ਜਾਣੋ, ਜਾਗੋ ਤੇ ਸੰਘਰਸ਼ ਕਰੋ!
Posted on:- 18-10-2020
-ਹਰਚਰਨ ਸਿੰਘ ਪ੍ਰਹਾਰ
ਕਈ ਦੋਸਤ, ਮੇਰੀਆਂ ਲਿਖਤਾਂ ਪੜ੍ਹ ਕੇ ਸੁਆਲ ਕਰਦੇ ਹਨ ਕਿ ਤੁਸੀਂ ਜਿੱਥੇ ਧਾਰਮਿਕ ਵਹਿਮਾਂ-ਭਰਮਾਂ ਤੇ ਪਾਖਡੀ ਸਾਧਾਂ-ਸੰਤਾਂ ਆਦਿ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਬਾਰੇ ਲਿਖਦੇ ਹੋ, ਉਥੇ ਮੌਕਾਪ੍ਰਸਤ ਤੇ ਸੁਅਆਰਥੀ ਲੀਡਰਾਂ ਦੀਆਂ ਲੋਕ ਵਿਰੋਧੀ ਨੀਤੀਆਂ ਬਾਰੇ ਵੀ ਦੱਸਦੇ ਹੋ। ਪਰ ਇਨ੍ਹਾਂ ਪਾਖੰਡੀਆਂ ਤੇ ਮੌਕਾਪ੍ਰਸਤਾਂ ਤੋਂ ਛੁਟਕਾਰਾ ਕਿਵੇਂ ਪਵੇ? ਮੇਰੇ ਖਿਅਆਲ ਵਿੱਚ ਗੱਲ ਇਨ੍ਹਾਂ ਤੋਂ ਛੁਟਕਾਰੇ ਦੀ ਨਹੀ, ਜਾਂ ਇਸ ਤਰ੍ਹਾਂ ਤੁਸੀਂ ਕਿਤਨਿਆਂ ਤੋਂ ਛੁਟਕਾਰਾ ਪਾਉਗੇ? ਸੁਆਲ ਆਪਣੇ ਅੰਦਰ ਦੀ ਅਗਿਆਨਤਾ ਖਤਮ ਕਰਨ ਦਾ ਹੈ? ਸੁਆਲ ਸਾਡੇ ਜਾਗਣ ਦਾ ਹੈ? ਜਦੋਂ ਤੱਕ ਅਸੀਂ ਅਗਿਆਨੀ, ਅੰਧ ਵਿਸ਼ਵਾਸ਼ੀ, ਚਾਪਲੂਸ ਆਦਿ ਬਣੇ ਰਹਾਂਗੇ, ਉਦੋਂ ਤੱਕ ਇਹ ਲੋਕ ਸਾਡਾ ਸ਼ੋਸ਼ਣ ਕਰਦੇ ਰਹਿਣਗੇ, ਸਾਨੂੰ ਲੁੱਟਦੇ ਰਹਿਣਗੇ? ਜਦੋਂ ਤੱਕ ਅਸੀ ਇਹ ਨਹੀਂ ਜਾਣਦੇ ਕਿ ਜਥੇਬੰਦਕ ਧਰਮਾਂ ਦੇ ਪੁਜਾਰੀ ਵਰਗ, ਲੋਕ ਵਿਰੋਧੀ ਹਾਕਮਾਂ ਤੇ ਲੁਟੇਰੇ ਸਰਮਾਏਦਾਰਾਂ ਵਿੱਚ ਇੱਕ ਨਾਪਾਕ ਗੱਠਜੋੜ ਹੈ, ਇਹ ਬਾਹਰੋਂ ਵੱਖਰੇ ਦਿਸਣ ਵਾਲੇ ਅੰਦਰੋਂ ਰਲੇ ਹੋਏ ਹਨ।
ਪੁਜਾਰੀ, ਹਾਕਮ ਤੇ ਸਰਮਾਏਦਾਰ, ਤਿੰਨੋਂ ਲੁਟੇਰੇ ਹਨ। ਉਦੋਂ ਤੱਕ ਕੁਝ ਵੀ ਹੋਣ ਵਾਲਾ ਨਹੀਂ? ਇਹ ਲੁੱਟ ਜਾਰੀ ਰਹੇਗੀ? ਜਦੋਂ ਤੱਕ ਅਸੀਂ ਨਹੀਂ ਜਾਗਦੇ, ਅਸੀਂ ਸੁਚੇਤ ਨਹੀਂ ਹੁੰਦੇ, ਅਸੀਂ ਆਪਣੇ ਹੱਕਾਂ ਤੇ ਫਰਜ਼ਾਂ ਨੂੰ ਨਹੀਂ ਪਹਿਚਾਣਦੇ, ਇਹ ਸ਼ੋਸ਼ਣ ਕਰਦੇ ਰਹਿਣਗੇ? ਇਨ੍ਹਾਂ ਨੇ ਸਾਨੂੰ ਆਪਣੇ ਮੁਨਾਫ਼ਿਆਂ ਲਈ ਮਸ਼ੀਨ ਬਣਾ ਦਿੱਤਾ ਹੈ। ਸਾਡੀ ਮਨੁੱਖੀ ਹੋਂਦ ਖਤਮ ਹੁੰਦੀ ਜਾ ਰਹੀ ਹੈ। ਇਨ੍ਹਾਂ ਸਾਨੂੰ ਰੋਟੀ, ਕੱਪੜਾ ਔਰ ਮਕਾਨ ਦੀ ਅਣ ਮੁੱਕਦੀ ਦੌੜ ਵਿੱਚ ਪਾ ਦਿੱਤਾ ਹੈ। ਜਿੱਥੇ ਅਸੀਂ ਇਨਸਾਨ ਦੇ ਤੌਰ ਤੇ ਜਿਉਣਾ ਭੁੱਲਦੇ ਜਾ ਰਹੇ ਹਾਂ। ਸਾਡਾ ਜੀਵਨ ਮਨੋਰਥ ਜੰਮ ਕੇ ਮਰ ਜਾਣਾ ਹੀ ਰਹਿ ਗਿਆ ਹੈ। ਅਸੀਂ ਜਿਉਣ ਲਈ ਨਹੀਂ ਜੀਅ ਰਹੇ, ਮਰਨ ਲਈ ਜੀਅ ਰਹੇ ਹਾਂ।
ਜਦੋਂ ਤੱਕ ਅਸੀਂ ਝੂਠ ਤੇ ਸੱਚ ਦੀ ਪਹਿਚਾਣ ਕਰਨ ਦੇ ਸਮਰੱਥ ਨਹੀਂ ਹੁੰਦੇ? ਜਦੋਂ ਤੱਕ ਅਸੀਂ ਆਪਣੇ ਛੋਟੇ ਛੋਟੇ ਸੁਆਰਥ ਛੱਡ ਕੇ ਇਕੱਠੇ ਨਹੀਂ ਹੁੰਦੇ? ਉਦੋਂ ਤੱਕ ਕੋਈ ਸਾਡੇ ਲਈ ਕੁਝ ਨਹੀਂ ਕਰ ਸਕਦਾ। ਜੇ ਤੁਸੀਂ ਧਿਆਨ ਨਾਲ ਦੇਖੋ ਤਾਂ ਲੁਟੇਰੇ ਤੇ ਲੋਕ ਵਿਰੋਧੀ, ਸਾਨੂੰ ਲੁੱਟਣ ਲਈ ਬਿਨਾਂ ਕਿਸੇ ਦੇਸ਼, ਧਰਮ, ਕੌਮ ਦੇ ਗਲੋਬਲਾਈਜੇਸ਼ਨ ਦੇ ਨਾਮ ਤੇ ਇਕੱਠੇ ਹਨ। ਪਰ ਅਸੀਂ ਲੁੱਟ ਹੋਣ ਵਾਲੇ ਦੇਸ਼ਾਂ, ਧਰਮਾਂ, ਰੰਗਾਂ, ਨਸਲਾਂ, ਜਾਤਾਂ, ਲਿੰਗਾਂ, ਕੌਮਾਂ, ਬੋਲੀਆਂ, ਸਭਿਆਚਾਰਾਂ ਆਦਿ ਦੇ ਨਾਮ ਤੇ ਵੰਡੇ ਹੋਏ ਹਾਂ, ਆਪਸ ਵਿੱਚ ਲੜ ਰਹੇ ਹਾਂ, ਜਾਂ ਚੁੱਪ-ਚਾਪ ਇੱਕ ਦੂਜੇ ਦਾ ਸ਼ੋਸ਼ਣ ਹੁੰਦਾ ਦੇਖ ਰਹੇ ਹਾਂ।
ਕਾਬਿਜ ਲੋਕ ਕਦੇ ਨਹੀਂ ਚਾਹੁਣਗੇ ਕਿ ਅਸੀਂ ਜਾਗ ਜਾਈਏ, ਅਸੀਂ ਸੂਝਵਾਨ ਹੋਈਏ? ਜਿਸਦਾ ਧੰਦਾ ਤੁਹਾਡੀ ਅਗਿਆਨਤਾ ਅਤੇ ਬੇਹੋਸ਼ੀ ਤੇ ਚੱਲ ਰਿਹਾ ਹੈ, ਉਹ ਕਿਉਂ ਚਾਹੁਣਗੇ ਕਿ ਤੁਸੀਂ ਜਾਗੋ ਤੇ ਲਾਮਬੰਦ ਹੋਵੋ। ਤੁਹਾਡਾ ਅਗਿਆਨਤਾ, ਅੰਧ ਵਿਸ਼ਵਾਸ, ਬੇਹੋਸ਼ੀ ਵਿੱਚ ਰਹਿਣਾ, ਇਨ੍ਹਾਂ ਦੇ ਹਿੱਤ ਵਿੱਚ ਹੈ। ਤੁਹਾਨੂੰ ਹੀ ਕੁਝ ਕਰਨਾ ਪੈਣਾ ਹੈ? ਸਰਮਾਏਦਾਰੀ ਨਿਯਾਮ ਨੇ ਆਪਣੀ ਮੁਨਾਫ਼ੇ ਦੀ ਹਵਸ ਨਾਲ ਮਨੁੱਖਤਾ ਨੂੰ ਤਬਾਹੀ ਦੇ ਕੰਡੇ ਲਿਆ ਖੜਾ ਕੀਤਾ ਹੈ? ਗਲੋਬਲ ਵਾਰਮਿੰਗ ਸਾਡੀ ਤਬਾਹੀ ਨੂੰ ਵਾਜਾਂ ਮਾਰ ਰਹੀ ਹੈ? ਸਰਮਾਏਦਾਰੀ ਦੇ ਲੁਟੇਰੇ ਨਿਯਾਮ ਨੇ ਪਿਛਲੀਆਂ ਦੋ ਸਦੀਆਂ ਵਿੱਚ ਆਈ ਟੈਕਨੌਲੌਜੀ ਦੀ ਕ੍ਰਾਂਤੀ ਨੂੰ ਮਨੁੱਖਤਾ ਦੇ ਭਲੇ ਦੀ ਥਾਂ, ਵਿਰੋਧ ਵਿੱਚ ਖੜਾ ਕਰ ਦਿੱਤਾ ਹੈ? ਆਉਣ ਵਾਲੇ ਸਮੇਂ ਵਿੱਚ ਸਭ ਕੁਝ ਆਨਲਾਈਨ ਹੋਣ ਤੇ ਮਨੁੱਖ ਦੀ ਥਾਂ ਕੰਪਿਊਟਰ ਜਾਂ ਰੋਬੋਟ ਵੱਲੋਂ ਲੈ ਲੈਣ ਬਾਰੇ ਸੋਚ ਕੇ ਆਮ ਲੋਕ ਭੈਭੀਤ ਹੋ ਰਹੇ ਹਨ, ਹਰ ਜਗ੍ਹਾ ਮਹਿੰਗਾਈ ਵੱਧ ਰਹੀ ਹੈ, ਇਨਕਮ ਘਟ ਰਹੀ ਹੈ, ਬੇਰੁਜ਼ਗਾਰੀ ਵੱਧ ਰਹੀ ਹੈ, ਪਰ ਕੁਝ ਮੁੱਠੀ ਭਰ ਲੋਕ ਆਪਣੀ ਦੌਲਤ ਦੇ ਅੰਬਾਰ ਲਗਾਉਣ ਵਿੱਚ ਰੁੱਝੇ ਹੋਏ ਹਨ, ਉਹ ਸਾਡਾ ਸਭ ਕੁਝ ਲੁੱਟਣ ਲਈ ਹਰ ਹੀਲਾ ਵਰਤ ਰਹੇ ਹਨ।
ਗਰੀਬੀ ਤੇ ਅਮੀਰੀ ਵਿੱਚ ਜਿਤਨਾ ਪਾੜਾ ਪਿਛਲੇ ਤਿੰਨ ਚਾਰ ਦਹਾਕਿਆਂ ਵਿੱਚ ਵਧਿਆ ਹੈ, ਉਤਨਾ ਇਤਿਹਾਸ ਵਿੱਚ ਕਦੇ ਵੀ ਨਹੀਂ ਸੀ। ਜਿਤਨੀ ਦੌਲਤ ਦੁਨੀਆਂ ਦੋ ਚਾਰ ਪ੍ਰਤੀਸ਼ਤ ਲੋਕਾਂ ਕੋਲ ਜਮ੍ਹਾਂ ਹੋ ਚੁੱਕੀ ਹੈ, ਉਤਨੀ ਬਾਕੀ ਸਾਰੀ ਮਨੁੱਖਤਾ ਕੋਲ ਨਹੀਂ ਹੈ। ਇੱਥੇ ਹੀ ਨਹੀਂ, ਉਹ ਸਾਨੂੰ ਮਾਨਸਿਕ ਤੌਰ ਤੇ ਵੀ ਕੰਗਾਲ ਬਣਾ ਰਹੇ ਹਨ। ਪੰਜਾਬੀ ਬੌਧਿਕ ਕੰਗਾਲੀ ਤੇ ਫੁਕਰੇਪਨ ਵਿੱਚ ਸਭ ਤੋਂ ਮੋਹਰੀ ਹਨ। ਮਨੁੱਖਤਾ ਦਾ ਵੱਡਾ ਹਿੱਸਾ ਮਾਨਸਿਕ ਰੋਗਾਂ ਦਾ ਸ਼ਿਕਾਰ ਹੈ, ਖ਼ੁਦਕੁਸ਼ੀਆਂ ਕਰ ਰਿਹਾ ਹੈ, ਨਸ਼ਿਆਂ ਦਾ ਸ਼ਿਕਾਰ ਹੋ ਰਿਹਾ ਹੈ? ਪਰ ਲੁਟੇਰੇ ਹਾਕਮ ਤੇ ਸਰਮਾਏਦਾਰ ਨਸ਼ਿਆਂ ਨੂੰ ਵੀ ਵਪਾਰ ਬਣਾ ਕੇ ਮੁਬਾਫੇ ਦਾ ਧੰਦਾ ਬਣਾ ਰਹੇ ਹਨ। ਇਸ ਲਈ ਲੋਕ ਪੱਖੀ ਲੋਕਾਂ ਦਾ ਅੱਜ ਇੱਕ ਹੀ ਨਾਹਰਾ ਹੋਣਾ ਚਾਹੀਦਾ ਹੈ ਕਿ ਜਾਣੋ, ਜਾਗੋ ਤੇ ਸੰਘਰਸ਼ ਕਰੋ!