Thu, 21 November 2024
Your Visitor Number :-   7254488
SuhisaverSuhisaver Suhisaver

ਮੋਹ ਭਿੱਜੇ ਰਿਸ਼ਤਿਆਂ ਤੋਂ ਟੁੱਟਦਾ ਮਨੁੱਖ -ਡਾ. ਨਿਸ਼ਾਨ ਸਿੰਘ ਰਾਠੌਰ

Posted on:- 14-05-2020

suhisaver

ਮਨੁੱਖੀ ਜੀਵਨ ਰਿਸ਼ਤਿਆਂ ਦੀ ਡੋਰ ਵਿਚ ਬੱਝਾ ਹੁੰਦਾ ਹੈ। ਇਹ ਡੋਰ ਜਿੰਨੀ ਮਜ਼ਬੂਤ ਹੁੰਦੀ ਹੈ ਉੰਨੀ ਹੀ ਕੋਮਲ ਵੀ ਹੁੰਦੀ ਹੈ। ਇਹਨਾਂ ਰਿਸ਼ਤਿਆਂ ਕਰਕੇ ਮਨੁੱਖ ਜਿੱਥੇ ਜ਼ਿੰਦਗੀ ਨੂੰ ਜਿਉਂਦਾ ਹੈ ਉੱਥੇ ਕਈ ਵਾਰ ਇਹਨਾਂ ਰਿਸ਼ਤਿਆਂ ਵਿਚ ਆਈਆਂ ਉਲਝਣਾਂ ਕਰਕੇ ਜ਼ਿੰਦਗੀ ਨੂੰ ਖ਼ਤਮ ਕਰਨ ਦੇ ਰਾਹ ਵੀ ਪੈ ਜਾਂਦਾ ਹੈ। ਇਹ ਕਾਰਜ ਮਨੁੱਖ ਦੇ ਆਪਣੇ ਹੱਥ ਵਿਚ ਹੈ ਕਿ ਉਹ ਆਪਣੀ ਜ਼ਿੰਦਗੀ ਨੂੰ ਪਰਿਵਾਰਾਂ ਵਿਚ ਰਹਿ ਕੇ ਰਿਸ਼ਤਿਆਂ ਦੇ ਨਿੱਘ ਨਾਲ ਸਵਰਗ ਬਣਾਉਣਾ ਚਾਹੁੰਦਾ ਹੈ ਜਾਂ ਫਿਰ ਨਰਗ?

ਹਰ ਸਾਲ 15 ਮਈ ਦਾ ਦਿਨ 'ਅੰਤਰਰਾਸ਼ਟਰੀ ਪਰਿਵਾਰ ਦਿਵਸ' ਵੱਜੋਂ ਮਨਾਇਆ ਜਾਂਦਾ ਹੈ। ਇਹ ਦਿਨ ਮਨਾਉਣ ਦੀ ਆਰੰਭਤਾ ਅਮਰੀਕਾ ਵਿਚ 1994 ਨੂੰ ਕੀਤੀ ਗਈ ਸੀ ਤਾਂ ਕਿ ਅਜੋਕੇ ਮਨੁੱਖ ਨੂੰ ਪਰਿਵਾਰ ਦਾ ਮਹੱਤਵ ਸਮਝਾਇਆ ਜਾ ਸਕੇ, ਰਿਸ਼ਤਿਆਂ ਦੀ ਅਹਿਮੀਅਤ ਦਾ ਅਹਿਸਾਸ ਕਰਵਾਇਆ ਜਾ ਸਕੇ। ਪਰ! ਬਦਕਿਸਮਤੀ ਹਰ ਸਾਲ ਪਰਿਵਾਰਾਂ ਦਾ ਟੁੱਟਣਾ ਵੱਧਦਾ ਜਾ ਰਿਹਾ ਹੈ। ਪਰਿਵਾਰਾਂ ਵਿਚ ਦੂਰੀਆਂ ਵੱਧ ਰਹੀਆਂ ਹਨ, ਮੋਹ ਭਿੱਜੇ ਰਿਸ਼ਤੇ ਬੀਤੇ ਵੇਲਿਆਂ ਦੀ ਗੱਲ ਹੁੰਦੇ ਜਾ ਰਹੇ ਹਨ। ਮਨੁੱਖ ਅੰਦਰ ਇੱਕਲਾਪਾ ਆਪਣਾ ਪ੍ਰਭਾਵ ਵਧਾਉਂਦਾ ਜਾ ਰਿਹਾ ਹੈ; ਜਿਸ ਦਾ ਨਤੀਜਾ ਖੁਦਕੁਸ਼ੀਆਂ ਦੇ ਰੂਪ ਵਿਚ ਸਾਹਮਣੇ ਆ ਰਿਹਾ ਹੈ।

ਖ਼ੈਰ! ਅੱਜ ਦਾ ਮਨੁੱਖ ਜਿੱਥੇ ਭੱਜਦੌੜ ਭਰੀ ਜ਼ਿੰਦਗੀ ਨੂੰ ਜਿਉਣ ਦਾ ਸੰਤਾਪ ਹੰਢਾ ਰਿਹਾ ਹੈ ਉੱਥੇ ਹੀ ਕਿਸੇ ਕੋਲ ਆਪਣੇ ਸਕੇ- ਸੰਬੰਧੀਆਂ ਕੋਲ ਬੈਠਣ ਦਾ ਵਕਤ ਨਹੀਂ ਹੈ। ਸਮੇਂ ਦੇ ਗੇੜ ਨੂੰ ਜੇਕਰ ਵੀਹ ਕੂ ਸਾਲ ਪਿਛਾਂਹ ਕਰਕੇ ਉਸ ਵਕਤ ਦੇ ਸਮਾਜ ਦੇ ਜੀਵਨ ਨੂੰ ਵੇਖੀਏ ਤਾਂ ਮਨੁੱਖ ਦਾ ਜੀਵਨ ਅੱਜ ਨਾਲੋਂ ਕਿਤੇ ਜ਼ਿਆਦਾ ਸਕੂਨ ਭਰਿਆ ਸੀ। ਹਾਲਾਂਕਿ ਉਸ ਵਕਤ ਸਹੂਲਤਾਂ ਅੱਜ ਨਾਲੋਂ ਘੱਟ ਸਨ ਪਰ ਮਨੁੱਖ ਸੰਤੁਸ਼ਟ ਸੀ, ਖੁਸ਼ ਸੀ। ਇਸ ਖੁਸ਼ੀ ਦਾ ਵੱਡਾ ਕਾਰਣ ਮਨੁੱਖ ਦਾ ਆਪਣੇ ਪਰਿਵਾਰ ਨਾਲ ਮੋਹ ਸੀ ਅਤੇ ਜ਼ਿੰਦਗੀ ਜਿਉਣ ਲਈ ਸੀਮਤ ਜ਼ਰੂਰਤਾਂ ਸਨ। ਮਨੁੱਖ ਆਪਣੇ ਸੀਮਤ ਸਾਧਨਾਂ ਵਿਚ ਸੀਮਤ ਇੱਛਾਵਾਂ ਦੀ ਪੂਰਤੀ ਸਹਿਜੇ ਹੀ ਕਰ ਲੈਂਦਾ ਸੀ। ਇਸ ਕਰਕੇ ਅੱਜ ਨਾਲੋਂ ਵਧੇਰੇ ਖੁਸ਼ ਸੀ। ਪਰ! ਅੱਜ ਅਸੀਮਤ ਇੱਛਾਵਾਂ ਨੇ ਮਨੁੱਖ ਨੂੰ ਬੇਚੈਨ ਕਰਕੇ ਰੱਖ ਦਿੱਤਾ ਹੈ। ਮਨੁੱਖ ਜ਼ਿੰਦਗੀ ਨੂੰ ਜਿਉਣਾ ਭੁੱਲ ਗਿਆ ਹੈ ਬਲਕਿ ਜ਼ਿੰਦਗੀ ਨੂੰ ਕੱਟ ਰਿਹਾ ਹੈ, ਢੋਹ ਰਿਹਾ ਹੈ।

ਦੂਜੀ ਅਹਿਮ ਗੱਲ ਕਿ ਅੱਜ ਦੇ ਵਕਤ ਅਤੇ ਬੀਤੇ ਵਕਤ ਵਿਚ ਮੁੱਢਲਾ ਫਰਕ; ਰਿਸ਼ਤਿਆਂ ਦੀ ਕਦਰ ਘੱਟਣ ਕਰਕੇ ਪੈਦਾ ਹੋਇਆ ਹੈ। ਅੱਜ ਬਹੁਤੀਆਂ ਨੂੰਹਾਂ ਨੂੰ ਆਪਣੀਆਂ ਸੱਸਾਂ ਨਾਲ ਰਹਿਣ ਵਿਚ ਦਿੱਕਤ ਆਉਂਦੀ ਹੈ ਪਰ ਬੀਤੇ ਵੇਲੇ ਸੱਸ ਮਾਂ ਤਾਂ ਬਹੁਤ ਦੂਰ ਦੀ ਗੱਲ; ਪਿੰਡ ਦੀਆਂ ਹੋਰ ਔਰਤਾਂ ਨਾਲ ਮੋਹ ਵੀ ਕਿਸੇ ਗੱਲੋਂ ਲੁਕਿਆ ਹੋਇਆ ਨਹੀਂ ਸੀ। ਪਿੰਡ ਦੀ ਨੂੰਹ ਸਾਰੇ ਪਿੰਡ ਦੀ ਨੂੰਹ ਹੁੰਦੀ ਸੀ। ਪਿੰਡ ਦੀ ਧੀ ਸਾਰੇ ਪਿੰਡ ਦੀ ਧੀ ਹੁੰਦੀ ਸੀ। ਪਿੰਡਾਂ ਵਿਚ ਬਹੁਤੇ ਪਰਿਵਾਰਾਂ ਵਿਚ ਇਕੱਠ ਹੁੰਦਾ ਸੀ, ਏਕਾ ਹੁੰਦਾ ਸੀ। ਕਮਾਉਣ ਵਾਲੇ ਭਾਵੇਂ ਘੱਟ ਸਨ ਪਰ ਮੁਹਬੱਤੀ ਰਿਸ਼ਤਿਆਂ ਦੀ ਘਾਟ ਨਹੀਂ ਸੀ। ਇੱਕ ਪਰਿਵਾਰ ਦਾ ਦੁੱਖ ਪੂਰੇ ਪਿੰਡ ਦਾ ਦੁੱਖ ਸਮਝਿਆ ਜਾਂਦਾ ਸੀ। ਇੱਕ ਪਰਿਵਾਰ ਦੀ ਖੁਸ਼ੀ ਵਿਚ ਪੂਰਾ ਪਿੰਡ ਖੁਸ਼ ਹੁੰਦਾ ਸੀ।

ਯਕੀਨਨ, ਮਸ਼ੀਨੀ ਯੁੱਗ ਨੇ ਜਿੱਥੇ ਮਨੁੱਖ ਨੂੰ ਮਸ਼ੀਨ ਬਣਾ ਕੇ ਰੱਖ ਦਿੱਤਾ ਹੈ ਉੱਥੇ ਹੀ ਪਰਿਵਾਰਾਂ ਨਾਲੋਂ ਵੀ ਤੋੜ ਕੇ ਰੱਖ ਦਿੱਤਾ ਹੈ, ਮੋਹ ਭਿੱਜੇ ਰਿਸ਼ਤਿਆਂ ਨਾਲੋਂ ਵੀ ਤੋੜ ਕੇ ਰੱਖ ਦਿੱਤਾ ਹੈ। ਮਨੁੱਖ ਆਪਣੇ ਜੀਵਨ ਵਿਚ ਐਸ਼ਪ੍ਰਸਤੀ ਚਾਹੁੰਦਾ ਹੈ, ਪੈਸਾ ਚਾਹੁੰਦਾ ਹੈ, ਖੁਸ਼ੀ ਚਾਹੁੰਦਾ ਹੈ, ਨਾਮ ਕਮਾਉਣਾ ਚਾਹੁੰਦਾ ਹੈ। ਪਰ! ਇਹਨਾਂ ਇੱਛਾਵਾਂ ਦੀ ਇਵਜ਼ ਵਿਚ ਉਸ ਨੇ ਆਪਣਾ ਸੁਖ ਅਤੇ ਚੈਨ ਗੁਆ ਲਿਆ ਹੈ, ਆਪਣੇ ਰਿਸ਼ਤੇ ਗੁਆ ਲਏ ਹਨ, ਆਪਣੀ ਮੁਹੱਬਤ ਗੁਆ ਲਈ ਹੈ, ਰੂਹ ਦਾ ਸਕੂਨ ਗੁਆ ਲਿਆ ਹੈ ਅਤੇ ਆਪਣੇ ਪਰਿਵਾਰ ਗੁਆ ਲਏ ਹਨ।

ਇਹ ਗੱਲ ਪੱਥਰ 'ਤੇ ਲਕੀਰ ਵਾਂਗ ਸੱਚ ਹੈ ਕਿ ਕੋਈ ਵੀ ਮਨੁੱਖ ਪਰਿਵਾਰ ਤੋਂ ਬਿਨਾਂ ਨਹੀਂ ਰਹਿ ਸਕਦਾ ਅਤੇ ਇਹ ਪਰਿਵਾਰ ਮਨੁੱਖਾਂ ਨਾਲ, ਆਪਣਿਆਂ ਨਾਲ, ਰਿਸ਼ਤਿਆਂ ਨਾਲ ਗੜੁੱਚ ਹੁੰਦਾ ਹੈ। ਇਹਨਾਂ ਤੋਂ ਬਿਨਾਂ ਮਨੁੱਖਤਾ ਦੀ ਕਲਪਣਾ ਵੀ ਨਹੀਂ ਕੀਤੀ ਜਾ ਸਕਦੀ। ਪਰ! ਅਜੋਕੇ ਦੌਰ ਵਿਚ ਮਨੁੱਖ ਇਹਨਾਂ ਮੋਹ ਭਿੱਜੇ ਰਿਸ਼ਤਿਆਂ ਤੋਂ ਦੂਰ ਹੋ ਗਿਆ ਹੈ। ਇਹਨਾਂ ਦੂਰੀਆਂ ਦਾ ਮੂਲ ਕਾਰਣ ਮਨੁੱਖ ਦੀਆਂ ਅਸੀਮ ਇੱਛਾਵਾਂ ਹਨ। ਇਹਨਾਂ ਇੱਛਾਵਾਂ ਦੀ ਪੂਰਤੀ ਕਰਦਿਆਂ ਉਸਨੂੰ ਰਤਾ ਭਰ ਵੀ ਇਲਮ ਨਹੀਂ ਹੁੰਦਾ ਕਿ ਉਹ ਆਪਣਿਆਂ ਨਾਲੋਂ ਟੁੱਟ ਗਿਆ ਹੈ। ਮਸ਼ੀਨਾਂ ਨਾਲ ਮਸ਼ੀਨ ਬਣ ਗਿਆ ਹੈ। ਹੁਣ ਉਸਦੇ ਕੋਲ ਪੈਸਾ, ਐਸ਼ ਅਤੇ ਨਾਮ ਤਾਂ ਹੈ ਪਰ! ਪਰਿਵਾਰ ਅਤੇ ਮੁਹਬੱਤੀ ਰਿਸ਼ਤੇ ਗੁਆਚ ਗਏ ਹਨ।

ਸਿਆਣਿਆਂ ਦਾ ਕਥਨ ਹੈ ਕਿ ਲੰਘਿਆ ਵਕਤ ਕਦੇ ਮੁੜ ਕੇ ਵਾਪਿਸ ਨਹੀਂ ਆਉਂਦਾ ਪਰ ਲੰਘੇ ਵਕਤ ਦੇ ਤਜ਼ੁਰਬੇ ਬੰਦੇ ਨੂੰ ਭਵਿੱਖ ਲਈ ਸਬਕ ਜ਼ਰੂਰ ਸਿਖਾ ਜਾਂਦੇ ਹਨ। ਇਹ ਸਬਕ ਬੰਦੇ ਨੂੰ ਆਉਣ ਵਾਲੇ ਵਕਤ ਲਈ ਸਿਆਣਪ ਦਾ ਪਾਠ ਪੜ੍ਹਾ ਜਾਂਦੇ ਹਨ। ਜਿਹੜਾ ਮਨੁੱਖ ਇਹ ਪਾਠ ਆਪਣੇ ਜੀਵਨ ਵਿਚ, ਜ਼ਿਹਨ ਵਿਚ ਚੇਤੇ ਰੱਖਦਾ ਹੈ ਉਹ ਮਨੁੱਖ ਅਸਲ ਅਰਥਾਂ ਵਿਚ ਮਨੁੱਖ ਕਹਾਉਣ ਦਾ ਹੱਕਦਾਰ ਹੁੰਦਾ ਹੈ। ਉਹ ਮਨੁੱਖ ਇਹਨਾਂ ਮੁਹੱਬਤੀ ਰਿਸ਼ਤਿਆਂ ਦੀ ਕਦਰ ਕਰਨਾ ਸਿੱਖ ਜਾਂਦਾ ਹੈ ਅਤੇ ਉਹੀ ਮਨੁੱਖ ਰਿਸ਼ਤਿਆਂ ਦੇ ਨਿੱਘ ਨੂੰ ਮਾਣ ਪਾਉਂਦਾ ਹੈ। ਇਹਨਾਂ ਰਿਸ਼ਤਿਆਂ ਵਿਚ ਜਿਉਂਦੇ ਮਨੁੱਖ ਦਾ ਜੀਵਨ ਸੁਖੀ ਹੁੰਦਾ ਹੈ, ਖੁਸ਼ਹਾਲ ਹੁੰਦਾ ਹੈ। ਅੱਜ ਅਜਿਹੇ ਜੀਵਨ ਦੀ ਲੋੜ ਹੈ ਤਾਂ ਕਿ ਮਨੁੱਖ ਨੂੰ ਮਸ਼ੀਨ ਬਣਨ ਤੋਂ ਰੋਕਿਆ ਜਾ ਸਕੇ। ਪਰ! ਇਹ ਹੁੰਦਾ ਕਦੋਂ ਹੈ?, ਇਹ ਅਜੇ ਭਵਿੱਖ ਦੀ ਕੁੱਖ ਵਿਚ ਹੈ।

ਸੰਪਰਕ : 75892 33437

Comments

Security Code (required)



Can't read the image? click here to refresh.

Name (required)

Leave a comment... (required)





ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ