Thu, 21 November 2024
Your Visitor Number :-   7252453
SuhisaverSuhisaver Suhisaver

ਸ਼ਹੀਦ ਊਧਮ ਸਿੰਘ ਦੀ ਕੁਰਬਾਨੀ, ਬਰਤਾਨਵੀਂ ਸਾਮਰਾਜੀਏ ਤੇ ਭਾਰਤੀ ਹਾਕਮ -ਮਨਦੀਪ

Posted on:- 31-07-2013

suhisaver

ਊਧਮ ਸਿੰਘ ਦੀ ਅਦੁੱਤੀ ਕੁਰਬਾਨੀ, ਮਜ਼ਬੂਤ ਜੀਵਨ ਚਰਿੱਤਰ ਤੇ ਦ੍ਰਿੜ ਵਿਚਾਰ ਸਮੁੱਚੇ ਤੌਰ ’ਤੇ ਉਸ ਨੂੰ ਸ਼ਹੀਦ ਸੂਰਵੀਰ ਨੌਜਵਾਨਾਂ ਦੀ ਕਤਾਰ ਵਿੱਚ ਖੜਾ ਕਰਦੇ ਹਨ।ਖੂੰਖਾਰ ਦਿਓ ਕੱਦ ਬਰਤਾਨਵੀਂ ਸਾਮਰਾਜੀ ਸਲਤਨਤ ਨੂੰ ਵੰਗਾਰਨ ਵਾਲਾ ਊਧਮ ਸਿੰਘ ਆਪਣੀ ਜ਼ਿੰਦਗੀ ਦੇ ਸ਼ੁਰੂਆਤੀ ਵਰ੍ਹਿਆਂ ਤੋਂ ਕਠਿਨ ਜੀਵਨ ਘਾਲਣਾਵਾਂ ਤੇ ਬਦਲ ਰਹੀਆਂ ਪ੍ਰਸਥਿਤੀਆਂ ਦੇ ਦੌਰ ਚੋਂ ਹੋ ਕੇ ਗੁਜ਼ਰਿਆ।ਸੁਨਾਮ ਦੇ ਇਕ ਗਰੀਬ ਪਰਿਵਾਰ ਵਿਚ 26 ਦਸੰਬਰ, 1899 ਨੂੰ ਉਸਦਾ ਜਨਮ ਹੁੰਦਾ ਹੈ।



ਦੋ ਸਾਲਾਂ ਦੀ ਉਮਰ ਵਿਚ ਊਧਮ ਦੇ ਸਿਰ ਤੋਂ ਮਾਂ ਦਾ ਸਾਇਆ ਉੱਠ ਜਾਂਦਾ ਹੈ।ਗਰੀਬ ਬਾਪ ਕੰਮ ਦੀ ਤਲਾਸ਼ ‘ਚ ਦੋਵਾਂ ਪੁੱਤਰਾਂ (ਸਾਧੂ ਸਿੰਘ ਤੇ ਊਧਮ ਸਿੰਘ) ਨੂੰ ਲੈ ਕੇ ਅੰਮ੍ਰਿਤਸਰ ਪਹੁੰਚ ਜਾਂਦਾ ਹੈ।ਇੱਥੇ ਉਹਨਾਂ ਬਾਲਾਂ ਦੇ ਪਿਤਾ ਦੀ ਮੌਤ ਹੋ ਜਾਂਦੀ ਹੈ।ਕੁਝ ਸਮਾਂ ਟੱਪਰੀਵਾਸਾਂ ਕੋਲ ਕੱਟਦਿਆਂ ਦੋਹਾਂ ਭਰਾਵਾਂ ਨੂੰ ਖਾਲਸਾ ਯਤੀਮਖਾਨਾ ਪੁਤਲੀਘਰ ਪਹੁੰਚਾ ਦਿੱਤਾ ਗਿਆ।ਇਥੇ ਵੱਡੇ ਭਰਾ ਦਾ ਨਮੂਨੀਏ ਕਾਰਨ ਦੇਹਾਂਤ ਹੋ ਜਾਂਦਾ ਹੈ। ਅਜਿਹੇ ਇਕੱਲੇਪਣ ਵਿਚ ਊਧਮ ਸਿੰਘ ਨੇ ਯਤੀਮਖਾਨੇ ਵਿੱਚ ਹੀ ਦਸਵੀਂ ਪਾਸ ਕੀਤੀ ਤੇ ਇੱਥੇ ਹੀ ਤਰਖਾਣਾਂ, ਲੁਹਾਰਾ ਤੇ ਪੇਟਿੰਗ ਦਾ ਕੰਮ ਸਿਖਿਆ।

ਊਧਮ ਸਿੰਘ ਜਿਸ ਮਹੌਲ ਅੰਦਰ ਪੈਦਾ ਹੋਇਆ ਤੇ ਵੱਡਾ ਹੋ ਰਿਹਾ ਸੀ, ਉਹ ਦੌਰ ਵੱਡੀਆਂ ਸੰਸਾਰਵਿਆਪੀ ਸਮਾਜਕ ਉਥਲਾਂ-ਪੁਥਲਾਂ ਦਾ ਦੌਰ ਸੀ।1857 ਦੇ ਗ਼ਦਰ ਤੋਂ ਬਾਅਦ ਮੁਲਕ ਅੰਦਰ ਪੱਗੜੀ ਸੰਭਾਲ ਜੱਟਾ ਲਹਿਰ, ਕੂਕਾ ਲਹਿਰ, ਗ਼ਦਰ ਲਹਿਰ, ਪਹਿਲੇ ਵਿਸ਼ਵ ਯੁੱਧ ਦੀ ਉਥਾਨ, ਮਦਨ ਲਾਲ ਢੀਂਗਰਾ ਦੀ ਕੁਰਬਾਨੀ ਤੇ ਹੋਰ ਵੱਖ-ਵੱਖ ਖਿੱਤਿਆਂ ਅੰਦਰ ਵੱਖ-ਵੱਖ ਰੁਝਾਨ ਉਤਪੰਨ ਹੋ ਰਹੇ ਸਨ।ਊਧਮ ਸਿੰਘ ਜਦੋਂ ਜਵਾਨੀ ‘ਚ ਪੈਰ ਧਰਦਾ ਹੈ ਤਦ ਭਾਰਤ ਦੀ ਧਰਤੀ ਤੇ ਗ਼ਦਰ ਦੀਆਂ ਗੂੰਜਾਂ ਪੈ ਰਹੀਆਂ ਸਨ।

ਢੀਂਗਰਾ ਤੇ ਸਰਾਭਾ ਵਰਗੇ ਸੂਰਵੀਰ ਨੌਜਵਾਨ ਫਾਂਸੀਆਂ ਦੇ ਰੱਸੇ ਚੁੰਮ ਗਏ ਸਨ। ਕ੍ਰਾਂਤੀ ਦੀਆਂ ਬੇਰੋਕ ਘਟਨਾਵਾਂ ਦੇ ਇਸੇ ਸਮੇਂ ਦੌਰਾਨ 13 ਅਪ੍ਰੈਲ, 1919 ਨੂੰ  ਜਾਬਰ ਅੰਗਰੇਜ਼ੀ ਕਾਲੇ ਕਾਨੂੰਨ ਰੌਲਟ ਐਕਟ ਖਿਲਾਫ਼ ਵਿਦਰੋਹ ਦੀ ਲਹਿਰ ਜਲਿਆਂਵਾਲੇ ਬਾਗ ਵਿਖੇ ਲਾਮਬੰਦ ਹੋਈ।ਸ਼ਾਂਤਮਈ ਰੋਸ ਰੈਲੀ ਕਰ ਰਹੇ ਨਿਰਦੋਸ਼ ਲੋਕਾਂ ਉੱਪਰ ਜਨਰਲ ਡਾਇਰ ਨੇ ਅੰਧਾਧੁੰਦ ਗੋਲੀਬਾਰੀ ਕਰਕੇ ਉਹਨਾਂ ਨੂੰ ਮੌਤ ਦੀ ਨੀਂਦ ਸੁਲਾ ਦਿੱਤਾ।ਇਸ ਖੂਨੀ ਕਾਂਢ ਨੂੰ ਊਧਮ ਸਿੰਘ ਨੇ ਅੱਖੀਂ ਵੇਖਿਆ।

ਊਧਮ ਸਿੰਘ ਅੰਗਰੇਜ਼ੀ ਰਾਜ ਦੇ ਝੋਲੀਚੁੱਕਾਂ ਦੇ ਕਿਰਦਾਰ ਤੋਂ ਭਲੀਭਾਂਤ ਜਾਣੂ ਸੀ।ਇਹਨਾਂ ਝੋਲੀਚੁੱਕਾਂ ਨੇ ਨਿਰਦੋਸ਼ ਲੋਕਾਂ ਦੀ ਮੌਤ ਦੇ ਗੁੱਸੇ ਵਿਚ ਅੰਗਰੇਜ਼ ਸਰਕਾਰ ਖਿਲਾਫ ਰੋਸ ਤਾਂ ਕੀ ਪ੍ਰਗਟ ਕਰਨਾ ਸੀ ਉਲਟਾ ਅਕਾਲ  ਤਖ਼ਤ ਦੇ ਜੱਥੇਦਾਰ ਅਰੂੜ ਸਿੰਘ (ਜੋ ਅਜੋਕੇ ਅਕਾਲੀ ਆਗੂ ਸਿਮਰਜੀਤ ਸਿੰਘ ਮਾਨ ਦਾ ਨਾਨਾ ਸੀ) ਦੁਆਰਾ ਜਲਿਆਂਵਾਲੇ ਬਾਗ ਦੇ ਖੂਨੀ ਹਤਿਆਰੇ ਜਨਰਲ ਡਾਇਰ ਨੂੰ ਸਰੋਪਾ ਭੇਂਟ ਕਰਨ ਦੀ ਕਾਲੀ ਕਰਤੂਤ ਕੀਤੀ ਗਈ।ਊਧਮ ਸਿੰਘ ਨੇ ਜਲਿਆਂਵਾਲੇ ਖੂਨੀ ਸਾਕੇ ਦੀ ਜ਼ਿੰਮੇਵਾਰ ਅੰਗਰੇਜ਼ ਸਰਕਾਰ ਤੇ ਉਸਦੇ ਪੁਰਜੇ ਜਨਰਲ ਡਾਇਰ ਤੋਂ ਬਦਲਾ ਲੈਣ ਦੀ ਠਾਣ ਲਈ, ਸਿਰਫ ਬਦਲਾ ਲੈਣ ਦੀ ਹੀ ਨਹੀਂ ਬਲਕਿ ਊਧਮ ਸਿੰਘ ਲੁੱਟ-ਜਬਰ ਤੇ ਟਿਕੇ ਸਾਮਰਾਜੀ ਪ੍ਰਬੰਧ ਨੂੰ ਜੜੋਂ ਖਤਮ ਕਰਕੇ ਲੁੱਟ, ਜਬਰ ਤੇ ਵਿਤਕਰਿਆਂ ਤੋਂ ਮੁਕਤ ਨਵਾਂ ਸਮਾਜ ਸਿਰਜਣ ਦਾ ਟੀਚਾ ਰੱਖਦਾ ਸੀ।

ਉਸਦੀ ਸਿਆਸੀ ਸੂਝਬੂਝ ਲਗਾਤਾਰ ਵਿਕਸਤ ਹੋ ਰਹੀ ਸੀ।ਇਸਦਾ ਇਕ ਪ੍ਰਮਾਣ ਇਹ ਹੈ ਕਿ 1923 ਵਿਚ 1857 ਦੇ ਗ਼ਦਰ ਦੀ ਯਾਦ ਨੂੰ ਤਾਜ਼ਾ ਕਰਨ ਸਮੇਂ ਊਧਮ ਸਿੰਘ ਨੇ ਕਿਹਾ ਕਿ “ਹਿੰਦੋਸਤਾਨ ਦੀ ਅਜ਼ਾਦੀ ਦੀ ਜੰਗ ਦੇ ਉਹਨਾਂ ਬਹਾਦਰ ਸ਼ਹੀਦਾਂ ਨੂੰ ਮੈਂ ਸ਼ਰਧਾਂਜਲੀ ਭੇਂਟ ਕਰਦਾ ਹਾਂ ਜਿਹਨਾਂ ਨੇ ਆਪਣਾ ਖੂਨ ਦੇ ਕੇ ਅਜ਼ਾਦੀ ਦੇ ਝੰਡੇ ਨੂੰ ਉਚਿਆਂ ਕੀਤਾ ਹੈ।ਉਹਨਾਂ ਦੇ ਅਜ਼ਾਦ ਅਦਰਸ਼ ਨੂੰ ਅਪਣਾਉਂਦੇ ਹੋਏ ਅਸੀਂ ਜਕੂਮਤ ਦੇ ਹਰ ਵਾਰ ਤੇ ਕਹਿਰ ਨੂੰ  ਸੀਨਿਆਂ ਤੇ ਝੱਲਾਂਗੇ।ਅੰਗਰੇਜ਼ ਸਾਮਰਾਜ ਨਾਲ ਸਾਡਾ ਸਮਝੌਤਾ ਅਸੰਭਵ ਹੈ।ਉਸ ਵਿਰੁਧ ਸਾਡੀ ਜੰਗ ਦਾ ਉਸ ਵੇਲੇ ਅੰਤ ਹੋਵੇਗਾ ਜਦ ਸਾਡੀ ਜਿੱਤ ਦਾ ਕੌਮੀ ਝੰਡਾ ਭਾਰਤ ਵਿਚ ਬ੍ਰਿਟਿਸ਼ ਸਾਮਰਾਜ ਦੀ ਕਬਰ ਤੇ ਝੁਲੇਗਾ।„ ਲਹੌਰ ਵਿਚ ਉਸਦਾ ਸੰਪਰਕ ਭਗਤ ਸਿੰਘ ਹੋਰਾਂ ਨਾਲ ਹੋਇਆ।ਉਹ ਨੌਜਵਾਨ ਭਾਰਤ ਸਭਾ ਦੇ ਸਮਾਗਮਾਂ ਵਿਚ ਸ਼ਾਮਲ ਹੁੰਦਾ ਰਿਹਾ।ਊਧਮ ਸਿੰਘ ਦੇ ਮਨ ਅੰਦਰ ਅੰਗਰੇਜ਼ ਸਰਕਾਰ ਖਿਲਾਫ ਨਫਰਤ ਮਹਿਜ ਨਫਰਤ ਨਾ ਰਹਿ ਕੇ ਵਿਚਾਰਧਾਰਕ ਸੋਝੀ ਦਾ ਅਕਾਰ ਗ੍ਰਹਿਣ ਕਰ ਰਹੀ ਸੀ।1925 ਵਿਚ ਨੌਭਾਸ ਦੀ ਕਾਨਫਰੰਸ ਸਮੇਂ ਊਧਮ ਸਿੰਘ ਦੁਆਰਾ ਪ੍ਰਗਟ ਕੀਤੇ ਵਿਚਾਰ ਉਸਦੀ ਆਪਣੇ ਅਕੀਦੇ ਪ੍ਰਤੀ ਸਪੱਸ਼ਟਤਾ ਨੂੰ ਜ਼ਾਹਰ ਕਰਦੇ ਹਨ।ਉਸਨੇ ਕਿਹਾ, ਅਜ਼ਾਦੀ ਦੀ ਬੁਨਿਆਦ ਇਨਕਲਾਬ ਹੈ।ਗੁਲਾਮੀ ਦੇ ਵਿਰੁੱਧ ਇਨਕਲਾਬ, ਮਨੁੱਖ ਦਾ ਧਰਮ ਹੈ।ਇਹ ਮਨੁੱਖ ਦੀ ਮਨੁੱਖਤਾ ਦਾ ਆਦਰਸ਼ ਹੈ।ਜਿਹੜੀ ਕੌਮ ਅਧੀਨਗੀ ਕਬੂਲ ਕਰਕੇ ਸਿਰ ਨਿਵਾ ਦਿੰਦੀ ਹੈ ਉਹ ਮੌਤ ਨੂੰ ਪ੍ਰਵਾਨ ਕਰਦੀ ਹੈ ਕਿਉਂਕਿ ਅਜ਼ਾਦੀ ਜੀਵਨ ਤੇ ਗੁਲਾਮੀ ਮੌਤ ਹੈ।ਅਜ਼ਾਦੀ ਸਾਡਾ ਜਮਾਂਦਰੂ ਹੱਕ ਹੈ।ਅਸੀਂ ਇਸਨੂੰ ਪ੍ਰਾਪਤ ਕਰਕੇ ਹੀ ਰਹਾਂਗੇ।ਅਸੀਂ ਇਨਕਲਾਬ ਦੇ ਦਰ ਤੇ ਆਪਣੀ ਜਵਾਨੀ ਦੀਆਂ ਬਹਾਰਾਂ ਵਾਰਨ ਲਈ ਤਤਪਰ ਹੋ ਗਏ ਹਾਂ ਇਸ ਮਹਾਨ ਆਸਰਸ਼ ਦੀ ਭੇਂਟ ਆਪਣੀ ਜਵਾਨੀ ਤੋਂ ਘੱਟ ਹੋਰ ਹੋ ਵੀ ਕੀ ਸਕਦਾ ਹੈ।”

ਆਪਣੇ ਮਿਸ਼ਨ ਲਈ ਉਹ ਏਸ਼ੀਆ, ਅਫਰੀਕਾ, ਅਮਰੀਕਾ ਤੇ ਯੂਰਪ ਵੀ ਗਿਆ।ਉਦੋਂ ਤੱਕ ਉਸਦੇ ਗ਼ਦਰੀ ਇਨਕਲਾਬੀਆਂ ਨਾਲ ਵੀ ਸੰਪਰਕ ਸਥਾਪਿਤ ਹੋ ਚੁੱਕੇ ਸਨ।1927 ਵਿਚ ਉਹ ਵਾਪਸ ਭਾਰਤ ਪਰਤ ਆਇਆ।ਇੱਥੇ ਅੰਮ੍ਰਿਤਸਰ ਵਿਖੇ ਹੋਈ ਗ੍ਰਿਫਤਾਰੀ ਸਮੇਂ ਉਸ ਕੋਲੋਂ ਗ਼ਦਰੀ ਸਾਹਿਤ ਤੇ ਹਥਿਆਰ ਵੀ ਬਰਾਮਦ ਹੋਏ।ਦੂਸਰੀ ਦਫਾ ਹੋਈ ਗ੍ਰਿਫਤਾਰੀ ਸਮੇ ਉਸਨੇ ਬਿਆਨ ਦਿੱਤਾ ਕਿ “ਉਹ ਅਮਰੀਕਾ ਤੋਂ ਆਇਆ ਹੈ ਤੇ ਉਸਦਾ ਉਦੇਸ਼ ਭਾਰਤ ਨੂੰ ਅੰਗਰੇਜ਼ਾਂ ਤੋਂ ਅਜ਼ਾਦ ਕਰਵਾਉਣਾ ਹੈ।” ਉਸਤੇ ਮੁਕੱਦਮਾ ਚੱਲਿਆ ਤੇ ਪੰਜ ਸਾਲ ਦੀ ਸਜਾ ਹੋਈ।ਇਥੇ ਜੇਲ੍ਹ ਵਿਚ ਉਸਦੀ ਮੁਲਾਕਾਤ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨਾਲ ਹੋਈ।ਇਹਨਾਂ ਦੀ ਫਾਂਸੀ ਸਮੇਂ ਊਧਮ ਸਿੰਘ ਜੇਲ੍ਹ ਵਿਚ ਹੀ ਸੀ।ਜੇਲ੍ਹ ਤੋਂ ਰਿਹਾਈ ਬਾਅਦ ਊਧਮ ਸਿੰਘ ਨੇ ਅਮ੍ਰਿਤਸਰ ਵਿਖੇ ‘ਰਾਮ ਮੁਹੰਮਦ ਸਿੰਘ ਅਜ਼ਾਦ' ਦੇ ਨਾਮ ਹੇਠ ਚਿੱਤਰਕਾਰੀ ਦੀ ਦੁਕਾਨ ਖੋਲ ਲਈ।ਇਹ ਸਮਾ ਅੰਗਰੇਜ਼ੀ ਰਾਜ ਦੀ ਲੁੱਟ-ਜਬਰ ਦੀ ਇੰਤਹਾ ਦਾ ਸਮਾ ਸੀ।

1934 ਨੂੰ ਊਧਮ ਸਿੰਘ ਲੰਡਨ ਚਲਾ ਜਾਂਦਾ ਹੈ ਜਿਥੇ ਉਹ 13 ਮਾਰਚ 1940 ਨੂੰ  ਈਸਟ ਇੰਡੀਆ ਐਸੋਸੀਏਸ਼ਨ ਤੇ ਰਾਇਲ ਏਸ਼ੀਅਨ ਸੁਸਾਇਟੀ ਵੱਲੋਂ ਸਾਂਝੇ ਤੌਰ ਤੇ ਕੈਕਸਟਨ ਹਾਲ ਵਿਚ ਰੱਖੀ ਇਕ ਸਭਾ ਵਿਚ ਪਹੁੰਚਣ ‘ਚ ਸਫ਼ਲ ਹੋ ਜਾਂਦਾ ਹੈ।ਸਭਾ ਅੰਦਰ ਮਾਇਕਲ ਉਡਵਾਇਰ ਭਾਰਤ ਅੰਦਰ ਅੰਗਰੇਜ਼ੀ ਰਾਜ ਦਾ ਗੁਣਗਾਣ ਕਰਦਾ ਕਹਿੰਦਾ ਹੈ ਕਿ “ਪੰਜਾਬ ਨਾਲੋਂ ਖਰਵਾ ਤੇ ਕਰੜਾ ਉਸ ਦੇਸ਼ ਵਿਚ ਹੋਰ ਕੋਈ ਨਹੀਂ।ਉਹਨਾਂ ਨੂੰ ਮੈਂ ਕਿਸ ਤਰ੍ਹਾਂ ਦਰੁਸਤ ਕੀਤਾ, ਕਿਵੇਂ ਚਣੇ ਚਬਾਏ, ਇਕ ਵਾਰ ਬਣਾਇਆ ਜਲਿਆਂਵਾਲਾ ਬਾਗ ਮੁੜਕੇ ਬਣਾਉਣ ਦੀ ਲੋੜ ਨਹੀਂ ਪਈ।”

ਊਧਮ ਸਿੰਘ ਨੇ ਜਨਰਲ ਡਾਇਰ ਨੂੰ ਗੋਲੀਆਂ ਮਾਰ ਕੇ ਢੇਰ ਕਰ ਦਿੱਤਾ ਤੇ ਬਿਆਨ ਦਿੱਤਾ ਕਿ “ਮੈਂ ਇਹ ਸਭ ਕੁਝ ਸੋਚ ਸਮਝ ਕੇ ਕੀਤਾ ਹੈ।ਉਡਵਾਇਰ ਇਸੇ ਤਰ੍ਹਾਂ ਦੀ ਮੌਤ ਦਾ ਹੱਕਦਾਰ ਸੀ ਇਹ ਅਣਗਿਣਤ ਬੇਦੋਸ਼ੇ ਲੋਕਾਂ ਅਤੇ ਦੇਸ਼-ਭਗਤ ਇਨਕਲਾਬੀਆਂ ਦੇ ਖੂਨ ਨਾਲ ਹੱਥ ਰੰਗਣ ਦਾ ਦੋਸ਼ੀ ਹੈ।” ਇਸ ਇਤਿਹਾਸਕ ਘਟਨਾ ਦੀ ਪਹਿਲੀ ਖਬਰ ਬੀ ਬੀ ਸੀ ਤੋਂ ਪ੍ਰਸਾਰਿਤ ਹੋਈ ਤੇ ਦੂਸਰੇ ਦਿਨ ਦੁਨੀਆਂ ਭਰ ਦੀਆਂ ਅਖਬਾਰਾਂ ਵਿਚ ਊਧਮ ਸਿੰਘ ਦੀ ਫ਼ੋਟੋ ਸਮੇਤ ਖਬਰ ਚਾਰੇ ਪਾਸੇ ਫੈਲ ਗਈ।ਡੇਲੀ ਮਿਰਰ ਨੇ ਲਿਖਿਆ “ਵੀਹ ਸਾਲ ਪਿੱਛੋਂ ਬਦਲਾ੩ਭਾਰਤੀ ਅੰਮ੍ਰਿਤਸਰ ਨੂੰ ਕਦੇ ਭੁਲਾ ਨਹੀਂ ਸਕੇ, ਸਰ  ਮਾਇਕਲ ਉਡਵਾਇਰ ਨੂੰ ਇਕ ਵਿਸ਼ੇਸ ਪ੍ਰਕਾਰ ਦੀ ਘ੍ਰਿਣਾ ਦੀ ਦ੍ਰਿਸ਼ਟੀ ਨਾਲ ਵੇਖਿਆ ਜਾਂਦਾ ਸੀ ਕਿਉਂਕਿ ਉਸਨੇ ਜਨਰਲ ਡਾਇਰ ਦੇ ਗੋਲੀ ਚਲਾਉਣ ਦੇ ਹੁਕਮ ਨੂੰ ਸਹੀ ਤੇ ਜਾਇਜ਼ ਕਰਾਰ ਦਿੱਤਾ ਸੀ।„ ਭਾਰਤ ਅੰਦਰ ਟ੍ਰਿਬਿਊਨ ਨੇ ਲਿਖਿਆ ਕਿ,  ਊਧਮ ਸਿੰਘ ਦੀ ਕਾਰਵਾਈ ਬੀਰਤਾ ਭਰੀ ਹੈ।„ ਦੂਜੇ ਪਾਸੇ ਗਾਂਧੀ ਨੇ ਆਪਣੇ ਅਖ਼ਬਾਰ ਹਰੀਜਨ„ ‘ਚ ਆਪਣੀ ਅੰਗਰੇਜ਼ਭਗਤੀ ਦਿਖਾਉਂਦਿਆਂ ਲਿਖਿਆ ਕਿ ਸਾਡੇ ਸਰ ਮਾਇਕਲ ਉਡਵਾਇਰ ਨਾਲ ਮੱਤਭੇਦ ਸਨ, ਪਰ ਇਹ ਸਾਨੂੰ ਉਹਦੇ ਕਤਲ ਤੇ ਅਫ਼ਸੋਸ ਕਰਨ ਤੋਂ ਰੋਕ ਨਹੀਂ ਸਕਦੇ੩ਮੁਰਜ਼ਮ (ਊਧਮ ਸਿੰਘ) ਆਪਣੀ ਬਹਾਦਰੀ ਦੇ ਖਿਆਲਾਂ ਨਾਲ ਨਸ਼ਿਆਇਆ ਹੋਇਆ ਹੈ।” ਗਾਂਧੀ ਨੇ ਕਾਂਗਰਸ ਦੇ ਰਾਮਗੜ੍ਹ ਵਾਲੇ ਇਜਲਾਸ ਵਿਚ ਕਿਹਾ ਕਿ ਸਰ ਮਾਇਕਲ ਉਡਵਾਇਰ ਦੀ ਮੌਤ, ਲਾਰਡ ਜੈਟਲੈਂਡ, ਲਾਰਡ ਲਾਸਿੰਗਟਨ ਅਤੇ ਸਰ ਲੂਈ ਡੇਨ ਦੇ ਜਖ਼ਮੀ ਹੋਣ ਨਾਲ ਮੈਂਨੂੰ ਡੂੰਘਾ ਦੁੱਖ ਹੋਇਆ ਹੈ।ਮੈਂ ਮ੍ਰਿਤਕ ਦੇ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕਦਰਾ ਹਾਂ ਤੇ ਜਖ਼ਮੀ ਛੇਤੀ ਤੰਦਰੁਸਤ ਹੋ ਜਾਣਗੇ।ਮੈਂ ਇਸ ਕਾਰਨਾਮੇ ਨੂੰ ਪਾਗਲਪਣ ਸਮਝਦਾ ਹਾਂ” ਪੰਡਿਤ ਜਵਾਹਰ ਲਾਲ ਨਹਿਰੂ ਨੇ ਆਪਣੇ ਅਖ਼ਬਾਰ ‘ਨੈਸ਼ਨਲ ਹੈਰਾਲਡ' ਵਿਚ ਲਿਖਿਆ ਕਿ ਕਤਲ ਤੇ ਅਫ਼ਸੋਸ ਹੈ।

 ਅੰਗਰੇਜ਼ ਸਰਕਾਰ ਦੇ ਪਿੱਠੂ ਕਾਂਗਰਸੀ ਗਾਂਧੀ-ਨਹਿਰੂ ਜੁੰਡਲੀ ਦੇ ਹਿਰਦੇ ਜਿਥੇ ਡਾਇਰ ਦੀ ਮੌਤ ਨਾਲ ਵਲੂੰਦਰੇ ਗਏ ਸਨ ਉਥੇ ਉਹਨਾਂ ਨੂੰ ਇਹਨਾਂ ਇਨਕਲਾਬੀ ਸੂਰਵੀਰਾਂ ਦੇ ਅਕੀਦੇ ਦੀ ਲੋਕਪ੍ਰਿਆਤਾ ਤੇ ਭਾਰਤੀ ਜਨਤਾ ਦੁਆਰਾ ਉਹਨਾਂ ਦੇ ਵਿਚਾਰਧਾਰਕ ਰਾਹ ਨੂੰ ਅਪਣਾਉਣ ਪ੍ਰਤੀ ਜ਼ਿਅਦਾ ਫਿਕਰਮੰਦੀ ਸੀ।

31 ਜੁਲਾਈ 1940 ਨੂੰ ਉਸ ਬਹਾਦਰ ਨੌਜਵਾਨ ਇਨਕਲਾਬੀ ਸੂਰਮੇ ਨੂੰ ਫਾਂਸੀ ਦੇ ਦਿੱਤੀ ਗਈ।ਸ਼ਹੀਦ ਊਧਮ ਸਿੰਘ ਦੀ ਕੁਰਬਾਨੀ ਆਪਣੇ ਮੁਲਕ ਦੇ ਦੱਬੇ-ਲਤਾੜੇ ਲੋਕਾਂ ਦੀ ਜਾਬਰ-ਲੁਟੇਰੀ ਵਿਵਸਥਾ ਤੋਂ ਮੁਕਤੀ ਲਈ ਦਿੱਤੀ ਗਈ ਕੁਰਬਾਨੀ ਅਦੁੱਤੀ ਹੈ, ਜੋ ਅੱਜ ਵੀ ਦੇਸ਼ ਦੇ ਕਿਰਤੀ ਕਮਾਊ ਲੋਕਾਂ ਤੇ ਉਹਨਾਂ ਦੇ ਨੌਜਵਾਨ ਧੀਆਂ-ਪੁੱਤਰਾਂ ਨੂੰ ਦੁਨੀਆਂ ਦੇ ਕਿਸੇ ਵੀ ਕੋਨੇ ਵਿਚ ਵਾਪਰਦੇ ਹਰ ਤਰ੍ਹਾਂ ਦੇ ਲੁੱਟ-ਜਬਰ ਖਿਲਾਫ ਉੱਠ ਖੜੇ ਹੋਣ ਲਈ ਪ੍ਰੇਰਦੀ ਹੈ ਤੇ ਪ੍ਰੇਰਦੀ ਰਹੇਗੀ।ਅੱਜ ਨਵੀਆਂ ਬਦਲੀਆਂ ਹਾਲਤਾਂ ਵਿਚ ਊਧਮ ਸਿੰਘ ਦੇ ਵਾਰਸ ਮਿਹਨਤੀ ਲੋਕਾਂ ਤੇ ਖਾਸਕਰ ਨੌਜਵਾਨਾਂ ਨੂੰ ਊਧਮ ਸਿੰਘ ਦੇ ਇਹਨਾਂ ਬੋਲਾਂ ਦੇ ਤੱਤ ਨੂੰ ਆਪਣੇ ਮਨਾਂ ਅੰਦਰ ਆਤਮਸਾਤ ਕਰਨਾ  ਚਾਹੀਦਾ ਹੈ, ਇਨਕਲਾਬ ਦੇ ਅਰਥ ਹਨ ਵਿਦੇਸ਼ੀ (ਅੱਜ ਦੇਸ਼ੀ ਵਿਦੇਸ਼ੀ ਦੋਵਾਂ) ਖੂਨੀ ਜਬਾੜਿਆਂ ਤੋਂ ਛੁਟਕਾਰਾ।ਲੁੱਟ-ਖਸੁੱਟ ਦੇ ਉਸ ਨਿਜ਼ਾਮ ਦਾ ਅੰਤ ਜੋ ਅਮੀਰ ਨੂੰ ਹੋਰ ਅਮੀਰ ਬਣਾਉਣ ਤੇ ਗਰੀਬ ਨੂੰ ਕੰਗਾਲੀ ਦੇ ਪੁੜਾਂ ‘ਚ ਪੀਸੇ ਜਾਣ ਲਈ ਮਜ਼ਬੂਰ ਕਰਦਾ ਹੈ।ਸਾਮਰਾਜੀ ਨਿਜ਼ਾਮ ਕਾਰਨ ਲਖੂਖਾਂ ਕਿਰਤੀ, ਹਿੰਦੋਸਤਾਨੀ ਕੁੱਲੀ, ਗੁੱਲੀ, ਜੁੱਲੀ ਵਿਦਿਆ ਅਤੇ ਇਲਾਜ ਤੱਕ ਦੀਆਂ ਬੁਨਿਆਦੀ ਲੋੜਾਂ ਤੇ ਮੁਹਤਾਜ ਹਨ।ਕਿਹੜਾ ਐਸਾ ਪੱਥਰ ਦਿਲ ਮਨੁੱਖ ਹੈ ਕਿਰਤੀਆਂ ਕਿਸਾਨਾਂ ਦੀ ਬੇਵਸੀ ਤੇ ਲਾਚਾਰੀ ਨੂੰ ਵੇਖ ਕੇ ਜਿਸ ਦਾ ਖੂਨ ਉ¥ਬਲ ਨਹੀਂ ਪੈਂਦਾ।ਕਹਿਰ ਹੈ ਯਾਰੋ! ਜਿਹੜਾ ਆਪਣੀ ਜ਼ਿੰਦਗੀ ਅਤੇ ਖੂਨ ਨਾਲ ਸਰਮਾਏਦਾਰੀ ਦੇ ਮਹੱਲ ਉਸਾਰਦਾ ਹੈ ਉਹ ਆਪ ਰਾਤ ਨੂੰ ਢਿੱਡੋਂ ਖਾਲੀ ਤੇ ਕੇਵਲ ਅਕਾਸ਼ ਦੀ ਛੱਤ ਥੱਲੇ ਸੌਂਵੇ, ਅਜਿਹੇ ਨਿਜ਼ਾਮ ਨੂੰ ਸਾੜ ਕੇ ਸੁਆਹ ਕਿਉਂ ਨਹੀਂ ਕਰ ਦਿੱਤਾ ਜਾਂਦਾ ? ਹੁਣ ਦਾ ਇਨਕਲਾਬ, ਇਨਕਲਾਬ ਦੇ ਵਹਿਣ ਤੇ ਖੜਾ ਹੈ।ਅਸੀਂ ਕਰੋੜਾਂ ਲੋਕੀਂ ਜਿਹੜੇ ਵਿਦੇਸ਼ੀ ਗੁਲਾਮੀ ਦੀ ਅੱਗ ‘ਚ ਧੁੱਖ ਰਹੇ ਹਾਂ ਜੇਕਰ ਆਪਣੀ ਕਿਸਮਤ ਦੇ ਆਪ ਕਰਿੰਦੇ ਬਣ ਜਾਈਏ ਤਾਂ ਇਸਦਾ ਸਿੱਟਾ ਇਨਕਲਾਬ ਹੋਵੇਗਾ ਅਤੇ ਇਹੋ ਇਨਕਲਾਬ ਸਾਡੀ ਅਜ਼ਾਦੀ ਦੀ ਜ਼ਾਮਨੀ ਹੈ।
ਅੱਜ ਦੇ ਸਮੇਂ ਵਿਚ ਊਧਮ ਸਿੰਘ ਦੀ ਕੁਰਬਾਨੀ ਨੂੰ ਯਾਦ ਕਰਨ ਦਾ ਅਰਥ ਉਸਦੇ ਅਕੀਦੇ ਨੂੰ ਹੋਰ ਵੱਧ ਵਿਕਸਤ ਕਰਨਾ ਤੇ ਅੱਗੇ ਲਿਜਾਣਾ ਹੈ।

                                                          ਸੰਪਰਕ:  98764 42052

Comments

Security Code (required)



Can't read the image? click here to refresh.

Name (required)

Leave a comment... (required)





ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ