Thu, 21 November 2024
Your Visitor Number :-   7255970
SuhisaverSuhisaver Suhisaver

ਕਿਹੋ ਜਹਾ ਹੋਵੇ ਪਿੰਡ ਦਾ ਸਰਪੰਚ - ਡਾ. ਰਾਜਵਿੰਦਰ ਰੌਂਤਾ

Posted on:- 24-05-2013

ਸਰਪੰਚ ਪਿੰਡ ਦਾ ਮੁਖੀਆ ਹੁੰਦਾ ਹੈ। ਜੇ ਇੰਝ ਕਹਿ ਲਈਏ ਕਿ ਪਿੰਡ ਦੀ ਛੋਟੀ ਸਰਕਾਰ ਤੇ ਅਦਾਲਤ ਵੀ। ਬੇਸ਼ਕ ਅੱਜ ਕੱਲ੍ਹ ਦਸ ਬਾਰਾਂ ਪੰਚਾਇਤ ਮੈਂਬਰ ਹੌਣਾ ਆਮ ਜਿਹੀ ਗੱਲ ਹੈ। ਪੁਰਾਣੇ ਲੋਕ ਅੱਜ ਵੀ ਪੰਜ ਜਾਣਿਆਂ ਨੂੰ ਪੰਚਾਇਤ ਮੰਨਦੇ ਹਨ, ਸੰਗਤ ਜਾਂ ਪੰਚਾਇਤ ਦਾ ਫੈਸਲਾ ਹੁਕਮ ਕਰਕੇ ਮੰਨਿਆ ਜਾਂਦਾ ਹੈ।ਪੰਜਾਂ ‘ਚ ਪਰਮੇਸ਼ਰ ਮੰਨ ਕੇ ਹਰ ਦਿੱਤੇ ਫੈਸਲੇ ਨੂੰ ਦਰੁਸਤ ਮੰਨ ਕੇ ਸਤਿਕਾਰ ਦਿੱਤਾ ਜਾਂਦਾ ਸੀ ‘ਤੇ ਜਾਂਦਾ ਹੈ। ਪਰ ਪਿਛਲੇ 10-15 ਸਾਲ ਤੋਂ ਵਧ ਰਹੇ ਸਿਆਸੀਕਰਣ ਨੇ ਪੰਚਾਇਤਾਂ ਦੀ ਛਵੀ ਵਿਗਾੜ ਕੇ ਰੱਖ ਦਿੱਤੀ ਹੈ।

ਪੰਚਾਇਤ ਚੋਂ ਪਰਮੇਸ਼ਰ ਮਨਫ਼ੀ ਹੋ ਕੇ ਆਪਣੀ ਪਾਰਟੀ ਦਾ ਝੂਠਾ ਬੰਦਾ ਵੀ ਸੱਚਾ ਅਤੇ ਵਿਰੋਧੀ ਦੇ ਸੱਚ ਨੂੰ ਵੀ ਝੂਠ ਸਾਬਤ ਕਰਿਆ ਜਾਂਦਾ ਹੈ। ਪਿੰਡ ਦੇ ਪੰਚ ਵੱਜੋਂ ਸਿਆਸੀ ਸਫਰ ਸ਼ੁਰੂ ਕਰਕੇ ਮੁੱਖ ਮੰਤਰੀ ਦੇ ਅਹੁਦੇ ਤੱਕ ਪੁਜਿਆ ਜਾਂਦਾ ਰਿਹਾ ਹੈ। ਸਿਆਸਤ ਪਹਿਲਾਂ ਵੀ ਸੀ ਧੜੇਬੰਦੀ ਵੀ ਪਰ ਅੱਜ ਜਿੰਨੀ ਨਹੀਂ ਸੀ ਉਹ ਸਾਂਝੇ ਕੰਮ ਵੇਲੇ ਇਕੱਠੇ ਹੋ ਜਾਂਦੇ। ਪੁਰਾਣੇ ਸਮਿਆਂ ਵਿੱਚ ਹੜ੍ਹਾਂ, ਕੁਦਰਤੀ ਆਫਤਾਂ, ਹਮਲਿਆਂ ਵੇਲੇ ਸਾਰਾ ਪਿੰਡ ਚੱਟਾਨ ਬਣ ਕੇ ਖਲੋ ਜਾਂਦਾ।

ਅਫਸੋਸ ਹੈ ਕਿ ਅੱਤਵਾਦ ਵੇਲੇ ਸ਼ਰੀਕੇ-ਬਾਜ਼ੀ ‘ਤੇ ਦੁਸ਼ਮਣੀਆਂ, ਸਿਆਸੀ ਵੈਰ ਪਿੰਡਦਿਆਂ ਪਿੰਡ ‘ਚ ਕਢਵਾਇਆ ਪਰ ਅਜਿਹੇ ਲੋਕ ਵੀ ਹੋਣਗੇ ਜਿਨ੍ਹਾਂ ਸਿਆਸੀ ਵਿਰੋਧੀਆਂ ਦੀਆਂ ਜਾਨਾਂ ਵੀ ਬਚਾਈਆਂ ਪਰ ਅੱਜ ਦੀ ਸਥਿਤੀ ਵਿਸਫੋਟ ਕਿਨਾਰੇ ਹੈ ਜੋ ਪਿੰਡਾਂ ਨੂੰ ਭਰਾ ਮਾਰੂ ਜੰਗ ‘ਚ ਸੁੱਟ ਸਕਦੀ ਹੈ। ਪਿਛਲੀਆਂ ਪੰਚਾਇਤ ਸੰਮਤੀ, ਜਿਲਾ ਪਰੀਸ਼ਦ, ਨਗਰ ਪਾਲਿਕਾ, ਮਿਉਂਸਪਲ ਚੋਣਾਂ ਸਮੇਂ ਲੋਕ ਤੰਤਰ ਦੀ ਜਾਨ ਨਿਕਲ ਗਈ ਪ੍ਰਤੀਤ ਹੋਈ। ਸਾਡੇ ਨੌਜਵਾਨਾਂ ਨੂੰ ਭਰਮਾ ਕੇ ਪੁਲਿਸ ਸਿਵਲ ‘ਤੇ ਅਧਿਆਪਕ ਵਰਗ ਉਤੇ ਪ੍ਰਭਾਵ ਪਾ ਕੇ ਮਨ ਮਰਜ਼ੀ ਨਾਲ ਆਪਣੇ ਬੰਦੇ ਜਿਤਾਏ ਇੱਥੇ ਹੀ ਬੱਸ ਨਹੀਂ, ਪੰਚਾਇਤੀ ਚੋਣਾਂ ਸਮੇਂ ਵਿਰੋਧੀ ਦੇ ਕਾਗਜ਼ ਵੀ ਚੋਰਮੋਰੀਆਂ ਰਾਹੀਂ ਰੱਦ ਕਰਵਾਏ ਇਹ ਗੱਲ ਕਿਸੇ ਤੋਂ ਛਿਪੀ ਨਹੀਂ ।

ਪਿਛਲੀਆਂ ਚੋਣਾਂ ਵਿੱਚ 1 ਲੱਖ ਤੋਂ ਲੈ ਕੇ 10-20 ਲੱਖ ਤੱਕ ਸਰਪੰਚੀ ਉਪਰ ਲੱਗਿਆ ਅਫੀਮ, ਭੁੱਕੀ, ਸ਼ਰਾਬ ਨੋਟ ਚੱਲੇ। ਆਪਣੇ ਚਹੇਤੇ ਮੁਤਾਹਿਤਾਂ ਨੂੰ ਸਰਪੰਚ ਦੀ ਕਲਗੀ ਲਗਾ ਕੇ ਤਕਾੜਿਆਂ ਨੇ ਕਰੀ।ਘਰਵਾਲੀਆਂ ਦੀ ਸਰਪੰਚੀ ਵੀ ਪਤੀਦੇਵ ਨੇ। ਜਿਹੜਾ ਬੰਦਾ ਆਰਥਿਕ ‘ਤੇ ਸਮਾਜਕ ਤੌਰ ਤੇ ਗੁਲਾਮ ਹੈ। ਉਸ ਦੀ ਲੀਡਰੀ ਸਰਪੰਚੀ ਵੀ ਅਜਾਦ ਨਹੀਂ ਹੋ ਸਕਦੀ।

ਆਮ ਤੌਰ ‘ਤੇ ਤਰਾਸਦੀ ਹੈ ਕਿ ਪਿੰਡਾਂ ਦੇ ਬਹੁਤੇ ਸਰਪੰਚ ਅਨਪੜ੍ਹਾਂ ਵਰਗੇ ਹੁੰਦੇ ਹਨ।ਪੜ੍ਹੇ ਲਿਖੇ ਨੌਜਵਾਨ ਜਾਂ ਸੇਵਾ ਮੁਕਤ ਪੜ੍ਹੇ ਲਿਖੇ ਲੋਕ ਰਾਜਨੀਤਕਾਂ ਨੂੰ ਪਸੰਦ ਨਹੀਂ ਕਿਉਂਕਿ ਉਹ ਕਿੰਤੂ ਪ੍ਰੰਤੂ ਕਾਨੂੰਨ ਦੀ ਗੱਲ ਕਰਨਗੇ। ਪੜ੍ਹਿਆ ਲਿਖਿਆ ਮਾਹਿਰ ਬੰਦਾ ਕਾਨੂੰਨ ਤੇ ਪੰਚਾਇਤ ਵਿਭਾਗ ਦੇ ਨੁਕਤੇ ਨਿਯਮਾਂ ਤੋਂ ਜਾਣੂ ਹੋ ਕੇ ਸਾਰਥਿਕ ਉਪਰਾਲੇ ਕਰ ਸਕਦਾ ਹੈ।

ਰਾਜਨੀਤੀ ਵਿੱਚ ਫਸੇ ਇਹਨਾਂ ਸਰਪੰਚਾਂ ਨੇ ਬਹੁਤੇ ਥਾਂਈਂ ਵਿਰੋਧੀਆਂ ਦੇ ਇਲਾਕੇ ਵਿੱਚ ਵਿਕਾਸ ਵੱਜੋਂ ਰੋੜੇ ਡਾਹੇ। ਅਨੇਕਾਂ ਥਾਂਈਂ ਵਿਰੋਧੀ ਸਰਪੰਚ ਹੋਣ ਕਾਰਨ ਗਰਾਂਟਾਂ ਹੀ ਨਹੀਂ ਮਿਲੀਆਂ। ਜੇ ਮਿਲੀਆਂ ਤਾਂ ਥੋੜੀਆਂ। ਸੋ ਅਜਿਹਾ ਸਬਕ ਸਿਖਾਇਆ ਜਾਂਦਾ ਹੈ ਜਿਹਦੀ ਸਰਕਾਰ ਉਹਦਾ ਹੀ ਸਭ ਕੁਝ-ਹਾਂ ਹੀ ਹਾਂ ਹੋਵੇ। ਜੇ ਸਿਰਫ਼ ਮੁੱਖ ਮੰਤਰੀ ਹੀ ਆਪਣੀ ਮਰਜ਼ੀ ਦੇ ਵਿਧਾਇਕ ‘ਤੇ ਵਿਧਾਇਕ ਆਪਣੀ ਮਰਜ਼ੀ ਨਾਲ ਪਿੰਡਾਂ ਦੇ ਸਰਪੰਚ ਅਤੇ ਸਰਪੰਚ ਆਪਣੀ ਮਰਜ਼ੀ ਨਾਲ ਪੰਚਾਇਤਾਂ ਚੁਣਨ ਤਾਂ ਅਜਿਹਾ ਕਰਨ ਨਾਲ ਕਿੰਨੇ ਪੈਸੇ ਅਤੇ ਸਮਾਂ ਬਚੇਗਾ, ਮਹੌਲ ਸ਼ੁੱਧ ਰਹੇਗਾ, ਲੜਾਈਆਂ-ਝਗੜੇ, ਖੱਜਲ-ਖੁਆਰੀਆਂ ਬਚਣਗੀਆਂ। ਕਰੋੜਾਂ ਸਰਕਾਰ ਦੇ ਅਤੇ ਕਰੋੜਾਂ ਰੁਪਏ ਉਮੀਦਵਾਰਾਂ ਦੇ ਬਚਣਗੇ। 100 ਕਰੋੜ ਰੁਪਇਆ ਪੂਰੇ ਪੰਜਾਬ ਦਾ ਬਚ ਸਕਦਾ ਹੈ। ਪਰ ਇਹ ਅਸੰਭਵ ਹੈ-ਪਰ ਸੰਭਵ ਇੰਝ ਹੋ ਸਕਦਾ ਹੈ ਕਿ ਪਿੰਡਾਂ ਦੇ ਨੌਜਵਾਨ ਤੇ ਸੂਝਵਾਨ ਲੋਕ ਜਾਗਣ। ਉਹ ਆਪਸੀ ਰਾਇ ਬਣਾਉਣ ਕਿ ਸਰਪੰਚ ਕੌਣ ਬਣੇ।

ਸਰਪੰਚ ਪੜ੍ਹਿਆ ਲਿਖਿਆ ਹੋਵੇ, ਸਟੇਜ ‘ਤੋਂ ਆਪਣੀ ਗੱਲ ਕਹਿ ਸਕਦਾ ਹੋਵੇ, ਕੱਟੜ ‘ਤੇ ਵਿਰੋਧੀ ਨੂੰ ਖਾਣ ਵਾਲੀ ਅੱਖ ਨਾਲ ਦੇਖਣ ਵਾਲਾ ਨਾ ਹੋਵੇ, ਦਰਿਆਦਿਲ ‘ਤੇ ਸਮਾਜ ਸੇਵੀ ਹੋਵੇ, ਆਪਣੀ ਜੇਬ ‘ਚੋਂ ਪੈਸੇ ਖਰਚਣ ਵਾਲਾ ਹੋਵੇ, ਮਿਲਾਪੜਾ ਹੋਵੇ, ਇਨਸਾਫ ਪਸੰਦ ਹੋਵੇ, ਸੱਚ ਝੂਠ ਦਾ ਨਿਤਾਰਾ ਕਰਨ ਵਾਲਾ ਦੂਰਅੰਦੇਸ਼ੀ ਹੋਵੇ, ਸਮੇਂ ਦੀਆਂ ਸਰਕਾਰਾਂ ਖਤਮ ਕਰਕੇ ਵਿਕਾਸ ਤੇ ਭਾਈਚਾਰੇ ਦੀ ਨੀਂਹ ਰੱਖਣ ਵਾਲਾ ਹੋਵੇ, ਪਿੰਡ ਦਾ ਸਰਪੰਚ ਚਰਿੱਤਰਵਾਨ ਹਦ ਦੇ ਨਾਲ ਨਾਲ ਲੋਕਾਂ ਦੇ ਦੁੱਖ ਦਰਦ ਸਮਝਣ ਵਾਲਾ ਹੋਵੇ। ਪਿੰਡ ਦੇ ਵਿਕਾਸ ਲਈ ਧੜੇਬੰਦੀ ਖਤਮ ਕਰਕੇ ਸਭ ਤੋਂ ਪਹਿਲਾਂ ਸਿਹਤ, ਵਿਦਿਆ ਅਤੇ ਗਲੀਆਂ ਦੇ ਵਿਕਾਸ, ਨਿਕਾਸ ਲਈ ਸਰਕਾਰ ਦੀ ਗਰਾਂਟ ਦੇ ਨਾਲ ਆਪਣੇ ਪ੍ਰਵਾਸੀ ਭਾਰਤੀ ਲੋਕਾਂ, ਦਾਨੀਆਂ ਨੂੰ ਨਾਲ ਤੋਰ ਕੇ ਸ਼ੁਰੂਆਤ ਕਰੇ। ਪਿੰਡ ਦੀ ਬੇਰੁਜ਼ਗਾਰੀ ਖਤਮ ਕਰਨ ਲਈ ਛੋਟੇ ਮੋਟੇ ਘਰੇਲੂ ਉਦਯੋਗ, ਵੱਡੀ ਸਨਅਤ ਲਗਾਈ ਜਾ ਸਕਦੀ ਹੈ।

ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਤੇ ਛਡਾਉਣ ਲਈ ਕੈਂਪ, ਹਸਪਤਾਲ ਬਣਵਾਏ ਜਾ ਸਕਦੇ ਹਨ। ਸੋ ਸਿੱਟਾ ਇਹ ਨਿਕਲਦਾ ਹੈ ਕਿ ਪੜਿਆ ਲਿਖਿਆ ਸੂਝਵਾਨ, ਦੂਰਅੰਦੇਸ਼ੀ ਅਤੇ ਨਿਰਪੱਖ ਵਿਅਕਤੀ ਹੀ ਪਿੰਡਾਂ ਨੂੰ ਅੱਗੇ ਤੋਰ ਸਕਦੇ ਹਨ। ਸਰਕਾਰਾਂ ਤੋਂ ਅਜਿਹਾ ਪੈਸਾ ਆਪਸੀ ਭਾਈਚਾਰੇ ਦੀ ਅਣਹੋਂਦ ਤੇ ਘੱਟ ਜਾਗਰੂਕਤਾ ਕਾਰਨ ਮਿਲਣੋਂ ਹੀ ਰਹਿ ਜਾਂਦਾ ਹੈ। ਦੇਸ਼ ਵਿੱਚ ਅਮਨ ਸ਼ਾਂਤੀ ਭਾਈਚਾਰਾ ਸਰਬੱਤ ਦੇ ਭਲੇ ਲਈ ਜਰੂਰੀ ਹੈ। ਸਰਪੰਚੀ ਦੇ ਉਮੀਦਵਾਰ ਤੇ ਪੰਚਾਇਤ ਬਣਾਉਣ ਲਈ ਸੋਚਣ ਦੀ ਲੋੜ-ਤੁਹਾਡੀ ਸੋਚ-ਸਮਾਜ ਬਦਲ ਸਕਦੀ ਹੈ।
                                   
                                     ਸੰਪਰਕ:  98764 86187

Comments

Security Code (required)



Can't read the image? click here to refresh.

Name (required)

Leave a comment... (required)





ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ