ਪਕੌੜੇ ਖਾਣੀ ਸਾਹਿਤ ਸਭਾ - ਇੰਦਰਜੀਤ ਸਿੰਘ ਕਾਲਾ ਸੰਘਿਆਂ
Posted on:- 26-12-2012
ਵਿਧਾਨ ਸਭਾ, ਲੋਕ ਸਭਾ, ਗ੍ਰਾਮੀਣ ਸਭਾ, ਨੌਜਵਾਨ ਸਭਾ, ਧਾਰਮਿਕ ਸਭਾ… ਸਭਾ ਤਾਂ ਇੰਨੀਆਂ ਹਨ ਜੀ ਕਿ ਗਿਣਤੀ ਕਰਨੀ ਹੀ ਔਖੀ ਹੈ। ਫਿਰ ਇਨ੍ਹਾਂ ਦੇ ਪ੍ਰਧਾਨ, ਵਾਇਸ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ, ਸੈਕਟਰੀ, ਮੀਡੀਆਂ ਸਲਾਹਕਾਰ, ਕਾਨੂੰਨੀ ਸਲਾਹਕਾਰ ਬਸ ਜੀ ਬਹੁਤੀ ਗੱਲ ਕੀ ਜਿੱਧਰ ਦੇਖੋ,"ਕਲਾਕਾਰ ਹੀ ਕਲਾਕਾਰ" ਅਤੇ ਸਮਾਜ ਸੁਧਾਰ ਬੱਲੇ ਬੱਲੇ।ਇਹ ਸਾਰੀਆਂ ਸਭਾਵਾਂ {ਇੱਕ ਅੱਧੀ ਨੂੰ ਛੱਡ ਕੇ} "ਸਮਾਜ ਦੇ ਭਲੇ" ਵਿਚ ਕੋਈ ਯੋਗਦਾਨ ਪਾ ਰਹੀਆਂ ਹੋਣ ਜਾਂ ਨਾ,ਪਰ ਜਿਥੇ ਇਹ ਸਭ ਸਭਾਵਾਂ ਅਖਬਾਰਾਂ ਦਾ ਆਰਥਿਕ ਤੋਰ `ਤੇ "ਭਲਾ" ਕਰ ਰਹੀਆਂ ਹਨ,ਉਥੇ ਇਨ੍ਹਾਂ ਦੀਆਂ ਤਸਵੀਰਾਂ ਅਖਬਾਰਾਂ ਨੂੰ ਵੀ "ਚਾਰ ਚੰਨ" ਅਕਸਰ ਲਾਉਂਦੀਆਂ ਰਹਿੰਦੀਆਂ ਹਨ।
ਪਰ ਅੱਜ ਮੈਂ ਜਿਨ੍ਹਾਂ ਸਭਾਵਾਂ ਬਾਰੇ ਲਿਖਣ ਦਾ "ਪੁੰਨ" ਖੱਟ ਰਿਹਾ ਹਾ,ਉਹ ਹਨ ਸਾਡੇ ਸਭ ਤੋ ਵੱਧ ਪੜੇ ਲਿਖੇ, ਬੁੱਧੀਜੀਵੀ,ਅਕਲ ਦੇ ਬਾਬੇ ਬੋਹੜ ਅਤੇ ਸਮਾਜ ਦੇ "ਤੀਜੇ ਨੇਤਰ" ਦੇ ਲੰਬੜਦਾਰ ਕਹਾਉਣ ਵਾਲੇ ਮਹਾ ਗਿਆਨੀਆਂ ਦੀਆਂ ਸਭਾਵਾਂ ਯਾਨੀ ਕਿ ਸਾਹਿਤ ਸਭਾਵਾਂ ਜਾਂ ਲੇਖਕ ਸਭਾਵਾਂ, ਪਿਛਲੇ ਦਿਨੀ ਮੇਰਾ ਵੀ ਇੱਕ ਇਹੋ ਜਿਹੀ ਹੀ ਲੇਖਕ ਸਭਾ ਨਾਲ ਕਸੂਤਾ ਵਾਹ ਪੈ ਗਿਆ ।
"ਅੰਨੀਂ ਆਈ ਨੀ ਭਾਬੀਏ ਖੈਰ ਘੱਤੀ,ਵਾਹ ਪੈ ਗਿਆ ਨਾਲ ਕੁਪੱਤਿਆਂ ਦੇ"
ਇਹ ਸਰਵ ਗੁਣ ਸੰਪਨ ਸਾਹਿਤ ਸਭਾ ਦਾ ਨਿਰਮਾਣ ਮੇਰੇ ਹੀ ਇਲਾਕੇ ਦੇ ਇੱਕ ਨਾਮਵਰ ਨਾਵਲਕਾਰ-ਕਮ- ਕਹਾਣੀਕਾਰ "ਕਾਮਰੇਡ" ਜੀ ਨੇ ਕੀਤਾ ਹੈ।ਜਿਨ੍ਹਾਂ ਦੇ ਚਾਰ ਪੰਜ "ਖਾਨਦਾਨੀ" ਨਾਵਲ ਛਪ ਚੁੱਕੇ ਹਨ.ਹੁਣ ਤੁਸੀਂ ਸੋਚੋਗੇ ਕਿ ਸਾਹਿਤਿਕ ਨਾਵਲ ਵੀ ਸੁਣੇ ਹਨ,ਇਤਹਾਸਿਕ ਵੀ ਸੁਣੇ ਹਨ ਭਲਾ ਇਹ "ਖਾਨਦਾਨੀ" ਨਾਵਲ ਕਿਹੜੇ ਹੋਏ?ਦਰਅਸਲ ਖਾਨਦਾਨੀ ਨਾਵਲ ਤੋ ਮੇਰਾ ਭਾਵ ਇਹ ਸੀ ਕਿ ਇਹਨਾਂ "ਨਿਰਦੋਸ਼" ਮਹਾ ਪੁਰਖਾਂ ਨੇ ਇਨ੍ਹਾਂ ਨਾਵਲਾਂ ਵਿਚ ਆਪਣੇ ਹੀ ਖਾਨਦਾਨ ਦੀ ਪੂਰੀ ਕਹਾਣੀ ਲਿਖੀ ਹੈ,ਆਪਣੀਆਂ ਪਰਵਾਰਿਕ ਲੜਾਈਆਂ ਨੂੰ ਮਹਾਨ "ਇਨਕਲਾਬੀ ਘੋਲ" ਬਣਾ ਕੇ ਪੇਸ਼ ਕੀਤਾ ਹੈ। ਆਪਣੇ ਸ਼ਰਾਬ ਕੱਢਣੇ ਬਜ਼ੁਰਗਾਂ ਨੂੰ ਇਨਕਲਾਬੀ ਅਤੇ ਵਿਰੋਧੀਆਂ ਨੂੰ ਪੁਲਿਸ ਦੇ ਟਾਊਟ ਬਣਾ ਕੇ ਪੇਸ਼ ਕਰਨ ਦੀ ਜੋ "ਸਾਹਿਤਿਕ ਕਾਰਾਗਰੀ" ਇਹਨਾਂ ਨੇ ਕੀਤੀ ਹੈ ਉਹ ਵਾਕਿਆ ਹੀ ਪ੍ਰਸ਼ੰਸਾ ਦੇ ਯੋਗ ਹੈ। ਸੋ ਉਨ੍ਹਾਂ ਦੇ ਇਸੇ "ਮਹਾਨ ਕਾਰਨਾਮੇ" ਨੇ ਪੰਜਾਬੀ ਸਾਹਿਤ,ਖਾਸਕਰ ਨਾਵਲਕਾਰੀ ਦੇ ਖੇਤਰ ਵਿਚ ਖਾਨਦਾਨੀ ਲੇਖਣੀ ਵਾਲੀ ਇਹ ਨਵੀ ਪਿਰਤ ਪਾਈ ਹੈ।ਹੁਣ ਇਹਨਾ ਨਾਵਲਾਂ ਦਾ ਮੁੱਖ ਬੰਦ ਕਿਸ ਨੇ ਲਿਖਿਆ ਹੈ ਇਹ ਮੈਂ ਨਹੀਂ ਦੱਸਣਾ ਨਹੀਂ ਤਾਂ ਤੁਸੀਂ ਹੱਸਣੋ ਨਹੀਂ ਹੱਟਣਾ ਤੇ ਕੁਝ ਦੋਸਤਾਂ ਨੇ ਗੁੱਸਾ ਵੀ ਕਰ ਲੈਣਾ,ਚਲੋ ਛਡੋ ਜੀ ਜੋ ਵੀ ਹੈ ਇਸ ਸਭ ਨਾਲ ਉਹ ਜਿਵੇਂ ਕਿਵੇਂ ਜੁਗਾੜ ਲਾ ਕੇ ਕਈ ਥਾਵਾਂ ’ਤੇ ਆਪਣਾ ਸਨਮਾਨ ਕਰਵਾ ਚੁੱਕੇ ਹਨ ਅਤੇ ਸਾਹਿਤ ਦੇ ਸਾਫ਼ ਸੁਥਰੇ ਆਕਾਸ਼ `ਤੇ ਅੱਜਕਲ ਸਾਉਣ ਦੇ ਬੱਦਲ ਵਾਂਗੂ ਛਾਏ ਹੋਏ ਹਨ।
ਹੁਣ ਅਸਲ ਗੱਲ ’ਤੇ ਆਈਏ ਇਸ "ਦੇਵ ਪੁਰਸ਼" ਨੇ ਆਪਣੀ ਇੱਕ ਸਾਹਿਤ ਸਭਾ ਦਾ ਨਿਰਮਾਣ ਕੀਤਾ।ਜਿਸ ਵਿਚ ਪੰਜਾਬ ਦੇ ਇੱਕ "ਸਿਰਮੋਰ" ਗ਼ਜ਼ਲਕਾਰ ਜੀ ਨੂੰ ਬਤੋਰ ਜਰਨਲ ਸੱਕਤਰ ਸ਼ਾਮਲ ਕੀਤਾ ਗਿਆ,ਚਾਹੇ ਕਿ ਉਹ ਕਦੇ ਵੀ ਕਿਸੇ ਮੀਟਿੰਗ ਵਿਚ ਨਹੀਂ ਆਏ ਪਰ ਕਹਿੰਦੇ ਨੇ ਨਾ ਕਿ "ਮਿੱਤਰਾਂ ਦਾ ਨਾਂ ਚਲਦਾ।" ਇਸ ਦੇ ਨਾਲ ਹੀ ਇਲਾਕੇ ਦੀ ਇੱਕ "ਧਾਰਮਿਕ ਸ਼ਖ਼ਸੀਅਤ" ਨੂੰ ਵੀ ਖਿੱਚ ਧੂਹ ਕੇ ਨਾਲ ਜੋੜ ਲਿਆ।ਇੱਕ ਦੋ ਬਿਜਨਸਮੈਨ,ਦੋ ਚਾਰ ਮੇਰੇ ਵਰਗੇ ਸਾਹਿਤ ਤੋ ਅਣਜਾਣ ਕੱਚ ਘਰੜ ਜਿਹੇ ਲੇਖਕ,ਇੱਕ ਦੋ ਮਲੰਗ ਗੀਤਕਾਰ ਅਤੇ ਇੱਕ ਦੋ ਪੱਤਰਕਾਰ,ਲਉ ਜੀ ਇਸ ਤਰ੍ਹਾ ਇਹ "ਸਰਵੋਤਮ" ਲੇਖਕ ਸਭਾ ਤਿਆਰ ਹੋ ਗਈ।
ਕੁਝ ਦਿਨ ਪਹਿਲਾਂ ਮੈਨੂੰ ਵੀ ਕਿਸੇ ਦੋਸਤ ਦੀ "ਮਿਹਰਬਾਨੀ" ਨਾਲ ਦੁਨੀਆਂ ਦੀ ਇਸ ਆਲਾ ਦਰਜੇ ਦੀ ਸਾਹਿਤ ਸਭਾ ਦੀ ਇੱਕ ਮੀਟਿੰਗ ਵਿਚ ਸ਼ਾਮਲ ਹੋਣ ਦਾ "ਮਾਣ" ਪ੍ਰਾਪਤ ਹੋਇਆ।ਮੀਟਿੰਗ ਸ਼ੁਰੂ ਹੋਣ ਤੇ ਸਭ ਤੋਂ ਪਹਿਲਾਂ ਸਾਹਿਤ ਸਭਾ ਦੇ ਮੰਚ ’ਤੇ ਆਏ ਗੀਤਕਾਰ ਜੀ ਨੇ ਆਪਣਾ "ਬੇ-ਮਿਸਾਲ" ਗੀਤ ਸ਼ੁਰੂ ਕੀਤਾ,"ਤੇਰੇ ਵਿਆਹ ਵਾਲੇ ਦਿਨ ਹੀ ਜੱਟ ਨੂੰ ਕੈਦ ਬੋਲ ਗਈ".ਪੂਰੀ ਸਭਾ ਨੇ ਥੋਕ ਵਿਚ ਹੀ ਇਸ ਤੇ ਵਾਹ ਵਾਹ ਸ਼ੁਰੂ ਕਰ ਦਿੱਤੀ ਅਤੇ ਗੀਤਕਾਰ ਨਾਲ ਮਿਲ ਕੇ "ਗੀਤਕਾਰੀ" ਨੂੰ ਹੀ ਸਜ਼ਾ ਸੁਣਾ ਦਿੱਤੀ।ਸਿਫਤਾਂ ਸੁਣ ਸੁਣ ਕੇ ਹੁੱਭੇ ਹੋਏ ਗੀਤਕਾਰ ਸਾਬ ਨੇ ਵੀ "ਤੂੰ ਮੈਨੂੰ ਮੁੱਲਾ ਕਹੀ ਮੈਂ ਤੈਨੂੰ ਕਾਜ਼ੀ ਆਖੂ" ਵਾਲੀ ਗੱਲ ਤੇ ਚਲਦੇ ਹੋਏ, ਸਾਹਿਤ ਸਭਾ ਦੇ ਅਹੁਦੇਦਾਰਾਂ ਦੀਆਂ ਸਿਫਤਾਂ ਦੇ ਪੁਲ ਬਣ ਦਿੱਤੇ। ਮੈਂ ਕੋਲ ਬੈਠੇ ਇੱਕ ਸੱਜਣ ਨੂੰ ਪੁਛਿਆ ਕਿ ਇਸ ਗੀਤ ਵਿਚ ਇਨ੍ਹਾਂ ਕੀ ਖਾਸ ਜੋ ਇਹਨੀ ਵਾਹ ਵਾਹ ਹੋਈ.ਉਹ ਕਹਿੰਦਾ ਕਾਕਾ "ਇਹ ਤੈਨੂੰ ਨਹੀ ਪਤਾ ਕਲਾ ਦੀਆਂ ਕਲਤਾਮਿਕ ਗੱਲ ਨੇ,ਕਿਨ੍ਹਾ ਵੱਖਰਾ ਵਿਸ਼ਾ ਹੈ ਕੀ ਜਿਸ ਦਿਨ ਕੁੜੀ ਦਾ ਵਿਆਹ ਹੈ ਉਸ ਦਿਨ ਹੀ ਉਸ ਦੇ ਪ੍ਰੇਮੀ ਨੂੰ ਕੈਦ ਬੋਲ ਗਈ.ਕਿਆ ਬਾਤ ਹੈ,ਕਾਕਾ ਗੀਤਕਾਰ ਦੀ ਕਮਾਲ ਦੀ ਸੋਚ ਹੈ।" ਮੈਂ ਸਤ ਬਿਸਮਿਲਾ ਕਹਿ ਕੇ ਚੁੱਪ ਕਰ ਗਿਆ।
ਇਸ ਤੋਂ ਬਾਅਦ ਸਟੇਜ ’ਤੇ ਆਏ ਮਾਡਰਨ ਕਵੀ ਜੀ.ਉਨ੍ਹਾਂ ਨੇ ਆਪਣੀ ਮਾਡਰਨ ਕਵਿਤਾ ਪੇਸ਼ ਕੀਤੀ "ਜਰਨੇਟਰ ਦਾ ਖੜਕਾ" ਬਸ ਜੀ ਪੂਰੇ ਹਾਲ ਵਿਚ ਵਾਹ ਵਾਹ ਦਾ ਖੜਕਾ ਦੜਕਾ ਹੋ ਗਿਆ। ਮੈਂ ਸੋਚਿਆ ਕੀ ਕਵੀ ਜੀ ਨੇ ਇਹ ਕਵਿਤਾ ਹੁਣੇ ਹੀ ਲਿਖੀ ਲਗਦੀ ਹੈ,ਕਿਉਂ ਕੀ ਥੋੜੀ ਦੇਰ ਪਹਿਲਾਂ ਹੀ ਲਾਇਟ ਬੰਦ ਹੋਣ ਕਾਰਣ ਜਰਨੇਟਰ ਚਲਿਆ ਸੀ ਅਤੇ ਹਾਲ ਧੂੰਏ ਨਾਲ ਭਰਿਆ ਪਿਆ ਸੀ,ਪਰ ਕਵੀ ਸਾਬ ਦੀ ਇਸ ਕਵਿਤਾ ਨੇ ਤਾਂ ਸਾਰਿਆਂ ਦੇ ਨਾਸੀ ਧੂੰਆਂ ਚਾੜ ਦਿੱਤਾ ਸੀ.ਸਾਰੀ ਸਭਾ ਨੇ ਇੱਕ ਅਵਾਜ਼ ਵਿਚ ਇਹ ਖੜਕਾ ਦੜਕਾ ਦੁਬਾਰਾ ਕਰਨ ਦੀ ਗੁਜਾਰਿਸ਼ ਕੀਤੀ।ਕਵੀ ਸਾਬ ਨੇ ਪੱਗ ਦਾ ਲੜ ਜਰਾ ਖਿੱਚਦੇ ਹੋਏ ਹੋਰ ਰੋਅਬ ਨਾਲ ਦੁਬਾਰਾ ਕਵਿਤਾ ਪੜੀ ਸਾਰੇ ਹਾਲ ਵਿਚ ਬੱਲੇ ਬੱਲੇ।
ਲਓ ਜੀ ਇਸ ਤੋਂ ਬਾਅਦ ਵਾਰੀ ਆਈ ਪੱਤਰਕਾਰ ਸਾਬ੍ਹ ਦੀ,ਜਿਹਨਾ ਨੇ ਮੀਡੀਆਂ ਦੀਆਂ ਨੀਤੀਆਂ ਬਾਰੇ ਚਾਨਣ ਪਾਉਂਦੇ ਦੱਸਿਆ ਕੀ ਇਸ ਸਭਾ ਦੀ ਮੀਟਿੰਗ ਦੀ ਖਬਰ ਅਤੇ ਤਸਵੀਰ ਅਖਬਾਰ ਦੇ ਆਲ ਐਡੀਸ਼ਨ ਵਿਚ ਲੱਗੇਗੀ,ਇਸ ਗੱਲ ਦਾ ਮੈਂ ਵਾਦਾ ਕਰਦਾ ਹਾ,ਕਿਉਂ ਕੀ ਪਿਛਲੀ ਵਾਰੀ ਸਾਹਿਤ ਸਭਾ ਨੇ ਮੈਨੂੰ ਸਪਲੀਮੈਂਟ ਲਈ ਚਾਲੀ ਹਜ਼ਾਰ ਦੀ ਐਡ ਦੇਣ ਦੀ ਕਿਰਪਾਲਤਾ ਕੀਤਾ ਸੀ।ਇਸ ਦੇ ਨਾਲ ਹੀ ਜਦ ਵੀ ਪੱਤਰਕਾਰ ਸਾਬ੍ਹ ਕੋਈ ਤਸਵੀਰ ਖਿਚਣ ਲਗਦੇ ਤਾਂ ਤਸਵੀਰ ਖਿਚਾਉਣ ਲਈ ਸਭਾ ਦੇ ਮੈਂਬਰ ਇੱਕ ਦੂਜੇ ਦੀ ਖਿੱਚਾ ਧੂਹੀ ਕਰਨ ਲੱਗ ਜਾਂਦੇ ਇੱਕ ਦੋ ਵਾਰ ਤਾਂ ਧੱਕੇ ਮੁੱਕੀ ਤੱਕ ਵੀ ਗੱਲ ਪੁੰਹਚ ਗਈ।
ਇਸ ਦੇ ਬਾਅਦ ਮੰਚ ਤੇ ਆਏ ਅਜੋਕੇ ਵਿਦਵਾਨ ਕਹਾਣੀਕਾਰ ਜੀ ਨੇ ਆਪਣੀ ਕਹਾਣੀ "ਪਾਗਲਖਾਨਾ" ਪੜੀ।ਜਿਸ ਵਿਚਲੇ ਮੁੱਖ ਪਾਤਰ ਰਾਹੀਂ ਉਨ੍ਹਾਂ ਨੇ ਇੱਕ ਪਾਗਲ ਵਿਆਕਤੀ ਦੇ ਸਾਇੰਸਦਾਨ ਬਣਨ ਦੀ ਬਹੁਤ ਹੀ ਅਨੋਖੀ ਤੇ ਦੁਰਲਭ ਕਹਾਣੀ ਬਿਆਨ ਕੀਤੀ।ਸਾਰੀ ਸਾਹਿਤ ਸਭਾ ਨੇ ਇਸ ਕਹਾਣੀ ਦੇ ਤਾਰੀਫ਼ ਵਿਚ ਸੋਹਲੇ ਗਾਉਂਦੇ ਕਿਹਾ ਕੀ ਬਿਲਕੁਲ ਅੱਲਗ ਵਿਸ਼ੇ ਤੇ ਲਿਖੀ ਇਸ ਨਵੇਕਲੀ ਕਹਾਣੀ ਨੇ ਪੰਜਾਬੀ ਕਹਾਣੀ ਦੇ ਖੇਤਰ ਵਿਚ ਨਵੀ ਪਿਰਤ ਪਾਉਣੀ ਹੈ।ਕਹਾਣੀ ਵਿਚਲਾ ਮੁੱਖ ਪਾਤਰ ਪਾਗਲ ਸਾਇੰਸਦਾਨ ਕਿਵੇ ਬਣਿਆ,ਇਹ ਦਿਲਚਸਪ ਕਹਾਣੀ ਕਿਤੇ ਫੇਰ ਸਹੀ,ਹੁਣ ਸਭਾ ਦੀ ਅਗਲੀ ਕਾਰਵਾਈ ਦੀ ਗੱਲ ਸੁਣੋ।
ਇਸ ਤੋ ਬਾਅਦ ਅਗਲੇ ਲੇਖਕ ਵਿਅੰਗਕਾਰ ਜੀ ਨੇ ਆਪਣਾ ਵਿਅੰਗ ਪੇਸ਼ ਕੀਤਾ,ਮੇਰੇ ਦੁੱਖਾ ਦੀ ਦਾਸਤਾਨ.ਇਸ ਵਿਚ ਲੇਖਕ ਨੇ ਆਪਣੀ ਜ਼ਿੰਦਗੀ ਦੀ ਸਾਰੇ ਦੁੱਖ ਗੀਤਕਾਰ ਵਾਂਗ ਹੀ ਰੋਏ,ਜਿਸ ਤੇ ਸਾਹਿਤ ਸਭਾ ਦੇ ਸਾਰੇ ਮੈਂਬਰਾਂ ਦੀਆਂ ਚਾਹੇ ਅੱਖਾਂ ਭਰ ਆਈਆਂ।ਪਰ ਫਿਰ ਵੀ ਸਾਰਿਆ ਨੇ ਹੱਸਣ ਦਾ ਖੂਬ ਡਰਾਮਾ ਕੀਤਾ।ਬਿਜਨਸਮੈਨ ਜੋ ਕੀ ਇਸ ਸਭਾ ਦੇ ਮੁੱਖ ਮਹਿਮਾਨ ਵੀ ਸਨ ਕੋਲ ਸਮਾਂ ਘੱਟ ਹੋਣ ਕਾਰਣ ਪਹਿਲਾ ਸਭਾ ਵੱਲੋ ਉਨ੍ਹਾਂ ਦਾ ਸਨਮਾਨ ਕੀਤਾ ਗਿਆ ਅਤੇ ਇਸ ਤੋ ਬਾਅਦ ਉਹ ਮਹਿਫ਼ਲ ਵਿਚੋ ਚਲਦੇ ਬਣੇ।
ਇਸ ਤੋਂ ਬਾਅਦ ਸ਼ੁਰੂ ਹੋਇਆ ਕਿਤਾਬ ਰੀਲੀਜ ਦਾ ਪ੍ਰੋਗਰਾਮ,ਕਿਤਾਬ ਦਾ ਨਾਮ ਸੀ "ਕੁੱਟਾਖਾਣਾ".ਲੇਖਕ ਨੇ ਇਸ ਕਿਤਾਬ ਵਿਚ ਆਪਣੇ ਨਾਲ ਥਾਂ ਥਾਂ ਤੇ ਹੋਈ ਜੂਤ ਪਤਾਂਣ ਦਾ ਬਖੂਬੀ ਜਿਕਰ ਕੀਤਾ ਸੀ.ਕਿਤਾਬ ਬਾਰੇ ਵੱਖ ਵੱਖ ਖੱਬੀਖਾਨ ਲੇਖਕਾ ਨੇ ਆਪਣੇ ਆਪਣੇ ਵਿਚਾਰ ਪੇਸ਼ ਕੀਤੇ।ਅਤੇ ਇਸ ਕਿਤਾਬ ਨੂੰ ਇੱਕ ਉੱਤਮ ਤੇ ਸ਼ਾਹਕਾਰ ਰਚਨਾ ਦਾ ਖਿਤਾਬ ਵੀ ਲੱਗਦੇ ਹੱਥੀ ਹੀ ਦੇ ਦਿੱਤਾ.ਇਸ ਕਿਤਾਬ ਦੀ ਅਲੋਚਨਾ ਵਿਚ ਇੱਕ ਆਲੋਚਕ ਸਾਬ ਨੇ ਕਹਿ ਕੀ ਕਿਤਾਬ ਵਿਚ ਲੇਖਕ ਨੇ ਆਪਣੇ ਪਈਆਂ ਜੁੱਤੀਆਂ,ਚੱਪਲਾਂ,ਸੈਡਲਾਂ ਅਤੇ ਬੂਟਾਂ ਦਾ ਬ੍ਰਾਂਡ ਲਿਖ ਕੇ ਕੋਈ ਬਹੁਤਾ ਅਕਲ ਦਾ ਕੰਮ ਨਹੀ ਕੀਤਾ।ਇਸ ਨਾਲ ਲੇਖਕ ਦੇ ਕਿਸੇ ਖਾਸ ਬ੍ਰਾਂਡ ਦਾ ਬ੍ਰਾਂਡ ਐਬੰਸਡਰ ਹੋਣ ਦਾ ਗਲਤ ਸੰਦੇਸ਼ ਲੋਕਾਂ ਵਿਚ ਜਾਂਦਾ ਹੈ.ਮੈਨੂੰ ਇਹ ਬਾਅਦ ਵਿਚ ਪਤਾ ਲੱਗਾ ਕੀ ਸਾਰੀ ਸਭਾ ਦੀ ਮੀਟਿੰਗ ਦਾ ਖਰਚਾ ਕਿਤਾਬ ਦੇ ਇਸ ਲੇਖਕ ਸਿਰ ਹੀ ਸੀ.ਸਭਾ ਨੇ ਕਿਤਾਬ ਛਪਵਾਉਣ `ਤੇ ਪਹਿਲਾ ਲੇਖਕ ਸਾਬ ਦਾ ਤੀਹ ਹਜ਼ਾਰ ਖ਼ਰਚਾ ਕਰਵਾਇਆ ਅਤੇ ਫਿਰ ਇਸ ਮੀਟਿੰਗ ਦਾ ਪੰਦਰਾਂ ਹਜ਼ਾਰ ਵੀ ਉਨ੍ਹਾਂ ਜ਼ੁੰਮੇ ਹੀ ਲੱਗਾ।ਰੀਲੀਜ ਤੋ ਬਾਅਦ ਕੁਝ ਕਿਤਾਬਾਂ ਵੰਡੀਆਂ ਗਈਆਂ,ਕਈਆਂ ਨੇ ਤਾਂ ਇਸ ਖੋਹਬਾਜ਼ੀ ਵਿਚ ਦੋ-ਦੋ ਕਿਤਾਬਾਂ ਲੈ ਕੇ ਬੈਗ ਵਿਚ ਪਾ ਲਈਆਂ।
ਇਸ ਤੋਂ ਬਾਅਦ ਸਭਾ ਦੀ ਮੀਟਿੰਗ ਸਮਾਪਿਤ ਹੋਈ ਸਾਰੇ ਹੀ ਮੈਂਬਰ ਚਾਹ ਪੀਣ ਲਈ ਇੱਕ ਦੂਜੇ ਤੋ ਅੱਗੇ ਟੇਬਲ ਕੋਲ ਪਹੁੰਚ ਗਏ।ਜਿਥੇ ਮੈਨੂੰ ਕਿਤਾਬ ਦੇ ਲੇਖਕ ਨੇ ਦੱਸਿਆ ਕੀ ਸਭਾ ਨੇ ਕਿਤਾਬ `ਤੇ ਉਸ ਕੋਲੋ ਪੰਜ਼ਾਹ ਹਜ਼ਾਰ ਖਰਚਾ ਦਿੱਤਾ ਹੈ ਮੇਰੇ ਮੂੰਹੋ ਨਿਕਲ ਗਿਆ ਕੀ ਅੰਕਲ ਜੀ ਕਿਤਾਬ ਦਾ ਤੁਹਾਡੀ ਛਪ ਹੀ ਗਈ ਹੈ,ਇੱਕ ਪੰਜ ਸੋ ਹੋਰ ਮੱਥੇ ਮਾਰੋ ਨਾਵਲਕਾਰ ਪ੍ਰਧਾਨ ਸਾਬ ਦੇ ਤਹਾਨੂੰ ਸਾਹਿਤ ਸਭਾ ਦੀ ਮੈਬਰਸ਼ਿਪ ਵੀ ਬਖ਼ਸ਼ਿਸ਼ ਕਰਨ,ਨੇੜੇ ਖੜੇ ਸਭਾ ਦੇ ਮੈਬਰਾਂ ਨੇ ਮੇਰੇ ਵਾਲ ਘੂਰ ਕੇ ਦੇਖਿਆ,ਮੈਂ ਚੁੱਪ ਕਰ ਜਾਣਾ ਹੀ ਠੀਕ ਸਮਝਿਆ ਅਤੇ ਉਥ੍ਹੋ ਤੁਰਨ ਦੀ ਸੋਚੀ,ਇੱਕ ਪਾਸੇ ਜਰਨੇਟਰ ਦਾ ਖੜਕਾ ਦੂਜੇ ਪਾਸੇ ਚਾਹ ਪਕੋੜਿਆਂ ਲਈ ਕਾਵਾਂ ਰੋਲੀ,ਪ੍ਰਧਾਨ ਸਾਬ ਕਿਸੇ ਨੂੰ ਅਵਾਜ਼ਾਂ ਮਾਰ ਰਹੇ ਸਨ ਮੇਰੇ ਪਕੋੜੇ ਠੰਡੇ ਹੋ ਗਏ ਓਏ ਕਾਕਾ ਗਰਮ ਕਰਕੇ ਲਿਆ। ਸਭਾ ਦੇ ਮਨੋਰਥ ਪੱਤਰ ਨੈਪਕਿਨ ਦੇ ਤੋਰ ਤੇ ਵਰਤੇ ਜਾ ਰਹੇ ਸਨ,ਕਈ ਉਨ੍ਹਾਂ ਵਿਚ ਪਕੋੜੇ ਲਪੇਟ ਬੈਗ ਵਿਚ ਪਾ ਰਿਹਾ ਸੀ।
ਇਸ ਸਾਹਿਤ ਸਭਾ ਦੇ ਕਬੂਤਰਖਾਨੇ ਤੋ ਬਾਹਰ ਆ ਕੇ ਜ਼ਰਾ ਸੁੱਖ ਦਾ ਸਾਹ ਆਇਆ.ਬਾਹਰ ਨਿਕਲ ਦੇ ਹੀ ਮੈਨੂੰ ਕੁਝ ਗੱਲਾਂ ਯਾਦ ਕਰਕੇ ਹਾਸਾ ਆ ਗਿਆ ਇੱਕ ਜੋ ਪਾਸ਼ ਇਸ ਸਾਹਿਤ ਸਭਾ ਦੇ ਮੈਂਬਰਾਂ ਨੂੰ ਕਹਿੰਦਾ ਹੁੰਦਾ ਸੀ ਇੱਕ ਕਮਾਲ ਦਾ ਢੁੱਕਵਾਂ ਸ਼ਬਦ "ਸੱਤਿਆ ਨਰਣੀਏ ਨਿੰਹਗ" ਅਤੇ ਦੂਜੀ ਕਾਮਰੇਡ ਦਵਿੰਦਰ ਹੋਰਾਂ ਵੱਲੋ ਇਸ ਸਾਹਿਤ ਸਭਾ ਨੂੰ ਦਿੱਤਾ ਨਾਮ ਪਕੋੜੇ ਖਾਣੀ ਸਾਹਿਤ ਸਭਾ।
resham karnanvi
bahut vadhia viang ,te sach