ਜ਼ਿੰਦਗੀ ਅਤੇ ਮਨੁੱਖ ਸਿਰਜਤ ਜੀਵਨ ਵਿਰੋਧੀ ਹਾਲਤਾਂ -ਪੂਜਾ ਭੁੱਲਰ
Posted on:- 12-02-2013
ਜ਼ਿੰਦਗੀ ਕੀ ਹੈ? ਇਨਸਾਨ ਦੇ ਜਨਮ ਤੋਂ ਹੀ ਇਹ ਪ੍ਰਸ਼ਨ ਪੈਦਾ ਹੋ ਗਿਆ ਸੀ। ਅਸੀਂ ਕਿੱਥੋਂ ਆਏ ਹਾਂ? ਕਿੱਥੇ ਜਾਣਾ ਹੈ? ਇਹ ਪ੍ਰਸ਼ਨ ਲਗਾਤਾਰ ਇਨਸਾਨ ਦੇ ਦਿਮਾਗ ਵਿੱਚ ਚੱਕਰ ਲਾਉਂਦੇ ਰਹਿੰਦੇ ਹਨ। ਜੇ ਦੇਖਿਆ ਜਾਵੇ ਤਾਂ ਸਾਡੀ ਜ਼ਿੰਦਗੀ ਸਾਡੇ ਜਨਮ ਨਾਲ ਸ਼ੁਰੂ ਹੁੰਦੀ ਹੈ ਅਤੇ ਸਾਡੀ ਮੌਤ ਨਾਲ ਖ਼ਤਮ ਹੁੰਦੀ ਹੈ, ਭਾਵ ਸਾਡੇ ਜਨਮ ਅਤੇ ਮੌਤ ਦਾ ਵਕਫ਼ਾ ਹੀ ਸਾਡੀ ਜ਼ਿੰਦਗੀ ਹੈ। ਇਹ ਹੀ ਸਾਡੀ ਜ਼ਿੰਦਗੀ ਦਾ ਸਫ਼ਰ ਹੈ। ਜ਼ਿੰਦਗੀ ਇੱਕ ਸੰਘਰਸ਼ ਹੈ। ਜ਼ਿੰਦਗੀ ਜ਼ਿੰਦਾ-ਦਿਲੀ ਦਾ ਨਾਮ ਹੈ। ਇਸ ਤਰਾਂ ਹਰ ਇੱਕ ਨੇ ਜ਼ਿੰਦਗੀ ਨੂੰ ਆਪਣੇ ਦ੍ਰਿਸ਼ਟੀਕੋਣ ਤੋਂ ਦੇਖਿਆ ਹੈ ਅਤੇ ਆਪਣਾ ਨਾਮ ਦਿੱਤਾ ਹੈ।
ਅਖ਼ਬਾਰ ਚੁੱਕੋ ਤੇ ਸੁਰਖ਼ੀਆਂ ’ਤੇ ਝਾਤ ਮਾਰੋ। ਲਹੂ-ਭਿੱਜੇ ਅਨੇਕਾਂ ਹਰਫ਼ ਕਾਲਜਾ ਵਲੂੰਧਰ ਕੇ ਰੱਖ ਦਿੰਦੇ ਹਨ। ਅਖ਼ਬਾਰ ਦਾ ਕੋਈ ਵੀ ਪੰਨਾ ਲਾਲ ਹਰਫ਼ਾਂ ਤੋਂ ਮੁਕਤ ਨਹੀਂ ਹੁੰਦਾ। ਹੋਣੀ ਦਰਜ ਹੋਵੇ ਤਾਂ ਕੁਝ ਸਬਰ ਕੀਤਾ ਜਾ ਸਕਦਾ ਹੈ, ਪਰ ਅਣਹੋਣੀਆਂ ਦੀ ਲੰਮੀ ਦਾਸਤਾਨ ਪੱਚਦੀ ਨਹੀਂ। ਅੱਜ ਸੜਕਾਂ ਖੂਨ ਪੀਣੀਆਂ ਬਣ ਚੁੱਕੀਆਂ ਹਨ। ਹਰ ਰੋਜ਼ ਅਨੇਕਾਂ ਜ਼ਿੰਦਗੀਆਂ ਸੜਕਾਂ ਵਿੱਚ ਖਪ ਜਾਂਦੀਆਂ ਹਨ। ਪਿਛਲੇ ਕੁਝ ਸਮੇਂ ਤੋਂ ਸੜਕਾਂ ’ਤੇ ਮਰਨ ਵਾਲਿਆਂ ਦੀ ਲੰਮੀ ਲਿਸਟ ਹੈ। ਜਿਸ ਰਫ਼ਤਾਰ ਨਾਲ ਕੀਮਤੀ ਜਾਨਾਂ ਹਾਦਸਿਆਂ ਵਿੱਚ ਜਾ ਰਹੀਆਂ ਹਨ, ਇਸ ਨੂੰ ਦੇਖਦਿਆਂ ਆਵਾਜਾਈ ਸੰਬੰਧੀ ਨਿਯਮ ਸਖ਼ਤੀ ਨਾਲ ਲਾਗੂ ਕਰਨ ਦੀ ਗੱਲਬਾਤ ਉੱਠਦੀ ਹੈ। ਆਖ਼ਰ ਕਦੋਂ ਤੱਕ ਮੌਤ ਸੜਕਾਂ ’ਤੇ ਤਾਂਡਵ ਨਾਚ ਨੱਚਦੀ ਰਹੇਗੀ? ਪਰ ਜੇ ਪ੍ਰਸ਼ਾਸਨ ਤੇ ਸਰਕਾਰ ਨੇ ਅਜੇ ਵੀ ਅੱਖ ਨਾ ਖੋਲੀ ਤਾਂ ਸੜਕਾਂ ਕਤਲਗਾਹ ਬਣ ਜਾਣਗੀਆਂ।
ਮਨੁੱਖ ਦੇ ਰਹਿਣ ਲਈ ਰਿਸ਼ਤੇ ਲਾਜ਼ਮੀ ਹਨ। ਰਿਸ਼ਤੇ ਨਿੱਘ ਦਾ ਸੂਚਕ ਹੁੰਦੇ ਹਨ। ਮੋਹ ਪਣਪਦਾ ਹੈ ਰਿਸ਼ਤਿਆਂ ਦੇ ਦਾਮਨ ਵਿੱਚ, ਪਰ ਵੱਧਦੇ ਲਾਲਚ ਤੇ ਖੱਪਤਵਾਦੀ ਯੁੱਗ ਨੇ ਰਿਸ਼ਤਿਆਂ ਨੂੰ ਲੀਰੋ-ਲੀਰ ਕਰਕੇ ਰੱਖ ਦਿੱਤਾ ਹੈ। ਜਾਇਦਾਦ ਕਾਰਨ ਪੁੱਤ ਵੱਲੋਂ ਪਿਓ ਅਤੇ ਭਰਾ ਵੱਲੋਂ ਭਰਾ ਅਤੇ ਹੋਰ ਵੀ ਨਜ਼ਦੀਕੀ ਰਿਸ਼ਤੇ ਖ਼ਤਮ ਕੀਤੇ ਜਾ ਰਹੇ ਹਨ। ਜੇ ਜਾਇਦਾਦ ਕਾਰਨ ਕਤਲ ਹੋਏ ਲੋਕਾਂ ਦੀ ਗਿਣਤੀ ਕੀਤੀ ਜਾਵੇ ਤਾਂ ਵੱਡਾ ਅੰਕੜਾ ਬਣਦਾ ਹੈ। ਸਕਿੰਟਾਂ ਵਿੱਚ ਵਸਦੇ-ਰਸਦੇ ਘਰ ਉਜੜ ਜਾਂਦੇ ਹਨ। ਸਮਾਜ ਦਾ ਫਰਜ਼ ਬਣਦਾ ਹੈ ਕਿ ਇਸ ਤਰਾਂ ਦਾ ਮਾਹੌਲ ਸਿਰਜੇ ਕਿ ਕੀਮਤੀ ਜ਼ਿੰਦਗੀ ਨੂੰ ਜਾਇਦਾਦਾਂ ਕਾਰਨ ਕਤਲ ਹੋਣ ਤੋਂ ਬਚਾਇਆ ਜਾ ਸਕੇ। ਹਰ ਪਾਸੇ ਬੇਆਰਾਮੀ ਹੈ। ਮਨ ਦਾ ਸਕੂਨ ਗ਼ਾਇਬ ਹੈ। ਉਖੜੇ ਮਨਾਂ ਨੂੰ ਧਰਵਾਸ ਨਹੀਂ ਆ ਰਿਹਾ। ਬੇਆਰਾਮੀ ਤੇ ਬਾਰੁਜ਼ਗਾਰੀ ਦੇ ਆਲਮ ਵਿੱਚ ਨੌਜਵਾਨ ਖ਼ੁਦ ਨੂੰ ਹੀ ਰੇਲਾਂ ਅੱਗੇ ਸੁੱਟ ਰਹੇ ਹਨ। ਖ਼ੁਦਕੁਸ਼ੀਆਂ ਦਾ ਇਹ ਦੌਰ ਵਸਦੇ-ਰਸਦੇ ਘਰਾਂ ’ਤੇ ਕਹਿਰ ਬਣ ਕੇ ਟੁੱਟਦਾ ਹੈ। ਮਾਵਾਂ ਰੋਂਦੀਆਂ ਹਨ ਤੇ ਨਵ ਵਿਆਹੀਆਂ ਦੇ ਚਿਹਰੇ ’ਤੇ ਸਦਾ ਲਈ ਉਦਾਸੀ ਛਾ ਜਾਂਦੀ ਹੈ।
ਜੀਵਨ ਲਈ ਇਸ ਦਾ ਵਾਤਾਵਰਨ ਜ਼ਰੂਰੀ ਹੈ। ਅੱਜ ਮਨੁੱਖ ਤੇ ਵਾਤਾਵਰਨ ਦੀ ਸਿੱਧੀ ਜੰਗ ਹੈ। ਵਾਤਾਵਰਨ ਵਿਗਾੜ ਮਨੁੱਖ ਕਰਕੇ ਸਿਖ਼ਰ ’ਤੇ ਹੈ। ਨਤੀਜਾ ਭੂਚਾਲ, ਸੁਨਾਮੀ ਆਦਿ ਸਾਹਮਣੇ ਹਨ। ਮਨੁੱਖ ਦੀਆਂ ਖ਼ੁਦ ਸਹੇੜੀਆਂ ਕੁਦਰਤੀ ਆਫ਼ਤਾਂ ਦੇਸ਼ਾਂ, ਰਾਜਾਂ ਤੇ ਇਲਾਕਿਆਂ ਨੂੰ ਆਪਣੇ ਖੂਨੀ ਪੰਜਿਆਂ ਵਿੱਚ ਜਕੜ ਰਹੀਆਂ ਹਨ। ਇਸ ਸਥਿਤੀ ’ਤੇ ਕਾਬੂ ਕਰਨਾ ਮਨੁੱਖ ਦੇ ਵਿਤੋਂ ਬਾਹਰੀ ਗੱਲ ਹੋ ਜਾਂਦੀ ਹੈ। ਇਨਾਂ ਆਫ਼ਤਾਂ ਤੋਂ ਬਚਾਅ ਲਈ ਮਨੁੱਖੀ ਚੇਤਨਾ ਦਾ ਵਿਕਸਿਤ ਹੋਣਾ ਅਤਿ ਜ਼ਰੂਰੀ ਹੈ। ਵਾਤਾਵਰਨ ਪ੍ਰਤੀ ਸੁਹਿਰਦ ਪਹੁੰਚ ਹੀ ਮਨੁੱਖ ਨੂੰ ਮੌਤ ਦੇ ਪੰਜੇ ਤੋਂ ਆਜ਼ਾਦ ਕਰਵਾ ਸਕਦੀ ਹੈ। ਅੱਜ ਮਨੁੱਖੀ ਜ਼ਿੰਦਗੀ ਮੁੱਠੀ ਵਿੱਚ ਭਰੀ ਰੇਤ ਦੀ ਤਰਾਂ ਹੈ, ਜੋ ਕਿਰਦੀ ਜਾ ਰਹੀ ਹੈ। ਜ਼ਿੰਦਗੀ ਦੀ ਕੋਈ ਕੀਮਤ ਨਹੀਂ ਤੇ ਕੋਈ ਭਰੋਸਾ ਨਹੀਂ ਰਿਹਾ। ਸੈਕਿੰਡਾਂ ਵਿੱਚ ਖੁਸ਼ੀਅੰ ਮਾਤਮ ਵਿੱਚ ਬਦਲ ਰਹੀਅੰ ਹਨ। ਲੰਮਾ ਤੇ ਨਿਰੋਗ ਜੀਵਨ ਜਿਊਣ ਲਈ ਮਨੁੱਖ ਦੁਆਰਾ ਸਹੇੜੇ ਮੌਤ ਦੇ ਫਾਰਮੂਲਿਆਂ ’ਤੇ ਪਾਬੰਦੀ ਲਾਉਣ ਹਿੱਤ ਸਰਕਾਰ, ਪ੍ਰਸ਼ਾਸਨ ਤੇ ਸਮਾਜ ਨੂੰ ਚੇਤਨਾ ਲਹਿਰ ਚਲਾਉਣੀ ਹੀ ਪਵੇਗੀ।
ਸੰਪਰਕ: 94649 09424