ਮੇਰੀ ਮਾਂ ਦੇ ਦਿਨ, ਸਾਰੇ ਦਿਨ -ਲਵੀਨ ਕੌਰ ਗਿੱਲ
Posted on:- 16-05-2013
ਜੇ ਸਾਡੇ ਸੰਸਕਾਰਾਂ ਦੇ ਹਿਸਾਬ ਨਾਲ ਸੋਚਿਆ ਜਾਵੇ ਤਾਂ ਮਦਰਜ਼ ਡੇਅ ਤਾਂ ਰੋਜ਼ ਹੀ ਹੁੰਦਾ ਹੈ। ਮਾਂ ਦੇ ਸਾਰੇ ਹੀ ਦਿਨ ਸਾਡੇ ਲਈ ਹੁੰਦੇ ਹਨ ਤੇ ਅਸੀਂ ਮਾਂ ਨੂੰ ਇੱਕੋ ਦਿਨ ਖਾਣਾ ਖਵਾਕੇ ਖੁਸ਼ ਹੋ ਜਾਂਦੇ ਹਾਂ ਉਹ ਸਾਨੂੰ ਹਜ਼ਾਰਾਂ ਵਾਰੀ ਖਵਾਉਂਦੀ ਹੈ । ਮਾਂ ਤਾਂ ਮਾਂ ਹੈ ਚਾਹੇ ਜਵਾਨੀ ਵਿਚ ਹੋਵੇ ਜਾਂ ਬੁਢਾਪੇ ਵਿਚ ਪਹੁੰਚ ਗਈ ਹੋਵੇ ।
ਪਿਛਲੇ ਕੁਝ ਕੁ ਅਰਸੇ ਵਿਚ ਮੈਂ ਮਿਡ੍ਲ-ਏਜ ਮਾਵਾਂ ਤੇ ਬੁਢਾਪੇ ਵੱਲ ਵਧ ਰਹੀਆਂ ਮਾਵਾਂ ਦੀਆਂ ਸਮਸਿਆਵਾਂ ਨੂੰ ਨੇੜੇ ਤੋਂ ਜਾਨਣ ਦੀ ਕੋਸ਼ਿਸ਼ ਕੀਤੀ ਹੈ । ਭਾਰਤੀ ਮੂਲ ਦੀਆਂ ਬਜ਼ੁਰਗ ਮਾਵਾਂ ਤਾਂ ਕਈ ਵਾਰੀ ਸਿਰ੍ਫ ਜਿਵੇਂ ਪੋਤਰੇ-ਦੁਹਤਰੇ ਸਂਭਾਲਂਣ ਲਈ ਹੀ ਰਹਿ ਗਈਆਂ ਹੋਣ ।
ਬਜ਼ੁਰਗ ਬਾਬੇ ਵੀ ਆਪਣੇ ਦਿਨ ਮਾਲ ਵਿਚ ਜਾਕੇਂ, ਕੱਬਡੀ ਮੈਚ ਜਾਂ ਤਾਸ਼ ਵਗੈਰਾ ਖੇਲ ਕੇ ਆਪਣੇ ਸਾਥੀਆਂ ਨਾਲ ਮਨੋਰੰਜਨ ਕਰਕੇ ਬਿਤਾ ਲੈਂਦੇ ਹਨ, ਪਰ ਮਾਵਾਂ ਈ ਕਿਓਂ ਸਾਡੇ ਰਹਿਮੋਂ-ਕਰਮ ਦੀਆਂ ਮੁਹਤਾਜ ਹੋਣ, ਤੇ ਸਰਦੀਆਂ ਵਿਚ ਘਰਾਂ ਵਿਚ ਬੰਦ ਰਹਿਣ ਤੇ ਕਿਸੇ ਰਿਸ਼ਤੇਦਾਰ ਦੇ ਘਰ ਹੋਣ ਵਾਲੇ ਪ੍ਰੋਗ੍ਰਾਮ ਦੀ ਇੰਤਜ਼ਾਰ ਕਰਨ ਤਾਂ ਕਿ ਘਰੋਂ ਬਾਹਿਰ ਨਿਕਲਣ ਦਾ ਮੌਕਾ ਮਿਲ ਸਕੇ, ਖੁੱਲੀ ਹਵਾ ਵਿਚ ਸਾਹ ਲੈ ਸਕਣ ।
ਕੁਝ ਕੁ ਮਹੀਨੇ ਪਹਿਲਾਂ ਮੈਂ ਆਪਣੇ ਆਪ ਨਾਲ ਇੱਕ ਵਾਦਾ ਕੀਤਾ ਕਿ ਹਫਤੇ ਵਿਚ ਇੱਕ ਦਿਨ ਕੁਝ ਘੰਟੇ ਆਪਣੀ ਮਾਂ ਨਾਲ ਗੁਜ਼ਾਰਾਂਗੀ। ਮੇਰੀ ਮਾਂ ਬਜ਼ੁਰਗ ਤਾਂ ਨਹੀਂ ਤੇ ਤੁਹਾਡੇ ਸਾਰਿਆਂ ਵਾਂਗ ਮੈਂ ਚਾਹੁੰਦੀ ਵੀ ਨਹੀਂ ਕਿ ਮੇਰੀ ਮਾਂ ਬੁਢੀ ਹੋਵੇ ।
ਇਸੇ ਦੌਰਾਨ ਮੈਂ ਬ੍ਰੈਂਪਟਨ ਤੇ ਹੋਰ ਨੇੜੇ ਦੇ ਇਲਾਕਿਆਂ ਵਿਚ ਔਰਤਾਂ ਤੇ ਬਜ਼ੁਰਗਾਂ ਲਈ ਸਰਕਾਰ ਵਲੋਂ ਉਲੀਕੇ ਪ੍ਰੋਗ੍ਰਾਮਾਂ ਨੂੰ ਜਾਣਿਆਂ ਤੇ ਸਮਝਿਆ, ਕਿੰਨੇ ਹੀ ਸਿਹਤ-ਸਂਬੰਧੀ ਪ੍ਰੋਗ੍ਰਾਮ ਹਨ ਜੋ ਕਿ ਹਰ ਉਮਰ ਦੀਆਂ ਔਰਤਾਂ ਲਈ, ਘੱਟ ਕੀਮਤਾਂ ਤੇ ਰਾਖਵੇ ਹਨ, ਪਰ ਮੈਨੂੰ ਲੱਗਿਆ ਕਿ ਸਾਡੇ ਭਾਰਤੀ ਮੂਲ ਦੀਆਂ ਔਰਤਾਂ, ਜਾਂ ਬਜ਼ੁਰਗ ਮਾਵਾਂ ਇੰਨਾ ਪ੍ਰੋਗ੍ਰਾਮਾਂ ਵਿਚ ਸ਼ਾਮਿਲ ਨਹੀਂ ਹੁੰਦੀਆਂ, ਇਸਦੇ ਕੁਝ ਕਾਰਣ, ਡ੍ਰਾਈਵ ਨਾ ਕਰ ਸਕਣ ਕਰਕੇ, ਜਾਣਕਾਰੀ ਨਾ ਹੋਣ ਕਰਕੇ, ਬੱਚਿਆਂ ਕੋਲ ਸਮੇਂ ਦੀ ਘਾਟ ਕਰਕੇ ।
ਪਰ ਕੀ ਅਸੀਂ ਆਪਣੇ ਖੁਦ ਦੇ ਬਚਿਆਂ ਨੂੰ ਸੋਕਰ, ਤਾਂ ਸ੍ਵੀਮਿੰਗ ਨਹੀਂ ਲੈਕੇ ਜਾਂਦੇ ?ਕਿਓਂ ਨਾ ਥੋੜਾ ਜਿਹਾ ਟਾਈਮ ਕੱਢ ਕੇ ਮਾਵਾਂ ਨੂੰ ਬੱਸ ਫੜਨ, ਤੇ ਇੰਨਾ ਪ੍ਰੋਗ੍ਰਾਮਾਂ ਵਿਚ ਜਾਣ ਦੇ ਸੁਖਾਲੇ ਰਾਹ ਦਿਖਾ ਦਈਏ, ਤਾਂਕਿ ਇੰਨਾ ਨੂੰ ਵੀ ਇੱਕ ਨਵੀਂ ਜ਼ਿੰਦਗੀ ਤੇ ਨਵੀਂ ਹਵਾ ਵਿਚ ਸਾਹ ਲੈਣ ਦਾ ਆਤਮ-ਵਿਸ਼ਵਾਸ ਮਿਲ ਸਕੇ ।
ਮਿਡ੍ਲ ਏਜ ਤੇ ਖਾਸ ਤੌਰ ਤੇ ਭਾਰਤੀ-ਮੂਲ ਦੀਆਂ ਮਾਵਾਂ ਦੀ ਇੱਕ ਖਾਸ ਸੱਮਸਿਆ ਹੈ ਕਿ ਉੰਨਾਂ ਨੂੰ ਸੇਹਤ-ਸਂਬੰਧੀ ਜਾਣਕਾਰੀ ਦੀ ਬਹੁਤ ਘਾਟ ਹੈ । ਇੱਕ ਖਾਸ ਸਮਸਿਆ ਦਾ ਜ਼ਿਕਰ ਮੈਂ ਕਰ ਹੀ ਦਿੰਦੀ ਹਾਂ ।
ਦੋਸਤੋ, ਜਦੋਂ ਕਿਸੇ ਘਰ ਵਿਚ ਕੋਈ ਖੁਸ਼ਖਬਰੀ ਆਉਣ ਵਾਲੀ ਹੁੰਦੀ ਹੈ, ਤਾਂ ਸਾਰੇ ਪਰਿਵਾਰ ਨੂੰ ਪਤਾ ਹੁੰਦਾ ਹੈ, ਤੇ ਖੁਸ਼ੀ ਦੇ ਆਉਣ ਤੇ ਸਾਰੇ ਮਿਲਕੇ ਖੁਸ਼ੀ ਵੰਡਦੇ ਹਾਂ । ਕਹਿੰਦੇ ਹਨ ਕਿ ਮਾਂ ਬਨਣਾ ਦੂਜਾ ਜਨਮ ਹੁੰਦਾ ਹੈ, ਬੱਚੇ ਦੇ ਜਨਮ ਤੋਂ ਬਾਦ ਹਰ ਦਰਦ ਨੂੰ ਤੁਰੰਤ ਭੁੱਲ ਜਾਣ ਵਾਲੀ ਮਾਂ, ਆਪਣੀ ਔਲਾਦ ਦੀ ਪਰਵਾਰੀਸ਼ ਵਿਚ ਜੁਟ ਜਾਂਦੀ ਹੈ । ਬਚਿਆਂ ਨੂੰ ਪਾਲਕੇ ਉਸਦੀ ਜ਼ਿੰਦਗੀ ਵਿਚ ਇੱਕ ਪੜਾਅ ਅਜਿਹਾ ਆਉੰਦਾ ਹੈ ਕਿ ਉਹ ਇੱਕਲੀ ਹੋ ਜਾਂਦੀ ਹੈ- ਉਹ ਪੜਾਅ ਹੈ ਉਸਦੀ ਮਹਾਵਾਰੀ ਦਾ ਬੰਦ ਹੋਣਾ ।
ਇਸ ਪੜਾਅ ਵੇਲੇ ਔਸਤਨ ਔਰਤ ਦੀ ਉੱਮਰ 51 ਕੁ ਵਰੇ ਹੁੰਦੀ ਹੈ ਸ਼ਰੀਰ ਵਿਚ ਇੱਕਦਮ ਬਦਲਾਵ ਆਉਣੇ ਸ਼ੁਰੂ ਹੋ ਜਾਂਦੇ ਹਨ, ਚਿੜ-ਚੜਾਪ੍ਣ , ਤ੍ਰੇਲੀਆਂ ਆਉਣੀਆਂ, ਹੱਡ-ਭੰਨ ਦਾ ਰਹਿਣਾ, ਨੀਂਦ ਨਾ ਆਉਣਾ ਆਦਿ ਹੋਰ ਕਈ ਪ੍ਰਭਾਵ । ਇਸ ਬਾਰੇ ਵਿਚ ਮੈਂ ਕੁਝ ਸ੍ਪੇਸਿਅਲਿਸਟ ਡਾਕਟਰਾਂ ਨਾਲ ਮਿਲਕੇ ਕੁਝ ਜਾਣਕਾਰੀ ਇੱਕਠੀ ਕੀਤੀ ਹੈ ਜੋ ਤੁਹਾਡੇ ਨਾਲ ਆਉਂਦੇ ਸਮੇਂ ਵਿਚ ਜ਼ਰੂਰ ਸਾਂਝੀ ਕਰਾਂਗੀ ।
ਜੇ ਔਰਤ ਦੀ ਦਿੱਤੀ ਹਰ ਖੁਸ਼ੀ ਨੂੰ ਪਰਿਵਾਰ ਮਿਲਕੇ ਮਨਾਉੰਦਾ ਹੈ, ਤਾਂ ਇਸ ਪੜਾਅ ਤੇ ਆਕੇ ਮਾਂ ਨੂੰ ਇੱਕਲਿਆਂ ਛੱਡਨਾ ਨਹੀਂ ਬਣਦਾ । ਘਰ ਵਿਚ ਹਰ ਜੀਅ ਨੂੰ ਖੁਲਕੇ ਇਸ ਬਾਰੇ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ, ਤਾਂ ਕਿ ਸਾਡੀਆਂ ਮਾਵਾਂ ਇਸ ਮਹਤਵਪੂਰਨ ਸਮੇਂ ਵਿਚ ਆਪਣੇ ਸ਼ਰੀਰ ਦੀ ਤਕਲੀਫ਼ ਨਾਲ ਇੱਕਲਿਆਂ ਨਾਂ ਜੂਝਣ । ਆਖਿਰ ਸਾਡੇ ਪੜੇ-ਲਿਖੇ ਹੁੰਦਿਆਂ ਸਾਡੀਆਂ ਮਾਵਾਂ ਆਪਣੀਂ ਇਸ ਉਮਰ ਦੇ ਇਸ ਪੜਾਅ ਨਾਲ ਮੁਸ਼ਕਿਲਾਂ ਕਿਓਂ ਸਹਿਣ । ਆਪਣੇ ਪਿਤਾਵਾਂ ਨੂੰ ਵੀ ਖੁਲਕੇ ਦੱਸੋ ਕਿ ਉਸਦੇ ਜੀਵਨ ਸਾਥੀ ਦੇ ਇਸ ਪੜਾ ਅ ਵਿਚ ਉਹ ਕਿਸ ਤਰਾਂ ਸਾਥ ਦੇ ਸਕਦਾ ਹੈ ।
,
ਤੁਸੀਂ ਬੇਟਾ ਹੋ ਜਾਂ ਬੇਟੀ, ਆਪਣੀਂ ਮਾਂ ਦਾ ਸਹੀ ਮਾਯਨੇ ਵਿਚ ਸਹਾਰਾ ਬਣੋ, ਉਸ ਦੀ ਇਸ
ਮੁਸ਼ਕਿਲ ਨੂੰ ਪਰਿਵਾਰ ਦੇ ਬਾਕੀ ਮੇਂਬਰਾਂ ਨਾਲ ਸਾਂਝਾ ਕਰੋ ਕਿਓਂਕਿ ਇਸ ਵਿਚ ਸ਼ਰ੍ਮ ਵਾਲੀ
ਕੋਈ ਗੱਲ ਨਹੀਂ, ਆਖਿਰ ਉਸ ਮਾਂ ਦੀ ਸੇਹਤ ਤੁਹਾਡੇ ਘਰ ਦਾ ਧੁਰਾ ਹੈ ।
ਤੁਹਾਨੂੰ ਮਾਵਾਂ ਦਾ ਦਿਨ ਮੁਬਾਰਕ ਹੋਵੇ ।
ਮਾਂ, ਮੈਂ ਤੇਰੀ ਆਵਾਜ਼ ਹਾਂ
ਮਾਂ, ਮੈਂ ਤੇਰੀ ਆਵਾਜ਼ ਹਾਂ,
ਤੇਰੇ ਪੰਖ ਹਾਂ,
ਮੈਂ ਤੇਰੀ ਪਰਵਾਜ਼ ਹਾਂ
ਮਾਂ, ਤੂੰ ਉਸਾਰਿਆ ਮੇਰਾ ਢਾਂਚਾ,
ਹਥ ਫੜਕੇ ਮਿਲਵਾਇਆ ਜ਼ਮਾਨੇ ਨਾਲ,
ਮੈਂ ਤੇਰਾ ਸਿਰਜਿਆ ਸ੍ਮਾਜ ਹਾਂ
ਕੀ ਹੋਇਆ ਜੇ ਹੁਣ ਆਪਣਾ ਘਰ ਪਛਮ ਵੱਲ਼ ਹੈ,
ਤੇਰੀ ਬੋਲੀ ਹੋ ਗਈ ਤੋਤਲੀ,
ਹੁਣ ਮੈਂ ਤੇਰੀ ਆਵਾਜ਼ ਹਾਂ
ਕਿੰਨੀਆਂ ਅਣ- ਜੰਮੀਆਂ ਦੁਨੀਆਂ ਖਾ ਗਈ,
ਤੂੰ ਕਿੰਨੇ ਮਾਣ ਨਾਲ ਵੰਡੀ ਮੇਰੀ ਲੋਹੜੀ,
ਮੈਂ ਤੇਰਾ ਚਲਾਇਆ ਰਿਵਾਜ ਹਾਂ
ਉਦੋਂ ਤੂੰ ਮੈਨੂੰ ਦਿਖਾਉਂਦੀ ਸੀ ਰਾਹਾਂ,
ਹੁਣ ਤੇਰੀਆਂ ਅਖਾਂ ਧੁੰਦਲਾ ਦੇਖਦੀਆਂ,
ਹੁਣ ਮੈਂ ਤੇਰੀ ਨਜ਼ਰ ਤੇ ਨਾਜ਼ ਹਾਂ
ਤੇਰੇ ਬੋਲ਼ੇ ਕੰਨਾ ਨੂੰ ਸੁਣਦਾ ਨਹੀਂ ਅੱਜ,
ਮੇਰੀ ਲੋਰੀ ਨਾਲ ਵਜਾਇਆ ਜੋ,
ਮਾਂ, ਮੈਂ ਉਹੀ ਸਾਜ਼ ਹਾਂ...
ਮਾਂ ਦੇਖ, ਮੈਂ ਤੇਰੀ ਆਵਾਜ਼ ਹਾਂ,
ਮਾਂ...!
Hira Singh
Very Nice, U written very great in very simple words