ਗੱਠੜੀ - ਸੁਖਪਾਲ ਕੌਰ 'ਸੁੱਖੀ'
Posted on:- 08-05-2021
ਉਲਝਣਾਂ, ਮਜਬੂਰੀਆਂ, ਜ਼ਿੰਮੇਵਾਰੀਆਂ ਨਾਲ ਰੋਜ਼ ਦੀ ਜਦੋ-ਜਹਿਦ ਕਰਦੇ ਮੈਨੂੰ ਅਕੇਵਾਂ ਜਿਹਾ ਹੋਣ ਲੱਗਾ ਸੀ। ਲੱਗਦਾ ਸੀ ਕਿ ਉਮੀਦਾਂ, ਬੇਲਗਾਮ ਇਛਾਵਾਂ ਦੀ ਇੱਕ ਬਹੁਤ ਭਾਰੀ ਗੱਠੜੀ ਸਿਰ ਤੇ ਰੱਖੀ ਹੈ ਤੇ ਪਤਾ ਨਹੀਂ ਗੱਠੜੀ ਕਦੇ ਹਲਕੀ ਵੀ ਹੋਵੇਗੀ ਜਾ ਨਹੀਂ। ਇਸੇ ਤਾਣੇ-ਬਾਣੇ ਦੀ ਸੋਚ ਵਿੱਚ ਮੈਂ ਦਫਤਰ ਤੋਂ ਘਰ ਵੱਲ ਚਾਲੇ ਪਾ ਦਿੱਤੇ ਜੋ ਮਹਿਜ ਦਸ ਮਿੰਟ ਦੀ ਦੂਰੀ ਤੇ ਜਿਸਨੂੰ ਮੈਂ ਅਕਸਰ ਪੰਦਰਾਂ ਤੋਂ ਵੀਹ ਮਿੰਟ ਦਾ ਬਣਾ ਲੈਂਦੀ ਸੀ। ਪਰ ਅੱਜ ਤਾਂ ਮੈਂ ਇਸ ਸਫਰ ਨੂੰ ਹੋਰ ਲੰਮੇਰਾ ਕਰਨ ਨੂੰ ਤਿਆਰ ਸੀ।
ਘਰ ਆ ਮੈਂ ਸਿੱਧਾ ਕਮਰੇ ਵਿੱਚ ਜਾ ਕੇ ਬਿਸਤਰੇ ਤੇ ਅੱਖਾਂ ਬੰਦ ਕਰਕੇ ਲੇਟ ਗਈ। ਹਾਲੇ ਵੀ ਉਸ ਨਿੱਕੀ ਜਿਹੀ ਕੁੜੀ ਦਾ ਹੱਸਦਾ ਮਾਸੂਮ ਚਿਹਰਾ ਮੇਰੀਆਂ ਅੱਖਾਂ ਅੱਗੇ ਆ ਰਿਹਾ ਸੀ ਤੇ ਉਸਦੇ ਬੋਲ ,"ਥੈਂਕ ਊ ਦੀਦੀ" ਕੰਨਾਂ ਵਿੱਚ ਮਿਸ਼ਰੀ ਘੋਲ ਰਹੇ ਸੀ। ਅੱਜ ਤੱਕ ਕਿਸੇ ਨੇ ਇੰਨੇ ਆਪਣੇਪਨ ਨਾਲ 'ਥੈਂਕ ਊ' ਨਹੀਂ ਕਿਹਾ ਸੀ। ਪਰ ਮਨ ਹੋਰ ਉਲਝ ਗਿਆ ਸੀ।
ਅੱਜ ਦਫਤਰ ਵਿੱਚ ਇੱਕ ਹੋਰ ਕਰਮਚਾਰੀ ਆਪਣੀ ਸਰਕਾਰੀ ਨੌਕਰੀ ਤੋਂ ਮੁਕਤ ਹੋ ਕੇ ਪੂਰੀ ਸ਼ਾਨੋ-ਸ਼ੋਕਤ ਨਾਲ ਰੁਕਸਤ ਹੋ ਗਿਆ ਸੀ। ਇੰਨੀ ਸ਼ਾਨੋ-ਸ਼ੋਕਤ ਤੇ ਦਿਖਾਵੇ ਦੇ ਹਾਸਿਆਂ ਦੇ ਵਿੱਚ ਸਭ ਫਿੱਕਾ ਸੀ। ਜ਼ਿਆਦਾ ਜਾਣੂ ਨਹੀਂ ਸੀ ਉਹਨਾਂ ਬਾਰੇ ਮੈਂ ਪਰ ਰਿਵਾਇਤਨ ਮੈਂ ਵੀ ਇਸ ਵਿਦਾਇਗੀ ਸਮਾਹੋਰ ਵਿੱਚ ਸ਼ਾਮਲ ਸੀ ਤੇ ਇਸ ਦਿਖਾਵੇ ਦੇ ਫਿੱਕੇ ਰੰਗਾਂ ਤੋਂ ਆਦਤਨ ਹੋਰ ਅੱਕ ਗਈ ਸੀ।
ਸਮਾਰੋਹ ਖਤਮ ਹੋਣ ਤੋਂ ਪਹਿਲਾਂ ਹੀ ਹੋਟਲ ਦੇ ਬਾਹਰ ਆ ਕੇ ਜਿਵੇਂ ਹੀ ਮੈਂ ਸਕੂਟਰੀ ਨੂੰ ਹੱਥ ਪਾਇਆ ਤਾਂ ਪਿੱਛੋਂ ਕਿਸੇ ਦੇ ਪੋਲੇ ਜਿਹੇ ਹੱਥ ਨੇ ਮੇਰੀ ਬਾਂਹ ਨੂੰ ਛੂਹਿਆ ਤਾਂ ਮੈਂ ਇੱਕ ਦਮ ਠੰਠਬਰ ਗਈ । ਮੈਂ ਪਿੱਛੇ ਮੁੜ ਕੇ ਦੇਖਿਆ ਤਾਂ ਇੱਕ ਪੰਦਰਾਂ ਕੁ ਵਰ੍ਹਿਆਂ ਦੀ ਸਾਂਵਲੀ ਜਿਹੀ ਕੁੜੀ ਨੇ ਮੇਰੇ ਅੱਗੇ ਆਪਣਾ ਹੱਥ ਕਰ ਦਿੱਤਾ ਤੇ ਬੜੇ ਤਰਲੇ ਨਾਲ ਕਿਹਾ ,"ਏ ਦੀਦੀ ਕੁੱਝ ਦੇ-ਦੇ ਨਾ , ਮੈਨੂੰ ਭੁੱਖ ਲੱਗੀ ਹੈ।" ਜਿਵੇਂ ਹੀ ਮੈਂ ਉਸਦੇ ਹੱਥ ਤੇ ਦਸਾਂ ਦਾ ਨੋਟ ਰੱਖਿਆ ਤਾਂ ਉਸਦੇ ਪਿੱਛੋਂ ਦੋ ਹੋਰ ਉਸ ਵਰਗੀਆਂ ਕੁੜੀਆਂ ਆ ਖੜੀਆਂ।
ਮੈਂ ਹੱਸਦੇ ਹੋਏ ਕਿਹਾ,"ਉਏ ਤੁਸੀਂ ਤਾਂ ਭੈਣਾਂ ਹੋ ਤਿੰਨੇ?" ਤਾਂ ਜੋ ਸਭ ਤੋਂ ਛੋਟੀ ਸੀ ਤਾਂ ਝੱਟ ਬੋਲੀ," ਨਾ ਦੀਦੀ ਜੀ ਅਸਾਂ ਤਾਂ ਅੱਡ-ਅੱਡ ਹਾਂ। " ਮੇਰਾ ਹਾਸਾ ਨਿਕਲ ਗਿਆ । ਮੈਂ ਉਹਨਾਂ ਨੂੰ ਵੀ ਪੈਸੇ ਦਿੱਤੇ ਤਾਂ ਉਹਨਾਂ ਵਿੱਚੋਂ ਇੱਕ ਨੇ ਪੁੱਛਿਆ ਕਿ ,"ਦੀਦੀ ਇੱਥੇ ਕੀ ਹੈ ਅੱਜ?" ਮੈਂ ਹੋਟਲ ਦੇ ਵੱਲ ਇੱਕ ਨਜ਼ਰ ਮਾਰੀ ਤੇ ਆਪ ਮੁਹਾਰੇ ਕਿਹਾ," ਇੱਥੇ ਗੱਠੜੀ ਦਾ ਭਾਰ ਘੱਟ ਹੋ ਰਿਹਾ"। ਉਹਨਾਂ ਦੇ ਕੁੱਝ ਸਮਝ ਨਾ ਪਿਆ। ਉਹ ਪੈਸੇ ਲੈ ਕੇ ਚੱਲੀਆਂ ਗਈਆਂ ਤੇ ਮੈਂ ਸਕੂਟਰੀ ਸਟਾਰਟ ਕਰਕੇ ਚੱਲਣ ਲੱਗੀ ਤਾਂ ਉਹੀ ਸਾਂਵਲੀ ਕੁੱੜੀ ਮੇਰੇ ਕੋਲ ਭ਼ੱਜ ਕੇ ਆਈ ।
ਮੈਂ ਸਕਟੂਰੀ ਬੰਦ ਕਰਕੇ ਥੋੜੇ ਗੁੱਸੇ ਨਾਲ ਪੁੱਛਿਆ,"ਉਏ ਹੁਣ ਕੀ ਹੋਇਆ?" ਉਸਨੇ ਮੇਰੇ ਵੱਲ ਧਿਆਨ ਨਾਲ ਦੇਖਿਆ ਤੇ ਦਸਾਂ ਦਾ ਨੋਟ ਮੇਰੇ ਵੱਲ ਵਧਾ ਦਿੱਤਾ। ਮੇਰੇ ਕੁੱਝ ਸਮਝ ਨਹੀਂ ਆਇਆ। ਇਸਤੋਂ ਪਹਿਲਾਂ ਕਿ ਮੈਂ ਕੁੱਝ ਬੋਲਦੀ ਉਸਨੇ ਬੋਲਣਾ ਸੁਰੂ ਕਰ ਦਿੱਤਾ,"ਦੀਦੀ ਤੁਸੀਂ ਉਹੀ ਹੋ ਨਾ ਜਿਨ੍ਹਾਂ ਨੇ ਮੈਨੂੰ ਤੇ ਮੇਰੀ ਬੀਬੀ ਨੂੰ ਬਾਲਣ ਦੀ ਗੱਠੜੀ ਚੁਕਾਈ ਸੀ?" ਮੈਂ ਬੇਧਿਆਨੀ ਜਿਹੀ ਨਾਲ ਕਿਹਾ ,"ਪਤਾ ਨਹੀਂ" ਉਹਨੇ ਮੇਰੇ ਹੱਥ ਤੇ ਨੋਟ ਰੱਖਦੇ ਕਿਹਾ ,"ਇਹ ਤੁਹਾਡੇ ਨੇ । ਦੀਦੀ ਤੁਸੀਂ ਚੋਂਕ ਵਾਲੇ ਗੁਰਦੁਆਰੇ ਕੋਲ ਰਹਿੰਦੇ ਹੋ ਨਾ । ਅਸੀਂ ਬਾਲਣ ਚੁਗਣ ਆਉਂਦੇ ਸੀ। ਮੇਰੀ ਬੀਬੀ ਦੀ ਗੱਠੜੀ ਡਿੱਗ ਪਈ ਸੀ ਤੇ ਤੁਸੀਂ ਚੁਕਾਈ ਸੀ ਤੇ ਨਾਲ ਮੇਰੀ ਬੀਬੀ ਨੂੰ ਮੈਨੂੰ ਪੜਾਉਣ ਲਈ ਕਿਹਾ ਸੀ। " ਮੈਂ ਇੱਕ ਦਮ ਉਸ ਵੱਲ ਗਹੁ ਨਾਲ ਦੇਖਿਆ ਤਾਂ ਮੇਰੇ ਯਾਦ ਆਇਆ।
ਸਾਲ ਕੁ ਪਹਿਲਾਂ ਇਹ ਕੁੜੀ ਤੇ ਇਸ ਮਾਂ ਘਰ ਦੇ ਖਾਲੀ ਪਲਾਟਾਂ ਵਿੱਚ ਬਾਲਣ ਚੁਗਣ ਆਉਂਦੀਆਂ ਸਨ ਤੇ ਅਕਸਰ ਮਾਤਾ ਜੀ ਤੋਂ ਪਾਣੀ ਦੀ ਬੋਤਲ ਤੇ ਕੁੱਝ ਖਾਣ ਲਈ ਲੈ ਜਾਂਦੀਆਂ ਸੀ। ਅਚਾਨਕ ਇੱਕ ਦਿਨ ਰਸਤੇ ਵਿੱਚ ਇਸਦੀ ਮਾਤਾ ਦੀ ਗੱਠੜੀ ਡਿੱਗ ਗਈ ਸੀ ਤੇ ਮੈਂ ਤੇ ਇਸ ਕੁੜੀ ਨੇ ਮਿਲ ਕੇ ਮਸਾਂ ਚੁਕਾਈ ਸੀ। ਇਹਨੇ ਗੁੱਸੇ ਨਾਲ ਕਿਹਾ ਸੀ,"ਬੀਬੀ ਤੇਰੀ ਆ ਬਾਲਣ ਦੀ ਗੱਠੜੀ ਬਾਹਲੀ ਭਾਰੀ ਹੈ। ਮੇਰੇ ਤੋਂ ਨਹੀਂ ਚੱਕ ਹੁੰਦੀ।" ਮੈਂ ਹੱਸਦੇ ਕਿਹਾ," ਹਾਂ ਭਾਰੀ ਤਾਂ ਬਹੁਤ ਹੈ ਪਰ ਬੱਚੇ ਮੰਗਣ ਦੀ ਗੱਠੜੀ ਨਾਲੋਂ ਬਹੁਤ ਹਲਕੀ ਹੈ ਇਹ।"
ਉਹਨੂੰ ਮੇਰੀ ਗੱਲ ਉੱਕਾ ਹੀ ਸਮਝ ਨਹੀਂ ਸੀ ਆਈ। ਇਸ ਗੱਲ ਨੂੰ ਸਾਲ ਹੋ ਗਿਆ ਸੀ ਬੀਤੇ। ਮੈਂ ਉਸ ਵੱਲ ਹੈਰਾਨ ਹੋ ਕੇ ਦੇਖਿਆ ਤੇ ਥੋੜੇ ਗੁੱਸੇ ਨਾਲ ਕਿਹਾ ,"ਅੱਛਾ ਤੈਨੂੰ ਮੈਂ ਹੁਣ ਵੀ ਯਾਦ ਹਾਂ ? ਤੇਰੀ ਯਾਦਦਾਸਤ ਤਾਂ ਬੜੀ ਵਧੀਆ ਹੈ। ਫਿਰ ਤੂੰ ਹੁਣ ਪੜਨ ਨਹੀਂ ਲੱਗੀ। ਬਾਲਣ ਚੁਗਣਾ ਛੱਡ ਹੁਣ ਆਹ ਕੰਮ ਸ਼ੁਰੂ ਕਰ ਦਿੱਤਾ।" ਉਹਨੇਂ ਨੀਵੀਂ ਪਾ ਲਈ ਤੇ ਆਪਣੇ ਇੱਕ ਪੈਰ ਦੇ ਅੰਗੂਠੇ ਨਾਲ ਦੂਜੇ ਪੈਰ ਤੇ ਖੁਰਕ ਕਰਨ ਲੱਗੀ। ਉਹਦੀਆਂ ਅੱਖਾਂ ਵਿੱਚੋਂ ਦੋ ਹੰਝੂ ਉਹਦੇ ਪੈਰ ਤੇ ਡਿੱਗ ਪਏ ਜਿਸਨੂੰ ਉਸਨੇ ਝੱਟ ਦੇਣੇ ਦੂਜੇ ਪੈਰ ਨਾਲ ਪੂੰਝ ਲਏ। "ਤੇਰੀ ਬੀਬੀ ਨੂੰ ਪਤਾ ਕਿ ਤੂੰ ਕੀ ਕੰਮ ਕਰਦੀ ਹੈਂ?" ਉਸਨੇ ਆਪਣੀਆਂ ਅੱਖਾਂ ਪੂੰਝੀਆਂ ਤੇ ਹਾਂ ਵਿੱਚ ਸਿਰ ਹਿਲਾ ਦਿੱਤਾ। ਮੇਰੇ ਮੱਥੇ ਤੇ ਗੁੱਸੇ ਨਾਲ ਇੱਕ ਗਹਿਰੀ ਤਿਉੜੀ ਉੱਭਰ ਆਈ । ਉਸਨੇ ਮੇਰੇ ਵੱਲ ਦੇਖਿਆ । "ਦੀਦੀ ਮੇਰੀ ਬੀਬੀ ਦਾ ਐਕਸੀਡੈਂਟ ਹੋ ਗਿਆ ਸੀ। ਚੋਂਕ 'ਚ ਇੱਕ ਦਿਨ ਮੇਰੀ ਬੀਬੀ ਨੂੰ ਇੱਕ ਕਾਰ ਵਾਲੇ ਨੇ ਟੱਕਰ ਮਾਰ ਦਿੱਤੀ ਸੀ। ਬੀਬੀ ਦੀ ਲੱਤ ਟੁੱਟ ਗਈ । ਹੁਣ ਉਹ ਕੁੱਝ ਨਹੀਂ ਸਕਦੀ ।ਦੀਦੀ ਇਹ ਪੈਸੇ ਤੁਹਾਡੇ ਨੇ । ਤੁਸੀਂ ਗਲਤੀ ਨਾਲ ਦੋ ਨੋਟ ਦੇ ਦਿੱਤੇ। ਦੀਦੀ ਮੈਂ ਛੇਵੀਂ ਪਾਸ ਕਰ ਲਈ ਸੀ। ਚੰਗਾ ਨਹੀਂ ਲੱਗਦਾ ਪਰ ਹੁਣ ਕੋਈ ਕੰਮ ਨਹੀਂ ਦਿੰਦਾ ਤਾਂ ਮੰਗਣਾ ਪੈਂਦਾ। ਦੀਦੀ ਬਾਲਣ ਦੀ ਗੱਠੜੀ ਮੰਗਤੀ ਦੀ ਗੱਠੜੀ ਨਾਲੋਂ ਸੱਚੀਂ ਬਹੁਤ ਹਲਕੀ ਸੀ ।" ਇੰਨਾ ਕਹਿ ਉਸਨੇ ਨੀਵੀਂ ਪਾ ਲਈ।
ਮੇਰੇ ਕੋਲ ਸਬਦ ਮੁੱਕ ਗਏ ਸੀ। ਮੈਂ ਉਸਦੇ ਹੱਥ ਦੀ ਮੁੱਠੀ ਨੂੰ ਘੁੱਟਦੇ ਕਿਹਾ,"ਇਹ ਤੇਰੇ ਨੇ ।" ਇੰਨਾ ਸੁਣ ਉਸਦੇ ਚਿਹਰੇ ਕੇ ਮੁਸਕਾਨ ਫੈਲ ਗਈ। ਉਸ ਨੇ ਮੇਰੇ ਵੱਲ ਮੁੜ ਕੇ ਤੱਕਿਆ ਤੇ ਕਿਹਾ," ਥੈਂਕ ਊ ਦੀਦੀ। ਮੈਂ ਬੀਬੀ ਨੂੰ ਦੱਸਾਂਗੀ ਤੁਹਾਡੇ ਬਾਰੇ।" ਇਹਨਾਂ ਕਹਿ ਉਹ ਚਲੀ ਸੀ ਪਰ ਆਪਣੇ ਪਿੱਛੇ ਬਹੁਤ ਸਾਰੇ ਸਵਾਲ ਛੱਡ ਗਈ ਸੀ ਜਿਹਨਾਂ ਦੇ ਜਵਾਬ ਸਮੇਂ ਦੀ ਗੱਠੜੀ ਵਿੱਚ ਬੰਨੇ ਪਏ ਨੇ।