Thu, 21 November 2024
Your Visitor Number :-   7255671
SuhisaverSuhisaver Suhisaver

ਸੱਚੀ ਗੱਲ ਹੈ ਯਾਰੋ ! –ਸੁਰਿੰਦਰ ਸਿੰਘ

Posted on:- 03-07-2013

suhisaver

ਅੱਜ ਮਨੁੱਖੀ ਅਧਿਕਾਰਾਂ ਲਈ, ਆਪਣੇ ਜਵਾਨ ਅਤੇ ਬੇਕਸੂਰ ਪੁੱਤਰਾਂ ਨੂੰ ਝੂਠੇ ਮੁਕਾਬਲਿਆਂ ‘ਚ ਮਰਨ ਦੇ ਬਾਅਦ ਉਨ੍ਹਾਂ ਦੀਆਂ ਲਾਸ਼ਾਂ ਨੂੰ ਲਾਂਬੂ ਨਾ ਲਾ ਸਕਣ ਵਾਲਿਆਂ ਲਈ ਅਤੇ ਮੇਰੇ ਲਈ ਕਾਫ਼ੀ ਅਹਿਮ ਦਿਨ ਸੀ। ...ਕਾਰਨ ਹੈ ਕਿ ਅੱਜ ਮੈਂ 'ਜਾਗੋ ਪੰਜਾਬ' ਸ਼ੋਅ ‘ਚ ਸਬ ‌ਇੰਸਪੈਕਟਰ ਸੁਰਜੀਤ ਨਾਲ ਗੱਲਬਾਤ ਕੀਤੀ।

ਜਦੋਂ ਸੁਰਜੀਤ ਸਿੰਘ ‌ਇਹ ਗੱਲ ਖੁਲ੍ਹੇ ਤੌਰ ‘ਤੇ ਕਬੂਲ ਕਰ ਰਿਹਾ ਸੀ ਕਿ ਉਸ ਨੇ ਕਈ ਫ਼ਰਜ਼ੀ ਮੁਕਾਬਲਿਆਂ ਨੂੰ ਵੀ ਅੰਜਾਮ ਦਿੱਤਾ ਹੈ ਅਤੇ ‌ਇਨ੍ਹਾਂ ‘ਚ ਕਈ ਬੇਦੋਸ਼ੇ ਵੀ ਮਾਰੇ ਗਏ ਸਨ, ਤਾਂ ‌ਇਹ ਗੱਲ ਆਪਣੇ ਆਪ ‘ਚ ਮਨੁੱਖੀ ਅਧਿਕਾਰਾਂ ਦੇ ਕਾਨੂੰਨ ਅਤੇ ਉਸ ਦੇ ਮੁਦੱਈਆਂ ਦੇ ਮੂੰਹ ਸੇਕਣ ਵਾਂਗ ਸੀ। ਮੂੰਹ ਸਿਕਿਆ ਜਾਂ ਨਹੀਂ, ‌ਇਹ ਗੱਲ ਬਿਲਕੁਲ ਵੱਖਰੀ ਕਿਸਮ ਦੀ ਹੈ। 2 ਦਿਨਾਂ ਤੱਕ ‌ਇੱਕ ਬਾਵਰਦੀ ਸਰਕਾਰੀ ਨੌਕਰੀ ਕਰ ਰਿਹਾ ਵਿਅਕਤੀ ਗਲਾ ਫ਼ਾੜ ਫ਼ਾੜ ਕੇ ਕਹਿ ਰਿਹਾ ਹੈ ਕਿ ਉਸ ਨੇ ਸੀਨੀਅਰ ਪੁਲਿਸ ਅਧਿਕਾਰੀ ਪਰਮਜੀਤ ਸਿੰਘ ਗਿੱਲ ਦੇ ਕਹਿਣ ‘ਤੇ ਫ਼ਰਜ਼ੀ ਮੁਕਾਬਲਿਆਂ ਨੂੰ ਅੰਜਾਮ ਦਿਤਾ ਹੈ ਤਾਂ ਦੋਸਤੋ ‌ਇਹ ਗੱਲ ਸੁਭਾਵਕ ਮੂੰਹੋਂ ਨਿਕਲ ਜਾਂਦੀ ਹੈ, "ਉਹ ਕਿਹੜੀ ਅਦਾਲਤ! ...ਜਿਸ ‘ਚ ਬੰਦੇ ਬਿਰਖ ਹੋ ਗਏ?" ਅਦਾਲਤਾਂ ਸੁਰਜੀਤ ਸਿੰਘ ਦੇ ਬਿਆਨ ਬਾਰੇ ਚੁੱਪ ਹਨ।



ਦੂਜੀ ਗੱਲ। ਸਟੀਵਨ ਸਪੀਲਬਰਗ ਦੀ ਫ਼ਿਲਮ 'ਸ਼ਿੰਡਲਰਜ਼ ਲਿਸਟ' ‘ਚ ਹਿਟਲਰ ਦੀ ਹਕੂਮਤ ਦੇ ਸਮੇਂ ਦੀਆਂ ਕੁਝ ਘਟਨਾਵਾਂ ਨੂੰ ਦਰਸਾ‌ਇਆ ਗਿਆ ਹੈ। ਜਿਸ ਨੇ ‌ਇਹ ਫ਼ਿਲਮ ਨਹੀਂ ਦੇਖੀ, ਉਸ ਨੂੰ ਦੇਖ ਲੈਣੀ ਚਾਹੀਦੀ ਹੈ। ਫਿਰ ਬਾਅਦ ‘ਚ ਸੁਰਜੀਤ ਸਿੰਘ ਦਾ ਬਿਆਨ ਸੁਣਨਾ ਚਾਹੀਦਾ ਹੈ। ਆਪ ਮੁਹਾਰੇ 'ਗਿੱਲਜ਼ ਲਿਸਟ', 'ਸੁਰਜੀਤਜ਼ ਲਿਸਟ', 'ਜਾਂ **** ਲਿਸਟ' ਆਦਿ। ਜਿਹੜੇ ਮਾਪਿਆਂ ਨੇ ਜਵਾਨ ਮੁੰਡਿਆਂ ਨੂੰ ਘੋੜੀ ਚੜ੍ਹਾਉਣ ਲਈ ਦਹੀ ਨਾਲ ਨਵਾ੍ਹਉਣ ਦੀਆਂ ਸੋਚਾਂ ਨੂੰ ਹਾਲੇ ਅੰਤਮ ਰੂਪ ਦੇਣਾ ਸੀ ਊਨ੍ਹਾਂ ਨੂੰ ਉਹ ਲਾਂਬੂ ਵੀ ਨਹੀਂ ਲਾ ਸਕੇ। ਜਦੋਂ ਮੈਂ ਡੇਅ ਐਂਡ ਨਾਈਟ ਵਾਸਤੇ ਲਾਵਾਰਸ ਲਾਸ਼ਾਂ ‘ਤੇ ਆਧਾਰਤ ‌ਇੱਕ ਡਾਕੂਮੈਂਟਰੀ 'ਪੁਲਿਸ ਦਾ ਕਹਿਰ' ਬਣਾ ਰਿਹਾ ਸੀ ਤਾਂ ਉਸ ‘ਚ ਅੰਮ੍ਰਿਤਸਰ ਜ਼ਿਲ੍ਹੇ ਦੀ ‌ਇੱਕ ਬਦਕਿਸਮਤ ਧੀਅ/ਪਤਨੀ/ਮਾਂ ਨੇ ਦੱਸਿਆ, "ਮੈਂ ਉਹ ਔਰਤ ਹਾਂ ਜਿਸ ਨੂੰ ਤਿੰਨਾਂ ਪੱਪਿਆਂ ਦੇ ਵਿਛੋੜੇ ਦਾ ਸੰਤਾਪ ਹੰਢਾਉਣਾ ਪੈ ਰਿਹਾ ਹੈ।

ਮੇਰਾ ਪਿਤਾ ਦੇਸ਼ ਨੂੰ ਆਜ਼ਾਦ ਕਰਾਉਣ  ਲਈ ਜੇਲ੍ਹਾਂ ਕੱਟਣ ਦੇ ਨਾਲ ਗੋਰੀ ਸਰਕਾਰ ਦੇ ਤਸੀਹੇ ਝੱਲ ਚੁੱਕਾ ਸੀ, ਮੇਰਾ ਪਤੀ ਹਾਈ ਸਕੂਲ ‘ਚ ਹੈੱਡ ਮਾਸਟਰ ਸੀ। ਦੋਵਾਂ ਨੂੰ ਪੁਲਿਸ ਮੇਰੀਆਂ ਅੱਖਾਂ ਸਾਂਹਵੇਂ ‌ਇਹ ਕਹਿ ਕੇ ਲੈ ਗਈ ਕਿ ਹੁਣੇ ਵਾਪਸ ਘੱਲ ਦਿੰਦੇ ਹਾਂ, ਡਿਪਟੀ ਸਾਬ੍ਹ ਨੇ ਕੋਈ ਗੱਲ ਕਰਨੀ ਏ। ਮੈਂ ਪੁਲਿਸ ਦੀਆਂ ਬਹੁਤ ਮਿੰਨਤਾਂ ਕੀਤੀਆਂ ਕਿ ਮੇਰੇ ਪਿਤਾ ਨੂੰ ਗੱਠੀਆ ਹੋ‌ਇਆ ਹੈ ਊਹ ‌ਇਥੇ ਦੇਸੀ ਦਵਾਈ ਲੈਣ ਲਈ ਆਏ ਹੋਏ ਹਨ। ਪਰ ਊਨ੍ਹਾਂ ਨੇ ਮਿੱਠਿਆਂ ਹੋ ਕੇ ਜਵਾਬ ਦਿਤਾ ਕਿ ਉਹਨਾਂ ਦੇ ਵੀ ਤਾਂ ਉਹ ਕੁਝ ਲੱਗਦੇ ਨੇ, ਉਹ ਆਪ ਹੀ ਦਵਾਈ ਬੂਟੀ ਦਾ ਖਿਆਲ ਰੱਖਣਗੇ। ਅਤੇ ਕੁਝ ਦੇਰ ‘ਚ ਉਨ੍ਹਾਂ ਨੂੰ ਵਾਪਸ ਭੇਜ ਤਾਂ ਦੇਣਾ ਹੀ ਏ। ਪਰ ਊਨ੍ਹਾਂ ਨੂੰ ਵਾਪਸ ਨਹੀਂ ਘੱਲਿਆ। ਮੈਂ ਕਈ ਦਿਨਾਂ ਤੱਕ ਥਾਣੇ ਜਾ ਕੇ ਉਨ੍ਹਾਂ ਨੂੰ ਰੋਟੀ ਖੁਆਉਂਦੀ ਰਹੀ। ‌ਇੱਕ ਦਿਨ ਫੇਰ ਜਦੋਂ ਰੋਟੀ ਖੁਆਉਣ ਗਈ ਤਾਂ ਅੱਗੋਂ ‌ਇੱਕ ਥਾਣੇਦਾਰ ਨੇ ਕਿਹਾ ਕਿ ਬਜ਼ੂਰਗਾਂ ਨੇ ਤੇ ਸਰਦਾਰ ਜੀ ਨੂੰ ਤਾਂ ਛੱਡ ਦਿਤਾ ਗਿਆ ਏ। ਮੇਰੇ ਦਿਲ ਨੂੰ ਧੁੜਕੂ ਜਿਹਾ ਲੱਗਾ।

ਮੈਂ ‌ਇਹ ਸੋਚਕੇ ਕਿ ਛੇਤੀ ਨਾਲ ਵਾਪਸ ਮੁੜੀ ਕਿ ਘਰ ਜਾ ਕੇ ਉਨ੍ਹਾਂ ਦਾ ਹਾਲ ਚਾਲ ਪੁੱਛਾਂ। ‌ਇਸ ਖਿਆਲ ‘ਚ ਮੇਰੀ ਚੁੰਨੀ ਹੇਠਾਂ ਲਟਕ ਗਈ। ‌ਇਸ ਤੋਂ ‌ਇੱਕ ਹੋਮ ਗਾਰਡ ਦੇ ਮੁੰਡੇ ਨੇ ਆ ਕੇ ਮੈਨੂੰ ਟੋਕਿਆ ਅਤੇ ਮੇਰਾ ਚੁੰਨੀ ਵੱਲ ਧਿਆਨ ਦੁਆ‌ਇਆ। ਮੈਂ ਉਸਨੂੰ ਪਛਾਣ ਕੇ ਪੁੱਛਿਆ (ਉਹ ਮੇਰੇ ਹੱਥੋਂ ਡੱਬਾ ਫੜ ਕੇ ਪਿਤਾ ਜੀ ਅਤੇ ਮਾਸਟਰ ਜੀ ਨੂੰ ਰੋਟੀ ਖੁਆ ਕੇ ਖਾਲੀ ਡੱਬਾ ਮੋੜ ਦਿੰਦਾ ਸੀ।) ਕਿ ਸੱਚਮੁੱਚ ਉਨ੍ਹਾਂ ਨੂੰ ਛੱਡ ਦਿਤਾ ਹੈ। ਮੈਂਨੂੰ ਥਾਣੇਦਾਰ ਦੀ ਕਹੀ ‘ਤੇ ਯਕੀਨ ਨਹੀਂ ਆ ਰਿਹਾ ਸੀ। ਉਹ ਕਹਿਣ ਲੱਗਾ ਕਿ ‌ਇੱਕ ਪੁਲਿਸ ਪਾਰਟੀ ਆਈ ਸੀ ਅਤੇ ਪਿਤਾ ਜੀ ਅਤੇ ਮਾਸਟਰ ਜੀ ਨੂੰ ਦੂਰੋਂ ਹੀ ਹਵਾਲਾਤ ‘ਚ ਬੈਠਿਆਂ ਨੂੰ ਕਹਿਣ ਲੱਗੇ ਕਿ ਅੱਜ ਤੁਹਾਨੂੰ ਆਜ਼ਾਦ ਕਰ ਦੇਣਾਂ ਏ। ਹੁਣ ਤੁਹਾਨੂੰ ਰੋਜ਼ ਰੋਜ਼ ਤੰਗ ਨਹੀਂ ਕਰਿਟਆ ਕਰਾਂਗੇ। ...ਚਲੋ ਤੁਹਾਨੂੰ ਘਰ ਛੱਡ ਕੇ ਆਵੀਏ। ‌ਇਸ ‘ਤੇ ਦੋਵਾਂ ਨੇ ਆਪਣੀਆਂ ਪੱਗਾਂ ਸਵਾਰੀਆਂ ਅਤੇ ਮੁੱਛਾਂ ਦਾਹੜੀ ‘ਤੇ ਹੱਥ ਫੇਰਿਆ ਅਤੇ ‌ਇੱਕ ਦੂਜੇ ਵੱਲ ਦੇਖ ਕੇ ਦੋਵੇਂ ਖੁਸ਼ ਹੋ ਗਏ।

‌ਹਵਾਲਾਤ ‘ਚੋਂ ਬਾਹਰ ਕੱਢਦਿਆਂ ਦੋਵ੍ਹਾਂ ਨੇ ਊਸ ਪੁਲਿਸ ਪਾਰਟੀ ਨੂੰ ਜਿਊਂਦੇ ਵੱਸਦੇ ਰਹਿਣ ਦੀਆਂ ਅਸੀਸਾਂ ਵੀ ਦਿਤੀਆਂ। ਫੇਰ ਉਹ ਦੋਵਾਂ ਨੂੰ ਜਿਪਸੀ ‘ਚ ਬਿਠਾ ਕੇ ਲੈ ਗਏ। ...ਕੀ ਗੱਲ ਪਹੁੰਚੇ ਨਹੀਂ? ‌ਇਹ ਤਾਂ ਅੱਜ ਸਵੇਰ ਦੀ ਗੱਲ ਐ।" ‌ਇਹ ਸੁਣਕੇ ਬੀਬੀ ਦੀਆਂ ਅੱਖਾਂ ਪੱਥਰਾ ਗਈਆਂ ਸਨ ਅਤੇ ਉਹਦੇ ਮੂੰਹ ਦੇ ਰੰਗ ਕਿਧਰੇ ਉੱਡ ਪੁੱਡ ਗਏ ਸਨ। ਉਸ ਦੇ ਪਿਤਾ ਅਤੇ ਪਤੀ ਕਦੇ ਵੀ ਵਾਪਸ ਨਹੀਂ ਆਏ। ਆਜ਼ਾਦੀ ਘੁਲਾਟੀਆ ਪਿਤਾ ਅਤੇ ਦੇਸ਼ ਦਾ ਭਵਿੱਖ ਬਨਾਊਣ ਵਾਲਾ ਹੈੱਡ ਮਾਸਟਰ ਪਤੀ ਦੋਵੇਂ ਸ਼ਾ‌ਇਦ ਅਣਪਛਾਤੀਆਂ ਲਾਸ਼ਾਂ ਦੀ ਗਿਣਤੀ ‘ਚ ਸ਼ੂਮਾਰ ਹੋ ਗਏ। ਕੁਝ ਦਿਨਾਂ ਬਾਅਦ ਹੀ ਬੀਬੀ ਦੇ ਜਵਾਨ ਪੁੱਤਰ ਦੀ ਪੁਲਿਸ ਮੁਕਾਬਲੇ ‘ਚ ਮੌਤ ਦੀ ਖ਼ਬਰ ਵੀ ਉਸ ਨੂੰ ਅਖ਼ਬਾਰ ‘ਚ ਪੜ੍ਹਨ ਲਈ ਮਿਲ ਗਈ। ...ਦਰਦ ਦੀ ਆਹ! ਊੱਠਦੀ ਹੈ ਕਿ ਉਹ ਬੀਬੀ ਹਾਲੇ ਤੱਕ ਜਿਊਂਦੀ ਹੈ। ਕਿਵੇਂ ਅਤੇ ਕਿਉਂ ਪਤਾ ਨਹੀਂ। ਸ਼ਾ‌ਇਦ ਸੁਰਜੀਤ ਸਿੰਘ "ਇਕਬਾਲ ਏ ਜੁਰਮ" ਨੂੰ ਸੁਣਨ ਲਈ।

ਮੇਰੇ ਲਈ ‌ਇਹ ਗੱਲ ‌ਇਸ ਲਈ ਅਹਿਮ ਹੋਈ ਕਿ ਮੈਂ "ਸ਼ਿੰਡਲਰਜ਼ ਲਿਸਟ" ਨੂੰ ਹਿਸਟਰੀ ਚੈਨਲ ਤੋਂ ਦੇਰ ਰਾਤ ਗਈ ਬਹੁਤ ਸਮਾਂ ਪਹਿਲਾਂ ਦੇਖਿਆ ਸੀ। ਮੈਂ ਫ਼ਿਲਮ ਪੂਰੀ ਨਹੀਂ ਦੇਖ ਸਕਿਆ ਸੀ। ਅੱਧੀ ਤੋਂ ਕੁੱਝ ਵੱਧ ਦੇਖ ਕੇ ਮੈਂ ਆਪਣੀ ਪਤਨੀ ਅਤੇ ਬੱਚਿਆਂ ਨੂੰ ਸੁੱਤੇ ਛੱਡ ਕੇ ਬਾਥਰੂਮ ‘ਚ ਜਾ ਕੇ ਯਹੂਦੀਆਂ ਦੀ ਉਸ ਵੇਲੇ ਦੀ ਹੋਣੀ ‘ਤੇ ਰੋ‌ਇਆ ਸੀ। ਕਾਫ਼ੀ ਦੇਰ ਤੱਕ। ਅੱਜ ਫੇਰ ਕੁਝ ਕੁਝ ਅਜਿਹਾ ਹੀ ਹੋ‌ਇਆ ਹੈ। ਸਟੁਡੀਓ ‘ਚ ਸੁਰਜੀਤ ਸਿੰਘ ਨਾਲ ਗੱਲਬਾਤ ਦਾ ਸਿੱਧਾ ਪ੍ਰਸਾਰਣ ਹੋ ਰਿਹਾ ਸੀ। ਵਰਦੀ ਪਹਿਨ ਕੇ ਆ‌ਇਆ ਸੁਰਜੀਤ ਸਿੰਘ ਵੀ **** ਲੋਕਾਂ ਦੀ ਨੁਮਾ‌ਇੰਦਗੀ ਕਰ ਰਿਹਾ ਜਾਪਦਾ ਸੀ। ਉਸਦੇ ਹੱਥ ਕੰਬ ਰਹੇ ਸਨ। ਬੁਲ੍ਹ ਫ਼ਰਕ ਰਹੇ ਸਨ। ਮੈਂ ਹੁੰਗਾਰਿਆਂ ਨਾਲ ਅਤੇ ਕੁਝ ਹਲਕੀ ਮੁਸਕਰਾਹਟ ਨਾਲ ਉਸ ਦਾ ਡਰ ਦੂਰ ਕਰਨ ਦੀ ਕੋੱਸ਼ਿਸ਼ ਕਰ ਰਿਹਾ ਸੀ। ...ਗੱਲਬਾਤ ਹੋ ਗਈ। ਉਹ ਅਤੇ ਮੈਂ ਸਟੁਡੀਓ ਤੋਂ ਬਾਹਰ ਆ ਗਏ।

ਬਾਹਰ ਉਸਦੀਆਂ ਦੋ ਧੀਆਂ ਅਤੇ ਪਤਨੀ ਉਡੀਕ ਕਰ ਰਹੇ ਸਨ। ਉਸ ਦੀ ਨਿੱਕੀ ਧੀਅ ਨੇ ਆਪਣੇ ਪਿਤਾ ਨੂੰ ਗੱਲਵਕੜੀ ਪਾ ਲਈ ਅਤੇ ਵੱਡੀ ਵੀ ਆਪਣੇ ਪਿਤਾ ਦੇ ਨੇੜੇ ਆ ਗਈ। ਪਤਨੀ ਸੁਰਜੀਤ ਸਿੰਘ ਨੂੰ ਹੌਸਲਾ ਦੇ ਰਹੀ ਸੀ ਅਤੇ ਨਾ  ਡੋਲਣ ਲਈ ਕਹਿ ਰਹੀ ਸੀ।

ਮੈਂ ਸੁਰਜੀਤ ਸਿੰਘ ਦੇ ਉਹ ਸਮੇਂ ਨੂੰ ਯਾਦ ਕਰਨ ਲੱਗਾ, ਜਿਸ ਦੌਰਾਨ ‌ਪੁਲਿਸ ਹਿਰਾਸਤ ‘ਚ ਮੁਸਤਫ਼ਿਆਂ ਦੇ ਚੱਡੇ ਪਾੜਨ ਵਾਲੇ ‌ਇੱਕ ਜਲਾਦ ਸਿਪਾਹੀ ਨੂੰ ਕਾਹਲੀ ਨਾਲ ਤਰੱਕੀ ਕਰਨ ਦੇ ਲਾਲਚ ‘ਚ ਕੁਝ  ਜ਼ਿਆਦਾ ਕਰ ਵਿਖਾਉਣ ਬਦਲੇ ਸਬ ‌ਇੰਸਪੈਕਟਰ ਬਣਾ‌ਇਆ ਗਿਆ। ਮੇਰਾ ਧਿਆਨ ‌ਇੱਕ ਆਜ਼ਾਦੀ ਘੁਲਾਟੀਏ ਦੀ ਧੀਅ ਅਤੇ ‌ਇੱਕ ਹੈੱਡ ਮਾਸਟਰ ਦੀ ਪਤਨੀ ਵੱਲ ਚਲਾ ਗਿਆ।

... ਫੇਰ ਮੈਂ ਆਪਣੇ ਆਪ ਨੂੰ ਸੁਰਜੀਤ ਸਿੰਘ ਦੀ ਨਿੱਕੀ ਬੱਚੀ ਦੇ ਸਿਰ ‘ਤੇ ਹੱਥ ਫੇਰਨੋਂ ਨਹੀਂ ਰੋਕ ਸਕਿਆ। ਬੜੀ ਪਿਆਰੀ ਅਤੇ ਮਾਸੂਮ ਬੱਚੀ ਹੈ

ਲੇਖਕ ਡੇਅ ਐਂਡ ਨਾਈਟ ਟੀ.ਵੀ. ਚੈਨਲ ਦੇ ਨਾਮਵਰ ਹੋਸਟ ਹਨ।

Comments

kramat mughal

bht wdhiaaa tay kamaal di likhat

sunny

ਧੁਰ ਅੰਦਰ ਨੂੰ ਹਿਲਾ ਦੇਣ ਵਾਲੀ ਰਚਨਾ

ਗੁਰਚਰਨ ਨੂਰਪੁਰ

ਬੜਾ ਕਰੂਰ ਵਰਤਾਰਾ ਪਸੂਪੁਣੇ ਦੀ ਹੱਦ ਲਫਜ ਨਹੀਂ ਹਨ ਕੀ ਕਹਾਂ

Kuldeep Sharma

ਅੱਕ ਜਿਹਾ ਸਚ !!!

ਇਕਬਾਲ

...........

jasbir kaur

hun oh kavita paran nu dil karda hai...

Manga Basi

Why Surjit singh is not arrested yet who admitting the killings of innocents.

Iqbal Ramoowalia

ਸੁਰਿੰਦਰ ਦੀ ਰਚਨਾ ਪੁਲਸੀ ਕਹਿਰ ਦਾ ਖੁਲਾਸਾ ਕਰਦੀ ਹੈ। ਵਰਦੀ ਵਿੱਚ ਵੜਦਿਆਂ ਹੀ ਬੰਦਾ ਬੰਦਾ ਨਹੀਂ ਰਹਿ ਜਾਂਦਾ; ਉਹ ਉਸ ਸਿਸਟਮ ਦਾ ਅੰਗ ਬਣ ਜਾਂਦਾ ਹੈ ਜਿਸ ਨੇ ਉਸ ਦੇ ਬਟੂਏ `ਚ ਉਸ ਦੀ ਜ਼ਮੀਰ ਦੀ ਕੀਮਤ ਟਿਕਾਉਣੀ ਹੁੰਦੀ ਹੈ। ਮਾਸੂਮਾਂ ਅਤੇ ਬੇਕਸੂਰਾਂ ਦਾ ਖ਼ਾਤਮਾ ਸਰਕਾਰੀ ਅਤੇ ਖ਼ਾਲਿਸਤਾਨੀ ਦਹਿਸ਼ਤਗਰਦੀ, ਦੋਹਾਂ ਧਿਰਾਂ ਵੱਲੋਂ ਹੀ ਹੋਇਆ ਹੈ। ਪੰਜਾਬ ਨੂੰ ਤਬਾਹ ਕਰਨ ਲਈ ਦੋਵੇਂ ਧਿਰਾਂ ਇੱਕੋ ਜਿੰਨੀਆਂ ਜ਼ਿੰਮੇਵਾਰ ਹਨ। ਜਿਹੜੇ ਅੱਜ ਸਰਕਾਰ ਅਤੇ ਦਰਬਾਰ ਸਾਹਿਬ ਸਮੇਤ ਸੈਂਕੜੇ ਗੁਰਦਵਾਰਿਆਂ ਉੱਪਰ ਕਾਬਜ਼ ਹਨ, ਉਹਨਾ ਦਾ ਕਿਰਦਾਰ ਉੱਪਰਲੀਆਂ ਦੋਹਾਂ ਧਿਰਾਂ ਤੋਂ ਵੀ ਖ਼ਤਰਨਾਕ ਸੀ/ਹੈ। ਅਸਲ ਵਿਚ ਧਰਮ ਦੇ ਨਾਮ ਉੱਤੇ ਲੋਕਾਈ ਨੂੰ ਗੁੰਮਰਾਹ ਸਾਰੀਆਂ ਧਿਰਾਂ (ਅਕਾਲੀਆਂ ਸਮੇਤ) ਨੇ ਕੀਤਾ। ਪੰਜਾਬ ਦੇ ਸਿਆਸੀ ਅਤੇ ਭਾਈਚਾਰਕ ਮਹੌਲ ਦਾ ਚਿਹਰਾ ਹੀ ਵਿਗਾੜ ਦਿੱਤਾ। ਮੁੱਦੇ ਤਾਂ ਬੇਰੁਜ਼ਗਾਰੀ, ਰਿਸ਼ਵਤਖੋਰੀ, ਬੇਈਮਾਨੀ, ਬੀਮਾਰੀਆਂ, ਮਹਿੰਗਾਈ, ਮਹਿੰਗੀਆਂ ਪੜ੍ਹਾਈਆਂ ਵਰਗੇ ਸਨ, ਪਰ ਲੋਕ ਉਲਝਾ ਦਿੱਤੇ ਖ਼ਾਲਿਸਤਾਨ ਦੀ ਲੜਾਈ `ਚ; ਧਰਮ ਦੀ ਲੜਾਈ `ਚ। ਸਿਤਮ ਦੀ ਗੱਲ ਦੇਖੋ ਕਿ ਦੋਵੇਂ ਵੱਡੀਆਂ ਸਿਆਸੀ ਧਿਰਾਂ ਡੇਰੇਦਾਰਾਂ ਤੇ ਬਾਬਿਆਂ ਦੇ ਦਰਾਂ `ਤੇ ਅਲਖ ਗਜਾਉਂਦੀਆਂ ਹਨ ਪਰ ਲੋਕਾਂ ਨੂੰ ਉਹਨਾ ਦੀ ਡੇਰੇਦਾਰਾਂ ਦੇ ਖਿਲਾਫ਼ ਲੜਾਇ ਜਾਂਦੀਆ ਹਨ। ਜ਼ਿਆਦਤੀਆਂ ਪੁਲਸ ਦੇ ਨਾਲ ਨਾਲ ਏ ਕੇ ਸੰਤਾਲੀਆਂ ਨੇ ਵੀ ਰੱਜ ਕੇ ਕੀਤੀਆਂ ਹਨ। ਜਿਨ੍ਹਾਂ ਦੇ ਸਾਰੇ ਦੇ ਸਾਰੇ ਟੱਬਰ ਹੀ ਗੋਲੀਆਂ ਨਾਲ ਉਡਾਅ ਦਿੱਤੇ , ਉਹਨਾ ਦਾ ਦਰਦ ਵੀ ਸਾਹਮਣੇ ਲਿਆਉਣ ਦੀ ਜ਼ਰੂਰਤ ਹੈ। ਜਿਹੜੀਆਂ ਅਦਿੱਖ ਸ਼ਕਤੀਆਂ ਲੋਕਾਂ ਦਾ ਧਿਆਨ ਸਮਾਜਕ, ਆਰਥਿਕ ਅਤੇ ਬੇਇਨਸਾਫੀ ਨਾਲ ਜੁੜੇ ਮਸਲਿਆਂ ਵੱਲੋਂ ਮੋੜ ਕੇ, ਲੋਕਾਂ ਨੂੰ ਧਰਮ, ਵਹਿਮਪ੍ਰਸਤੀ ਅਤੇ ਲੱਚਰ ਗਾਇਕੀ `ਚ ਉਲਝਾਅ ਰਹੇ ਹਨ ਉਹਨਾਂ ਨੂੰ ਨੰਗੇ ਕਰਨ ਦੀ ਜ਼ਰੂਰਤ ਹੈ। ਡੇ ਐਂਡ ਨਾਈਟ ਇੱਕੋ ਇੱਕ ਚੈਨਲ ਹੈ ਜਿਹੜਾ ਦਲੇਰੀ ਨਾਲ ਦੁਖਦੀਆਂ ਨਬਜ਼ਾਂ ਉੱਪਰ ਹੱਥ ਰਖਦਾ ਹੈ, ਸੁਰਿੰਦਰ ਤੇ ਦਲਜੀਤ ਅਮੀ ਹੋਰੀ ਤੇ ਕੰਵਰ ਸਾਹਿਬ ਪੱਤਰਕਾਰੀ ਦੀ ਰੂਹ ਦੇ ਨੇੜੇ ਤੇੜੇ ਵਿਚਰਦੇ ਹਨ, ਮੀਡੀਆ ਤਾਂ ਜੋ ਕੁਝ ਕਰ ਰਿਹਾ ਹੈ ਉਸ ਬਾਰੇ ਤਾਂ ਸਭ ਕੁਝ ਪਤਾ ਹੀ ਹੈ।

Kaur Harninder

bhout dardnaak ha

Security Code (required)



Can't read the image? click here to refresh.

Name (required)

Leave a comment... (required)





ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ