ਵਿਹਲਾ ਮਨ ਸ਼ੈਤਾਨ ਦਾ ਘਰ - ਡਾ. ਨਿਸ਼ਾਨ ਸਿੰਘ ਰਾਠੌਰ
Posted on:- 28-04-2019
ਸਮੁੱਚੇ ਬ੍ਰਹਿਮੰਡ ਵਿਚ
ਮੌਜੂਦ ਪ੍ਰਾਣੀਆਂ ਵਿਚੋਂ ਮਨੁੱਖ ਹੀ ਇਕ ਅਜਿਹਾ ਪ੍ਰਾਣੀ ਹੈ ਜਿਸ ਨੂੰ ਸੋਚਣ ਅਤੇ ਸਮਝਣ ਦੀ ਸ਼ਕਤੀ
ਪ੍ਰਾਪਤ ਹੈ। ਮਨੁੱਖ ਆਪਣੇ ਚੰਗੇ- ਮਾੜੇ ਦੀ ਸੋਝੀ ਦਾ ਗਿਆਨ ਰੱਖਦਾ ਹੈ। ਆਪਣਾ ਬੁਰਾ- ਭਲਾ ਸੋਚ ਸਕਦਾ ਹੈ। ਪਰ ! ਅੱਜ ਕੱਲ ਮਨੁੱਖੀ ਮਨ ਆਪਣੇ ਭਲੇ ਨਾਲੋਂ ਜ਼ਿਆਦਾ ਦੂਜੇ ਲੋਕਾਂ ਦਾ ਬੁਰਾ ਸੋਚਣ ਵਿਚ ਮਸ਼ਗੂਲ ਰਹਿੰਦਾ ਹੈ। ਉਂਝ ਵੀ ਕਿਹਾ ਜਾਂਦਾ ਹੈ ਕਿ ਬੰਦਾ ਆਪਣੇ ਦੁੱਖ ਤੋਂ ਉੰਨਾ ਦੁਖੀ ਨਹੀਂ
ਹੁੰਦਾ ਜਿੰਨਾ ਦੂਜੇ ਦੇ ਸੁੱਖ ਤੋਂ ਹੁੰਦਾ ਹੈ।
ਖ਼ੈਰ ! ਇਹ ਮਨੁੱਖੀ
ਸੁਭਾਅ ਦਾ ਇੱਕ ਗੁਣ ਹੈ। ਇਸ ਤੋਂ ਮੁਨਕਰ ਨਹੀਂ
ਹੋਇਆ ਜਾ ਸਕਦਾ। ਪਰ, ਯਤਨ ਕਰਨ ਤੇ ਇਸ ਨੂੰ
ਕਾਬੂ ਜ਼ਰੂਰ ਕੀਤਾ ਜਾ ਸਕਦਾ ਹੈ। ਮਨੋਵਿਗਿਆਨ 'ਚ ਪੜਾਇਆ ਜਾਂਦਾ ਹੈ, 'ਵਿਹਲਾ ਮਨ ਬਹੁਤ ਸਾਰੇ ਨਕਾਰਤਮਕ ਵਿਚਾਰਾਂ ਦਾ ਘਰ ਬਣ ਜਾਂਦਾ
ਹੈ। ਇਸ ਕਰਕੇ ਲੋਕ ਆਪਣੇ ਆਪ ਨੂੰ ਮਸਰੂਫ਼ ਰੱਖਦੇ ਹਨ/ ਬਿਜ਼ੀ ਰੱਖਦੇ ਹਨ ਤਾਂ ਕਿ
ਨਕਾਰਤਮਕ ਵਿਚਾਰਾਂ ਤੋਂ ਬਚਿਆ ਜਾ ਸਕੇ।'
ਇੱਕ ਸਰਵੇਖਣ ਅਨੁਸਾਰ, 'ਖ਼ੁਦਕੁਸ਼ੀਆਂ ਕਰਨ ਵਾਲੇ 99% ਲੋਕ ਲੰਮੇ ਸਮੇਂ ਤੋਂ ਇਕਲਾਪੇ ਦੇ ਸ਼ਿਕਾਰ ਸਨ।' ਭਾਵ ਮੌਤ ਨੂੰ ਗਲੇ ਲਗਾਉਣ ਵਾਲੇ ਬਹੁਤੇ ਲੋਕ ਵਿਹਲੇ ਮਨ ਦੇ ਮਾਲਕ ਹੁੰਦੇ ਹਨ। ਆਮ ਜੀਵਨ ਵਿਚ ਦੇਖਿਆ ਗਿਆ ਹੈ ਕਿ ਜਿਸ ਮਨੁੱਖ ਕੋਲ ਕੋਈ ਕੰਮ ਨਹੀਂ ਹੁੰਦਾ ਉਹ ਜਾਂ ਤਾਂ ਤਨਾਓ ਦਾ ਸ਼ਿਕਾਰ ਹੋ ਜਾਂਦਾ ਹੈ ਜਾਂ ਫਿਰ ਦੂਜੇ ਲੋਕਾਂ ਦੇ ਕੰਮਾਂ ਵਿਚ ਅੜਚਣਾਂ ਪੈਦਾ ਕਰਨ ਲੱਗਦਾ ਹੈ। ਪਿੰਡਾਂ ਅਤੇ ਸ਼ਹਿਰਾਂ ਵਿਚ ਅਜਿਹੇ ਲੋਕਾਂ ਦੀ ਘਾਟ ਨਹੀਂ ਹੁੰਦੀ ਜਿਹੜੇ ਵਿਹਲੇ ਹੋਣ ਕਰਕੇ ਦੂਜੇ ਲੋਕਾਂ ਲਈ ਮੁਸੀਬਤ ਦਾ ਸਬੱਬ ਬਣੇ ਹੁੰਦੇ ਹਨ। ਇੱਥੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਇਕਲਾਪੇ ਦੇ ਸ਼ਿਕਾਰ ਲੋਕਾਂ ਵਿਚ ਬਜ਼ੁਰਗ ਲੋਕ ਵੱਡੀ ਗਿਣਤੀ ਵਿਚ ਸ਼ਾਮਲ ਹੁੰਦੇ ਹਨ। ਇਹ ਸਾਡੀ ਸਮਾਜਿਕ ਨਿਘਾਰਤਾ ਦਾ ਪ੍ਰਮਾਣ ਹੈ। ਇਸ ਤੋਂ ਇਲਾਵਾ ਨੌਕਰੀਪੇਸ਼ਾ ਲੋਕ ਅਤੇ ਔਰਤਾਂ ਵੀ ਵੱਡੀ ਗਿਣਤੀ ਵਿਚ ਇਕਲਾਪੇ ਦੇ ਸ਼ਿਕਾਰ ਪਾਏ ਜਾਂਦੇ ਹਨ।ਅੱਜ ਕੱਲ ਦੇ ਸਮੇਂ ਵਿਚ ਨਿੱਕੇ ਬੱਚੇ ਵੀ ਇਕਲਾਪੇ ਦੇ ਸ਼ਿਕਾਰ ਹੋਣ ਲੱਗੇ ਹਨ ਕਿਉਂਕਿ ਮਾਂ- ਬਾਪ ਕੋਲ ਆਪਣੇ ਕੰਮਾਂ- ਕਾਰਾਂ ਤੋਂ ਵਿਹਲ ਨਹੀਂ ਹੈ। ਦੂਜੀ ਗੱਲ ਅੱਜ ਦਾ ਦੌਰ ਮੋਬਾਈਲ ਦਾ ਦੌਰ ਹੈ ਇਸ ਕਰਕੇ ਬਹੁਤੇ ਬੱਚੇ ਆਪਣੇ ਕਮਰਿਆਂ ਵਿਚ ਬੈਠੇ ਕਲਪਣਾ ਦੀ ਦੁਨੀਆਂ ਵਿਚ ਮਸ਼ਗੂਲ ਰਹਿੰਦੇ ਹਨ ਅਤੇ ਫਿਰ ਸਹਿਜੇ- ਸਹਿਜੇ ਇਕਲਾਪੇ ਦਾ ਸ਼ਿਕਾਰ ਹੋ ਜਾਂਦੇ ਹਨ।ਮਨੋਵਿਗਿਆਨੀਆਂ ਅਨੁਸਾਰ, 'ਆਪਣੇ ਆਪ ਨੂੰ ਕਦੇ ਵਿਹਲਾ ਨਾ ਹੋਣ ਦਿਓ। ਹਾਂ, ਕੁਝ ਸਮੇਂ ਲਈ ਵਿਹਲਤਾ ਦਾ ਆਨੰਦ ਲਿਆ ਜਾ ਸਕਦਾ ਹੈ ਪਰ, ਲੰਮੇ ਸਮੇਂ ਤੱਕ ਵਿਹਲਾਪਣ ਜਾਨਲੇਵਾ ਸਾਬਿਤ ਹੋ ਸਕਦਾ ਹੈ ਕਿਉਂਕਿ ਵਿਹਲਾ ਮਨ ਨਕਾਰਤਮਕ ਵਿਚਾਰਾਂ ਦਾ ਘਰ ਬਣ ਜਾਂਦਾ ਹੈ।' ਇਹਨਾਂ ਮੁਸੀਬਤਾਂ ਤੋਂ ਬਚਣ ਲਈ ਆਪਣੇ ਆਪ ਨੂੰ ਮਸ਼ਗੂਲ ਰੱਖਣਾ ਚਾਹੀਦਾ ਹੈ। ਕਦੇ- ਕਦਾਈਂ ਫੁਰਸਤ ਦੇ ਪਲ ਮਨੁੱਖੀ ਜੀਵਨ ਲਈ ਲਾਜ਼ਮੀ ਹਨ ਪਰ ਲੰਮੇ ਸਮੇਂ ਤੱਕ ਵਿਹਲਾਪਣ ਮਾਨਸਿਕ ਤਨਾਓ ਦਾ ਕਾਰਨ ਬਣ ਸਕਦਾ ਹੈ।ਮਾਨਸਿਕ ਤਨਾਓ ਤੋਂ ਬਚਣ ਲਈ ਆਪਣੇ ਮਨਪਸੰਦ ਕੰਮ ਨੂੰ ਕਰਦੇ ਰਹਿਣਾ ਚਾਹੀਦਾ ਹੈ, ਮਸਲਨ ਜੇਕਰ ਕਿਸੇ ਨੂੰ ਖੇਡਣਾ ਪਸੰਦ ਹੈ ਤਾਂ ਦਿਨ ਵਿਚ ਕੁਝ ਸਮਾਂ ਖੇਡ ਦੇ ਮੈਦਾਨ ਵਿਚ ਜ਼ਰੂਰ ਬਤੀਤ ਕਰਨਾ ਚਾਹੀਦਾ ਹੈ। ਇਸ ਨਾਲ ਜਿੱਥੇ ਮਾਨਸਿਕ ਸਕੂਨ ਦੀ ਪ੍ਰਾਪਤੀ ਹੋਵੇਗੀ ਉੱਥੇ ਸਰੀਰਕ ਰੂਪ ਵਿਚ ਤੰਦਰੁਸਤੀ ਵੀ ਪ੍ਰਾਪਤ ਹੋਵੇਗੀ।ਇਸ ਤਰ੍ਹਾਂ ਉੱਪਰ ਕੀਤੀ ਗਈ ਵਿਚਾਰ- ਚਰਚਾ ਦੇ ਆਧਾਰ ਤੇ ਕਿਹਾ ਜਾ ਸਕਦਾ ਹੈ ਕਿ ਵਿਹਲਾ ਮਨ ਸ਼ੈਤਾਨ ਦਾ ਘਰ ਹੁੰਦਾ ਹੈ। ਇਸ ਕਰਕੇ ਬਹੁਤੀ ਦੇਰ ਵਿਹਲਾਪਣ ਤਨਾਓ ਦਾ ਕਾਰਨ ਬਣ ਸਕਦਾ ਹੈ। ਇਸ ਤੋਂ ਪਰਹੇਜ਼ ਹੀ ਬਚਾਓ ਹੈ।ਸੰਪਰਕ. 075892- 33437
Nishan Singh Rathaur (Dr.)
ਸੂਹੀ ਸਵੇਰ ਦੀ ਸਮੁੱਚੀ ਟੀਮ ਦਾ ਬਹੁਤ ਸ਼ੁਕਰੀਆ ...