂ ਇੰਟਰਨੈੱਟ 'ਤੇ ਦੇ ਰਿਹਾ ਹੈ। ਇਹ ਪੰਚਾਇਤ ਉਸੇ ਕਾਰਜ ਨੂੰ ਹੋਰ ਅੱਗੇ ਲਿਜਾਵੇਗੀ।
ਮੈਨੂੰ ਲੱਗਦੈ ਇਹ ਪਿੰਡ ਇੱਕ ਹੋਰ ਮਾਅਰਕਾ ਮਾਰਨ ਦੇ ਕੰਢੇ ਪਹੁੰਚ ਚੁੱਕਾ ਹੈ। ਪੀੜ੍ਹੀ ਦਰ ਪੀੜ੍ਹੀ ਮਾਲਕੀਆਂ ਦੇ ਵੰਡੇ ਜਾਣ ਨਾਲ ਘਰ ਵੀ ਛੋਟੇ ਹੋਈ ਜਾ ਰਹੇ ਹਨ ਅਤੇ ਜ਼ਮੀਨੀ ਰਕਬੇ ਵੀ ਸੁੰਗੜੀ ਜਾ ਰਹੇ ਹਨ। ਸਹਿਕਾਰਤਾ ਦੇ ਪ੍ਰਬੰਧ ਹੇਠ ਨੌਜਵਾਨ ਟ੍ਰੈਕਟਰ, ਕੰਬਾਈਨਾਂ, ਥਰੈਸ਼ਰ, ਸਟੋਰ ਤੇ ਆੜ੍ਹਤ ਆਦਿ ਦੇ ਪ੍ਰਬੰਧ ਸਾਂਝੇ ਕਰਨ। ਸਾਂਝੀ ਕਮੇਟੀ ਇਹਨਾਂ ਦੀ ਵਰਤੋਂ ਦੇ ਰੇਟ ਨਿਸ਼ਚਤ ਕਰੇ। ਅੱਜ ਕੱਲ੍ਹ ਬਹੁਤੇ ਪਰਿਵਾਰ ਦੋ ਤਿੰਨ ਮੱਝਾਂ, ਗਾਵਾਂ ਦੇ ਦੁੱਧ ਆਸਰੇ ਗੁਜ਼ਾਰੇ ਚਲਾਉਂਦੇ ਹਨ। ਘਰ ਦੀ ਤੰਗ ਥਾਂ ਤੇ ਪਸ਼ੂਆਂ ਦੀ ਸਾਂਭ ਸੰਭਾਲ ਚੰਗੀ ਨਹੀਂ ਹੋ ਸਕਦੀ। ਪਿੰਡ 'ਚ ਸਾਂਝੇ ਵੱਡੇ ਸ਼ੈ¥ਡ ਹੋਣ। ਪਾਣੀ ਦਾ ਨਿਕਾਸ ਤਾਂ ਸਹੀ ਹੋ ਹੀ ਗਿਆ ਹੈ। ਵੱਡੇ ਗੋਬਰ ਗੈਸ ਪਲਾਂਟ ਲੱਗਣ। ਬਿਜਲੀ ਗੋਬਰ ਗੈਸ ਤੇ ਸੋਲਰ ਸਿਸਟਮ ਤੋਂ ਪੈਦਾ ਹੋਵੇ। ਕਿਸਾਨ ਹਰ ਤਰ੍ਹਾਂ ਦਾ ਚਾਰਾ ਤੇ ਫਲ ਸਬਜ਼ੀਆਂ ਖ਼ੁਦ ਪੈਦਾ ਕਰਨ ਤੇ ਪਿੰਡ ਵਿੱਚ ਵੇਚਣ। ਬਾਹਰਲੀਆਂ ਵਸਤਾਂ ਘੱਟ ਤੋਂ ਘੱਟ ਖਰੀਦੀਆਂ ਜਾਣ। ਪਿੰਡ ਵਿੱਚ ਹੋਰ ਰੁਜ਼ਗਾਰ ਪੈਦਾ ਹੋਣ। ਸੋਚੋ ਬਾਈ! ਇਹ ਵੀ ਸੋਚਣ ਵਾਲੀ ਗੱਲ ਹੈ।
ਵੈੱਬਸਾਈਟ 'ਤੇ ਸਾਂਝੀਵਾਲਤਾ ਦਾ ਘਰ ਗੁਰਦੁਆਰਾ ਹੋਰ ਵੀ ਨਿਖਰਿਆ ਤੇ ਸੋਹਣਾ ਲੱਗਦਾ ਹੈ। ਥਾਂ ਥਾਂ ਉਕਰਿਆ ਪੈਗ਼ਾਮ 'ਵੱਡੇ ਇਰਾਦੇ ਵੱਡੇ ਵਿਸ਼ਵਾਸ ਸਿਰਜਦੇ ਹਨ' ਮਾਨਸਿਕ ਮਜ਼ਬੂਤੀ ਪ੍ਰਦਾਨ ਕਰਦਾ ਹੈ। ਪੂਰਾ ਪਿੰਡ ਸੰਗਤ, ਪੰਗਤ ਦਾ ਇੱਕੋ ਬਾਟਾ ਸਿੱਧ ਹੋ ਰਿਹਾ ਹੈ। ਬਾਹਰੋਂ ਆਏ ਮਹਿਮਾਨਾਂ ਦਾ ਸਵਾਗਤ ਚਾਹ ਪਾਣੀ ਛਕਾਉਣ ਨਾਲ ਸਾਂਝੀ ਜਗ੍ਹਾ ਕੀਤਾ ਜਾਂਦਾ ਹੈ ਨਿੱਜੀ ਘਰਾਂ ਦੇ ਡਰਾਇੰਗ ਰੂਮਾਂ ਵਿੱਚ ਨਹੀਂ। ਪਿੰਡ 'ਹਿੰਮਤੇ ਮਰਦ ਮਰਦੇ ਖੁਦਾ’ ਦਾ ਨਾਹਰਾ ਬੁਲੰਦ ਕਰਦਾ ਹੋਇਆ ਅਮਲੀ ਮਿਸਾਲ ਪੇਸ਼ ਕਰ ਰਿਹਾ ਹੈ। ਰੱਬ ਕਰੇ, ਇਹਦੀ ਚੜ੍ਹਦੀ ਕਲਾ ਨੂੰ ਕਿਸੇ ਦੋਜ਼ਕੀ ਦੀ ਨਜ਼ਰ ਨਾ ਲੱਗੇ!
ਜਿਹੜਾ ਵੀ ਚਕਰ ਦਾ ਚੱਕਰ ਲਾਉਂਦਾ ਹੈ ਉਹ ਇਹੋ ਸੋਚਣ ਲੱਗ ਪੈਂਦਾ ਹੈ 'ਅਸੀਂ ਕਿਉਂ ਨਹੀਂ ਸੋਚਦੇ ਏਦਾਂ ਕਰਨ ਦੀ?'
ਸੰਪਰਕ: 647-402-2170