ਕਿਤਾਬਾਂ ਅਤੇ ਮਨੁੱਖ - ਪਵਨ ਕੁਮਾਰ ਪਵਨ
Posted on:- 09-03-2023
ਕਿਤਾਬਾਂ ਮਨੁੱਖ ਦੇ ਜੀਵਨ ਦਾ ਅਨਿੱਖੜਵਾਂ ਅੰਗ ਹਨ। ਜੇਕਰ ਮਨੁੱਖ ਕਿਤਾਬਾਂ ਦਾ ਸਵਾਗਤ ਨਹੀਂ ਕਰੇਗਾ ਤਾਂ ਸਮਝੋ ਮਨੁੱਖ ਨੇ ਭਵਿੱਖ ਨੂੰ ਹਨੇਰੇ ਵਿੱਚ ਡੋਬ ਦਿੱਤਾ । ਲੋਕ ਮਾਣਯ ਤਿਲਕ ਜੀ ਨੇ ਕਿਹਾ ਸੀ ," ਮੈਂ ਨਰਕ ਵਿੱਚ ਵੀ ਪੁਸਤਕਾਂ ਦਾ ਸਵਾਗਤ ਕਰਾਂਗਾ ਕਿਉਂਕਿ ਇਨ੍ਹਾਂ ਵਿਚ ਉਹ ਸ਼ਕਤੀ ਹੈ ਕਿ ਜਿਥੇ ਇਹ ਹੋਣਗੀਆਂ ਉਥੇ ਆਪ ਹੀ ਸਵਰਗ ਬਣ ਜਾਵੇਗਾ।"
ਕਿਤਾਬਾਂ ਦੇ ਜ਼ਰੀਏ ਹੀ ਮਨੁੱਖੀ ਦਿਮਾਗ਼ ਵਿੱਚ ਚੁਸਤੀ ਤੇ ਫੁਰਤੀ ਆਉਂਦੀ ਹੈ। ਸੰਸਾਰ ਦਾ ਗਿਆਨ ਕਿਤਾਬਾਂ ਰਾਹੀਂ ਹੀ ਸਾਡੇ ਤੱਕ ਪਹੁੰਚਦਾ ਹੈ। ਮੇਰਾ ਵਿਚਾਰ ਹੈ ਕਿ ਪੁਸਤਕਾਂ ਉਹ ਸਮੁੰਦਰ ਹਨ ਜਿਸ ਵਿਚੋਂ ਸਾਨੂੰ ਆਪਣੇ ਹਿੱਸੇ ਦਾ ਗਿਆਨ ਹਾਸਿਲ ਕਰ ਲੈਣਾ ਚਾਹੀਦਾ ਹੈ। ਇਹ ਪੁਸਤਕਾਂ ਹੀ ਹਨ ਜੋ ਲਾਇਬਰੇਰੀ ਦੀ ਜਿੰਦ ਜਾਨ ਤੇ ਸ਼ਾਨ ਹਨ। ਲਾਇਬਰੇਰੀ ਸਿਰਫ਼ ਕਿਤਾਬਾਂ ਨਾਲ ਹੀ ਨਹੀਂ ਭਰੀ ਹੁੰਦੀ ਬਲਕਿ ਇਸ ਵਿੱਚ ਇਨਸਾਨੀਅਤ ਦਾ ਪਾਠ , ਸ਼ਾਂਤੀ ਦੀ ਹੋਂਦ, ਸ਼ਿਸ਼ਟਾਚਾਰ ਦਾ ਗਿਆਨ ਅਤੇ ਮਹਾਨ ਲੋਕਾਂ ਦੇ ਜੀਵਨ ਦਾ ਨਿਚੋੜ ਹੁੰਦਾ ਹੈ ਜਿਸਨੂੰ ਪੀ ਕੇ ,ਖਾ ਕੇ ਜਾਂ ਫਿਰ ਮਹਿਸੂਸ ਕਰਕੇ ਅਸੀਂ ਅਗਲਾ ਜੀਵਨ ਖੁਸ਼ੀ - ਖੁਸ਼ੀ ਜੀ ਸਕਦੇ ਹਾਂ।
ਜੇਕਰ ਕੋਈ ਦੇਸ਼ ਆਪਣੇ ਲੋਕਾਂ ਦੀ ਦ੍ਰਿਸ਼ਟੀ ਨੂੰ ਵਿਸ਼ਾਲ ਕਰਨਾ ਚਾਹੁੰਦਾ ਹੈ ਜਾਂ ਫਿਰ ਲੋਕਾਂ ਨੂੰ ਤੇਜ਼ ਤਰਾਰ ਬਣਾਉਣਾ ਚਾਹੁੰਦਾ ਹੈ ਤਾਂ ਉਸ ਦੇਸ਼ ਨੂੰ ਵੱਧ ਤੋਂ ਵੱਧ ਲਾਇਬ੍ਰੇਰੀਆਂ ਬਣਾਉਣ ਦੀ ਜ਼ਰੂਰਤ ਪਵੇਗੀ।
ਮੈਂ ਤਾਂ ਇਸ ਗੱਲ ਦੀ ਹਾਮੀ ਭਰਾਂਗਾ ਕਿ ਜੇਕਰ ਮਨੁੱਖ ਕਿਤਾਬਾਂ ਨੂੰ ਆਪਣਾ ਜੀਵਨ ਸਾਥੀ ਬਣਾ ਲਵੇ ਤਾਂ ਉਸਦਾ ਦੇਸ਼ ਰੂਪੀ ਪਰਿਵਾਰ ਰਿਸ਼ਟ ਪੁਸ਼ਟ ਰਹੇਗਾ।ਹਰ ਵਿਅਕਤੀ ਆਪਣੇ ਅੰਦਰ ਦੀਆਂ ਮਹਾਨ ਸ਼ਕਤੀਆਂ ਨੂੰ ਚੰਗੀਆਂ ਕਿਤਾਬਾਂ ਪੜ੍ਹਕੇ ਹੀ ਉਜਾਗਰ ਕਰ ਸਕਦਾ ਹੈ।
ਹੁਣ ਪ੍ਰਸ਼ਨ ਉਤਪੰਨ ਹੁੰਦਾ ਹੈ ਕੇ ਕਿਤਾਬਾਂ ਕਿ ਕਰ ਸਕਦੀਆਂ ਹਨ ? ਮੈਂ ਤਾਂ ਬਸ ਇਹ ਹੀ ਕਹਿ ਸਕਦਾ ਹਾਂ ਕਿ ਇਨਸਾਨ ਜੇਕਰ ਕਿਤਾਬਾਂ ਨਾਲ ਮਹੁੱਬਤ ਪਾਂ ਲੈਂਦਾ ਹੈ ਤਾਂ ਇਨਸਾਨੀਅਤ ਰਹਿੰਦੀ ਦੁਨੀਆਂ ਤੱਕ ਜ਼ਿੰਦਾ ਰਹੇਗੀ। ਕੁਦਰਤ ਦੇ ਸਾਰੇ ਸਰੋਤ ਤੁਹਾਡੇ ਨਾਲ ਦੋਸਤੀ ਪਾਂ ਲੈਣਗੇ। ਕਈ ਲੋਕ ਅਜਿਹਾ ਭੈੜਾ ਵਤੀਰਾ ਕਰਦੇ ਹਨ ਉਸ ਵਕ਼ਤ ਲਗਦਾ ਹੈ ਕਿ ਉਹਨਾਂ ਨੇ ਕਿਤਾਬਾਂ ਨੂੰ ਸਿਰਫ ਪੜ੍ਹਿਆ ਹੈ ਵਿਚਾਰਿਆ ਨਹੀਂ।
ਇਥੇ ਇਹ ਗੱਲ ਜ਼ਿਕਰਯੋਗ ਕਿ ਸਿਰਫ ਕਿਤਾਬਾਂ ਪੜ੍ਹਨ ਨਾਲ ਜੀਵਨ ਜਾਚ ਹੀ ਨਹੀਂ ਆਉਂਦੀ ਬਲਕਿ ਕਿਤਾਬਾਂ ਵਿੱਚਲੀ ਰੋਸ਼ਨੀ ਨਾਲ ਜੀਵਨ ਵਿੱਚਲਾ ਹਨੇਰਾ ਵੀ ਮਿਟ ਜਾਂਦਾ ਹੈ।
ਅਸੀਂ ਅਜ਼ਾਦ ਮੁਲਕ ਵਿੱਚ ਰਹਿ ਰਹੇ ਹਾਂ ,ਇੱਥੋਂ ਦੇ ਵਸਨੀਕਾਂ ਨੂੰ ਅਜ਼ਾਦ ਸੋਚ ਸਿਰਫ ਚੰਗੀਆਂ ਕਿਤਾਬਾਂ ਹੀ ਦੇ ਸਕਦੀਆਂ ਹਨ। ਵੱਖ - ਵੱਖ ਦਾਰਸ਼ਨਿਕਾਂ ਦੇ ਦਿੱਤੇ ਹੋਏ ਅਣਮੁੱਲੇ ਵਿਚਾਰ ਹੀ ਭਾਰਤ ਦੇਸ਼ ਨੂੰ ਅਖੰਡਤਾ ਦੇ ਸੂਤਰ ਵਿਚ ਬੰਨਦੇ ਹਨ।
ਕਿਤਾਬਾਂ ਮਨੁੱਖਾਂ ਨੂੰ ਜ਼ਿੰਮੇਵਾਰ ਬਣਾਉਂਦੀਆਂ ਹਨ। ਵਿਅਕਤੀਆਂ ਨੂੰ ਸਿੱਖਿਆ ਰਾਹੀਂ ਹੀ ਜ਼ਿੰਮੇਵਾਰ ਬਣਾਇਆ ਜਾ ਸਕਦਾ ਹੈ ਤੇ ਇਹ ਜ਼ਿੰਮੇਵਾਰੀ ਦੀ ਭਾਵਨਾ ਦੀ ਸਿੱਖਿਆ ਕਿਤਾਬਾਂ ਹੀ ਸਿਖਾਉਂਦੀਆਂ ਹਨ। ਇਹ ਵੀ ਆਮ ਧਾਰਨਾ ਹੈ ਕਿ ਮਨੁੱਖ ਨੂੰ ਪੜ੍ਹਨਾ ਸੌਖਾ ਹੈ ,ਪਰ ਕਿਤਾਬਾਂ ਨੂੰ ਪੜ੍ਹਨਾ ਔਖਾ।
ਅੰਤ ਵਿੱਚ ਇਹੀ ਕਹਾਂਗਾ ਕਿ ਕਿਤਾਬਾਂ ਨਾਲ ਪਾਈ ਹੋਈ ਦੋਸਤੀ ਮਨੁੱਖ ਨੂੰ ਮਨੁੱਖ ਹੋਣ ਦਾ ਅਹਿਸਾਸ ਕਰਵਾਉਂਦੀ ਹੈ। ਨਾਲ ਦੇ ਨਾਲ ਮਨੁੱਖ ਦੇ ਜੀਵਨ ਵਿੱਚ ਪੂਰੀ ਸ੍ਰਿਸ਼ਟੀ ਦਾ ਗਿਆਨ ਭਰ ਦਿੰਦੀ ਹੈ।
ਸੰਪਰਕ: 81464 83200