ਮਾਣ-ਸਨਮਾਨ, ਵਡੇਰੀ ਜ਼ਿੰਮੇਵਾਰੀ ਦਾ ਅਹਿਦ -ਨਰਾਇਣ ਦੱਤ
Posted on:- 04-04-2019
'ਲੋਕ ਚੇਤਨਾ ਕਲਾ ਮੰਚ ਲਹਿਰਾਗਾਗਾ' ਵੱਲੋਂ 23 ਮਾਰਚ ਦੇ ਸ਼ਹੀਦਾਂ ਨੂੰ ਸਮਰਪਿਤ ਕਰਵਾਈ ਗਈ ਸ਼ਹੀਦੀ ਕਾਨਫਰੰਸ/ਨਾਟਕ ਮੇਲੇ ਮੌਕੇ ਐਕਸ਼ਨ ਕਮੇਟੀ ਮਹਿਲਕਲਾਂ ਵਿੱਚ ਅਹਿਮ ਭੂਮਿਕਾ ਨਿਭਾਅ ਰਹੇ ਲੋਕ ਆਗੂ ਮਨਜੀਤ ਧਨੇਰ ਨੂੰ ''ਹਰੀ ਸਿੰਘ ਤਰਕ ਯਾਦਗਰੀ ਐਵਾਰਡ'' ਨਾਲ ਸਨਮਾਨਿਤ ਕੀਤਾ ਗਿਆ। ਲੋਕ ਆਗੂ ਮਨਜੀਤ ਧਨੇਰ ਨੂੰ ਇਹ ਸਨਮਾਨ ਮਿਲਣ ਨਾਲ 22 ਸਾਲ ਤੋਂ ਔਰਤ ਹੱਕਾਂ ਲਈ ਚੱਲ ਰਹੇ ਸੰਘਰਸ਼ ਦੀ ਅਗਵਾਈ ਕਰਨ ਵਾਲੀ ਆਗੂ ਟੀਮ ਸਮੇਤ ਇਸ ਸੰਘਰਸ਼ ਦੀ ਢਾਲ ਤੇ ਤਲਵਾਰ ਬਣੇ ਲੱਖਾਂ ਜੁਝਾਰੂ ਲੋਕਾਂ ਲਈ ਵਡੇਰੇ ਮਾਣ ਵਾਲੀ ਗੱਲ ਹੈ।
ਅਸਲ ਮਾਅਨਿਆਂ ਵਿੱਚ ਇਹ ਸਨਮਾਨ ਮਹਿਜ ਲੋਕ ਆਗੂ ਮਨਜੀਤ ਧਨੇਰ ਦਾ ਹੀ ਨਹੀਂ ਸਗੋਂ ਵਡੇਰੀਆਂ ਚੁਣੌਤੀਆਂ ਦੇ ਸਨਮੁੱਖ ਗੁੰਡਾ-ਪੁਲਿਸ-ਸਿਆਸੀ ਅਤੇ ਅਦਾਲਤੀ ਗੱਠਜੋੜ ਖਿਲ਼ਾਫ ਠੀਕ ਦਿਸ਼ਾ ਅਤੇ ਦ੍ਰਿੜ ਇਰਾਦੇ ਨਾਲ ਜੂਝ ਰਹੇ ਵੱਖੋ-ਵੱਖ ਵਿਚਾਰਾਂ ਦੀ ਪ੍ਰਤੀਨਿਧਤਾ ਕਰਦੀ ਐਕਸ਼ਨ ਕਮੇਟੀ ਮਹਿਲਕਲਾਂ ਦੀ ਅਗਵਾਈ 'ਚ ਜੁੜੇ ਲੱਖਾਂ ਲੋਕ ਕਾਫਲਿਆਂ ਦਾ ਸਨਮਾਨ ਹੈ। ਇਹ ਸਨਮਾਨ ਕੁਰਬਾਨੀ ਦਾ ਜਜ਼ਬਾ ਲੈ ਕੇ ਤੁਰੇ ਕਾਫਲੇ ਦੀ ਹਰਮਨ ਪਿਆਰਤਾ ਅਤੇ ਲੋਕਾਈ ਵਿੱਚ ਭਰੋਸੇਯੋਗਤਾ ਦਾ ਸਬੂਤ ਹੈ। ਅਜਿਹੇ ਸਨਮਾਨ ਲੋਕ ਹਿੱਤਾਂ ਲਈ ਜੂਝਣ ਵਾਲੇ ਕਾਫਲਿਆਂ ਸਿਰ ਵਡੇਰੀ ਜ਼ਿੰਮੇਵਾਰੀ ਵੀ ਆਇਦ ਕਰਦੇ ਹਨ। ਐਕਸ਼ਨ ਕਮੇਟੀ ਦੇ ਹਿੱਸੇ ਵੱਡੀਆਂ ਤੋਂ ਵੱਡੀਆਂ ਚੁਣੌਤੀਆਂ ਵੀ ਆਈਆਂ, ਪਰ ਲੋਕਾਂ ਉੱਪਰ ਟੇਕ ਰੱਖਕੇ ਤੁਰਨ ਦੀ ਠੀਕ ਬੁਨਿਆਦ ਉੱਪਰ ਚੱਲਦਿਆਂ ਹਰ ਚੁਣੌਤੀ ਦਾ ਟਾਕਰਾ ਕੀਤਾ ਗਿਆ।
ਹਰ ਸਾਜ਼ਿਸ਼ ਦਾ ਮੂੰਹ ਤੋੜ ਜਵਾਬ ਲੋਕ ਸੱਥਾਂ 'ਚ ਦਿੱਤਾ। ਦੁਸ਼ਮਣ ਸਮੇਤ ਉਸ ਦੇ ਸਿਆਸੀ ਪਾਲਣਹਾਰਾਂ ਦੀ ਹਰ ਸਾਜਿਸ਼ ਦਾ ਪਰਦਾਚਾਕ ਕੀਤਾ। ਦਹਾਕਿਆਂ ਬੱਧੀ ਸਮੇਂ ਤੋਂ ਦਨਦਨਾਉਂਦੇ ਦੋਸ਼ੀਆਂ ਨੂੰ ਉਮਰ ਕੈਦ ਵਰਗੀਆਂ ਮਿਸਾਲੀ ਸਜ਼ਾਵਾਂ ਦਿਵਾਈਆਂ ਅਤੇ ਦੋਸ਼ੀ ਪੁਲਿਸ ਅਧਿਕਾਰੀਆਂ ਨੂੰ ਨੌਕਰੀ ਤੋਂ ਬਰਖਾਸਤ ਕਰਵਾਕੇ ਨਵਾਂ ਮੀਲ ਪੱਥਰ ਗੱਡਿਆ। ਸੰਘਰਸ਼ ਨੂੰ ਮਹਿਜ ਕਿਰਨਜੀਤ ਕੌਰ ਦੇ ਕਾਤਲੀ ਟੋਲੇ ਦੇ ਖਿਲ਼ਾਫ ਹੀ ਜਾਰੀ ਨਹੀਂ ਰੱਖਿਆ ਸਗੋਂ ਉਸ ਤੋਂ ਵੀ ਅੱਗੇ ਜਾਕੇ ਔਰਤਾਂ ਉੱਪਰ ਹੁੰਦੇ ਜੁਲਮਾਂ ਦੀ ਜੰਮਣ ਭੋਂਇ, ਲੁੱਟ-ਜਬਰ ਤੇ ਦਾਬੇ ਵਾਲੇ ਲੋਕ ਦੋਖੀ ਪ੍ਰਬੰਧ ਖਿਲ਼ਾਫ ਸੇਧਿਤ ਕੀਤਾ ਗਿਆ। ਐਕਸ਼ਨ ਕਮੇਟੀ ਦੀ ਭਰੇਸੋਯੋਗਤਾ ਅਤੇ ਹਰਮਾਨ ਪਿਆਰਤਾ ਦਾ ਸਬੂਤ ਇਸ ਗੱਲ ਤੋਂ ਭਲੀ-ਭਾਂਤ ਲਗਾਇਆ ਜਾ ਸਕਦਾ ਹੈ ਕਿ ਇਸ ਦੀ ਝੋਲੀ ਇੱਕ ਨਹੀਂ ਅਨੇਕਾਂ ਲੋਕ ਸਨਮਾਨ ਆ ਚੁੱਕੇ ਹਨ। ਇਸਤੋਂ ਪਹਿਲਾਂ ੭ ਫਰਬਰੀ ੨੦੧੯ ਨੂੰ ''ਅਦਾਰਾ ਸੂਹੀ ਸਵੇਰ ਮੀਡੀਆ ਐਵਾਰਡ'' ਪੰਜਾਬੀ ਭਵਨ ਲੁਧਿਆਣਾ ਵਿਖੇ ਹੋਏ ੭ਵੇਂ ਪੁਨਰ ਆਗਮਨ ਦਿਵਸ ਸਮੇਂ ਹਾਸਲ ਹੋਇਆ ਹੈ। ਇਸੇ ਤਰਾਂ ''ਅਦਾਰਾ ਪਹਿਰੇਦਾਰ'' ਵੱਲੋਂ ੨ ਸਤੰਬਰ, ੨੦੦੭ ਵਿੱਚ ਕਰਵਾਏ ਵਿਸ਼ੇਸ਼ ਸਮਾਗਮ ਸਮੇਂ ਇਕ ਸਨਮਾਨ ਐਕਸ਼ਨ ਕਮੇਟੀ ਦੇ ਹਿੱਸੇ ਆ ਚੁੱਕਾ ਹੈ। ਇਸੇ ਤਰ੍ਹਾਂ ਨਾਟਕ ਦੇ ਬਾਬਾ ਬੋਹੜ ਭਾਅਜੀ ਗੁਰਸ਼ਰਨ ਸਿੰਘ ਦੇ ਹੱਥੀਂ ਲਾਏ ਬੂਟੇ ''ਪੰਜਾਬ ਲੋਕ ਸੱਭਿਆਚਾਰਕ ਮੰਚ'' ਵੱਲੋਂ ੧ ਮਈ ੨੦੦੬ ਨੂੰ ਅਜਿਹਾ ਸਨਮਾਨ ਦਿੱਤਾ ਗਿਆ। ਇਸ ਹੀ ਤਰ੍ਹਾਂ ਦੇਸ਼ ਭਗਤ ਯਾਦਗਾਰ ਕਮੇਟੀ ਲੌਂਗੋਵਾਲ ਵੱਲੋਂ ਗਦਰੀ ਬਾਬਿਆਂ ਦੇ ਮੇਲੇ ੧੬ ਨਵੰਬਰ ੨੦੧੪ ਵਿੱਚ ਤਿੰਨ ਲੋਕ ਆਗੂਆਂ ਦਾ ਸਨਾਮਨ ਕੀਤਾ ਗਿਆ।ਅਜਿਹੇ ਹੋਰ ਵੀ ਬਹੁਤ ਸਾਰੇ ਮਾਣ/ਸਨਮਾਨ ਹਨ ਜਿਨ੍ਹਾਂ ਦੀ ਸੂਚੀ ਬਹੁਤ ਲੰਮੀ ਹੈ। ਇਹ ਸਨਮਾਨ ਮਿਲਣਾ ਦੋ ਦਹਾਕਿਆਂ ਤੋਂ ਵੀ ਵੱਧ ਸਮੇਂ ਤੋਂ ਔਰਤ ਹੱਕਾਂ ਲਈ ਅੱਗੇ ਵੱਧ ਰਹੇ(ਵੱਖ-ਵੱਖ ਵਿਚਾਰਾਂ ਦੇ ਅਧਾਰ 'ਤੇ ਬਣੀ ਐਕਸ਼ਨ ਕਮੇਟੀ ਦੀ ਅਗਵਾਈ 'ਚ) ਸਾਂਝੇ ਵਿਸ਼ਾਲ ਲੋਕ ਸੰਘਰਸ਼ ਦੇ ਠੀਕ ਹੋਣ ਦੀ ਪੁਸ਼ਟੀ ਹੈ ਕਿ ਜਿਸ ਨੇ ੨੨ ਸਾਲ ਦੇ ਲੰਬੇ ਅਰਸੇ ਵਿੱਚ ਆਪਣੀ ਬੁਨਿਆਦ ਉੱਪਰ ਪੂਰੀ ਦ੍ਰਿੜਤਾ ਨਾਲ ਪਹਿਰਾ ਦਿੱਤਾ ਹੈ। ਡਰਾਉਣ, ਧਮਕਾਉਣ ਤੇ ਦਹਿਸ਼ਤਜ਼ਦਾ ਕਰਨ ਤੋਂ ਵੀ ਅੱਗੇ ਐਕਸ਼ਨ ਕਮੇਟੀ ਆਗੂਆਂ ਨੇ ਮੌਤ ਦੀਆਂ ਧਮਕੀਆਂ ਨੂੰ ਵੀ ਬਹੁਤ ਨੇੜਿਉਂ ਹੋ ਕੇ ਤੱਕਿਆ ਵੀ ਹੈ ਤੇ ਆਪਣੇ ਪਿੰਡੇ ਤੇ ਹੱਡੀਂ ਹੰਢਾਇਆ ਵੀ ਹੈ। ਅਦਾਲਤ ਵੱਲੋਂ ਤਿੰਨ ਲੋਕ ਆਗੂਆਂ ਨਰਾਇਣ ਦੱਤ, ਮਨਜੀਤ ਧਨੇਰ ਅਤੇ ਪ੍ਰੇਮ ਕੁਮਾਰ ਨੂੰ ਸੁਣਾਈ ਨਿਹੱਕੀ ਉਮਰ ਕੈਦ ਸਜ਼ਾ ਰੱਦ ਕਰਾਉਣ ਲਈ ੨੦੦੫ ਵਿੱਚ ''ਤਿੰਨ ਲੋਕ ਆਗੂਆਂ ਦੀ ਰਿਹਾਈ ਸਬੰਧੀ ਕਮੇਟੀ, ਪੰਜਾਬ'' ਦੀ ਅਗਵਾਈ 'ਚ ਅਤੇ ਹੁਣ ਲੋਕ ਆਗੂ ਮਨਜੀਤ ਧਨੇਰ ਨੂੰ ਬਹਾਲ ਰੱਖੀ ਉਮਰ ਕੈਦ ਸਜ਼ਾ ਰੱਦ ਕਰਾਉਣ ਖਿਲ਼ਾਫ ਚੱਲ ਰਿਹਾ ''ਲੋਕ ਆਗੂ ਮਨਜੀਤ ਧਨੇਰ ਦੀ ਉਮਰ ਕੈਦ ਸਜ਼ਾ ਰੱਦ ਕਰਾਉਣ ਲਈ ਸੰਘਰਸ਼ ਕਮੇਟੀ, ਪੰਜਾਬ'' ਦਾ ਸੰਘਰਸ਼ ਇਸ ਗੱਲ ਦਾ ਸਬੂਤ ਹੈ ਕਿ ਇਸ ਲੋਕ ਸੰਘਰਸ਼ ਨੇ ਹਾਲੇ ਵੀ ਉਸੇ ਤਰ੍ਹਾਂ ਲੋਕਾਂ ਮਨਾਂ ਵਿੱਚ ਆਪਣੀ ਥਾਂ ਬਣਾਈ ਹੋਈ ਹੈ। ਹੁਣ ਵੀ ਔਰਤਾਂ ਉੱਪਰ ਜਬਰ ਦੀਆਂ ਬਹੁਤ ਸਾਰੀਆਂ ਵਹਿਸ਼ੀ ਅਤੇ ਦਰਿੰਦਗੀ ਭਰੀਆਂ ਘਟਨਾਵਾਂ ਵਾਪਰੀਆਂ ਹਨ। ਜਬਰ ਦੀਆਂ ਇਨ੍ਹਾਂ ਵਾਰਦਾਤਾਂ ਖਿਲਾਫ ਲੋਕ ਮੈਦਾਨ 'ਚ ਨਿੱਤਰ ਰਹੇ ਹਨ। ਪਰ ਉਹ ਸਾਰੇ ਸੰਘਰਸ਼ ਵਕਤੀ ਚੱਲਦੇ ਹਨ ਅਤੇ ਕੁੱਝ ਸਮੇਂ ਬਾਅਦ ਸੀਨ ਤੋਂ ਲਾਂਭੇ ਹੋ ਜਾਂਦੇ ਹਨ।ਪਰ ਮਹਿਲਕਲਾਂ ਦੀ ਧਰਤੀ ਉੱਪਰ ੨੨ ਸਾਲ ਪਹਿਲਾਂ ਵਾਪਰੇ ਜੁਲਮ ਖਿਲਾਫ ਉਸੇ ਵੇਗ ਵਿੱਚ ਲੋਕ ਘੋਲ ਲਗਾਤਾਰ ਕਿਉਂ ਅੱਗੇ ਵਧ ਰਿਹਾ ਹੈ? ਇਸ ਸਵਾਲ ਨੂੰ ਸੰਬੋਧਤ ਹੋਣ ਦੀ ਵਧੇਰੇ ਜ਼ਰੂਰਤ ਹੈ। ਅਜਿਹਾ ਸਾਰਾ ਕੁੱਝ ਸੰਭਵ ਵੀ ਤਦ ਹੀ ਹੋ ਸਕਿਆ ਹੈ ਜੇਕਰ ਇਸ ਸਾਰੇ ਘਟਨਾਕ੍ਰਮ ਨੂੰ ਮਹਿਜ ਰਸਮੀ ਤੌਰ 'ਤੇ ਲੈਣ ਨਾਲੋਂ ਆਮ ਘਟਨਾ ਨੂੰ ਵਿਸ਼ੇਸ਼ ਨਾਲ ਜੋੜਕੇ ਵੇਖਿਆ ਗਿਆ। ਐਕਸ਼ਨ ਕਮੇਟੀ ਅਤੇ ਇਸ ਅੰਦਰ ਕੰਮ ਕਰਦੇ ਇਨਕਲਾਬੀ ਵਿਚਾਰਾਂ ਦੀ ਧਾਰਨਾ ਹੈ ਕਿ ਔਰਤਾਂ ਉੱਪਰ ਹੁੰਦੇ ਜਬਰ ਨੂੰ ਇਕੱਲੀ-ਇਕਹਰੀ ਘਟਨਾ ਵਜੋਂ ਨਹੀਂ ਸਗੋਂ ਇਸ ਸਾਰੇ ਘਟਨਾਕ੍ਰਮ ਨੂੰ ਕੁਲ ਵਰਤਾਰੇ ਨਾਲ ਜੋੜਕੇ, ਵੇਖਕੇ ਹੀ ਸੰਘਰਸ਼ ਨੂੰ ਅੱਗੇ ਵਧਾਇਆ ਜਾ ਸਕਦਾ ਹੈ। ਇਹ ਵੱਖੋ-ਵੱਖ ਵਿਚਾਰਾਂ ਦਾ ਸਾਂਝਾ ਗੁਲਦਸਤਾ ਹੈ। ਇਸੇ ਕਰਕੇ ਹੀ ਇਹ ਸੰਘਰਸ਼ ਸਾਂਝੇ ਵਿਸ਼ਾਲ ਲੋਕ ਘੋਲਾਂ ਖਾਸ ਕਰ ਔਰਤ ਹੱਕਾਂ ਲਈ ਜੂਝਣ ਦਾ ਪ੍ਰੇਰਨਾ ਸ੍ਰੋਤ ਬਣਿਆ ਹੋਇਆ ਹੈ।ਇਸ ਸਾਂਝੇ ਵਿਸ਼ਾਲ ਅਧਾਰ ਵਾਲੇ ਲੋਕ ਘੋਲ ਨੇ ਔਰਤਾਂ ਉੱਪਰ ਜਬਰ-ਜੁਲਮ ਦੀ ਘਟਨਾ ਵਾਪਰਨ ਤੋਂ ''ਚੁੱਪ ਕਰਕੇ ਦੜ ਵੱਟਣ ਦੀ ਥਾਂ ਅੱਖੀਂ ਵਗਦੇ ਹੰਝੂਆਂ ਨੂੰ ਜਥੇਬੰਦ ਰੋਹਲੇ ਗੁੱਸੇ ਦੇ ਅੰਗਿਆਂਰਾਂ" ਵਿੱਚ ਤਬਦੀਲ ਕਰਕੇ ਨਵਾਂ ਮੀਲ ਪੱਥਰ ਸਿਰਜਿਆ ਹੈ। ਜਾਬਰਾਂ ਦੇ ਖਿਲਾਫ ਨਾਬਰਾਂ ਦਾ ਜੂਝ ਮਰਨ ਦਾ ਅਣਖੀਲਾ, ਅਥਾਹ ਕੁਰਬਾਨੀਆਂ ਦਾ ਇਤਹਾਸ ਆਪਣੀ ਬੁੱਕਲ 'ਚ ਸਮੋਈ ਬੈਠੀ ਪੰਜਾਬ ਦੀ ਭੋਂਇ ਸਾਡਾ ਪ੍ਰੇਰਨਾ ਸ੍ਰੋਤ ਹੈ। ਜਿਲ੍ਹਾ ਸੰਗਰੂਰ ਦਾ ੧੭੬੨ ਈਸਵੀ ਤੋਂ ਕੁੱਪ ਰਹੀੜਾ,ਕੁਤਬਾ,ਗਹਿਲ ਅਹਿਮਦ ਸ਼ਾਹ ਦੁਰਾਨੀ ਨਾਲ ਸਿੱਖਾਂ ਦੀ ਗਹਿ ਗੱਚ ਲੜਾਈ ਦੇ ਨਾਂ ਨਾਲ ਜਾਣਿਆ ਜਾਂਦਾ ਘੱਲੂਘਾਰਾ ਜਿਸ ਵਿੱਚ ੩੦-੩੫ ਹਜ਼ਾਰ ਸਿੰਘ ਸਿੰਘਣੀਆਂ ਸ਼ਹੀਦ ਹੋਏ,ਕੂਕਾ ਲਹਿਰ ਦੇ ਸ਼ਹੀਦਾਂ ਦੀ ਧਰਤੀ ਕੁਠਾਲਾ,ਗਦਰ ਲਹਿਰ ਦੇ ਯੋਧੇ ਬਾਬਾ ਦੁੱਲਾ ਸਿੰਘ ਜਲਾਲਦੀਵਾਲ ਵਰਗੇ ਸਿਰ ਲੱਥ ਯੋਧਿਆਂ ਦਾ ਇਤਿਹਾਸ,ਪਰਜਾ ਮੰਡਲ ਲਹਿਰ ਦੇ ਬਾਨੀ ਸੇਵਾ ਸਿੰਘ ਠੀਕਰੀਵਾਲ,ਪੈਪਸੂ ਮੁਜਾਰਾ ਲਹਿਰ,ਬਸੰਤ ਦੀ ਗਰਜ ਬਣਕੇ ਉੱਠੀ ਨਕਸਲਬਾੜੀ ਲਹਿਰ,ਨੌਜਵਾਨ ਭਾਰਤ ਸਭਾ,ਪੰਜਾਬ ਸਟੂਡੈਂਟਸ ਯੂਨੀਅਨ ਆਦਿ ਲਹਿਰਾਂ ਦਾ ਸ਼ਾਨਾਮੱਤਾ ਇਤਿਹਾਸ ਅੱਜ ਵੀ ਰਾਹ ਦਰਸਾਵਾ ਹੈ। ਸੰਘਰਸ਼ਸ਼ੀਲ ਕਾਫਲਿਆਂ ਲਈ ਸ਼ਾਨਾਮੱਤਾ ਅਜਿਹੇ ਮਾਣ/ਸਨਮਾਨ ਨਵੀਆਂ ਜ਼ਿੰਮੇਵਾਰੀਆਂ ਤੈਅ ਕਰਦੇ ਹਨ। ਉਮੀਦ ਕਰਦੇ ਹਾਂ ਕਿ ਇਹ ਲੋਕ ਕਾਫਲਾ ਆਪਣੀ ਵਡੇਰੀ ਜ਼ਿੰਮੇਵਾਰੀ ਦੇ ਅਹਿਸਾਸਾਂ ਨਾਲ ਮਾਣ-ਸਨਮਾਨ ਕਰਨ ਵਾਲੇ ਅਦਾਰਿਆਂ ਦੇ ਵਿਸ਼ਵਾਸ਼ ਨੂੰ ਟੁੱਟਣ ਨਹੀਂ ਦੇਵੇਗਾ। ਲੋਕਾਈ ਦੇ ਸਰਗਰਮ ਸਹਿਯੋਗ ਨਾਲ ਇਹ ਕਦਮ ਮੰਜਿਲ ਵੱਲ ਵਧਦੇ ਜਾਣਗੇ।ਬਰਨਾਲੇ ਦੀ ਧਰਤੀ ਬਾਰੇ ਕਵੀ ਕਾਰਲ ਸੈਂਡਬਰਗ ਯੁੱਗ ਕਵੀ ਪਾਸ਼ ਵੱਲੋਂ ਰੂਪਾਂਤਰਣ ਰਚਨਾ ''ਘਾਹ'' ਦੀਆਂ ਸਤਰਾਂ ਢੁੱਕਵੀਆਂ ਜਾਪਦੀਆਂ ਹਨ।ਦੋ ਸਾਲ, ਦਸ ਸਾਲ ਬਾਅਦ
ਸਵਾਰੀਆਂ ਫਿਰ ਕਿਸੇ ਟਿਕਟ ਕੱਟ ਤੋਂ ਪੁੱਛਣਗੀਆਂ,
''ਇਹ ਕਿਹੜੀ ਥਾਂ ਹੈ ?
ਮੈਨੂੰ ਬਰਨਾਲੇ ਉਤਾਰ ਦੇਣਾ
ਜਿੱਥੇ ਹਰੇ ਘਾਹ ਦਾ ਜੰਗਲ ਹੈ।''
ਮੈਂ ਘਾਹ ਹਾਂ,ਮੈਂ ਆਪਣਾ ਕੰਮ ਕਰਾਂਗਾ
ਮੈਂ ਤੁਹਾਡੇ ਹਰ ਕੀਤੇ ਕਰਾਏ 'ਤੇ ਉੱਗ ਆਵਾਂਗਾ।
ਸੰਪਰਕ: +91 84275 11770