ਖ਼ੌਫਜ਼ਦਾ ਹੈ ਅੰਬਰ ਨੀਲਾ ਜ਼ਹਿਰਾਂ ਦੀ ਸਰਦਾਰੀ ਹੈ।
ਡਰਦੇ ਬਿਰਖ਼ ਸੁੰਘੜਦੇ ਜਾਂਦੇ ਨੀਅਤਾਂ ਵਿਚ ਬਦਕਾਰੀ ਹੈ।
ਸਵੇਰੇ ਅੰਮ੍ਰਿਤ ਵੇਲੇ ਪੰਜ ਵਜੇ ਆਈਵਰੀ ਟਾਵਰ ਦੀ ਸੱਤਵੀਂ ਮੰਜ਼ਿਲ ਤੋਂ ਹਰ ਰੋਜ੍ਹ ਸ਼ਿਵਾਲਿਕ ਦੀਆਂ ਪਹਾੜੀਆਂ ਵਿਚੋਂ ਚੜ੍ਹਦੇ ਸੂਰਜ ਨੂੰ ਦੇਖਣਾ ਮੈਨੂੰ ਬੁਹਤ ਚੰਗਾ ਲੱਗਦਾ ਹੈ। ਹੁਣ ਇਹ ਮੇਰਾ ਰੁਟੀਨ ਬਣ ਚੁੱਕਾ ਹੈ। ਸ਼ਹਿਰਾਂ ਦੀਆਂ ਉੱਚੀਆਂ ਇਮਾਰਤਾਂ ਵਿਚ ਘਿਰੇ ਹੋਏ ਜੀਵਨ ਬਸਰ ਕਰਦਿਆਂ ਕਦੀ ਵੀ ਸੂਰਜ ਨੂੰ ਇਸ ਤਰ੍ਹਾਂ ਚੜ੍ਹਦੇ ਵੇਖਣਾ ਨਸੀਬ ਨਹੀਂ ਸੀ ਹੁੰਦਾ ਜਿਵੇਂ ਆਈਵਰੀ ਟਾਵਰ ਦੀ ਪੰਜਵੀਂ ਮੰਜ਼ਿਲ ਤੋਂ ਦਿਸਦਾ ਹੈ।
ਲੁਧਿਆਣੇ ਰਹਿੰਦਿਆਂ ਇਕ ਵਾਰ ਮਲੋਟ ਤੋਂ ਚੰਡੀਗੜ੍ਹ ਆਉਣ ਲਈ ਸਵੇਰੇ ਚਾਰ ਵਜੇ ਵਾਲੀ ਬਸ ਤੇ ਆਉਣਾ ਹੋਇਆ। ਬਸ ਵਿਚ ਬੈਠਦਿਆਂ ਥੋੜ੍ਹੀ ਦੇਰ ਪ੍ਰਮਾਤਮਾ ਦਾ ਧਿਆਨ ਕੀਤਾ ਤੇ ਫਿਰ ਨੀਂਦ ਨੇ ਘੇਰਾ ਪਾ ਲਿਆ। ਰਸਤੇ ਵਿਚ ਬਸ ਨੇ ਇਕ-ਦਮ ਬਰੇਕ ਮਾਰੀ ਤਾਂ ਪਟੱਕ ਕਰਕੇ ਮੇਰੀ ਅੱਖ ਖੁੱਲ੍ਹ ਗਈ ਤੇ ਖੁੱਲ੍ਹੀ ਦੀ ਖੁੱਲ੍ਹੀ ਹੀ ਰਹਿ ਗਈ। ਸਾਹਮਣੇ ਕੀ ਦੇਖਦੀ ਹਾਂ ਕਿ ਦੂਰ ਤੱਕ ਧਰਤੀ ਤੇ ਹਰੀ ਚਾਦਰ ਵਿਛੀ ਹੋਈ ਹੈ ਤੇ ਵਿਰਲੇ-ਟਾਂਵੇ ਦਰੱਖ਼ਤਾਂ ਦੇ ਵਿਚੋਂ ਸੂਰਜ ਦੇ ਚੜ੍ਹਨ ਤੋਂ ਪਹਿਲਾਂ ਦਾ ਫੈਲਿਆ ਹੋਇਆ ਪ੍ਰਕਾਸ਼। ਹੌਲੀ-ਹੌਲੀ ਧਰਤੀ ਦੀ ਕੁਖ ਵਿਚੋਂ ਪ੍ਰਗਟ ਹੋ ਰਿਹਾ ਸੂਰਜ, ਸੱਚ-ਮੁਚ ਇੰਜ ਲੱਗਿਆ ਕਿ ਜਿਵੇਂ ਕਿਤੇ ਸਵਰਗ ਲੋਕ ਦੇ ਦਰਸ਼ਨ ਕਰ ਰਹੀ ਹੋਵਾਂ। ਇਕ ਵਿਸਮਾਦੀ ਤੇ ਅਲੌਕਿਕ ਨਜ਼ਾਰਾ ਵਰਤ ਰਿਹਾ ਸੀ। ਕਾਦਰ ਦੀ ਕੁਦਰਤ ਦਾ ਇਹ ਸੁੰਦਰ ਨਜ਼ਾਰਾ ਤੱਕ ਕੇ ਮੇਰੀ ਰੂਹ ਨਸ਼ਿਆ ਗਈ।
ਅੰਮ੍ਰਿਤ ਵੇਲੇ ਪੂਰੀ ਕਾਇਨਾਤ ਦੀ ਸੁੰਦਰਤਾ ਦੇ ਮੈਂ ਰੱਜ-ਰੱਜ ਦਰਸ਼ਨ ਕੀਤੇ ਕਿ ਫਿਰ ਪਤਾ ਨਹੀਂ ਕਦਾ ਐਸਾ ਮੌਕਾ ਮਿਲੇ ਜਾਂ ਨਾ। ਮੈਂ ਨਾਲ ਬੈਠੇ ਆਪਣੇ ਪਤੀ ਨੂੰ ਜਗਾਇਆ ਤੇ ਕੁਦਰਤ ਦਾ ਅਲੌਕਿਕ ਨਜ਼ਾਰਾ ਦੇਖਣ ਲਈ ਕਿਹਾ ਪਰ ਉਹਨਾਂ ਥੋੜ੍ਹੀਆਂ ਜਿਹੀਆਂ ਅੱਖਾਂ ਖੋਲ੍ਹੀਆਂ ਤੇ ਕਹਿਣ ਲੱਗੇ ਮੈਨੂੰ ਤਾਂ ਨੀਂਦ ਆ ਰਹੀ ਹੈ ਤੂੰ ਦੇਖ ਲੈ। ਮੈਂ ਹੈਰਾਨ ਸੀ ਕਾਇਨਾਤ ਵਿਚ ਪੱਸਰੇ ਉਹਨਾਂ ਵਿਸਮਾਦੀ ਪਲਾਂ ਵਿਚ ਤੇ ਨਾਲ ਹੀ ਹੈਰਾਨ ਸੀ ਮੇਰੇ ਪਤੀ ਸਮੇਤ ਬਹੁਤ ਲੋਕ ਕੁਦਰਤ ਦੇ ਇਸ ਵਰਤਾਰੇ ਨੂੰ ਅਣਡਿੱਠ ਕਰ ਰਹੇ ਸਨ ਜਿਸਨੂੰ ਮੈਂ ਮਾਣ ਰਹੀ ਸੀ। ਉੱਥੋਂ ਹੀ ਮੈਂ ਆਪਣੇ ਮਨ ਵਿਚ ਇਹ ਤਹੱਈਆ ਕੀਤਾ ਕਿ ਕਦੇ ਵੀ ਅੰਮ੍ਰਿਤ ਵੇਲੇ ਦੇ ਇਹਨਾਂ ਰੂਹਾਨੀ ਪਲਾਂ ਨੂੰ ਸੌਂ ਕੇ ਨਹੀਂ ਗੁਜ਼ਾਰਾਂਗੀ ਤੇ ਹਰ-ਰੋਜ ਕੁਦਰਤ ਦੇ ਨੇੜੇ ਹੋ ਕੇ ਵੇਖਿਆ ਕਰਾਂਗੀ। ਹਰ ਰੋਜ਼੍ਹ ਕੁਦਰਤ ਨਾਲ ਗੁਫ਼ਤਗੂ ਕਰਦਿਆਂ ਮੈਂ ਵਾਤਵਰਣ ਵਿਚ ਫੈਲੇ ਪ੍ਰਦੂਸ਼ਣ ਕਾਰਨ ਕਿੰਨੀਆਂ ਤਬਦੀਲੀਆਂ ਮਹਿਸੂਸ ਕਰਦੀ ਹਾਂ।