ਸਮੇਂ ਦੀ ਧੂੜ ਵਿੱਚ ਗੁਆਚਿਆ ਬੰਦਾ - ਰਵੇਲ ਸਿੰਘ
Posted on:- 19-04-2019
ਪਿੱਛੇ ਜਿਹੇ ਜਦੋਂ ਮੈਂ ਕੁਝ ਸਮੇਂ ਲਈ ਪੰਜਾਬ ਗਿਆ ਤਾਂ ਮੈਨੂੰ ਮੇਰੇ ਨੇੜਲੇ ਪਿੰਡ ਦੇ ਆਪਣੇ ਕਿਸੇ ਨਜ਼ਦੀਕੀ ਰਿਸ਼ਤੇਦਾਰ ਦੇ ਅਕਾਲ ਚਲਾਣੇ ਤੇ ਰੱਖੇ ਗਏ ਅਖੰਠ ਪਾਠ ਦੇ ਭੋਗ ਤੇ ਉਸ ਦੀ ਅੰਤਮ ਅਰਦਾਸ ਤੇ ਜਾਣ ਦਾ ਮੌਕਾ ਮਿਲਿਆ।ਲੰਗਰ ਛਕਣ ਤੋਂ ਬਾਅਦ ਖੁਲ੍ਹੇ ਵੇਹੜੇ ਵਿੱਚ ਬੈਠੇ ਦੂਰ ਦੁਰਾਡਿਉਂ ਆਏ ਲੋਕ ਆਪਸ ਵਿੱਚ ਗੱਲਾਂ ਬਾਤਾਂ ਕਰ ਰਹੇ ਸਨ। ਇਸੇ ਹੀ ਨੁੱਕਰ ਵਿੱਚ ਘਰ ਦਾ ਫਾਲਤੂ ਪਿਆ ਸਾਮਾਨ ਜੋ ਕਿਸੇ ਕੁਬਾੜਖਾਨੇ ਦਾ ਭੁਲੇਖਾ ਪਾ ਰਿਹਾ ਸੀ।ਇਸੇ ਹੀ ਨੁੱਕਰੇ ਮੰਜੇ ਤੇ ਚੁੱਪ ਚਾਪ ਬੈਠਾ ਇੱਕ ਬੰਦਾ ਕੁਬਾੜ ਖਾਨੇ ਦਾ ਹਿੱਸਾ ਬਣਿਆ ਹੀ ਲੱਗ ਰਿਹਾ ਸੀ। ਮੇਰਾ ਧਿਆਨ ਪਤਾ ਨਹੀਂ ਕਿਉਂ ਉਸ ਅਣਗੌਲੇ ਜਿਹੇ ਬੰਦੇ ਵੱਲ ਵਾਰ ਵਾਰ ਜਾ ਰਿਹਾ ਸੀ।ਅਖੀਰ ਮੈਂ ਖਾਲੀ ਪਈ ਕੁਰਸੀ ਲੈ ਕੇ ਉੱਸ ਕੋਲ ਜਾ ਬੈਠਾ।
ਮੇਰੇ ਵੱਲ ਵੇਖ ਕੇ ਉਹ ਆਪਣੀ ਮੋਢੇ ਤੇ ਰੱਖੀ ਹੋਈ ਸੋਟੀ ਨੂੰ ਮੰਜੇ ਨਾਲ ਟਿਕਾ ਕੇ ਦੋਵੇਂ ਹੱਥ ਜੋੜੀ ਬੜੀ ਅਧੀਣਗੀ ਨਾਲ ਬੋਲਿਆ “ਸਾਸਰੀ ਕਾਲ ਸਰਦਾਰ ਜੀ”ਆਉ ਬੈਠੋ ਕੀ ਹਾਲ ਚਾਲ ਏ ਤੁਹਾਡਾ।ਮੈਂ ਕਿਹਾ, ਠੀਕ ਹੈ, ਮੈਂ ਸੋਚਿਆ ਤੁਸੀਂ ਇੱਥੇ ਇਕਲੇ ਬੈਠੇ ਹੋਏ ਹੋ, ਆਪਾਂ ਕੋਈ ਗੱਲ ਬਾਤ ਹੀ ਕਰੀਏ।ਉਹ ਮੇਰੀ ਗੱਲ ਸੁਣ ਕੇ ਬੋਲਿਆ ਸ਼ੁਕਰ ਹੈ ਕਿਸੇ ਨੂੰ ਮੇਰੇ ਵਰਗੇ ਬੰਦੇ ਨਾਲ ਕੋਲ ਬੈਠਣ ਲਈ ਕੋਈ ਤਾਂ ਆਇਆ ਹੈ।ਮੈਂ ਤਾਂ ਉਹ ਸਰਦਾਰ ਜੋ ਮੈਨੂੰ ਜਾਂਦੇ ਹੋਏ ਨੂੰ ਆਵਾਜ਼ ਮਾਰ ਕੇ ਕੋਲ ਬੁਲਾ ਕੇ ਕੋਈ ਗੱਲ ਬਾਤ ਕਰ ਲੈਂਦਾ ਸੀ ਉਸ ਦੇ ਸਦਾ ਵਾਸਤੇ ਇਸ ਦੁਨੀਆ ਤੋਂ ਚਲੇ ਜਾਣ ਤੇ ਉਸ ਦੇ ਅਖੀਰਲੇ ਸਮਾਗਮ ਤੇ ਅੱਜ ਹਾਜ਼ਰੀ ਭਰਨ ਆਇਆ ਸਾਂ,ਅਤੇ ਗੱਲਾਂ ਕਰਦਾਂ ਨਾਲ ਨਾਲ ਉਹ ਆਪਣੇ ਮੋਢੇ ਤੇ ਰੱਖੇ ਹੋਏ ਪਰਨੇ ਨਾਲ ਹੰਝੂਆਂ ਨੂੰ ਵੀ ਪੂੰਝੀ ਜਾ ਰਿਹਾ ਸੀ ।
ਮੈਂ ਪੁੱਛਿਆ ਤੁਸੀਂ ਉੱਸ ਸਰਦਾਰ ਨੂੰ ਕਿਵੇਂ ਜਾਣਦੇ ਸੀ।ਇਹ ਸੁਣਕੇ ਉਹ ਹਉਕਾ ਜਿਹਾ ਭਰ ਕੇ ਕਹਿਣ ਲੱਗਾ, ਸਰਦਾਰ ਚੰਗਾ ਪੈਲੀ ਬੰਨੇ ਵਾਲਾ ,ਅਤੇ ਬੜਾ ਰਹਿਮ ਦਿੱਲ ,ਪਰਉਪਕਾਰੀ ਅਤੇ ਸਾਊ ਆਦਮੀ ਸੀ ।ਉਸ ਦੀ ਕੁੱਝ ਜ਼ਮੀਨ ਮੇਰੇ ਪਿੰਡ ਦੇ ਨਾਲ ਵੀ ਲਗਦੀ ਸੀ।ਉਹ ਜਦੋਂ ਵੀ ਓਧਰ ਆਉਂਦਾ ਜਾਂਦਾ ਕਿਤੇ ਮਿਲਦਾ ਮੈਂ ਉਸ ਨੂੰ ਦੁਆ ਸਲਾਮ ਕਰ ਛੱਡਿਆ ਕਰਦਾ ਸਾਂ।ਹੌਲੀ ਹੌਲੀ ਮੇਰੀ ਉਸ ਨਾਲ ਵਾਕਫੀ ਜਿਹੀ ਬਣ ਗਈ ਸੀ।ਮੈਂ ਜਦੋਂ ਵੀ ਆਪਣੇ ਕਿਸੇ ਕੰਮ ਲਈ ਇਸ ਗਲੀ ਚੋਂ ਲੰਘਦਾ ਤਾਂ ਉਹ ਕੁਰਸੀ ਤੇ ਬੈਠਾ ਮੈਨੂੰ ਆਵਾਜ਼ ਮਾਰ ਕੇ ਬੁਲਾ ਲਿਆ ਕਰਦਾ ਸੀ।ਕਿਉਂ ਜੋ ਮੈਂ ਕੁਰਸੀਆਂ ਬੁਣਨ ਦਾ ਕੰਮ ਕਰਦਾ ਸਾਂ,ਅਤੇ ਇਸ ਗਲੀ ਵਿੱਚੋਂ ਵੀ ਲੰਘਿਆ ਕਰਦਾ ਸਾਂ। ਉਹ ਸਿਰ ਵੱਡੇ ਪਰਿਵਾਰ ਵਾਲਾ ਹੀ ਨਹੀਂ,ਸਗੋਂ ਬੜੇ ਨਾਮ ਦਾਮ ਵਾਲਾ ਬੰਦਾ ਸੀ, ਇੱਕ ਫੌਜ ਦੀ ਅਤੇ ਦੋ ਪੈਨਸ਼ਨਾਂ ਹੋਰ ਵੀ ਲੈਂਦਾ ਸੀ।ਕੰਮ ਕਰਦਿਆਂ ਉਹ ਮੇਰੇ ਨਾਲ ਆਪਣੀ ਜ਼ਿੰਦਗੀ ਦੇ ਕਈ ਤਲਖ ਤਜਰਬੇ ਵੀ ਸਾਂਝੇ ਕਰ ਲਿਆ ਕਰਦਾ ਸੀ।ਮੇਰੀਆਂ ਛੇ ਧੀਆਂ ਅਤੇ ਕੋਈ ਪੁੱਤਰ ਨਾ ਹੋਣ ਕਰਕੇ ਉਪਜੀਵਕਾ ਦਾ ਕੋਈ ਚੰਗਾ ਸਾਧਣ ਨਾ ਹੋਣ ਕਰਕੇ ਉਸ ਦੀ ਹਮਦਰਦੀ ਮੇਰੇ ਨਾਲ ਹੋਰ ਵਧ ਗਈ ਸੀ।ਕਈ ਵਾਰ ਉਹ ਮੈਨੂੰ ਨਾਂਹ ਨਾਂਹ ਕਰਦੇ ਨੂੰ ਘਰ ਆਏ ਨੂੰ ਪ੍ਰਸ਼ਾਦਾ ਵੀ ਛਕਾ ਦਿਆ ਕਰਦਾ ਸੀ।ਉਹ ਕਿਹਾ ਕਰਦਾ ਸੀ ਕਾਮੇ ਦੀ ਮੇਹਣਤ ਉਸਦਾ ਮੁੜ੍ਹਕਾ ਸੁੱਕਣ ਤੋਂ ਪਹਿਲਾਂ ਹੀ ਦੇ ਦੇਣੀ ਚਾਹੀਦੀ ਹੈ।ਕੁਰਸੀਆਂ ਬੁਣਨ ਦਾ ਕੰਮ ਮੈਂ ਪੈਦਲ ਹੀ ਪਿੰਡ ਪਿੰਡ ਗਲੀ ਗਲੀ ਫਿਰ ਕੇ ਕਰਦਾ ਹੁੰਦਾ ਸਾਂ।ਛੇ ਧੀਆਂ ਦਾ ਵੱਡਾ ਪ੍ਰਿਵਾਰ ਪਾਲਣਾ ਮੇਰੇ ਵਰਗੇ ਗਰੀਬ ਕਾਮੇ ਲਈ ਬੜਾ ਔਖਾ ਸੀ। ਕੁਰਸੀਆਂ ਬੁਣਨ ਦੇ ਕੰਮ ਤੋਂ ਜਾਣ ਕੇ ਮੈਂ ਉਸ ਵੱਲ ਜ਼ਰਾ ਗ਼ੌਰ ਨਾਲ ਝਾਕਿਆ ਤਾਂ ਮੈਨੂੰ ਉਸ ਦੀ ਸ਼ਕਲ ਕੁਝ ਜਾਣੀ ਪਛਾਣੀ ਜਿਹੀ ਲੱਗੀ ਤਾਂ ਜਦੋਂ ਮੈਂ ਉਸਦਾ ਪਿੰਡ ਅਤੇ ਉਸਦਾ ਨਾਂ ਪੁੱਛਿਆ ਤਾਂ ਸੁਣ ਕੇ ਮੈਨੂੰ ਉਸ ਵੱਲ ਵੇਖ ਕੇ ਬੜੀ ਹੈਰਾਨੀ ਹੋਈ, ਉਹ ਤਾਂ ਮੇਰੇ ਪਿੰਡ ਤੋਂ ਥੋੜ੍ਹੀ ਦੂਰ ਦਾ ਹੀ ਰਹਿਣ ਵਾਲਾ ਕੁਰਸੀਆਂ ਬੁਨਣ ਵਾਲਾ ਤਾਂ ਮੇਰੇ ਵਿਦੇਸ਼ ਆਉਣ ਤੋਂ ਪਹਿਲਾਂ ਗਲੀ ਗਲੀ ਪੈਦਲ ਹੀ ਸਿਰ ਕੁਰਸੀਆਂ ਬਣਾਉਣ ਵਾਲੇ ਨਿਵਾਰਾਂ ਦੇ ਰੋਲ ਸਿਰ ਤੇ ਚੁੱਕੀ ਅਤੇ ਪਲਾਸਟਕ ਦੀਆਂ ਤਾਰਾਂ ਵਾਲ ਵੱਡਾ ਸਾਰਾ ਝੋਲਾ ਮੋਢੇ ਵਿਚ ਲਟਕਾਈ ,” ਕੁਰਸੀਆਂ ਬੁਣਵਾ ਲਓ,ਕੁਰਸੀਆਂ ਬੁਣਵਾ ਲਓ “ ਦਾ ਹੋਕਾ ਦੇਂਦਾ ਗਲੀ ਗਲੀ ਘੁੰਮਦਾ ਮੇਰੇ ਪਿੰਡ ਵੀ ਕਦੇ ਕਦੇ ਆਉਂਦਾ ਹੁੰਦਾ ਸੀ ਅਤੇ ਮੈਂ ਉਸ ਨੂੰ ਆਵਾਜ਼ ਮਾਰ ਕੇ ਆਪਣੇ ਘਰ ਦੀ ਡਿਉੜ੍ਹੀ ਵਿੱਚ ਬਿਠਾ ਲਿਆ ਕਰਦਾ ਸਾਂ।ਉਦੋਂ ਉਹ ਚੰਗਾ ਰਿਸ਼ਟ ਪੁਸ਼ਟ,ਅਤੇ ਪੀਡੇ ਸਰੀਰ ਵਾਲਾ ਅਤੇ ਆਪਣੇ ਕੰਮ ਵਿੱਚ ਨਿਪੁੰਨ ਹੋਣ ਦੇ ਨਾਲ ਨਾਲ ਅਣ ਪੜ੍ਹ ਹੋਣ ਕਰ ਕੇ ਵੀ ਬੜਾ ਚੰਗੇ ਵਿਚਾਰਾਂ ਵਾਲਾ ਬੰਦਾ ਸੀ।ਉਹ ਕਿਹਾ ਕਰਦਾ ਸੀ,ਮੰਦਰ ਜਾਣ ਦੇ ਨਾਲ ਨਾਲ ਚੰਗੇ ਬੰਦਿਆਂ ਦੀ ਸੰਗਤ ਕਰਨੀ ਵੀ ਜ਼ਰੂਰੀ ਹੈ।ਗਰਮੀਆਂ ਵਿੱਚ ਧੁੱਪ ਵਿੱਚ ਆਏ ਨੂੰ ਪਾਣੀ ਪਿਆ ਦੇਣਾ,ਕਦੇ ਨਾਂਹ ਨਾਂਹ ਕਰਦੇ ਨੂੰ ਚਾਹ ਪਿਆ ਦੇਣੀ, ਮੈਂ ਉਸ ਨੂੰ ਕਹਿੰਦਾ ਹੁੰਦਾ ਸਾਂ,ਤੂੰ ਜਦੋਂ ਵੀ ਇਸ ਗਲੀ ਵਿੱਚੋਂ ਮੈਨੂੰ ਜ਼ਰੂਰ ਆਵਾਜ਼ ਮਾਰ ਕੇ ਜਾਇਆ ਕਰ। ਉਨ੍ਹੀਂ ਦਿਨੀਂ ਟੈਲੀ ਫੋਨ ਪਿੰਡਾਂ ਵਿੱਚ ਕਿਸੇ ਵਿਰਲੇ ਘਰ ਹੀ ਲੱਗਾ ਹੁੰਦਾ ਸੀ।ਇਕ ਵਾਰ ਉਹ ਮੈਨੂੰ ਪੁੱਛਣ ਲੱਗਾ ਕਿ ਸਰਦਾਰ ਜੀ ਤੁਹਾਡੇ ਘਰ ਉਹ ਟੱਲੀ ਖੜਕਾਉਣ ਵਾਲਾ ਲੱਗਾ ਹੋਇਆ ਹੈ। ਟੈਲੀ ਫੋਨ ਨੂੰ ਉਹ ਟੱਲੀ ਖੜਕਾਉਣ ਵਾਲਾ ਕਿਹਾ ਕਰਦਾ ਸੀ।ਮੈਂ ਉਸ ਦਾ ਮਤਲਬ ਸਮਝ ਗਿਆ ਕਿ ਉਹ ਟੈਲੀ ਫੋਨ ਨੂੰ ਟੱਲੀ ਖੜਕਾਉਣ ਵਾਲਾ ਕਹਿੰਦਾ ਹੈ। ਜਿਸ ਨਾਲ ਉਹ ਕਈ ਵਾਰ ਆਪਣੀ ਕਿਸੇ ਨੇੜਲੇ ਪਿੰਡ ਵਿਆਹੀ ਕੁੜੀ ਦੇ ਘਰ ਦੇ ਨਾਲ ਦੇ ਘਰ ਵਿੱਚ ਲੱਗੇ ਟੈਲੀ ਫੋਨ ਤੇ ਗੱਲ ਬਾਤ ਕਰ ਲਿਆ ਕਰਦਾ ਸੀ।ਬੇਸ਼ੱਕ ਅਣਪੜ੍ਹ ਅਤੇ ਸਿੱਧਾ ਸਾਦਾ ਤੇ ਆਪਣੇ ਕੰਮ ਨਾਲ ਵਾਸਤਾ ਰੱਖਣ ਕਰਕੇ ਉਹ ਬਹੁਤਾ ਗਿਆਣ ਦੇ ਗੱਲ ਰੱਸਾ ਪਾਉਣਾ ਤਾਂ ਨਹੀਂ ਸੀ ਜਾਣਦਾ ਪਰ ਅਗਲੇ ਦੀ ਗੱਲ ਕੰਮ ਕਰਦਾ ਹੋਇਆ ਬੜੇ ਧਿਆਨ ਨਾਲ ਸੁਣਦਾ ਸੀ। ਪਰ ਹੁਣ ਜਦੋਂ ਮੈਂ ਵਿਦੇਸ਼ ਤੋਂ ਵਾਪਸ ਆ ਕੇ ਉਸ ਨੂੰ ਇੱਥੇ ਇਸ ਹਾਲਤ ਵੇਖਿਆ ਤਾਂ ਉਸ ਨੂੰ ਪਛਾਨਣ ਵਿੱਚ ਬੜੀ ਔਖ ਹੋਈ।ਮੈਂ ਕਿਹਾ ਹੁਣ ਘਰ ਦਾ ਗੁਜ਼ਾਰਾ ਕਿਵੇਂ ਚਲਦਾ, ਤਾਂ ਉਹ ਬੋਲਿਆ ਗੁਜ਼ਾਰਾ ਕਾਹਦਾ ਹੁਣ ਤਾਂ ਬਸ ਦਿਨ ਕਟੀ ਹੀ ਹੋ ਰਹੀ ਹੈ, ਧੀਆਂ ਸਾਰੀਆਂ ਮਾੜੇ ਮੋਟੇ ਘਰ ਵਰ ਵੇਖ ਕੇ ਆਪੋ ਆਪਣੇ ਘਰੀਂ ਤੋਰ ਦਿੱਤੀਆਂ।ਸੁਵਰਗਾਂ ਵਿੱਚ ਵਾਸਾ ਹੋਵੇ ਉਸ ਸਰਦਾਰ ਦਾ ਜੋ ਮਰੀਆਂ ਧੀਆਂ ਦੇ ਵਿਆਹ ਸ਼ਾਦੀ ਕਾਰਜਾਂ ਵਿੱਚ ਆਪ ਹਾਜ਼ਰ ਹੋਕੇ ਮੇਰੀ ਮਦਦ ਕਰਦਾ ਰਿਹਾ,ਮੈਂ ਉਸ ਨੂੰ ਕਿਵੇਂ ਭੁਲਾ ਸਕਦਾ ਹਾਂ।ਮੇਰੇ ਘਰ ਦੀ ਉਹੋ ਪੁਰਾਣੀ ਕੋਠੜੀ ਸਿਰ ਢੱਕਣ ਲਈ ਹੈ। ਥੋੜ੍ਹੀ ਜਿਹੀ ਪੈਨਸ਼ਨ ਸਰਕਾਰ ਵੱਲੋਂ ਲੱਗੀ ਹੋਈ ਹੈ,ਜਿਸ ਨਾਲ ਮਾੜਾ ਮੋਟਾ ਗੁਜ਼ਾਰਾ ਹੋ ਜਾਂਦਾ ਹੈ।ਨਜ਼ਰ ਕਮਜ਼ੋਰ ਹੋਣ ਕਰਕੇ ਬਹੁਤਾ ਦੂਰ ਨੇੜੇ ਵੀ ਨਹੀਂ ਜਾਇਆ ਜਾਂਦਾ।ਫਿਰ ਵੀ ਉਸ ਮਾਲਕ ਦਾ ਸ਼ੁਕਰ ਮਨਾਈਦਾ ਹੈ। ਗੱਲਾਂ ਕਰਦੇ ਉਸ ਦੱਸਿਆ ਕਿ ਉਸਦੀ ਘਰ ਵਾਲੀ ਤਾਂ ਕਾਫੀ ਸਮਾਂ ਪਹਿਲਾਂ ਹੀ ਉਸ ਦਾ ਸਾਥ ਸਦਾ ਲਈ ਛੱਡ ਚੁਕੀ ਸੀ। ਧੀਆਂ ਦੇ ਆਪਣੋ ਆਪਣੇ ਘਰਾਂ ਵਿੱਚ, ਜਦੋਂ ਮੈਂ ਘਰ ਵਿੱਚ ਇੱਕਲਾ ਹੁੰਦਾ ਤਾਂ ਉਸ ਕੋਲ ਕੋਈ ਦੁੱਖ ਸੁੱਖ ਕਰਨ ਲਈ ਚਲਾ ਜਾਇਆ ਕਰਦਾ ਸੀ।ਹੁਣ ਵਧਦੀ ਉਮਰ ਕਰ ਕੇ ਸਰਦਾਰ ਦੀ ਆਪਣੀ ਸਿਹਤ ਵੀ ਠੀਕ ਨਹੀਂ ਸੀ ਰਹਿੰਦੀ,ਅਤੇ ਉਹ ਉਸ ਦਾ ਪਤਾ ਲੈਣ ਲਈ ਆਉਂਦਾ ਜਾਂਦਾ ਰਹਿੰਦਾ ।ਫਿਰ ਇੱਕ ਦਿਨ ਪਤਾ ਲੱਗਾ ਕਿ ਉਹ ਪਰਉਕਾਰੀ ਬੰਦਾ ਅਕਾਸ਼ ਦੇ ਹਨੇਰੇ ਵਿੱਚ ਕਿਸੇ ਚਮਕਦੇ ਤਾਰੇ ਵਾਂਗ ਅਰਸ਼ੋਂ ਟੁੱਟ ਕੇ ਸੰਸਾਰ ਤੋਂ ਸਦਾ ਲਈ ਆਪਣੀ ਸਾਂਝ ਗੁਆ ਚੁਕਿਆ ਹੈ। ਇਹ ਸੁਣ ਕੇ ਇਉਂ ਲੱਗਾ ਜਿਵੇਂ ਅੱਜ ਮੇਰਾ ਕੋਈ ਉਸ ਦਾ ਆਪਣਾ ਕੋਈ ਦਿਲੀ ਰਿਸ਼ਤਾ ਸਦਾ ਲਈ ਸੰਸਾਰ ਤੋਂ ਓਝਲ ਹੋ ਗਿਆ ਹੋਵੇ। ਹੁਣ ਉਹ ਜਿਵੇਂ ਆਪ ਮੁਹਾਰਾ ਹੀ ਆਪਣੇ ਆਪ ਨਾਲ ਗੱਲਾਂ ਕਰਦਾ ਬੋਲੀ ਜਾ ਰਿਹਾ ਸੀ”ਅੱਜ ਉਸ ਦੀ ਅੰਤਮ ਅਰਦਾਸ ਤੇ ਆ ਕੇ ਇੱਥੇ ਬੈਠਿਆਂ ਸੋਚਦਾ ਹਾਂ ਕਿ ਦੁਨੀਆਂ ਬੇਸ਼ੱਕ ਬੜੀ ਵੱਡੀ ਹੈ ਪਰ ਆਪਣਾ ਕੋਈ ਜਦ ਸਦਾ ਲਈਇਸ ਦੁਨੀਆ ਤੋਂ ਚਲਾ ਜਾਵੇ ਤਾਂ ਦੁਨੀਆਂ ਸੁੰਗੜ ਗਈ ਲਗਦੀ ਹੈ।ਹੁਣ ਮੇਰੀ ਸਾਂਝ ਬੇਸ਼ੱਕ ਇਸ ਪਰਵਾਰ ਨਾਲ ਤਾਂ ਬਣੀ ਰਹੇਗੀ ਪਰ ਸੋਚਦਾ ਹਾਂ ਕਿ ਉਸ ਦੇ ਚਲੇ ਜਾਣ ਪਿੱਛੋਂ ਕੀ ਪਤਾ ਉਸ ਵਰਗਾ ਪਿਆਰ ਕੋਈ ਮੈਨੂੰ ਦੇਵੇ ਜਾਂ ਨਾ ਦੇਵੇ”। ਬਾਹਰੋਂ ਆਏ ਸਾਰੇ ਸਾਕ ਸਬੰਧੀ ਆਪਣੇ ਘਰਾਂ ਨੂੰ ਵਾਪਸੀ ਕਰ ਰਹੇ ਸਨ।ਮੈਨੂੰ ਵੀ ਜਾਣ ਲਈ ਆਵਾਜ਼ ਪੈ ਚੁਕੀ ਸੀ।ਮੈਂ ਉਸ ਨੂੰ ਹੱਥ ਮਿਲਾ ਕੇ ਤੁਰ ਪਿਆ ਪਰ ਉਹ ਉਸੇ ਤਰ੍ਹਾਂ ਹੀ ਆਪਣੀ ਸੋਚ ਵਿੱਚ ਗੁਆਚਿਆ ਹੋਇਆ ਉਸੇ ਕਬਾੜ ਖਾਨੇ ਵਾਲੀ ਨੁੱਕਰ ਵਿੱਚ ਬੈਠਾ ਆਪਣੀ ਸੋਟੀ ਮੋਢੇ ਤੇ ਟਿਕਾਈ ਟਿਕਟਿਕੀ ਲਾਈ ਕਿਸੇ ਬਿਣ ਮੰਜ਼ਿਲੇ ਰਾਹੀ ਵਾਂਗ ਬੈਠਿਆ ਹੋਇਆ ਉਹ ਬੰਦਾ ਮੇਰੀਆਂ ਅੱਖਾਂ ਅੱਗੇ ਵਾਰ ਵਾਰ ਆ ਰਿਹਾ ਸੀ।ਬਲ਼ਦੇ ਬਲ਼ਦੇ ਬੁਝ ਗਏ ਦੀਵੇ ਕਿਤਾਰ ਦੇ।
ਵਾਅਵਰੋਲ਼ੇ ਸਮੇਂ ਦੇ, ਪਲ਼ ਪਲ਼ ਸਹਾਰਦੇ।
ਕੋਈ ਜਗੇ ਕਬਰ ਤੇ,ਝੱਖੜਾਂ ਸੰਗ ਜੂਝਦੇ,
ਕਈ ਜਗੇ ਮੰਦਰਾਂ ਚ, ਆਰਤੀ ਉਤਾਰਦੇ।
ਜ਼ਿੰਦਗੀ ਦੀਵੇ ਦੇ ਵਾਂਗ ਜਗ਼ ਰਹੀ ਤੇ ਬੁੱਝ ਰਹੀ,
ਮਿਲ਼ ਗਏ ਸੱਭ ਧੂੜ ਵਿੱਚ,ਮਿੱਟੀ ਸੁਆਰਦੇ।