ਅਹਿਲਕਾਰ ਨੇ ਲੜਕੇ ਵਾਲਿਆਂ ਨੂੰ ਡਰਾ ਕੇ ਇਹ ਰਿਸ਼ਤੇ ਤੁੜਵਾ ਦਿੱਤੇ। ਪੰਡਤ ਜਦ ਦੁੱਲੇ ਭੱਟੀ ਕੋਲ ਜਾ ਫ਼ਰਿਆਦੀ ਹੋਇਆ ,ਤਾਂ ਉਸ ਨੇ ਲੜਕੇ ਵਾਲਿਆਂ ਦੇ ਘਰ ਜਾ ਕੇ ਉਹਨਾਂ ਨੂੰ ਮਨਾਅ ਲਿਆ,ਅਤੇ ਬਾਹਰ ਵਾਰ ਜੰਗਲ ਵਿੱਚ ਲਿਜਾਕੇ ਕੱਖ - ਕਾਨਾਂ ਨਾਲ ਅੱਗ ਬਾਲ ਕੇ ਉਸ ਦੁਆਲੇ ਉਹਨਾਂ ਦੇ ਵਿਆਹ ਰਸਮਾਂ ਨਾਲ ਕਰ ਦਿੱਤੇ। ਦੁੱਲੇ ਕੋਲ ਉਸ ਸਮੇ ਉਹਨਾਂ ਨੂੰ ਦੇਣ ਲਈ ਸਿਰਫ਼ ਸ਼ੱਕਰ ਸੀ।ਜਿਸ ਨਾਲ ਉਸਨੇ ਮੂੰਹ ਮਿੱਠਾ ਕਰਵਾ ਕੇ ਸ਼ਗਨ ਪੂਰਾ ਕਰਿਆ। ਸੁੰਦਰੀ ਮੁੰਦਰੀ ਵਾਲੀ ਗੱਲ ਸਬੰਧੀ ਲੋਹੜੀ ਵਾਲੇ ਦਿਨ ਦੁੱਲੇ ਭੱਟੀ ਨੂੰ ਅੱਜ ਵੀ ਯਾਦ ਕੀਤਾ ਜਾਂਦਾ ਹੈ;-
‘‘ਸੁੰਦਰੀ ਮੁੰਦਰੀ ਹੋ,
ਤੇਰਾ ਕੌਣ ਵਿਚਾਰਾ ਹੋ,
ਦੁੱਲਾਭੱਟੀਵਾਲਾ ਹੋ,
ਦੁੱਲੇ ਨੇ ਧੀ ਵਿਆਹੀ ਹੋ
ਸੇਰ ਸ਼ੱਕਰ ਪਾਈ ਹੋ ,
ਸ਼ਾਇਦ ਏਸੇ ਕਰਕੇ ਹੀ ਅੱਗ ਬਾਲਣ-ਸੇਕਣ ਅਤੇ ਨਵੇਂ ਵਿਆਹਾਂ ਵਾਲੇ ,ਮੁੰਡਾ ਜਨਮੇ ਵਾਲੇ ਘਰ ਗੁੜ ਜਾਂ ਸ਼ੱਕਰ ਵੰਡਣ ਲੱਗੇ ਹੋਣ। ਪਰ ਹੁਣ ਅਮੀਰਾਂ ਦੇ ਚੋਝ ,ਰਿਊੜੀਆਂ,ਮੂੰਗਫ਼ਲੀਆਂ ਤੋਂ ਵੀ ਕਾਫੀ ਅੱਗੇ ਜਾ ਪਹੁੰਚੇ ਹਨ। ਇੱਕ ਸਮਾਂ ਅਜਿਹਾ ਸੀ ਜਦ ਪੰਜਾਬ ਦੇ ਪਿੰਡਾਂ ਵਿੱਚ ਪੰਜਾਬੀ ਮੁਟਿਆਰਾਂ ਪੂਰਾ ਸ਼ਿੰਗਾਰ ਕਰਕੇ,ਸਿਰਾਂ'ਤੇ ਟੋਕਰੇ ਰੱਖ ਕੇ ਪਾਥੀਆਂ ਇਕੱਠੀਆਂ ਕਰਿਆ ਕਰਦੀਆਂ ਸਨ।। ਪਰ ਅੱਜ ਲੜਕੀਆਂ ਦੀ ਗਿਣਤੀ ਘਟਣ ਅਤੇ ਨਸ਼ਿਆਂ ਦੀ ਦਲ ਦਲ ਵਿੱਚ ਫਸੇ ਮੁੰਡਿਆਂ ਦੀਆਂ ਨਜ਼ਰਾਂ ਤੋਂ ਬਚਾਅ ਲਈ ਅਜਿਹਾ ਨਹੀਂ ਹੋ ਰਿਹਾ। ਸਿਰਫ਼ ਛੋਟੇ ਛੋਟੇ ਬੱਚੇ ਹੀ ਗਲੀਆਂ-ਮੁਹੱਲਿਆਂ ਵਿੱਚ ਬੋਰੀਆਂ ਘਸੀਟ ਦੇ ਇਹ ਕਹਿਕੇ ਪਾਥੀਆਂ ਇਕੱਠੀਆਂ ਕਰਦੇ ਦਿਖਾਈ ਦਿੰਦੇ ਹਨ।;-
‘‘ਦੇਹ ਨੀ ਮਾਈ ਪਾਥੀ,ਤੇਰਾ ਪੁੱਤ ਚੜੂਗਾ ਹਾਥੀ,
‘‘ਚਾਰ ਕੁ ਦਾਣੇ ਖਿੱਲਾਂ ਦੇ,ਅਸੀਂ ਲੋਹੜੀ ਲੈ ਕੇ ਹਿਲਾਂਗੇ,
‘‘ਅਸੀਂ ਕਿਹੜੇ ਵੇਲੇ ਦੇ ਆਏ,
ਭੁੱਖੇ ਅਤੇ ਤਿਹਾਏ,
ਸਾਨੂੰ ਤੋਰ ਸਾਡੀਏ ਮਾਏ,
ਜੇ ਫਿਰ ਵੀ ਕੋਈ ਘਰ ਪਾਥੀਆਂ ਨਹੀਂ ਪਾਉਂਦਾ ਤਾਂ ਬੱਚੇ ਇਹ ਕਹਿਕੇ ਅੱਗੇ ਤੁਰ ਜਾਂਦੇ ਹਨ;-
‘‘ਕਹੋ ਮੁੰਡਿਓ ਹੁੱਕਾ,
ਇਹ ਘਰ ਨੰਗਾ-ਭੁੱਖਾ,
ਅੱਜ ਲੋਹੜੀ ਸ਼ਹਿਰੀ ਜ਼ਿੰਦਗੀ ਵਿੱਚੋਂ ਅਲੋਪ ਹੁੰਦੀ ਜਾ ਰਹੀ ਹੈ।। ਪਰ ਪਿੰਡਾਂ ਵਿੱਚ ਬੱਚਿਆਂ ਵੱਲੋਂ “‘‘ਲੋਹੜੀ ਵਿਆਹੁਣਾ”,”‘‘ਕੋਠੇ ਉੱਤੇ ਕਾਂ,ਗੁੜ ਦੇਵੇ ਮੁੰਡੇ ਦੀ ਮਾਂ”,”‘‘ਈਸਰ ਆ,ਦਲਿੱਦਰ ਜਾਹ,ਦਲਿੱਦਰ ਦੀ ਜੜ੍ਹ ਚੁੱਲੇ ਪਾ”,”‘‘ਜਿਤਣੇ ਜਿਠਾਣੀ ਤਿਲ ਸੁਟੇਸੀ,ਉਤਨੇ ਦਿਰਾਣੀ ਪੁੱਤ ਜਣੇਸੀ”,”‘‘ਦੇਹੋ ਸਾਨੂੰ ਲੋਹੜੀ,ਥੋਡੀ ਜੀਵੇ ਬੈਲਾਂ ਦੀ ਜੋੜੀ”,‘‘”ਆ ਵੀਰਾ ਤੂੰ ਜਾ ਵੀਰਾ,ਭਾਬੋ ਨੂੰ ਲਿਆ ਵੀਰਾ,ਰੱਤਾ ਡੋਲਾ ਚੀਕਦਾ,ਭਾਬੋ ਨੂੰ ਉਡੀਕਦਾ”,ਵਰਗੇ ਲੰਮੀਆਂ ਹੇਕਾਂ ਵਾਲੇ ਗੀਤ ਸਰਦ ਰਾਤ ਦੀ ਹਿੱਕ ‘ਤੇ ਨਿੱਘ ਲਿਆ ਰਹੇ ਹੁੰਦੇ ਹਨ।।
ਇਹਨਾਂ ਤੋਂ ਇਲਾਵਾ ਇਹ ਮੌਸਮੀ ਤਿਓਹਾਰ ਵੀ ਹੈ,ਗੰਨੇ,ਮੂਲੀਆਂ ,ਖੋਪਾ ਠੂਠੀਆਂ ਵਾਰ ਕੇ ਖਾਣੇ,ਭੂਤ ਪਿੰਨੇ ਖਾਣੇ,ਗੰਨੇ ਦੇ ਰਹੁ ਵਾਲੀ ਖੀਰ ਖਾਣੀ,ਪੋਹ ਰਿੱਧੀ ਮਾਘ ਖਾਧੀ ,ਵਰਗੀਆਂ ਗੱਲਾਂ ਦਾ ਵੀ ਲੋਹੜੀ ਨਾਲ ਚੋਲੀ-ਦਾਮਨ ਵਾਲਾ ਸਬੰਧ ਹੈ।। ਇਸ ਦਿਨ ਤੋਂ 15 ਦਿਨ ਮਗਰੋਂ ਬਾਰੇ ਕਿਹਾ ਜਾਂਦਾ ਹੈ ਕਿ ‘‘ਪਾਲਾ ਗਿਆ ਸਿੰਗਰਾਲੀਏਂ ,ਅੱਧੇ ਜਾਂਦੇ ਮਾਘ” ( ਸਿੰਗਾਂ ਵਾਲੇ ਪਸ਼ੂਆਂ ਲਈ 15 ਦਿਨ ਬਾਅਦ ਠੰਢ ਘਟ ਜਾਵੇਗੀ)।। ਪਹਿਲੋਂ ਪਹਿਲ ਜਦ ਅਬਾਦੀ ਬਹੁਤ ਘੱਟ ਸੀ,ਅਤੇ ਬਾਹਰ ਜੰਗਲੀ ਖ਼ਤਰਨਾਕ ਜੀਵਾਂ ਲਈ ਲੁਕਣ ਦੀ ਵੀ ਘਾਟ ਹੋ ਜਾਇਆ ਕਰਦੀ ਸੀ,ਤਾਂ ਉਹ ਅਬਾਦੀ‘ਤੇ ਆ ਹਮਲਾ ਕਰਿਆ ਕਰਦੇ ਸਨ।। ਇਸ ਤੋਂ ਬਚਾਅ ਲਈ ਸਾਂਝੇ ਤੌਰ ‘ਤੇ ਥਾਂ ਥਾਂ ਧੂਣੀਆਂ ਪਾਈਆਂ ਜਾਂਦੀਆਂ ਅਤੇ ਸੇਕੀਆਂ ਜਾਂਦੀਆਂ ਸਨ।। ਅੱਗ ਤੋਂ ਡਰਦੇ ਅਤੇ ਰੌਲਾ ਪਾ ਕੇ ਇੱਕ ਧੂਣੀ ਤੋਂ ਦੂਜੀ ਤੱਕ ਸੰਦੇਸ਼ ਦੇ ਡਰ ਨਾਲ ਉਹ ਜੀਵ ਹਮਲਾ ਨਹੀਂ ਸਨ ਕਰ ਸਕਿਆ ਕਰਦੇ।। ਲੋਕਾਂ ਦਾ ਇਹ ਰੌਲਾ ਗੌਲਾ ਹੀ ਸ਼ਾਇਦ ਮਗਰੋਂ ਗੀਤਾਂ ਵਿੱਚ ਬਦਲ ਗਿਆ।। ਕਮਾਦ ਆਦਿ ਦੁਆਲੇ ਵੀ ਠੰਢ ਤੋਂ ਬਚਾਓ ਲਈ ਧੂਣੀਆਂ ਪਾਈਆਂ ਜਾਂਦੀਆਂ ਸਨ। ਖ਼ੈਰ ਕਾਰਣ ਭਾਵੇਂ ਕੋਈ ਵੀ ਹੋਵੇ ,ਅਤੇ ਕੁੱਝ ਵੀ ਹੋਵੇ ,ਇਤਿਹਾਸਕ-ਮਿਥਿਹਾਸਕ ਹੋਵੇ, ਪਰ ਲੋਹੜੀ ਦਾ ਤਿਓਹਾਰ ਸਾਡੇ ਸਭਿਆਚਾਰ ਦਾ ਅਨਿਖੜਵਾਂ ਅੰਗ ਹੈ,ਇਹ ਹਰ ਸਾਲ ਸਾਨੂੰ ਨਿੱਘੀ ਰਾਤ ਰਾਹੀਂ ,ਨਿੱਘ ਅਤੇ ਮੋਹ ਨਾਲ ਰਹਿਣ ਦਾ ਨਿੱਘਾ ਸੰਦੇਸ਼ ਵੰਡ ਕੇ ਲੰਘ ਜਾਂਦਾ ਹੈ,ਅਤੇ ਅਸੀਂ ਫ਼ਿਰ ਉਡੀਕ ਵਿੱਚ ਰੁੱਝ ਜਾਂਦੇ ਹਾਂ।
ਸੰਪਰਕ: 98157-07232
Sanjeev
Nice