'ਵੇਖ ਫਰੀਦਾ ਮਿੱਟੀ ਖੁੱਲੀ ਮਿੱਟੀ ਉੱਤੇ ਮਿੱਟੀ ਡੁੱਲੀ
ਮਿੱਟੀ ਹੱਸੇ ਮਿੱਟੀ ਰੋਵੇ ਅੰਤ ਮਿੱਟੀ ਦਾ ਮਿੱਟੀ ਹੋਵੇ।'
ਬਾਬਾ ਫਰੀਦ ਜੀ ਦੀਆਂ ਅਰਜ਼ ਕੀਤੀਆਂ ਇਹ ਸਤਰਾਂ ਸਾਡੀ ਹੋਂਦ ਨੂੰ ਵਿਅਕਤ ਕਰਦੀਆਂ ਹਨ। ਇਸ ਦੁਨੀਆਂ ਵਿੱਚ ਹਰੇਕ ਮਨੁੱਖ ਦੇ ਜ਼ਿੰਦਗੀ ਜਿਉਣ ਅਤੇ ਉਸ ਨੂੰ ਵੇਖਣ ਦੇ ਅਨੇਕਾਂ ਢੰਗ ਤਰੀਕੇ ਅਤੇ ਆਪਣਾ ਨਜ਼ਰੀਆ ਹੁੰਦਾ ਹੈ, ਪਰ ਬਹੁਤ ਘੱਟ ਲੋਕ ਇਸ ਜ਼ਿੰਦਗੀ ਦੇ ਅਸਲ ਮਕਸਦ ਤੋ ਵਾਕਿਫ ਹੁੰਦੇ ਹਨ। ਸਮਾਜ ਵਿੱਚ ਰਹਿੰਦੇ ਹੋਏ ਅਸੀਂ ਦੁਨਿਆਵੀ ਰਿਸ਼ਤਿਆਂ ਅਤੇ ਅਹੁਦਿਆਂ ਦੇ ਗੁਲਾਮ ਹੋ ਜਾਂਦੇ ਹਾਂ, ਪਰ ਕਦੇ ਇਹ ਨਹੀਂ ਸੋਚਦੇ ਕਿ ਮਿੱਟੀ ਦੀ ਮੂਰਤਨੁਮਾ ਇਸ ਪੰਜ ਤੱਤ ਦੇ ਸਰੀਰ ਦਾ ਅਸਲ ਮਕਸਦ ਕੀ ਹੈ ? ਇਸ ਨੇ ਕਿਹੜੇ ਸੱਚ ਤੱਕ ਪਹੁੰਚਣਾ ਹੈ। ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਰਹਿਨੁਮਾ, ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਅਨੁਭਵਾਂ ਅਤੇ ਵਿਚਾਰਾਂ ਦਾ ਨਿਚੋੜ ਸਾਨੂੰ ਸਾਹਿਤ ਦੇ ਰੂਪ ਵਿੱਚ ਪ੍ਰਦਾਨ ਕੀਤਾ ਹੈ। ਬਾਬਾ ਫਰੀਦ, ਬਾਬਾ ਨਾਨਕ, ਬੁੱਲੇ ਸ਼ਾਹ ਵਰਗੇ ਅਨੇਕਾਂ ਮਹਾਨ ਵਿਚਾਰਕ ਸਾਨੂੰ ਮਿਲੇ ਹਨ ਜਿਨ੍ਹਾਂ ਨੇ ਮਨੁੱਖ ਦੀ ਅਸਲ ਹੋਂਦ ਦੀ ਮਹੱਤਤਾ ਉੱਪਰ ਖ਼ਲਕਤ ਦਾ ਧਿਆਨ ਆਕਰਸ਼ਿਤ ਕੀਤਾ ਹੈ।