ਪੰਜਾ ਸਾਹਿਬ ਸਾਕੇ ਦੇ ਪਹਿਲੇ ਸ਼ਹੀਦ ਭਾਈ ਕਰਮ ਸਿੰਘ ਜੀ -ਪ੍ਰੋ. ਹਰਗੁਣਪ੍ਰੀਤ ਸਿੰਘ
Posted on:- 30-10-2022
ਗੁਰਦੁਆਰਾ ਸ੍ਰੀ ਪੰਜਾ ਸਾਹਿਬ ਦੇ ਨੇੜਲੇ ਰੇਲਵੇ ਸਟੇਸ਼ਨ ਹਸਨ ਅਬਦਾਲ ਉੱਤੇ 'ਗੁਰੂ ਕਾ ਬਾਗ' ਦੇ ਮੋਰਚੇ ਵਿਚ ਕੈਦ ਹੋਏ ਭੁੱਖੇ ਫ਼ੌਜੀ ਸਿੰਘਾਂ ਨਾਲ ਭਰੀ ਹੋਈ ਗੱਡੀ ਨੂੰ ਰੋਕਣ ਲਈ ਰੇਲ ਦੀ ਪਟੜੀ ਉੱਤੇ ਲੇਟ ਕੇ ਦੋ ਸਿੰਘ - ਭਾਈ ਕਰਮ ਸਿੰਘ ਜੀ ਅਤੇ ਭਾਈ ਪ੍ਰਤਾਪ ਸਿੰਘ ਜੀ ਨੇ ਆਪਣੀ ਲਾਸਾਨੀ ਸ਼ਹਾਦਤ ਦਿੱਤੀ ਸੀ। ਭਾਈ ਕਰਮ ਸਿੰਘ ਜੀ ਦਾ ਜਨਮ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਗ੍ਰੰਥੀ ਭਾਈ ਭਗਵਾਨ ਸਿੰਘ ਦੇ ਘਰ 14 ਨਵੰਬਰ 1885 ਈਸਵੀ ਨੂੰ ਹੋਇਆ ਸੀ। ਪਰਿਵਾਰ ਵੱਲੋਂ ਆਪ ਦਾ ਪਹਿਲਾ ਨਾਂ ਸੰਤ ਸਿੰਘ ਰੱਖਿਆ ਗਿਆ ਸੀ।
ਆਪ ਦੇ ਪਿਤਾ ਭਾਈ ਭਗਵਾਨ ਸਿੰਘ ਗੁਰਮਤਿ ਦੇ ਵਿਦਵਾਨ, ਸ਼੍ਰੋਮਣੀ ਕਥਾਕਾਰ ਅਤੇ ਸੇਵਾ ਭਾਵਨਾ ਵਾਲੇ ਸਨ। ਉਹ ਜਲ ਨਾਲ ਭਰਿਆ ਸਰਬ ਲੋਹ ਦਾ ਗੜਵਾ ਹਮੇਸ਼ਾ ਆਪਣੇ ਕੋਲ ਰੱਖਦੇ ਸਨ ਜਿਸ ਕਰਕੇ ਉਨ੍ਹਾਂ ਨੂੰ ਗੜਵੇ ਵਾਲੇ ਸੰਤ ਵੀ ਕਿਹਾ ਜਾਂਦਾ ਸੀ। ਭਾਈ ਕਰਮ ਸਿੰਘ ਨੇ ਆਪਣੇ ਪਿਤਾ ਪਾਸੋਂ ਬਾਣੀ ਦਾ ਪਾਠ, ਗੁਰ ਇਤਿਹਾਸ ਅਤੇ ਕੀਰਤਨ ਕਰਨ ਦੀ ਸਿੱਖਿਆ ਪ੍ਰਾਪਤ ਕੀਤੀ ਸੀ ਅਤੇ ਥੋੜ੍ਹੇ ਸਮੇਂ ਵਿਚ ਹੀ ਆਪ ਦਾ ਨਾਂ ਚੰਗੇ ਰਾਗੀਆਂ ਵਿਚ ਗਿਣਿਆ ਜਾਣ ਲੱਗਾ ਸੀ। ਸਚਖੰਡ ਸ੍ਰੀ ਹਜੂਰ ਸਾਹਿਬ, ਅਬਿਚਲ ਨਗਰ, ਨਾਂਦੇੜ ਦੀ ਯਾਤਰਾ ਦੌਰਾਨ ਆਪ ਨੇ ਅੰਮ੍ਰਿਤ ਛਕਿਆ ਅਤੇ ਆਪ ਦਾ ਨਾਂ ਸੰਤ ਸਿੰਘ ਤੋਂ ਕਰਮ ਸਿੰਘ ਰੱਖਿਆ ਗਿਆ।
ਸੰਨ 1922 ਈਸਵੀ ਵਿੱਚ ਉਹ ਪੰਜਾ ਸਾਹਿਬ ਗੁਰੂ-ਧਾਮ ਦੀ ਯਾਤਰਾ ਕਰਨ ਗਏ ਅਤੇ ਉੱਥੇ ਹੀ ਹਰ ਰੋਜ਼ ਕੀਰਤਨ ਕਰਨ ਦੀ ਸੇਵਾ ਨਿਭਾਉਣ ਲੱਗੇ। ਉਨ੍ਹਾਂ ਦਿਨਾਂ ਵਿਚ ਹੀ 8 ਅਗਸਤ 1922 ਈਸਵੀ ਨੂੰ ਗੁਰੂ ਕਾ ਬਾਗ ਦਾ ਮੋਰਚਾ ਸ਼ੁਰੂ ਹੋ ਗਿਆ। ਉਥੋਂ ਪਕੜੇ ਜਾਂਦੇ ਸਿੰਘਾਂ ਨੂੰ ਪਹਿਲਾਂ ਅੰਮ੍ਰਿਤਸਰ ਦੇ ਗੋਬਿੰਦਗੜ੍ਹ ਕਿਲ੍ਹੇ ਵਿੱਚ ਕੈਦ ਰੱਖਿਆ ਜਾਂਦਾ ਸੀ ਅਤੇ ਜਦੋਂ ਉਨ੍ਹਾਂ ਦੀ ਸੰਖਿਆ ਇਕ ਗੱਡੀ ਵਿਚ ਸਵਾਰ ਕਰਨ ਜਿੰਨੀ ਹੋ ਜਾਂਦੀ ਸੀ ਤਾਂ ਦੂਰ ਦੁਰਾਡੇ ਦੀਆਂ ਜੇਲ੍ਹਾਂ ਵਿਚ ਭੇਜ ਦਿੱਤਾ ਜਾਂਦਾ ਸੀ। 29 ਅਕਤੂਬਰ 1922 ਈਸਵੀ ਨੂੰ ਭੁੱਖੇ ਕੈਦੀ ਸਿੰਘਾਂ ਦੇ ਜੱਥੇ ਨਾਲ ਭਰੀ ਹੋਈ ਇਕ ਗੱਡੀ ਅੰਮ੍ਰਿਤਸਰ ਤੋਂ ਜ਼ਿਲ੍ਹਾ ਅਟਕ ਵਲ ਤੋਰੀ ਗਈ ਜਿਸ ਨੇ ਹਸਨ ਅਬਦਾਲ ਦੇ ਸਟੇਸ਼ਨ ਤੋਂ ਲੰਘਣਾ ਸੀ। ਭਾਈ ਕਰਮ ਸਿੰਘ ਅਤੇ ਭਾਈ ਪ੍ਰਤਾਪ ਸਿੰਘ ਦੀ ਅਗਵਾਈ ਵਿਚ ਪੰਜਾ ਸਾਹਿਬ ਗੁਰੂਧਾਮ ਦੀ ਸੰਗਤ ਨੇ ਕੈਦੀ ਸਿੰਘਾਂ ਨੂੰ ਲੰਗਰ ਛਕਾਉਣ ਲਈ ਗੱਡੀ ਰੋਕਣ ਵਾਸਤੇ ਬੇਨਤੀ ਕੀਤੀ ਪਰ ਜੇਲ੍ਹ ਅਧਿਕਾਰੀਆਂ ਨੇ ਆਪਣੀ ਮਜਬੂਰੀ ਦੱਸਦੇ ਹੋਏ ਕਿਹਾ ਕਿ ਰੇਲਵੇ ਦੇ ਉੱਚ ਅਧਿਕਾਰੀਆਂ ਦਾ ਫ਼ੈਸਲਾ ਗੱਡੀ ਨੂੰ ਰਸਤੇ ਵਿਚ ਕਿਧਰੇ ਵੀ ਨਾ ਰੋਕਣ ਦਾ ਹੈ। ਭਾਈ ਕਰਮ ਸਿੰਘ ਜੀ ਨੇ ਪੂਰੇ ਜਲੌਅ ਵਿਚ ਆ ਕੇ ਕਿਹਾ "ਤੁਹਾਨੂੰ ਤੁਹਾਡੇ ਮਾਲਕ ਦਾ ਹੁਕਮ ਗੱਡੀ ਨਾ ਰੋਕਣ ਦਾ ਹੈ ਅਤੇ ਮੈਨੂੰ ਮੇਰੇ ਮਾਲਕ ਦਾ ਹੁਕਮ ਗੱਡੀ ਖੜ੍ਹੀ ਕਰਨ ਦਾ ਹੈ।" ਉਨ੍ਹਾਂ ਨੇ ਸੰਗਤਾਂ ਨੂੰ ਸੰਬੋਧਨ ਕਰ ਕੇ ਕਿਹਾ "ਖ਼ਾਲਸਾ ਜੀ! ਗੱਡੀ ਰੋਕਣ ਲਈ ਸ਼ਹੀਦੀਆਂ ਲਈ ਤਿਆਰ ਹੋ ਜਾਵੋ। ਸਮਾਂ ਆ ਗਿਆ ਹੈ ਅੱਜ ਫੇਰ ਪੁਰਖਿਆਂ ਦਾ ਇਤਿਹਾਸ ਦੁਹਰਾਉਣ ਦਾ।" ਸਭ ਤੋਂ ਅੱਗੇ ਬੜੀ ਦਿੜ੍ਹਤਾ, ਬਹਾਦਰੀ ਅਤੇ ਨਿਰਭੈਤਾ ਨਾਲ ਭਾਈ ਕਰਮ ਸਿੰਘ ਅਤੇ ਨਾਲ ਭਾਈ ਪ੍ਰਤਾਪ ਸਿੰਘ, ਰੇਲ ਦੀ ਪਟੜੀ ਉਤੇ ਚੌਕੜੇ ਮਾਰ ਬੈਠੇ ਸਨ। ਉਹ ਅੱਗੇ-ਅੱਗੇ ਬਾਣੀ ਦਾ ਜਾਪ ਕਰ ਰਹੇ ਸਨ ਅਤੇ ਸੰਗਤਾਂ ਉਨ੍ਹਾਂ ਦੇ ਮਗਰ ਉਚਾਰਨ ਕਰ ਰਹੀਆਂ ਸਨ। ਤੇਜ਼ ਰਫ਼ਤਾਰ ਨਾਲ ਕੂਕਾਂ ਮਾਰਦੀ ਗੱਡੀ ਆ ਰਹੀ ਸੀ ਅਤੇ ਸਿੰਘ 'ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ' ਦੇ ਜੈਕਾਰੇ ਲਗਾ ਰਹੇ ਸਨ। ਰੇਲ ਰੁਕਦੀ-ਰੁਕਦੀ ਪੱਟੜੀ 'ਤੇ ਬੈਠੇ ਸਿੰਘਾਂ ਨੂੰ ਲਿਤਾੜ ਕੇ ਅੱਗੇ ਜਾ ਕੇ ਰੁਕੀ। ਭਾਈ ਕਰਮ ਸਿੰਘ ਅਤੇ ਭਾਈ ਪਰਤਾਪ ਸਿੰਘ ਬਹੁਤ ਜ਼ਿਆਦਾ ਜ਼ਖਮੀ ਹੋ ਗਏ ਪਰ ਉਨ੍ਹਾਂ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਕਿਹਾ "ਤੁਸੀਂ ਸਾਡੀ ਪਰਵਾਹ ਨਾ ਕਰੋ। ਪਹਿਲਾਂ ਜਾਓ ਅਤੇ ਆਪਣੇ ਕੈਦੀ ਵੀਰਾਂ ਦੀ ਲੰਗਰ ਪਾਣੀ ਦੀ ਸੇਵਾ ਕਰੋ।" ਭਾਈ ਕਰਮ ਸਿੰਘ ਜੀ ਤਾਂ ਕੁਝ ਘੰਟਿਆਂ ਬਾਅਦ ਹੀ ਸ਼ਹੀਦ ਹੋ ਗਏ ਅਤੇ ਭਾਈ ਪ੍ਰਤਾਪ ਸਿੰਘ ਜੀ ਵੀ ਉਨ੍ਹਾਂ ਦੇ ਮਗਰੇ ਅਗਲੇ ਦਿਨ ਸ਼ਹੀਦਾਂ ਦੀ ਕਤਾਰ ਵਿਚ ਜਾ ਸ਼ਾਮਲ ਹੋਏ। ਦੋਹਾਂ ਸ਼ਹੀਦ ਸਿੰਘਾਂ ਦੀਆਂ ਪਵਿੱਤਰ ਦੇਹਾਂ ਦਾ ਸਸਕਾਰ 1 ਨਵੰਬਰ 1922 ਨੂੰ 'ਲਈ' ਨਦੀ ਦੇ ਕੰਢੇ ਰਾਵਲਪਿੰਡੀ ਵਿਖੇ ਲਗਭਗ 15 ਹਜ਼ਾਰ ਸੰਗਤ ਦੀ ਹਾਜ਼ਰੀ ਵਿੱਚ ਹੋਇਆ। ਦੇਸ਼, ਕੌਮ ਅਤੇ ਇਨਸਾਨੀਅਤ ਲਈ ਸ਼ਹੀਦ ਹੋਣ ਦਾ ਇਹ ਅਮਰ ਸਾਕਾ ਹੈ ਇਕ ਲੋਕ ਗਾਥਾ ਦਾ ਰੂਪ ਧਾਰਨ ਕਰ ਗਿਆ।ਇਸ ਸਾਕੇ ਦਾ ਵਖਿਆਨ ਗਿਆਨੀ ਸੋਹਣ ਸਿੰਘ ਸੀਤਲ ਨੇ 'ਗੱਡੀ' ਛੰਦ ਵਿੱਚ ਇਸ ਪ੍ਰਕਾਰ ਕੀਤਾ ਹੈ: "ਗੱਡੀ ਭਰ ਕੇ ਸਪੈਸ਼ਲ ਤੋਰੀ ਅੰਮ੍ਰਿਤਸਰ ਸ਼ਹਿਰ ਤੋਂ।
ਜੀਹਦੇ ਵਿੱਚ ਸੀ ਪੈਨਸ਼ਨੀ ਸਾਰੇ ਕੈਦ ਕੀਤੇ ਗੁਰੂ ਬਾਗ ਚੋਂ।
ਜੱਥੇਦਾਰ ਸ੍ਰੀ ਅਮਰ ਸਿੰਘ ਸੂਰਾ ਮੀਤ ਆਗੂ ਲਾਲ ਸਿੰਘ ਜੀ।
ਗੱਡੀ ਚੱਲਦੀ ਹਵਾ ਨਾਲ ਜ਼ਿਦ ਕੇ ਲੰਘ ਜਾਂਦੀ ਟੇਸ਼ਨ ਤੋਂ।
ਭੁੱਖੇ ਸਿੰਘ ਸੀ ਜੱਥੇ ਦੇ ਸਾਰੇ ਜਿਨ੍ਹਾਂ ਨੇ ਅਟਕ ਪੁੱਜਣਾ।
ਪੰਜਾ ਸਾਹਿਬ ਦੀ ਸੰਗਤ ਨੇ ਸੁਣਿਆ ਸੇਵਾ ਦਾ ਪ੍ਰੇਮ ਜਾਗਿਆ।
ਦੁੱਧ ਫ਼ਲ ਕਈ ਪਦਾਰਥ ਲੈ ਕੇ ਪੁੱਜ ਗਏ ਟੇਸ਼ਨ ਤੇ
ਜੱਥੇਦਾਰ ਨੇ ਬੇਨਤੀ ਕੀਤੀ ਕੋਲ ਜਾ ਕੇ ਬਾਬੂ ਸਾਹਿਬ ਦੇ।
ਫ਼ਤਹਿ ਆਖਰੀ ਕਰਮ ਸਿੰਘ ਬੋਲੀ ਉਧਰੋਂ ਸਵਾਸ ਮੁੱਕ ਗਏ।
ਦੂਜਾ ਭਾਈ ਪਰਤਾਪ ਸਿੰਘ ਸੂਰਾ ਜੀਹਨੇ ਬਾਹੀ ਜੱਥੇਦਾਰ ਦੀ।
ਮੱਲ ਲਈ। ਮੱਲ ਲਈ। ਖਾਲਸੇ ਨੇ ਰੱਤ ਡੋਲ੍ਹ ਕੇ ਗੱਡੀ ਠੱਲ੍ਹ ਲਈ।"
ਇਸ ਸਾਕੇ ਦੇ ਪਹਿਲੇ ਸ਼ਹੀਦ ਭਾਈ ਕਰਮ ਸਿੰਘ ਜੀ ਮੇਰੇ ਨਕੜਦਾਦਾ ਭਾਈ ਅਤਰ ਸਿੰਘ ਦੇ ਛੋਟੇ ਭਰਾ ਅਤੇ ਮੇਰੇ ਪੜਦਾਦਾ ਸ਼੍ਰੋਮਣੀ ਰਾਜ ਕਵੀ ਸ. ਬਲਵੰਤ ਸਿੰਘ ਗਜਰਾਜ ਦੇ ਚਾਚਾ ਜੀ ਸਨ। ਸਾਡੇ ਵੱਡੇ ਬਜ਼ੁਰਗਾਂ ਅਤੇ ਪੁਰਾਤਨ ਖੋਜ ਲਿਖਾਰੀਆਂ ਅਨੁਸਾਰ ਭਾਈ ਕਰਮ ਸਿੰਘ ਜੀ ਦੀ ਕੋਈ ਸੰਤਾਨ ਨਹੀਂ ਸੀ, ਪਰ ਦੁਖ ਦੀ ਗੱਲ ਇਹ ਹੈ ਕਿ ਸਾਡੀਆਂ ਸਰਕਾਰਾਂ ਅਤੇ ਸਿੱਖ ਜਥੇਬੰਦੀਆਂ ਵੱਲੋਂ ਸਮੇਂ-ਸਮੇਂ ਉਤੇ ਪਿਛਲੇ ਸੌ ਸਾਲਾਂ ਦੌਰਾਨ ਅਤੇ ਹੁਣ ਸ਼ਹੀਦੀ ਸਾਕੇ ਦੀ ਪਹਿਲੀ ਸ਼ਤਾਬਦੀ ਮੌਕੇ ਵੀ ਸ਼ਹੀਦ ਦੇ ਪਰਿਵਾਰ ਅਤੇ ਅਸਲ ਵੰਸ਼ਜਾਂ ਨੂੰ ਉਨ੍ਹਾਂ ਵੱਲੋਂ ਬਾਰ-ਬਾਰ ਲਿਖੀਆਂ ਚਿੱਠੀਆਂ, ਈਮੇਲਾਂ, ਅਖਬਾਰਾਂ, ਰਸਾਲਿਆਂ ਅਤੇ ਹੋਰ ਮੀਡੀਆ ਸਾਧਨਾਂ ਦੁਆਰਾ ਭਾਈ ਕਰਮ ਸਿੰਘ ਦੇ ਵੰਸ਼ਜਾਂ ਸਬੰਧੀ ਸਾਂਝੀਆਂ ਕੀਤੀਆਂ ਵਿਸਥਾਰਪੂਰਵਕ ਰਚਨਾਵਾਂ ਦੇ ਬਾਵਜੂਦ ਵੀ ਅੱਖੋਂ-ਪਰੋਖੇ ਕੀਤਾ ਗਿਆ।ਸੰਪਰਕ: 94636-19353