Thu, 21 November 2024
Your Visitor Number :-   7252910
SuhisaverSuhisaver Suhisaver

ਇੱਕ ਸੀ ਚਮਕੀਲਾ -ਜੋਗਿੰਦਰ ਬਾਠ ਹੌਲੈਂਡ

Posted on:- 18-03-2013

suhisaver

       ਚੋਰ ਦੇ ਭੁਲੇਖੇ ਸਾਧ ਕੁੱਟਿਆ ਗਿਆ
       ਨੀ ਮੁੰਡਾ ਹੱਥਾਂ ’ਚ ਲੁਟਕਦਾ ਆਵੇ।

ਪਿੰਡ ਮਹਿਸਪੁਰ। ਦਿਨ ਅੱਠ ਮਾਰਚ 1986 ਦਾ ਹੈ। ਜਲੰਧਰ ਨੇੜੇ ਇਸ ਪਿੰਡ ਵਿੱਚ ਇੱਕ ਵਿਆਹ ਦਾ ਸਾਹਾ ਹੈ। ਦੂਰੋਂ ਦੂਰੋਂ ਲੋਕ ਤੁਰ ਕੇ, ਸਾਇਕਲਾਂ, ਟਰੈਕਟਰਾਂ ਟਰਾਲੀਆਂ ਉੱਪਰ ਇਸ ਵਿਆਹ ਤੇ ਲੱਗਣ ਵਾਲੇ ਅਖਾੜੇ ਨੂੰ ਸੁਣਨ ਵਾਸਤੇ ਹੁੰਮ ਹੁੰਮਾ ਕੇ ਪਹੁੰਚ ਰਹੇ ਹਨ। ਅਖਾੜਾ ਦੁਪਹਿਰ ਦੇ ਦੋ ਵਜੇ ਤੋਂ ਬਾਅਦ ਲੱਗਣਾ ਹੈ। ਫੱਗਣ ਚੇਤ ਦੇ ਦਿਨ ਹੋਣ ਕਰਕੇ ਕਿਸਾਨ ਅੱਜ ਕੱਲ੍ਹ ਵਿਹਲੇ ਹਨ। ਵਿਆਹ ਵਾਲਾ ਘਰ ਖੇਤਾਂ ਵਿੱਚ ਹੋਣ ਕਰਕੇ ਘਰ ਦੇ ਚਾਰ ਚੁਫੇਰੇ ਸਿੱਟਿਆਂ ਤੇ ਆਈਆਂ ਕਣਕਾਂ ਤੇ ਸਰੋਂ ਦੇ ਪੀਲੇ ਫੁੱਲ੍ਹ ਕੋਸੀ ਕੋਸੀ ਧੁੱਪ ਵਿੱਚ ਕਮਾਲ ਦਾ ਨਜ਼ਾਰਾ ਪੇਸ਼ ਕਰ ਰਹੇ ਹਨ। ਕਣਕ ਦੇ ਖੇਤਾਂ ਵਿੱਚ ਕੱਢੀਆਂ ਓਲੀਆਂ ਵਿੱਚ ਖੜੀ ਸਰ੍ਹੋਂ ਦੇ ਫੁੱਲ੍ਹ ਇਉਂ ਲੱਗਦੇ ਹਨ ਜਿਸ ਤਰ੍ਹਾਂ ਕੁਦਰਤ ਨੇ ਹਰੇ ਸਿੱਟਿਆਂ ਉੱਪਰ ਪੀਲੇ ਬਦਾਨੇ ਰੰਗੇ ਨਿੱਕੇ ਨਿੱਕੇ ਸਾਫੇ ਬੰਨ ਦਿੱਤੇ ਹੋਣ।



 ਪਿਛਲੇ ਕੁਝ ਸਾਲਾਂ ਤੋਂ ਲੋਕ ਪਤਾ ਨਹੀਂ ਕਿਉਂ ਆਪਣੇ ਖੇਤਾਂ ਵਿੱਚ ਕਮਾਦ ਵੀ ਬੀਜਣ ਲੱਗ ਪਏ ਹਨ। ਕਮਾਦ ਦੇ ਖੇਤ ਕਣਕਾਂ ਅਤੇ ਸਰੋਂ ਦੇ ਖੇਤਾਂ ਵਿੱਚ ਕਿਸੇ ਚੌਰਸ ਜੰਗੀ ਕਿਲਿਆਂ ਵਰਗੇ ਲੱਗਦੇ ਹਨ। ਪੰਜਾਬ ਦੇ ਲੋਕ ਇਨ੍ਹਾਂ ਦਿਨਾਂ ਵਿੱਚ ਕਮਾਦ ਦੀ ਫ਼ਸਲ ਨੂੰ ਭੈਅ ਅਤੇ ਛੱਕ ਨਾਲ ਵੇਖਦੇ ਹਨ। ਕੋਈ ਚੂਪਣ ਲਈ ਵੀ ਕਿਸੇ ਸੁੰਨੇ ਪਏ ਖੇਤ ਵਿੱਚੋਂ ਗੰਨਾ ਭੰਨਣ ਦਾ ਹੀਂਆ ਨਹੀ ਕਰਦਾ। ਕਮਾਲ ਹੈ ? ਐਨੇ ਮਾੜੇ, ਛੱਕੀ, ਤੇ ਦਹਿਸ਼ਤੀ ਸਮੇਂ ਹੋਣ ਦੇ ਬਾਵਜੂਦ ਵੀ ਲੋਕ ਕਿਸ ਤਰ੍ਹਾਂ ਮਨਪ੍ਰਚਾਵੇ ਦੀ ਭੁੱਖ ਨੂੰ ਤ੍ਰਿਪਤ ਕਰਨ ਲਈ ਵਹੀਰਾਂ ਘੱਤ ਕੇ ਆਪਣੇ ਚਹੇਤੇ ਗਾਇਕ ਨੂੰ ਸੁਣਨ ਆ ਰਹੇ ਹਨ।

ਪੰਡਾਲ ਵਾਲੀ ਜਗ੍ਹਾ ਨੇੜੇ ਉੱਘੜ ਦੁੱਘੜੀਆਂ ਅੱਧ ਵਧੀਆਂ ਦਾਹੜੀਆਂ ਤੇ ਪੀਲੀਆਂ ਪੱਗਾ, ਸਾਫਿਆਂ, ਪੱਟਕਿਆਂ ਵਾਲੇ ਦਰਸ਼ਕ-ਸਰੋਤੇ ਲੋਕਾਂ ਦੇ ਝੁੰਡ ਆਪਸ ਵਿੱਚ ਖੜ੍ਹੇ ਹਾਸਾ ਠੱਠਾ ਕਰ ਰਹੇ ਹਨ  ਕੁੱਸ਼ ਤਾਂ ਲੱਗਣ ਵਾਲੇ ਗਾਇਕ ਦੇ ਗੀਤ ਵੀ ਗੁਣ ਗੁਣਾ ਰਹੇ ਹਨ “ਭੈਣ ਸਾਲੀਏ ਤੇਰੀ ਨੀ ਹੁਣ ਕੰਡਮ ਹੋਗੀ”। ਸਾਰੇ ਪੰਜਾਬ ਵਿੱਚ ਇਨ੍ਹਾਂ ਸਮਿਆਂ ਵਿੱਚ ਅੱਤਵਾਦ ਦਾ ਦੈਂਤ ਆਦਮ-ਬੋ ਆਦਮ-ਬੋ ਕਰਦਾ ਫਿਰਦਾ ਹੈ। ਪੰਜਾਬ ਦੇ ਸਾਰੇ ਹੀ ਪਿੰਡਾਂ ਵਿੱਚ ਇਹਨੀ ਦਿਨੀਂ ਸ਼ਾਮ ਪੈਂਦਿਆ ਹੀ ਦਹਿਸ਼ਤ ਦਾ ਰਾਜ ਹੋ ਜਾਂਦਾ ਹੈ। ਪਿੰਡਾਂ ਦੇ ਘਰਾਂ ਵਿੱਚ ਲੱਗੇ ਬਿਜਲੀ ਦੇ ਲਾਟੂ ਵੇਲੇ ਸਿਰ ਹੀ ਬੁੱਝ ਜਾਂਦੇ ਹਨ ਲੋਕ ਦਿਨ ਖੜ੍ਹੇ ਹੀ ਰੋਟੀ ਟੁੱਕ ਖਾ ਕੇ ਅੰਦਰੀ ਵੜ੍ਹ ਜਾਂਦੇ ਹਨ।

ਗਲੀਆਂ ਵਿੱਚ ਹਨੇਰਾ ਹੋਣ ਤੋਂ ਪਹਿਲਾ ਹੀ ਸਨਸਾਨ ਹੋ ਜਾਂਦੀ ਹੈ। ਘੁਸ-ਮੁਸੇ ਤੋਂ ਬਾਅਦ ਕੋਈ ਵੀ ਮਨੁੱਖ ਕਿਸੇ ਬਹੁਤ ਹੀ ਜ਼ਰੂਰੀ ਕੰਮ ਤੋਂ ਬਗੈਰ ਘਰੋਂ ਬਾਹਰ ਨਹੀਂ ਨਿਕਲਦਾ। ਲੋਕਾਂ ਨੇ ਪਾਣੀ ਵਾਲੀਆਂ ਬੰਬੀਆਂ ਨੂੰ ਰਾਤ ਬਰਾਤੇ ਚਲਾਉਣ ਲਈ ਐਟੋਮੈਟਿਕ ਸ਼ੀਹ ਸਟਾਟਰ ਲਗਵਾ ਲਏ ਹਨ।  ਰਾਤ ਨੂੰ ਕੋਈ ਪਾਣੀ ਦਾ ਨੱਕਾ ਮੋੜਨ ਲਈ ਵੀ ਨਹੀਂ ਉੱਠਦਾ। ਤਰਕਾਲ ਸੰਧਿਆ ਨੂੰ ਹੀ ਸਾਰੇ ਪਿੰਡਾਂ ਵਿੱਚ ਹਨੇਰੇ ਦਾ ਰਾਜ ਹੋ ਜਾਂਦਾ ਹੈ ਚਾਨਣ ਸਾਰੀ ਰਾਤ ਸਿਰਫ਼ ਮੱੜ੍ਹੀਆਂ ਵਿੱਚ ਹੀ ਰਹਿੰਦਾ ਹੈ ਕਿੳਂਕਿ ਹਰ ਦੂਜੇ ਤੀਜੇ ਅਣਆਈ ਮੌਤੇ ਮਰੇ ਲੋਕ ਲਾਸ਼ਾਂ ਦੇ ਰੂਪ ਵਿੱਚ ਲੱਕੜਾ ਸਮੇਤ ਸਿਵਿਆਂ ਨੂੰ ਭਾਗ ਲਾ ਰਹੇ ਹਨ। ਪੰਜ਼ਾਬ ਦੀ ਫਿ਼ਜ਼ਾ ਵਿੱਚ ਅੱਜ ਕੱਲ੍ਹ ਝੋਨੇ ਦੇ ਪੱਕੇ ਖੇਤਾਂ ਦੀ ਅੱਤਰ ਵਰਗੀ ਖੁਸ਼ਬੂ ਦੇ ਨਾਲ ਨਾਲ ਸੜਦੇ ਜਵਾਨ ਮਾਸ ਦੀ ਬਦਬੋ ਦੇ ਬੁੱਲ੍ਹੇ ਵੀ ਨੱਕ ਸਾੜ ਰਹੇ ਹਨ।

ਇਨ੍ਹਾਂ ਦਿਨਾਂ ਵਿੱਚ ਪੰਜਾਬ ਦੇ ਪਿੰਡਾਂ ਵਿੱਚ ਗੀਤ ਨਾ-ਮਾਤਰ ਪਰੰਤੂ ਵੈਣ ਹਰ ਰੋਜ਼ ਪਾਏ ਜਾਂਦੇ ਹਨ। ਜੰਗਲ-ਪਾਣੀ ਦਾ ਕੰਮ ਵੀ ਲੋਕ ਅੱਜ ਕੱਲ੍ਹ ਡੰਗਰਾਂ ਵਾਲਿਆ ਕੋਠਿਆਂ ਵਿੱਚ ਹੀ ਨਬੇੜਨ ਲੱਗ ਪਏ ਹਨ। ਸਮਰੱਥਾਵਾਨ ਘਰਾਂ ਨੇ ਤਾਂ ਖੇਤਾਂ ਵਿੱਚ ਰਹਿੰਦਿਆ ਵੀ ਘਰ ਦੀ ਚਾਰ ਦਿਵਾਰੀ ਅੰਦਰ ਹੀ ਨਿੱਘਰਵੀਆਂ ਟੱਟੀਆਂ ਬਣਵਾ ਲਈਆਂ ਹਨ। ਖੁੱਲ੍ਹੀਆ ਕੱਚੀਆਂ ਹਵੇਲੀਆਂ ਦੁਵਾਲੇ ਵੀ ਕੰਧਾਂ ਉੱਸਰ ਆਈਆਂ ਹਨ ਅਤੇ ਅਣ-ਘੜਤ ਦਰਵਾਜੇ਼ ਕਿਸੇ ਅਣਜਾਣੇ ਡਰ ਨਾਲ ਸਾਰਾ ਦਿਨ ਹੀ ਭਿੜੇ ਰਹਿੰਦੇ ਹਨ। ਪਿੰਡਾਂ ਵਿੱਚ ਜਿੰਨਾਂ ਦੇ ਘਰੀਂ ਅਣਆਈ ਮੌਤ ਨੇ ਸੱਥਰ ਵੀ ਵਿਛਾ ਛੱਡੇ ਹਨ ਉਹ ਵੀ ਸ਼ਾਮ ਦੇ ਵੱਕਤ ਵੈਣ ਪਾਉਣੋ ਹੱਟ ਜਾਂਦੇ ਹਨ ਤੇ ਢਿੱਡਾਂ ਵਿੱਚ ਹੀ ਬਗੈਰ ਅਵਾਜ਼ ਤੋ ਹਟਕੋਰੇ ਉਹਨਾਂ ਦੀਆਂ ਆਂਦਰਾਂ ਵਿੱਚ ਗੁੰਝਲੇ ਪਾਈ ਜਾਂਦੇ ਹਨ। ਬੰਦੇ ਤਾ ਕੀ ਇਹਨਾਂ ਸਮਿਆਂ ਵਿੱਚ ਜਨੌਰਾਂ ਨੇ ਵੀ ਗੀਤ ਗਾਉਂਣੇ ਬੰਦ ਕਰ ਦਿੱਤੇ ਹਨ। ਲੋਕਾਂ ਨੇ ਮਜਬੂਰੀ ਵੱਸ ਆਪਣੇ ਪਾਲਤੂ ਕੁੱਤਿਆ ਦੇ ਮੂੰਹਾ ਨੂੰ ਵੀ ਰੱਸੀਆਂ ਨਾਲ ਜਕੜ ਦਿੱਤਾ ਹੈ ਤਾਂ ਜੋ ਉਹ ਰਾਤ ਦੀ ਦਹਿਸ਼ਤੀ ਚੁੱਪ ਨੂੰ ਭੌਂਕ ਕੇ ਭੰਗ ਨਾ ਕਰ ਸਕਣ। ਅਵਾਰਾਂ ਕੁੱਤਿਆਂ ਨੂੰ ਲਗਾਤਾਰ ਚੂਹੇ ਮਾਰਨ ਵਾਲੀਆਂ ਗੋਲੀਆਂ ਪਾ ਕੇ ਕੁੱਤੇ ਦੀ ਮੌਤ ਤੋ ਵੀ ਬੱਦਤਰ ਚੂਹਿਆਂ ਦੀ ਮੌਤੇ ਮਾਰਿਆ ਜਾ ਰਿਹਾ ਹੈ।

ਹੁਣ ਇਸ ਹੱਸਦੇ ਰੱਸਦੇ ਗਾੳਂਦੇ ਤੇ ਗੁਰਾਂ ਦੇ ਨਾਮ ਤੇ ਜਿ਼ਉਂਦੇ ਪੰਜਾਬ ਵਿੱਚ ਕਿਸੇ ਨੂੰ ਗਾਉਂਣ ਦਾ ਤਾਂ ਦੂਰ ਉੱਚੀ ਰੋਣ ਦੀ ਵੀ ਹੱਕ ਨਹੀਂ ਹੈ ‘ਤੇ ਇਹੋ ਜਿਹੇ ਸਮੇਂ ਵਿੱਚ ਮਹਿਸਪੁਰ ਪਿੰਡ ਵਿੱਚ ਇਸ ਗਲੇਸ਼ੀਅਰੀ- ਦਹਿਸ਼ਤ ਦੇ ਮੂੰਹ ਨੂੰ ਛਿੱਬੀਆਂ ਦਿੰਦਾ ਇੱਕ ਅਖਾੜਾ ਲੱਗਣ ਜਾ ਰਿਹਾ ਹੈ। ਲੋਕ ਬੇਸਬਰੀ ਨਾਲ ਆਪਣੀ ਚਹੇਤੀ ਗਾਇਕ ਜੋੜੀ ਨੂੰ ਉਡੀਕ ਰਹੇ ਹਨ।
      
ਅੱਜ ਦਿਨ ਮੰਗਲਵਾਰ ਹੈ। ਅਖ਼ੀਰ ਦਿਨ ਦੇ ਦੋ ਵਜੇ ਲੋਕਾਂ ਦੇ ਚਹੇਤੇ ਗਇਕ ਦੀ ਕਾਰ ਵਿਆਹ ਵਾਲੇ ਘਰ ਕੋਲ ਪਹੁੰਚਦੀ ਹੈ। ਲੋਕਾਂ ਵਿੱਚ ਖੁਸ਼ੀ ਨਾਲ ਹਫੜਾ ਦਫੜੀ ਵਾਲਾ ਮਹੌਲ ਬਣ ਜਾਂਦਾ ਹੈ। ਲੋਕ ਕਾਰ ਵੱਲ ਭੱਜਦੇ ਹਨ ਗਇਕ ਜੋੜੀ ਨੂੰ ਇੱਕ ਨਜ਼ਰ ਨੇੜਿਉ ਵੇਖਣ ਲਈ। ਭੀੜ ਵਿੱਚ “ਆਗੇ ੳਏ, ਆਗੇ ੳਏ” ਦਾ ਰੌਲ੍ਹਾਂ ਮੱਚ ਜਾਂਦਾ ਹੈ। ਕਾਰ ਰੁੱਕਦੀ ਹੈ। ਦਰਵਾਜ਼ਾ ਖੁੱਲ੍ਹਦਾ ਹੈ ਗਾਇਕ ਅਜੇ ਗੱਡੀ `ਚੌ ਬਾਹਰ ਹੀ ਨਿਕਲਦਾ ਹੈ ਤਾੜ ਤਾੜ ਏ ਕੇ ਸੰਤਾਲੀ ਦੀਆਂ ਗੋਲੀਆਂ ਦੇ ਭੜਾਕੇ ਪੈਂਦੇ ਹਨ। ਦਰਖਤਾਂ ਤੇ ਬੈਠੇ ਜਨੌਰ ਤਰਾਹ ਕੇ ਚੀਖ਼ ਚਿਹਾੜਾਂ ਪਾਉਂਦੇ ਅਸਮਾਨ ਵੱਲ ਉੱਡ ਜਾਂਦੇ ਹਨ। ਚਾਰ ਗੋਲੀਆਂ ਗਾਇਕ ਦੀ ਛਾਤੀ ਵਿੱਚ ਠੋਕੀਆਂ ਜਾਂਦੀਆਂ ਹਨ ਤੇ ਨਾਲ ਹੀ ਗਰਭਵਤੀ ਗਾਇਕਾ ਦੀ ਹਿੱਕ ਵੀ ਗੋਲੀਆਂ ਨਾਲ ਛਲਣੀ ਕਰ ਦਿੱਤੀ ਜਾਂਦੀ ਹੈ। ਗਾਇਕ ਜੋੜੀ ਦੀਆਂ ਤੜਫਦੀਆਂ ਲਹੂ ਲੁਹਾਨ ਦੇਹਾਂ ਡੰਗਰਾਂ ਦੇ ਤਾਜੇ ਕੀਤੇ ਗੋਹੇ ਉੱਪਰ ਧੜੱਮ ਢਹਿ ਢੇਰੀ ਹੋ ਜਾਂਦੀਆਂ ਹਨ। ਸਾਜ਼ ਵਜਾਉਣ ਵਾਲੇ ਸਾਜਿੰਦੇ ਵੀ ਸਾਜ਼ਾਂ ਸਮੇਤ ਗੋਲੀਆਂ ਨਾਲ ਭੁੰਨ ਦਿੱਤੇ ਜਾਦੇ ਹਨ।

ਸਕਿੰਟਾਂ ਵਿੱਚ ਹੀ ਇਹ ਕੌਤਕੀ-ਭਾਣਾ ਵਰਤ ਜਾਂਦਾ ਹੈ। ਲੋਕ ਗੋਲੀਆਂ ਦੇ ਕੜਾਕੇ ਸੁਣ ਕੇ ਜਿੱਧਰ ਨੂੰ ਮੂੰਹ ਹੁੰਦਾ ਹੈ ੳਧਰ ਨੂੰ ਹੀ ਲਾਂਗੜਾਂ ਚੁੱਕ ਕੇ ਦੌੜ ਜਾਂਦੇ ਹਨ। ਇੱਕ ਦੱਮ ਮੋਟਰ ਸਾਇਕਲ ਸਟਾਰਟ ਹੁੰਦੇ ਹਨ ਕਾਤਲ ਉਤਾਹ ਨੂੰ ਗੋਲੀਆਂ ਚਲਾੳਂੁਦੇ ਰਾਹੇ ਪੈ ਜਾਂਦੇ ਹਨ। ਰਾਹ ਵਿੱਚ ਉਹਨਾਂ ਨੂੰ ਕੁਸ਼ ਲੋਕ ਮਿਲਦੇ ਹਨ ਜੋ ਲੇਟ ਹੋਣ ਦੀ ਵਜਹਾਂ ਨਾਲ ਅਖਾੜੇ ਵਾਲੇ ਸਥਾਨ ਵੱਲ ਤੇਜੀ ਨਾਲ ਸਾਹੋ ਸਾਹ ਹੁੰਦੇ ਭੱਜੇ ਆ ਰਹੇ ਹਨ। ਮੋਟਰ ਸਾਇਕਲਾਂ ਵਾਲੇ ਕਾਤਲ ਉਨ੍ਹਾਂ ‘ਚੌ ਇੱਕ ਬਜ਼ੁਰਗ ਨੂੰ ਲਲਕਾਰ ਕੇ ਕਹਿੰਦੇ ਹਨ।
“ਬਾਬਾ ਮੁੜਜਾ ਪਿਛਾਂਹ ਨੂੰ ਅਸੀਂ ਚਮਕੀਲੇ ਦਾ ਭੋਗ ਪਾ ਤਾ ਹੈ”।

          ਤੜਕੇ ਦਾ ਵਕਤ ਸੀ              
ਸੁਹਾਗਣਾ ਮਧਾਣੀ ਪਾਈ
ਸੁਣਿਆ ਜਾ ਵਾਕਿਆ ਸੀ
ਸਾਰੀ ਕੰਬ ਗਈ ਲੋਕਾਈ
ਸੌਹਿਰਿਆਂ ਦੇ ਘਰਾਂ ਵਿੱਚੋਂ    
ਨਾਰੀਆਂ ਸ਼ੁਕੀਨਣਾਂ ਦੇ ਹੱਥਾਂ ਵਿੱਚੋਂ ਡਿੱਗ ਪਏ ਰੁਮਾਲ।


ਇੱਕੀ ਜੁਲਾਈ 1960 ਨੂੰ  ਲੁਧਿਅਣੇ ਦੀਆਂ ਜੜ੍ਹਾਂ ਵਿੱਚ ਪੈਂਦੈ ਦੁੱਗਰੀ ਪਿੰਡ ਦੇ ਚਮਿਆਰ ਜਾਤੀ ਦੇ ਅੱਤ ਦੇ ਗਰੀਬ ਪਰਵਾਰ ਵਿੱਚ ਇੱਕ ਬੱਚਾ ਪੈਦਾ ਹੁੰਦਾ ਹੈ। ਇਸ ਘਰ ਦੇ ਮੁੱਖੀ ਦਾ ਨਾਂ ਹਰੀ ਸਿੰਘ ਹੈ ਅਤੇ ਉਸ ਦੀ ਘਰ ਵਾਲੀ ਦਾ ਨਾ ਕਰਤਾਰੋ ਹੈ। ਗ਼ਰੀਬਾਂ ਦੀਆਂ ਔਰਤਾਂ ਦੇ ਪੂਰੇ ਤੇ ਸਹੀ ਨਾਂ ਸਾਰੀ ਹਯਾਤੀ ਵਿੱਚ ਸਿਰਫ਼ ਦੋ ਹੀ ਸਮਿਆਂ ਤੇ ਬੋਲੇ ਜਾਂਦੇ ਹਨ ਜਾਂ ਤਾ ਜੰਮਣ ਵੇਲੇ ਤੇ ਜਾਂ ਫਿਰ ਖੱਫ਼ਣ ਪਾਣ ਵੇਲੇ। ਇਹ ਜੰਮਿਆਂ ਬੱਚਾ ਹਰੀ ਸਿੰਘ ਅਤੇ ਬੀਬੀ ਕਰਤਾਰ ਕੌਰ ਦੀ ਸੱਭ ਤੋਂ ਛੋਟੀ ਘਰੋੜੀ ਦੀ ਔਲਾਦ ਹੈ। ਮਾਂਪੇ ਇਸ ਚਾਹੀ ਅਣਚਾਹੀ ਔਲਾਦ ਦਾ ਨਾਂ ਜੋ ਜਲਦੀ ਲੱਭਿਆਂ ਜਾਂ ਜੋ ਨਾਂ ਉਚਾਰਣ ਵਿੱਚ ਉਨ੍ਹਾਂ ਨੂੰ ਸੌਖ ਹੋਵੇ ਚੌਂਹ ਅੱਖਰਾਂ ਦਾ ‘ਦੁਨੀ ਰਾਮ’ ਰੱਖ ਦਿੰਦੇ ਹਨ। ਭੁੱਖ, ਗ਼ਰੀਬੀ ਤੇ ਜੁਗਾਂ ਜੁਗਾਂਤਰਾਂ ਤੋਂ ਥੁੜ੍ਹਾਂ ਮਾਰੇ ਕੰਮੀਆਂ ਦੇ ਵੇਹੜਿਆਂ ਦੇ ਦੂਜੇ ਅੰਨੇ,ਕਾਣੇ, ਨੱਕ ਵਗਦੇ,ਅੱਖਾ ਚੁੰਨ੍ਹੀਆਂ ਤੇ ਕਰੇੜੇ ਭਰੇ ਦੰਦਾਂ ਵਾਲੇ ਜਵਾਕਾਂ ਵਾਂਗ ਇਸ ਬੱਚੇ ਦਾ ਵੀ ਬੱਚਪਣ ਗੁਜ਼ਰਨ ਲੱਗਦਾ ਹੈ। ਸ਼ਾਇਦ ਵੱਡਾ ਅਫ਼ਸਰ ਬਣਾਉਣ ਦੀ ਰੀਝ ਨਾਲ ਮਾਂ ਬਾਪ ਇਸ ਬੱਚੇ ਨੂੰ ‘ਦੁੱਕੀ’ ਫੀਸ਼ ਮਹੀਨਾਂ ਵਾਲੇ ਗੁਜਰ ਖ਼ਾਨ ਪ੍ਰਾਇਮਰੀ ਸਕੂਲ ਵਿੱਚ ਪੜ੍ਹਨੇ ਪਾ ਦਿੰਦੇ ਹਨ ਪਰੰਤੂ ਇੱਕ ਗੁਣ ਇਸ ਬੱਚੇ ਵਿੱਚ ਦੂਜੇ ਬੱਚਿਆਂ ਨਾਲੋ ਜਿਆਦਾ ਸੀ। ਦਸਾਂ ਸਾਲਾਂ ਦੀ ਉਮਰ ਵਿੱਚ ਹੀ ਦੁਨੀ ਰਾਮ ਗੀਤਾਂ ਦੀਆਂ ਤੁੱਕਾਂ ਜੋੜਨ ਤੇ ਗਾਂਉਣ ਲੱਗ ਪੈਂਦਾ ਹੈ।

ਘਰ ਦੀਆਂ ਆਰਥਿਕ ਤੰਗੀਆਂ ਤੁਰਛ਼ੀਆਂ ਹਮੇਸ਼ਾ ਆਂਮ ਦੂਸਰੇ ਗਰੀਬਾਂ ਵਾਂਗ ਦੁਨੀ ਰਾਮ ਨੂੰ ਵੀ ਪੜ੍ਹਨੋ ਹੋੜ ਕੇ ਬਿਜਲੀ ਦਾ ਕੰਮ ਸਿੱਖਣ ਲਈ ਮਜ਼ਬੂਰ ਕਰ ਦਿੰਦੀਆਂ ਹਨ ਤੇ ਦੁਨੀ ਰਾਮ ਇਲੈਕਟਰੀਸ਼ਨ ਬਣਨ ਦੇ ਸੁਫ਼ਨੇ ਵੇਖਣ ਲੱਗਦਾ ਹੈ। ਘਰ ਦੀ ਗੁਰਬਤ ਤੇ ਕੰਗਾਲੀ ਦੁਨੀ ਰਾਮ ਨੂੰ ਬਿਜਲਈਆਂ ਵੀ ਬਣਨ ਨਹੀਂ ਦਿੰਦੀ ਉਹ ਬਿਜਲੀ ਦਾ ਕੰਮ ਛੱਡ ਕੇ ਬਾਪ ਦੀ ਕਬੀਲਦਾਰੀ ਨੂੰ ਮੋ੍ਢਾ ਦੇਣ ਲਈ ਕੱਪੜਾ ਮਿੱਲ ਵਿੱਚ ਕੰਮ ਕਰਨ ਲੱਗ ਪੈਂਦਾ ਹੈ ਪਰੰਤੂ ਉਸ ਦੇ ਸਿਰ ਵਿੱਚ ਤਾਂ ਹਮੇਸ਼ਾ ਸੰਗੀਤ ਦਾ ਅਨਹਦ ਨਾਂਦ ਡੋਲਬੀ ਸਰਾਂਊਡਰ ਵਾਂਗੂ ਚਾਰੇ ਕੂਟਾਂ ਤੋਂ ਤਰਜ਼ਾ ਸਮੇਤ ਖੌਰੂ ਪਾੳਂਦਾ ਰਹਿੰਦਾ ਸੀ। ਜੁੜੇ ਜੜਾਏ ਗੀਤਾਂ ਦੇ ਝੱਖੜ ਖੋਪੜੀ ਵਿੱਚ ਝੁੱਲਦੇ ਰਹਿੰਦੇ ਸਨ। ਦੁਨੀ ਰਾਮ ਦਿਨੇ ਰਾਤ ਗੀਤ ਸੰਗੀਤ ਵਿੱਚ ਗੜੁੱਚ ਆਪ ਪੂਰਾਂ ਜਿੳਂਦਾਂ ਜਾਗਦਾ ਸਾਜ਼ ਬਣਿਆ ਪਿਆ ਸੀ। ਕੰਮ ਦੇ ਨਾਲੋ ਨਾਲ ਉਸ ਨੇ ਢੋਲਕੀ ਦੀਆਂ ਬਹੁੜੀਆ ਵੀ ਪਵਾਉਣੀਆਂ ਸੁਰੂ ਕਰ ਦਿੱਤੀਆਂ। ਦਿਨਾਂ ਵਿੱਚ ਹੀ ਫਰਾਂਸ ਤੋ ਭੱਜ ਕੇ ਪੰਜਾਬੀ ਸੰਗੀਤ ਵਿੱਚ ਦਾਖਲ ਹੋਇਆ ਹਾਰਮੋਨੀਅਮ ਦੁਨੀ ਰਾਮ ਨੂੰ ਵੇਖਦਿਆਂ ਡਰਦਾ ਮਾਰਾ ਆਪੇ ਹੀ ਸੁਰਾਂ ਕੱਢਣ ਲੱਗ ਪੈਂਦਾ।

ਤੂੰਬੀ ਤਾਂ ਜਿਵੇਂ ਦੁਨੀ ਰਾਮ ਦੀਆ ਉਂਗਲਾਂ ਦੇ ਪੋਟਿਆਂ ਦੀ ਛੋਹ ਨੂੰ ਅਹਿਲਿਆ ਵਾਂਗ ਸਦੀਆਂ ਤੋਂ ਉਡੀਕਦੀ ਪਈ ਹੋਵੇ। ਜਦੋਂ ਦੁਨੀ ਰਾਮ ਅਤੇ ਸਾਜਾਂ ਵਿੱਚ ਕੋਈ ਫ਼ਰਕ ਨਾ ਰਿਹਾ ਤਾਂ ਇੱਕ ਦਿਨ ਉਸ ਨੇ ਰਾਜਕੁਮਾਰ ਗੌਤਮ ਸਿਧਾਰਥ ਵਾਂਗ ਕੰਮ ਤੋਂ ਘਰ ਜਾਣ ਦੀ ਬਜਾਏ ਅਪਣਾ ਪੁਰਾਣਾ ਸਾਇਕਲ ਉਸ ਸਮਂੇ ਦੇ ਮਸ਼ਹੂਰ ਕਲੀਆਂ ਦੇ ਗਾਇਕ ਸੁਰਿੰਦਰ ਛਿੰਦੇ ਦੇ ਦਫਤਰ ਵੱਲ ਮੋੜ ਦਿੱਤਾ। ਦਰੀ ਦੇ ਬਣੇ ਰੰਗ ਉੱਡੇ ਝੋਲੇ ਵਿੱਚ ਪੋਣੇ ਵਿੱਚ ਵਲੇਟੀਆਂ ਰੋਟੀਆਂ ਵੀ ਸ਼ਾਇਦ ਉਸ ਫ਼ੈਂਸਲੇ ਦੇ ਦਿਨ ਉਸ ਤੋ ਖਾ ਨਾ ਹੋਈਆਂ। ਆਪਣੇ ਲਿਖੇ ਗੀਤਾਂ ਦੀ ਕਾਪੀ ਅਤੇ ਮੈਲੇ ਕੁਚੈਲੇ ਪੋਣੇ ਵਿੱਚ ਬੰਨੀਆਂ ਸੁੱਕੀਆਂ ਰੋਟੀਆਂ ਸਮੇਤ ਆਪਣੇ ਆਪ ਨੂੰ ਚਿੱਤੋ ਮਨੋ ਧਾਰੇ ਉਸਤਾਦ ਦੇ ਚਰਨੀ ਢੇਰੀ ਕਰ ਦਿੱਤਾ। ਉਸ ਸ਼ਾਮ ਸਿੰਦੇ ਨੇ ਉਸ ਨੂੰ ਰੂਹ ਨਾਲ ਸੁਣਿਆ ਤੇ ਆਪਣਾ ਸ਼ਾਗਿਰਦ ਬਣਾ ਲਿਆ। ਹੁਣ ਦੁਨੀ ਰਾਮ ਆਪਣੇ ਸ਼ੌਕ, ਗੀਤ ਸੰਗੀਤ ਦੇ ਗਾਡੀ ਰਾਹ ਪੈ ਚੁੱਕਿਆ ਸੀ। ਬਾਕੀ ਸੱਭ ਕੁਸ਼ ਭੁੱਲ ਭੁਲਾ ਕੇ ਉਸ ਨੇ ਆਪਣੇ ਉਸਤਾਦ ਕੋਲੋ ਜੋ ਸਿੱਖ ਸਕਦਾ ਸੀ ਸਿੱਖਿਆ ਨਾਲੋ ਨਾਲ ਉਹ ਗੀਤਾਂ ਦੀ ਸਿਰਜਣਾ ਵੀ ਨਿਰੰਤਰ ਕਰਦਾ ਰਿਹਾ। ਉਸ ਨੇ ਸੁਰਿੰਦਰ ਛਿੰਦੇ ਲਈ ਬਹੁਤ ਸਾਰੇ ਗੀਤ ਲਿਖੇ। ਛਿੰਦੇ ਦੀ ਸਟੇਜ ਤੇ ਦੁਨੀ ਰਾਮ ਉਸ ਦੀ ਟੋਲੀ ਨਾਲ ਢੋਲਕੀ, ਹਾਰਮੋਨੀਅਮ, ਅਤੇ ਤੂੰਬੀ ਵੀ ਵਜਾਉਂਦਾ।

ਹੌਲੀ ਹੌਲੀ ਅਖਾੜਿਆਂ ਦੌਰਾਨ ਉਹ ਆਪ ਵੀ ਗਾਉਂਣ ਲੱਗ ਪਿਆ ਤੇ ਖਾੜੇ ਦੌਰਾਨ ਗਾਇਕ ਜੋੜੀ ਨੂੰ ਸਾਹ ਵੀ ਦਵਾਉਣ ਲੱਗ ਪਿਆ। ਉਸ ਦੀ ਕਲਾ ਅਤੇ ਹਰਮਨ ਪਿਆਰਤਾ ਦੀ ਖੁਸ਼ਬੂ ਦੂਜੇ ਚੋਟੀ ਦੇ ਗਾਇਕਾਂ ਤੱਕ ਵੀ ਫੈਲ ਗਈ। ਉਸ ਦੇ ਲਿਖੇ ਗੀਤ ਉਸ ਸਮੇਂ ਦੇ ਲੱਗ ਭੱਗ ਸਾਰੇ ਹੀ ਸਟਾਰ ਗਇਕਾ ਨੇ ਗਾਏ। ਕੇ ਦੀਪ, ਮੁਹੰਮਦ ਸਦੀਕ, ਕੁਲਦੀਪ ਮਾਣਕ ਨਾਲ ਵੀ ਉਸ ਨੇ ਕੰਮ ਕੀਤਾ। ਦੁਨੀ ਰਾਮ  ਦਿਨੇ ਰਾਤ ਆਪਣੀ ਧੁੰਨ ਵਿੱਚ ਗੀਤਾਂ ਦੀ ਸਿਰਜਨਾ ਕਰਦਾ ਰਹਿੰਦਾ ਉਸ ਦੇ ਲਿਖੇ ਗੀਤ ਉਸ ਸਮੇਂ ਦੀਆਂ ਚੋਟੀ ਦੀਆਂ ਦੋਗਾਂਣੇ ਗਾਂਉਣ ਵਾਲੀਆਂ ਜੋੜੀਆਂ ਗਾ ਰਹੀਆ ਸਨ। ਉਹ ਆਪਣੀ ਇਸ ਪ੍ਰਾਪਤੀ ਤੇ ਬਹੁਤ ਖੁਸ਼ ਸੀ।

ਪਰੰਤੂ ਗੀਤਾਂ ਦਾ ਮੇਹਨਤਾਨਾਂ ਉਸ ਦੇ ਟੱਬਰ ਦਾ ਗੁਜ਼ਾਰਾ ਨਹੀਂ ਸੀ ਕਰ ਸਕਦਾ ਕਿੳਂਕਿ ਇਸ ਦੌਰਾਨ ਦੁਨੀ ਰਾਮ ਬੀਬੀ ਗੁਰਮੇਲ ਕੌਰ ਨਾਲ ਵਿਆਹਿਆ ਵੀ ਗਿਆ ਸੀ ਤੇ ਦੋ ਧੀਆਂ ਅਮਨਦੀਪ ਕੌਰ ਅਤੇ ਕਮਲਦੀਪ ਕੌਰ ਦਾ ਬਾਪ ਵੀ ਬਣ ਚੁੱਕਿਆ ਸੀ। ਹੁਣ ਉਸ ਨੇ ਆਪ ਆਪਣੇ ਨਾਂ ਤੇ ਆਪਣੀ ਸੰਗੀਤ ਮੰਡਲੀ ਬਣਾਉਣ ਦੀ ਠਾਣ ਲਈ। ਉਸ ਨੇ ਆਪਣਾ ਵਪਾਰਕ ਨਾਮ ਅਮਰ ਸਿੰਘ ਚਮਕੀਲਾਂ ਰੱਖਿਆਂ ਕਿਉਂਕਿ ਗਾਂਉਣ ਵਾਲੇ ‘ਰੰਗੀਲੇ ਜੱਟ’ ਜੋ ਉਸ ਦਾ ਆਦਰਸ਼ ਅਤੇ ਰੋਲ ਮਾਡਲ ਵੀ ਸੀ ਤੋਂ ਦੁਨੀ ਰਾਮ ਬਹੁਤ ਪ੍ਰਭਾਵਤ ਸੀ। ਲੁਧਿਆਣੇ ਬੱਸ ਅੱਡੇ ਦੇ ਸਾਹਮਣੇ ਮੋਗੇ ਵਾਲੇ ਵੈਦਾਂ ਦੇ ਚੁਬਾਰਿਆਂ ਵਿੱਚ ਉਸ ਨੇ ਆਪਣਾ ਦਫਤਰ ਵੀ ਬਣਾ ਲਿਆ। ਪਹਿਲੀ ਜੋੜੀ ਉਸ ਨੇ ਗਾਇਕਾ ਸੁਰਿੰਦਰ ਸੋਨੀਆਂ ਨਾਲ ਬਣਾਈ। ਜਦੋ ਚਮਕੀਲੇ ਅਤੇ ਸੁਰਿੰਦਰ ਸੋਨੀਆਂ ਦਾ ਪਹਿਲਾ ਐਲ ਪੀ ਚਰਨਜੀਤ ਅਹੂਜਾਂ ਦੇ ਸੰਗੀਤ ਵਿੱਚ ਪਰੋਇਆ ਮਾਰਕੀਟ ਵਿੱਚ ਆਇਆ ਤਾਂ ਸਰੋਤਿਆ ਨੇ ਇਸ ਜੋੜੀ ਨੂੰ ਹੱਥੋ ਹੱਥੀ ਚੁੱਕ ਲਿਆ। ਇਸ ਐਲ ਪੀ ਵਿੱਚ ਚਮਕੀਲੇ ਦੇ ਆਪਣੇ ਲਿਖੇ, ਕੰਪੋਜ਼ ਕੀਤੇ ਅਤੇ ਗਾਏੇ ਅੱਠ ਦੋ-ਗਾਣੇ ਸਨ। 1979 ਵਿੱਚ ਆਏ ਇਸ ਇਸ ਐਲ ਪੀ ਨੇ ਚਮਕੀਲੇ ਨੂੰ ਰਾਤੋ ਰਾਤ ਸਟਾਰ ਗਇਕ ਦੇ ਰੁੱਤਬੇ ਤੇ ਲਿਆ ਖੜ੍ਹਾ ਕੀਤਾ।

ਉਸ ਦੇ ਗੀਤਾਂ ਨੂੰ ਸਰੋਤਿਆਂ ਨੇ ਜੀ ਆਇਆਂ ਆਖਿਆਂ ਤੇ ਛੇਤੀ ਹੀ ਗੀਤਾਂ ਦੇ ਮੁੱਖੜੇ ਲੋਕਾਂ ਦੀ ਜ਼਼ੁਬਾਨ ਤੇ ਚੱੜ੍ਹ ਗਏ। ਸੁਰਿੰਦਰ ਸੋਨੀਆਂ ਨਾਲ ਉਸ ਦੀ ਜੋੜੀ 1980 ਵਿੱਚ ਛੇਤੀ ਹੀ ਟੁੱਟ ਗਈ ਤੇ ਨਵੀਂ ਸਾਥਣ ਗਇਕਾ ਆ ਰਲੀ ਮਿਸ ਊਸ਼ਾ। ਮਿਸ ਊਸ਼ਾ ਸ਼ਾਇਦ ਚਮਕੀਲੇ ਦੀ ਬੁਲੰਦ ਅਵਾਜ਼ ਦੇ ਮੇਚ ਦੀ ਨਹੀਂ ਸੀ ਇਹ ਜੋੜੀ ਵੀ ਬਹੁਤਾ ਚਿਰ ਹੰਢਣ ਸਾਰ ਸਾਬਤ ਨਾ ਹੋਈ। ਏਸੇ ਹੀ ਸਾਲ ਚਮਕੀਲੇ ਨੇ ਅਖੀਰ ਆਪਣੇ ਨਾਲ ਮਰਣ ਤੱਕ ਗਾਉਣ ਵਾਲੀ ਅਮਰਜੋਤ ਨੂੰ ਜਾ ਲੱਭਿਆ। ਉਹਨਾਂ ਦਿਨਾਂ ਵਿੱਚ ਅਮਰਜੋਤ ਮਿਸ ਪੂਜਾ ਦੇ ਨਾਂ ਤੇ ਗਾਇਕੀ ਦੇ ਖੇਤਰ ਵਿੱਚ ਹੱਥ ਪੈਰ ਮਾਰ ਰਹੀ ਸੀ ਉਸ ਨੇ ਗਾਇਕੀ ਦੇ ਖੇਤਰ ਵਿੱਚ ਬੁਲੰਦੀ ਹਾਸਲ ਕਰਨ ਲਈ ਆਪਣਾ ਦੰਪਤੀ ਜੀਵਨ ਵੀ ਆਪਣੇ ਸੌ਼ਕ ਲਈ ਦਾਅ ਤੇ ਲਾ ਦਿੱਤਾ ਸੀ ਤੇ ਹੁਣ ਉਹ ਤਲਾਕ-ਸ਼ੁਦਾ ਸੀ।  ਚਮਕੀਲੇ ਨੂੰ ਮਿਲਣ ਸਮੇਂ ਉਹ ਕੁਲਦੀਪ ਮਾਣਕ ਨਾਲ ਗਾ ਰਹੀ ਸੀ ਪਰੰਤੂ ਕੁਲਦੀਪ ਮਾਣਕ ਦੀ ਸਟੇਜ਼ ਤਾਂ ਕਲੀਆਂ ਦੇ ਬਾਦਸ਼ਾਹ ਮਾਣਕ ਜੋਗੀ ਹੀ ਸੀ ਉਥੇ ਮਿਸ ਪੂਜਾ ਦਾ ਕੀ ਵੱਟੀਦਾ ਸੀ ?

ਸਾਥਣ ਗਾਇਕਾ ਤਾਂ ਮਾਣਕ ਸਿਰਫ਼ ਸ਼ਰਾਬੀ ਜਾਂਜੀਆਂ ਦੇ ਮਨਪ੍ਰਚਾਵੇ ਲਈ ਹੀ ਲੈ ਕੇ ਜਾਂਦਾ ਸੀ ਵੈਸੇ ਤਾਂ ਉਹ ਇਕੱਲਾਂ ਹੀ ਬਥੇਰਾ ਸੀ। ਜਿਵੇਂ ਲੰਡੇ ਨੂੰ ਖੁੰਡਾ ਸੌਅ ਵਲ ਪਾ ਕੇ ਮਿਲ ਹੀ ਪੈਂਦਾ ਹੈ, ਉਸੇ ਤਰਾਂ ਚਮਕੀਲੇ ਨੇ ਅਮਰਜੋਤ ਦੀ ਕਲਾ ਪਛਾਣ ਲਈ ਸੀ। ਬਸ ਫਿਰ ਕੀ ਸੀ ਜਦੋਂ ਦੋ ਬੁਲੰਦ ਅਵਾਜ਼ਾ ਇਕੱਠੀਆਂ ਪਿੰਡਾਂ ਦੇ ਕੋਠਿਆਂ ਉੱਪਰ ਦੋ ਮੰਜੀਆਂ ਜੋੜ ਕੇ ਲਾਏ ਸਪੀਕਰਾਂ ਵਿੱਚ ਗੂੰਜੀਆਂ ਤਾਂ ਜੋੜੀ ਗਾਇਕੀ ਦੇ ਅਸਮਾਨ ਤੇ ਧਰੂ ਤਾਰੇ ਵਾਂਗੂ ਚੱਮਕਣ ਲੱਗੀ। ਇਧਰ ਚਮਕੀਲਾਂ ਤੇ ਉਸ ਦੇ ਗੀਤ ਅਸਮਾਨ ਨੂੰ ਛੂਹਣ ਲੱਗੇ ਸਨ ਤੇ ੳਧਰ ਅੱਤਵਾਦ ਦਾ ਦੈਂਤ ਵੀ ਪੰਜਾਬ ਵਿੱਚ ਦਿਨੋ ਦਿਨ ਹੋਰ ਤੋਂ ਹੋਰ ਪ੍ਰਚੰਡ ਰੂਪ ਵਿੱਚ ਤਾਂਡਵ ਨਾਚ ਕਰਨ ਲੱਗਾ। ਹਰ ਰੋਜ਼ ਪੁਲਿਸ ਅਤੇ ਮੋਟਰਸਾਇਕਲ ਵਾਲੇ ਯੋਧੇ ਆਂਮ ਜਨ ਸਧਾਰਣ ਨੂੰ ਕੁੱਟ ਮਾਰ ਤੇ ਕਤਲ ਕਰ ਕੇ ਆਪੋ ਆਪਣਾ ਧਰਮ ਕਮਾਈ ਜਾਂਦੇ ਸਨ। ‘ਚਿੱੜੀਆਂ ਦੀ ਮੌਤ ਤੇ ਗਵਾਰਾਂ ਦਾ ਹਾਸਾ’ ਵਾਲੀ ਸਥਿਤੀ ਬਣੀ ਪਈ ਸੀ। ਇੱਕ ਪਾਸੇ ਲੋਕਾਂ ਨੂੰ ਅਮ੍ਰਿਤ ਛ਼ਕਾ ਕੇ ਅਖੌਤੀ ਧਰਮੀ ਲੋਕ ਨਸ਼ਾ ਛੁਡਾਉਣ ਤੇ ਖਾੜਕੂ ਸਿੰਘ ਸੱਜਣ ਸਜਾਉਣ ਦੀ ਮੁਹਿੰਮ ਚਲਾਈ ਜਾਂਦੇ ਸਨ ਤੇ ਦੂਸਰੇ ਪਾਸੇ ਅਮਰ ਸਿੰਘ ਚਮਕੀਲਾ ਇਹ ਗਾਈ ਜਾ ਰਿਹਾ ਸੀ।
“ਜਦ ਚੱਲਿਆ ਨਾ ਕੋਈ ਚਾਰਾ ਤੇ ਸੁੱਖਾ ਪੀ ਕੇ ਲਿਆ ਨਜਾ਼ਰਾ।
ਚਿੱਤ ਬੜਾ ਸੀ ਭਾਰਾ ਭਾਰਾ,ਮਿਲਦੇ ਅਫੀਮ ਨਾ ਡੋਡੇ ਨੀ,      
ਜੇ ਲੈਣਾ ਸੁਰਗ ਦਾ ਝੂਟਾ ਚੱੜ੍ਹ ਅਮਲੀ ਦੇ ਮੋਢੇ ਨੀ”   
ਜਾਂ
ਜੀਹਨੇ ਭੰਗ ਪੋਸਤ ਨਾ ਪੀਤੀ।
ਤੀਵੀਂ ਕੁੱਟ ਕੇ ਸਿੱਧੀ ਨਾ ਕੀਤੀ।
ਜੀਹਨੇ ਨਸ਼ਾਂ ਪਾਣੀ ਨਹੀਂ ਪੀਣਾ।
ਉਸ ਭੱੜੂਏ ਦਾ ਕੀ ਜੀਣਾ।
ਕੰਡਾ ਕੱਢਿਆਂ ਨਾ ਜੀਹਨੇ ਭੈਣ ਦੀ ਨਨਾਣ ਦਾ।
ਉਹ ਵੈਲੀ ਕਾਹਦਾ ਕੋੜ੍ਹੀ ਹੈ ਜਹਾਨ ਦਾ।


ਧਰਮੀ ਬੰਦੇ ਮੋਟਰ ਸਾਇਕਲ,ਬੰਬ ਬੰਦੂਕਾਂ ਸਿੱਖਣ ਬਣਾਉਣ ਤੇ ਚਲਾਉਣ ਲਈ ਰਾਗੀਆਂ ਢਾਡੀਆਂ ਨਾਲ ਨੌਜਵਾਨਾਂ ਨੂੰ ਪ੍ਰੇਰ ਰਹੇ ਸਨ ਤੇ ਦਾਹੜੀਆਂ ਕੇਸ ਰੱਖਵਾ ਕੇ ਖਾਲਿਸਤਾਨ ਦੀ ਮੁਹਿੰਮ ਵਿੱਚ ਕੁੱਦਣ ਲਈ ਉਕਸਾ ਰਹੇ ਸਨ। ਇੱਕ ਪਾਸੇ ‘ਧੋਤੀ ਟੋਪੀ ਜਮਨਾ ਪਾਰ‘ ਤੇ ਦੂਜੇ ਪਾਸੇ ਕੱਛਾਂ, ਕੜਾ, ਤੇ ਕ੍ਰਿਪਾਨ ਤਿੰਨੋ ਭੇਜੋ ਪਾਕਿਸਤਾਨ‘ ਦੇ ਨਾਹਰੇ ਲੱਗ ਰਹੇ ਸਨ। ਪਿੰਡਾਂ ਦੇ ਧਾਰਮਿਕ ਸਥਾਨਾਂ ਤੇ ਨਾਭੇ ਵਾਲੀਆਂ ਬੀਬੀਆਂ ਦਾਂ ਕਵੀਸ਼ਰੀ ਜੱਥਾ ਜ਼ੋਰਾਂ ਸ਼ੋਰਾਂ ਨਾਲ ਖਾੜਕੂ ਸ਼ਹੀਦਾ ਦੀਆਂ ਵਾਰਾਂ ਗਾਈ ਜਾ ਰਿਹਾ ਸੀ। ਤੇ ਲੱਗਦਾ ਇਉਂ ਸੀ ਜਿਵੇਂ ਚਮਕੀਲਾ ਇਸ ਬਣੀ ਬਣਾਈ ਖੀਰ ਤੇ ਆਪਣੇ ਗਾਏ ਗੀਤਾਂ ਨਾਲ ਖੇਹ ਪਾਈ ਜਾ ਰਿਹਾ ਸੀ।

“ਕੀ ਹੋ ਗਿਆ ਵੇ ਜੱਟਾ ਕੀ ਹੋ ਗਿਆ, ਲੱਭਦਾ ਫਿਰੇ ਵੇ ਤੇਰਾ ਕੀ ਖੋਹ ਗਿਆ”
“ਤੇਰੀ ਮਾਂ ਦੀ ਤਲਾਸੀ਼ ਲੈਣੀ ਨੀ ਬਾਪੂ ਸਾਡਾ ਗੁੰਮ ਹੋ ਗਿਆ।
ਜਾਂ
ਘਰ ਸਾਲੀ ਦੇ ਫਿਰਦਾ ਜੀਜਾ।
ਠਰਕ ਭੋਰਦਾ ਫਿਰਦਾ ਜੀਜਾ।
ਪੈਣਾ ਤੇਰੇ ਕੁਸ਼ ਨਹੀਂ ਪੱਲੇ।
ਨਹੀਂ ਵਕਤ ਵੇਹਲੜਾ ਗਾਲੀਦਾ।         
ਜੀਜਾ ਵੇ ਤੈਨੂੰ,,, ਚਸਕਾ ਪੈ ਗਿਆ ਸਾਲੀ ਦਾ।
ਜਾਣ ਜਾਣ ਕੇ, ਪੰਗਾਂ ਲੈਣਾ।
ਘੜੀ ਮੁੜੀ ਨੀ, ਜੀਜੇ ਨਾਲ ਖਹਿਣਾ।
ਜਾਨ ਮੁੱਠੀ ‘ਚੌ ਕਿਰ ਜਾਂਦੀ।
ਜਦੋ ਲੰਘਦੀ ਲੱਕ ਲਚਕਾਕੇ ਨੀ।
ਗਲ ਲੱਗ ਜਾ ਸਾਲੀਏ, ਸਾਢੂ ਤੋਂ ਅੱਖ ਬਚਾ ਕੇ ਨੀ।


1981 ਵਿੱਚ ਹਿੰਦ ਸਮਾਚਾਰ ਸਮੂਹ ਦੇ ਬਾਨੀ ਲਾਲਾ ਜਗਤ ਨਰਾਇਣ ਦੇ ਦਹਿਸ਼ਤ ਗਰਦਾ ਖਾੜਕੂਆਂ ਹੱਥੋ ਹੋਏ ਕਤਲ ਤੋਂ ਲੈ ਕੇ ਆਏ ਦਿਨ ਪੰਜਾਬ ਵਿੱਚ ਲੁਟਾਂ ਖੋਹਾ ਕਤਲਾਂ ਉਧਾਲਿਆਂ ਫਿਰੌਤੀਆਂ ਦਾ ਬਜ਼ਾਰ ਦਿਨੋ ਦਿਨ ਭੱਖਦਾ ਹੀ ਜਾਂਦਾ ਸੀ। ਧਰਮ ਯੁੱਧ ਮੋਰਚਾ ਪੂਰੇ ਜ਼ੋਰਾਂ ਤੇ ਚਲ ਰਿਹਾ ਸੀ। ਪਰ ਚਮਕੀਲਾ ਗਾ ਰਿਹਾ ਸੀ।

ਕੱਚ ਦੇ ਗਿਲਾਸ ਵਿੱਚ ਰੰਗ ਲਾਲ ਨੀ
ਬਾਬਾ ਖੁੱਦੋ ਖੂੰਡੀ ਖੇਡਦਾ ਜਵਾਕਾਂ ਨਾਲ ਨੀ।
ਜਾਂ
ਠੱਤੀਆਂ ਪਿੰਡਾਂ ‘ਚ ਬਣੀ ਮੇਰੀ ਠਾਠ ਨੀ।
ਬੁੱਢੜਾ ਨਾ ਜਾਣੀ ਪੱਟ ਦੂ ਚੁਗਾਠ ਨੀ


ਜਿਵੇਂ ਜਿਵੇਂ ਪੰਜਾਬ ਵਿੱਚ ਅੱਤਵਾਦ ਚੜ੍ਹਾਈ ਕਰਦਾ ਜਾ ਰਿਹਾ ਸੀ ਬਹੁਤੇ ਗਾਉਣ ਅਤੇ ਖਾੜੇ ਲਾਉਣ ਵਾਲੇ ਯਰਕਣ ਲੱਗ ਪਏ ਸਨ। ਬਹੁਤਿਆ ਨੇ ਤਾ ਬੱਸ ਅੱਡੇ ਦੇ ਸਾਹਮਣੇ ਲੱਗੇ ਆਪਣੇ ਹੋਰਡਾਂ ਅਤੇ ਬੋਰਡਾਂ ਉੱਪਰ ਚਿੱਟੀ ਕਲੀ ਦੀਆਂ ਕੂਚੀਆਂ ਫੇਰ ਦਿੱਤੀਆਂ ਸਨ। ਇਸ ਦੌਰਾਣ ਦਰਬਾਰ ਸਾਹਿਬ ਉੱਪਰ ਸਰਕਾਰ ਨੇ ਹਮਲਾ ਕਰ ਕੇ ਅਕਾਲ ਤਖਤ ਨੂੰ ਢਹਿ ਢੇਰੀ ਕਰ ਦਿਤਾ। ਫਿਰ ਏਸੇ ਹੀ ਸਾਲ ਸ੍ਰੀ ਮਤੀ ਇੰਦਰਾਂ ਗਾਧੀ ਦਾ ਕਤਲ ਉਸ ਦੇ ਸਿੱਖ ਬਾਡੀ ਗਾਰਡਾ ਨੇ ਕਰ ਦਿੱਤਾ ਜਿਸ ਦੇ ਪ੍ਰਤੀਕਰਮ ਵੱਜੋ ਸਾਰੀ ਦਿੱਲੀ ਹੀ ਮੱਚ ਉੱਠੀ। ਸਾਰੇ ਭਾਰਤ ਵਿੱਚ ਹਜ਼ਾਰਾ ਹੀ ਬੇਦੋਸਿ਼ਆਂ ਦਾ ਕਤਲੇਆਮ ਹੋਇਆ। ਸਾਰਾ ਪੰਜ਼ਾਬ ਫੌਜ਼ ਅਤੇ ਸੀ ਆਰ ਪੀ ਦੇ ਹਵਾਲੇ ਕਰ ਦਿੱਤਾ ਗਿਆ। ਹਰ ਰੋਜ਼ ਅੱਣਮਿਥੇ ਸਮੇਂ ਲਈ ਕਰਫਿ਼ਉ,ਬੰਦ, ਰੋਸ ਮੁਜ਼ਾਹਰੇ ਪੰਜਾਬ ਦੇ ਲੋਕਾਂ ਦੀ ਹੋਣੀ ਬਣ ਗਏ। ਪਰ ਚਮਕੀਲਾ ਅਜੇ ਵੀ ਗਾ ਰਿਹਾ ਸੀ।
ਨੀ ਮੈਂ ਰੀਠੇ ਖੇਡਣ ਲਾ ਲੀ ਨੀ, ਕੰਤ ਨਿਆਣੇ ਨੇ।
ਜਾਂ
ਹਾਏ ਸੋਹਣੀਏ ਨੀ ਤੈਨੂੰ ਘੁੱਟ ਕੇ ਕਾਲਜੇ ਲਾਉਣ ਨੂੰ ਨੀ ਮੇਰਾ ਜੀ ਕਰਦਾ।


ਲੋਕ ਚਮਕੀਲੇ ਤੋਂ ਪੁੱਛ ਕੇ ਆਪਣੇ ਵਿਆਹਾਂ ਦੀਆਂ ਤਰੀਕਾਂ ਤੇ ਸਾਹੇ ਬੰਨਣ ਲੱਗ ਪਏ। ਉਹ ਤਿੰਨ ਤਿੰਨ ਅਖਾੜੇ ਦਿਹਾੜੀ ਦੇ ਲਾਉਣ ਲੱਗ ਪਿਆ। ਖਾੜਕੂਆਂ ਨੇ ਕੋਡ ਔਫ ਕਡੰਕਟ ਦੀਆਂ ਦਹਿਸ਼ਤੀ ਚਿੱਠੀਆ ਪੰਜਾਬ ਦੇ ਸਕੂਲਾਂ, ਕਾਲਜਾਂ ਅਖ਼ਬਾਰਾਂ,ਰੇਡੀਉ, ਦੂਰਦਰਸ਼ਨ ਤੇ ਹੋਰ ਪਬਲਿਕ ਅਦਾਰਿਆਂ ਦੇ ਅਫ਼ਸਰਾਂ ਨੂੰ ਪਾਉਣੀਆਂ ਸ਼਼ੂਰੁ ਕਰ ਦਿੱਤੀਆਂ। ਹਰ ਬੁੱਧੀਜੀਵੀ, ਗੀਤਕਾਰ, ਨਾਟਕਕਾਰ, ਪੱਤਰਕਾਰ, ਸਿਆਸੀ ਲੀਡਰ, ਸਿੱਖ, ਹਿੰਦੂ, ਮੁਸਲਮਾਨ ਜੋ ਵੀ ਪੰਜਾਬ ਦੇ ਲੋਕਾਂ ਵਿੱਚ ਆਪਸੀ ਭਾਈਚਾਰੇ ਅਤੇ ਸਦ-ਭਾਵਨਾ ਦੀ ਗੱਲ ਕਰਦਾ ਸੀ ਖਾੜਕੂਆਂ ਦਹਿਸ਼ਤਗਰਦਾ ਦੀ ਹਿੱਟ ਲਿਸਟ ਉੱਪਰ ਸੀ ਇਥੋਂ ਤੱਕ ਲਲਾਰੀਆਂ,ਨਾਂਈਆਂ,ਝੱਟਕਈਆਂ,ਸਿਗਰਟਾਂ,ਸ਼ਰਾਬ,ਗੀਤ-ਸੰਗੀਤ ਦੀਆਂ ਕੈਸਟਾਂ ਵੇਚਣ ਵਾਲਿਆ ਨੇ ਆਪਣੇ ਧੰਦੇ ਠੱਪ ਕਰ ਦਿੱਤੇ ਸਨ।

ਸ਼ਹਿਰਾਂ ਵਿੱਚ ਹਾਰ ਸਿ਼ਗਾਰ ਅਤੇ ਅਤਰ ਫੁਲੇਲ ਵਾਲੇੇ ਭੀੜੇ ਬਜ਼ਾਰ ਜੋ ਕਦੀ ਪੰਜਾਬ ਦੀਆਂ ਜਵਾਨ ਨੱਢੀਆਂ ਦੇ ਟੋਲਿਆਂ ਨਾਲ ਭਰੇ ਹੁੰਦੇ ਸਨ ਹੁਣ ਚਾਰ ਵੱਜੇ ਤੋਂ ਬਾਅਦ ਭਾਂਅ ਭਾਂਅ ਕਰਨ ਲੱਗ ਪਏ ਸਨ। ਮੋਚਨੇ,ਬਲੇਡ,ਸੁਰਖ਼ੀ, ਨੌਹ ਪਾਲਿਸ਼, ਪਾਉਡਰ,ਰੰਗ ਬਰੰਗੀਆਂ ਵੰਗਾਂ ਦੇ ਡੱਬੇ ਦੁਕਾਨਦਾਰਾਂ ਨੇ ਪਿੱਛਲੇ ਅੰਦਰੀ ਸਾਂਭ ਦਿੱਤੇ ਸਨ। ਤਿੱਖੀ ਕਟਾਰ ਵਰਗੀਆਂ ਸੇਹਲੀਆਂ ਦੀ ਥਾਂ ਤੇ ਹੁਣ ਮੋਟ੍ਹੇ ਭਰਵੱਟਿਆ ਦਾ ਰਾਜ ਸੀ। ਲੰਮੀਆਂ ਸਰੀਰ ਦੇ ਅੱਧ ਤੱਕ ਆੳਂਦੀਆਂ ਗੱਜ ਗੱਜ ਲੰਮੀਆਂ ਰੰਗ ਬਰੰਗੇ ਪਰਾਂਦਿਆਂ ਨਾਲ ਸਜੀਆਂ ਗੁੱਤਾ ਹੁਣ ਪੀਲੇ ਦੁਪੱਟਿਆਂ ਥੱਲੇ ਅੱਧ ਮੋਏ ਨਾਗਾਂ ਵਾਂਗ ਸਹਿਕ ਰਹੀਆਂ ਸਨ ਜਾਂ ਫਿਰ ਸਿਰਾਂ ਉੱਪਰ ਜੂੜਿਆਂ ਦੇ ਰੂਪ ਵਿੱਚ ਉੱਗ ਆਈਆਂ ਸਨ। ਪੰਜਾਬ ਦੇ ਪਿੰਡਾਂ ਸ਼ਹਿਰਾਂ ਵਿੱਚੋ ਨਿੱਕੇ ਤੋਂ ਲੈ ਕੇ ਵੱਡਾ ਕਾਰੋਬਾਰੀ ਬੰਦਾ ਦਹਿਸ਼ਤ ਦਾ ਮਾਰਿਆਂ ਆਪਣਾ ਧੰਦਾ ਮਹਿਗਾਂ ਸਸਤਾ ਵੇਚ ਕੇ ਅੱਖਾਂ ਵਿੱਚ ਹੈਰਾਨੀ ਦੇ ਅੱਥਰੂ ਲਈ ਹਰਿਆਣੇ ਦਿੱਲੀ ਵੱਲ ਪਲਾਇਨ ਕਰਦਾ ਜਾ ਰਿਹਾ ਸੀ। ਖਾੜਕੂਆਂ ਦਹਿਸ਼ਤ ਗਰਦਾ ਦੀ ਖਿੱਚੀ ਕੋਡ ਔਫ ਕਡੰਕਟ ਦੀ ਲੀਕ ਨਾਲ ਮੇਚ ਨਾ ਆਣ ਵਾਲੇ ਅਖ਼ਬਾਰਾਂ ਦੇ ਮਾਲਕਾਂ, ਪੱਤਰਕਾਰਾਂ, ਇਥੋ ਤੱਕ ਅਖ਼ਬਾਰ ਵੰਡਣ ਵਾਲੇ ਗ਼ਰੀਬ ਹਾਕਰ ਏ ਕੇ ਸੰਤਾਲੀ ਦੀਆਂ ਮੂਫ਼ਤ ਇੰਮਪੋਰਟ ਹੋਈਆਂ ਵਿਦੇਸ਼ੀ ਗੋਲੀਆਂ ਦਾ ਸਿ਼ਕਾਰ ਬਣਨ ਲੱਗ ਪਏ ਸਨ। ਦਹਿਸ਼ਤਗਰਦਾਂ ਖਾੜਕੂਆਂ ਨੇ ਕੋਡ ਔਫ ਕਡੰਕਟ ਨੂੰ ਨਾ ਮੰਨਣ ਵਾਲੇ ਲੋਕਾਂ ਨੂੰ ਝੂਟੇ ਦੇਣੇ ਤੇ ਗੱਡੀ ਚਾਹੜਨਾ ਰੂਟੀਨ ਵਿੱਚ ਸ਼ੂਰੁ ਕਰ ਦਿੱਤਾ ਸੀ। ਇਥੇ ਚਮਕੀਲਾਂ ਕਿਹੜੇ ਬਾਗ ਦੀ ਮੂਲੀ ਸੀ। ਉਸ ਸਮੇਤ ਸਾਰੇ ਹੋਰ ਗਾੳਂੁਣ ਵਾਲਿਆ ਨੂੰ ਵੀ ਦਹਿਸ਼ਤੀ ਰੁੱਕੇ ਆਉਂਣ ਲੱਗੇ।

ਬਹੁਤ ਸਾਰੇ ਮਸ਼ਹੂਰ ਗਾਇਕ ਚੁੱਪ ਸਾਧ ਗਏ, ਕਈ ਵਿਦੇਸ਼ਾ ਵਿੱਚ ਜਾ ਕੇ ਬੈਠ ਗਏ ਤੇ ਕਈ ਨਾਮੀ ਗਾਇਕ ਬੰਬੇ ਜਾ ਕੇ ਫਿਲਮਾਂ ਵਿੱਚ ਮਾਹੜੇ ਮੋਹਟੇ ਹੱਥ ਪੈਰ ਮਾਰਨ ਲੱਗ ਪਏ। ਪਰ ਚਮਕੀਲਾ ਅਜੇ ਵੀ ਪਿੰਡਾ ਵਿੱਚ ਪੰਜ਼ਾਬ ਪੁਲੀਸ ਵੱਲੋ ਲੋਕਾਂ ਵਿੱਚੋ ਖਾੜਕੂਆਂ ਦੀ ਦਹਿਸ਼ਤ ਚੁੱਕਣ ਦੇ ਮਨਸੂਬੇ ਨਾਲ ਲਵਾਏ ਖਾੜਿਆਂ ਵਿੱਚ ਲਗਾਤਾਰ ਮੁਫਤ ਗਾ ਰਿਹਾ ਸੀ ਜਾਂ ਉਸ ਤੋਂ ਗਵਾਇਆ ਜਾ ਰਿਹਾ ਸੀ। ਉਸ ਨੂੰ ਲਗਾਤਾਰ ਦਹਿਸ਼ਤੀ ਚਿੱਠੀਆਂ ਆ ਰਹੀਆ  ਸਨ ਜੇ ਉਹ ਲੱਚਰ ਗਾਉਣੋ ਨਾ ਰੁਕਿਆ ਤਾਂ ਉਸ ਨੂੰ ਸੋਧ ਦਿੱਤਾ ਜਾਵੇਗਾ। ਇੱਕ ਸਾਲ ਚਮਕੀਲਾਂ ਬਿਲਕੁਲ ਮੌਨ ਧਾਰ ਗਿਆ।  ਸਾਲ ਬਾਅਦ ਚਮਕੀਲੇ ਤੇ ਅਮਰਜੋਤ ਦੇ ਤਿੰਨ ਧਾਰਮਿਕ ਐਲ ਪੀ ਮਾਰਕੀਟ ਵਿੱਚ ਆਏ।
ਬਾਬਾ ਤੇਰਾ ਨਨਕਾਣਾ।
ਤਲਵਾਰ ਮੈ ਕਲਗੀਧਰ ਦੀ ਹਾਂ।
ਨਾਮ ਜੱਪ ਲੈ।                                            
                                  
ਦੂਜੇ ਗੀਤਾਂ ਵਾਂਗ ਇਹ ਧਾਰਮਿਕ ਗੀਤ ਵੀ ਰਾਤੋ ਰਾਤ ਲੋਕਾਂ ਦੀ ਜੁਬਾਨ ਤੇ ਚੜ੍ਹ ਗਏ। ਇਨ੍ਹਾਂ ਤਿੰਨਾਂ ਹੀ ਐਲ ਪੀਆਂ ਦੀ ਰਇਲਟੀ ਵਿੱਚੋਂ ਚਮਕੀਲੇ ਨੇ ਇੱਕ ਧੇਲਾ ਵੀ ਨਹੀ ਲਿਆ। ਸਾਰਾ ਲਾਭ ਸਥਾਨਕ ਗਰੂਦਵਾਰਿਆਂ ਅਤੇ ਧਾਰਮਿਕ ਸਥਾਨਾਂ ਨੂੰ ਦਾਨ ਦੇ ਰੂਪ ਵਿੱਚ ਭੇਟ ਕਰ ਦਿੱਤਾ। ਦਲੀਲ ਚਮਕੀਲੇ ਦੀ ਇਹ ਸੀ ਕਿ ਜੇ ਪ੍ਰਮਾਤਮਾ ਸੱਚੇ ਪਾਤਸ਼ਾਹ ਨੇ ਉਸ ਨੂੰ ਏਡੀ ਬੁਲੰਦ ਅਵਾਜ਼ ਦਿੱਤੀ ਹੈ ਤਾਂ ਉਸ ਦਾ ਵੀ ਗੁਰੂਆਂ ਪ੍ਰਤੀ ਕੁਸ਼ ਫਰਜ਼ ਬਣਦਾ ਹੈ ਜਿੰਨਾਂ ਨੇ ਕੌਮ ਲਈ ਸਰਬੰਸ਼ ਵਾਰ ਦਿੱਤਾ ਸੀ। ਪਿੰਡ ਮਹਿਸਮ ਪੁਰ ਮੌਤ ਦੀ ਆਖਰੀ ਸਟੇਜ ਤੱਕ ਪਹੁੰਚਦਿਆਂ ਚਮਕੀਲੇ ਤੇ ਅਮਰਜੋਤ ਦੀ ਜੋੜੀ ਨੇ ਚਮਕੀਲੇ ਦੇ ਲਿਖੇ ਨੱਬੇ ਗੀਤ ਰਿਕਾਰਡ ਕਰਵਾ ਦਿੱਤੇ ਸਨ ਅਤੇ ਦੋ ਸੌਅ ਦੇ ਕਰੀਬ ਗੀਤ ਚਮਕੀਲੇ ਨੇ ਹੋਰ ਲਿਖੇ ਪਏ ਸਨ। ਇੱਕ ਢੋਲਕੀ, ਦੂਜਾ ਹਾਰਮੋਨੀਅਮ, ਤੇ ਤੀਜੀ ਤੂੰਬੀ ਤੋ ਵੱਧ ਇਸ ਬੁਲੰਦ ਅਵਾਜ਼ ਦੇ ਮਾਲਕ ਗਾਇਕ ਨੂੰ ਹੋਰ ਕੁੱਝ ਵੀ ਨਹੀਂ ਚਾਹੀਦਾ ਸੀ।

ਚਮਕੀਲਾ ਕਲਮ ਅਤੇ ਅਵਾਜ਼ ਦਾ ਧਨੀ ਸੀ। ਚਮਕੀਲੇ ਦੇ ਗੀਤ ਪੰਜਾਬੀ  ਫਿਲਮਾਂ ਲਈ ਵੀ ਚੁਣੇ ਜਾਣ ਲੱਗੇ। ‘ਪਹਿਲੇ ਲਲਕਾਰੇ ਨਾਲ ਮੈਂ ਡਰ ਗਈ’ 1987 ਵਿੱਚ ਬਣੀ ਫਿਲਮ ‘ਪਟੋਲਾ’ ਦਾ ਸਾਂਉਡ ਟਰੈਕ ਸੀ। ‘ਮੇਰਾ ਜੀ ਕਰਦਾ’ ਇਹ ਦੂਜਾ ਗੀਤ ਉਸ ਨੇ ਪੰਜਾਬੀ ਫਿਲਮ ‘ਦੁਪੱਟੇ’ ਲਈ ਗਾਇਆ ਇਹ ਦੋਵੇ ਫਿਲਮਾਂ ਚਮਕੀਲੇ ਦੇ ਗੀਤਾਂ ਅਤੇ ਫਿਲਮ ਵਿੱਚ ਵਿਖਾਏ ਚਮਕੀਲੇ ਅਤੇ ਅਮਰਜੋਤ ਦੇ ਅਖਾੜੇ ਕਰ ਕੇ ਸੁਪਰ ਹਿੱਟ ਹੋਈਆਂ। ਚਮਕੀਲੇ ਨੇ ਦੂਰਦਰਸ਼ਨ ਤੇ ਵੀ ਗਾਇਆ। ਜਿਸ ਦਿਨ ਚਮਕੀਲੇ ਦੇ ਕਤਲ ਦੀ ਖ਼ਬਰ ਅਖ਼ਬਾਰਾਂ ਵਿੱਚ ਛਪੀ ਸਰਕਾਰੀ ਅਦਾਰੇ ਦੂਰਦਰਸ਼ਨ ਦੇ ਪ੍ਰਬੰਧਕਾਂ ਨੇ ਡਰਦਿਆ ਅਗਲੇ ਦਿਨ ਹੀ ਚਮਕੀਲੇ ਦੀ ਵੀਡੀਉ ਹਵਾ ਵਿੱਚੋਂ ਗਾਇਬ ਕਰ ਦਿਤੀ। ਗ਼ਰੀਬ ਕਲਾਕਾਰ ਮਾਰਿਆ ਗਿਆ ਜਿਹੋ ਜਿਹਾ ਕਾਂ ਬਿਜਲੀ ਦੀ ਤਾਰ ਨਾਲ ਲੱਗ ਕੇ ਮਰ ਗਿਆ ਸਾਥਣ ਗਇਕਾ ਅਮਰਜੋਤ ਅਤੇ ਸਾਥੀ ਸਾਜਿੰਦੇ ਵੀ ਮਾਰੇ ਗਏ ਆਖਿਰ ਕਿਉਂ?
ਸਰਕਾਰੀ ਕਾਗਜ਼ਾਂ ਵਿੱਚ ਅਮਰ ਸਿੰਘ ਚਮਕੀਲੇ ਦਾ ਕਤਲ ਅੱਜ ਤੱਕ ਵੀ ਅਣਸੁਲਝਿਆ ਕਤਲ ਹੈ। ਪਰੰਤੂ ਕਿਆਫ਼ੇ ਇਉਂ ਹਨ।
ਅਖੇ,

1 ਚਮਕੀਲਾ ਲੱਚਰ ਗਾੳਂਦਾ ਸੀ ਜਾਂ ਗਾ ਕੇ ਖਾੜਕੂਆਂ ਦੀ ਦਹਿਸ਼ਤ ਦੀ ਕਾਲੀ ਛੱਤਰੀ ਵਿੱਚ ਮਘੋਰਾ ਕਰਦਾ ਸੀ। ਸ਼ਇਦ ਤਾਂ ਹੀ ਖਾੜਕੂਆਂ ਨੇ ਸੋਧ ਦਿੱਤਾ ?।

2 ਅਮਰਜੋਤ ਤਰਖਾਣੀ ਜਾਂ ਜੱਟੀ ਸੀ ? ਦੁਨੀ ਰਾਮ ਉਰਫ਼ ਅਮਰ ਸਿੰਘ ਚਮਕੀਲਾ ਚਮਿਆਰ ਸੀ। ਇਹ ਰਿਸ਼ਤਾ ਅਮਰਜੋਤ ਦੇ ਘਰ ਵਾਲਿਆਂ ਨੂੰ ਪਸੰਦ ਨਹੀਂ ਸੀ ਸ਼ਾਇਦ ਅਮਰਜੋਤ ਦੇ ਮਾਪਿਆ ਨੇ ਇਹ ਕਤਲ ਕਰਵਾਏ ਹੋਣ ?

3 ਕੁਝ ਲੋਕ ਇਉਂ ਵੀ ਕਹਿ ਰਹੇ ਹਨ। ਸਮਕਾਲੀ ਗਾਇਕਾਂ ਜੋ ਚਮਕੀਲੇ ਦੀ ਚੜ੍ਹਾਈ ਨਾਲ ਹੱਸਦ ਕਰਦੇ ਸਨ ਉਨ੍ਹਾਂ ਨੇ ਸੁਪਾਰੀ ਦੇ ਕੇ ਚਮਕੀਲੇ ਦਾ ਕਤਲ ਕਰਵਾ ਦਿੱਤਾ ਤਾਂ ਜੋ ਮੈਦਾਨ ਉਨ੍ਹਾਂ ਲਈ ਸਾਫ਼ ਹੋ ਸਕੇ ?

ਪਰ ਭੱਠੇ ਦੀ ਚਿਮਨੀ ਵਰਗਾ ਧੂੰਆਂ ਛੱਡਦਾ ਸਵਾਲ ਮੱਗਰਮੱਛ ਜਿੱਡਾ ਮੂੰਹ ਅੱਡੀ ਅੱਜ ਬਾਈ ਸਾਲ ਬਾਅਦ ਵੀ ਉਵੇਂ ਦਾ ਉਵੇਂ ਹੀ ਕਾਲੇ ਨਾਗ ਵਾਂਗ ਫੰਨ੍ਹ ਖਿਲਾਰੀ  ਖਲੋਤਾ ਹੈ। ਕਿਉਂ ਤੇ ਕਿਉਂ ਸਿਰਫ ਚਮਕੀਲੇ ਦਾ ਹੀ ਇਸ ਅਖੌਤੀ ਲਚਰਤਾ ਦੇ ਦੋਸ਼ ਵਿੱਚ ਬੇਦਰਦੀ ਨਾਲ ਕਤਲ ?। ਅਖੇ ਚਮਕੀਲਾ ਲੱਚਰ ਗਾਂਉਦਾ ਸੀ। ਚਮਕੀਲੇ ਦੇ ਖਾੜਿਆਂ ਨੂੰ ਪਿੰਡਾ ਦੇ ਸੌ਼ਕੀ ਜਵਾਨ ਤੇ ਸਮਰੱਥਾਂ ਵਾਨ ਗੱਭਰੂ ਹੀ ਆਪਣੇ ਵਿਆਹਾ ਤੇ ਚਾਰ ਚਾਰ ਹਜ਼ਾਰ ਰੁਪੱਈਆਂ ਤਿੰਨ ਤਿੰਨ ਮਹੀਨੇ ਪਹਿਲਾਂ ਪੂਰਾ ਅਡਵਾਂਸ  ਦੇ ਕੇ ਲਗਵਾਉਂਦੇ ਸਨ। ਵਿਆਹ ਵਾਲੇ ਦੋਵੇ ਘਰ ਹੀ ਚਮਕੀਲੇ ਦੇ ਖਾੜੇ ਲਈ ਸਹਿਮਤ ਹੁੰਦੇ ਸਨ। ਦੋਹਾਂ ਹੀ ਘਰਾਂ ਦੇ ਪਰਵਾਰ ਆਪਣੇ ਬੱਚਿਆ, ਔਰਤਾਂ ਸਮੇਤ ਖਾੜੇ ਵਿੱਚ ਹਾਜ਼ਰ ਹੋ ਕੇ ਉਸ ਦੇ ਗੀਤ ਜੋ ਉਨ੍ਹਾਂ ਦੀ ਹੀ ਸਮਝ ਵਿੱਚ ਆਂਉਣ ਵਾਲੀ ਪੇਂਡੂ ਭਾਸ਼ਾ ਵਿੱਚ ਹੁੰਦੇ ਸਨ ਸੁਣਦੇ ਸਨ, ਅਨੰਦ ਮਾਣਦੇ ਸਨ ਤੇ ਹੱਸ ਛੱਡਦੇ ਸਨ।

ਮੈਂ ਅੱਜ ਤੱਕ ਕਿਤੇ ਵੀ ਇਹ ਨਹੀਂ ਸੁਣਿਆ ਕਿ ਕਿਸੇ ਆਦਮੀ ਨੇ ਚਮਕੀਲੇ ਦਾ ਖਾੜਾ ਵੇਖ ਕੇ ਰਾਹ ਜਾਂਦੀ ਕਿਸੇ ਔਰਤ ਨਾਲ ਬਲਾਤਕਾਰ ਕਰ ਲਿਆ ਹੋਵੇ ?। ਜੇ ਚਮਕੀਲਾਂ ਪਿੰਡਾ ਦੇ ਸਧਾਰਣ ਲੋਕਾਂ ਨੂੰ ਗਾਂਉਦਾ ਲੱਚਰ ਪ੍ਰਤੀਤ ਹੁੰਦਾਂ ਤਾਂ ਉਸ ਦਾ ਕਤਲ ਪਿੰਡਾਂ ਦੀਆਂ ਮਾਤਾਵਾਂ ਜਾ ਬਜ਼਼ੁਰਗਾਂ ਨੇ ਆਪਣਿਆਂ ਖੂੰਡਿਆਂ ਜਾਂ ਤੰਦੂਰ ਵਿੱਚ ਅੱਗ ਹਿਲਾਉਣ ਵਾਲੇ ਧੂੰਆਂ ਛੱਡਦੇ ਕੁੱਢਣਾ ਜਾਂ ਖੁੱਲਣੀਆਂ ਨਾਲ ਕਰਨਾ ਸੀ ਨਾ ਕਿ ਸਮਾਜ ਦੇ ਅਖੌਤੀ ਠੇਕੇਦਾਰਾਂ, ਏ ਕੇ ਸੰਤਾਲੀ ਵਾਲਿਆ ਨੇ। ਜੇ ਇਸੇ ਹੀ ਲੱਚਰਤਾ ਵਾਲੇ ਗਜ ਨਾਲ ਮਿਣ ਕੇ ਲੇਖਕਾਂ,ਗਇਕਾਂ, ਕਲਾਕਾਰਾਂ ਦਾ ਕਤਲ ਜਾਇਜ਼ ਹੈ ਤਾਂ ਸੱਭ ਤੋਂ ਪਹਿਲਾ ਅੱਜ ਤੋਂ ਚੌਵੀ ਸੌ ਸਾਲ ਪਹਿਲਾ ਲਿਖੇ ਜਗਤ ਪ੍ਰਸਿਧ ਗਰੰਥ ਕਾਮ-ਸੂਤਰ ਦੇ ਲੇਖਕ ਮਹਾਰਿਸ਼ੀ ਮਾਲੰਗਾ ਵਾਤਸਿਆਨ ਨੂੰ ਗੋਲੀ ਮਾਰਨੀ ਚਾਹੀਦੀ ਸੀ ਤੇ ਫਿਰ ਦਸ਼ਮ ਗਰੰਥ ਵਿੱਚ ਦਰਜ ਚਰਿਤ੍ਰੋਪਾਖਿਆਂਨ ਦੇ ਲੇਖਕ ਨੂੰ ਦੁਗਾੜਾ ਵੱਜਣਾ ਚਾਹੀਦਾ ਸੀ ਉਸ ਤੋਂ ਬਾਅਦ ਹੀਰ ਦੇ ਰਚੇਤਾ ਵਾਰਸ ਸ਼ਾਹ਼ ਦੀ ਵਾਰੀ ਆਉਂਦੀ ਹੈ ਬੰਬ ਨਾਲ ਉਡਾਉਣ ਦੀ ਤੇ ਫਿਰ ਭਾਵੇਂ ਚਮਕੀਲੇ ਤੇ ਐਟਮ-ਬੰਬ ਵੀ ਸੁੱਟ ਦਿੰਦੇ।

ਹੋਰ ਵੀ ਬਥੇਰੇ ਗਇਕ ਜੀਜਾ ਸਾਲੀ, ਦਿਉਰ ਭਰਜਾਈ,ਕੁੜਮ ਕੁੜਮਣੀਆਂ ਬਾਰੇ ਪੁੱਠੀਆਂ ਸਿੱਧੀਆਂ ਤਾਰਾਂ ਜੋੜਨ ਵਾਲੇ ਗੀਤ ਗਾਈ ਜਾਂਦੇ ਸਨ। ਰੋਜ਼ ਦੇ ਦੋ-ਗਾਣੇ ਸੁਣਨ ਵਾਲਿਆ ਵਾਸਤੇ ਇਹ ਜਾਣਕਾਰੀ ਦੇਣੀ ਕੋਈ ਜਰੂਰੀ ਨਹੀਂ ਹੈ। ਅਣ-ਸੁਲਝਿਆਂ ਕੇਸ ਤਾਂ 23 ਜੂਨ 1985 ਨੂੰ ਟੋਰੰਟੌ ਤੋਂ ਦਿੱਲੀ ਜਾ ਰਹੀ ਏਅਰ ਇੰਡੀਆਂ ਦੀ 182 ਨੰਬਰ ਫਲਾਇਟ ਦਾ ਵੀ ਹੈ ਜੋ 329 ਮੁਸ਼ਾਫਰਾਂ ਸਮੇਤ ਵਿੱਚ ਰੱਖੇ ਬੰਬ ਦੇ ਫਟਣ ਦੀ ਵਜਹਾ ਨਾਲ ਖੱਖੜੀਆਂ ਕਰੇਲੇ ਹੋਕੇ ਸਮੁੰਦਰ ਵਿੱਚ ਡਿੱਗ ਪਈ ਸੀ । ਬੰਬ ਘਾੜਾ ਅਜੇ ਵੀ ਲਗਾਤਾਰ ਸੌਂਹਾ ਖਾ ਖਾਂ ਕੇ ਅਦਾਲਤ ਵਿੱਚ ਝੂਠ ਬੋਲ ਰਿਹਾ ਹੈ। ਮਸਲਾ, ਪੰਜਾਬ ਵਿੱਚ ਹਜ਼ਾਰਾ ਬਕਸੂਰੇ ਸਿੱਖ, ਹਿੰਦੂ, ਤੇ ਕਿਸੇ ਵੀ ਧਰਮ ਨੂੰ ਨਾ ਮੰਨਣ ਵਾਲੇ ਕਾਮਰੇਡਾ ਜਿੰਨਾਂ ਦਾ ਸਿਰਫ਼ ਤੇ ਸਿਰਫ ਇੱਕੋ ਹੀ ਧਰਮ ਸੀ ‘ਇਨਸਾਨੀਅਤ’ ਦੇ ਕਤਲਾਂ ਦਾ ਵੀ ਹੈ। ਲੋਕ ਮਰਿਆ ਸੁਣ ਕੇ ਹੀ ਕਿਸੇ ਨੂੰ ਮਰਿਆ ਯਕੀਨ ਨਹੀਂ ਕਰ ਲੈਂਦੇ। ਉਨ੍ਹਾਂ ਨੂੰ ਮੌਤ ਦੇ ਕਾਰਨਾਂ, ਲਾਸ਼ ਦੀ ਪਛਾਣ, ਜਾਂ ਕੋਈ ਮਰ ਗਏ ਆਪਣੇ ਘਰ ਦੇ ਜੀ ਦੇ ਪੁੱਖਤਾ ਸਬੂਤ ਹੀ ਭੋਗ ਪਾਉਣ ਲਈ ਤਿਆਰ ਕਰ ਸਕਦੇ ਹਨ। ਨਹੀਂ ਤਾਂ ਗਵਾਚਿਆਂ ਨੂੰ ਲੋਕ ਰਹਿੰਦੀ ਹਯਾਤੀ ਤੱਕ ਉਡੀਕਦੇ ਰਹਿੰਦੇ ਹਨ। ਇਸੇ ਕਰਕੇ ਚਮਕੀਲਾ ਮਰਿਆ ਨਹੀਂ ਹੈ ਉਹ ਆਪਣੇ ਸਰੋਤਿਆਂ ਦੇ ਦਿਲਾਂ ਵਿੱਚ ਅੱਜ ਵੀ ਜਿੰਦਾਂ ਹੈ। ਉਹ ਗਵਾਚਿਆ ਹੈ,ਤੇ ਉਸ ਦੇ ਗੀਤ ਅੱਜ ਵੀ ਜਿੰਦਾ ਹਨ। ਦਰਜ਼ਨਾ ਹੀ ਗਇਕ ਜੋੜੀਆਂ ਨੇ ਚਮਕੀਲੇ ਅਤੇ ਅਮਰਜੋਤ ਦੀ ਤਰਜ਼ ਤੇ ਗੀਤ ਗਾ ਕੇ ਤੇ ਉਸ ਮੁਕਾਮ ਤੇ ਪਹੁੰਚਣ ਦੀ ਕੋਸ਼ਸ ਵਿੱਚ ਚਮਕੀਲੇ ਦੀ ਗਾਇਕੀ ਦੇ ਸੇਕ ਨੂੰ ਲਗਾਤਾਰ ਅੱਜ ਤੱਕ ਜਿ਼ੰਦਾ ਰੱਖਿਆਂ ਹੈ। ਭੁੱਬਲ ਵਿੱਚ ਦੱਬੀ ਅੱਗ ਵਾਂਗ।

ਉਸ ਦੇ ਗੀਤ ਅੱਜ ਵੀ ਗੁਰਦੁਆਰਿਆਂ, ਬੱਸਾਂ, ਟਰੱਕਾਂ, ਮੋਬਾਇਲ ਟੈਲੀਫੋਨਾਂ ਵਿੱਚ ਲਗਾਤਾਰ ਵੱਜ ਰਹੇ ਹਨ। ਬਾਲੀਵੁੱਡ ਅਦਾਕਾਰ ਕੁਨਾਲ ਕਪੂਰ ਨੇ ਤਾਂ ਚਮਕੀਲੇ ਦੀ ਜ਼ਿੰਦਗੀ ਉੱਪਰ ਫਿਲਮ ਵੀ ਬਣਾ ਦਿੱਤੀ ਹੈ। ਇੰਟਰਨੈੱਟ ਉੱਪਰ ਕੱਤੀ ਸੌਅ ਵੈਬ ਸਾਇਟਾਂ ਹਨ ਚਮਕੀਲੇ ਦੇ ਨਾਂ ਦੀਆਂ। ਅਮਰ ਸਿੰਘ ਚਮਕੀਲੇ ਦੀ ਧੀ ਕਮਲ ਚਮਕੀਲਾ ਨੇ ਆਪਣੇ ਬਾਬਲ ਦੇ ਗੀਤਾਂ ਨੂੰ ਆਪਣੀ ਅਵਾਜ਼ ਵਿੱਚ ਗਾ ਕੇ ਪਿਉ ਨੂੰ ਸੱਚੀ ਹੀ ਸਰਧਾਜ਼ਲੀ ਦਿੱਤੀ ਹੈ ਅਸਲ ਵਿੱਚ ਇਹ ਸਰਧਾਜ਼ਲੀ ਨਹੀਂ ਹੈ। ਇਹ ਤਾਂ ‘ਵੈਣ’ ਹਨ। ਉਸ ਧੀ ਦੇ, ਜਿਸ ਦਾ ਕਲਾਕਾਰ ਬਾਪ ਉਸ ਦੀ ਸੁਰਤ ਸੰਭਾਲਣ ਤੋਂ ਪਹਿਲਾਂ ਹੀ ਬੇਕਸੂਰਾਂ ਵਿਦੇਸੀ਼ ਗੋਲੀਆਂ ਦੀਆਂ ਬੁਛਾੜਾਂ ਨਾਲ ਨਿਹੱਕਾ ਹੀ ਮਾਰਿਆ ਗਿਆ ਸੀ।

ਅੰਬਰਾਂ ਨੂੰ ਛੂਹਣਗੀਆਂ, ਸੁਰਾਂ ਸੁਰੀਲੀਆਂ ਜੱਗ ਵਿੱਚ ਲੱਖਾਂ।
ਉਹਦੀ ਰੂਹ ਨੂੰ ਵਿਲਕਦੀਆਂ, ਰਹਿਣਗੀਆਂ ਸਾਰੇ ਜੱਗ ਦੀਆਂ ਅੱਖਾਂ।
ਅੱਜ ਭਲਕੇ ਸੱਦ ਲੈਣਾ, ਸਭ ਨੂੰ ਧਰਮਰਾਜ ਦੇ ਸੰਮਣਾ।
ਲੱਖ ਜੰਮਦੀ ਰਹੂ ਦੁਨੀਆ, ਲੋਕੋ ਨਹੀਂ ਚਮਕੀਲਾ ਜੰਮਣਾ।
(ਕਮਲ ਚਮਕੀਲਾ)   

Comments

ਯਾਦ ਬਿੰਦ

ਚਮਕੀਲਾ ਮਰਿਆ ਨਹੀਂ ਹੈ ਉਹ ਆਪਣੇ ਸਰੋਤਿਆਂ ਦੇ ਦਿਲਾਂ ਵਿੱਚ ਅੱਜ ਵੀ ਜਿੰਦਾਂ ਹੈ। ਉਹ ਗਵਾਚਿਆ ਹੈ,ਤੇ ਉਸ ਦੇ ਗੀਤ ਅੱਜ ਵੀ ਜਿੰਦਾ ਹਨ

Kulvir Manguwal

Bathh Saab ne bhout vadhia Lekh likhea hai.. Chamkile baare.. Mai Raat parhea c ... Very nice.... Or kaafi klaatmik v hai ... Khalistan de daour nu baakhoobi biyan keeta hai.. Oh dark time c ... Pata ni kinne gharan de deeve gul keete

Jyoty Dang

chamkila dugri se hai

Balwinder preet

ਸੱਚੀ,,,,,,,,,,,,,,ਚਮਕੀਲਾ ਕੋਈ ਨਹੀ ਬਣ ਸਕਦਾ,,,,,,,,,,,,,ਮੈਂ ਉਦੋਂ ਛੋਟਾ ਸੀ,ਪਰ ਮੈਨੂੰ ਯਾਦ ਹੈ ,ਜਦ ਚਮਕੀਲੇ ਨੂੰ ਮਾਰਿਆ ਗਿਆ ਸੀ ਉਸ ਤੋਂ ਕੁੱਝ ਦਿਨ ਪਹਿਲਾ ਉਹ ਨਵਾਂ ਸ਼ਹਿਰ ਦੇ ਪਿੰਡ ਭਰੋਲੀ ਵਿਖੇ ਅਖਾੜਾ ਲਾਉਣ ਆਇਆ ਸੀ,,ਉਸ ਨੂੰ ਸੁਣਨ ਵਾਲਿਆ ਦੀ ਉਨੀ ਭੀੜ ਮੈਂ ਆਪਣੀ ਹੁਣ ਤੱਕ ਦੀ ਜਿੰਦਗੀ ਵਿਚ ਮੁੜ ਕਦੇ ਨਹੀ ਵੇਖੀ,

ਹਰਵਿੰਦਰ ਧਾਲੀਵਾਲ

ਜਾਣਕਾਰੀ ਭਰਪੂਰ ਲੇਖ !

Jasminder Singh

ee ..thanks why they shoot chamkila---kee chamkeele de maran naal panth nu kuch phiada hoyia

Narinder Kumar Jeet

Chamkila is the father of vulgarity and obscenity in Punjabi singing. His songs represent moral degradation of the highest order. Suhi Saver, publishing a laudatory article for him is unfortunate. Simply because he was killed by Khalistani terrorists, does not make him a martyr.

dhanwant bath

sade sumajek jeewan de oh pakh jo laghbag har banda dikhda jan karda hai...nu he roop man karda c CHAMKILA....oh es wich kuj v apne koolo nahi c shamil karda....per asi bahoti vaar oh kuj v sunan lai tiaar nahi hunde jo asi khud karde han jan karna lochde han....baki us waqt samay he es tarha da c k hajara bandya dian lasha kool khad k aho jahe geet gaona jan sun'na ...kai var bura v lagda hai.....

Gurveer mehraj

Writer de kujj tath Jo os de jat nal sambandit ne ke oh chamar hai ?

mandip sujjon

Gurveer mehraaj has raised an inportatnt point....

ਸੰਦੀਪ

ਲੀਜੈਂਡ ਸ਼ਹੀਦ ਅਮਰ ਸਿੰਘ ਚਮਕੀਲਾ ਜੀ ਅਤੇ ਸ਼ਹੀਦ ਬੀਬਾ ਅਮਰਜੋਤ ਕੌਰ ਜੀ ਅਮਰ ਹਨ। ਉਹਨਾਂ ਦੇ ਸਾਰੇ ਗੀਤ ਸਦਾਬਹਾਰ ਹਨ।

Security Code (required)



Can't read the image? click here to refresh.

Name (required)

Leave a comment... (required)





ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ