Thu, 21 November 2024
Your Visitor Number :-   7252499
SuhisaverSuhisaver Suhisaver

ਪੰਜਾਬੀ ਲੇਖਕਾਂ ਸੰਗ ਵਿਚਰਦਿਆਂ -ਨਿਰੰਜਣ ਬੋਹਾ

Posted on:- 25-05-2013

suhisaver

ਸੰਨ 1978 ਦੇ ਨੇੜ ਤੇੜੇ ਜਦੋਂ ਮੈ ਸਾਹਿਤਕ ਖੇਤਰ ਵਿਚ ਪ੍ਰਵੇਸ਼ ਪਾਇਆ ਤਾਂ ਉਸ ਵੇਲੇ ਲੇਖਕ ਮੇਰੇ ਲਈ ਕਿਸੇ ਦੂਸਰੀ ਧਰਤੀ ‘ਤੇ ਰਹਿਣ ਵਾਲਾ ਕੋਈ ਅਲੌਕਿਕ ਜਿਹਾ ਪ੍ਰਾਣੀ ਸੀ, ਜੋ ਮੇਰੀ ਅਥਾਹ ਸ਼ਰਧਾ ਦਾ ਪਾਤਰ ਸੀ। ਕਿਸੇ ਨਾਮਵਰ ਲੇਖਕ ਨੂੰ ਮਿਲਣ ਤੋਂ ਬਾਦ ਆਪਣੀ ਖੁਸ਼ੀ ਮੈਥੋਂ ਸੰਭਾਲੀ ਨਹੀਂ ਸੀ ਜਾਂਦੀ। ਮੈਂ ਆਪਣੀ ਨਿੱਜੀ ਨੋਟ ਬੁਕ ‘ਤੇ ਵੱਡੇ ਲੇਖਕਾਂ ਦੇ ਦਸਖਤ ਲੈ ਕੇ ਉਸ ਨੂੰ ਜੀਵਨ ਦੀ ਕੀਮਤੀ ਪੂੰਜੀ ਵਾਂਗ ਸੰਭਾਲ ਸੰਭਾਲ ਕੇ ਰੱਖਦਾ ਸਾਂ। ਉਦੋਂ ਮੇਰੀ ਰਿਹਾਇਸ਼ ਬਾਘਾਪੁਰਾਣਾ ਵਿੱਖੇ ਸੀ। ਜਦੋਂ ਕਿਸੇ ਸਾਹਿਤਕ ਸਮਾਗਮ ਦਾ ਕਾਰਡ ਮਿਲਦਾ ਤਾਂ ਮੈਨੂੰ ਚਾਅ ਜਿਹਾ ਚੜ੍ਹ ਜਾਂਦਾ। ਮੈਂ ਆਪਣੀ ਦੁਕਾਨਦਾਰੀ ਦੀ ਪਰਵਾਹ ਕੀਤੇ ਬਿਨਾਂ ‘ਵੱਡੇ ਲੇਖਕਾਂ‘ ਦੇ ਦਰਸ਼ਨ ਕਰਨ ਲਈ ਦੂਰ ਦੁਰਾਡੇ ਦੇ ਸਮਾਗਮਾਂ ’ਤੇ ਵੀ ਉਚੇਚ ਨਾਲ ਪੁਜਦਾ ਰਿਹਾ ਹਾ।

ਪਰ ਸਾਹਿਤਕ ਖੇਤਰ ਵਿਚ ਵਿਚਰਦਿਆਂ ਕੁਝ ਹੀ ਸਮੇਂ ਬਾਦ ਮੈਨੂੰ ਅਹਿਸਾਸ ਹੋਣਾ ਸ਼ੁਰੂ ਹੋ ਗਿਆ ਕਿ ਲੇਖਕ ਵੀ ਆਮ ਮਨੁੱਖਾਂ ਵਾਂਗ ਮਨੁੱਖ ਹੀ ਹੁੰਦਾ ਹੈ ।ਉਸ ਦੀ ਜੀਵਨ ਸ਼ੈਲੀ ਸਧਾਰਣ ਮਨੁੱਖ ਤੋਂ ਵੱਖਰੀ ਨਹੀਂ ਹੁੰਦੀ। ਉਸਦੇ ਨਿੱਜੀ ਜੀਵਨ ਨੂੰ ਸ. ਗੁਰਬਖਸ਼ ਸਿੰਘ ਪ੍ਰੀਤਲੜੀ ਦੀਆਂ ਲਿਖਤਾਂ ਜਾਂ ਸ. ਨਾਨਕ ਸਿੰਘ ਦੇ ਨਾਵਲਾਂ ਦੇ ਆਦਰਸ਼ਵਾਦੀ ਪਾਤਰਾਂ ਦੀ ਜੀਵਨ ਜਾਂਚ ਨਾਲ ਮਿਲਾ ਕੇ ਵੇਖਣਾ ਭੁਲੇਖੇ ਵਾਲੀ ਸਥਿਤੀ ਹੈ।

ਜ਼ਰੂਰੀ ਨਹੀਂ ਹੈ ਕਿ ਲੇਖਕਾਂ ਵੱਲੋਂ ਆਪਣੀਆਂ ਕਹਾਣੀਆਂ ਤੇ ਨਾਵਲਾਂ ਵਿਚ ਸਿਰਜੇ ਨਾਇਕ ਦਾ ਮੁਹਾਂਦਰਾਂ ਉਹਨਾਂ ਦੇ ਨਿੱਜੀ ਜੀਵਨ ਨਾਲ ਵੀ ਮੇਲ ਖਾਵੇ। ਭਾਵੇਂ ਪਿੱਛਲੇ ਲੱਗਭਗ 35 ਸਾਲਾਂ ਵਿਚ ਉਂਗਲਾਂ ਦੇ ਪੋਟਿਆਂ ’ਤੇ ਗਿਣੇ ਜਾ ਸੱਕਣ ਵਾਲੇ ਉਹਨਾਂ ਲੇਖਕਾਂ ਨਾਲ ਵੀ ਮੇਰਾ ਮੇਲ ਹੋਇਆ ਹੈ , ਜਿਹਨਾਂ ਦੀ ਕਹਿਣੀ ਤੇ ਕਰਨੀ ਵਿਚ ਇਕਸੁਰਤਾ ਕਾਇਮ ਹੈ । ਪਰ ਅਜਿਹੇ ਲੇਖਕਾਂ ਦੀ ਲਿਸਟ ਬਹੁੱਤ ਲੰਬੀ ਹੈ ਜਿਹਨਾਂ ਦੀ ਰਚਨਾ ਮੈਨੂੰ ਪ੍ਰਭਾਵਿਤ ਕਰਦੀ ਹੈ ਪਰ ਉਹਨਾਂ ਦੀ ਨਿੱਜੀ ਜੀਵਨ ਸ਼ੈਲੀ ਮੈਨੂੰ ਬਿਲਕੁਲ ਪਸੰਦ ਨਹੀਂ।
ਸਾਹਿਤ ਰਚਨਾ ਦਾ ਕਾਰਜ਼ ਕੋਈ ਮਨ ਪਰਚਾਵਾ ਜਾਂ ਸ਼ੌਕ ਨਹੀਂ ਹੈ । ਸੌਕੀਆਂ ਤੌਰ ਤੇ ਇਸ ਖੇਤਰ ਵਿਚ ਆਉਣ ਵਾਲੇ ਬਹੁਤੇ ਕਦਮ ਨਹੀਂ ਤੁਰ ਸਕਦੇ। ਲਿੱਖਣ ਦਾ ਕਾਰਜ਼ ਘਰ ਫੂਕ ਕੇ ਤਮਾਸਾਂ ਵੇਖਣ ਦੀ ਜ਼ੁਅਰਤ ਰੱਖਦੇ ਲੋਕ ਹੀ ਕਰ ਸਕਦੇ ਹਨ। ਇਹ ਕਾਰਜ਼ ਨਿਰੰਤਰ ਸਾਧਨਾਂ , ਲੰਮੇ ਧੀਰਜ ਤੇ ਸਮੇਂ ਦੀ ਮੰਗ ਕਰਦਾ ਹੈ।

ਅਜੋਕੇ ਪਦਾਰਥਵਾਦੀ ਯੁਗ ਵਿਚ ਸਮਾਜ ਦੇ ਉਚ ਵਰਗ ਕੋਲ ਸਾਹਿਤ ਰਚਨਾ ਵਰਗੇ ਆਰਥਿਕ ਤੌਰ ਤੇ ਗੈਰ ਉਪਜਾਊ ਕਾਰਜ਼ ਲਈ ਸਮਾਂ ਕਿੱਥੇ? ਤੇ ਗਰੀਬ ਵਿਆਕਤੀ ਦੀ ਸਾਰੀ ਸੱਮਰਥਾ ਤੇ ਸਮਾਂ ਦੋ ਵਕਤ ਦੀ ਰੋਟੀ ਦੇ ਜੁਗਾੜ ਵਿਚ ਖਰਚ ਹੋ ਜਾਂਦਾ ਹੈ। ਸੋ ਸਾਹਿਤ ਰਚਨਾ ਦਾ ਕਾਰਜ਼ ਵਧੇਰੇ ਕਰਕੇ ਮੱਧ ਵਰਗ ਦੇ ਹੀ ਹਿੱਸੇ ਆਇਆ ਹੈ। ਮੱਧ ਵਰਗ ਦਾ ਆਪਣਾ ਇਕ ਵਿਸ਼ੇਸ਼ ਖਾਸਾ ਹੈ । ਇਹ ਵਰਗ ਆਪਣੇ ਨਿੱਜੀ ਹਿੱਤਾਂ ਨੂੰ ਪਹਿਲ ਦੇਣ ਦੀ ਇੱਛਾ ਤੇ ਸੁਆਰਥ ਨੂੰ ਤਿਆਗ ਨਹੀਂ ਸਕਦਾ। ਫਿਰ ਮੱਧ ਵਰਗੀ ਲੇਖਕ ਤੋਂ ਅਸੀਂ ਇਹ ਉਮੀਦ ਕਿਵੇਂ ਕਰੀਏ ਕਿ ਉਹ ਆਜੋਕੇ ਸਮੇਂ ਵਿਚ ਆਦਰਸ਼ਵਾਦੀ ਮਨੁੱਖ ਸਾਬਿਤ ਹੋਵੇ। ਕੁਝ ਸਾਲਾਂ ਬਾਦ ਮੈਂ ਇਸ ਗੱਲ ਨੂੰ ਵੀ ਸਹਿਜ ਰੂਪ ਵਿਚ ਸਵੀਕਾਰ ਲਿਆ ਕਿ ਸਧਾਰਣ ਮਨੁੱਖ ਮਨੁੱਖ ਵਾਂਗ ਲੇਖਕ ਦਾ ਜੀਵਨ ਵੀ ਕਈ ਤਰਾਂ ਦੀਆ ਸੰਗਤੀਆਂ -ਵਿਸੰਗਤੀਆ ਦਾ ਸ਼ਿਕਾਰ ਹੁੰਦਾ ਹੈ। ਸਾਨੂੰ ਲੇਖਕ ਦੀਆ ਰਚਨਾਵਾਂ ਵਿਚੋ ਜੀਵਨ ਸੇਧ ਜ਼ਰੂਰ ਮਿਲ ਸਕਦੀ ਹੈ ਪਰ ਉਸ ਦਾ ਨਿੱਜੀ ਜੀਵਨ ਅਕਸਰ ਆਪਣੇ ਹੀ ਦੁਆਰਾ ਰਚੇ ਗਏ ਸਾਹਿਤ ਤੋਂ ਕੋਹਾਂ ਦੂਰ ਹੁੰਦਾ ਹੈ।

ਸਾਹਿਤ ਤੇ ਸਾਹਿਤਕਾਰਾਂ ਵਿਚਕਾਰ ਸਾਢੇ ਤਿੰਨ ਦਹਾਕਿਆਂ ਦਾ ਸਮਾਂ ਗੁਜਾਰਣ ਤੋਂ ਬਾਦ ਹੁਣ ਮੈ ਇਸ ਨਤੀਜੇ ਤੇ ਪੁੱਜਾ ਹਾਂ ਕਿ ਲੇਖਕ ਦੀ ਕਹਿਣੀ ਤੇ ਕਰਨੀ ਵਿਚਲਾ ਫਰਕ ਵੱਧਦਾ ਹੀ ਜਾ ਰਿਹਾ ਹੈ। ਸਾਡੇ ਕੁਝ ਲੇਖਕ ਤਾਂ ਨੈਤਿਕ ਤੇ ਸਦਾਚਾਰਕ ਜ਼ਾਬਤੇ ਦੀਆਂ ਸਾਰੀਆ ਹੱਦਾਂ ਲੰਘ ਕੇ ਔਸਤ ਦਰਜ਼ੇ ਦੇ ਸਧਾਰਰਣ ਮਨੁੱਖ ਨਾਲੋਂ ਵੀ ਕਿਤੇ ਹੇਠਾਂ ਜਾ ਬੈਠੇ ਹਨ।ਹੁਣ ਸਥਿਤੀ ਸਹਿਜ ਰੂਪ ਵਿਚ ਉਹਨਾਂ ਦੀਆਂ ਗੈਰ ਸਮਾਜੀ ਹਰਕਤਾਂ ਨੂੰ ਸਹਿਣ ਕਰਨ ਦੇ ਯੋਗ ਨਹੀਂ ਰਹੀ। ਕੁਝ ਲੇਖਕ ਸਮਾਜਿਕ ਇੱਕਠਾਂ ਜਾ ਸਾਹਿਤਕ ਸਮਾਗਮਾਂ ਸਮੇਂ ਤਮਾਸ਼ਾ ਬਨਣ ਯੋਗ ਆਪਣੀ ਸ਼ਰਾਬੀ ਹੋਂਦ ਦਾ ਵਿਖਾਵਾਂ ਸ਼ਰੇਆਮ ਕਰਦੇ ਹਨ। ਫਿਰ ਵੀ ਉਹਨਾਂ ਨੂੰ ਲੋਕਾਂ ‘ਤੇ ਗਿਲਾ ਰਹਿੰਦਾ ਹੈ ਕਿ ਉਹ ਉਹਨਾਂ ਦਾ ਸਤਿਕਾਰ ਨਹੀਂ ਕਰਦੇ।ਆਪਣੇ ਮਨ ਦਾ ਰਾਝਾਂ ਰਾਜ਼ੀ ਕਰਨ ਲਈ ਉਹ ਲੱਖਾਂ ਰੁਪਏ ਦੀ ਦਾਰੂ ਹੁਣ ਤੀਕ ਪੀ ਚੁੱਕੇ ਹਨ, ਪੀ ਰਹੇ ਹਨ, ਪਰ ਘਰ ਦੀ ਬਿਜਲੀ ਜਾਂ ਦੁੱਧ ਦਾ ਬਿਲ ਤਾਰਣ ਨੂੰ ਉਹ ਗੁਨਾਹ ਸਮਝਦੇ ਹਨ । ਲੇਖਕ ਹੋਣ ਦਾ ਅਰਥ ਇਹ ਵੀ ਨਹੀਂ ਹੈ ਕਿ ਅਸੀਂ ਆਪਣੇ ਸਮਾਜਿਕ ਤੇ ਪਰਿਵਾਰਕ ਫਰਜ਼ਾਂ ਨੂੰ ਬਿਲਕੁਲ ਹੀ ਭੁਲ ਜਾਈਏ ਤੇ ਸਮਾਜੀ ਜੀਵ ਦੀ ਬਜਾਇ ਕੇਵਲ ‘ਲੇਖਕ ‘ ਹੀ ਬਣ ਕੇ ਰਹਿ ਜਾਈਏ।

ਮੇਰੇ ਵਿਚਾਰ ਵਿਚ ਕੋਈ ਲੇਖਕ ਉਨਾਂ ਚਿਰ ਹੀ ਲੇਖਕ ਹੈ , ਜਿਨਾ ਚਿਰ ਉਹ ਕਿਸੇ ਸਾਹਿਤਕ ਰਚਨਾਂ ਦੀ ਰਚਨ ਪ੍ਰੀਕਿ੍ਰਆ ਵਿੱਚ ਰੁੱਝਾ ਹੈ। ਕੁਝ ਵਿਸ਼ੇਸ਼ ਸਿਰਜਨਾਤਮਕ ਪਲ ਹੰਡਾਉਦਿਆ ਹੀ ਅਸੀਂ ਲੇਖਕ ਹੁੰਦੇ ਹਾਂ। ਬਾਕੀ ਸਾਰਾ ਸਮਾ ਅਸੀਂ ਸਮਾਜ ਦੇ ਆਮ ਨਾਗਰਿਕ ਹੁੰਦੇ ਹਾਂ।ਪਰ ਕੁਝ ਲੇਖਕ ( ਖਾਸ ਕਰਕੇ ਕਵੀ ਸੱਜਣ)ਹਰ ਸਮੇਂ ਆਪਣੇ ਲੇਖਕ ਹੋਣ ਦਾ ਭਰਮ ਪਾਲੀ ਰੱਖਦੇ ਹਨ। ਉਹਨਾਂ ਦਾ ਦਾਅਵਾ ਹੁੰਦਾ ਹੈ ਕਿ ਉਹ ਕਵਿਤਾ ਲਿੱਖਦੇ ਹੀ ਨਹੀਂ ਸਗੋਂ ਕਵਿਤਾ ਜਿਉਂਦੇ ਵੀ ਹਨ। ਹਰ ਪਲ ਕਵਿਤਾ ਉਹਨਾਂ ਦੇ ਅੰਗ ਸੰਗ ਤੁਰਦੀ ਹੈ। ਇਹਨਾਂ ਲੇਖਕਾਂ ਨੂੰ ਹਮੇਸ਼ਾ ਹੀ ਇਹ ਗਿਲਾ ਰਹਿੰਦਾ ਹੈ ਕਿ ਸਮਾਜ ਉਹਨਾਂ ਦੇ ਵਿਚਾਰਾਂ ਨੂੰ ਨਹੀਂ ਸਮਝਦਾ। ਉਹ ਆਪਣੇ ਆਲੇ ਦੁਆਲੇ ਦੇ ਸਮਾਜ , ਇੱਥੋਂ ਤੀਕ ਕਿ ਆਪਣੇ ਮਾਤਾ ਪਿਤਾ , ਭੈਣ ਭਰਾ , ਪਤਨੀ ਤੇ ਬਚਿੱਆ ਤੀਕ ਦੇ ਵਿਚਾਰਾਂ ਨਾਲ ਵੀ ਆਪਣੇ ਵਿਚਾਰਾਂ ਦੀ ਇਕਸੁਰਤਾ ਨਹੀਂ ਬਿੱਠਾ ਸਕਦੇ। ਆਪਣੇ ਵਿਚਾਰਾਂ ਨੂੰ ਆਪ ਹੀ ਸ਼ੂਖਮ ਭਾਵੀ ਤੇ ਪ੍ਰਗਤੀਸ਼ੀਲ ਐਲਾਣ ਕੇ ਉਹ ਦੂਸਰਿਆ ਦੇ ਵਿਚਾਰਾਂ ਨੂੰ ਬੌਧਿਕਤਾ ਰਹਿਤ , ਕਠੋਰ , ਸਥੂਲ ਤੇ ਪਿਛਾਹ ਖਿੱਚੂ ਕਹਿਣ ਤੋਂ ਸੰਕੋਚ ਨਹੀਂ ਕਰਦੇ। ਸਮਾਜ ਨੂੰ ਹੋਰ ਸੁੰਦਰ ਬਣਾਉਣ ਲਈ ਲਿੱਖਣ ਦਾ ਦਾਅਵਾ ਕਰਨ ਵਾਲੇ ਸਾਡੇ ਬਹੁਤ ਸਾਰੇ ਲੇਖਕਾਂ ਦੇ ਆਪਣੇ ਪਰਿਵਾਰਕ ਜੀਵਨ ਵਿਚ ਹਮੇਸ਼ਾ ਕਾਟੋ ਕਲੇਸ਼ ਹੀ ਰਹਿੰਦਾ ਹੈ।ਉਹ ਆਪਣੇ ਆਪ ਨੂੰ ਆਪਣੇ ਆਲੇ ਦੁਆਲੇ ਦੇ ਸਮਾਜ ਅਨੁਸਾਰ ਨਹੀਂ ਢਾਲਦੇ ਸਗੋਂ ਸਾਰੇ ਸਮਾਜ ਨੂੰ ਆਪਣੇ ਅਨੁਸਾਰ ਢਾਲਣ ਲਈ ਕਾਹਲੇ ਪਏ ਰਹਿੰਦੇ ਹਨ। ਮੇਰੇ ਇਕ ਜਾਣਕਾਰ ਕਵੀ ਸੱਜਣ ਨੂੰ ਸ਼ਕਾਇਤ ਹੈ ਕਿ ਉਸ ਦੀ ਪਤਨੀ ਸੂਖਮ ਭਾਵੀ ਨਹੀਂ ਹੈ , ਉਹ ਉਸਦੀਆ ਰਚਨਾਵਾਂ ਨਹੀਂ ਪੜ੍ਹਦੀ ਤੇ ਉਸ ਨੂੰ ਹੋਰ ਲਿੱਖਣ ਲਈ ਉਤਸ਼ਾਹਿਤ ਨਹੀਂ ਕਰਦੀ । ਪਰ ਮੈਨੂੰ ਇਹ ਵੀ ਪਤਾ ਹੈ ਕਿ ਉਸ ਦੀ ਪਤਨੀ ਪੜ੍ਹੀ ਲਿੱਖੀ ਹੈ ਤੇ ਆਪਣੇ ਕਾਲਜ਼ ਦੀ ਬੈਸਟ ਅਥਲੀਟ ਰਹੀ ਹੈ । ਵਿਆਹ ਤੋਂ ਬਾਅਦ ਵੀ ਉਹ ਖੇਡ ਸਰਗਰਮੀਆਂ ਵਿਚ ਹਿੱਸਾ ਲੈਣਾ ਚਾਹੁੰਦੀ ਸੀ ਪਰ ਉਸ ਦੇ ਲੇਖਕ ਪਤੀ ਨੇ ਉਸ ਨੂੰ ਸਖਤੀ ਨਾਲ ਰੋਕ ਦਿੱਤਾ। ਮੈਂ ਸੋਚਦਾ ਹਾਂ ਕਿ ਅਜਿਹੀ ਸਥਿਤੀ ਵਿਚ ਉਸ ਲੇਖਕ ਨੂੰ ਕੀ ਹੱਕ ਹੈ ਕਿ ਉਹ ਆਪਣੀ ਪਤਨੀ ਤੋਂ ਆਪਣੀਆਂ ਸਾਹਿਤਕ ਰੁਚੀਆਂ ਦਾ ਸਨਮਾਨ ਕੀਤੇ ਜਾਣ ਦੀ ਮੰਗ ਕਰੇ।

ਪੰਜਾਬੀ ਸਾਹਿਤ ਦਾ ਮੁਕਾਬਲਾ ਵਿਸ਼ਵ ਸਾਹਿਤ ਨਾਲ ਕਰਨ ਵਾਲੇ ਸਾਡੇ ਕੁਝ ਪੰਜਾਬੀ ਲੇਖਕ ਪੰਜਾਬੀ ਭਾਸਾ ਤੇ ਸਾਹਿਤ ਵੱਲ ਕਿੰਨੇ ਕੁ ਸੁਹਿਰਦ ਹਨ , ਇਸ ਗੱਲ ਦੀ ਉਜਵਲ ਉਧਾਹਰਣ ਮੈਨੂੰ ਬੀਤੇ ਦਿਨੀ ਭਾਸ਼ਾ ਵਿਭਾਗ ਪੰਜਾਬ ਵੱਲੋਂ ਅਯੋਜਿਤ ਕੀਤੇ ਗਏ ਪੰਜਾਬੀ ਦਿਵਸ ਤੋਂ ਵੀ ਮਿਲੀ।ਭਾਸ਼ਾ ਵਿਭਾਗ ਦੇ ਅਧਿਕਾਰੀ ਜਾਣਦੇ ਸਨ ਕਿ ਵਿਭਾਗ ਵੱਲੋਂ ਨਗਦ ਅਦਾਇਗੀ ਦੇ ਰੂਪ ਵਿਚ ਮਿਲਣ ਵਾਲੇ ਮਾਣ-ਭੱਤੇ ਦੀ ਪ੍ਰਾਪਤੀ ਤੋਂ ਬਾਦ ਬਹੁਤ ਘੱਟ ਲੇਖਕਾਂ ਦੀ ਦਿਲਚਸਪੀ ਸਾਹਿਤਤ ਤੇ ਭਾਸ਼ਾ ਦੇ ਵਿਕਾਸ ਸੰਬੰਧੀ ਪੜ੍ਹੇ ਪਰਚਿਆਂ ਵੱਲ ਰਹਿ ਜਾਂਦੀ ਹੈ।ਇਸ ਲਈ ਉਹਨਾਂ ਸਮਾਗਮ ਦੀ ਸਮਾਪਤੀ ਤੀਕ ਇਹ ਮਾਣ ਭੱਤਾ ਵੰਡਣ ਤੇ ਰੋਕ ਲਾਈ ਰੱਖੀ । ਦੂਰ ਜਾਣ ਵਾਲੇ ਲੇਖਕਾਂ ਵੱਲੌਂ ਕਾਹਲ ਕੀਤੇ ਜਾਣਾ ਵਾਜਿਬ ਸੀ । ਉਹ ਭਾਸ਼ਾ ਵਿਭਾਗ ਦੇ ਕਰਮਚਾਰੀਆਂ ਨਾਲ ਮਾਣ ਭੱਤਾ ਛੇਤੀ ਵੰਡਣ ਸਬੰਧੀ ਬਹਿਸ ਮੁਸਾਹਿਬਾ ਕਰ ਰਹੇ ਸਨ ਤਾਂ ਦੋ ਤਿੰਨ ਲੇਖਕ ਇਹ ਕਹਿੰਦੇ ਵੀ ਸੁਣੇ ਗਏ ਕਿ ਜੇ ਪੈਸੇ ਵੰਡਣ ‘ਚ ਦੇਰੀ ਕਰਕੇ ਵਿਭਾਗ ਵਾਲਿਆਂ ਸਾਡੀ ਰਾਤ ਖਰਾਬ ਕਰਨੀ ਹੈ ਤਾਂ ਸਾਡੇ ਲਈ ਰਾਤੀਂ ਪੀਣ ਦਾ ਪ੍ਰਬੰਧ ਵੀ ਕੀਤਾ ਜਾਵੇ । ਫਿਰ ਵੇਖਿ ਅਸੀਂ ਭਾਸ਼ਾ ਤੇ ਸਾਹਿਤ ਦੇ ਵਿਕਾਸ ਬਾਰੇ ਕਿੰਨੀ ਭਖਵੀਂ ਬਹਿਸ ਕਰਦੇ ਹਾਂ।
ਵੱਖ ਵੱਖ ਸਰਕਾਰੀ ਤੇ ਗੈਰ ਸਰਕਾਰੀ ਅਦਾਰਿਆ ਦੇ ਇਨਾਮ ਸਨਮਾਣ ਪ੍ਰਾਪਤ ਕਰਨ ਲਈ ਕੁਝ ਲੇਖਕ ਆਪਣੇ ਆਪ ਨੂੰ ਕਿੰਨਾ ਨੀਵਾਂ ਲੈ ਜਾਂਦੇ ਹਨ , ਇਹ ਗੱਲ ਵੀ ਸਾਥੋਂ ਭੁਲੀ ਨਹੀਂ । ਜੇ ਉਹਨਾਂ ਦੀ ਬਜਾਇ ਉਹਨਾਂ ਦੇ ਕਿਸੇ ਸ਼ਰੀਕ ਲੇਖਕ ਨੂੰ ਇਨਾਮ ਮਿਲ ਜਾਏ ਤਾਂ ਉਹਨਾਂ ਵੱਲੌਂ ਕੀਤੀ ਚਿੱਕੜ ਉਛਾਲੀ ਸੱਜਰੀਆ ਬਣੀਆਂ ਸੌਕਣਾਂ ਨੂੰ ਵੀ ਮਾਤ ਕਰਦੀ ਹੈ । ਕੁਝ ਲੇਖਕਾਂ ਦੇ ਜ਼ਿਹਨ ਵਿਚ ਕੁਲਬਲਾਉਂਦਾ ਈਰਖਾ ਦਾ ਕੀੜਾ ਕਿਸੇ ਹੋਰ ਲੇਖਕ ਦੀ ਚੜਤ ਬਰਦਾਸਤ ਨਹੀਂ ਕਰਦਾ ਤਾਂ ਉਹ ਸਬੰਧਤ ਲੇਖਕ ਨੂੰ ਨੀਵਾਂ ਵਿਖਾਉਣ ਵਾਲੀਆ ਸਾਜਿਸ਼ਾ ਕਰਨ ਦੇ ਰਾਹ ਵੀ ਪੈ ਜਾਦਾ ਹੈ ।

ਕਈ ਨਾਮਵਰ ਲੇਖਕਾਂ ਦਾ ਵਿਚਾਰ ਹੈ ਕਿ ਸਾਨੂੰ ਕੇਵਲ ਕਿਸੇ ਲੇਖਕ ਵੱਲੋਂ ਰਚੇ ਸਾਹਿਤ ਦੇ ਸਿਰਜਾਨਤਮਕ ਸੰਦੇਸ ਬਾਰੇ ਹੀ ਵਿਚਾਰ ਕਰਨੀ ਚਾਹੀਦੀ ਹੈ । ਲੇਖਕ ਦਾ ਨਿੱਜ਼ ਬਿਲਕੁਲ ਸਤੁੰਤਰ ਹੋਣਾ ਚਾਹੀਦਾ ਹੈ । ਲੇਖਕ ਦੀ ਮਰਜ਼ੀ ਹੈ ਕਿ ਉਹ ਆਪਣੇ ਨਿੱਜ਼ੀ ਜੀਵਨ ਨੂੰ ਜਿਵੇਂ ਮਰਜ਼ੀ ਚਾਹੇ ਜੀਵੇ । ਮੈਂ ਅਕਸਰ ਸੋਚਦਾ ਹਾਂ ਕਿ ਜੇ ਲੇਖਕ ਆਪਣੇ ਦੁਆਰਾ ਰਚੇ ਸਾਹਿਤ ਦੇ ਸੰਦੇਸ਼ ਨੂੰ ਆਪ ਹੀ ਗ੍ਰਹਿਣ ਨਹੀਂ ਕਰਦਾ ਤਾਂ ਪਾਠਕ ਨੂੰ ਵੀ ਕੀ ਗਰਜ਼ ਪਈ ਹੈ ਕਿ ਉਹ ਅਜਿਹੇ ਸਾਹਿਤ ਵਿਚੋਂ ਆਪਣੇ ਲਈ ਕੋਈ ਸੇਧ ਤਲਾਸ਼ ਕਰਦਾ ਫਿਰੇ । ਉਹ ਲੇਖਕ ਸਾਹਿਤ ਨਹੀਂ ਰਚ ਰਿਹਾ ਸਗੋਂ ਆਪਣੇ ਪਾਠਕਾਂ ਨਾਲ ਧੋਖਾ ਕਰ ਰਿਹਾ ਹੈ। ਜੇ ਕੋਈ ਸ਼ਰਾਬੀ ਆਪ ਇੱਕਠਾ ਵਿਚ ਜਾ ਕੇ ਨਸ਼ਾ ਵਿਰੋਧੀ ਭਾਸ਼ਣ ਕਰਦਾ ਫਿਰੇ ਤਾਂ ਲੋਕ ਉਸਦੀਆ ਗੱਲਾ ਵੱਲ ਕਿੰਨਾ ਕੁ ਧਿਆਨ ਦੇਣਗੇ। ਅਜਿਹੇ ਲੇਖਕਾਂ ਦੀ ਰਚਨਾ ਵਿਚਲਾ ਸੰਦੇਸ਼ ਉਹਨਾਂ ਦੇ ਦਿਲ ਦੀ ਆਵਾਜ਼ ਨਹੀਂ ਸਗੋਂ ਦਿਮਾਗ ਦੀ ਉਪਜ ਹੁੰਦਾ ਹੈ।ਜੇ ਰਚਨਾ ਵਿਚਲੀਆਂ ਭਾਵਨਾਵਾਂ ਦਾ ਸਬੰਧ ਉਹਨਾਂ ਦੇ ਦੁਲ ਨਾਲ ਹੁੰਦਾ ਤਾਂ ਉਹਨਾਂ ਦੀ ਕਹਿਣੀ ਤੇ ਕਰਨੀ ਵਿਚਕਾਰ ਵੀ ਜ਼ਰੂਰ ਸੁਰਤਾਲ ਹੁੰਦਾ।ਸਾਹਿਤ ਦੇ ਖੇਤਰ ਵਿਚ ਮੇਰੀ ਜਾਣ ਪਹਿਚਾਣ ਦੇ ਦਾਇਰੇ ਵਿਵ ਤਾਂ ਬਹੁਤ ਸਾਰੇ ਲੇਖਕ ਹਨ ਪਰ ਮੈਂ ਉਹਨਾਂ ਲੇਖਕਾ ਨੂੰ ਹੀ ਆਪਣੇ ਦੋਸਤ ਜਾਂ ਸਾਥੀ ਕਹਿਣ ਲਈ ਤਿਆਰ ਹਾਂ, ਜਿਹੜੇ ਆਪਣੀਆ ਸਾਹਿਤਕ ਰਚਨਾਵਾਂ ਵਿਚਲੇ ਸੰਦੇਸ਼ ਨੂੰ ਆਪਣੇ ਨਿੱਜੀ ਜੀਵਨ ਵਿਚ ਵੀ ਗ੍ਰਹਿਣ ਕਰਦੇ ਹਨ ਤੇ ਉਹਨਾਂ ਦੀਆਂ ਰਚਨਾਵਾਂ ਵਿਚਲਾ ਸੰਦੇਸ਼ ਪੂਰੀ ਤਰਾਂ ਮਨੁੱਖਤਾਵਾਦੀ ਹੁੰਦਾ ਹੈ।ਲੇਖਕ ਵੱਡਾ ਹੈ ਜਾਂ ਛੋਟਾ, ਉਸ ਦੀ ਕਦਰ ਮਨੁੱਖੀ ਗੁਣਾਂ ਦੇ ਅਧਾਰ ਤੇ ਹੀ ਹੋਣੀ ਚਾਹੀਦੀ ਹੈ। ਮੇਰੇ ਲਈ ਵੱਡੇ ਲੇਖਕ ਨਾਲੋਂ ਵੱਡੇ ਮਨੁੱਖ ਦੀ ਵਧੇਰੇ ਮਹੱਤਤਾ ਹੈ । ਸਮਾਜ ਨਾਲੋ ਟੁੱਟ ਚੁੱਕੇ ਲੇਖਕਾ ਨੂੰ ਮੈਂ ਦੂਰੋਂ ਸਲਾਮ ਕਰਦਾ ਹਾਂ।

ਪੰਜਾਬੀ ਸਾਹਿਤ ਦੇ ਖੇਤਰ ਵਿਚ ਇਕ ਪਾਸੇ ਤਾਂ ਲੱਚਰ ਤੇ ਅਸ਼ਲੀਲ ਸਾਹਿਤ ਮੁਰਦਾਬਾਦ ਦੇ ਨਾਹਰੇ ਲਾਏ ਜਾ ਰਹੇ ਹਨ। ਦੂਜੇ ਪਾਸੇ ਸਾਡੇ ਕਈ ਚਰਚਿਤ ਤੇ ਨਵੇਂ ਲੇਖਕ ਕਾਮ ਸਬੰਧੀ ਮਨੋ- ਗਰੰਥੀਆਂ ਦਾ ਨਿਸੰਗ ਵਰਨਣ ਕਰ ਰਹੇ ਹਨ। ਕਾਮ ਨੂੰ ਮਨੁੱਖੀ ਜੀਵਨ ਦੀ ਮੁੱਖ ਲੋੜ ਦਾ ਨਾਂ ਦੇ ਕੇ ਅਸ਼ਲੀਲਤਾ ਨੂੰ ਸਾਹਿਤ ਦੇ ਲੇਬਲ ਹੇਠ ਛੁਪਾਇਆ ਜਾ ਰਿਹਾ ਹੈ। ਸਾਡੇ ਕੁਝ ਲੇਖਕ ਵਰਜਿਤ ਰਿਸਤੇ ਹਡਾਂਉਣ ਦੀ ਗੱਲ ਨੂੰ ਜਿੰਦਗੀ ਦਾ ਆਮ ਵਰਤਾਰਾ ਬਨਾਉਣ ਦੀ ਕੋਸ਼ਿਸ਼ ਵਿਚ ਹਨ। ਸਾਡੇ ਲਈ ਸੋਚਣ ਤੇ ਵਿਚਾਰਣ ਵਾਲੀ ਗੱਲ ਇਹ ਵੀ ਹੈ ਕਿ ਕੀ ਇਹ ਲੇਖਕ ਸੱਚ ਮੁੱਚ ਸਾਹਿਤ ਤੇ ਸਮਾਜ ਦੀ ਸੇਵਾ ਕਰ ਰਹੇ ਹਨ ਜਾਂ ਇਸ ਬਹਾਨੇ ਆਪਣੇ ਅਚੇਤ ਮਨ ਵਿੱਚ ਸਮਾਜ ਦੇ ਡਰ ਕਾਰਣ ਦੱਬੀਆਂ ਕਾਮ ਇੱਛਾਵਾਂ ਦੀ ਤਿ੍ਰਪਤੀ ਲਈ ਕੋਈ ਰਾਹ ਤਲਾਸ਼ ਰਹੇ ਹਨ।

ਜੇ ਅਸੀਂ ਸਮਾਜ ਵਿੱਚ ਲੇਖਕਾਂ ਦੇ ਸਨਮਾਨ ਨੂੰ ਬਹਾਲ ਕਰਨਾ ਹੈ ਤਾਂ ਆ ਅਸੀਂ ਸਾਰੇ ਨਵੇਂ ਪੁਰਾਣੇ ਲੇਖਕ ਆਪਣੇ ਅੰਦਰਲੇ ਮਨੁੱਖ ਨੂੰ ਜਗਾਈਏ । ਜਿਨਾਂ ਚਿਰ ਸਾਡੇ ਰਹਿਣ ਸਹਿਣ , ਕਥਨੀ ਕਰਨੀ ਤੇ ਸਮੁੱਚਾ ਅਚਾਰ-ਵਿਵਹਾਰ ਸਾਡੇ ਲੇਖਕ ਹੋਣ ਦੀ ਗੁਆਹੀ ਨਹੀਂ ਭਰਦਾ , ਤਦ ਤੀਕ ਅਸੀਂ ਸਮਾਜ ਵਿੱਚੋਂ ਆਪਣੇ ਹਿੱਸੇ ਦਾ ਸਨਮਾਨ ਪ੍ਰਾਪਤ ਕਰਨ ਤੋਂ ਅਸਮੱਰਥ ਹੀ ਰਹਾਂਗੇ। ਕੇਵਲ ਸੀਮਤ ਜਿਹੇ ਸਾਹਿਤਕ ਖੇਤਰ ਤੇ ਲੇਖਕ ਵਿਚਕਾਰ ਹੀ ਨਹੀਂ ਸਗੋਂ ਲੋਕਾਂ ਦੇ ਵਿਸ਼ਾਲ ਸਮੂਹ ਕੋਲੋਂ ਪਿਆਰ ਤੇ ਸਤਿਕਾਰ ਪਰਾਪਤ ਕਰਨਾ ਹੀ ਸਾਡਾ ਅਸਲ ਸਨਮਾਨ ਹੈ।

ਸੰਪਰਕ:  89682 82700

Comments

ਜੇ ਅਸੀਂ ਸਮਾਜ ਵਿੱਚ ਲੇਖਕਾਂ ਦੇ ਸਨਮਾਨ ਨੂੰ ਬਹਾਲ ਕਰਨਾ ਹੈ ਤਾਂ ਆ ਅਸੀਂ ਸਾਰੇ ਨਵੇਂ ਪੁਰਾਣੇ ਲੇਖਕ ਆਪਣੇ ਅੰਦਰਲੇ ਮਨੁੱਖ ਨੂੰ ਜਗਾਈਏ । ਜਿਨਾਂ ਚਿਰ ਸਾਡੇ ਰਹਿਣ ਸਹਿਣ , ਕਥਨੀ ਕਰਨੀ ਤੇ ਸਮੁੱਚਾ ਅਚਾਰ-ਵਿਵਹਾਰ ਸਾਡੇ ਲੇਖਕ ਹੋਣ ਦੀ ਗੁਆਹੀ ਨਹੀਂ ਭਰਦਾ , ਤਦ ਤੀਕ ਅਸੀਂ ਸਮਾਜ ਵਿੱਚੋਂ ਆਪਣੇ ਹਿੱਸੇ ਦਾ ਸਨਮਾਨ ਪ੍ਰਾਪਤ ਕਰਨ ਤੋਂ ਅਸਮੱਰਥ ਹੀ ਰਹਾਂਗੇ। ਕੇਵਲ ਸੀਮਤ ਜਿਹੇ ਸਾਹਿਤਕ ਖੇਤਰ ਤੇ ਲੇਖਕ ਵਿਚਕਾਰ ਹੀ ਨਹੀਂ ਸਗੋਂ ਲੋਕਾਂ ਦੇ ਵਿਸ਼ਾਲ ਸਮੂਹ ਕੋਲੋਂ ਪਿਆਰ ਤੇ ਸਤਿਕਾਰ ਪਰਾਪਤ ਕਰਨਾ ਹੀ ਸਾਡਾ ਅਸਲ ਸਨਮਾਨ ਹੈ। ਇਹ ਆਖਰੀ ਪੈਰਾ ਨਿਚੋੜ ਹੈ ਸਾਰੇ ਲੇਖ ਦਾ ਮੈਂ ਨਿਰੰਜਨ ਦੇ ਲੇਖ ਨਾਲ ਪੂਰੀ ਤਰਾਂ ਸਹਿਮਤ ਹਾਂ. ਪਹਿਲਾ ਆਪਣੇ ਤੇ ਲਿਖਣਾ ਸਿੱਖੋ ਤੇ ਆਪਣੇ ਲਿਖੇ ਤੇ ਆਪ ਅਮਲ ਕਰੋ ਲੋਕ ਆਪਣੇ ਆਪ ਤੁਹਾਡੇ ਲਿਖੇ ਤੇ ਅਮਲ ਕਰਨਗੇ.

ਇਕਬਾਲ ਰਾਮੂਵਾਲੀਆ,

ਨਿਰੰਜਨ, ਤੇਰਾ ਇਹ ਲੇਖ ਹਰ ਪੰਜਾਬੀ ਲੇਖਕ ਨੂੰ ਹਰ ਮਹੀਨੇ ਪਹਿਲੀ ਤਾਰੀਖ਼ ਨੂੰ ਜ਼ਰੂਰ ਪੜ੍ਹਨਾ ਚਾਹੀਦਾ ਹੈ।

Niranjan boha

ਧੰਨਵਾਦ ਜੇ. ਸਿੰਘ ਤੇ ਇਕਬਾਲ ਰਾਮੂਵਾਲੀਆ ਜੀ, ਤੁਹਾਡੇ ਵੱਲੋਂ ਮਿਲੇ ਹੂੰਗਾਰੇ ਨਾਲ ਮੇਰੀ ਇਸ ਲੇਖ ਤੇ ਕੀਤੀ ਮਿਹਨਤ ਦਾ ਮੁੱਲ ਮਿਲ ਗਿਆ ਹੈ

Security Code (required)



Can't read the image? click here to refresh.

Name (required)

Leave a comment... (required)





ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ